.

ਆਦੇਸੁ ਤਿਸੈ ਆਦੇਸੁ- ਪੳੇੜੀ ੨੮ ਦੀ ਗੁਰਬਾਣੀ ਅਨੁਸਾਰ ਵਿਆਖਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਪਹਿਲੀ ਪਉੜੀ ਵਿਚ ਫੁਰਮਾਇਆ ਸੀ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥’ ਫੇਰ ‘ਹੁਕਮ ਤੇ ਚੱਲਣ ਦੀ ਵਿਧੀ’ ਸਾਧਨ, ਤੇ ਉਪਰਾਲੇ ਤਰ੍ਹਾਂ ਤਰ੍ਹਾਂ ਦੀ ਵਿਆਖਿਆ ਨਾਲ ਵਰਨਣ ਕੀਤੇ ਗਏ।ਉਹ ਸਾਰੇ ਅੰਤਰਮੁਖੀ ਹਾਲਤ ਜਾਂ ਧਿਆਨ ਦੀ ਪਰਪੱਕਤਾ ਦੀ ਵਿਉਂਤ ਦੇ ‘ਧਿਆਨ ਲਗਾਊ’ ਤਰੀਕੇ ਸਨ।‘ਪੰਚਾ ਕਾ ਗੁਰੁ ਏਕੁ ਧਿਆਨੁ’ (ਪਉੜੀ ੧੬) ਇਸ ਤੋਂ ਮਗਰਲੇ ਬਾਹਰਲੇ ਦੁਨਿਆਵੀ ਦ੍ਰਿਸ਼ ਤੋਂ ਅੰਤਰਮੁਖ ਵਿਸਮਾਦੀ ਰੰਗ ਵਿਚ ਪਹੁੰਚਣ ਦੀ ਵਿਆਖਿਆ ਲੈ ਕੇ ਤੁਰੇ ਸਨ ਕਿ ਸਰਗੁਣ ਸਰੂਪ ਵਿਚ ਕਰਤਾ ਪੁਰਖ ਦੇ ਕਰਣਿਆਂ ਵਿਚ ਜਾਉਗੇ ਤਾਂ ਵਿਸ਼ਾਲਤਾ ਦਿਸੇਗੀ।ਜੇ ਵਿਸ਼ਾਲਤਾ ਦਾ ਅੰਤ ਪਾਉਣ ਜਾਓਗੇ ਤਾਂ ਹਾਰ ਜਾਓਗੇ।ਪਰ ਜੇ ਉਸ ਦੀ ਰਚਨਾ ਦੀ ਬਹੁਲਤਾ ਅਗੰਮਤਾ ਵੇਖ ਕੇ ਸਿਫਤ ਸਲਾਹ ਕਰੋਗੇ ਜਾਂ ਸਿੱਧੇ ਉਸ ਦੇ ਦਰਸ਼ਨ-ਅਸਰ ਵਿਚ ਵਿਸਮਾਦੀ ਰੰਗ ਵਿਚ ਗੜੂੰਦੇ ਜਾਉਗੇ ਤਾਂ ਪੰਚ ਬਣੋਗੇ ਤੇ ਬਣੇ ਰਹੋਗੇ।ਇਹ ਮਾਨੋ ਬਾਹਰਮੁਖੀ ਇੰਦਰਿਆਂ ਨਾਲ ਕੁਦਰਤ ਦੇ ਦੀਦਾਰੇ ਦੇ ਪ੍ਰਭਾਵ ਹਨ ਜਿਸ ਤੋਂ ਅੱਗੇ ਅੰਤ੍ਰੀਵ ਅਵਸਥਾ ਵਿਚ ਪਹੁੰਚੋਗੇ। ਅੰਤਰ ਧਿਆਨ ਹੋ ਉਸ ਦੇ ਗੁਣ ਗਾਉਗੇ ਜਿਸ ਬਾਰੇ ਸੋ ਦਰ ਦੀ ਪਉੜੀ ਵਿਚ ਕਿਸਤਰ੍ਹਾਂ ਇਕ ‘ਕੀਰਤਨ ਸਮਾਜ’ ਪਰਮਾਤਮਾ ਦੇ ਭਜਨ ਕੀਰਤਨ ਵਿਚ ਲੱਗਿਆ ਹੋਇਆ ਹੈ। ਸਿਫਤ ਸਲਾਹ ਵਿਚ ਲਿਜਾ ਕੇ ਅੰਤ ਕਰਤਾ ਪੁਰਖ ਦੇ ਧਿਆਨ ਵਿਚ ਜੋੜਿਆ ਗਿਆ ਹੈ:। ਪਰਮਾਤਮਾ ਨੇ ਕਈ ਰੰਗਾਂ ਵਿਚ ਕਈ ਤਰ੍ਹਾਂ ਨਾਲ ਸ਼੍ਰਿਸ਼ਟੀ ਰਚੀ ਹੈ।ਉਹ ਅਪਣੇ ਵਡੱਪਣ ਅਨੁਸਾਰ ਰਚਨਾ ਨੂੰ ਰਚੀ ਜਾ ਰਿਹਾ ਹੈ ਰਚ ਰਚ ਕੇ ਖੁਦ ਦੇਖ-ਭਾਲ ਵੀ ਕਰੀ ਜਾਂਦਾ ਹੈ

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ (ਜਪੁਜੀ ਪੰਨਾ ੬)

ਦੁਹਾਂ ਤਰੀਕਿਆਂ ਨਾਲ ‘ਉਸ ਦੀ ਰਜ਼ਾ ਵਿਚ ਇਕ ਸੁਰ ਹੋ ਜਾਣਾ’ ਤੇ ਇਸ ਮਾਰਗ ਤੇ ਚਲਕੇ ਪ੍ਰਮਾਤਮਾਂ ਪ੍ਰਤੀ ਅਪਣੀ ਪ੍ਰੇਮਾ ਭਗਤੀ ਰਾਹੀਂਂ ਉਸਨੂੰ ਪਾਉਣਾ ਤੇ ਸਮਾਉਣ ਦਾ ਤਰੀਕੲ ਸਮਝਾਇਆ ਹੈ।

ਏਥੇ ਆਕੇ ਇਕ ਪ੍ਰਸ਼ਨ ਉਠਦਾ ਹੈ ਕਿ ‘ਹੇ ਗੁਰੂ ਜੀ! ਇਕ ਤਰੀਕਾ ਗੋਰਖ ਮਤ ਵਾਲੇ ਜੋਗੀਆਂ ਦਾ ਹੈ ਜੋ ਬੜਾ ਪਰਚਲਤ ਹੈ ਤੇ ਇਕ ਹੋਰ ਤਰੀਕਾ ਅਹੰ-ਬ੍ਰਹਮ-ਸੁਆਮੀਆਂ ਦਾ ਹੈ ਜੋ ਅਪਣੇ ਆਪ ਨੂੰ ਬ੍ਰਹਮ ਕਹਿਣ ਲੱਗ ਜਾਂਦੇ ਹਨ। ਹੋਰ ਵੀ ਬੜੇ ਮਤ ਹਨ ਤੇ ਬੜੇ ਤਰੀਕੇ ਹਨ ਉਨ੍ਹਾਂ ਦੇ। ਇਨ੍ਹਾਂ ਵਿਚੋਂ ਕਿਹੜਾ ਸਹੀ ਢੁਕਦਾ ਹੈ?

ਗੁਰੂ ਜੀ ਚਾਰ ਪਉੜੀਆਂ ੨੮ ਤੋਂ ੩੧ ਵਿਚ ਸਭ ਤੋਂ ਪਰਚਲਤ ਜੋਗ ਮਤ ਬਾਰੇ ਸਮਝਾਉਂਦੇ ਹਨ। ਇੱਕ ਇੱਕ ਅੰਗ ਨੂੰ ਲੈ ਕੇ ਉਨ੍ਹਾਂ ਦੀ ਸਾਰਥਕਤਾ ਜਾਂ ਅਸਾਰਥਕਤਾ ਸਮਝਾਉਂਦੇ ਹੋਏ ਸਦਾਚਾਰ, ਰਹਸ ਤੇ ਭਗਤੀ ਦੇ ਪੱਖ ਤੇ ਫਿਰ ਅੰਤਰੀਵ ਪੱਖ ਵਿਚਾਰਦੇ ਹਨ ਤੇ ਈਸ਼ਵਰ ਪਰਾਇਣਤਾ ਦੀ ਵਿਸ਼ੇਸ਼ਤਾ ਦਰਸਾਉਂਦੇ ਹਨ।੨੮ਵੀਂ ਪਉੜੀ ਵਿਚ ਸਰੀਰਕ ਚਿਨ੍ਹਾਂ ਕਰਕੇ, ੨੯ਵੀਂ ਵਿਚ ਭੰਡਾਰੇ ਕਰਕੇ, ੩੦ਵੀਂ ਵਿਚ ਇਸ਼ਟ ਕਰਕੇ ਤੇ ੩੧ ਵੀਂ ਵਿਚ ਆਸਣ ਕਰਕੇ ਜੋਗੀ ਬਣਨ ਦਾ ਵਿਸ਼ਾ ਲਿਆ ਗਿਆ ਹੈ।

ਪਉੜੀ ੨੮

ਆਉ ਪਹਿਲਾਂ ਜੋਗ ਦੇ ਸਰੀਰਕ ਪੱਖ ਨੂੰ ਵੇਖੀਏ। ਗੁਰੂ ਜੀ ਵੇਲੇ ਕਨਪਟੇ ਨਾਥ ਪੰਥੀ ਜੋਗੀਆਂ ਦਾ ਉਤਰ ਭਾਰਤ ਵਿਚ ਸਾਰੇ ਹਿੰਦੂ ਤੀਰਥਾਂ ਉਤੇ ਕਾਫੀ ਪ੍ਰਭਾਵ ਸੀ। ਉਨ੍ਹਾਂ ਦੇ ਭੇਖ ਦੀਆਂ ਨਿਸ਼ਾਨੀਆਂ ਦਾ ਰੂਪਕ ਵਰਤ ਕੇ ਗੁਰੂ ਨਾਨਕ ਦੇਵ ਜੀ ਸਾਧਨ ਪੱਖ ਦਾ ਉਪਦੇਸ਼ ਕਰਦੇ ਹਨ।ਉਨਾਂ ਦੇ ਮਤ ਤੇ ਭੇਖ ਬਾਰੇ ਸਿਧ ਗੋਸਟਿ ਵਿਚ ਸਿੱਧ ਗੁਰੂ ਜੀ ਨੂੰ ਗੋਰਖ ਮੱਤ ਦੇ ਅਨੁਯਾਈ ਹੋਣ ਲਈ ਮਨਾਉਂਦੇ ਹੋਏ ਕਹਿੰਦੇ ਹਨ ਕਿ “ਤੂੰ ਜੋਗੀਆਂ ਦੇ ਸੁਆਮੀ ਗੋਰਖ ਦਾ ਧਾਰਮਕ ਲਿਬਾਸ ਪਹਿਨ ਅਤੇ ਕੰਨਾਂ ਦੀਆਂ ਮੁਰਕੀਆਂ, ਮੰਗਣ ਵਾਲੀ ਚਿੱਪੀ ਅਤੇ ਖਫਣੀ ਧਾਰਨ ਕਰ। ਜਿਵੇਂ ਜੋਗੀ ਖੱਪਰ ਵਿਚ ਭਿਖਿਆ ਲੈਂਦਾ ਹੈ ਤੇ ਜਦੋਂ ਖੱਪਰ ਭਰ ਜਾਂਦਾ ਹੈ ਤਾਂ ਝੋਲੀ ਵਿਚ ਪਲਟ ਲੈਂਦਾ ਹੈ, ਉਸੇ ਤਰ੍ਹਾਂ ਤੈਨੂੰ ਦਰ ਦਰ ਭਿਖ ਮੰਗਣੀ ਚਾਹੀਦੀ ਹੈ।ਛੇ ਫਲਸਫਿਆਂ (ਖਟ ਦਰਸ਼ਨ) ਦੇ ਮਾਰਗ ਵਿਚੋਂ ਸਾਡਾ ਇਕ ਯੋਗ ਮੱਤ ਹੈ ਤੇ ਯੋਗ ਮਤ ਦੇ ਬਾਰਾਂ ਤਰ੍ਹਾਂ ਦੇ ਮਤਾਂ ਵਿਚੋਂ ਇਕ ਆਈ ਮਤ ਹੈ ਜਿਸਨੂੰ ਅਸੀਂ ਮੰਨਦੇ ਹਾਂ ਤੇ ਤੂੰ ਵੀ ਇਹੋ ਮਤ ਇਖਤਿਆਰ ਕਰ।ਇਸ ਤਰੀਕੇ ਨਾਲ ਮਨੂਆਂ (ਮਨ) ਸੁਧਰ ਜਾਂਦਾ ਹੈ ਤੇ ਪ੍ਰਾਣੀ ਮੁੜ ਕੇ ਸੱਟਾਂ ਨਹੀਂ ਸਹਾਰਦਾ”।

ਮੂੰਦਰਨ ਦਾ ਭਾਵ ਛੇਦ ਕਰਨਾ ਤੇ ਕੰਨਾ ਵਿਚ ਕੱਚ ਜਾਂ ਬਲੌਰ ਦੀਆਂ ਮੁੰਦਰਾਂ ਪਾਉਣਾ।ਯੋਗ ਮਤ ਦਾ ਸਿਧਾਂਤ ਹੈ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ ਪਾ ਕੇ ਉਸਤਤ ਨਿੰਦਿਆ ਤੋਂ ਬਾਹਰ ਸਮਝਣਾ।ਜੋਗੀ ਲੋਕ ਘਰਾਂ ਤੋਂ ਪ੍ਰਸਾਦਾ ਮੰਗਣ ਲਈ (ਮਧੂਕੜੀ ਲਈ) ਇੱਕ ਖੱਪਰ ਤੇ ਇੱਕ ਝੋਲੀ ਮੋਢੇ ਟੰਗੀ ਰਖਦੇ ਹਨ। ਖੱਪਰ ਵਿਚ ਆਟਾ ਲੈ ਕੇ ਝੋਲੀ ਵਿਚ ਪਾ ਲੈਂਦੇ ਹਨ।

ਗੁਰੂ ਨਾਨਕ ਦੇਵ ਜੀ ਮੰਗ ਕੇ ਖਾਣ ਦੀ ਬਜਾਏ ਕਮਾ ਕੇ (ਮਿਹਨਤ ਦਾ, ਸਰਮ ਦਾ, ਉਦਮ ਦਾ) ਖਾਣਾ ਸ਼੍ਰੇਸ਼ਟ ਮੰਨਦੇ ਹਨ।ਮੰਗਣ ਤੋਂ ਸ਼ਰਮ ਕਰਨ ਲਈ ਪ੍ਰੇਰਨਾ ਦਿਤੀ ਹੈ ਤੇ ਖੱਪਰ ਤੇ ਝੋਲੀ ਦੀ ਥਾਂ ਉਦਮ ਕਰਨਾ ਦਸਿਆ ਹੈ।ਗੁਰੂ ਨਾਨਕ ਦੇਵ ਜੀ ਨੇ ਸਮਝਾਇਆਂ: ‘ਸਰਮ (ਨਾਮ ਜਪਣ ਦੀ ਮਿਹਨਤ, ਉਦਮ) ਦਾ ਖੱਪਰ (ਭਿਖਿਆ ਲਈ ਜੋ ਜੋਗੀ ਹੱਥ ਵਿਚ ਫੜਦੇ ਹਨ) ਬਣਾਉ ਤੇ ਅਪਣੀ ਇਜ਼ਤ ਜੋ ਮੰਗਣ ਕਰਕੇ ਗਵਾਈ ਜਾਂਦੇ ਹੋ ਅਪਣੇ ਕਪੜਿਆਂ ਵਿਚ ਰੱਖੋ ਤੇ ਇਸ ਝੋਲੀ ਨੂੰ ਛੱਡੋ। ਜਦ ਤਕ ਤੁਸੀਂ ਦੁਨੀਆਂ ਵਲੋਂ ਬਸ ਨਾ ਕਰੋਗੇ, ਨਾਤਾ ਨਾ ਤੋੜੋਗੇ ਤਦ ਤਕ ਨਾਮ ਦੇ ਸੱਚੇ ਅਭਿਲਾਖੀ ਨਹੀਂ ਬਣ ਸਕਦੇ।ਜਦ ਸੰਤੋਖ ਆ ਜਾਵੇਗਾ ਤਾਂ ਝੋਲੀ ਵਿਚ ਅਪਣੇ ਆਪ ਖੈਰ ਪੈਣ ਲੱਗ ਪਵੇਗੀ’।

ਜੋਗੀਆਂ ਦੇ ਜਵਾਬ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: ਜੋਗ ਦੇ ਭੇਖ ਛਡੋ ਤੇ ਅਸੂਲਾਂ ਤੇ ਚਲੋ। ਸਭ ਤੋਂ ਪਹਿਲਾ ਅਸੂਲ ਹੈ ਸੰਤੋਖ ਜਿਸ ਨੂੰ ਮੁੰਦ੍ਰਾਂ ਦੀ ਥਾਂ ਅਪਣਾਉਣਾ ਚਾਹੀਦਾ ਹੈ ਤੇ ਪ੍ਰਮਾਤਮਾਂ ਨੂੰ ਅੰਦਰ ਬਾਹਰ ਹਰ ਥਾਂ ਵੇਖਣਾ ਹੈ, ਹਰ ਜੀ ਵਿਚ ਵੇਖਣਾ ਹੈ:

ਦਰਸਨ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ॥ਬਾਹਰ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ॥
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ। (ਸਿਧ ਗੋਸਟਿ, ਪੰਨਾ ੯੩੯)

ਗੁਰੂ ਜੀ ਗੁਰਮਤਿ ਦਾ ਸਿਧਾਂਤ ਸਮਝਾਉਂਦੇ ਹੋਏ ਦਸਦੇ ਹਨ ਕਿ ਜਿਤਨਾ ਚਿਰ ਬੰਦੇ ਅੰਦਰ ਸੰਤੋਖ ਨਹੀਂ ਆਉਂਦਾ, ਬੰਦਾ ਉਸਤਤ ਨਿੰਦਾ ਤੋਂ ਰਹਿਤ ਨਹੀਂ ਹੋ ਸਕਦਾ। ਸੋ ਕੰਨਾਂ ਵਿਚ ਮੁੰਦਰਾਂ ਪਾ ਕੇ ਉਸਤਤ ਨਿੰਦਾ ਤੋਂ ਰਹਿਤ ਹੋਣ ਦੀ ਬਜਾਏ ਮਨ ਵਿਚ ਪੂਰਨ ਸੰਤੋਖ ਨੂੰ ਧਾਰਨ ਕਰਨ ਨਾਲ ਜਗਿਆਸੂ ਉਸਤਤ ਨਿੰਦਿਆ ਤੋਂ ਬਾਹਰ ਹੋ ਜਾਵੇਗਾ।‘ਜਥਾ ਲਾਭ ਤਥਾ ਸੰਤੁਸ਼ਟ’, ‘ਜੋ ਮਿਲਿਆ ਸੋ ਪਰਵਾਨ’ ਉਸੇ ਵਿਚ ਹੀ ਆਨੰਦ ਮਾਨਣਾ। ਜੋ ਨਹੀਂ ਮਿਲਿਆ ਉਸ ਲਈ ‘ਹਾਇ, ਹਾਇ’ ਨਹੀਂ ਕਰਨੀ, ਤਰਲੇ ਨਹੀਂ ਮਾਰਨੇ, ਸਗੋਂ ਸੰਤੁਸ਼ਟ ਰਹਿਣਾ ਹੈ।ਸੰਤੋਖ ਦਾ ਭਾਵ ਸੰਸਾਰਕ ਖਾਹਿਸ਼ਾਂ ਨੂੰ ਜਿਥੇ ਤਕ ਪੁਜੀਆਂ ਹਨ ਉਥੇ ਹੀ ਰੋਕ ਦੇਵੋ ਤੇ ਸੰਤੋਖ ਰੱਖਣਾ ਚਾਹੀਦਾ।

ਜੋਗੀ ਲੋਕ ਸਰੀਰ ਤੇ ਸੁਆਹ ਮਲਦੇ ਹਨ। ਯੋਗ ਸ਼ਾਸ਼ਤਰ ਵਿਚ ਲਿਖਿਆ ਹੈ ਕਿ ਸਰੀਰ ਤੇ ਸੁਆਹ ਮਲ ਕੇ ਸਰੀਰ ਨੂੰ ਕੋਝਾ ਤੇ ਬਦਸ਼ਕਲ ਬਣਾਉ ਤਾਂ ਜੋ ਕਿਸੇ ਦੀ ਨਜ਼ਰ ਤੁਹਾਡੇ ਤੇ ਮੋਹਿਤ ਨਾ ਹੋ ਸਕੇ। ਲੋਕ ਵੇਖ ਕੇ ਨਫਰਤ ਕਰਨ।ਇਸਤਰ੍ਹਾਂ ਆਚਰਣ ਉਚਾ ਰਹੇਗਾ, ਗਿਰਾਵਟ ਨਹੀਂ ਆਵੇਗੀ। ਆਚਰਣ ਦੀ ਉਚਤਾ ਲਈ ਸੁਆਹ ਮਲ ਕੇ ਬਦਸ਼ਕਲ ਹੋ ਕੇ ਲੋਕਾਂ ਤੋਂ ਨਫਰਤ ਕਰਾਉਣੀ, ਤੇ ਆਚਰਣ ਦੀ ਉਚਤਾ ਦੀ ਆਸ ਰਖਣੀ ਪ੍ਰਾਧੀਨਤਾ ਹੈ। ਲੋਕ ਨਫਰਤ ਕਰਨ ਤਾਂ ਆਚਰਣ ਹੈ ਵੈਸੇ ਨਹੀਂ। ਇਸ ਤਰ੍ਹਾਂ ਤਾਂ ਆਚਰਣ ਦੀ ਗਾਰੰਟੀ ਦੂਜਿਆਂ ਕੋਲ ਚਲੀ ਗਈ।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥

ਗੁਰੂ ਨਾਨਕ ਦੇਵ ਜੀ ਆਚਰਣ ਦੀ ਉਚਤਾ ਲਈ ਆਪਣਾ ਸਿਧਾਂਤ ਸਮਝਾਉਂਦੇ ਹਨ ਕਿ ਸੁਆਹ ਮਲ ਕੇ ਬਦਸ਼ਕਲ ਬਣਨ ਦੀ ਥਾਂ ਆਪਣਾ ਧਿਆਨ ਰਚਨਹਾਰ ਕਰਤਾਰ ਨਾਲ ਜੋੜੋ, ਧਿਆਨ ਦੀ ਇਤਨੀ ਪ੍ਰਪੱਕਤਾ ਹੋਵੇ ਕਿ ਬ੍ਰਹਮ ਰਸ ਨੂੰ ਛੱਡ ਕੇ ਧਿਆਨ ਹੋਰ ਪਾਸੇ ਵਿਸ਼ੇ ਵਿਕਾਰਾਂ ਵਲ ਜਾਵੇ ਹੀ ਨਾਂ। ਗਿਆਨ ਰਾਹੀ ਆਤਮ ਬਲ ਇਤਨਾ ਹੋ ਜਾਵੇ ਕਿ ਆਪਣੇ ਇੰਦਰਿਆਂ ਤੇ ਵਸੀਕਾਰ ਹੋ ਜਾਵੇ। ਇਸਤਰ੍ਹਾਂ ਆਚਰਣ ਦੀ ਉੱਚਤਾ ਪ੍ਰਭੂ ਨਾਲ ਧਿਆਨ ਲਾਕੇ ਹੀ ਮਿਲ ਸਕਦੀ ਹੈ। ਗੁਰੂ ਜੀ ਕਹਿੰਦੇ ਹਨ: ਤੁਸੀਂ ਜੋ ਇਹ ਰਾਖ ਸਰੀਰ ਤੇ ਲੋਕਾਂ ਦੀ ਖਿੱਚ ਘਟਾਉਣ ਲਈ ਮਲੀ ਹੈ ਇਸ ਦੀ ਥਾਂ ਅਪਣਾ ਧਿਆਂਨ ਹੀ ਦੁਨੀਆਂ ਤੋਂ ਹਟਾ ਲਉ ਤੇ ਇਹ ਸੋਚਣਾ ਹੀ ਛੱਡ ਦਿਉ ਤੇ ਕੋਈ ਤੁਹਾਡੇ ਸਰੀਰ ਦੀ ਖਿੱਚ ਤੇ ਮੋਹਿਤ ਹੈ। ਅਪਣੀ ਸੋਚ ਇਸ ਪਾਸਿਓਂ ਹਟਾ ਕੇ ਨਾਮ ਦੇ ਨਾਲ ਜੋੜ ਲਵੋ ਤੇ ਅਪਣਾ ਪੂਰਾ ਧਿਆਨ ਉਸ ਪਰਮਾਤਮਾ ਨਾਲ ਜੋੜ ਲਵੋ।ਅਪਣੀ ਧੁਨ ਉਸ ਵਿਚ ਪੱਕੀ ਤਰ੍ਹਾਂ ਜੋੜ ਲਵੋ ਕਿਉੰਕਿ ਧੁਨ ਵਿਚ ਪੱਕੇ ਰਹਿਣਾ ਹੀ ਧਿਆਨ ਹੈ।

ਜੋਗੀ ਸਰੀਰ ਉਪਰ ਖਫਨੀ ਰੱਖਦੇ ਹਨ। ਜਿਸਤਰ੍ਹਾਂ ਖਫਣ (ਕਪੜਾ) ਮੁਰਦੇ ਤੇ ਪਾਇਆ ਜਾਂਦਾ ਹੈ ਇਸੇ ਬਨਾਵਟ ਦੇ ਕਪੜੇ ਨੂੰ ਖਫਣ (ਕਫਨ) ਆਖਦੇ ਹਨ।ਯੋਗ ਮਤ ਦਾ ਸਿਧਾਂਤ ਹੈ ਕਿ ਖਫਣੀ ਪਾਉਣ ਨਾਲ ਮੌਤ ਚੇਤੇ ਰਹਿੰਦੀ ਹੈ। ਗੁਰੂ ਜੀ ਇਹ ਨਹੀਂ ਮੰਨਦੇ। ਉਨਾਂ ਅਨੁਸਾਰ ਕਈ ਵਾਰ ਖਫਣੀ ਆਦਿ ਪਾ ਕੇ ਵੀ ਮੌਤ ਯਾਦ ਨਹੀਂ ਰਹਿੰਦੀ।ਮਨ ਤੇ ਕਾਬੂ ਪਾਉਣ ਲਈ ਮਨ ਨੂੰ ਹੀ ਇਹ ਸਮਝਾਉਣਾ ਹੈ ਕਿ ਮੌਤ ਤਾਂ ਆਉਣੀ ਹੀ ਆਉਣੀ ਹੈ।ਯਾਦ ਰਖਣਾ ਹੈ ਤਾਂ ਅਪਣੇ ਅੰਤ ਨੂੰ ਯਾਦ ਰੱਖੋ ਜੋ ਇਕ ਨਾ ਇਕ ਦਿਨ ਆਉਣਾ ਹੀ ਆਉਣਾ ਹੈ ।

ਜੁਗਤੀ, ਜੋਗੀਆਂ ਦੇ ਜੀਵਨ ਬਤੀਤ ਕਰਨ ਦੀ ਜੁਗਤੀ ਜਿਸ ਵਿਚ ਸੰਜਮ ਪ੍ਰਾਣਾਯਾਮ ਅਤੇ ਕਈ ਪ੍ਰਕਾਰ ਦੇ ਆਸਣ ਨਿਉਲੀ ਕ੍ਰਮ ਕਰਨੇ ਹੁੰਦੇ ਹਨ।ਸਰੀਰ ਦੇ ਅੰਦਰਲੇ ਹਿਸਿਆਂ ਨੂੰ ਸਾਫ ਕਰਨਾ। ਜਿਵੇਂ ਮੂੰਹ ਰਾਹੀਂ ਅੰਦਰ ਨਾੜੀਆਂ ਬਾਹਰ ਕੱਢ ਕੇ ਧੋ ਧਾ ਕੇ ਸਾਫ ਕਰਕੇ ਫਿਰ ਅੰਦਰ ਲੈ ਜਾਣੀਆਂ, ਇਹ ਨਿਉਲੀ ਕਰਮ ਕਹੇ ਜਾਂਦੇ ਹਨ ਜਿਨ੍ਹਾਂ ਦੇ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ ਉਮਰ ਵੀ ਲੰਬੀ ਹੋ ਜਾਂਦੀ ਹੈ।ਇਸ ਨਾਲ ਸਰੀਰ ਦੀ ਚੇਤੰਨਤਾ ਕਾਇਮ ਰਹਿੰਦੀ ਹੈ ।ਜੋਗੀ ਸਰੀਰ ਨੂੰ ਸਵੱਛ, ਅਰੋਗ, ਬਲਵਾਨ ਤੇ ਚੇਤੰਨ ਰੱਖਣ ਲਈ ਜੋ ਸਾਧਨ ਕਰਦੇ ਹਨ ਉਨ੍ਹਾਂ ਨੂੰ ਉਹ ਜੀਵਨ ਜੁਗਤੀ ਕਹਿੰਦੇ ਹਨ।ਗੁਰੂ ਨਾਨਕ ਦੇਵ ਜੀ ਇਨ੍ਹਾਂ ਸਾਧਨਾਂ ਦੀ ਥਾਂ ਤੇ ਇੱਕ ਸਿਧਾਂਤ ਦਸਦੇ ਹਨ। ਕੁਆਰੀ ਕਾਇਆ ਸਰੀਰ ਨੂੰ ਵਿਕਾਰਾਂ ਤੋਂ ਬਚਾਉ, ਸਰੀਰ ਦਾ ਨਾਸ ਕਰਨ ਵਾਲੇ ਵਿਕਾਰ ਹੀ ਹੁੰਦੇ ਹਨ ਜਿਨ੍ਹਾਂ ਤੋਂ ਬਚਣਾ ਹੈ ਜਿਵੇਂ

ਕਾਮ ਕ੍ਰੋਧ ਕਾਇਆ ਕਉ ਗਾਲੈ॥੧੮॥ (ਰਾਮਕਲੀ ਮ: ੧, ਦਖਣੀ ਓਅੰਕਾਰੁ, ਪੰਨਾ ੯੩੨)

ਜਿਥੇ ਕਾਮ ਕ੍ਰੋਧ ਦਾ ਜ਼ਿਕਰ ਹੋਵੇਗਾ ਉਥੇ ਇਕਠੇ ਪੰਜੇ ਹੀ ਹਾਜ਼ਰ ਮੰਨੇ ਜਾਦੇ ਹਨ। ਇਹ ਵਿਕਾਰ ਕਾਮ ਕ੍ਰੋਧ, ਲੋਭ, ਮੋਹ, ਹੰਕਾਰ ਹੀ ਸਰੀਰ ਦਾ ਨਾਸ ਕਰਦੇ ਹਨ। ਇਨ੍ਹਾਂ ਵਿਕਾਰਾਂ ਤੋਂ ਬਚ ਕੇ ਸਰੀਰ ਸਵੱਛ, ਅਰੋਗ, ਚੇਤੰਨ ਰਹੇਗਾ।ਉਮਰ ਵੀ ਲੰਬੀ ਹੋਵੇਗੀ, ਇਹੋ ਅਸਲ ਜੀਵਨ ਦੀ ਜੀਵਨ ਜੁਗਤੀ ਹੈ।ਯਾਦ ਰੱਖੋ ਕਿ ਇਸ ਕੁਆਰੀ ਕਾਇਆ ਨੂੰ ਕਾਲ ਨੇ ਇਕ ਇਕ ਦਿਨ ਪਰਨਾ ਹੀ ਲੈਣਾ ਹੈ ਇਸ ਕਾਲ ਨਾਲ ਪਰਨਾਏ ਜਾਣ ਬਾਰੇ ਸੋਚੋ।ਏਹੋ ਸੋਚ ਹੀ ਤੁਹਾਡੀ ਹੋਣੀ ਚਾਹੀਦੀ ਹੈ।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥

ਜੋਗੀ ਅਪਣੇ ਪਾਸ ਡੰਡਾ ਰਖਦੇ ਹਨ। ਯੋਗ ਮੱਤ ਵਿਚ ਡੰਡਾ- ਡੰਡ ਦਾ ਪ੍ਰਤੀਕ ਹੈ, ਡੰਡ ਦੇਣਾ ਜਾਂ ਤਾਕਤ ਦੀ ਵਰਤੋਂ ਕਰਨੀ। ਇਹ ਆਮ ਕਹਾਵਤ ਹੈ ਕਿ ਕੰਮ ਡੰਡੇ ਨਾਲ ਕਰਵਾਇਆ ਜਾਵੇਗਾ।ਜੋਗੀ ਇਸੇ ਕਰਕੇ ਆਪਣੀ ਈਨ ਮਨਾਉਣ ਲਈ ਤਾਕਤ ਦੀ ਵਰਤੋਂ ਕਰਦੇ ਹਨ। ਕਰਾਮਾਤਾਂ ਵਿਖਾਉਣੀਆਂ, ਰਿਧੀਆਂ ਸਿਧੀਆਂ ਆਦਿ ਸ਼ਕਤੀਆਂ ਵਿਖਾ ਕੇ ਈਨ ਮਨਾਉਣੀ ਇਹ ਇਕ ਤਰ੍ਹਾਂ ਦੀ ਡੰਡੇ ਦੀ ਤਾਕਤ ਦੀ ਵਰਤੋਂ ਕਰਨੀ ਹੈ। ਗੁਰੂ ਜੀ ਡੰਡੇ ਦੀ ਥਾਂ ਵਾਹਿਗੁਰੂ ਤੇ ਭਰੋਸਾ ਰੱਖਣਾ, ਨਿਸਚੇ ਦੇ ਘਰ ਵਿਚ ਰਹਿਣਾ, ਦ੍ਰਿੜ ਕਰਾਉਂਦੇ ਹਨ ਕਿਉਂਕਿ ਉਹ ਅਕਾਲ ਪੁਰਖ ਹੀ ਸਭ ਕਾਰਣਾਂ ਦਾ ਕਾਰਣ ਹੈ। ਉਸ ਦੇ ਹੁਕਮ ਵਿਚ ਹੀ ਸਭ ਕਾਰ ਚੱਲ ਰਹੀ ਹੈ:

ਮਾਰੈ ਰਾਖੈ ਏਕੋ ਆਪਿ॥ਮਾਨੁਖ ਕੇ ਕਿਛੁ ਨਾਹੀ ਹਾਥਿ॥ (ਗਉੜੀ ਸੁਖਮਨੀ ਮ:੫, ਪੰਨਾ ੨੮੧)

ਵਾਹਿਗੁਰੂ ਦੇ ਭਰੋਸੇ ਨਿਸ਼ਚੇ ਵਿਚ ਰਹਿਣਾ ਮਾਨੋ ਡੰਡਾ ਹੈ।ਗੁਰੂ ਜੀ ਸਮਝਾਉਂਦੇ ਹਨ: ਜਿਸ ਡੰਡੇ ਨੂੰ ਇੰਦਰੀਆਂ ਤੇ ਕਾਬੂ ਕਰਨ ਲਈ ਜੁਗਤ ਸਮਝਦੇ ਹੋ ਭਾਵ ਕਿ ਜੋ ਇੰਦਰੀਆਂ ਵਸ ਨਾ ਹੋਣ ਡੰਡੇ ਨਾਲ ਖੜਕਾ ਦੇਣੀਆਂ ਤਾਂ ਕਿ ਕਾਬੂ ਵਿਚ ਰਹਿਣ, ਇਹ ਅਸਫਲ ਪਰਯੋਗ ਹਨ, ਮਨ ਨੂੰ ਕਾਬੂ ਕਰਨ ਲਈ ਇਹੋ ਜਿਹੀ ਜੁਗਤ ਬਣਾਉ ਜਿਸ ਸਦਕਾ ਮਨ ਪਰਮਾਤਮਾ ਨਾਲ ਹੀ ਜੁੜਿਆ ਰਹੇ ਪਰਮਾਤਮਾਂ ਵਿਚ ਹੀ ਵਿਸ਼ਵਾਸ਼ ਬਣਿਆ ਰਹੇ ਤੇ ਉਸ ਵਿਚ ਹੀ ਧਿਆਨ ਲੱਗਾ ਰਹੇ।ਇੰਦਰੀਆਂ ਦੀ ਹੋਂਦ ਆਪ ਹੀ ਭੁੱਲ ਜਾਵੇਗੀ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥

ਆਈ ਪੰਥ ਜੋ ਜੋਗੀਆਂ ਦੇ ੧੨ ਫਿਰਕਿਆਂ ਵਿਚੋਂ ਸਭ ਤੋਂ ਉਤਮ ਪੰਥ ਹੈ ।ਜੋ ਤੁਸੀਂ ਜੋਗੀਆਂ ਦੇ ਆਈ ਪੰਥ ਨੂੰ ਸਭ ਤੋਂ ਉਤਮ ਮਾਰਗ ਸਮਝਦੇ ਹੋਂ ਇਹ ਭੀ ਸਮਝ ਲਉ ਕਿ ਸਾਰੇ ਜੀਵ ਇਕ ਸਮਾਨ ਹਨ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ।

ਜੋਗੀ ਰਿਧੀਆਂ ਸਿਧੀਆਂ ਕਰਾਮਾਤਾਂ ਦਿਖਾ ਕੇ ਦੂਜਿਆਂ ਤੇ ਜਿੱਤ ਪਾਉਣ ਦਾ ਯਤਨ ਕਰਦੇ ਹਨ, ਜਿੱਤ ਪ੍ਰਾਪਤ ਕਰਨ ਦੀ ਥਾਂ ਆਪਣੇ ਮਨ ਨੂੰ ਜਿਤੋ। ਜੇ ਮਨ ਜਿੱਤਿਆ ਗਿਆ ਵੱਸ ਹੋ ਗਿਆ, ਮਾਨੋ ਸਾਰਾ ਸੰਸਾਰ ਜਿੱਤ ਲਿਆ।ਮਨ ਦੀਆਂ ਵਾਸ਼ਨਾਵਾਂ ਕਰਕੇ, ਵਾਸ਼ਨਾਵਾਂ ਦੀ ਪੂਰਤੀ ਲਈ ਸਭ ਯਤਨ ਹੁੰਦੇ ਹਨ। ਜਦ ਇਛਾ ਹੀ ਕੋਈ ਨਹੀਂ, ਕਿਸੇ ਨੂੰ ਜਿੱਤਣ ਦੀ ਕੀ ਲੋੜ ਹੈ। ਰਿਧੀਆਂ ਸਿਧੀਆਂ ਵਿਖਾਉਣੀਆਂ ਵੀ ਵਾਸ਼ਨਾ ਦੀ ਪੂਰਤੀ ਲਈ ਹੁੰਦੀਆਂ ਹਨ, ਜੇ ਕੋਈ ਵਾਸ਼ਨਾ ਹੀ ਨਹੀਂ{

ਕਾਹੂ ਫਲ ਕੀ ਇਛਾ ਨਹੀ ਬਾਛੈ॥(ਗਉੜੀ ਸੁਖਮਨੀ ਮ: ੫, ਪੰਨਾ ੨੭੪)

ਨਾ ਕਿਸੇ ਰਾਜ ਦੀ ਲੋੜ ਅਤੇ ਨਾ ਕਿਸੇ ਪਦਾਰਥ ਦੀ ਇੱਛਾ। ਨਾ ਕਿਸੇ ਨੂੰ ਆਪਣੇ ਮਗਰ ਲਾਉਣ ਦੀ ਇਛਾ। ਜੇ ਕੋਈ ਇੱਛਾ ਹੀ ਨਹੀਂ ਤਾਂ ਫਿਰ ਰਿਧੀਆਂ ਸਿਧੀਆਂ ਦਿਖਾਉਣ ਦੀ ਕੀ ਲੋੜ। ਮਨ ਨੂੰ ਜਿਤਣਾ ਸੰਸਾਰ ਨੂੰ ਜਿਤਣਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਤੁਸੀਂ ਜੋਗ ਰਾਹੀਂ ਜੱਗ ਜਿਤਣ ਦੀਆਂ ਤੇ ਮੇਰੇ ਉਪਰ ਜਿੱਤ ਪਾਉਣ ਦੀਆਂ ਗੱਲਾਂ ਕਿਉਂ ਕਰਦੇ ਹੋ? ਜਿੱਤਣਾ ਹੈ ਤਾਂ ਅਪਣੇ ਮਨ ਨੂੰ ਜਿੱਤੋ। ਜਦ ਮਨ ਨੂੰ ਜਿੱਤ ਲਿਆ; ਮਨ ਤੇ ਕਾਬੂ ਪਾ ਲਿਆ ਤਾਂ ਸਾਰਾ ਜਗਤ ਅਪਣੇ ਆਪ ਹੀ ਜਿਤਿਆ ਜਾਵੇਗਾ।(ਸਰਮ=ਵੈਰਾਗ, ਮਿਹਨਤ, । ਪਤਿ=ਖੱਪਰ, ਪਾਤ੍ਰ)

ਅਗੇ ਜੋਗ ਬਾਰੇ ਸਮਝਾਉਂਦੇ ਗੁਰੂ ਜੀ ਫੁਰਮਾਉਂਦੇ ਹਨ: ਜੋਗ ਦਾ ਭਾਵ ਜੁੜਣਾ ਹੈ, ਭਗਤੀ ਭਾਵ ਵਿਚ ਪ੍ਰਮਾਤਮਾਂ ਨਾਲ ਜੁੜਣਾ ਹੈ। ਗੋਦੜੀ ਜਾਂ ਖਫਣੀ ਦੁਨਿਆਵੀ ਵਸਤ ਜਾਇਦਾਦ ਦੀ ਅਣਹੋਂਦ ਦੀ, ਡੰਡਾ ਦੁਨਿਆਵੀ ਸਜ਼ਾ ਦੀ ਤੇ ਭਸਮ ਜਾਂ ਰਾਖ ਸਰੀਰਕ ਸੁੰਦਰਤਾ ਦੀ ਅਣਹੋਂਦ ਪਰਗਟ ਕਰਦੀ ਹੈ। ਇਨ੍ਹਾਂ ਸਭ ਦਾ ਪਰਮਾਤਮਾਂ ਨਾਲ ਜੁੜਣ ਦਾ ਕੀ ਵਾਸਤਾ? ਕੰਨੀ ਪਾਈਆਂ ਮੁੰਦਰਾਂ, ਮੁੰਨਿਆਂ ਹੋਇਆ ਸਿਰ ਤੇ ਵਜਾਉਣ ਵਾਲੀ ਤੂਤਨੀ ਜਾਂ ਸਿੰਗੀ ਪਰਮਾਤਮਾਂ ਨਾਲ ਜੁੜਣ ਵਿਚ ਕੋਈ ਯੋਗਦਾਨ ਨਹੀਂ ਪਾਉਂਦੇ ।ਪ੍ਰਮਾਤਮਾਂ ਨਾਲ ਜੁੜਣ ਲਈ ਤਾਂ ਮਾਇਆ ਨਗਰੀ ਵਿਚ ਮਾਇਆ ਤੋਂ ਨਿਰਲੇਪ ਭਾਵ ਪਵਿਤਰ ਰਹਿਣਾ ਜ਼ਰੂਰੀ ਹੈ।ਜੋਗ ਗਲਾਂ ਜਾਂ ਬਹਿਸ ਮੁਬਾਹਿਸੇ ਕਰਨ ਨਾਲ ਵੀ ਨਹੀਂ ਹੁੰਦਾ। ਜੋਗੀ ਉਹ ਹੀ ਹੇ ਜੋ ਪਰਮਾਤਮਾ ਦੀ ਸਾਰੀ ਰਚਨਾ ਨੂੰ ਇਕ ਬਰਾਬਰ ਸਮਝਦਾ, ਜਾਣਦਾ ਤੇ ਮੰਨਦਾ ਹੈ।ਸਾਰਿਆਂ ਵਿਚ ਉਸੇ ਨੂੰ ਹੀ ਜਾਨਣਾ ਇਹੋ ਜੁਗਤ ਹੈ ਪਰਮਾਤਮਾ ਨਾਲ ਜੁੜਣ ਦੀ।

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ ੧ ॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥ ੧ ॥ ਰਹਾਉ ॥ (ਸੂਹੀ ਮਹਲਾ ੧ ਘਰੁ ੭, ਪੰਨਾ ੭੩੦)

ਜੋਗ ਮੜ੍ਹੀਆਂ ਮਸਾਣਾਂ ਵਿਚ ਜਾ ਕੇ ਡੇਰੇ ਲਾਉਣ ਨਾਲ ਜਾਂ ਸਿਰਫ ਤਾੜੀ ਲਾਉਣ ਨਾਲ ਨਹੀਂ ਹੁੰਦਾ। ਨਾ ਹੀ ਦੇਸਾਂ ਦੇਸਾਂਤਰਾਂ ਵਿਚ ਘੁੰਮਣ ਫਿਰਨ ਨਾਲ ਪ੍ਰਮਾਤਮਾਂ ਨੇ ਲੱਭਣਾ ਜਾਂ ਮਿਲ ਜਾਣਾ ਹੈ ।ਨਾ ਹੀ ਤੀਰਥ ਨਾਤਿਆਂ ਉਸ ਨਾਲ ਜੁੜ ਸਕਣਾ ਹੈ।ਪਰਮਾਤਮਾ ਨਾਲ ਜੁੜਣ ਲਈ ਮਾਇਆ ਨਗਰੀ ਵਿਚ ਮਾਇਆ ਤੋੰ ਨਿਰਲੇਪ ਭਾਵ ਪਵਿਤਰ ਰਹਿਣਾ ਚਾਹੀਦਾ ਹੈ। ਜਦ ਸੱਚੇ ਸਤਿਗੁਰ ਨਾਲ ਭੇਟ ਹੋ ਜਾਵੇ ਤੇ ਉਹ ਮਾਇਆ ਤੋਂ ਸੰਬੰਧ ਤੁੜਾ ਦੇਵੇ ਤੇ ਪ੍ਰਮਾਤਮਾਂ ਨਾਲ ਇਸ ਤਰ੍ਹਾਂ ਜੋੜ ਦੇਵੇ ਕਿ ਅੰਦਰੋਂ ਸਹਿਜ ਧੁਨ ਉਠੇ ਜਿਸ ਨਾਲ ਅੰਮ੍ਰਿਤ ਦੀ ਧਾਰਾ ਵਗ ਪਵੇ ਤਾਂ ਅਪਣੇ ਘਰ ਅੰਦਰ ਭਾਵ ਅਪਣੇ ਹਿਰਦੇ ਅੰਦਰ ਹੀ ਅਰਜ਼ੋਈ ਸੁਣੀ ਜਾਂਦੀ ਹੈ।ਪ੍ਰਮਾਤਮਾਂ ਨਾਲ ਜੁੜਣ ਲਈ ਮਾਇਆ ਨਗਰੀ ਵਿਚ ਮਾਇਆ ਤੋਂ ਨਿਰਲੇਪ ਭਾਵ ਪਵਿਤਰ ਰਹਿਣਾ ਜ਼ਰੂਰੀ ਹੈ। ਗੁਰੂ ਜੀ ਕਹਿੰਦੇ ਹਨ ਕਿ ਅਜਿਹਾ ਯੋਗ ਕਮਾਂਉਣਾ ਚਾਹੀਦਾ ਹੈ ਜਿਸ ਵਿਚ ਜਿਉਂਦਿਆ ਹੀ ਉਸ ਵਿਚ ਮਰ ਜਾਣਾ, ਮਿਟ ਜਾਣਾ, ਮਿਲ ਜਾਣਾ, ਸਮਾ ਜਾਣਾ ਚਾਹੀਦਾ ਹੈ।ਜਦ ਦਿਲ ਦੀ ਵੀਣਾ ਬਿਨਾਂ ਵਜਾਏ ਵਜੇਗੀ ਤਾਂ ਹੀ ਨਿਰਭਉ ਪਦ ਪਰਾਪਤ ਹੋਵੇਗਾ।ਇਸੇ ਲਈ ਪ੍ਰਮਾਤਮਾਂ ਨਾਲ ਜੁੜਣ ਲਈ ਮਾਇਆ ਨਗਰੀ ਵਿਚ ਮਾਇਆ ਤੋਂ ਨਿਰਲੇਪ ਭਾਵ ਪਵਿਤਰ ਰਹਿਣਾ ਚਾਹੀਦਾ ਹੈ।

ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ ੨ ॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ ੩ ॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿਙੰੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥ ੪ ॥ ੧ ॥ ੮ ॥ (ਸੂਹੀ ਮਹਲਾ ੧ ਘਰੁ ੭, ਪੰਨਾ ੭੩੦)

ਜੋਗ ਤਾਂ ਇਕ ਸੰਜਮ ਹੈ, ਜੀਵਨ ਦੀ ਇਕ ਰਹਿਤ ਹੈ, ਜੁਗਤੀ ਹੈ। ਪਾਤੰਜਲੀ ਦੇ ਜੋਗ ਵਿਚ ਅੱਠ ਅੰਗ ਹਨ ਜਿਵੇਂ ਕਿ ਯਮ (ਸਵੈ ਕਾਬੂ), ਨੇਮ (ਰਹਿਤ ਪਾਲਣਾ}, ਪ੍ਰਾਣਾਯਾਮ (ਸੁਆਸਾਂ ਦੀ ਕਾਇਦੇ ਬੰਦੀ), ਪ੍ਰਤਯਾਹਾਰ (ਇੰਦ੍ਰਿਆਂ ਨੂੰ ਰੋਕਣਾ), ਆਸਨ, ਧਿਆਨ, ਧਾਰਨਾ ਤੇ ਸਮਾਧੀ।ਯੋਗ ਦਰਸ਼ਨ ਵਿਚ ਬਿਆਨ ਕੀਤੀਆਂ ਗਈਆਂ ਯਮ ਅਤੇ ਨੇਮ ਸਬੰਧੀ ਦਿਤੇ ਗਏ ਆਦੇਸ਼ ਸਿਖ ਗੁਰੂ ਸਾਹਿਬਾਨ ਨੂੰ ਪਰਵਾਨ ਹਨ ਪਰ ਪ੍ਰਾਣਾਯਾਮ ਤੇ ਆਸਨ ਆਪਨੇ ਸਵੀਕਾਰ ਨਹੀਂ ਕੀਤਾ।ਗੁਰੂ ਹੀ ਨੇ ਧਿਆਨ, ਧਾਰਨਾ ਅਤੇ ਸਮਾਧੀ ਨੂੰ ਆਪਣੇ ਢੰਗ ਨਾਲ ਬਿਆਨ ਕੀਤਾ ਹੈ ਭਾਵੇੰ ਇਸ ਵਿਚ ਪ੍ਰਚਲਤ ਜੋਗ ਦੀ ਸ਼ਬਦਾਵਲੀ ਹੀ ਵਰਤੀ ਹੈ:

ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰੂ ਦੇ ਸ਼ਬਦ ਨੂੰ ਮਨ ਦੀਆਂ ਮੁੰਦ੍ਰਾਂ ਬਣਾ ਲਵੋ ਤੇ ਖਿਮਾ ਦੀ ਖਫਣੀ ਬਣਾ ਲਵੋ।ਜੋ ਪ੍ਰਮਾਤਮਾਂ ਕਰਦਾ ਹੈ ਸਭ ਭਲਾ ਮੰਨੋਂ ਤਾਂ ਇਸ ਤਰ੍ਹਾਂ ਤੁਹਾਨੂੰ ਸਹਿਜ ਜੋਗ ਦਾ ਖਜ਼ਾਨਾ ਪ੍ਰਾਪਤ ਹੋ ਜਾਵੇਗਾ:

ਗੁਰ ਕਾ ਸਬਦ ਮਨਹਿ ਮਹਿ ਮੁੰਦਰਾ ਖਿੰਥਾ ਖਿਮਾ ਹੰਢਾਵਉ।
ਜੋ ਕਿਛੁ ਕਰੈ ਭਲਾ ਕਰ ਮਾਨਉ ਸਹਜ ਜੋਗ ਨਿਧਿ ਪਾਵਉ॥(ਆਸਾ ਮ: ੧, ਪੰਨਾ ੩੫੯)

ਭੇਖ ਕਰਨ ਨਾਲ ਬ੍ਰਹਮ ਨਹੀਂ ਮਿਲਦਾ ਪ੍ਰਮਾਤਮਾਂ ਤਾਂ ਭਲੇ ਲੋਕਾਂ, ਸੰਤਾਂ ਦੀ ਸੰਗਤ ਰਾਹੀਂ ਮਿਲਦਾ ਹੈ: ਗੁਰੂ ਰਾਮ ਦਾਸ ਜੀ ਨੇ ਰਾਜ ਯੋਗ ਨੂੰ ਬ੍ਰਹਮ ਯੋਗ ਕਿਹਾ ਹੈ:

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤ ਸੰਗਤੀ॥ (ਕਾਨੜਾ ਮ: ੪, ਪੜਤਾਲ, ਪੰਨਾ ੧੨੯੭)

ਜਿਸ ਤਰ੍ਹਾਂ ਜਲ ਵਿਚ ਕਮਲ ਚਿਕੜ ਤੇ ਜਮ ਤੋਂ ਨਿਰਲੇਪ ਰਹਿੰਦਾ ਹੈ, ਤੇ ਮੁਰਗਾਬੀ ਜਲ ਤੇ ਤਰਦੀ ਹੈ ਪਰ ਤਰਨ ਦਾ ਜਲ ਤੇ ਕੋਈ ਨਿਸ਼ਾਨ ਨਹੀਂ ਮਿਲਦਾ ਸਾਨੂੰ ਸ਼ਬਦ ਅਪਣੀ ਸੁਰਤ ਵਿਚ ਸਮਾ ਕੇ ਨਾਮ ਦੇ ਸਹਾਰੇ ਜੱਗ ਭਵਸਾਗਰ ਤਰਨਾ ਹੈ:

ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੈ॥
ਸੁਰਤ ਸਬਦ ਭਵਸਾਗਰ ਤਰੀਐ ਨਾਨਕ ਨਾਮ ਵਖਾਣੈ॥ (ਸਿਧ ਗੋਸਟਿ ਰਾਮਕਲੀ ਮ: ੧, ਪੰਨਾ ੯੩੮)

ਇਸ ਲਈ ਜੀਭ ਤੋਂ ਇਕੋ ਪ੍ਰਮਾਤਮਾਂ ਦਾ ਨਾਮ ਜਪਣਾ ਚਾਹੀਦਾ ਹੈ। ਨਾਮ ਜਪਣ ਨਾਲ ਬੜਾ ਅਨੰਦ ਮਿਲਦਾ ਹੈ। ਅੱਗੇ ਨਾਮ ਜਪਣ ਨੇ ਹੀ ਕੰਮ ਆਉਣਾ ਹੈ। ਇਸੇ ਸਦਕਾ ਤੇਰਾ ਅਹੰਕਾਰ ਦਾ ਰੋਗ ਕਟਿਆ ਜਾਣਾ ਹੈ ਤੇ ਤੂੰ ਰਾਜ ਜੋਗ ਨੂੰ ਪ੍ਰਾਪਤ ਕਰ ਸਕੇਂਗਾ:

ਰਸਨਾ ਜਪੀਐ ਏਕ ਨਾਮ।ਈਹਾ ਸੁਖ ਅਨੰਦ ਘਨਾ ਆਗੈ ਜੀਅ ਕੈ ਸੰਗ ਕਾਮ।
ਕਟੀਐ ਤੇਰਾ ਅਹੰ ਰੋਗ।ਤਵੋ੍ਰਸਾਦਿ ਕਰ ਰਾਜ ਜੋਗ॥ (ਗਉੜੀ ਮ: ੫, ੨੧੧)

ਦਵੈਤ ਨੂੰ ਮੁਕਾ ਕੇ ਗੁਰੂ ਦੇ ਹੁਕਮ ਨੂੰ ਮੰਨ ਕੇ, ਪ੍ਰਭੂ ਦਾ ਨਮ ਜਪ ਕੇ, ਉਸ ਦੀ ਕੀਰਤੀ, ਜਸ, ਵਡਿਆਈ ਕਰਕੇ ਅਤੇ ਹਰੇਕ ਹਾਲਤ ਵਿਚ ਮਨ ਨੂੰ ਸਥਿਰ ਰਖ ਕੇ ਰਾਜ ਜੋਗ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗੀਤਾ ਵਿਚ ਬਿਆਨ ਕੀਤੇ ਗਏ ਤਿੰਨ ਪ੍ਰਕਾਰ ਦੇ ਜੋਗਾਂ-ਕਰਮਜੋਗ, ਭਗਤੀ ਜੋਗ ਤੇ ਗਿਆਨ ਜੋਗ ਦਾ ਸੰਤੁਲਿਤ ਸੁਮੇਲ ਹੀ ਸਿਖ ਗੁਰੂ ਸਾਹਿਬਾਨ ਦਾ ਜੋਗ ਹੈ। ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਰਦ ਕਰ ਦਿਤਾ ਹੈ ਕਿ ਮਨੁੱਖ ਇਨ੍ਹਾਂ ਜੋਗੀਆਂ ਦੇ ਜੋਗਾਂ ਰਾਹੀਂ ਬ੍ਰਹਮਾਂ ਨੂੰ ਪ੍ਰਾਪਤ ਕਰ ਸਕਦਾ ਹੈ, ਬ੍ਰਹਮ ਨਾਲ ਮੇਲ ਲਈ ਕਰਮ, ਭਗਤੀ ਅਤੇ ਗਿਆਨ ਲਾਜ਼ਮੀ ਹਨ।

ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ ੨੮ ॥

ਜੋਗੀ ਲੋਕ ਜਦੋਂ ਆਪਸ ਵਿਚ ਮਿਲਦੇ ਹਨ ਤਾਂ ਆਦੇਸ ਆਦੇਸ ਬੁਲਾਉਂਦੇ ਹਨ ਜਿਵੈਂ ਕੋਈ ਰਾਮ ਰਾਮ ਕੋਈ ਸਤਿ ਸ੍ਰੀ ਅਕਾਲ ਜਾਂ ਕੋਈ ਅਸਲਾਮਾਲੇਕੁਮ ਕਹਿੰਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਸ ਪ੍ਰਮਾਤਮਾਂ ਨੂੰ ਨਮਸਕਾਰ ਹੈ, ਜਿਸ ਦੀ ਕਿਰਪਾ ਨਾਲ ਸਰੀਰ ਮਿਲਿਆ ਹੈ। ਜੀਵਨ ਜੀ ਰਹੇ ਹਾਂ, ਉਸ ਦੀ ਕਿਰਪਾ ਨਾਲ ਮੇਲ ਮਿਲਾਪ ਹੋਇਆ ਹੈ, ਉਸੇ ਨੂੰ ਨਮਸਕਾਰ ਹੈ ਭਾਵ ਆਪਸ ਵਿਚ ਮੇਲ ਹੋਵੇ ਤਾਂ ਕਰਤਾ ਪੁਰਖ ਚੇਤੇ ਆਵੇ।

ਆਦਿ=ਜੋ ਸਭ ਦਾ ਆਦਿ ਤੋਂ, ਮੁਢ ਤੋ ਹੈ, ਅਮੁਲੁ- ਜਿਸ ਦਾ ਆਪਣਾ ਰੰਗ ਵੀ ਕੋਈ ਨਹੀਂ; ਅਨਾਦਿ-ਜਿਸ ਦਾ ਆਪਣਾ ਮੁੱਢ ਵੀ ਕੋਈ ਨਹੀਂ । ਅਨਾਹਿਤ-ਜਿਸ ਦਾ ਕਦੇ ਨਾਸ ਨਹੀਂ ਹੁੰਦਾ ਨਿਰੰਤਰ ਕਾਇਮ ਰਹਿੰਦਾ ਹੈ। ਜੋ ਸਾਰੇ ਜੁਗਾਂ ਵਿਚ, ਹਰ ਸਮੇਂ ਇਕ ਸਰੂਪ ਵਿਚ ਰਹਿੰਦਾ ਹੈ। ਕਦੇ ਬਦਲਦਾ ਨਹੀਂ ਇਕ ਰਸ ਰਹਿਣ ਵਾਲਾ ਹੈ, ਅਟੱਲ ਹੈ ਅਬਿਨਾਸੀ ਹੈ ਉਸ ਨੂੰ ਨਮਸਕਾਰ ਹੈ।ਗੁਰੂ ਜੀ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ ਉਸ ਸਾਹਿਬ ਨੂੰ ਜੋ ਮੁਢ ਤੋਂ ਹੈ, ਪਵਿਤਰ, ਅਰੰਭ ਰਹਿਤ, ਅਵਿਨਾਸ਼ੀ, ਅਤੇ ਸਮੂਹ ਯੁਗਾਂ ਅੰਦਰ ਉਸ ਇਕੋ ਲਿਬਾਸ ਵਿਚ ਇਕੋ ਰਸ ਰਹਿਣ ਵਾਲਾ ਹੈ।

ਉਸ ਆਦਿ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ । ਉਹ ਤਾਂ ਵਿਸ਼ਵ ਰੂਪ ਵਿਚ ਸਰਗੁਣ ਰੂਪ ਵਿਚ ਰੋਜ਼ ਨਵੇਂ ਵੇਸ ਵਿਚ ਹੁੰਦਾ ਹੈ ਤੇ ਰੋਜ਼ ਨਵੇਂ ਵੇਸ ਕਰ ਕਰ ਕੇ ਵੇਖਦਾ ਹੈ

ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥ (ਆਸਾ ਮ: ੧, ਪੰਨਾ ੪੧੭)

ਪਰ ਨਿਰਗੁਣ ਰੂਪ ਵਿਚ ਉਸ ਪ੍ਰਮਾਤਮਾਂ ਦਾ ਆਦਿ ਤੋਂ ਪਹਿਲਾਂ ਤੇ ਜੁਗਾਂ ਤੋਂ ਪਹਿਲਾਂ ਵੀ ਇਕੋ ਵੇਸ ਸੀ ਹੁਣ ਵੀ ਹੇ ਤੇ ਅਗੋਂ ਵੀ ਜੁਗਾਂ ਜੁਗਾਂ ਤਕ ਇਕੋ ਹੀ ਵੇਸ ਹੋਵੇਗਾ।ਇਸ ਲਈ ਮਤ ਵਿਚ ਇਹੋ ਠਾਣ ਲੈ ਕਿ ਸਿਰਫ ਉਸ ਇਕੋ ਪ੍ਰਮਾਤਮਾਂ ਦਾ ਨਾਮ ਹੀ ਭਜਣਾ ਹੈ ਹੋਰ ਕਿਸੇ ਦਾ ਨਹੀਂ।

ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭ ਭਜਿਆ॥(ਕਾਨੜਾ ਮ: ੪, ਪੰਨਾ ੧੩੧੫)
.