.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਗੁਰ ਬਿਨੁ ਆਪੁ ਨ ਚੀਨੀਐ" - ਸੱਚ ਤਾਂ ਇਹ ਹੈ ਕਿ "ਹਮ ਨਹੀ ਚੰਗੇ ਬੁਰਾ ਨਹੀ ਕੋਇ" (ਪੰ: ੭੨੮) ਆਧਾਰਤ ਉੱਚੇ-ਸੁੱਚੇ ਗੁਰਬਾਣੀ ਸਿਧਾਂਤਾਂ ਤੇ ਆਦੇਸ਼ਾਂ ਦੀ ਅਣਦੇਖੀ ਕਰਕੇ ਪੰਥਕ ਤਲ ਦੀਆਂ ਲਗਭਗ ਸਮੂਹ ਜੱਥੇਬੰਦੀਆਂ ਵਿਚਾਲੇ ਆਪਸੀ ਧੜੇਬੰਦੀਆਂ, ਦੁਸ਼ਮਣੀਆਂ, ਲੜਾਈਆਂ, ਝਗੜਿਆਂ ਤੇ ਵਿਰੋਧ ਆਦਿ ਦੀ ਅੱਜ ਉਹ ਭਰਮਾਰ ਬਣੀ ਪਈ ਹੈ, ਜਿਸਦਾ ਗੁਰਬਾਣੀ ਵਿਚਾਰਧਾਰਾ ਅਧਾਰਤ "ਸਿੱਖ ਧਰਮ" ਦੇ ਪਵਿਤ੍ਰ ਸਰੋਵਰ `ਚ ਨਾਮੋ-ਨਿਸ਼ਾਨ ਵੀ ਨਹੀਂ ਸੀ ਹੋਣਾ ਚਾਹੀਦਾ।

ਜਦਕਿ ਦੂਜੇ ਪਾਸੇ ਅੱਜ ਪੰਥ ਵਚਾਲੇ ਇਨ੍ਹਾਂ ਧੜੇਬੰਦੀਆਂ ਤੇ ਦੁਸ਼ਮਣੀਆਂ ਦਾ ਅੰਤ ਵੀ ਦਿਖਾਈ ਨਹੀਂ ਦੇ ਰਿਹਾ ਾਂ ਕਿਉਂ?

ਅੰਦਰੂਨੀ ਤਲ `ਤੇ ਬਣੇ ਹੋਏ ਅਜਿਹੇ ਪੰਥਕ ਬਵੰਡਰ ਤੋਂ ਅੱਜ ਅਸੀਂ ਗੁਰਬਾਣੀ-ਗੁਰੂ ਤੋਂ ਪ੍ਰਾਪਤ ਸਮੂਚੇ ਮਨੁੱਖੀ ਭਾਈਚਾਰੇ, ਸਰਬ-ਸਾਂਝੀਵਾਲਤਾ ਵਾਲੀ ਜੀਵਨ ਰਹਿਣੀ ਤੇ ਸਮੂਚੇ ਮਾਨਵ-ਵਾਦ ਦਾ ਅਨੂਠਾ ਰਸ ਸੰਸਾਰ ਤੀਕ ਪਹੁੰਚਾਉਣ ਦੀ ਬਜਾਏ:-

ਕੀ ਆਪਣੀਆਂ ਇਨ੍ਹਾਂ ਨਾਲਾਇਕੀਆਂ ਕਾਰਣ ਅੱਜ ਸਮੂਚੇ ਸੰਸਾਰ `ਚ ਅਸੀਂ ਸਦੀਵ ਕਾਲੀ ਸੱਚ ਦਾ ਪ੍ਰਗਟਾਵਾ "ਗੁਰਬਾਣੀ-ਗੁਰੂ" ਦੀ ਬਦੋਬਦੀ ਬੇ-ਅਦਬੀ ਕਰਣ ਦਾ ਕਾਰਣ ਤਾਂ ਨਹੀਂ ਬਣੇ ਹੋਏ? ਜਿਹੜਾ ਕਿ ਸੱਚ ਵੀ ਹੈ।

ਹੋਰ ਤਾਂ ਹੋਰ, ਪੰਥਕ ਤਲ `ਤੇ ਜੱਥੇਬੰਦੀਆਂ ਤੇ ਧੜਿਆਂ ਦੀ ਪੱਧਰ ਤੋਂ ਵੀ ਹੇਠਾਂ ਜਾ ਕੇ ਅੱਜ ਇਹ ਟਕਰਾਵ, ਹੱਦ ਦਰਜੇ ਦੀ ਨੀਵਾਣ, ਨਿਜੀ ਪੱਧਰ ਦੀ ਟੋਕਾ-ਟਾਕੀ, ਬਦਲੇ ਦੀ ਭਾਵਨਾ ਬਲਕਿ "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" (ਪ: ੪੬੮) ਅਨੁਸਾਰ ਹਰੇਕ ਆਪਣੇ ਆਪ ਨੂੰ ਵੱਡਾ ਸਮਝਦਾਰ ਤੇ ਸਿਅਣਾ ਮੰਨਣ ਵਾਲੀ ਸੋਚ ਦਾ ਸ਼ਿਕਾਰ ਹੋਇਆ ਪਿਆ ਹੈ। ਕੀ ਸੱਚਮੁਚ ਇਹੀ ਹੋਣਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਆਲਮਗੀਰੀ ਮੱਤ ਦਾ ਪ੍ਰਗਟਾਵਾ? ਬਿਲਕੁਲ ਨਹੀਂ।

"ਆਪੇ ਬਖਸ ਕਰਾਇਦਾ ਪਿਆਰਾ" (ਪੰ: ੬੦੬) ਤਾਂ ਤੇ ਵਾਇਦੇ ਮੁਤਾਬਕ, ਅਸੀਂ ਵੱਧਦੇ ਹਾਂ ਇਸ ਗੁਰਮੱਤ ਪਾਠ ਦੀ ਉਸ ਕੜੀ ਵੱਲ ਜਿਸ `ਚ ਅਸੀਂ ਇਸੇ ਵਿਸ਼ੇ ਨੂੰ ਹੀ ਲੈ ਰਹੇ ਹਾਂ। ਭਾਵ ਜੇ ਅਕਾਲਪੁਰਖ ਆਪ ਹੀ ਬਖ਼ਸ਼ਿਸ਼ ਕਰ ਦੇਵੇ ਤਾਂ ਹੀ ਸੰਭਵ ਹੈ ਕਿ ਗੁਰੂ ਕਾ ਇਹ ਦੂਲਾ ਤੇ ਲਾਡਲਾ ਪੰਥ ਅੱਜ ਵੀ, ਹਰ ਸਮੇਂ ਹੋ ਰਹੀ ਇਸ ਪੰਥਕ ਤੱਬਾਹੀ ਤੇ ਆਪਸੀ ਪਾਟੋ-ਧਾੜੀ ਵਾਲੇ ਇਸ ਅੰਨ੍ਹੇ ਖੂਹ ਚੋਂ ਸੁਰਖਰੂ ਹੋ ਕੇ ਨਿਕਲ ਸਕਦਾ ਹੈ, ਨਹੀਂ ਤਾਂ ਅਜਿਹਾ ਸੰਭਵ ਹੀ ਨਹੀਂ।

"ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ ਭਾ: ਗੁ) -ਸਮਝਣਾ ਹੈ ਕਿ ਦਸੋਂ ਹੀ ਪਾਤਸ਼ਾਹੀਆਂ ਰਾਹੀਂ ਆਪਣੇ-ਆਪਣੇ ਸਮੇਂ ਬੇਅੰਤਹਾ ਲਾ-ਮਿਸਾਲ ਘਾਲ-ਕਮਾਈ ਕੀਤੀ ਬੇਅੰਤ ਕੁਰਬਾਣੀਆਂ ਰਾਹੀਂ ਕਇਮ ਕੀਤਾ ਹੋਇਆ ਅਤੇ "ੴ ਤੋਂ ਤਨੁ ਮਨੁ ਥੀਵੈ ਹਰਿਆ" ਤੀਕ ਸੰਕਲਿਤ, ਗੁਰਬਾਣੀ ਵਿਚਾਰਧਾਰਾ ਆਧਾਰਤ, ਆਲਮਗੀਰੀ "ਗੁਰੂ ਮਾਨਿਓ ਗ੍ਰੰਥ" ਵਾਲੀ ਜੁਗੋ-ਜੁਗ ਅਟੱਲ ਸਚਾਈ ਦਾ ਦਾਅਵੇਦਾਰ ਤੇ ਪ੍ਰਗਟਾਵਾ ਇਹ ਗੁਰੂ ਕਾ ਪੰਥ, ਆਪਣੀ ਉਸੇ "ਗੁਰੂ ਕਾਲ" ਵਾਲੀ ਆਨ-ਬਾਨ ਤੇ ਸ਼ਾਨ ਦਾ ਮੁੜ ਵਾਰਿਸ ਬਣ ਸਕਦਾ ਹੈ, ਜਿਸ ਆਲਮਗੀਰੀ ਆਨ-ਬਾਨ ਤੇ ਸ਼ਾਨ ਨੂੰ ਅੱਜ ਇਹ ਪੂਰੀ ਤਰ੍ਹਾਂ ਗੁਆ ਚੁੱਕਾ ਹੈ।

"ਵਡਭਾਗੀ ਹਰਿ ਸੰਗਤਿ ਪਾਵਹਿ" - ਸਮਝਣਾ ਹੈ ਕਿ ਦਸੋਂ ਹੀ ਗੁਰੂ ਪਾਤਸ਼ਾਹੀਆਂ ਨੇ ਸਿੱਖ ਧਰਮ ਦੀ ਕਾਇਮੀ ਕੇਵਲ ਸੰਗਤੀ ਆਧਾਰ `ਤੇ ਕੀਤੀ ਹੋਈ ਹੈ। ਜਦਕਿ ਇਸ ਵਿਸ਼ੇ ਨਾਲ ਸੰਬੰਧਤ ਸਾਨੂੰ ਗੁਰਬਾਣੀ `ਚ ਬੇਅੰਤ ਫ਼ੁਰਮਾਨ ਵੀ ਪ੍ਰਾਪਤ ਹਨ ਜਿਵੇਂ:-

() "ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭ੍ਰਮਿ ਚੋਟਾ ਖਾਵਹਿ॥ ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ" (ਪੰ: ੯੫)

() "ਸਗਲ ਸਰੀਰ ਆਵਤ ਸਭ ਕਾਮ ਨਿਹਫਲ ਮਾਨੁਖੁ ਜਪੈ ਨਹੀ ਨਾਮ॥  ॥ ਕਹੁ ਨਾਨਕ ਜਾ ਕਉ ਭਏ ਦਇਆਲਾ॥ ਸਾਧਸੰਗਿ ਮਿਲਿ ਭਜਹਿ ਗ+ਪਾਲਾ" (ਪੰ: ੧੯੦)

() "ਸੇਈ ਸੁੰਦਰ ਸੋਹਣੇ॥ ਸਾਧਸੰਗਿ ਜਿਨ ਬੈਹਣੇ॥ ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ" (ਪੰ: ੧੩੨) ਆਦਿ

ਉਸ ਦੇ ਉਲਟ, ਨਿਜ ਦੀ ਉਸਤੱਤ ਜਾਂ ਆਪਸੀ ਟੋਕਾ ਟਾਕੀ, ਇਹ ਸਭ ਗੁਰੂ ਸਾਹਿਬ ਦੇ ਇਸ ਵਿਸ਼ਵ ਵਿਆਪੀ, ਸਰਬਕਾਲੀ ਆਲਮਗੀਰੀ ਸਿੱਖ ਧਰਮ ਤੇ ਸਿੱਖ ਲਹਿਰ ਅਥਵਾ ਸੱਚ ਧਰਮ ਦਾ ਬਿਲਕੁਲ ਵੀ ਵਿਸ਼ਾ ਨਹੀਂ। ਜਦਕਿ ਅੱਜ ਉਸੇ ਸਿੱਖ ਧਰਮ ਦਾ ਆਪਣੇ ਆਪ ਨੂੰ ਮੁੱਦਈ, ਅਲੰਬਰਦਾਰ ਅਖਵਾਉਣ ਵਾਲਾ ਤੇ ਦਾਅਵੇਦਾਰ ਲਗਭਗ ਹਰੇਕ ਗੁਰੂ ਕਾ ਸਿੱਖ ਹੀ:-

ਪੂਰੀ ਤਰ੍ਹਾਂ ਕੇਵਲ ਆਪਸੀ ਤੇ ਨਿਜੀ ਟੋਕਾ ਟਾਕੀ ਤੀਕ ਹੀ ਸੀਮਤ ਨਹੀਂ ਰਿਹਾ ਬਲਕਿ ਪੰਥਕ ਤਲ `ਤੇ ਵੀ ਬੇਅੰਤ ਧੜੇਬੰਦੀਆਂ ਦਾ ਸ਼ਿਕਾਰ ਹੋਇਆ ਪਿਆ ਹੈ, ਇਹ ਅਜੋਕਾ ਗੁਰੂ ਕਾ ਪੰਥ:-

ਉਪ੍ਰੰਤ ਗੁਰਬਾਣੀ ਆਧਾਰਤ ਸਾਂਝੀਵਾਲਤਾ ਦੀਆਂ ਪ੍ਰਤੀਕ ਬੇਅੰਤ ਸਰਬ-ਸਾਂਝੀਆਂ ਕੜੀਆਂ ਜਿਨ੍ਹਾਂ ਦਾ ਇਸ਼ਾਰੇ ਮਾਤ੍ਰ ਜ਼ਿਕਰ ਆ ਚੁੱਕਾ ਹੈ ਉਨ੍ਹਾਂ ਪ੍ਰਤੀ ਲਾਪਰਵਾਹੀ ਨਾਲ ਸੰਬੰਧਤ, ਮਾਨਵਤਾ ਵਿਰੋਧੀ ਵਿਸ਼ੇਸ਼ ਪੱਖ ਇਹ ਵੀ ਹੈ ਜਿਸ ਨੂੰ ਬਿਨਾ ਢਿੱਲ ਸਾਨੂੰ ਪਛਾਨਣ ਦੀ ਲੋੜ ਹੈ।

ਤਾਂ ਤੇ ਸਮੂਚੀ ਮਾਨਵਤਾ ਵਿਰੋਧੀ ਉਹ ਪੱਖ ਹੈ, ਗੁਰਬਾਣੀ ਆਧਾਰਤ ਉਨ੍ਹਾਂ ਬਹੁਮੁੱਲੀਆਂ ਕੜੀਆਂ ਦਾ ਅਨੁਸਾਰੀ ਨਾ ਹੋਣਾ। ਪੰਥਕ ਤਲ `ਤੇ ਉਨ੍ਹਾਂ ਬਹੁਮੁੱਲੀਆਂ ਕੜੀਆਂ ਤੋਂ ਸੇਧ ਨਾ ਲੈ ਕੇ ਆਪਣੇ-ਆਪਣੇ ਤਲ `ਤੇ ਸੰਬੰਧਤ ਪੰਥਕ ਧੜਿਆਂ ਰਾਹੀਂ ਆਪਣੀ-ਆਪਣੀ ਸੰਭਾਲ ਨਾ ਕਰਣੀ।

ਦਰਅਸਲ ਗੁਰਦੇਵ ਦੇ ਗੁਰਬਾਣੀ ਆਧਾਰਤ ਉਨ੍ਹਾਂ ਆਦੇਸ਼ਾਂ ਤੇ ਸੇਧਾਂ ਨੂੰ ਵਿਸਾਰ ਕੇ ਸੰਸਾਰ `ਚ ਵਿਚਰਨਾ; ਬਲਕਿ ਬਹੁਤ ਵਾਰੀ ਤਾਂ ਆਪ-ਹੁੱਦਰੇ ਹੋ ਕੇ ਅਤੇ ਜਾਣ-ਬੁਝ ਕੇ ਉਨ੍ਹਾਂ ਦੀ ਵਰਤੋਂ ਹੀ ਉਨ੍ਹਾਂ ਆਦੇਸ਼ਾਂ ਅਤੇ ਫ਼ੁਰਮਾਨਾ ਦੇ ਉਲਟ ਕਰਣੀ। ਇਸ ਤਰ੍ਹਾਂ ਪੰਥਕ ਤਲ ਦੀਆਂ ਉਨ੍ਹਾਂ ਸਾਂਝੀਆਂ ਕੜੀਆਂ ਦਾ ਇਹੀ ਹੈ ਉਹ ਵਿਰੋਧੀ ਪੱਖ, ਜਿਸ ਤੋਂ ਪੰਥ ਨੂੰ ਹਰ ਸਮੇਂ ਸੁਚੇਤ ਹੋਣ ਦੀ ਲੋੜ ਹੈ।

ਜਦਕਿ ਉਸਦੇ ਉਲਟ, ਉਨ੍ਹਾਂ ਪੱਖਾਂ ਬਾਰੇ ਸੁਚੇਤ ਰਹਿਣ ਦੀ ਬਜਾਇ, ਅੱਜ ਗੁਰੂ ਕੇ ਪੰਥ ਦਾ ਵੱਡਾ ਹਿੱਸਾ ਉਨ੍ਹਾਂ ਸਾਂਝੀਆਂ ਕੜੀਆਂ ਪ੍ਰਤੀ ਬੜੇ ਧੜੱਲੇ ਨਾਲ ਲਾਪਰਵਾਹੀ ਵੀ ਵਰਤ ਰਿਹਾ ਹੈ।

ਇਹ ਵੀ ਕਿ ਸੰਪੂਰਣ ਮਨੁੱਖ ਮਾਤ੍ਰ ਦੀ ਸੰਭਾਲ ਤੇ ਆਪਸੀ ਭਾਈਚਾਰੇ ਨਾਲ ਸੰਬੰਧਤ ਗੁਰਬਾਣੀ ਫ਼ੁਰਮਾਨਾਂ ਆਧਾਰਤ ਉਨ੍ਹਾਂ ਬੇਅੰਤ ਸਾਂਝੀਆਂ ਕੜੀਆਂ ਪ੍ਰਤੀ ਕੇਵਲ ਪੰਥਕ ਤਲ `ਤੇ ਹੀ ਲਾਪਰਵਾਹੀ ਨਹੀਂ ਹੋ ਰਹੀ ਬਲਕਿ ਗੁਰੂ-ਗੁਰਬਾਣੀ ਦੇ ਸਿੱਖ ਅਖਵਾਉਣ ਵਾਲਿਆਂ ਦੀ ਨਿਜੀ ਜੀਵਨ ਰਹਿਣੀ `ਚ ਵੀ ਅੱਜ ਉਹ ਕੜੀਆਂ ਪੂਰੀ ਤਰ੍ਹਾਂ ਨਦਾਰਦ ਹਨ। ਇਸੇ ਤੋਂ ਅੱਜ ਪੰਥਕ ਤਲ `ਤੇ ਨੁਕਸਾਨ ਤੇ ਤੱਬਾਹੀ ਵੀ ਬੇ-ਅੰਤਹਾ ਹੋ ਰਹੀ ਹੈ। ਇਸ ਲਈ ਕਰਤਾ ਪੁਰਖ ਦੇ ਚਰਨਾਂ `ਚ ਹੀ ਅਰਦਾਸ ਹੈ ਕਿ ਅਕਾਲਪੁਰਖ ਆਪ ਆਪਣੀ ਮਿਹਰ ਕਰਕੇ ਪੰਥ ਨੂੰ ਇਸ ਪੱਖੋਂ ਸੁਮੱਤ ਬਖ਼ਸ਼ੇ:-

ਤਾ ਕਿ ਪੰਥ, ਉਸ ਪੱਖੋਂ ਲਗਾਤਾਰ ਉਠਾਅ ਰਹੇ ਨੁਕਸਾਨ ਦੀ ਬਜਾਏ, ਗੁਰਬਾਣੀ ਆਦੇਸ਼ਾਂ ਅਤੇ ਉਪਦੇਸ਼ਾਂ ਆਧਾਰਤ ਉਨ੍ਹਾਂ ਸਰਬ-ਸਾਂਝੀਆਂ ਕੜੀਆਂ ਦੀ ਯੋਗ ਵਰਤੋਂ ਕਰਦੇ ਹੋਏ-----ਆਪਣੇ ਨਾਲ-ਨਾਲ ਸਮੂਚੀ ਮਾਨਵਤਾ ਦੀ ਸੰਭਾਲ ਵੀ ਕਰ ਸਕੇ। ----ਕੇਵਲ ਇਸੇ ਤਰੀਕੇ ਹੀ ਪੰਥ ਆਪਣੇ ਸਮੇਤ ਪੂਰੇ ਸੰਸਾਰ ਦੀ ਸੰਭਾਲ ਤੇ ਅਗਵਾਹੀ ਕਰਣ ਦੇ ਯੋਗ ਵੀ ਹੋ ਸਕਦਾ ਹੈ।

ਸੰਬੰਧਤ ਵਿਸ਼ੇ ਦੀ ਪਹਿਚਾਣ ਅਤੇ ਉਸ ਦੀ ਨਾਜ਼ੁਕਤਾ ਨੂੰ ਸਮਝਣ ਲਈ, ਅਰੰਭ `ਚ ਅਸੀਂ ਗੁਰਬਾਣੀ ਆਦੇਸ਼ਾ ਆਧਾਰਤ ਉਨ੍ਹਾਂ ਬੇਅੰਤ ਕੜੀਆਂ `ਚੋਂ ਮਿਸਾਲ ਵੱਜੋਂ ਪਹਿਲਾਂ "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" ਭਾਵ ਕੇਵਲ ਇੱਕ ਇਹ ਞਿਸ਼ਾ ਹੀ ਲੈ ਰਹੇ ਹਾਂ।

ਉਪ੍ਰੰਤ ਸੰਬੰਧਤ ਗੁਰਵਾਕ ਦਾ ਸਾਰ ਤੇ ਮਤਲਬ ਹੀ ਇਹੀ ਹੈ ਕਿ ਸੰਸਾਰ `ਚ ਹਰੇਕ ਮਨੁੱਖ ਆਪਣੇ ਆਪ ਨੂੰ ਬਹੁਤ ਸਿਆਣਾ ਤੇ ਸਮਝਦਾਰ ਸਮਝਦਾ ਹੈ, ਅਤੇ "ਹਮ ਨਹੀ ਚੰਗੇ ਬੁਰਾ ਨਹੀ ਕੋਇ" (ਪੰ: ੭੨੮) ਗੁਰਬਾਣੀ ਦੀ ਸੇਧ ਉਲਟ ਕੋਈ ਵੀ ਸਿੱਖ ਆਪਣੇ ਆਪ ਨੂੰ ਦੂਜੇ ਤੋਂ ਘੱਟ ਨਹੀਂ ਸਮਝਦਾ।

ਇਸ ਤਰ੍ਹਾਂ "ਗੁਰੂ-ਗੁਰਬਾਣੀ" ਤੋਂ ਸੇਧ ਨਾ ਲੈਣ ਕਰਕੇ- ਸੰਸਾਰ ਤਲ ਦੇ ਨਿਵੇਕਲੇ ਤੇ ਨਿਰਾਲੇ ਇਕੋ-ਇਕ "ਗੁਰੂ ਕੇ ਪੰਥ" ਵਚਾਲੇ ਲਗਭਗ ਅੱਜ ਇਹ ਭਿਅੰਕਰ ਦੁਖਾਂਤ ਪਸਰਿਆ ਹੋਇਆ ਹੈ।

ਉਸੇ ਕਾਰਣ ਅੱਜ ਇਹ ਨਿਵੇਕਲਾ ਤੇ ਨਿਰਾਲਾ ਬਲਕਿ ਮੂਲ ਰੂਪ `ਚ "ਗੁਰਬਾਣੀ ਵਿਚਾਰਧਾਰਾ ਆਧਾਰਤ" ਇਕੋ-ਇਕ "ਗੁਰੂ ਕਾ ਪੰਥ" ਨਿਜੀ `ਤੇ ਸਮਾਜਿਕ ਤਲ `ਤੇ ਅਣਗਿਣਤ ਧੜਿਆਂ, ਗੁੱਟਾਂ, ਜਥੇਬੰਦੀਆਂ ਆਦਿ `ਚ ‘ਵੰਡਿਆ ਪਿਆ ਹੈ। ਇਸੇ ਤੋਂ ਗੁਰੂ-ਗੁਰਬਾਣੀ ਦੇ ਸਿੱਖ ਅਖਵਾਉਂਦੇ ਹੋਏ ਵੀ ਬਹੁਤੇ ਸਿੱਖ, ਅਸਲੋਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਤੀਕ ਬਣੇ ਹੋਏ ਹਨ।

ਉਪ੍ਰੰਤ ਦੀਰਘ ਵਿਚਾਰ ਦਾ ਵਿਸ਼ਾ ਵੀ ਇਹੀ ਹੈ ਜੇ ਪੰਥਕ ਤਲ `ਤੇ ਜਾਂ ਨਿਜੀ ਜੀਵਨ ਰਹਿਣੀਆਂ `ਚੋ ਸਚਮੁੱਚ ਹੀ ਗੁਰਬਾਣੀ ਆਦੇਸ਼ਾਂ ਆਧਾਰਤ ਸੱਚ ਧਰਮ ਦਾ ਪ੍ਰਗਟਾਵਾ ਹੋ ਰਿਹਾ ਹੋਵੇ ਤਾਂ ਕੀ ਅਜਿਹਾ ਸੰਭਵ ਹੈ-ਕਦਾਚਿੱਤ ਨਹੀਂ।

"ਸੇਈ ਸੁੰਦਰ ਸੋਹਣੇ॥ ਸਾਧਸੰਗਿ ਜਿਨ ਬੈਹਣੇ" - ਜਦਕਿ ਸਮਝ ਚੁੱਕੇ ਹਾਂ ਕਿ ਗੁਰੂ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ, ਸਿੱਖ ਨੂੰ ਸੰਸਾਰ ਤਲ `ਤੇ ਸੰਗਤੀ ਧਰਮ ਦੇ ਰੂਪ `ਚ ਪ੍ਰਗਟ ਕੀਤਾ ਤੇ ਉਸਦਾ ਵਾਰਿਸ ਬਣਾਇਆ ਸੀ। ਇਸ ਧਰਮ `ਚ ਗੁਰਦੇਵ ਨੇ ਕਿਸੇ ਇੱਕ ਨੂੰ ਵੀ ਨਿਜੀ ਤੇ ਆਪਸੀ ਟੋਕਾ ਟਾਕੀ ਲਈ ਬਿਲਕੁਲ ਵੀ ਇਜਾਜ਼ਤ ਹੀ ਨਹੀਂ ਸੀ ਦਿੱਤੀ।

ਇਸ ਲਈ ਹਰੇਕ ਗੁਰੂ ਕੇ ਸਿੱਖ ਨੇ ਪੰਥਕ ਤਲ `ਤੇ ਜੋ ਵੀ ਗੁਰਬਾਣੀ ਆਧਾਰਤ ਸੰਦੇਸ਼ ਪ੍ਰਸਾਰਿਤ ਕਰਣੇ ਜਾਂ ਗੱਲ ਕਰਣੀ ਹੈ ਉਸ ਨੇ ਕੇਵਲ ਸਾਧਸੰਗਤ ਦੇ ਰੂਪ `ਚ ਸਮੂਹਿਕ ਤੌਰ `ਤੇ ਹੀ ਕਰਣੀ ਹੈ ਜਾਂ ਨਿਜ ਦੇ ਜੀਵਨ `ਚੋਂ ਗੁਰਬਾਣੀ ਆਧਾਰਤ ਉੱਸ ਉੱਚ ਕਰਣੀ ਨੂੰ ਪ੍ਰਗਟ ਕਰਣਾ ਹੈ।

ਸ ਤੋਂ ਬਾਅਦ ਵੀ ਸਰੋਤੇ ਦੀ ਇਛਾ ਤੇ ਸਮਝ ਹੈ ਕਿ ਉਸ ਨੇ ਅਮੁੱਕੇ ਵਿਸ਼ੇ ਨੂੰ ਕਿਸ ਤਰ੍ਹਾਂ ਅਪਣਾਉਣਾ ਤੇ ਉਸ `ਤੇ ਕਿਤਨਾ ਕੁ ਅਮਲ ਕਰਣਾ ਹੈ ਜਾਂ ਕਿਤਨਾ ਨਹੀਂ ਕਰਣਾ।

ਇਸ ਦੇ ਉਲਟ, ਘੋਖਿਆ ਜਾਏ ਤਾਂ ਅੱਜ ਪੂਰਾ ਪੰਥ ਇਸ ਪੱਖੋਂ ਹਰੇਕ ਪੱਧਰ `ਤੇ ਨਿਜੀ ਟੋਕਾ ਟਾਕੀ ਵਾਲੇ ਰਾਖਸ਼ ਦੇ ਚੁੰਗਲ `ਚ ਫ਼ਸਿਆ ਪਿਆ ਹੈ। ਪੰਥ ਪੂਰੀ ਤਰ੍ਹਾਂ ਇਸੇ ਭਿਆਣਕ ਤੇ ਭਿਅੰਕਰ ਬਿਮਾਰੀ ਦੀ ਲਪੇਟ `ਚ ਆਇਆ ਪਿਆ ਹੈ। ਹਰੇਕ "ਮੈਂ ਹੀ ਸਭ ਤੋਂ ਵੱਧ ਸਮਝਦਾਰ ਹਾਂ" ਜਾਂ "ਮੈਨੂੰ ਹੀ ਸਭ ਤੋਂ ਵੱਧ ਸਮਝ ਹੈ". . । ਉਂਝ ਅੱਗੇ ਚੱਲ ਕੇ ਇਸ ਵਿਸ਼ੇ `ਤੇ ਕੁੱਝ ਹੋਰ ਵਿਚਾਰ ਵੀ ਕਰਾਂਗੇ ਪਰ ਪਹਿਲਾਂ ਇਹ ਸਮਝਣਾ ਹੈ ਕਿ ਆਖ਼ਿਰ ਇਹ ਵਿਸ਼ਾ ਹੈ ਕੀ? ਤਾਂ ਤੇ:-

"ਆਪਸ ਕਉ ਦੀਰਘੁ ਕਰਿ ਜਾਨੈ" -ਵਿਰਲਿਆਂ ਨੂੰ ਛੱਡ ਜਿਨ੍ਹਾਂ `ਤੇ ਗੁਰਬਾਣੀ-ਗੁਰੂ ਦੀ ਸਿਖਿਆ ਦਾ ਰੰਗ ਚੜ੍ਹ ਚੁੱਕਾ ਹੋਵੇ, ਨਹੀਂ ਤਾਂ ਸੰਸਾਰ ਭਰ ਦੇ ਲਗਭਗ ਹਰੇਕ ਮਨੁਖ ਦੇ ਸੁਭਾਅ ਅੰਦਰ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ ਅਥਵਾ Eago ਆਦਿ ਵਾਲੀ ਘਾਟ ਪਾਈ ਜਾਂਦੀ ਹੈ। ਇੱਕ ਅਖਾਣ ਅਨੁਸਾਰ ਤਾਂ "ਆਪਣੀ ਅਕਲ ਤੇ ਦੂਜੇ ਦਾ ਧੰਨ ਹਰੇਕ ਨੂੰ ਵੱਡਾ ਨਜ਼ਰ ਆਉਂਦਾ ਹੈ"। ਇਸ ਤਰ੍ਹਾਂ ਸੰਸਾਰ ਤਲ `ਤੇ ਉਨ੍ਹਾਂ ਵਿਰਲਿਆਂ ਨੂੰ ਛੱਡ ਕੇ, ਸਮੂਚੀ ਲੋਕਾਈ `ਤੇ ਇਹ ਅਖਾਣ ਇਕੋ ਜਿਹਾ ਅਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਇਸ ਤਰ੍ਹਾਂ ਸਮਾਨੰਤਰ ਅਰਥਾਂ `ਚ ਗੁਰਬਾਣੀ `ਚ ਵੀ ਸਾਨੁੰ ਬੇਅੰਤ ਫ਼ੁਰਮਾਨ ਪ੍ਰਾਪਤ ਹਨ ਜਿਵੇਂ:-

() "ਸਭੁ ਕੋ ਪੂਰਾ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" (ਪੰ: ੪੬੮)

() "ਸਭ ਸਾਲਾਹੈ ਆਪ ਕਉ, ਵਡਹੁ ਵਡੇਰੀ ਹੋਇ॥ ਗੁਰ ਬਿਨੁ ਆਪੁ ਨ ਚੀਨੀਐ, ਕਹੇ ਸੁਣੇ ਕਿਆ ਹੋਇ॥ ਨਾਨਕ ਸਬਦਿ ਪਛਾਣੀਐ, ਹਉਮੈ ਕਰੈ ਨ ਕੋਇ" (ਪੰ: ੫੮)

() "ਕਿਉਕਰਿ ਪੂਰੈ ਵਟਿ, ਤੋਲਿ ਤੁਲਾਈਐ॥ ਕੋਇ ਨ ਆਖੈ ਘਟਿ, ਹਉਮੈ ਜਾਈਐ" (ਪੰ: ੧੪੬)

() "ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਇ (ਪੰ: ੮੩).

() "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ" (ਪੰ: ੧੧੦੫) ਆਦਿ

ਸੱਚ ਵੀ ਇਹੀ ਹੈ ਸੰਸਾਰ ਭਰ `ਚ ਕਿੱਧਰੇ ਵੀ ਜੇ ਕੋਈ ਮਨੁੱਖ ਭਾਵੇਂ ਭੁੱਖ ਹੱਥੋਂ ਭੁਖਾ ਮਰ ਰਿਹਾ ਹੋਵੇ, ਤਾਂ ਵੀ ਉਸ ਲਈ ਦੂਜੇ ਕਹਿੰਦੇ ਤੇ ਸਮਝਦੇ ਹਨ ਕਿ "ਇਹ ਤਾਂ ੲੈਂਵੇ ਬਣ ਰਿਹਾ ਹੈ, ਉਂਝ ਇਸ ਕੋਲ ਤਾਂ ਪਤਾ ਨਹੀਂ ਕਿੰਨਾ ਧੰਨ ਅੰਦਰ ਦੱਬਿਆ ਪਿਆ ਹੈ" ਆਦਿ।

ਇਸੇ ਤਰ੍ਹਾਂ ਇਹ ਵੀ ਮੰਣਿਆਂ ਪ੍ਰਮੰਣਿਆ ਸੱਚ ਹੈ ਕਿ ਕੋਈ ਪਾਗ਼ਲ, ਜਿਸ ਨੂੰ ਬੇਸ਼ੱਕ ਉਸ ਦੇ ਪ੍ਰਵਾਰ ਵਾਲੇ ਵੀ, ਪ੍ਰਵਾਰਕ ਮਜਬੂਰੀ ਕਾਰਣ ਉਸ ਨੂੰ ਕਿਸੇ ਪਾਗ਼ਲਖਾਣੇ ਕਿਉਂ ਨਾ ਦਾਖ਼ਲ ਕਰਵਾ ਚੁੱਕੇ ਹੋਣ। ਜਦਕਿ ਦੂਜੇ ਪਾਸੇ ਉਹ ਪਾਗ਼ਲ ਵੀ ਆਪਣੇ ਆਪ ਨੂੰ ਪਾਗ਼ਲ ਨਾ ਅਖਵਾਉਂਦਾ ਹੈ ਤੇ ਨਾ ਮੰਣਦਾ ਹੈ। ਉਹ ਤਾਂ ਵੀ ਆਪਣੇ ਆਪ ਨੂੰ ਹੀ ਵੱਡਾ ਸਿਆਣਾ ਮੰਣ ਤ ਸਮਝ ਰਿਹਾ ਹੁੰਦਾ ਹੈ। ਕਿਉਂਕਿ ਇਸ ਤਰ੍ਹਾਂ ਕਹਿਣ ਨਾਲ ਕੁੱਦਰਤੀ ਤੌਰ `ਤੇ ਉਸ ਦੇ ਸਵੈਮਾਨ, ਭੱਲ, ਗ਼ਰੂਰ, ਹਊਮੈ, (Self Respest- Eago) `ਤੇ ਸੱਟ ਪੁਜਦੀ ਹੈ ਜਿਸਨੂੰ ਕਿ ਉਹ ਬ੍ਰਦਾਸ਼ਤ ਨਹੀਂ ਕਰ ਸਕਦਾ।

ਜਦਕਿ ਮਨੁੱਖ ਦਾ ਇਹ ਸਵੈਮਾਨ (Self Respest) ਹੀ ਹੁੰਦਾ ਹੈ ਜਿਸ ਤੋਂ ਸੰਸਾਰ ਦਾ ਕੋਈ ਵੀ ਮਨੁੱਖ, ਦੂਜੇ ਵੱਲੋਂ ਆਪਣੇ ਆਪ `ਤੇ ਟੋਕਾ-ਟੋਕੀ ਤੇ ਕਿਉਂ-ਕਿੰਤੂ ਨੂੰ ਬ੍ਰਦਾਸ਼ਤ ਹੀ ਨਹੀਂ ਕਰਦਾ। ਫ਼ਿਰ ਭਾਵੇਂ ਉਹ ਚੰਗੀ ਤਰ੍ਹਾਂ ਜਾਣਦਾ ਵੀ ਹੋਵੇ ਕਿ ਉਸ ਦੇ ਜੀਵਨ ਅੰਦਰ, ਅਮੁੱਕੀ ਘਾਟ ਮੌਜੂਦ ਹੈ, ਤਾਂ ਵੀ ਅਜਿਹਾ ਅਖਵਾਉਣ ਲਈ ਉਹ ਕਦੇ ਵੀ ਤਿਆਰ ਨਹੀਂ ਹੁੰਦਾ।

ਉਸੇ ਦਾ ਨਤੀਜਾ ਹੁੰਦਾ ਹੈ ਕਿ ਬਹੁਤ ਵਾਰੀ ਕਿਸੇ ਦੂਜੇ ਦੀ ਗ਼ਲਤੀ ਨੂੰ ਸੁਧਾਰਦੇ-ਸੁਧਾਰਦੇ, ਟੋਕਾ-ਟਾਕੀ ਤੇ ਕਿਉਂ-ਕਿੰਤੂ ਕਰਣ ਵਾਲਾ ਮਨੁੱਖ ਖ਼ੁਦ ਹੀ ਅਮੁੱਕੇ ਲੋਕਾਂ ਦੀਆਂ ਨਜ਼ਰਾਂ `ਚ ਬੁਰਾ ਬਣਦਾ ਜਾਂਦਾ ਹੈ। ਫ਼ਿਰ ਬਹੁਤ ਵਾਰੀ ਤਾਂ ਉਹ ਆਂਪਣੇ ਲਈ ਬੇਲੋੜੀਆਂ ਦੁਸ਼ਮਣੀਆਂ ਵੀ ਸਹੇੜ ਲੈਂਦਾ ਹੈ ਜਦਕਿ ਦੂਜੇ ਪਾਸੇ ਉਹ, ਅਮੁੱਕੇ ਮਨੁੱਖ ਨੂੰ ਭਾਵੇਂ ਸੁਧਾਰਣ `ਚ ਸਫ਼ਲ ਵੀ ਨਹੀਂ ਹੁੰਦਾ।

ਇਸ ਵਿਸ਼ੇ ਦਾ ਇੱਕ ਅਣਸੁਖਾਵਾਂ ਪੱਖ ਵੀ-ਬੇਸ਼ੱਕ ਕਿਸੇ ਵੱਕਤ ਇਹ ਟੋਕਾ-ਟਾਕੀ ਵੀ ਕਿਸੇ ਵੱਲੋਂ, ਕਿਸੇ ਦੀ ਭਲਾਈ ਲਈ ਕੀਤੀ ਗਈ ਹੋਵੇ। ਤਾਂ ਵੀ ਕਿਸੇ ਸਮੇਂ ਕਿਸੇ ਦੂਜੇ ਦੇ ਭਲੇ ਲਈ ਮਾਮੂਲੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਤੋਂ ਅਰੰਭ ਹੋਇਆ ਮਨੁੱਖ ਦਾ ਆਪਣਾ ਸੁਭਾਅ ਵੀ ਇਤਨਾ ਭਿਅੰਕਰ ਰੂਪ ਧਾਰਨ ਕਰ ਲੈਂਦਾ ਹੈ ਕਿ ਉਹ ਹਰ ਸਮੇਂ ਦੂਜਿਆਂ ਨੂੰ ਟੋਕਾ-ਟਾਕੀ ਤੇ ਕਿਉਂ-ਕਿੰਤੂ ਕਰਣ `ਚ ਹੀ ਆਪਣੀ ਵਡਿਆਈ ਤੇ ਬੜ੍ਹਪਣ ਸਮਝਣ ਲੱਗ ਜਾਂਦਾ ਹੈ।

ਇਸ ਤਰ੍ਹਾਂ ਇੱਕ ਪਾਸੇ ਨਹੀਂ ਬਲਕਿ ਕਈਂ ਵਾਰ ਦੋਵੇਂ ਪਾਸੇ ਲਾਭ ਨਾਲੋ ਹਾਨੀ ਦਾ ਖ਼ੱਤਰਾ ਵਧੇਰੇ ਹੁੰਦਾ ਹੈ। ਭਾਵ ਜਿਸ ਨੂੰ ਟੋਕਾ ਟਾਕੀ ਕੀਤੀ ਜਾਂਦੀ ਹੋਵੇ ਅਤੇ ਜਿਹੜਾ ਕਰ ਰਿਹਾ ਹੋਵੇ। ਇਹ ਵੀ ਕਿ ਫ਼ਿਰ ਇਹ ਨੁਕਸਾਨ ਬੇਸ਼ੱਕ ਨਿਜੀ ਤਲ ਦਾ ਹੋਵੇ, ਪੰਥਕ, ਦੇਸ਼ ਜਾਂ ਸੰਸਾਰ ਤਲ ਦਾ।

"ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" (ਅੰ: ੧੧੦੫) ਅਥਵਾ "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" ਜਾਂ "ਕਿਉਕਰਿ ਪੂਰੈ ਵਟਿ, ਤੋਲਿ ਤੁਲਾਈਐ॥ ਕੋਇ ਨ ਆਖੈ ਘਟਿ, ਹਉਮੈ ਜਾਈਐ" (ਪੰ: ੧੪੬) ਆਦਿ

ਗੁਰਬਾਣੀ ਫ਼ੁਰਮਾਨਾਂ ਰਾਹੀਂ ਜੇ ਸੰਬੰਧਤ ਵਿਸ਼ੇ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਪਾਤਸ਼ਾਹ ਨੇ ਇਥੇ ਇਸ ਮਨੁੱਖੀ ਕਮਜ਼ੋਰੀ ਤੋਂ ਕਿਸੇ ਇੱਕ ਮਨੁੱਖ ਨੂੰ ਨਹੀਂ ਬਲਕਿ ਪੂਰੇ ਮਨੁੱਖ ਸਮਾਜ ਨੂੰ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਕੀਤਾ ਹੋਇਆ ਹੈ।

ਇਸ ਦੇ ਨਾਲ ਨਾਲ ਗੁਰਬਾਣੀ `ਚ ਇਸ ਬਾਰੇ ਕਈ ਮਿਸਾਲਾਂ ਦੇ-ਦੇ ਕੇ ਗੁਰਦੇਵ ਨੇ ਵਿਸ਼ੇ ਦੀ ਭਿਅੰਕਰਤਾ ਨੂੰ ਵੀ ਸਾਡੇ ਸਾਹਮਣੇ ਲਿਆਂਦਾ ਹੋਇਆ ਹੈ। ਬਲਕਿ "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" ਗੁਰ-ਫ਼ੁਰਮਾਨ ਦਾ ਅਰੰਭ ਹੀ "ਬਾਣੀ ਆਸਾ ਕੀ ਵਾਰ" ਵਿੱਚਲੇ ਸਲੋਕ:-

"ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ" (ਪੰ: ੪੬੮) ਨਾਲ ਕੀਤਾ ਹੋਇਆ ਹੈ। ਤਾਂ ਤੇ ਉਸ ਪੂਰੇ ਸਲੋਕ ਅਰਥ ਹਨ:-

ਅਰਥ- (ਜੇਕਰ ਮਨੁੱਖਾ ਸਰੀਰ ਨੂੰ ਇੱਕ ਰਾਜ-ਬਣਤਰ ਮੰਨ ਲਿਆ ਜਾਵੇ ਤਾਂ ਇਸ ਸਰੀਰ `ਚ) ਜੀਭ ਦਾ ਚਸਕਾ ਰਾਜਾ ਬਣਿਆ ਬੈਠਾ ਹੈ। ਪਾਪ ਭਾਵ ਪ੍ਰਭੂ ਨੂੰ ਭੁਲਾਅ ਕੇ ਕੀਤੇ ਸਾਰੇ ਕੰਮ ਇਸ ‘ਮਨ’ ਰੂਪੀ ਰਾਜੇ ਦੇ ਵਜ਼ੀਰ ਹਨ। (ਅਜਿਹੀ ਰਾਜ ਬਣਤਰ `ਚ) ਬਿਨਸਨਹਾਰ ਸੰਸਾਰ ਦਾ ਮੋਹ ਤੇ ਉਸ ਦੀ ਪੱਕੜ ਹੀ ਸਿਕਦਾਰ (ਚੌਧਰੀ, ਅਫ਼ਸਰ) ਹੈ। (ਉਪ੍ਰੰਤ ਚੱਲ ਰਹੇ ਇਸ ਸਰੀਰ ਦੇ ਅਜਿਹੇ ਰਾਜ ਪ੍ਰਬੰਧ `ਚ) ਕਾਮ ਸਲਾਹਕਾਰ (ਨਾਇਬ) ਹੈ ਤੇ ਇਸੇ ਤੋਂ ਹੀ ‘ਕਾਮੁ ਨੇਬੁ ਸਦਿ ਪੁਛੀਐ’ ਭਾਵ ਸਲਾਹ ਲਈ ਜਾਂਦੀ ਹੈ।

ਉਪ੍ਰੰਤ ਇਸ (ਮਨੁੱਖਾ ਸਰੀਰ `ਚ ਪੰਜ ਗਿਆਨ ਤੇ ਪੰਜ ਕਰਮ ਇੰਦਰੇ, ਮਨੁੱਖਾ ਸਰੀਰ ਰੂਪੀ ਰਾਜੇ ਦੀ ਪਰਜਾ ਹਨ ਜੋ ਗਿਆਨ ਤੋਂ ਸੱਖਣੇ (ਹੋਣ ਕਾਰਣ) ਅੰਨ੍ਹੇ ਹੋਏ ਪਏ ਹਨ ਅਤੇ ਤ੍ਰਿਸ਼ਨਾ (ਦੀ ਅੱਗ `ਚ ਅਮੁਲੇ ਜਨਮ ਨੂੰ) ਚੱਟੀ-ਬੱਧਾ ਖਤਮ ਕਰ ਰਹੇ ਹਨ।

{ਇਸ ਤਰ੍ਹਾਂ ਮਨੁੱਖਾ ਸਰੀਰ ਦੀ ਚੱਲ ਰਹੀ ਅਜਿਹੀ ਰਾਜ-ਬਣਤਰ ਹੇਠ ਅੰਨ੍ਹੀ ਹੋਈ ਪਰਜਾ (ਕਰਮ ਤੇ ਗਿਆਨ ਇੰਦ੍ਰਿਆਂ ਦੇ ਰੂਪ `ਚ, ਸਮੂਚੀ ਲੋਕਾਈ) `ਚ:-

ਜਿਹੜੇ ਆਪਣੇ ਆਪ ਨੂੰ ਗਿਆਨਵਾਨ (ਉਪਦੇਸ਼ਕ) ਅਖਵਾਉੇਂਦੇ ਹਨ, ਉਹ ਨੱਚ ਰਹੇ ਹਨ, ਵਾਜੇ ਵਜਾਂਦੇ ਤੇ ਕਈ ਤਰ੍ਹਾਂ ਦੇ ਰੂਪ-ਭੇਸ ਵਟਾਂਦੇ ਹਨ। ਅਨੇਕਾਂ ਸ਼ਿੰਗਾਰ ਤੇ ਸੁਆਂਗ ਕਰਦੇ ਹਨ; ਉੱਚੀ ਉੱਚੀ ਕੂਕਦੇ ਯੁੱਧਾਂ ਦੇ ਪ੍ਰਸੰਗ ਕਰਦੇ ਤੇ ਸੁਣਾਉਂਦੇ ਹਨ, ਜੋਧਿਆਂ ਦੀਆਂ ਵਾਰਾਂ ਗਾਉਂਦੇ ਹਨ।

ਪੜ੍ਹੇ-ਲਿਖੇ (ਪੰਡਤ), ਅਸਲੋਂ ਮੂਰਖ (ਉਨ੍ਹਾਂ ਰਾਹੀਂ ਕੀਤੀਆਂ ਵਿਦਵਤਾ ਦੀਆਂ ਗੱਲਾਂ ਅਸਲ `ਚ) ਚਾਲਾਕੀਆ, ਹੁੱਜਤਾਂ ਤੇ ਕਪਟ ਭਰਪੂਰ ਬਨਾਵਟੀ ਦਲੀਲਾਂ ਹੀ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੀ ਸਾਰੀ ਦੌੜ ਤਾਂ ਹੈ ਹੀ ਕੇਵਲ ਪੈਸਾ ਇਕੱਠਾ ਕਰਣ ਦੀ ਹੁੰਦੀ ਹੈ (ਇਸ ਤੋਂ ਵੱਧ ਗਿਆਨ ਉਹ ਅਨੁਸਾਰ ਜੀਵਨ ਜੀਉਣਾ ਜਾਂ ਗਿਆਨ ਦਾ ਪ੍ਰਸਾਰ ਕਰ ਕੇ ਦੂਜਿਆਂ ਦੇ ਜੀਵਨ ਨੂੰ ਸੁਆਰਣਾ, ਉਨ੍ਹਾਂ ਦਾ ਕਰਮ ਤੇ ਸੋਚਣੀ ਹੁੰਦੀ ਹੀ ਨਹੀਂ)।

(ਜਿਹੜੇ ਆਪਣੇ ਆਪ ਨੂੰ) ਧਰਮੀ ਮੰਣਦੇ ਹਨ (ਹੋ ਸਕਦਾ ਹੈ) ਆਪਣੇ ਵੱਲੋਂ ਧਰਮ ਦਾ ਕੰਮ ਹੀ ਕਰਦੇ ਹੋਣ ਪਰ (ਉਹ ਵੀ ਆਪਣੀ ਸਾਰੀ ਮਿਹਣਤ) ਗੁਆ ਰਹੇ ਹਨ। (ਕਿਉਂਕਿ ਇਸ ਦੇ ਵੱਟੇ ਉਨ੍ਹਾਂ ਦੀ ਦੌੜ ਵੀ ਪ੍ਰਭੂ ਪ੍ਰਾਪਤੀ ਨਹੀ; ਕੇਵਲ ਵਾਸ਼ਨਾ ਬੱਧੇ, ਕਿਸੇ ਫ਼ਰਜ਼ੀ ਮੁਕਤੀ ਦੀ ਇਛਾ ਅਧੀਨ ਹੀ ਸਭ ਕੁੱਝ ਕਰ ਰਹੇ ਹਨ।

(ਕੁਝ ਲੋਕ) ਜੱਤੀ ਅਖਵਾਉਂਦੇ ਹਨ ਪਰ ਜੱਤੀ ਕੀ ਹੁੰਦਾ ਹੈ ਇਸ ਦੀ ਜੁਗਤ ਨੂੰ ਉਹ ਜਾਣਦੇ ਤੀਕ ਨਹੀਂ (ਬੱਸ ਦੂਜਿਆਂ ਦੀ ਦੇਖਾ-ਦੇਖੀ) ਘਰ-ਪ੍ਰਵਾਰ ਛੱਡ ਕੇ (ਜੰਗਲਾਂ `ਚ) ਚਲੇ ਜਾਣਾ (ਇਹੀ ਹੈ ਉਨ੍ਹਾਂ ਦਾ ਜੱਤੀ ਹੋਣਾ। ਵਿਕਾਰਾਂ ਤੋਂ ਬਚਣ ਵਾਲਾ ਉਥੇ ਵੀ ਕੋਈ ਉੱਦਮ ਨਹੀਂ)।

(ਇਸ ਤਰ੍ਹਾਂ ਲੋਭ, ਪਾਪ, ਕੂੜ, ਕਾਮ ਆਦਿ ਵਿਕਾਰਾਂ ਦੀ ਪੱਕੜ `ਚ ਚੱਲ ਰਹੇ ਸਰੀਰਕ ਰਾਜ ਪ੍ਰਬੰਧ ਹੇਠ ਹੋ ਰਹੀ ਗਿਆਨ ਤੇ ਕਰਮ ਇੰਦਰਿਆਂ ਦੀ ਕੁਵਰਤੋਂ ਦਾ ਹੀ ਨਤੀਜਾ ਹੁੰਦਾ ਹੈ ਕਿ ਅਮੁਲੇ ਮਨੁੱਖਾ ਜਨਮ ਵੀ ਬਿਰਥਾ ਤੇ ਬਰਬਾਦ ਹੀ ਹੋ ਰਹੇ ਹੁੰਦੇ ਹਨ।

ਤਾਂ ਵੀ) ਹਰੇਕ ਮਨੁੱਖ ਆਪਣੇ ਆਪ ਨੂੰ ਵੱਧ ਸਿਆਣਾ ਤੇ ਪੂਰਨ ਸਮਝਦਾ ਹੈ, ਕੋਈ ਵੀ ਘੱਟ ਨਹੀਂ ਸਮਝਦਾ (ਕਿਉਂਕਿ ਪ੍ਰਭੂ ਤੋਂ ਵਿਛੋੜੇ ਵਾਲੀ ਜੀਵਨ ਦੀ ਅਸਲ ਘਾਟ ਨੂੰ ਇਨ੍ਹਾਂ `ਚੋਂ ਕੋਈ ਵੀ ਨਹੀਂ ਪਛਾਣਦਾ। ਉਸੇ ਦਾ ਨਤੀਜਾ, ਹਰੇਕ ਜੀਵਨ ਦੀ ਦੌੜ ਹਉਮੈ ਤੋਂ ਹੀ ਸ਼ੁਰੂ ਹੋ ਰਹੀ ਹੈ)

ਅੰਤ, ਸਲੋਕ ਦੀ ਸਮਪਤੀ `ਤੇ ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦਿੰਦੇ ਹਨ

ਅਸਲ `ਚ ਪੂਰਾ ਤੇ ਸਫ਼ਲ ਜੀਵਨ ਉਹੀ ਹੈ ਜਿਹੜਾ ਤੱਕੜੀ ਦੇ ਪਿਛਲੇ ਪੱਲੜੇ `ਚ ਪ੍ਰਭੂ ਦਾ ਇੱਜ਼ਤ ਰੂਪ ਵੱਟਾ ਪੈਣ `ਤੇ ਪੂਰਾ ਉਤਰੇ (ਇਸ ਲਈ ਫ਼ੈਸਲਾ ਪ੍ਰਭੂ ਦੇ ਨਿਆਂ ਰੂਪ ਵੱਟੇ ਤੋਂ ਹੋਣਾ ਹੈ, ਨਾ ਕਿ ਕਿਸੇ ਨੇ ਆਪਣੇ ਆਪ ਕਰਣਾ ਹੁੰਦਾ ਹੈ ਕਿ ਕੌਣ ਵੱਧ ਹੈ ਤੇ ਕੌਣ ਘੱਟ।

ਭਾਵੇਂ ਕਿ ਇਹ ਸਾਰੇ ਆਪਣੇ ਆਪ ਨੂੰ ਸਫ਼ਲ, ਪੂਰਾ ਤੇ ਸਿਆਣਾ ਮੰਨ ਰਹੇ ਹਨ ਪਰ ਸਰੀਰ ਉਪਰ ਚੱਲ ਰਹੇ ਅਜਿਹੇ ਨਾਕਸ ਨਿਜ਼ਾਮ ਹੇਠ ਇਹ ਸਾਰੇ ਕੇਵਲ ਆਪਣੇ ਆਪ ਤੋਂ ਹੀ ਪੂਰੇ ਹਨ)

ਤਾਂ ਤੇ ਆਪਣੇ ਤੌਰ `ਤੇ ਨਿਭਾਏ ਜਾ ਰਹੇ ਕਿਰਦਾਰ ਆਪ ਮਿੱਥੇ ਜੀਵਨ ਦੀ ਖੇਡ `ਚ ਬਣੇ ਗਿਆਨੀ, ਸੂਰਮੇ, ਪੰਡਤ, ਜੱਤੀ ਆਦਿ ਸਫ਼ਲ ਜੀਵਨ ਨਹੀ ਹਨ.

ਅਸਲ `ਚ ਆਪਣੀ ਹੋਂਦ ਨੂੰ ਮਿਟਾ ਕੇ ਪ੍ਰਭੂ ਦੀ ਰਜ਼ਾ `ਚ ਜੀਵਨ ਨੂੰ ਜੀਊਣ ਵਾਲੇ ਹੀ ਅਸਲ `ਚ ਆਪਣੇ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੁੰਦੇ ਹਨ।

ਤਾਂ ਤੇ ਅਸਲ `ਚ ਪੂਰੇ ਉਹੀ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਰਗਾਹ ਵਾਲਾ ਆਦਰ ਰੂਪ ਵੱਟਾ ਬਰਾਬਰ ਤੇ ਪੂਰਾ ਸਾਬਤ ਕਰਦਾ ਹੈ। ੨।

ਇਸ ਤਰ੍ਹ ਵੇਰਵੇ ਨੂੰ ਆਪਣੇ ਸਾਹਮਣੇ ਰਖੀਏ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗਣੀ ਚਾਹੀਦੀ ਕਿ ਬਜਾਏ ਸੰਭਲਣ ਦੇ ਇਹੀ ਘਾਟ ਅੱਜ ਸਮੂਚੇ "ਗੁਰੂ ਕੇ ਪੰਥ" ਦੀ ਰਗ ਰਗ `ਚ ਆਪਣਾ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੋਈ ਹੈ।

ਅਜਿਹੇ ਹਾਲਾਤ `ਚ ਗੁਰੂ ਕੇ ਇਸ ਨਿਵੇਕਲੇ ਤੇ ਨਿਰਾਲੇ ਪੰਥ ਦਾ ਬਚਾਅ ਹੋਵੇ ਵੀ ਤਾਂ ਕਿਵੇਂ?

ਕਿਉਂਕਿ ਅੱਜ ਦੇ ਸਮੇਂ `ਚ ਪੰਥਕ ਤਲ `ਤੇ ਜਿਹੜਾ "ਗੁਰਬਾਣੀ ਵਿਚਾਰਧਾਰਾ" ਤੇ ਗੁਰਮੱਤ" ਦੇ ਨਾਮ `ਤੇ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ ਉਹ ਬਹੁਤਾ ਕਰਕੇ ਨਾ ਹੀ ਤਾਂ "ਗੁਰਬਾਣੀ ਵਿਚਾਰਧਾਰਾ" ਤੇ ਗੁਰਮੱਤ" ਦਾ ਪ੍ਰਚਾਰ ਤੇ ਪ੍ਰਸਾਰ ਹੈ ਅਤੇ ਨਾ ਹੀ

ਉਸ ਦਾ ਨਾ ਹੀ ਉਹ ਢੰਗ ਹੈ ਜਿਹੜਾ ਦਸੋਂ ਹੀ ਪਾਤਸ਼ਾਹੀਆਂ ਨੇ ਆਪਣੇ-ਆਪਣੇ ਸਮੇਂ ਅਪਣਾਇਆ ਸੀ।

ਤਾਂ ਤੇ ਲੋੜ ਹੈ ਇਸ ਪੰਥਕ ਮਸਲੇ ਨੂੰ ਇਸ ਪੱਖੌਂ ਬਿਨਾ ਢਿੱਲ ਸਿਦਕਦਿਲੀ ਨਾਲ ਵਿਚਾਰਣ ਤੇ ਸੁਚੇਤ ਹੋਣ ਦੀ। (ਚਲਦਾ) #234P-XXXXVI-02.17-0217#P46v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXVI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.