.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਅਠੱਤੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਜਥਾ ਭਿੰਡਰਾਂ (ਅਖੌਤੀ ਦਮਦਮੀ ਟਕਸਾਲ) ਭਾਗ ੪

ਜਿਵੇਂ ਮੈਂ ਪਹਿਲਾਂ ਵੀ ਲਿਖਿਆ ਹੈ, ਇਸ ਪੂਰੀ ਕਿਤਾਬ ਦੀ ਸਮੀਖਿਆ ਕਰਨਾ ਇਸ ਕਿਤਾਬ ਜਾਂ ਲੇਖਕ ਦਾ ਮਕਸਦ ਨਹੀਂ। ਮੈਂ ਤਾਂ ਕੇਵਲ ਇਨ੍ਹਾਂ ਡੇਰਿਆਂ ਅਤੇ ਉਥੇ ਪਨਪ ਰਹੀ ਗੁਰਮਤਿ ਵਿਰੋਧੀ ਵਿਚਾਰਧਾਰਾ ਬਾਰੇ ਸਿੱਖ ਸੰਗਤ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ। ਲੇਕਿਨ ਫਿਰ ਵੀ ਕੁੱਝ ਵਿਸ਼ੇਸ਼ ਗੱਲਾਂ ਐਸੀਆਂ ਹਨ, ਜਿਨ੍ਹਾਂ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ।

ਪਾਹੁਲ ਸਿੱਖ ਕੌਮ ਦੀ ਇੱਕ ਅਤਿ ਮਹੱਤਵਪੂਰਨ ਸੰਸਥਾ ਹੈ। ਇਸ ਸੰਸਥਾ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਸੰਸਥਾ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਆਪ ਸਥਾਪਿਤ ਕੀਤੀ ਗਈ। ਪਹਿਲਾਂ ਤਾਂ ਇਨ੍ਹਾਂ ਪਾਹੁਲ ਨੂੰ ਅੰਮ੍ਰਿਤ ਬਣਾ ਦਿੱਤਾ। ਪੁਰਾਤਨ ਸਿੱਖ ਸਾਹਿਤ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਹਨ, ਜਿਸ ਦੇ ਅਧਾਰ `ਤੇ ਦਾਸ ਇਹ ਯਕੀਨ ਨਾਲ ਕਹਿ ਸਕਦਾ ਹੈ ਕਿ ਸਤਿਗੁਰੂ ਨੇ ਇਸ ਸੰਸਥਾ ਨੂੰ ‘ਪਾਹੁਲ` ਦਾ ਨਾਂ ਹੀ ਦਿੱਤਾ ਸੀ। ਉਨ੍ਹਾਂ ਵਿੱਚੋਂ ਕੁੱਝ ਪ੍ਰਮਾਣਾਂ ਨੂੰ ਮੈਂ ਇਥੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਕੁੱਝ ਪ੍ਰਮਾਣ ਪੁਰਾਤਨ ਕਹੇ ਜਾਂਦੇ ਰਹਿਤਨਾਮਿਆਂ ਵਿੱਚੋਂ ਲੈਂਦੇ ਹਾਂ:

‘ਬਚਨ ਕੀਆ ਜੁ ਗਲ ਮੈਂ ਪਾਵੇਗਾ ਤਾਗਾ ਪਾਹੁਲੀਆ ਸਿੰਘ ਤਿਸਕੋ ਜਨਮ ਜਨਮ ਕੂਭੀ ਨਰਕ ਮੇਂ ਪਾਵਾਂਗਾ। `

‘ਖੰਡੇ ਕੀ ਪਾਹੁਲ ਬਿਨਾਂ ਕੇਸ ਰਾਖੈ ਸੋ ਭੇਖੀ…. ` (ਰਹਿਤਨਾਮਾ ਭਾਈ ਦਯਾ ਸਿੰਘ)

‘ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ।

ਸੋਈ ਸਿੰਘ ਪ੍ਰਧਾਨ, ਅਵਰ ਨ ਪਾਹੁਲ ਜੋ ਲਏ`। {ਰਹਿਤਨਾਮਾ ਭਾ. ਦੇਸਾ ਸਿੰਘ}

ਵੈਸੇ ਤਾਂ ਕਿਸੇ ਵੀ ਪੁਰਾਤਨ ਰਹਿਤਨਾਮੇ `ਤੇ ਇਸ ਦੇ ਲਿਖਣ ਜਾਂ ਛਪਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਵਾਸਤੇ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਕਦੋਂ ਲਿਖਿਆ ਗਿਆ ਪਰ ਕਈ ਵਿਦਵਾਨਾਂ ਵਲੋਂ, ਭਾਈ ਦੇਸਾ ਸਿੰਘ ਦਾ ਇਹ ਰਹਿਤਨਾਮਾ ੧੭੮੩ ਈ. ਦਾ ਮੰਨਿਆਂ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਭਾਈ ਸਾਹਿਬ ਸਿੰਘ ਦਾ ਰਹਿਤਨਾਮਾ ਜੋ ਬਿਕਰਮੀ ਸੰਮਤ ੧੭੯੧ (੧੭੩੮-੩੯ ਈ) ਦਾ ਮੰਨਿਆਂ ਜਾਂਦਾ ਹੈ ਵਿੱਚ ਵੀ ਪਾਹੁਲ ਸ਼ਬਦ ਆਇਆ ਹੈ:

‘ਗੁਰੂ ਕਹਹਿ ਸੁਨ ਖਾਲਸਾ! ਕੇਸ ਪਾਹੁਲੀ ਮੁਕਤ

ਕੈ ਖੰਡਾ ਪਾਹੁਲ ਭਲੀ ਕੈ ਚਰਨਨ ਕੀ ਜੁਗਤਿ। ੪

ਧਰਹਿ ਕੇਸ ਪਾਹੁਲ ਬਿਨਾਂ, ਭੇਖੀ ਮੂੜਾ ਸਿਖ।

ਮੇਰਾ ਦਰਸ਼ਨ ਨਾਹਿ ਤਿਸ, ਪਾਪੀ ਤਿਆਗੇ ਭਿਖ`। ੫

ਇਸੇ ਤਰ੍ਹਾਂ ਭਾਈ ਸਾਹਿਬ ਸਿੰਘ ਦੇ ਮੁਕਤਿਨਾਮਾ ਵਿੱਚ ਵੀ ਪਾਹੁਲ ਸ਼ਬਦ ਹੀ ਆਇਆ ਹੈ:

‘ਗੁਰ ਕੀ ਪਾਹੁਲ ਸਿੱਖ ਲੇਇ, ਰਹਤ ਕਮਾਵਹਿ ਗ੍ਰੰਥ

ਜੋ ਬੇੜਾ ਸੋ ਸੇਵਿਆ, ਔਰ ਨ ਭਰਮਹਿ ਪੰਥ। `

ਇਸੇ ਤਰ੍ਹਾਂ ਭਾਈ ਚਉਪਾ ਸਿੰਘ ਛਿੱਬਰ ਨੇ ਆਪਣੇ ਰਹਿਤਨਾਮੇ ਵਿੱਚ, ਜੋ ੧੭੮੦ ਬਿਕਰਮੀ (੧੭੨੭-੨੮ ਈ.) ਦਾ ਮੰਨਿਆਂ ਜਾਂਦਾ ਹੈ, ਵਿੱਚ ਵੀ ਪਾਹੁਲ ਸ਼ਬਦ ਦੀ ਹੀ ਵਰਤੋਂ ਕੀਤੀ ਹੈ:

‘ਗੁਰੂ ਕਾ ਸਿੱਖ ਪਾਹੁਲ ਲਏ, ਜੂੜੇ ਸੰਪੂਰਨ ਹੋਏ ਤੋੜੀ`।

ਭਾਵ ਜਦੋਂ ਸਿੱਖ ਦੇ ਕੇਸ ਜੂੜੇ ਦੇ ਰੂਪ ਵਿੱਚ ਬਝਣ ਦੇ ਕਾਬਲ ਹੋ ਜਾਣ ਤਾਂ ਉਸ ਨੂੰ ਪਾਹੁਲ ਛੱਕ ਲੈਣੀ ਚਾਹੀਦੀ ਹੈ।

‘ਪਾਹੁਲ ਦੇਵਣ ਵਾਲਾ ਸਿਖ ਕਾਮੀ, ਕ੍ਰੋਧੀ, ਮਾਨੀ, ਵਿਕਾਰੀ ਨ ਹੋਵੈ। ਰਹਿਤਵਾਨ ਹੋਵੈ। ਆਪ ਗੁਰੂ ਨਾ ਸਦਾਏ। `

ਰਹਿਤਨਾਮਾ ਪਰਮ ਸੁਮਾਰਗ (ਅਗਿਆਤ ਲਿਖਾਰੀ) ਦੇ ਦੁਤੀਆ ਧਿਆਉ ਵਿੱਚ ਲਿਖਿਆ ਹੈ:

‘. . ਫੇਰ ਪਾਹੁਲ ਖੰਡੇ ਦੀ ਕਰੀਐ। ਮਿਠੀ ਕਰਿਕੈ ਉਸ ਪ੍ਰਾਨੀ ਨੂੰ ਦੀਜੀਐ। `

ਉਪਰੋਕਤ ਸਾਰੇ ਪ੍ਰਮਾਣ ਰਹਿਤਨਾਮਿਆਂ ਵਿੱਚੋਂ ਹਨ। ਇਸ ਤੋਂ ਇਲਾਵਾ ਸਾਡੇ ਕੋਲ ਕਈ ਪੁਰਾਤਨ ਇਤਹਾਸਕਾਰਾਂ ਦੀਆਂ ਲਿਖਤਾਂ ਮੌਜੂਦ ਹਨ, ਜੋ ਇਸ ਸੰਸਥਾ ਦਾ ਨਾਂ ‘ਪਾਹੁਲ` ਹੋਣ `ਤੇ ਮੋਹਰ ਲਗਾਉਂਦੀਆਂ ਹਨ:

ਬਾਵਾ ਸਰੂਪ ਚੰਦ ਭੱਲਾ ਮਹਿਮਾ ਪ੍ਰਕਾਸ਼ ਦੇ ੧੧ਵੇਂ ਅਧਿਆਏ ਵਿੱਚ ਲਿਖਦੇ ਹਨ:

‘ਸਭ ਦੇਸਨ ਮੋ ਹੁਕਮ ਪਠਾਇਆ। ਖੰਡੇ ਕੀ ਪਾਹੁਲ ਫੁਰਮਾਯਾ

ਸਿੰਘ ਸੰਙਿਆ ਕਰਿ ਨਾਮ ਬੁਲਾਵੋ। ਜਪੋ ਅਕਾਲ ਸਦਾ ਸੁਖ ਪਾਵੋ। ੧੩`

ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਦੇ ਦਸਵੇਂ ਚਰਣ ਵਿੱਚ, ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਪਹਿਲੀ ਵਾਰ ਪਾਹੁਲ ਤਿਆਰ ਕਰਨ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ:

‘ਤਾਂ ਦੀਵਾਨ ਸਾਹਿਬ ਚੰਦ ਹਥ ਜੋੜਿ ਖਲੋਤਾ ਵਿੱਚ ਦਰਬਾਰ। ੩੧੭

ਕਹਿਆ ਗਰੀਬ ਨਿਵਾਜ਼! ਵਿੱਚ ਮਿੱਠਾ ਪਵੇ ਤਾਂ ਬਣੇ ਸੁਆਦ।

ਬਚਨ ਕੀਤਾ, ‘ਲੈ ਆਓ ਧਰਮਚੰਦਾ! ਪਤਾਸੇ ਪ੍ਰਸਾਦ। `

ਪਤਾਸੇ ਪਵਾਏ ਅਤੇ ਕਰਦ ਹਿਲਾਈ। ਨਾਉ ਧਰਿਆ, ‘ਪਾਹੁਲ`।

ਇਹ ਪਾਹੁ ਲਗਾਈ। ੩੧੮। `

ਇਸ ਪ੍ਰਮਾਣ ਵਿੱਚ ਤਾਂ ਸਪੱਸ਼ਟ ਲਿਖਿਆ ਹੈ ਕਿ ਨਾਂ ਪਾਹੁਲ ਰਖਿਆ ਗਿਆ ਅਤੇ ਪਾਹੁਲ ਦਾ ਭਾਵ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ, ਗੁਰਮਤਿ ਦੀ ਪਾਹੁ ਚੜਾਉਣਾ।

ਬਹੁਤੇ ਇਤਿਹਾਸਕਾਰ ਭੱਟ ਵਹੀਆਂ ਦੇ ਪ੍ਰਮਾਣਾਂ ਨੂੰ ਬਾਕੀ ਸਾਰੇ ਇਤਿਹਾਸਿਕ ਪ੍ਰਮਾਣਾਂ ਨਾਲੋਂ ਵਧੇਰੇ ਭਰੋਸੇਯੋਗ ਸਮਝਦੇ ਹਨ। ਭੱਟ ਵਹੀ ਪਰਗਣਾ ਥਾਨੇਸਰ ਵਿੱਚ ਲਿਖਿਆ ਹੈ:

‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, , , , , , ,

ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਸਾਲ ਸਤ੍ਰ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ। `

ਵੈਸੇ ਤਾਂ ਇਤਨੇ ਪ੍ਰਮਾਣਾਂ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਸਤਿਗੁਰੂ ਨੇ ‘ਖੰਡੇ ਦੀ ਪਾਹੁਲ` ਨਾਂ ਰਖਿਆ ਸੀ, ਨਾ ਕਿ ‘ਖੰਡੇ ਦਾ ਅੰਮ੍ਰਿਤ`। ਦੂਸਰੀ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਇਹ ਪੰਥ ਦੀ ਅਤਿ ਮਹੱਤਵਪੂਰਨ ਸੰਸਥਾ ਹੈ, ਇਸ ਦਾ ਨਾਂ ਜਾਂ ਸੰਕਲਪ ਗੁਰਬਾਣੀ ਅਤੇ ਗੁਰਮਤਿ ਵਿਰੋਧੀ ਨਹੀਂ ਹੋ ਸਕਦੇ। ਗੁਰਬਾਣੀ ਵਿੱਚ ‘ਅੰਮ੍ਰਿਤ` ਸ਼ਬਦ ਕੇਵਲ ਅਕਾਲ-ਪੁਰਖ ਦੇ ਗੁਣਾਂ ਰੂਪੀ ਨਾਮ ਵਾਸਤੇ ਆਇਆ ਹੈ। ਇਸ ਸੰਧਰਭ ਵਿੱਚ ਗੁਰਬਾਣੀ ਦੇ ਅਨੇਕਾਂ ਪ੍ਰਮਾਣ ਹਨ:

"ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ।।

ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ।। " {ਰਾਗੁ ਬਿਹਾਗੜਾ ਮਹਲਾ ੪, ਪੰਨਾ ੫੩੮}

ਹੇ ਮੇਰੀ ਸੋਹਣੀ ਜਿੰਦੇ ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ। ਹੇ ਮੇਰੀ ਸੋਹਣੀ ਜਿੰਦੇ ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ।

"ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ।।

ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ।। " (ਸਲੋਕ ਮਃ ੩, ਪੰਨਾ ੧੨੮੩)

ਪਰਮਾਤਮਾ ਦਾ ਨਾਮ (ਐਸਾ) ਅੰਮ੍ਰਿਤ ਹੈ ਜਿਸ ਨੂੰ ਪੀਤਿਆਂ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ। ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਅੰਮ੍ਰਿਤ) ਪੀਤਾ ਹੈ ਉਹਨਾਂ ਨੂੰ ਮੁੜ ਕੇ (ਮਾਇਆ ਦੀ) ਤ੍ਰੇਹ ਨਹੀਂ ਲੱਗਦੀ।

"ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।।

ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ।। " {ਗਉੜੀ ਕੀ ਵਾਰ ਮਹਲਾ ੫, ਪੰਨਾ ੩੧੮}

ਹੇ ਭਾਈ ! ਪਰਮਾਤਮਾ ਦਾ ਨਾਮ ਅੰਮ੍ਰਿਤ- (ਰੂਪ) ਖ਼ਜ਼ਾਨਾ ਹੈ, (ਇਸ ਅੰਮ੍ਰਿਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ। ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।

"ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ।।

ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ।। " {ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ, ਪੰਨਾ ੬੫੯}

ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿੱਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ। ਦਾਸ ਭੀਖਣ ਆਖਦਾ ਹੈ— (ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ।

ਸਤਿਗੁਰੂ ਨੇ ਗੁਰਬਾਣੀ ਵਿੱਚ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਅੰਮ੍ਰਿਤ ਕੇਵਲ ਇਕੋ ਹੈ:

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ।। ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ।। `

(ਸਲੋਕ ਮਹਲਾ ੨, ਪੰਨਾ ੧੨੩੮)

ਹੇ ਨਾਨਕ! ਇੱਕ ਨਾਮ ਹੀ ਅੰਮ੍ਰਿਤ ਹੈ ਹੋਰ ਹੋਰ ਕੋਈ ਅੰਮ੍ਰਿਤ ਨਹੀਂ ਹੈ। ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ।

ਇਸ ਨਾਮ ਅੰਮ੍ਰਿਤ ਨੂੰ ਛੱਕਣ ਦਾ ਤਰੀਕਾ ਵੀ ਸਤਿਗੁਰੂ ਸਾਨੂੰ ਗੁਰਬਾਣੀ ਵਿੱਚ ਇੰਝ ਸਮਝਾਉਂਦੇ ਹਨ:

ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ।।

ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ।। ` {ਆਸਾ ਮਹਲਾ ੪, ਪੰਨਾ ੪੪੯}

(ਹੇ ਭਾਈ !) ਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿੱਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿੱਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹ ਇਹ ਨਾਮ-ਅੰਮ੍ਰਿਤ ਛੱਕ ਲੈਂਦੇ ਹਨ।

"ਂਿਝਮਿ ਂਿਝਮਿ ਵਰਸੈ ਅੰਮ੍ਰਿਤ ਧਾਰਾ।। ਮਨੁ ਪੀਵੈ ਸੁਨਿ ਸਬਦੁ ਬੀਚਾਰਾ।।

ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ।। " {ਮਾਝ ਮਹਲਾ ੫, ਪੰਨਾ ੧੦੨}

(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿੱਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿੱਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ) (ਉਸ ਅਵਸਥਾ ਵਿੱਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ।

ਕੁਝ ਇਤਿਹਾਸਕ ਸੋਮਿਆਂ ਵਿੱਚ ਪਾਹੁਲ ਅਤੇ ਅੰਮ੍ਰਿਤ ਦੋਵੇਂ ਸ਼ਬਦ ਵਰਤੇ ਗਏ ਹਨ, ਜਾਪਦਾ ਹੈ ਕਿ ਇਹ ਲਿਖਤਾਂ ਉਸ ਸਮੇਂ ਦੀਆਂ ਹਨ ਜਦੋਂ ਪਾਹੁਲ ਨੂੰ ਭਾਵੁਕਤਾ ਵਿੱਚ ਅੰਮ੍ਰਿਤ ਕਹਿਣਾ ਸ਼ੁਰੂ ਹੋਇਆ ਸੀ।

ਅਸਲ ਵਿੱਚ ਪਾਹੁਲ ਛਕਣਾ ਗੁਰੂ ਗ੍ਰੰਥ ਸਾਹਿਬ ਨਾਲ ਇੱਕ ਪ੍ਰਣ ਕਰਨਾ ਹੈ ਕਿ ਮੈਂ ਆਪਣਾ ਸਾਰਾ ਜੀਵਨ ਗੁਰਮਤਿ ਅਨੁਸਾਰ ਬਤੀਤ ਕਰਾਂਗਾ ਅਤੇ ਲੋੜ ਪੈਣ ਤੇ ਆਪਣਾ ਜੀਵਨ ਵੀ ਕੌਮ, ਧਰਮ, ਸੱਚ ਦੇ ਲੇਖੇ ਲਾ ਦਿਆਂਗਾ। ਸੀਸ ਭੇਟ ਕਰਨ ਦਾ ਇਹੀ ਭਾਵ ਹੈ ਅਤੇ ਇਸੇ ਪ੍ਰਣ ਵਿੱਚੋਂ ਹੀ ਸਿੱਖ ਨੂੰ ਉਹ ਆਤਮਕ ਬੱਲ ਮਿਲਦਾ ਹੈ ਕਿ ਉਹ ਸੱਚ, ਧਰਮ ਅਤੇ ਕੌਮ ਦੀ ਲੜਾਈ ਵਿੱਚ ਆਪਣੀ ਜਾਨ ਵਾਰਨ ਵਿੱਚ ਪਲ ਨਹੀਂ ਲਾਉਂਦਾ ਬਲਕਿ ਇਸ ਨੂੰ ਆਪਣਾ ਸੁਭਾਗ ਸਮਝਦਾ ਹੈ। ਉਸ ਸਮੇਂ ਸਾਨੂੰ ਜੋ ਰਹਿਤ ਮਰਯਾਦਾ ਦ੍ਰਿੜ ਕਰਾਈ ਜਾਂਦੀ ਹੈ, ਉਹ ਵੀ ਸਾਨੂੰ ਗੁਰਮਤਿ ਮਾਰਗ ਦਾ ਪਾਂਧੀ ਬਣਾ ਕੇ ਸਾਡੇ ਜੀਵਨ ਨੂੰ ਇੱਕ ਉੱਚਾ ਸੁੱਚਾ, ਸਚਿਆਰ ਜੀਵਨ ਬਨਾਉਣ ਦਾ ਸਹਿਜ ਮਾਰਗ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਜੇ ਅਸੀਂ ਪਾਹੁਲ ਛੱਕ ਕੇ, ਪਾਹੁਲ ਦਾ ਪ੍ਰਣ ਪੂਰਨ ਤੌਰ `ਤੇ ਨਿਭਾਉਂਦੇ ਹੋਏ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਕੇ, ਜੀਵਨ ਨੂੰ ਗੁਰਮਤਿ ਅਨੁਸਾਰ ਸੋਧ ਲਈਏ ਤਾਂ ਨਾਮ ਅੰਮ੍ਰਿਤ ਸਾਡੇ ਹਿਰਦੇ ਵਿੱਚ ਵੱਸ ਜਾਵੇਗਾ ਅਤੇ ਸੱਚ-ਮੁੱਚ ਅੰਮ੍ਰਿਤਧਾਰੀ ਬਣ ਜਾਵਾਂਗੇ।

ਅੰਮ੍ਰਿਤ ਨਾਂਅ ਪ੍ਰਚਲਤ ਕਰਕੇ ਸਾਡੇ ਕਈ ਪਰਚਾਰਕਾਂ ਅਤੇ ਡੇਰਿਆਂ ਨੇ ਪਾਹੁਲ ਨੂੰ ਇੱਕ ਚਮਤਕਾਰੀ, ਕਰਿਸ਼ਮੇਂ ਕਰਨ ਵਾਲੇ, ਜਾਦੂਈ ਪਾਣੀ ਦੇ ਤੌਰ `ਤੇ ਪੇਸ਼ ਕਰ ਦਿੱਤਾ ਹੈ ਅਤੇ ਸੰਗਤਾਂ ਵੀ ਇਹੀ ਸਮਝ ਕੇ ਛੱਕ ਰਹੀਆਂ ਹਨ। ਇਸ ਨੂੰ ਚਮਤਕਾਰੀ ਜਾਦੂਈ ਪਾਣੀ ਬਨਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਭਿੰਡਰਾਂ ਜਥੇ ਦਾ ਹੈ। ਆਪਣੀ ਇਸ ਪੁਸਤਕ ‘ਗੁਰਬਾਣੀ ਪਾਠ ਦਰਪਣ` ਦੇ ਪੰਨਾ ੭੭ `ਤੇ ‘ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ` ਵਿੱਚ ਲਿਖਦੇ ਹਨ:

"ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁਲ ਵਿੱਚ ਬਾਬਾ ਕਲਾਧਾਰੀ ਜੀ ਦਸਵੇਂ ਪਾਤਿਸ਼ਾਹ ਜੀ ਵਕਤ ਹੋਏ ਉਨ੍ਹਾਂ ਦੀ ਬੰਸ ਖੜ੍ਹ ਗਈ। ਉਨ੍ਹਾਂ ਨੇ ਬੜੇ ਉਪਚਾਰ ਕੀਤੇ ਪਰ ਉਲਾਦ ਨਾ ਹੋਈ। ਅਖੀਰ ਬਾਬਾ ਕਲਾਧਾਰੀ ਜੀ ਦਸਵੇਂ ਪਾਤਿਸ਼ਾਹ ਜੀ ਦੇ ਪਾਸ ਆਏ। ਉਸ ਵਕਤ ਸਤਿਗੁਰੂ ਸਾਹਿਬ ਜੀ ਬਘੌਰ (ਬਭੌਰ) ਸਾਹਿਬ ਬੈਠੇ ਸਨ ਜਿਥੇ ਸਤਿਗੁਰੂ ਜੀ ਨੇ ਚੌਪਈ ਉਚਾਰੀ ਸੀ।

ਸਤਿਗੁਰਾਂ ਨੇ ਬਾਬਾ ਕਲਾਧਾਰੀ ਜੀ ਦਾ ਬੜਾ ਸਤਿਕਾਰ ਕੀਤਾ। ਕਿਹਾ ਕਿ ਸਤਿਗੁਰੂ ਨਾਨਕ ਸਾਹਿਬ ਦੀ ਕੁਲ ਵਿੱਚ ਕੰਵਲ ਦੀ ਨਿਆਈਂ ਤੁਹਾਡਾ ਜਨਮ ਹੋਇਆ ਹੈ ਤੇ ਫੇਰ ਬਾਬਾ ਕਲਾਧਾਰੀ ਜੀ ਨੇ ਸਤਿਗੁਰੂ ਸਾਹਿਬ ਜੀ ਅਗੇ ਬੇਨਤੀ ਕੀਤੀ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀ ਕੁਲ ਬੇਦੀ ਕੁਲ ਖੜ੍ਹ ਗਈ ਹੈ ਪੋਤ੍ਰਾ ਨਹੀਂ ਹੁੰਦਾ। (ਵੇਖੋ! ਕਿਆ ਸੁਹਣੇ ਤਰੀਕੇ ਨਾਲ ਬੇਦੀ ਬਾਬਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪ੍ਰਵਾਨਗੀ ਦਿਵਾ ਦਿੱਤੀ ਹੈ।)

ਸਤਿਗੁਰਾਂ ਨੇ ਕਿਹਾ ਕਿ ਤੁਹਾਡੀ ਕੁਲ ਵਿੱਚ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਹੈ? ਕਿਹਾ ਨਹੀਂ ਜੀ। ਤਾਂ ਸਤਿਗੁਰੂ ਨੇ ਕਿਹਾ ਭੱਲਿਆਂ ਵਿਚੋਂ ਅੰਮ੍ਰਿਤ ਛਕ ਲਿਆ ਹੈ, ਤ੍ਰਿਹਣਾਂ ਵਿਚੋਂ ਵੀ ਅੰਮ੍ਰਿਤ ਛਕਿਆ ਹੈ ਅਤੇ ਸੋਢੀਆਂ ਵਿਚੋਂ ਵੀ ਕਈਆਂ ਨੇ ਅੰਮ੍ਰਿਤ ਛਕ ਲਿਆ ਹੈ ਤੇ ਤੁਸੀਂ ਅੰਮ੍ਰਿਤ ਨਹੀਂ ਛਕਿਆ?

ਸਤਿਗੁਰੂ ਨੇ ਕਿਹਾ -ਅੰਮ੍ਰਿਤ ਛਕੋ ਤਾਂ ਬੇਦੀ ਕੁਲ ਚਲੇਗੀ। ਤਾਂ ਬਾਬਾ ਕਲਾਧਾਰੀ ਜੀ ਨੇ ਕਿਹਾ ਕਿ ਮੈਂ ਤਾਂ ਬ੍ਰਿਧ ਹੋ ਗਿਆ ਹਾਂ, ਕ੍ਰਿਪਾ ਕਰੋ। ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਪੁਤ੍ਰ ਨੂੰ ਅੰਮ੍ਰਿਤ ਛਕਾਓ। ਤਾਂ ਬਾਬਾ ਕਲਾਧਾਰੀ ਜੀ ਦੇ ਪੁਤ੍ਰ ਅਜੀਤ ਸਿੰਘ ਨੂੰ ਅੰਮ੍ਰਿਤ ਛਕਾਇਆ ਤੇ ਭਾਈ ਅਜੀਤ ਸਿੰਘ ਨੂੰ ਕਿਹਾ ਕਿ ਤੇਰੇ ਘਰ ਪੁੱਤ੍ਰ ਹੋਵੇਗਾ ਉਸ ਦਾ ਨਾਮ ਬਾਬਾ ਸਾਹਿਬ ਸਿੰਘ ਹੋਵੇਗਾ, ਉਹ ਬੜੇ ਬਲ ਵਾਲਾ ਹੋਵੇਗਾ। ਬੜੀ ਸੇਵਾ ਕਰੇਗਾ ਪਰਉਪਕਾਰ ਕਰੇਗਾ। ਕਾਠ ਦੀਆਂ ਤੋਪਾਂ ਚਲਾਏਗਾ।

ਫਿਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਦੇੜ ਸ੍ਰੀ ਹਜ਼ੂਰ ਸਾਹਿਬ ਚਲੇ ਗਏ ਤੇ ਜੋਤੀ ਜੋਤ ਸਮਾ ਗਏ ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਬਾਬਾ ਸਾਹਿਬ ਸਿੰਘ ਜੀ ਦਾ ਅਵਤਾਰ ਹੋਇਆ। ਵੱਡੇ ਹੋ ਕੇ ਅੰਮ੍ਰਿਤ ਛਕਿਆ। "

ਆਓ ਜਰਾ ਇਸ ਕਹਾਣੀ ਦੀ ਵੀ ਸਮੀਖਿਆ ਕਰ ਲਈਏ:

ਇਨ੍ਹਾਂ ਅਨੁਸਾਰ ਇਹ ਘਟਨਾ ਬਘੌਰ (ਬਭੌਰ) ਸਾਹਿਬ ਦੀ ਭਾਵ ਆਨੰਦਪੁਰ ਛੱਡਣ ਤੋਂ ਪਹਿਲਾਂ ਦੀ ਹੈ। ਇਥੇ ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਦਸ ਦੇਣਾ ਠੀਕ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ੧੭੦੫ ਈ: ਵਿੱਚ ਆਨੰਦਪੁਰ ਛੱਡ ਗਏ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ੧੭੮੦ ਈ; ਦਾ ਹੈ।

ਪਹਿਲੀ ਗੱਲ ਤਾਂ, ਬਾਬਾ ਕਲਾਧਾਰੀ ਜੀ ਭਾਵੇਂ ਬਿਰਧ ਹੋ ਗਏ ਸਨ ਪਰ ਪਾਹੁਲ ਤਾਂ ਛੱਕ ਹੀ ਸਕਦੇ ਸਨ।

ਦੂਸਰਾ ਬਾਬਾ ਕਲਾਧਾਰੀ ਜੀ ਦੇ ਪੁੱਤਰ ਅਜੀਤ ਸਿੰਘ ਦੀ ਉਮਰ ਉਸ ਵੇਲੇ ਕਾਫੀ ਵਡੇਰੀ ਹੋਵੇਗੀ ਅਤੇ ਸਨਤਾਨ ਨਹੀਂ ਹੋਵੇਗੀ, ਜੋ ਉਨ੍ਹਾਂ ਕਿਹਾ ਕਿ ਕੁਲ ਨਹੀਂ ਚਲ ਰਹੀ। ਪੋਤ੍ਰਾ ਨਹੀਂ ਹੁੰਦਾ।

ਚਲੋ! ਜੇ ਬਾਬਾ ਕਲਾਧਾਰੀ ਜੀ ਦੇ ਪੁੱਤਰ ਅਜੀਤ ਸਿੰਘ ਦੀ ਉਮਰ ਪਾਹੁਲ ਛਕਣ ਵੇਲੇ ੨੦-੨੫ ਸਾਲ ਦੀ ਵੀ ਹੋਵੇ (ਜੋ ਉਪਰੋਕਤ ਸੱਚਾਈ ਨੂੰ ਧਿਆਨ ਵਿੱਚ ਰਖਦਿਆਂ ਅਤੇ ਬਾਬਾ ਕਲਾਧਾਰੀ ਜੀ ਦੀ ਵਡੇਰੀ ਉਮਰ ਨੂੰ ਵੇਖਦੇ ਹੋਏ ਕਾਫੀ ਵਧ ਹੋਣੀ ਚਾਹੀਦੀ ਹੈ) ਤਾਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਮੇਂ ਉਸ ਦੀ ਉਮਰ ਤਕਰੀਬਨ ੧੦੦ (ਸੌ) ਸਾਲ ਦੀ ਬਣਦੀ ਹੈ। ਹੁਣ ਇਸ ਕਹਾਣੀ ਦੀ ਸਚਾਈ ਬਾਰੇ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਜੇ ਅਜੀਤ ਸਿੰਘ ਦੇ ਪਿਤਾ ਬਾਬਾ ਕਲਾਧਾਰੀ ਜੀ ਵੱਡੀ ਉਮਰ ਕਰਕੇ ਬੱਚਾ ਪੈਦਾ ਕਰਨ ਦੀ ਸਮਰੱਥਾ ਨਹੀਂ ਰਖਦੇ ਸਨ ਤਾਂ ਅਜੀਤ ਸਿੰਘ ਨੇ ਤਕਰੀਬਨ ੧੦੦ ਸਾਲ ਤੋਂ ਵਡੇਰੀ ਉਮਰ ਵਿੱਚ ਬੱਚਾ ਪੈਦਾ ਕੀਤਾ? ਇਹ ਸੌ ਸਾਲ ਵੀ ਤਾਂ ਬਣਦੀ ਹੈ, ਜੇ ਉਸ ਵੇਲੇ ਅਜੀਤ ਸਿੰਘ ਦੀ ਉਮਰ ੨੦-੨੫ ਸਾਲ ਗਿਣੀਏ। ਕੀ ਆਪਣੇ ਬੱਚੇ ਦੀ ੨੦-੨੫ ਸਾਲ ਦੀ ਉਮਰ ਵਿੱਚ ਉਹ ਆ ਕੇ ਕਹਿਣਗੇ ਕਿ ਸਾਡੀ ਬੇਦੀ ਕੁਲ ਖਲੋ ਗਈ ਹੈ।

ਜੇ ਅੰਧ-ਵਿਸ਼ਵਾਸ ਦੀ ਖਾਈ `ਚੋਂ ਬਾਹਰ ਨਿਕਲ ਕੇ ਸੱਚਾਈ ਭਾਲਣ ਦੀ ਕੋਸ਼ਿਸ਼ ਕਰੀਏ ਤਾਂ ਕੋਈ ਤੰਦ ਕਿਧਰੇ ਨਹੀਂ ਜੁੜਦੀ।

ਇਹੋ ਜਿਹੀਆਂ ਹੀ ਕੁੱਝ ਹੋਰ ਜਾਦੂਈ ਕਰਿਸ਼ਮਿਆ ਵਾਲੀਆਂ ਕਹਾਣੀਆਂ ਨਾਲ ਜੋੜ ਕੇ ਇਹ ਦਸਿਆ ਹੈ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਉਸ ਤੋਂ ਬਾਅਦ ਅੰਮ੍ਰਿਤ ਦੀ ਮਹੱਤਤਾ ਦਸਦੇ ਹੋਏ ਇਹ ਲਿਖਦੇ ਹਨ:

"ਅੰਮ੍ਰਿਤ ਦੀ ਪੂਰੀ ਮਹੱਤਤਾ ਤਾਂ ਕੋਈ ਕਹਿ ਹੀ ਨਹੀਂ ਸਕਦਾ ਪਰ ਕੁੱਝ ਕਹਿੰਦੇ ਹਾਂ- ਅੰਮ੍ਰਿਤ ਛਕਣ ਕਰਕੇ ਪਿਛਲੇ ਜਨਮਾਂ ਦੇ ਸਾਰੇ ਪਾਪ ਬਖਸ਼ੇ ਜਾਂਦੇ ਹਨ। ਸਤਿਗੁਰੂ ਸਾਹਿਬ ਜੀ ਬਖ਼ਸ਼ ਦਿੰਦੇ ਹਨ। ਸਤਿਗੁਰਾਂ ਦਾ ਹੁਕਮ ਹੈ, ਇੱਕ ਵਾਰ ਵੀ ਜਿਸ ਦੇ ਮੁੱਖ ਅੰਮ੍ਰਿਤ ਪੈ ਗਿਆ ਫਿਰ ਭਾਵੇਂ ਗ਼ਲਤੀ ਹੋਣ ਕਰਕੇ ਮੁਕਤ ਨਾ ਹੋ ਸਕੇ ਪਰ ਦਸ ਹਜ਼ਾਰ ਵਰ੍ਹੇ ਤਕ ਅਸੀਂ ਉਸ ਨੂੰ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ। ਵਾਰ ਵਾਰ ਸਿੱਖਾਂ ਦੇ ਘਰ ਜਨਮ ਦਿਆਂਗੇ। ਕਦੇ ਤਾਂ ਰਹਿਤ ਰਖਕੇ ਮੁਕਤ ਹੋਵੇਗਾ। "

ਹੁਣ ਪਾਠਕ ਜਨ ਆਪ ਹੀ ਵਿਚਾਰ ਕਰ ਲੈਣ ਕਿ ਪਹਿਲਾਂ ਤਾਂ ਜਿਵੇਂ ਬ੍ਰਾਹਮਣ ਨੇ ਆਪਣੇ ਜਜਮਾਨਾਂ ਨੂੰ ਇੱਕ ਵਾਰੀ ਗੰਗਾ ਤੀਰਥ ਦਾ ਇਸ਼ਨਾਨ ਕਰਾ ਕੇ ਸਾਰੇ ਪਾਪਾਂ ਤੋਂ ਮੁਕਤ ਕਰਾ ਦਿੱਤਾ, ਇਨ੍ਹਾਂ ਨੇ ਅੰਮ੍ਰਿਤ ਪਿਆ ਕੇ ਮੁਕਤ ਕਰਾ ਦਿੱਤਾ। ਆਪਣਾ ਜੀਵਨ ਸੁਆਰਣ, ਸ਼ਿੰਗਾਰਣ ਦੀ ਤਾਂ ਕੋਈ ਲੋੜ ਹੀ ਨਹੀਂ। ਫੇਰ ਗੁਰੂ ਸਾਹਿਬ ਜੀ ਇਤਨੇ ਸਮਰੱਥ ਤਾਂ ਹਨ ਕਿ ਦਸ ਹਜ਼ਾਰ ਸਾਲ ਤੱਕ ਸਿੱਖ ਪਰਵਾਰ ਵਿੱਚ ਜਨਮ ਦੇਣ, ਪਰ ਇਤਨੀ ਸਮਰੱਥਾ ਨਹੀਂ ਹੈ ਕਿ ਇਸੇ ਜੀਵਨ ਵਿੱਚ ਸਿੱਖ ਨੂੰ ਇਤਨੀ ਸੋਝੀ ਬਖ਼ਸ਼ ਦੇਣ ਕਿ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲ ਕੇ ਮੁਕਤ ਹੋ ਸਕੇ। ਜਦਕਿ ਸਤਿਗੁਰੂ ਦੀ ਪਾਵਨ ਬਾਣੀ ਫੁਰਮਾਂਦੀ ਹੈ:

"ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ।।

ਪਾਵੈ ਮੁਕਤਿ ਨ ਹੋਰ ਤੇ ਕੋਈ ਪੁਛਹੁ ਬਿਬੇਕੀਆ ਜਾਏ।।

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ।।

ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ।।

ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ।। ੨੨।। " {ਰਾਮਕਲੀ ਮਹਲਾ ੩ ਅਨੰਦੁ, ਪੰਨਾ ੯੨੦}

ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ। ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ। (ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿੱਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ। ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।

ਨਾਨਕ ਆਖਦਾ ਹੈ—ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ)।

ਇਹ ਕਹਿਣਗੇ ਕਿ ਇਹ ਤਾਂ ਸਤਿਗੁਰੂ ਨੇ ਗੁਰੂ ਤੋਂ ਬੇਮੁਖਾਂ ਦੀ ਅਵਸਥਾ ਦੱਸੀ ਹੈ। ਹੁਣ ਜੋ ਪਾਹੁਲ (ਇਨ੍ਹਾਂ ਮੁਤਾਬਕ ਅੰਮ੍ਰਿਤ) ਛੱਕ ਕੇ ਵੀ ਭਟਕਣਾ ਵਿੱਚ ਪਿਆ ਹੋਇਆ ਹੈ ਕੀ ਉਸ ਨੂੰ ਗੁਰਮੁਖ ਆਖਾਂਗੇ? ਉਸ ਨੇ ਫਿਰ ਅੰਮ੍ਰਿਤ ਕਾਹਦਾ ਛਕਿਆ ਹੈ, ਪਾਹੁਲ ਛਕਣ ਦੇ ਨਾਂ `ਤੇ ਕੋਈ ਕਰਮਕਾਂਡ ਕੀਤਾ ਹੋ ਸਕਦਾ ਹੈ। ਗੁਰਮੁਖਾਂ ਦੀ ਅਵਸਥਾ ਤਾਂ ਸਤਿਗੁਰੂ ਗੁਰਬਾਣੀ ਵਿੱਚ ਇੰਝ ਬਿਆਨ ਕਰਦੇ ਹਨ:

"ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ।।

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ।। ੨।। " {ਮਃ ੩, ਪੰਨਾ ੫੦੯}

ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ।

ਨਾਲੇ ਜਿਸ ਮੁਕਤੀ ਦੀ ਗੱਲ ਇਹ ਕਰਦੇ ਹਨ, ਉਸ ਲਈ ਤਾਂ ਸਿੱਖੀ ਵਿੱਚ ਕੋਈ ਸਥਾਨ ਹੀ ਨਹੀਂ ਹੈ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:

"ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ।।

ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ।। " (ਕਲਿਆਨ ਮਹਲਾ ੪, ਪੰਨਾ ੧੩੨੪)

ਹੇ ਭਾਈ! ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ। ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ।

"ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ।। " {ਦੇਵਗੰਧਾਰੀ ੫, ਪੰਨਾ ੫੩੪}

ਹੇ ਪਿਆਰੇ ਪ੍ਰਭੂ ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹੇ।

ਗੁਰਮਤਿ ਵਿੱਚ ਮਰਨ ਤੋਂ ਬਾਅਦ ਦੀ ਕਿਸੇ ਮੁਕਤੀ ਦਾ ਕੋਈ ਵਿਧਾਨ ਨਹੀਂ, ਇਥੇ ਤਾਂ ਜੀਵਤ ਮੁਕਤਿ ਦਾ ਸੰਕਲਪ ਹੈ। ਸਤਿਗੁਰੂ ਦੇ ਫੁਰਮਾਨ ਹਨ:

"ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ।। " {ਮਃ ੩, ਪੰਨਾ ੫੫੦}

(ਸੰਸਾਰ ਵਿਚ) ਵਰਤਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ।

"ਪ੍ਰਭ ਕੀ ਆਗਿਆ ਆਤਮ ਹਿਤਾਵੈ।। ਜੀਵਨ ਮੁਕਤਿ ਸੋਊ ਕਹਾਵੈ।।

ਤੈਸਾ ਹਰਖੁ ਤੈਸਾ ਉਸੁ ਸੋਗੁ।। ਸਦਾ ਅਨੰਦੁ ਤਹ ਨਹੀ ਬਿਓਗੁ।।

ਤੈਸਾ ਸੁਵਰਣੁ ਤੈਸੀ ਉਸੁ ਮਾਟੀ।। ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ।।

ਤੈਸਾ ਮਾਨੁ ਤੈਸਾ ਅਭਿਮਾਨੁ।। ਤੈਸਾ ਰੰਕੁ ਤੈਸਾ ਰਾਜਾਨੁ।।

ਜੋ ਵਰਤਾਏ ਸਾਈ ਜੁਗਤਿ।। ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ।। ੭।। " {ਗਉੜੀ ਸੁਖਮਨੀ ਮਃ ੫, ਪੰਨਾ ੨੭੫}

ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿੱਚ ਮਿੱਠੀ ਕਰ ਕੇ ਮੰਨਦਾ ਹੈ, ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;

ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿੱਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।

ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿੱਚ ਨਹੀਂ ਫਸਦਾ), ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇੱਕ ਜੈਸੀ ਹੈ। (ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇੱਕ ਸਮਾਨ ਹੈ, ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿੱਚ ਬਰਾਬਰ ਹੈ।

ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ; ਹੇ ਨਾਨਕ ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ।

ਉਂਝ ਵੀ ਪਤਾ ਨਹੀਂ ਇਹ ਕਿਹੜੇ ਨਰਕਾਂ ਸੁਰਗਾਂ ਦੇ ਚੱਕਰਾਂ ਵਿੱਚ ਫਸੇ, ਸੁਰਗਾਂ ਦੇ ਲਾਲਚ ਵਿਖਾਉਂਦੇ, ਨਰਕਾਂ ਤੋਂ ਆਪ ਵੀ ਡਰਦੇ ਅਤੇ ਲੋਕਾਈ ਨੂੰ ਵੀ ਡਰਾਉਂਦੇ ਰਹਿੰਦੇ ਹਨ, ਜਦਕਿ ਆਪਣੇ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਗੁਰਸਿੱਖ ਇਨ੍ਹਾਂ ਨਰਕ, ਸੁਰਗ ਦੇ ਭਰਮਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਹੈ। ਗੁਰਬਾਣੀ ਦੇ ਪਾਵਨ ਬਚਨ ਹਨ:

"ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।।

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ।। " {ਰਾਮਕਲੀ ਬਾਣੀ ਭਗਤਾ ਕੀ, ਕਬੀਰ ਜੀੳ, ਪੰਨਾ ੯੬੯}

ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ; ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ।

"ਧਨੁ ਨਹੀ ਬਾਛਹਿ ਸੁਰਗ ਨ ਆਛਹਿ।।

ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ।। " {ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੧}

(ਗੁਰਮੁਖਿ ਮਨੁੱਖ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ, ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿੱਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿੱਚ ਹੀ ਮਸਤ ਰਹਿੰਦੇ ਹਨ।

"ਕਈ ਬੈਕੁੰਠ ਨਾਹੀ ਲਵੈ ਲਾਗੇ।। ਮੁਕਤਿ ਬਪੁੜੀ ਭੀ ਗਿਆਨੀ ਤਿਆਗੇ।।

ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ।। " {ਮਾਰੂ ਮਹਲਾ ੫, ਪੰਨਾ ੧੦੭੮}

ਹੇ ਭਾਈ ! ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ । ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇੱਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ । ਹੇ ਭਾਈ ! ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ । ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ 

ਸਤਿਗੁਰੂ ਜੀ ਫੁਰਮਾਉਂਦੇ ਹਨ, ਜੋ ਵਿਅਕਤੀ ਮਾਇਆ ਦੇ ਖੇਡ ਵਿੱਚ ਗਲਤਾਨ ਹੋ ਕੇ ਉਸ ਅਕਾਲ ਪੁਰਖ ਨੂੰ ਵਿਸਾਰ ਦੇਂਦਾ ਹੈ, ਉਸ ਦਾ ਜੀਵਨ ਨਰਕ ਦੇ ਬਰਾਬਰ ਹੈ। ਭਾਵ ਇਸ ਜੀਵਨ ਵਿੱਚ ਨਰਕ ਭੋਗ ਰਿਹਾ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

"ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ।।

ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ।। ੨।। " {ਜੈਤਸਰੀ ਮਹਲਾ ੫, ਪੰਨਾ ੭੦੭}

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ (ਯਾਦ) ਨਾਹ ਰਹੇ, ਤਾਂ ਹੇ ਨਾਨਕ ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।

ਇਸ ਤਰ੍ਹਾਂ ਇਨ੍ਹਾਂ ਨੇ ਪਾਹੁਲ ਦੀ ਸਾਰੀ ਮਰਯਾਦਾ ਹੀ ਬ੍ਰਾਹਮਣਵਾਦੀ ਬਣਾ ਕੇ, ਪੂਰੀ ਸੰਸਥਾ ਕੁਰਾਹੇ ਪਾ ਦਿੱਤੀ ਹੈ। ਨਤੀਜਾ ਇਹ ਹੈ ਕਿ ਇਨ੍ਹਾਂ ਦੁਆਰਾ ਕੀਤੇ ਜਾਂਦੇ ਪਾਹੁਲ ਛਕਣ ਦੇ ਸਮਾਗਮਾਂ (ਅੰਮ੍ਰਿਤ ਸੰਚਾਰਾਂ) ਵਿੱਚ ਪਾਹੁਲ ਛਕਣ ਵਾਲੇ, ਵਿਚਾਰਵਾਨ ਅਤੇ ਆਚਰਣਵਾਨ ਗੁਰਸਿੱਖ ਬਣਨ ਦੀ ਬਜਾਏ ਕਟੜਵਾਦੀ ਬਣ ਰਹੇ ਹਨ। ਇਸ ਵਿੱਚ ਸ਼ੱਕ ਵੀ ਕੋਈ ਨਹੀਂ ਕਿ ਇਨ੍ਹਾਂ ਵਲੋਂ ਪਾਹੁਲ ਛਕਾਉਣ `ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ, ਪਰ ਇਨ੍ਹਾਂ ਤੋਂ ਪਾਹੁਲ ਛੱਕ ਕੇ ਖਾਲਸੇ ਤਿਆਰ ਹੋਣ ਦੀ ਬਜਾਏ ਖਾਲਸਾਈ ਸਰੂਪ ਵਾਲੇ ਅੱਧ-ਪਚੱਧੇ ਬ੍ਰਾਹਮਣ ਤਿਆਰ ਹੋ ਰਹੇ ਹਨ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇਹ ਪਾਹੁਲ ਛਕਾਉਣ ਵੇਲੇ ਪੰਥ ਪ੍ਰਵਾਨਤ ਮਰਯਾਦਾ ਦ੍ਰਿੜ ਕਰਾਉਣ ਦੀ ਬਜਾਏ ਆਪਣੇ ਡੇਰੇ ਦੀ ਅਲੱਗ ਮਰਯਾਦਾ ਦ੍ਰਿੜ ਕਰਵਾਉਂਦੇ ਹਨ, ਜਿਸ ਨਾਲ ਕੌਮ ਵਿੱਚ ਦੁਬਿਧਾ, ਵਖਰੇਵਾਂ ਅਤੇ ਵੰਡੀਆਂ ਪੈਂਦੀਆਂ ਹਨ।

ਅੱਜ ਜੋ ਆਰ. ਐਸ. ਐਸ. ਅਤੇ ਹੋਰ ਕੱਟੜ ਹਿੰਦੂਤਵੀ ਜਥੇਬੰਦੀਆਂ ਵਲੋਂ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਅੰਗ ਭਾਵ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਇਨ੍ਹਾਂ ਦਾ ਸਾਹਿਤ ਪੜ੍ਹ ਲਿਆ ਜਾਵੇ ਤਾਂ ਹੋਰ ਕਿਸੇ ਸਬੂਤ ਦੀ ਲੋੜ ਹੀ ਨਹੀਂ। ਟਕਸਾਲ ਦਾ ਛਾਪਿਆ ਸਾਹਿਤ ਹੀ ਸਿੱਖ ਕੌਮ ਨੂੰ ਹਿੰਦੂਆਂ ਦਾ ਅੰਗ ਸਾਬਤ ਕਰਨ ਲਈ ਬਹੁਤ ਹੈ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: rajindersinghskp@yahoo.co.in
.