.

ਪੰਜਾਬੀ ਕਲਚਰ ਤੇ ਸਮਾਜ ਨੂੰ ਤਬਾਹ ਕਰ ਰਹੀ ਲੱਚਰ ਗਾਇਕੀ

-ਹਰਚਰਨ ਸਿੰਘ ਪਰਹਾਰ (ਚੀਫ ਐਡੀਟਰ-ਸਿੱਖ ਵਿਰਸਾ)

ਗੀਤ-ਸੰਗੀਤ ਮਨੁੱਖੀ ਸਮਾਜ ਦਾ ਇੱਕ ਅਹਿਮ ਅੰਗ ਹੈ। ਪੰਜਾਬੀ ਸਮਾਜ ਵਿੱਚ ਗੀਤ-ਸੰਗੀਤ ਦਾ ਜੀਵਨ ਦੇ ਹਰ ਪਹਿਲੂ ਵਿੱਚ ਅਹਿਮ ਸਥਾਨ ਰਿਹਾ ਹੈ। ਵਿਅਕਤੀ ਦੇ ਜਨਮ ਤੋਂ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਕਿਸੇ ਨਾ ਕਿਸੇ ਢੰਗ ਨਾਲ ਗੀਤ-ਸੰਗੀਤ ਰਾਹੀਂ ਹੀ ਪੂਰੀਆਂ ਹੁੰਦੀਆਂ ਹਨ। ਸੰਗੀਤ ਸਾਡੀ ਰੂਹ ਦੀ ਖੁਰਾਕ ਵੀ ਹੈ। ਜਿਥੇ ਸੰਗੀਤ ਜੀਵਨ ਦੀ ਦੌੜ ਭੱਜ ਤੋਂ ਮਨ ਨੂੰ ਸਕੂਨ ਪ੍ਰਦਾਨ ਕਰਦਾ ਹੈ, ਉਥੇ ਸੰਗੀਤ ਤੋਂ ਬਿਨਾਂ ਜੀਵਨ ਦੀਆਂ ਖੁਸ਼ੀਆਂ ਨੂੰ ਪ੍ਰਗਟ ਕਰਨਾ ਸੰਭਵ ਨਹੀਂ ਹੈ। ਪੰਜਾਬੀ ਤੇ ਖਾਸਕਾਰ ਸਿੱਖ ਸਮਾਜ ਵਿੱਚ ਧਾਰਮਿਕ ਤੌਰ ਤੇ ਵੀ ਸੰਗੀਤ ਨੂੰ ਬਹੁਤ ਅਹਿਮ ਸਥਾਨ ਦਿੱਤਾ ਗਿਆ ਹੈ। ਕੀਰਤਨ, ਕਵੀਸ਼ਰੀ, ਢਾਡੀ ਵਾਰਾਂ ਆਦਿ ਤੋਂ ਬਿਨਾਂ ਕੋਈ ਸਿੱਖ ਧਾਰਮਿਕ ਸਮਾਗਮ ਪੂਰਾ ਹੀ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਹੈ ਕਿ ਗੀਤ-ਸੰਗੀਤ ਸਾਡੇ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਤ ਕਰਦਾ ਹੈ। ਕਵਿਤਾ, ਗੀਤ, ਸ਼ੇਅਰ, ਦੋਹੇ, ਸ਼ਬਦ, ਵਾਰਾਂ, ਕਵੀਸ਼ਰੀ, ਬੋਲੀਆਂ, ਟੱਪੇ, ਢੋਲੇ, ਮਾਹੀਏ, ਸਿੱਠਣੀਆਂ, ਵੈਣ, ਛੰਦ ਆਦਿ ਸਾਡੇ ਸੰਗੀਤਕ ਵਿਰਸੇ ਨੂੰ ਅਮੀਰ ਬਣਾਉਂਦੇ ਹਨ। ਸਾਡੇ ਸੰਗੀਤ ਦੇ ਸਾਜ ਗੀਤਾਂ ਵਿੱਚ ਅਜਿਹਾ ਰਸ ਭਰਨ ਦੀ ਸਮਰੱਥਾ ਰੱਖਦੇ ਹਨ, ਜਿਸ ਨਾਲ ਮਨ ਨੂੰ ਸ਼ਾਂਤੀ ਤੇ ਆਨੰਦ ਮਿਲਦਾ ਹੈ। ਸੰਗੀਤ ਦੇ ਖੇਤਰ ਵਿੱਚ ਭਾਰਤੀ ਸੰਗੀਤ ਪ੍ਰੰਪਰਾ ਦਾ ਦੁਨੀਆਂ ਭਰ ਵਿੱਚ ਕੋਈ ਮੁਕਾਬਲਾ ਨਹੀਂ ਹੈ। ਪੱਛਮ ਦਾ ਸੰਗੀਤ ਭਾਰਤੀ ਸੰਗੀਤ ਦੀਆਂ ਬੁਲੰਦੀਆਂ ਦੇ ਅਜੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ। ਪਰ ਪੱਛਮ ਦੀ ਆਰਥਿਕ (ਪਦਾਰਥਕ) ਤਰੱਕੀ ਨੇ ਸਾਡੇ ਜੀਵਨ ਦੇ ਹਰ ਖੇਤਰ ਨੂੰ ਪਿਛਲੀਆਂ 2 ਸਦੀਆਂ ਵਿੱਚ ਹਰ ਪੱਧਰ ਤੇ ਪ੍ਰਭਾਵਤ ਕੀਤਾ ਹੈ। ਜਿਸ ਤੋਂ ਸਾਡਾ ਸੰਗੀਤ ਵੀ ਬਚ ਨਹੀਂ ਸਕਿਆ। ਅੱਜ ਪੱਛਮ ਦਾ ਬਹੁਤਾ ਸੰਗੀਤ ਪੱਬਾਂ ਕਲੱਬਾਂ ਵਿੱਚ ਡਾਂਸ ਕਰਨ ਵਾਲਾ ਜਾਂ ਸ਼ੋਰ-ਸ਼ਰਾਬੇ ਵਾਲਾ ਹੈ। ਪਿਛਲ਼ੇ 3-4 ਦਹਾਕਿਆਂ ਵਿੱਚ ਡਾਂਸ ਬਾਰਾਂ, ਨਾਈਟ ਕਲੱਬਾਂ, ਡਿਸਕੋ ਕਲੱਬਾਂ ਤੇ ਕਮਰਸ਼ੀਅਲ ਸ਼ੋਆਂ ਵਿੱਚ ਪੋਪ, ਹਿਪ ਹੌਪ, ਰੈਪ ਆਦਿ ਸੰਗੀਤ ਨੇ ਨੌਜਵਾਨ ਪੀੜ੍ਹੀ ਨੂੰ ਬੁਰ੍ਹੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਇਹ ਸੰਗੀਤ ਹਾਈ ਬੀਟ ਤੇ ਉਚੇ ਮਿਊਜ਼ਕ ਰਾਹੀਂ ਲੋਕਾਂ ਨੂੰ ਨਸ਼ੇ ਦੀ ਲੋਰ ਵਿੱਚ ਝੂਮਣ ਲਾਉਣ ਨੂੰ ਮੁੱਖ ਰੱਖ ਕੇ ਹੀ ਲਿਖਿਆ ਤੇ ਗਾਇਆ ਜਾ ਰਿਹਾ ਹੈ। ਜੇ ਇਸਦੀ ਸ਼ਬਦਾਵਲੀ ਤੇ ਵੀਡੀਉਗਰਾਫੀ ਦੇਖੋ ਤਾਂ ਬਹੁਤ ਹੀ ਅਸ਼ਲੀਲ, ਨੰਗੇਜ ਭਰਪੂਰ, ਸਿੱਧੀਆਂ ਗਾਲ਼ਾਂ, ਨਸ਼ੇ, ਹਿੰਸਾ, ਗੈਂਗਵਾਰ, ਔਰਤਾਂ ਖਿਲਾਫ ਹਿੰਸਾ, ਔਰਤਾਂ ਖਿਲਾਫ ਮਰਦਾਨਗੀ, ਧੌਂਸਗਿਰੀ ਨਾਲ ਭਰਪੂਰ ਹੁੰਦੀ ਹੈ।

ਪਿਛਲੀ ਸਦੀ ਵਿੱਚ ਜਦੋਂ ਅਮਰੀਕਾ ਵਿੱਚ ਕਾਲਿਆਂ ਵਲੋਂ ਗੋਰਿਆਂ, ਸਪੈਨਿਸ਼ਾਂ ਤੇ ਹੋਰ ਅਮਰੀਕਨਾਂ ਵਾਂਗ ਬਰਾਬਰ ਦੇ ਮਨੁੱਖੀ ਹੱਕਾਂ ਲਈ 1896 ਤੋਂ 1954 ਤੱਕ ‘ਸਿਵਲ ਰਾਈਟਸ ਮੂਵਮੈਂਟ’ ਰਾਹੀਂ ਲੰਬਾ ਸੰਘਰਸ਼ ਲੜ ਕੇ ਕੁੱਝ ਹੱਕ ਲਏ ਅਤੇ ਫਿਰ 1954 ਤੋਂ 1968 ਤੱਕ ਇੱਕ ਨਵਾਂ ਸੰਘਰਸ਼ ਚੱਲਿਆ, ਜਿਸਨੂੰ ‘ਮਾਡਰਨ ਸਿਵਲ ਰਾਈਟਸ ਮੂਵਮੈਂਟ’ ਕਿਹਾ ਜਾਂਦਾ ਹੈ। ਇਸ ਸੰਘਰਸ਼ ਦੀ ਬਦੌਲਤ 1964 ਵਿੱਚ ਕਾਲਿਆਂ ਨੂੰ ਬਰਾਬਰ ਦੇ ਸ਼ਹਿਰੀਆਂ ਦੇ ਹੱਕ ਦੇਣ ਲਈ ‘ਸਿਵਲ ਰਾਈਟਸ ਐਕਟ’ ਬਣਿਆ, ਫਿਰ 1965 ਵਿੱਚ ਬਰਾਬਰ ਵੋਟਿੰਗ ਹੱਕ ਦੇਣ ਲਈ ‘ਵੋਟਿੰਗ ਐਕਟ’ ਅਤੇ 1968 ਵਿੱਚ ਜਿਥੇ ਮਰਜ਼ੀ ਆਪਣੇ ਘਰ ਲੈ ਕੇ ਰਹਿਣ ਦਾ ਹੱਕ ਦੇਣ ਲਈ ‘ਫੇਅਰ ਹਾਊਸਿੰਗ ਐਕਟ’ ਬਣਿਆ (ਯਾਦ ਰਹੇ ਅਮਰੀਕਾ ਵਿੱਚ ਕਾਲਿਆਂ ਨੂੰ ਠੀਕ ਉਸੇ ਤਰ੍ਹਾਂ ਗੋਰਿਆਂ ਦੇ ਇਲਾਕਿਆਂ ਵਿੱਚ ਰਹਿਣ ਦੀ ਇਜ਼ਾਜਤ ਨਹੀਂ ਸੀ, ਜਿਸ ਤਰ੍ਹਾਂ ਭਾਰਤ ਵਿੱਚ ਦਲਿਤਾਂ, ਸ਼ੂਦਰਾਂ, ਅਛੂਤਾਂ ਆਦਿ ਨੂੰ ਉਚ ਜਾਤੀ ਲੋਕਾਂ ਦੇ ਇਲਾਕਿਆਂ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਸੀ (ਹੈ), ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ, ਜਿਸ ਪੰਜਾਬ ਬਾਰੇ ਕਿਹਾ ਜਾਂਦਾ ਹੈ: ‘ਪੰਜਾਬ ਵਸਦਾ ਗੁਰਾਂ ਦੇ ਨਾਂ’ ਉਸ ਪੰਜਾਬ ਵਿੱਚ 21ਵੀਂ ਸਦੀ ਵਿੱਚ ਵੀ ਸ਼ੂਦਰਾਂ, ਅਛੂਤਾਂ ਦੀਆਂ ਵੱਖਰੀਆਂ ਬਸਤੀਆਂ ਹਨ) ਤਾਂ ਆਪਣੀ ਆਜ਼ਾਦੀ ਦੇ ਇਸ ਲੰਬੇ ਸੰਘਰਸ਼ ਨੂੰ ਸੰਗੀਤ ਰਾਹੀਂ ਪਹੁੰਚਾਣ ਦੇ ਮਕਸਦ ਨਾਲ ਇਹ ਮਿਊਜ਼ਿਕ (ਹਿਪ ਹੌਪ, ਰੈਪ ਆਦਿ) ਪਿਛਲੀ ਸਦੀ ਦੇ 6ਵੇਂ-7ਵੇਂ ਦਹਾਕੇ ਵਿੱਚ ਕਾਲਿਆਂ ਵਲੋਂ ਸ਼ੁਰੂ ਕੀਤਾ ਗਿਆ ਸੀ। ਪਰ ਪਿਛਲੇ 2-3 ਦਹਾਕਿਆਂ ਵਿੱਚ ਹੀ ਜਿਥੇ ਇਹ ਇੱਕ ਬਹੁਤ ਵੱਡਾ ਬਿਜਨੈਸ ਬਣ ਚੁੱਕਾ ਹੈ, ਉਥੇ ਇਹ ਪੌਪ ਤੇ ਰੈਪ ਮਿਊਜ਼ਿਕ ਆਪਣਾ ਅਸਲ ਖਾਸਾ ਗੁਆ ਕਿ ਅਮਰੀਕਨ (ਪੱਛਮੀ ਸਮਾਜ) ਵਿੱਚ ਹਿੰਸਾ, ਗੈਂਗਵਾਰ, ਨਸ਼ੇ, ਔਰਤਾਂ ਵਿਰੁੱਧ ਮਰਦਾਨਗੀ, ਗਾਲ਼ਾਂ, ਨੰਗੇਜ਼, ਸੈਕਸ, ਘਰੇਲੂ ਹਿੰਸਾ, ਵੇਸਵਾਗਵਨੀ ਆਦਿ ਨੂੰ ਉਤਸ਼ਾਹਿਤ ਕਰ ਰਿਹਾ ਹੈ। ‘ਐਥਿਕਸ ਔਫ ਡਿਵੈਲਪਮੈਂਟ ਇਨ ਗਲੋਬਲ ਇਨਵਾਰਨਾਮੈਂਟ’ ਦੀ ਇੱਕ ਰਿਪੋਰਟ ਮੁਤਾਬਿਕ ਰੈਪ, ਹਿਪ ਹੌਪ ਦੇ ਮਿਊਜ਼ਕ ਵਰਤਾਰੇ ਨੇ ਕਾਲੇ ਨੌਜਵਾਨਾਂ ਨੂੰ ਵੱਡੀ ਪੱਧਰ ਹਿੰਸਾ, ਨਸ਼ਿਆਂ, ਗੈਂਗਵਾਰ, ਬਲਾਤਕਾਰ, ਗੰਨ ਕਲਚਰ ਵੱਲ ਵੱਡੇ ਪੱਧਰ ਤੇ ਧੱਕਣ ਵਿੱਚ ਰੋਲ ਅਦਾ ਕੀਤਾ ਹੈ। ਇਸੇ ਤਰ੍ਹਾਂ ‘ਇਨਕੁਆਰ ਜਰਨਲ’, ਜਿਸਦਾ ਪਹਿਲਾ ਨਾਮ ‘ਸਟੂਡੈਂਟ ਪਲਸ’ ਸੀ, ਵਲੋਂ ਨੌਜਵਾਨ ਵਿਦਿਆਰਥੀਆਂ ਤੇ ਕੀਤੇ ਸਰਵੇਖਣ ਅਨੁਸਾਰ 16 ਸਾਲ ਤੋਂ 30 ਸਾਲ ਦੇ ਨੌਜਵਾਨ ਇਸ ਮਿਊਜ਼ਿਕ ਤੋਂ ਬਹੁਤ ਪ੍ਰਭਾਵਤ ਹਨ ਅਤੇ ਇਸੇ ਮਿਊਜ਼ਿਕ ਦੇ ਪ੍ਰਭਾਵ ਹੇਠ ਉਹ ਨਸ਼ਿਆਂ, ਹਿੰਸਾ, ਬਲਾਤਕਾਰ, ਔਰਤਾਂ ਤੇ ਹਿੰਸਾ ਵੱਲ ਨੂੰ ਉਲਾਰ ਹੁੰਦੇ ਹਨ ਅਤੇ ਬਾਅਦ ਵਿੱਚ ਇਹੀ ਨੌਜਵਾਨ (ਲੜਕੇ ਲੜਕੀਆਂ) ਜਦੋਂ ਵਿਆਹ ਕਰਾਉਂਦੇ ਹਨ ਤਾਂ 5 ਸਾਲ ਦੇ ਵਿੱਚ ਵਿੱਚ ਹੀ ਘਰੇਲੂ ਹਿੰਸਾ ਆਦਿ ਦਾ ਸ਼ਿਕਾਰ ਹੋ ਡਾਇਵੋਰਸ ਕਰ ਲੈਂਦੇ ਹਨ। ਇਸ ਰਿਪੋਰਟ ਅਨੁਸਾਰ ਪੌਪ ਤੇ ਹਿਪ ਹੌਪ ਮਿਊਜ਼ਿਕ ਦੀਆਂ ਵੀਡੀਉ ਵਿੱਚ ਜਿਸ ਢੰਗ ਨਾਲ ਨਸ਼ੇ, ਗੰਨਾਂ, ਗੈਂਗ ਸਟਾਈਲ ਲਾਈਫ, ਵੱਡੀਆਂ ਸਪੋਰਟਸ ਕਾਰਾਂ, ਸੈਕਸ ਆਦਿ ਦਿਖਾਇਆ ਜਾਂਦਾ ਹੈ ਤਾਂ ਉਹੀ ਨੌਜਵਾਨ ਵਿਆਹੁਤਾ ਜੀਵਨ ਵਿੱਚ ਅਜਿਹੀ ਮਰਦਾਨਗੀ ਆਪਣੇ ਫੀਮੇਲ ਪਾਰਟਨਰ ਤੇ ਵੀ ਦਿਖਾਉਂਦੇ ਹਨ। ਇਸ ਸਾਰੇ ਵਰਤਾਰੇ ਪਿਛੇ ਉਹ ਸਰਮਾਏਦਾਰੀ ਤਾਕਤਾਂ ਵੀ ਕੰਮ ਕਰ ਰਹੀਆਂ ਹਨ, ਜੋ ਨੌਜਵਾਨੀ ਨੂੰ ਆਪਣੇ ਮਸਲਿਆਂ ਤੇ ਸਮਾਜ ਪ੍ਰਤੀ ਸੋਚ ਪੱਖੋਂ ਕੰਗਾਲ ਬਣਾਉਣਾ ਚਾਹੁੰਦੀਆਂ ਹਨ। ਸਰਮਾਏਦਾਰੀ ਵਲੋਂ ਸੰਗੀਤ ਨੂੰ ਹਥਿਆਰ ਵਾਂਗ ਵਰਤ ਕੇ ਜਿਥੇ ਬਹੁਤ ਵੱਡੀ ਕਮਰਸ਼ੀਅਲ ਇੰਡਸਟਰੀ ਖੜੀ ਕਰ ਲਈ ਗਈ ਹੈ, ਉਥੇ ਨੌਜਵਾਨੀ ਨੂੰ ਹਿੰਸਾ, ਨਸ਼ੇ, ਸੈਕਸ ਆਦਿ ਦੇ ਰਾਹ ਤੋਰ ਦਿੱਤਾ ਹੈ। ਮੱਧ ਵਰਗ ਤੇ ਨਿਮਨ (ਲੋਅ ਇਨਕਮ) ਵਰਗ ਇਸ ਰੁਝਾਨ ਦਾ ਵੱਧ ਸ਼ਿਕਾਰ ਹੋ ਰਿਹਾ ਹੈ। ‘ਪਰੀਵੈਂਸ਼ਨ ਰਿਸਰਰਚ ਸੈਂਟਰ ਆਫ ਦੀ ਪੈਸੇਫਿਕ ਇਨਸਟੀਚਿਊਟ ਫਾਰ ਰੀਸਰਚ, ਬਰਕਲੇ ਕੈਲੇਫੋਰਨੀਆ’ ਵਲੋਂ ਇਸੇ ਤਰ੍ਹਾਂ ਦੀ ਕਰਵਾਈ ਇੱਕ ਹੋਰ ਸਰਵੇ ਸਟੱਡੀ ਅਨੁਸਾਰ ਨਾਰਥ ਅਮਰੀਕਾ (ਜਾਂ ਹੋਰ ਪੱਛਮੀ ਦੇਸ਼ਾਂ ਵਿੱਚ) ਹਿਪ ਹੌਪ ਤੇ ਰੈਪ ਮਿਊਜ਼ਕ ਸੁਣਨ ਵਾਲੀ ਨੌਜਵਾਨ ਪੀੜ੍ਹੀ ਵਿੱਚ ਸ਼ਰਾਬ, ਹੋਰ ਗੈਰ ਕਨੂੰਨੀ ਨਸ਼ੇ, ਹਿੰਸਾ, ਜ਼ੁਰਮ, ਬਲਾਤਕਾਰ, ਆਤਮ ਹੱਤਿਆ ਆਦਿ ਦੇ ਵੱਧ ਰੁਝਾਨ ਪਾਏ ਗਏ ਹਨ। ਦੁਨੀਆਂ ਵਿੱਚ ਮਾਨਤਾ ਪ੍ਰਾਪਤ ਬਰਕਲੇ ਯੂਨੀਵਰਸਿਟੀ ਦੇ ਪ੍ਰੋ: ਐਡ ਗੌਰਡਨ ਅਨੁਸਾਰ ਪੌਪ ਤੇ ਹਿਪ ਹੌਪ ਮਿਊਜ਼ਿਕ ਦਾ ਨੌਜਵਾਨਾਂ ਵਿੱਚ ਹਿੰਸਾ, ਨਸ਼ਿਆਂ, ਸਮੋਕਿੰਗ, ਕਰਾਈਮ, ਆਤਮ ਹੱਤਿਆ ਆਦਿ ਨਾਲ ਸਿੱਧਾ ਸਬੰਧ ਹੈ।

ਇਹ ਸਾਰੀ ਸਟੋਰੀ ਵੇਰਵੇ ਸਹਿਤ ਦੱਸਣ ਤੋਂ ਭਾਵ ਇਹ ਹੈ ਕਿ ਸਾਡਾ ਪੰਜਾਬੀ ਗੀਤ-ਸੰਗੀਤ, ਪਿਛਲੇ 10-15 ਸਾਲ ਤੋਂ ਹੌਲੀ-ਹੌਲੀ ਪੱਛਮੀ ਸੰਗੀਤ ਦੀਆਂ ਹਿਪ ਹੌਪ ਤੇ ਪੌਪ ਦੀਆਂ ਧੁਨਾਂ ਵਿੱਚ ਗੁਆਚਦਾ ਹੀ ਨਹੀਂ ਜਾ ਰਿਹਾ, ਸਗੋਂ ਗੀਤਾਂ ਦੀਆਂ ਵੀਡੀਉਜ਼ ਅਤੇ ਸ਼ਬਦਾਵਲੀ ਵਿੱਚ ਉਹ ਸਾਰਾ ਕਲਚਰ ਭਾਰੂ ਹੋ ਰਿਹਾ ਹੈ। ਜਿਸ ਤਰ੍ਹਾਂ ਦੀ ਲੱਚਰ, ਅਸ਼ਲੀਲ, ਭੱਦੀ, ਹਿੰਸਾ ਉਕਸਾਉਣ ਵਾਲੀ, ਨਸ਼ਿਆਂ ਵੱਲ ਪ੍ਰੇਰਤ ਕਰਨ ਵਾਲੀ, ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੀ, ਗੈਂਗਸਟਰਾਂ ਵਾਲਾ ਲਾਈਫ ਸਟਾਈਲ ਪ੍ਰੋਮੋਟ ਕਰਨ ਵਾਲੀ, ਔਰਤਾਂ ਖਿਲਾਫ ਘਟੀਆ ਸ਼ਬਦਾਵਲੀ, ਔਰਤਾਂ ਨੂੰ ਸੈਕਸ ਸਿੰਬਲ ਬਣਾ ਕੇ ਪੇਸ਼ ਕਰਨ ਵਾਲੀ ਸ਼ਬਦਾਵਲੀ ਗਾਣਿਆਂ ਰਾਹੀਂ ਪ੍ਰੋਸੀ ਜਾ ਰਹੀ ਹੈ। ਉਸਦਾ ਅਸਰ ਅੱਜ ਪੰਜਾਬ ਤੇ ਵਿਦੇਸ਼ਾਂ ਵਿਚਲੀ ਪੰਜਾਬੀ ਨੌਜਵਾਨੀ ਤੇ ਸਪੱਸ਼ਟ ਦਿਸਣ ਲੱਗ ਪਿਆ ਹੈ। ਪੰਜਾਬ ਵਿੱਚ ਹੀ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਨੌਜਵਾਨ ਨਸ਼ਿਆਂ, ਗੈਂਗਵਾਰ ਤੋਂ ਇਲਾਵਾ ਨਸ਼ੇ ਵੇਚਣ ਦੇ ਕਾਰੋਬਾਰ ਵਿੱਚ ਵੀ ਮੋਹਰੀ ਬਣਦੇ ਜਾ ਰਹੇ ਹਨ। ਇਹ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ, ਜਦੋਂ ਪੰਜਾਬੀ ਵੱਡੀਆਂ ਵੱਡੀਆਂ ਨਸ਼ਿਆਂ ਦੀਆਂ ਖੇਪਾਂ ਨਾਲ ਫੜੇ ਜਾਂਦੇ ਹਨ। ਤੁਸੀਂ ਨਵੇਂ ਗਾਣਿਆਂ ਦੀਆਂ ਵੀਡੀਉ ਦੇਖੋ ਤਾਂ ਸ਼ਾਇਦ ਹੀ ਕੋਈ ਗਾਣਾ ਅਜਿਹਾ ਦਿਸੇ, ਜਿਸ ਵਿੱਚ ਸ਼ਰਾਬ, ਗੰਨਾਂ, ਵੱਡੀਆਂ ਮਹਿੰਗੀਆਂ ਸਪੋਰਟ ਕਾਰਾਂ, ਹਮਰ, ਜੀਪਾਂ, ਨਸ਼ੇ, ਹਿੰਸਾ ਨਾ ਦਿਸੇ, ਇਸੇ ਨੂੰ ਦੇਖ ਅੱਜ ਸਾਡਾ ਪੰਜਾਬੀ ਸਮਾਜ ਫੁਰਕਪੁਣੇ ਵੱਲ ਵੱਧ ਉਲਾਰ ਹੈ। ਕਿਸੇ ਵੀ ਸੰਜੀਦਾ ਮਸਲੇ ਜਾਂ ਵਿਸ਼ੇ ਤੇ ਗੱਲ ਕਰਨ ਲਈ ਤੁਹਾਨੂੰ ਗਿਣਤੀ ਦੇ ਬਜ਼ੁਰਗ ਹੀ ਮਿਲਣਗੇ, ਨੌਜਵਾਨ ਹਰ ਪਾਸੇ ਗਾਇਬ ਹਨ। ਬੇਸ਼ਕ ਅਜੇ ਇਥੇ ਸ਼ੁਰੂ ਨਹੀਂ ਹੋਇਆ, ਜਿਸ ਤਰ੍ਹਾਂ ਦੇ ਹਾਲਾਤ ਹਨ, ਜਲਦੀ ਹੋ ਜਾਵੇਗਾ, ਜੇ ਅਸੀਂ ਸੰਜੀਦਾ ਨਾ ਹੋਏ, ਪੰਜਾਬ ਵਿੱਚ ਅਕਸਰ ਵਿਆਹਾਂ ਵਿੱਚ ਚਲਦੀਆਂ ਗੋਲੀਆਂ ਨਾਲ ਕੋਈ ਨਾ ਕੋਈ ਮਰਿਆ ਰਹਿੰਦਾ ਹੈ। ਜੇ ਤੁਸੀਂ ਯੂ ਟਿਊਬ ਤੇ ਦੇਖੋ, ਜਿਹੜੇ ਸਿੰਗਰਾਂ ਦੇ ਗੀਤਾਂ ਦੇ 1 ਕਰੋੜ ਤੋਂ ਉਪਰ ਹਿੱਟ ਹਨ, ਉਹੀ ਹਨ, ਜੋ ਪੌਪ, ਰੈਪ ਜਾਂ ਹਿਪ ਹੌਪ ਸਟਾਈਲ ਤੇ ਗਾ ਰਹੇ ਹਨ। ਇਨ੍ਹਾਂ ਵਿਚੋਂ ਜੋ ਸਭ ਤੋਂ ਵੱਧ ਮਸ਼ਹੂਰ ਉਹੀ ਹਨ, ਜਿਨ੍ਹਾਂ ਦੇ ਗੀਤਾਂ ਵਿੱਚ ਉਪਰ ਦੱਸੇ ਲੱਛਣ ਲੱਚਰਤਾ, ਨਸ਼ੇ, ਹਿੰਸਾ, ਨੰਗੇਜ, ਜੱਟਵਾਦ ਆਦਿ ਭਰਪੂਰ ਹੈ। ਪੰਜਾਬੀ ਰੈਪਰਾਂ ਤੇ ਪੌਪ ਸਟਾਰਾਂ ਵਿਚੋਂ ਅੰਮ੍ਰਿਤ ਮਾਨ, ਮਨਕੀਰਤ ਔਲਖ, ਨਿੰਜਾ, ਜ਼ੋਰਾਵਰ, ਸਿਧੂ ਮੂਸਾਪੁਰੀਆ, ਜੋ ਜੋ ਹਨੀ ਸਿੰਘ, ਜੈਜੀ ਬੈਂਸ, ਹਾਰਡੀ ਸਿੰਘ, ਗੁਰੀ, ਇੱਕਾ ਸਿੰਘ, ਗੁਰੂ ਰੰਧਾਵਾ, ਮਿੱਕੀ ਸਿੰਘ, ਸ਼ੈਰੀ ਮਾਨ, ਕੁਲਵਿੰਦਰ ਬਿੱਲਾ, ਦਿਲਪ੍ਰੀਤ ਢਿਲੋਂ, ਹਾਰਫ ਚੀਮਾ, ਦੀਪ ਜੰਡੂ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਸਨੀ ਕਾਹਲੋਂ, ਜੱਸ ਗਰੇਵਾਲ, ਗੁਰਸੇਵਕ ਢਿਲੋਂ, ਸੁੱਖ ਸੰਘੇੜਾ, ਕਮਲ ਢਿਲੋਂ, ਪਰਮ ਸਿੰਘ, ਗੁਪਜ਼ ਸੇਹਰਾ ਆਦਿ ਅਜਿਹੇ ਹਨ, ਜਿਨ੍ਹਾਂ ਦੇ ਜੇ ਸਾਰੇ ਨਹੀਂ ਤਾਂ ਬਹੁਤੇ ਗਾਣਿਆਂ ਵਿੱਚ ਨਸ਼ੇ, ਹਿੰਸਾ, ਗੰਨਾਂ, ਨੰਗੇਜ, ਧੌਂਸਬਾਜੀ, ਜੱਟਵਾਦ, ਫੁਕਰਾਪਨ, ਮਾਰਧਾੜ, ਵੱਡੀਆਂ ਸਪੋਰਟਸ ਗੱਡੀਆਂ ਹੀ ਦਿਖਾਈ ਦਿੰਦੀਆਂ ਹਨ। ਤੁਹਾਨੂੰ ਇਨ੍ਹਾਂ ਦੇ ਗੀਤਾਂ ਵਿੱਚ ਅਸਲੀ ਪੰਜਾਬ ਦੀ ਕੋਈ ਝਲਕ ਨਹੀਂ ਦਿਸੇਗੀ। ਉਹ ਪੰਜਾਬ ਜਿਸਦੀ ਨੌਜਵਾਨੀ ਨਸ਼ੇ ਤੇ ਗੈਂਗ ਖਾ ਰਹੇ ਹਨ, ਔਰਤਾਂ ਨਾਲ ਦਿਨ ਦਿਹਾੜੇ ਬਲਾਤਕਾਰ ਹੋ ਰਹੇ ਹਨ, ਭਰੂਣ ਹੱਤਿਆ ਰਾਹੀਂ ਲੜਕੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ, ਪੰਜਾਬ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ, ਬੰਦੇ ਖਾਣੀਆਂ ਸੜਕਾਂ ਤੇ ਹਜ਼ਾਰਾਂ ਲੋਕ ਮਰ ਰਹੇ ਹਨ, ਹਰ ਪਾਸੇ ਚੋਰ ਬਜ਼ਾਰੀ ਤੇ ਮਿਲਾਵਟਖੋਰੀ ਭਾਰੂ ਹੈ, ਜਿਸਦੀ ਕਿਸਾਨੀ ਨੂੰ ਕਰਜੇ ਖਾ ਰਹੇ ਹਨ, ਜਿਸਦਾ ਪਾਣੀ ਪੀਣ ਯੋਗ ਨਹੀਂ ਰਿਹਾ, ਜਿਸਦੀ ਧਰਤੀ ਬੰਜਰ ਹੋ ਰਹੀ ਹੈ, ਜਿਥੇ ਉਪਰ ਤੋਂ ਥੱਲੇ, ਸਭ ਪਾਸੇ ਭ੍ਰਿਸ਼ਾਟਾਚਾਰ ਹੈ, ਅਫਸਰਸ਼ਾਹੀ ਤੇ ਸਿਆਸਤਦਾਨ ਪੰਜਾਬ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ, ਧਰਮ ਤੇ ਭ੍ਰਿਸ਼ਾਟਾਚਾਰੀ ਅਤੇ ਆਚਰਣਹੀਣ ਸਿਆਸਤਦਾਨ ਜਾਂ ਉਨ੍ਹਾਂ ਦੇ ਪਾਲ਼ੇ ਹੋਏ ਗੁੰਡੇ ਕਾਬਿਜ਼ ਹਨ। ਲੋਕ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਮਰ ਰਹੇ ਹਨ। ਅੱਜ ਪੰਜਾਬ ਦਾ ਹਰ ਬਸ਼ਿੰਦਾ ਆਪਣੇ ਬੱਚਿਆਂ ਨੂੰ ਕਨੂੰਨੀ ਜਾਂ ਗੈਰ ਕਨੂੰਨੀ ਢੰਗ ਨਾਲ ਵਿਦੇਸ਼ਾਂ ਵੱਲ ਭੇਜਣ ਲਈ ਤਿਆਰ ਹੈ। ਪਰ ਤੁਹਾਨੂੰ ਇਨ੍ਹਾਂ ਗੀਤਾਂ ਵਿੱਚ ਅਜਿਹਾ ਕੁੱਝ ਨਹੀਂ ਦਿਸੇਗਾ? ਇਨ੍ਹਾਂ ਗੀਤਾਂ ਦੀਆਂ ਵੀਡੀਉ ਦੇਖ ਕੇ ਇਵੇਂ ਲੱਗੇਗਾ, ਜਿਵੇਂ ਪੰਜਾਬ ਦੁਨੀਆਂ ਦੀ ਸਭ ਅਮੀਰ ਸਟੇਟ ਹੋਵੇ, ਜਿਥੇ ਲੋਕ ਵੱਡੀਆਂ ਵੱਡੀਆਂ ਕਾਰਾਂ, ਹਮਰਾਂ ਵਿੱਚ ਘੁੰਮਦੇ ਹਨ, ਸ਼ਰਾਬਾਂ ਪੀਂਦੇ ਤੇ ਹੋਰ ਨਸ਼ੇ ਕਰਕੇ ਮਸਤੀ ਵਿੱਚ ਜੀਵਨ ਜਿਉਂਦੇ ਹਨ, ਪੈਸੇ ਦੀ ਕੋਈ ਤੋਟ ਨਹੀਂ, ਸਭ ਪਾਸੇ ਬਹਾਰਾਂ ਹੀ ਬਹਾਰਾਂ ਹਨ, ਕੋਈ ਦੁਖੀ ਨਹੀਂ ਆਦਿ।

ਹੁਣ ਜੇ ਇਨ੍ਹਾਂ ਦੇ ਗੀਤਾਂ ਦੀ ਸ਼ਬਦਾਵਲੀ ਦੇਖੀਏ ਤਾਂ ਹੈਰਾਨੀ ਹੁੰਦੀ ਹੈ ਕਿ ਮਾਂ ਬੋਲੀ ਪੰਜਾਬੀ ਦੇ ਸੱਚੇ ਸੁਚੇ ਸੇਵਕ ਤੇ ਪੰਜਾਬੀ ਸਭਿਆਚਾਰ ਦੇ ਵਾਰਿਸ ਸਾਨੂੰ ਕਿੱਧਰ ਲਿਜਾ ਰਹੇ ਹਨ:

 1. ਦੁੱਕੀ ਤਿੱਕੀ ਠੋਕ ਠੋਕ ਰੱਖਦਾ, ਜੱਟ ਡੇਂਜ਼ਰ ਤੇ ਜਾਨਲੇਵਾ ਸ਼ੌਕ ਰੱਖਦਾ, ਡੱਬ ਵਿੱਚ ਭਰ ਕੇ ਗਲੌਕ (ਪਿਸਟਲ ਦਾ ਨਾਮ) ਰੱਖਦਾ।
 2. ਜੱਟਾਂ ਦੇ ਮੁੰਡੇ ਦੇ ਨਾ ਨੇੜੇ ਲਗਦੀ, ਮਿੱਤਰਾਂ ਦਾ ਪਿਸਟਲ ਸਿਰਹਾਣੇ ਰੱਖਦੀ, ਸਾਡੇ ਕੋਲੋਂ ਇਹਨੂੰ ਪੈਗ ਦੀ ਵਾਸ਼ਨਾ ਆਉਂਦੀ।
 3. ਮੁੰਡਾ ਮਿੱਤਰਾਂ ਦਾ ਗੈਂਗਸਟਰ ਸੀਨ ਐਂ, ਮੁੰਡਾ ਜੱਟ ਤੇ ਤੂੰ ਜੱਟ ਦੀ ਕੁਈਨ ਐਂ।
 4. ਜੱਟ ਨੇ ਕੀਤਾ ਸਦਾ ਸ਼ੇਰਾਂ ਦਾ ਸ਼ਿਕਾਰ ਆ, ਮੁੰਡਾ ਰੱਖਦਾ ਬੰਬ ਜਿਹੀ ਨਾਰ ਆ ਤੇ ਸਾਡੇ ਪਟਾਕੇ ਜਿਹੇ ਯਾਰ ਐ।
 5. ਚੰਡੀਗੜ੍ਹ `ਚ ਕੁੜੀ ਚਾਕਲੇਟ ਵਰਗੀ, ਚੌਥਾ ਪੈਗ ਲਾ ਕੇ ਉਹਦੀ ਬਾਂਹ ਫੜਨੀ।
 6. ਜਗ੍ਹਾ ਤੇਰੀ, ਟੈਮ ਤੇਰਾ, ਡਾਂਗ ਮੇਰੀ। ਵਹਿਮ ਤੇਰਾ, ਰਹੀਂ ਖੜਾ ਜੱਟ ਕੱਢੂ ਆਣ ਕੇ।
 7. ਜ਼ੇਲਾਂ ਵਿਚੋਂ ਫੋਨ ਆਉਣਗੇ, ਤੂੰ ਪਰਖੀਂ ਨਾ ਪਹੁੰਚ ਜੱਟ ਦੀ।
 8. ਪਿੰਡ ਤਾਂ ਸ਼ਰੀਕਾਂ `ਚ ਸੀ ਨਿੱਤ ਚੱਲਦੀ, ਹੁਣ ਅਸਲੇ ਜੱਟਾਂ ਯੂ ਪੀ ਤੋਂ ਚੱਕ ਲਏ ਆ। ਹੁਣ ਜ਼ੇਲ `ਚ ਹੀ ਹਊ ਦੀਦਾਰ ਯਾਰ ਦਾ।
 9. ਮੁੱਛਾਂ ਖੁੰਡੀਆਂ ਕਰਾਈਆਂ ਤੇਰੇ ਕਰਕੇ, ਕਈ ਕੋਰਟ ਵਿੱਚ ਚੱਲਦੇ ਨੇ ਪਰਚੇ, ਕੁੜੀਆਂ ਦੇ ਦਿਲ ਵਿੱਚ ਠਾਹ ਵੱਜਦਾ, ਮੁੰਡਾ ਯੂਪੀ ਦੇ ਨਜ਼ਾਇਜ ਹਥਿਆਰ ਵਰਗਾ।
 10. ਦੇਖਾਂਗੇ ਹੁਸਨ ਤੇਰਾ ਕੀ ਕਰੂਗਾ, ਪਹਿਲੇ ਤੋੜ ਦੀ ਸ਼ਰਾਬ ਵਾਂਗ ਨਿਕਲੀ ਦਾ, ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ, ਫੈਦਾ ਕੀ ਪਲਾਜ਼ੋ (ਸੂਟ ਦਾ ਸਟਾਈਲ) ਪਾ ਕੇ ਨਿਕਲੀ ਦਾ।
 11. ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇ ਜੁਗਾੜ ਲਾ ਕੇ ਪੱਟ ਕੁੜੀਏ।
 12. ਜੀਨੇ ਚੁੱਕਣਾ ਕਿਸੇ ਨੂੰ, ਉਹ ਵਰੰਟ ਨਹੀਂ ਲੈਂਦੇ। ਜੀਨੇ ਉਧੇੜਨੀਆਂ ਹਿੱਕਾਂ, ਉਹ ਲਸੰਸ ਨਹੀਂ ਲੈਂਦੇ।
 13. ਪਾਊ ਜੈਟੀਚੂਡ ਦੇ ਖਿਲਾਰੇ ਜੱਟੀਏ, ਜੱਟ ਵਿੱਚ ਜਦੋਂ ਜੱਟਵਾਦ ਆ ਗਿਆ।
 14. ਠਾਣੇ ਵਿੱਚ ਡੇਰਾ ਜੱਟ ਦਾ, ਕਿਤੇ ਮਿਲ ਜੀਂ ਸੋਣੀਏ ਆ ਕੇ।
 15. ਜਿੰਨਾਂ ਸੜਕਾਂ ਤੇ ਤੇਲ ਪੀਂਦਾ ਹਾਰਲੇ (ਮੋਟਰ ਸਾਈਕਲ), ਜੱਟ ਊ ਤੋਂ ਵੱਧ ਪੀਂਦੇ ਅਲਕੋਹਲ ਬੱਲੀਏ।
 16. ਸਾਡੀ ਖੁੱਲੀ ਆ ਜਮੀਨ, ਉਤੋਂ ਤੱਤੀ ਆ ਤਾਸੀਰ ਜੱਟ ਦੀ। ਤੂੰ ਰਹੀਂ ਬਚ ਕੇ ਸੋਹਣੀਏ।
 17. ਪਿੰਡੋਂ ਸਰਪੰਚ ਉਹਨੂੰ ਮੂਹਰੋਂ ਮੱਥਾ ਟੇਕੇ, ਠੋਕਣ ਲੱਗਾ ਜਿਹੜਾ ਨਾ ਅੱਗਾ ਪਿਛਾ ਦੇਖੇ।
 18. ਚੋਰੀ ਦੀ ਬੰਦੂਕ ਓਨੇ ਮੁੱਲ ਲੈ ਲਈ, ਦਾਦੇ ਆਲ਼ਾ ਅਸਲਾ ਲੁਕੋ ਕੇ ਪਾ ਲਿਆ। ਯਾਰ ਦੇ ਵਿਆਹ `ਚ ਡੀਕ ਲਾ ਗਿਆ, ਖੂਨ ਡੀ ਜੇ ਦੇ ਫਲੋਰ ਉਤੇ ਖਿਲਰੇ। ਠਾਰਵੇਂ `ਚ ਮੁੰਡਾ ਬਦਨਾਮ ਹੋ ਗਿਆ।

ਇਨ੍ਹਾਂ ਗਾਣਿਆਂ ਦੀਆਂ ਕੁੱਝ ਵੰਨਗੀਆਂ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਸਾਨੂੰ ਸਭਿਅਚਾਰ ਦੇ ਨਾਮ ਤੇ ਕੀ ਪ੍ਰੋਸਿਆ ਜਾ ਰਿਹਾ ਹੈ। ਅਜਿਹੇ ਹਜ਼ਾਰਾਂ ਗੀਤ ਯੂ ਟਿਊਬ ਤੋਂ ਸੁਣੇ ਜਾ ਸਕਦੇ ਹਨ। ਨਾਨਕ, ਕਬੀਰ, ਫਰੀਦ, ਬੁੱਲੇਸ਼ਾਹ, ਪ੍ਰੋ: ਪੂਰਨ ਸਿੰਘ, ਪ੍ਰੋ: ਮੋਹਣ, ਧਨੀ ਰਾਮ ਚਾਤਰਿਕ, ਪਾਸ਼, ਸੰਤ ਰਾਮ ਉਦਾਸੀ, ਸ਼ਿਵ ਦੇ ਵਾਰਿਸ ਪੰਜਾਬੀਆਂ ਨੂੰ ਕਿਸ ਰਾਹੇ ਤੋਰਿਆ ਜਾ ਰਿਹਾ ਹੈ? ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਾਰ, ਗਦਰੀ ਬਾਬਿਆਂ, ਭਗਤ ਸਰਾਭਿਆਂ ਦੇ ਵਾਰਿਸਾਂ ਦੀ ਅਣਖ ਨੂੰ ਮਾਰਨ ਲਈ ਜੋ ਲੱਚਰਤਾ, ਹਿੰਸਾ ਤੇ ਆਚਰਣਹੀਣਤਾ ਪ੍ਰੋਸੀ ਜਾ ਰਹੀ ਹੈ, ਉਸਨੂੰ ਅਸੀਂ ਕਦੋਂ ਤੱਕ ਅੱਖਾਂ ਮੀਟ ਕੇ ਬਰਦਾਸ਼ਤ ਕਰਦੇ ਰਹਾਂਗੇ। ਹੁਣ ਸਮਾਂ, ਬਹੁਤ ਹੋ ਗਿਆ, ਕਹਿਣ ਦਾ ਆ ਗਿਆ ਹੈ। ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੇ ਅੰਕੜਿਆਂ ਤੋਂ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਇਹ ਇਸੇ ਤਰ੍ਹਾਂ ਅਗਲੇ 10-20 ਸਾਲ ਚਲਦਾ ਰਿਹਾ ਤਾਂ ਅਣਖੀ ਤੇ ਮਿਹਨਤੀ ਪੰਜਾਬੀ ਕੌਮ ਨਸ਼ਈ ਤੇ ਜ਼ਰਾਇਮ ਪੇਸ਼ਾ ਬਣ ਜਾਵੇਗੀ। ਸਾਡੇ ਕੋਲ ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਦੇ ਨੇਟਿਵ (ਮੂਲ ਬਸ਼ਿੰਦਿਆਂ) ਦੀ ਕਹਾਣੀ ਸਾਹਮਣੇ ਹੈ, ਕਿਸ ਤਰ੍ਹਾਂ ਬਸਤੀਵਾਦੀ ਗੋਰਿਆਂ ਨੇ ਬੜੀ ਬੇਸ਼ਰਮੀ ਨਾਲ ਆਪਣੀ ਸਿਆਸੀ ਹਵਸ ਪੂਰੀ ਕਰਨ ਲਈ ਇਨ੍ਹਾਂ ਕੌਮਾਂ ਦਾ ਸਭਿਆਚਾਰਕ ਵਿਰਸਾ, ਬੋਲੀ ਤੇ ਗੀਤ-ਸੰਗੀਤ ਤਬਾਹ ਕਰਕੇ ਨਸ਼ਈ ਤੇ ਮੰਗ ਖਾਣੇ ਬਣਾ ਦਿੱਤਾ ਹੈ। ਹੁਣ ਸਮਾਂ ਹੈ, ਸੋਚਣ ਦਾ, ਕੁੱਝ ਕਰਨ ਦਾ, ਜੇ ਕੋਈ ਕੁੱਝ ਕਰ ਰਿਹਾ ਹੈ, ਉਸਦਾ ਸਾਥ ਦੇਣ ਦਾ। ਹੁਣ ਸਮਾਂ ਆ ਗਿਆ ਹੈ, ਇਨ੍ਹਾਂ ਮਾਂ ਬੋਲੀ ਦੇ ਵਾਰਿਸਾਂ ਨੂੰ ਸਟੇਜਾਂ ਤੇ ਘੇਰਨ ਦਾ। ਗਾਇਕ ਵੀ ਤੇ ਕਈ ਉਨ੍ਹਾਂ ਦੇ ਹਮਦਰਦ ਵੀ ਇਹ ਕਹਿੰਦੇ ਆ ਕਿ ਮਾਰਕੀਟ ਵਿੱਚ ਉਹੀ ਪ੍ਰੋਸਿਆ ਜਾਵੇਗਾ, ਜੋ ਮਾਰਕੀਟ ਦੀ ਡਿਮਾਂਡ ਹੋਵੇਗੀ। ਇਹ ਬੜੀ ਭੁਲੇਖਾ ਪਾਊ ਤੇ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਹੈ, ਅਸਲ ਵਿੱਚ ਅਜਿਹਾ ਨਹੀਂ ਹੁੰਦਾ, ਸਰਮਾਏਦਾਰ ਮਾਰਕੀਟ ਵਿੱਚ ਉਹੀ ਲਿਆਉਂਦਾ ਹੈ, ਜਿਸ ਤੋਂ ਉਸਨੂੰ ਵੱਧ ਮੁਨਾਫਾ ਹੋਵੇ। ਪਰ ਪ੍ਰਚਾਰ ਉਹ ਇਹੀ ਕਰਦਾ ਹੈ ਕਿ ਇਸਦੀ ਮਾਰਕੀਟ ਵਿੱਚ ਡਿਮਾਂਡ ਹੈ। ਅਸਲ ਵਿੱਚ ਸਰਮਾਏਦਾਰੀ ਬੜੀ ਸ਼ਾਤਰਤਾ ਨਾਲ ਕੰਮ ਕਰਦੀ ਹੈ, ਉਹ ਮੀਡੀਏ ਤੇ ਹੋਰ ਸਾਧਨਾਂ ਰਾਹੀਂ ਅਜਿਹੇ ਹਲਾਤ ਬਣਾ ਦਿੰਦੀ ਹੈ ਕਿ ਤੁਹਾਨੂੰ ਉਹੀ ਖਰੀਦਣਾ ਪੈਂਦਾ ਹੈ, ਜੋ ਉਹ ਵੇਚਣਾ ਚਾਹੁੰਦੇ ਹਨ। ਇਨ੍ਹਾਂ ਨੂੰ ਪੁੱਛੋ, ਕਿ ਦੱਸੋ, ਕਿਥੇ ਤੁਹਾਡੇ ਤੋਂ ਪੰਜਾਬੀਆਂ ਨੇ ਅਜਿਹਾ ਗੰਦ ਪਾਉਣ ਦੀ ਡਿਮਾਂਡ ਕੀਤੀ ਸੀ। ਇਸ ਲਈ ਅਜਿਹੇ ਪ੍ਰਚਾਰ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ। ਸਾਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਜਵਾਬ ਦੇਣਾ ਪਵੇਗਾ ਕਿ ਅਸੀਂ ਆਪਣੇ ਵਿਰਸੇ ਤੇ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਮੁਤਾਬਿਕ ਗੀਤ ਸੰਗੀਤ ਹੀ ਪ੍ਰਵਾਨ ਕਰਾਂਗੇ, ਤੁਹਾਡਾ ਸਾਡੀ ਨੌਜਵਾਨੀ ਨੂੰ ਤਬਾਹ ਕਰਨ ਵਾਲਾ ਮਾਲ ਹੁਣ ਨਹੀਂ ਵਿਕੇਗਾ।

(ਚਲਦਾ)
.