.

ਪਉੜੀ ੨੭ ਦਾ ਗੁਰਬਾਣੀ ਅਨੁਸਾਰ ਵਿਆਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋ ਦਰੁ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਥਾਵਾਂ ਤੇ ਹੈ; ਪਹਿਲਾ ਜਪੁਜੀ ਸਾਹਿਬ ਦੀ ਪਉੜੀ ੨੭ ਵੀਂ, ਦੂਜਾ ਸ੍ਰੀ ਰਹਿਰਾਸਿ ਸਾਹਿਬ ਵਿਚ ਤੇ ਤੀਸਰਾ ਸੋ ਦਰੁ ਰਾਗ ਆਸਾ ਵਿਚ। ਸੋ ਦਰ ਧਿਆਨ ਰੂਪ ਭਗਤੀ ਰੂਪ ਹੈ ।ਜਪੁਜੀ ਸ਼ਾਹਿਬ ਆਤਮਾ-ਪਰਮਾਤਮਾ ਦੇ ਸੁਮੇਲ ਦਾ ਦਿਸ਼ਾ ਨਿਰਦੇਸ਼ ਹੈ।
ਮੁੱਢ ਗੁਰ-ਸਤਿਗੁਰ ਤੋਂ ਯੋਗ ਸਿਖਿਆ ਲੈਣ ਨਾਲ ਸ਼ੁਰੂ ਹੁੰਦਾ ਹੈ ।ਸਾਡਾ ਸਦੀਵੀ ਗੁਰੂ ਗੁਰਬਾਣੀ ਹੋਣ ਕਰਕੇ ਸਾਨੂੰ ਗੁਰਬਾਣੀ ਤੋਂ ਲਗਾਤਾਰ ਇਸ ਬਾਰੇ ਸੇਧ ਲੈਣੀ ਹੈ। ਗੁਰਬਾਣੀ ਰਾਹੀਂ ਪਰਮਾਤਮਾ ਦੇ ਗੁਣ ਸਮਝ ਕੇ ਊਹੋ ਜਿਹੇ ਗੁਣਾਂ ਦਾ ਧਾਰਨੀ ਹੋਣਾ ਹੈ, ਅੰਤਰ ਆਤਮਾ ਦੇ ਨਾਮ ਸਿਮਰਨ, ਦਾਨ, ਪੁੰਨ, ਧੀਰਜ, ਧਰਮ, ਦਇਆ, ਸਤ-ਸੰਤੋਖ ਆਦਿ ਗੁਣਾਂ ਤੋਂ ਸ਼ੁਰੂ ਹੁੰਦੀ ਹੈ ਜੋ ਕੂੜ ਦੀ ਪਾਲ ਤੋੜ ਕੇ ਮਨੁਖ ਨੂੰ ਸਚਿਆਰ ਬਣਾਉਣ ਦੀ ਦਿਸ਼ਾ ਵਲ ਲੈ ਜਾਂਦਾ ਹੈ। ਨਾਮ ਬਾਰੇ ਸੁਣਨ, ਮਨਨ ਤੇ ਪਰਮਾਤਮਾ ਨਾਲ ਪ੍ਰੇਮ ਪਾਉਣਾ ਤੇ ਹੁਕਮ ਰਜ਼ਾ ਵਿਚ ਚਲਣਾ ਤੇ ਉਸਦੇ ਅਮੁੱਲ ਗੁਣਾਂ ਵਿਚੋਂ ਗੁਣ ਧਾਰਨੇ, ਸਾਰੇ ਵਿਸ਼ਵ ਨੂੰ ਉਸੇ ਦੀ ਕਿਰਤ ਜਾਣ ਸਭਨਾਂ ਜੀਆਂ ਨੂੰ ਇਕ ਸਮਾਨ ਜਾਨਣਾ ਹੈ ਤੇ ਪਰਮਾਤਮਾ ਦੀ ਹਰ ਕਿਰਤ ਵਿਚੋਂ ਉਸ ਨੂੰ ਵੇਖਣਾ ਹੈ।
ਦੇਸ-ਦੇਸਾਂਤਰਾਂ ਨੂੰ ਖੋਜ ਖੋਜ ਕੇ ਆਖਰ ਅਪਣੇ ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ ਰੂਪ ਨੌ ਨਿਧ ਲੱਭ ਲਿਆ ਹੈ। ਹੁਣ ਮੇਰੀ ਕਾਇਆ ਵਿਚ ਪਰਮਾਤਮਾ ਦੀ ਯਾਦ ਦਾ ਹੀ ਪਰਤਾਪ ਹੈ ਉਸ ਦੀ ਬਰਕਤ ਨਾਲ ਮੇਰੇ ਲਈ ਨਾ ਕੁਝ ਜੰਮਦਾ ਹੈ ਨਾ ਮਰਦਾ ਹੈ: ਅਰਥਾਤ ਮੇਰਾ ਜਨਮ ਮਰਨ ਮਿਟ ਗਿਆ ਹੈ।ਸੋ ਕਾਇਆ ਦੀ ਖੋਜ ਹੀ ਮੇਰੀ ਦੇਵ-ਪੂਜਾ ਹੈ ਜਿਸ ਦੀ ਮੈਂ ਆਰਤੀ ਕਰਨੀ ਹੈ।ਸਰੀਰ ਦੀ ਖੋਜ ਹੀ ਮੇਰਾ ਮੰਦਰ ਹੈ ਜਿੱਥੇ ਮੈਂ ਸਰੀਰ ਅੰਦਰ ਵਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ। ਕਾਇਆ ਦੀ ਖੋਜ ਹੀ ਮੇਰੀ ਹਰ ਤਰ੍ਹਾਂ ਦੀ ਯਾਤਰਾ ਹੈ।.. ਜੋ ਸ਼੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਿਮੰਡ ਵਿਚ ਵਿਆਪਕ ਹੈ ਉਹੀ ਮਨੁਖਾ ਸਰੀਰ ਵਿਚ ਹੈ। ਜੋ ਮਨੁਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰ ਮਿਲ ਪਵੇ ਤਾਂ ਅੰਦਰ ਹੀ ਦਰਸ਼ਨ ਕਰਵਾ ਦਿੰਦਾ ਹੈ। ਕਾਯਉ= ਕਾਇਆ, ਸਰੀਰ। ਦੇਵਲ=ਦੇਵਾਲਯ, ਮੰਦਿਰ। ਜੰਗਮ=ਸ਼ਿਵਉਪਾਸ਼ਕ ਰਮਤੇ ਜੋਗੀ ਜਿਨ੍ਹਾਂ ਦੇ ਸਿਰ ਉਤੇ ਮੋਰਾਂ ਦੇ ਖੰਭ ਬੰਨ੍ਹੇ ਹੁੰਦੇ ਹਨ।ਜਤੀ=ਜਤਾਰੀ। ਨਈਬੇਦਾ= ਦੁਧ, ਖੀਰ ਆਦਿ ਸੁਆਦਲੇ ਭੋਜਨ ਜੋ ਮੂਰਤੀ ਦੀ ਭੇਟ ਕੀਤੇ ਜਾਂਦੇ ਹਨ।ਪੂਜਉ=ਪੂਜਦਾ ਹਾਂ। ਪਾਤੀ= ਪੱਤਰ ਬਹੁਖੰਡ=ਬਹੁਤ ਦੇਸ ਦੇਸਾਂਤਰ, ਨਵਨਿਧਿ= ਨਾਮ ਰੂਪੀ ਨੌ ਨਿਧਾਂ ਨੌ ਖਜ਼ਾਨੇ। ਆਇਬੋ=ਜੰਮੇਗਾ। ਜਾਇਬੋ=ਮਰੇਗਾ॥ ਦੁਹਾਈ=ਤੇਜ ਪ੍ਰਤਾਪ। ਪਿੰਡੇ=ਸਰੀਰ ਵਿਚ ਪਾਵੈ=ਲੱਭ ਲੈਂਦਾ ਹੈ। ਪ੍ਰਣਵੈ= ਬੇਨਤੀ ਕਰਦਾ ਹੈ। ਪਰਮ ਤਤੁ=ਪਰਮਾਤਮਾ ਸਭ ਤੋਂ ਵੱਡੀ ਅਸਲੀਅਤ, ਸ਼੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ=ਜਤਾਉਂਦਾ ਹੈ।
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥ ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥ ੧ ॥ ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥ ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥ ੧ ॥ ਰਹਾਉ ॥ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥ ੨ ॥ ੩ ॥ (ਪੀਪਾ, ਪੰਨਾ ੬੯੫)
ਜੋ ਮਨੁਖ ਗੁਰੂ ਦੀ ਕਿਰਪਾ ਦੁਆਰਾ ਉਸ ਮੇਲ ਅਵਸਥਾ ਵਿਚ ਅਪੜਿਆ ਹੈ ਉਸ ਦੇ ਵਾਸਤੇ ਇੜਾ ਪਿੰਗਲਾ ਤੇ ਸੁਖਮਨਾ ਇਕ ਹੀ ਥਾਂ ਵਸਦੀਆਂ ਹਨ। ਤ੍ਰਿਵੇਣੀ ਪਰਿਯਾਗ ਸੰਗਮ ਵੀ ਉਸ ਮਨੁਖ ਲਈ ਉਥੇ ਹੀ ਵਸਦਾ ਹੈ।ਇੜਾ=ਖੱਬੀ ਨਾਸ ਦੀ ਨਾੜੀ, ਜਿਸ ਰਸਤੇ ਜੋਗੀ ਪ੍ਰਾਂਣਾਯਾਮ ਕਰਨ ਲੱਗੇ ਸਾਹ ਉਪਰ ਨੂੰ ਖਿੱਚਦੇ ਹਨ।ਪਿੰਗੁਲਾ=ਸੱਜੀ ਨਾਸ ਦੀ ਨਾੜੀ ਜਿਸ ਰਸਤੇ ਪ੍ਰਾਣ ਉਤਾਰਦੇ ਹਨ। ਸੁਖਮਨਾ=ਨੱਕ ਦੇ ਉਪਰਵਾਰ ਦੀ ਨਾੜੀ, ਜਿਥੇ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਈ ਦੇ ਹਨ।ਨਿਰੰਜਨ ਰਾਮ ਉਸੇ ਥਾਂ ਹੀ ਵਸਦਾ ਹੈ। ਜੋ ਗੁ੍ਰੁਰੂ ਦੀ ਸ਼ਰਨ ਪੋੈ ਕੇ ਇਹ ਸਮਝ ਲੈਂਦਾ ਹੈ ਉਸ ਨੂੰ ਅੰਦਰੋਂ ਹੀ ਪਾ ਲੈਂਦਾ ਹੈ। ਤੀਨਿ= ਇੜਾ ਪਿੰਗੁਲਾ ਤੇ ਸੁਖਮਨਾ।ੁੲਕ ਠਾਈ=ਇਕ ਥਾਂ(ਜਿਥੈ ਪ੍ਰਭੂ ਵਸਦਾ ਹੈ)। ਬੇਣੀ ਸੰਗਮ =ਤ੍ਰਿਵੇਣੀ ਸੰਗਮ ਜਿਥੇ ਗੰਗਾ ਜਮੁਨਾ ਤੇ ਸਰਸਵਤੀ ਮਿਲਦੀਆਂ ਹਨ। ਤਹ=ਉਥੇ ਹੀ (ਜਿਥੇ ਪ੍ਰਭੂ ਪ੍ਰਗਟਿਆ ਹੈ) ਪਿਰਾਗੁ=ਤੀਰਥ। ਮਜਨੁ= ਇਸ਼ਨਾਨ।ਤਹ = ਉਥੇ ਜਿਥੇ ਮਨ ਚੁਭੀ ਲਾਉਂਦਾ ਹੈ। ਗੁਰ ਗਮਿ= ਗੁਰੂ ਤਕ ਪਹੁੰਚ ਕੇ, ਗੁਰੂ ਦੀ ਸ਼ਰਨ ਲੈ ਕੁ। ਚੀਨੈ=ਪਛਾਣਦਾ ਹੈ, ਸਾਂਝ ਬਣਾਉਂਦਾ ਹੈ। ਰਮਈਆ = ਰਾਮ
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥ ੧ ॥ ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥ ਤਹਾਂ ਨਿਰੰਜਨੁ ਰਮਈਆ ਹੋਇ ॥ ੧ ॥ (ਰਾਮਕਲੀ ਬਾਣੀ ਬੇਣੀ ਜੀਉ ਕੀ, ਪੰਨਾ ੯੭੪)
ਛੇ ਚੱਕਰਾਂ ਵਾਲੇ ਮਨੁਖੀ ਸਰੀਰ ਦੀ ਖਾਨਗਾਹ ਅੰਦਰ ਉਦਾਸੀ ਮਨੂਏ ਦਾ ਟਿਕਾਣਾ ਹੈ। ਨਾਮ ਸਿਮਰਨ ਦੀ ਪ੍ਰੀਤ ਇਸ ਦੇ ਅੰਦਰ ਜਾਗ ਉਠੀ ਹੈ। ਬੈਕੁੰਠੀ ਕੀਰਤਨ ਇਸ ਦੇ ਅੰਦਰ ਗੂੰਜਦਾ ਹੈ ਤੇ ਇਸਦੀ ਆਤਮਾ ਉਸਦੇ ਅੰਦਰ ਲੀਨ ਹੋ ਗਈ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਜ਼ਿੰਦਗੀ ਸੱਚੇ ਨਾਮ ਨਾਲ ਪ੍ਰਸੰਨ ਹੋ ਗਈ ਹੈ। ਹੇ ਜੀਵ ਸਾਹਿਬ ਦੀ ਪ੍ਰੇਮਮਈ ਸੇਵਾ ਰਾਹੀਂ ਹੀ ਆਰਾਮ ਮਿਲਦਾ ਹੈ।ਗੁਰਾਂ ਦੀ ਦਇਆ ਦੁਆਰਾ ਪਰਮਾਤਮਾ ਦਾ ਨਾਮ ਮਿਠੜਾ ਲਗਦਾ ਹੈ ਅਤੇ ਜੀਵ ਪਰਮਾਤਮਾ ਦੇ ਨਾਮ ਅੰਦਰ ਹੀ ਲੀਨ ਹੋ ਜਾਂਦਾ ਹੈ।
ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥ ੧ ॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥ ੧ ॥ (ਰਾਮਕਲੀ ਮਹਲਾ ੧, ਪੰਨਾ ੯੦੩)
ਗੁਰਬਾਣੀ ਅਨੁਸਾਰ ਜੋ ‘ਬ੍ਰਹਿਮੰਡੇ ਸੋਈ ਪਿੰਡੇ’ ਨੂੰ ਜੇ ਆਧਾਰ ਮੰਨੀਏ ਤਾਂ ਪਰਮਾਤਮਾ ਹਰ ਜੀ ਦੇ ਅੰਦਰ ਵਸਦਾ ਹੈ ਇਸ ਲਈ ਉਸ ਨੂੰ ਲੱਭਣ ਲਈ ਬਾਹਰ ਜਾਣ ਦੀ ਲੋੜ ਨਹੀਂ।ਉਸ ਨੂੰ ਅੰਦਰੋਂ ਹੀ ਖੋਜਣਾ ਹੈ। ‘ਖੋਜੇ ਤੇ ਹੀ ਪਾਈਐ ਪੂਰਨ ਪਰਮਨੰਦ॥’ ਇਸ ਲਈ ਖੋਜ ਸਵੈ ਤੋਂ, ਅੰਤਰ ਆਤਮਾ ਤੋਂ, ਆਪੇ ਦੀ ਪਹਿਚਾਣ ਤੋਂ ਸ਼ੁਰੂ ਹੋ ਜਾਂਦੀ ਹੈ। ਸਵੈ ਖੋਜ ਤੇ ਫਿਰ ਸਵੈ ਵਿਚੋਂ ਹੀ ਪ੍ਰਭ ਦੀ ਖੋਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਦਿਸ਼ਾ ਨਿਰਦੇਸ਼ ਅਨੁਸਾਰ ਕਰਨੀ ਹੈ। ਜੇ ਪਰਮਾਤਮਾ ਹਰ ਜੀਵ ਅੰਦਰ ਵਸਦਾ ਹੈ ਤਾਂ ਇਸ ਤੋਂ ਇਹ ਵੀ ਮੰਨਣਾ ਪਵੇਗਾ ਕਿ ਉਹ ਉਹਾਡੇ ਅੰਦਰ ਵੀ ਵਸਦਾ ਹੈ। ਜੇ ਉਹ ਤੁਹਾਡੇ ਅੰਦਰ ਹੀ ਵਸਦਾ ਹੈ ਤਾਂ ਉਸ ਨੂੰ ਅੰਦਰ ਹੀ ਵੇਖਣਾ ਹੈ। ਤੁਹਾਡਾ ਅੰਦਰ ਹੀ ਹੈ ਜਿਸ ਦਾ ਸੋ ਦਰ ਵਿਚ ਇਸ਼ਾਰਾ ਕੀਤਾ ਹੈ।
ਤੁਹਾਡਾ ਅੰਦਰ ਹੀ ਹੈ ਜੋ ਸਚਖੰਡ ਹੈ। ਇਸ ਲਈ ਇਸ ਸੱਚਖੰਡ ਦੇ ਦਰਸ਼ਨ ਕਰਨ ਲਈ ਪਹਿਲਾਂ ਸਚਿਆਰ ਬਣੋ, ਅੰਦਰ ਸੱਚਾ ਸੁਚਾ ਕਰੋ ਤਾਂ ਕਿ ਤੁਹਾਨੂੰ ਉਸ ਦਾ ਖਰਾ ਸੱਚਾ ਸੁਚਾ ਰੂਪ ਸਪਸ਼ਟ ਨਜ਼ਰ ਆ ਸਕੇ ।ਅੰਦਰ ਸੱਚਾ ਸੁਚਾ ਕਰਨ ਲਈ ਬਦੀਆਂ ਕਾਮ ਕਰੋਧ, ਲੋਭ, ਮੋਹ, ਹੰਕਾਰ ਨੂੰ ਮਾਰੋ ਮੋਹ ਮਾਇਆ ਦੇ ਜਕੜ ਵਿਚੋਂ ਨਿਕਲੋ।ਇਸ ਲਈ ਅਪਣਾ ਧਿਆਨ ਇਨ੍ਹਾਂ ਸਭ ਬਦੀਆਂ ਤੋਂ ਦੂਰ ਉਸ ਸੱਚੇ ਦੇ ਸੱਚਖੰਡ ਵਲ ਲੈ ਜਾਣਾ ਹੈ ਤੇ ਉਸ ਬਾਰੇ ਜਾਨਣਾ ਹੈ ।ਸੁਣਕੇ, ਪੜ੍ਹਕੇ, ਗੁਰੂ ਦੀ ਸਿਖਿਆ ਪ੍ਰਾਪਤ ਕਰਕੇ, ਫਿਰ ਉਸ ਦੀ ਹੋਂਦ ਨੂੰ ਅਪਣੇ ਅੰਦਰ ਸਾਰੇ ਜਗਤ ਅੰਦਰ ਸਵੀਕਾਰ ਕਰਨਾ ਹੈ ਉਸ ਦਾ ਮਨਨ ਕਰਨਾ ਹੈ, ਉਸ ਵਲ ਧਿਆਨ ਲਾਕੇ ਉਸ ਨੂਂੰ ਗਾ ਕੇ। ਉਸ ਦੇ ਗੁਣ ਗਾ ਕੇ ਉਸ ਵਰਗਾ ਹੋਣ ਦੀ ਕੋਸ਼ਿਸ਼ ਕਰਨੀ ਹੈ । ਜਿਸਨੂੰ ਤੁਸੀ ਧਿਆਵੋਗੇ, ਪ੍ਰੇਮ ਕਰੋਗੇ ਤੇ ਧਿਆਨ ਵਿਚ ਲਿਆਵੋਗੇ ਤਾਂ ਉਸ ਜਿਹੇ ਹੀ ਹੋ ਜਾਵੋਗੇ।ਤੁਸੀ ਇਕੱਲੇ ਨਹੀਂ ਜੋ ਉਸ ਦੇ ਦਵਾਰ ਵਲ ਵਧ ਰਹੇ ਹੋ, ਉਸ ਦੇ ਗੁਣ ਗਾ ਗਾ ਕੇ ਉਸ ਨੂੰ ਅਪਣਾ ਰਹੇ ਹੋ : ਸਾਰਾ ਜੱਗ ਹੀ ਉਸ ਦੇ ਜੈਕਾਰੇ ਗਜਾ ਰਿਹਾ ਹੈ॥
ਸਭ ਸ੍ਰਿਸਟਿ ਕਰੈ ਜੈਕਾਰਾ॥ ( ਸੋਰਠਿ ਮ: ੫, ਪੰਨਾ ੬੨੧)
ਜੇ ਹਿੰਦੂ ‘ਓਮ’ ਦਾ ਜੈਕਾਰਾ ਗਜਾਉਂਦਾ ਹੈ ਤਾਂ ਮੁਸਲਮਾਨ ‘ਅੱਲਾ ਹੂ ਅਕਬਰ’ ਦੀ ਬਾਂਗ ਦਿੰਦਾ ਹੈ ਇਸਾਈ ‘ਓ ਗਾਡ’ ਦੀ ਦੁਹਾਈ ਦਿਂਦਾ ਹੈ ਤੇ ਸਿੱਖ ‘੧ਓ’ ਦੀ ਧੁਨ ਗਜਾਉਂਦਾ ਹੈ ‘ਵਾਹਿਗੁਰੂ, ਵਾਹਿਗੁਰੂ' ਕਰਦਾ ਹੈ।ਉਸ ਅਕਾਲ ਪੁਰਖ ਨੂੰ ਅਲੰਕਾਰ ਰੂਪ ਦੇ ਕੇ ਉਸ ਦੇ ਦਰ ਤੇ ਖੜ੍ਹੇ ਸਭ ਜੀਵ ਜੰਤੂ, ਇਸ ਲੋਕ ਦੇ, ਮਾਤ ਲੋਕ ਦੇ, ਅਕਾਸ਼ ਲੋਕ ਦੇ, ਦਿਸਣ ਵਾਲੇ, ਨਾ ਦਿਸਣ ਵਾਲੇ ਲੋਕਾਂ ਦੇ ਜੀਵ ਸਭ ਉਸ ਦੇ ਦਰ ਤੇ ਖੜ੍ਹੇ ਉਸ ਦੇ ਹੀ ਗੁਣ ਗਾ ਰਹੇ ਹਨ:
ਗੁਰੂ ਜੀ ਫੁਰਮਾਉਂਦੇ ਹਨ ਕਿ ਜੀਵਾਂ ਜੰਤੂਆਂ ਦੀ ਉਤਪਤੀ ਕਰਕੇ ਉਹ ਹੀ ਸਭ ਨੂੰ ਸੰਭਾਲਦਾ ਵੀ ਹੈ:
ਨਾਨਕ ਜੰਤ ਉਪਾਇਕੈ ਸੰਮਾਲੇ ਸਭਨਾਹ॥ (ਵਾਰ ਆਸਾ ਮ: ੧, ਪੰਨਾ ੮੭੭)
ਸ੍ਰੀ ਗੁਰੂ ਨਾਨਕ ਦੇਵ ਜੀ ਜਦ ਗੁਣ ਗਾਉਣ ਵਾਲਿਆ ਦੀ ਉਸਤਤ ਕਰ ਚੁੱਕੇ ਤਾਂ ਫਿਰ ਸਿੱਖ ਦੇ ਦਿਲ ਤੇ ਈਸ਼ਵਰ ਤੇ ਉਹਦੇ ਬੰਦਿਆਂ ਦੀ ਵਡਿਆਈ ਦੀ ਮੋਹਰ ਲਾਉਣ ਲਈ ਉਨ੍ਹਾਂ ਨਿਰੰਕਾਰ ਦੀ ਸਨਮੁਖ ਉਸਤਤ ਕੀਤੀ। ਪਰਮਾਤਮਾ ਨੇ ਸਾਰੀ ਰਚਨਾ ਤਾਂ ਕਰ ਦਿਤੀ ਹੁਣ ਉਹ ਉਸ ਸਾਰੀ ਰਚਨਾ ਦੀ ਦੇਖ ਰੇਖ ਕਿਵੇਂ ਤੇ ਕਿਥੋਂ ਕਰ ਰਿਹਾ ਹੈ? ਉਹ ਸਥਾਨ ਕਿਹੋ ਜਿਹਾ ਹੈ ਜਿਥੇ ਬਹਿਕੇ ਉੁਹ ਸਭ ਦੀ ਸੰਭਾਲ ਕਰਦਾ ਹੈ? ਇਸ ਵਿਚ ਅਸਚਰਜ ਸਾਫ ਹੈ। ਅਸਚਰਜਤਾ ਉਸ ਦੀ ਅਨੂਪਤਾ ਵਿਚ ਹੈ, ਵਿਲੱਖਣਤਾ ਵਿਚ ਹੈ ।ਉਸ ਦੇ ਦਰ ਤੇ ਪਹੁੰਚਣਾ, ਸਚਖੰਡ ਦੇ ਦੁਆਰ ਪਹੁੰਚਣਾ ਨਿਸ਼ਚਿਤ ਕਰਨਾ ਹੈ, ਇਸ ਲਈ ਉਸ ਦਾ ਇਹ ਦਰ ਕਿਹੋ ਜਿਹਾ ਹੈ ਇਹ ਵੀ ਜਾਨਣਾ ਜ਼ਰੂਰੀ ਹੈ
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਵਿਸਮਾਦੀ ਰੰਗ ਵਿਚ ਰੰਗਿਆ ਉਦਾਸੀ ਹੋਇਆ ਸੰਤ ਅਰਜ਼ੋਈਆਂ ਕਰ ਰਿਹਾ ਹੈ ਕਿ ਕੋਈ ਆ ਕੇ ਦਸੇ ਕਿ ਪਰਮਾਤਮਾ ਦੇ ਘਰ ਦਾ, ਸਚਖੰਡ ਦਾ, ਦਰ ਕਿਹੜਾ ਹੈ ਜਿਥੇ ਬਹਿ ਕੇ ਉਹ ਅਣਗਿਣਤ ਜੀਵਾਂ ਨੂੰ ਸੰਭਾਲਦਾ ਹੈ
ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ॥(ਰਾਮਕਲੀ ਮ: ੧, ਪੰਨਾ ੮੭੭)
ਇਸੇ ਅਸਚਰਜਤਾ ਤੇ ਵਿਲੱਖਣਤਾ ਨੂੰ ਬਿਆਨਣ ਦੇ ਸਬੰਧ ਵਿਚ ਗੁਰੂ ਜੀ ਪਰਮਾਤਮਾ ਦਾ ਦਰ ਘਰ ਕਿਹੋ ਜਿਹਾ ਹੈ ਇਸ ਬਾਰੇ ਵਿਸਮਾਦੀ ਰੰਗ ਵਿਚ ਬਿਆਨਦੇ ਕਹਿੰਦੇ ਹਨ ਕਿ ਤੇਰੀ ਸਿਫਤ ਸਲਾਹ ਤੇ ਗੁਣ ਗਾਣ ਲਈ ਕਿਤਨੇ ਹੀ ਭਾਵ ਬੇਅੰਤ ਗਾਉਣ ਵਾਲੇ ਹਨ ਜੋ ਪਰੀਆਂ ਵਰਗੇ ਉਤਮ ਰਾਗਾਂ ਰਗਣੀਆਂ ਵਿਚ ਗਾਉਂਦੇ ਹਨ ਤੇ ਅਸੰਖਾਂ ਅਨੇਕਾਂ ਨਾਦ ਨਾਲ ਤਾਲ ਦੇਈ ਜਾ ਰਹੇ ਹਨ ਜਿਨ੍ਹਾਂ ਨੂੰ ਵਜਾਉਣ ਵਾਲੇ ਵੀ ਅਨੇਕਾਂ ਹਨ। ਪਰਮਾਤਮਾ ਦੀ ਇਹ ਲੀਲਾ ਦਾਸ ਨੇ ਧਰਮਸਾਲਾ (ਹਿਮਾਚਲ) ਨੇੜੇ ਇਕ ਪਹਾੜੀ ਤੋਂ ਰਾਤ ਨੂੰ ਲੱਗੀ ਸੈਨਿਕ ਡਿਉਟੀ ਸਮੇਂ ਵੇਖੀ ਜਦੋਂ ਰਾਤ ਪੈਣ ਤੇ ਅਚਾਨਕ ਹੀ ਬੇਅੰਤ ਬੀਂਡਿਆਂ ਨੇ ਸਾਰੀ ਵਾਦੀ ਵਿਚੋਂ ਇਕ ਰਾਗ ਵਿਚ ਗਾਉਣਾ ਸ਼ੁਰੂ ਕੀਤਾ ਤੇ ਫਿਰ ਟਟਹਿਣਿਆਂ ਨੇ ਅਪਣੀਆਂ ਟਿਮਟਿਮਾਹਟ ਨਾਲ ਇਕ ਰੋਸਨਿ ਦਾ ਸਮੁੰਦਰ ਬਣਾ ਦਿਤਾ। ਮੀਲਾਂ ਤਕ ਫੈਲੇ ਹੋਏ ਇਸ ਵਿਸਮਾਦੀ ਦ੍ਰਿਸ਼ ਵਿਚ ਗੜੂੰਦੇ ਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੀ ਇਸ ਖਤਰਨਾਕ ਇਲਾਕੇ ਵਿਚ ਲੱਗੀ ਡਿਉਟੀ ਦਾ ਸਮਾਂ ਇਕ ਖੁਸ਼ਗਵਾਰ ਮਾਹੌਲ ਵਿਚ ਕਿਵੇਂ ਨਿਕਲ ਗਿਆ। ਉਸ ਸਮੇਂ ਬੀਡੇ ਤਾਂ ਕੀ ਹਵਾ ਵੀ ਮੈਨੂੰ ਇਕ ਵਿਸਮਾਦੀ ਗੀਤ ਗੁਣਗੁਣਾਉਂਦੀ ਉਨ੍ਹਾਂ ਦੇ ਨਾਲ ਤਾਲ ਦਿੰਦੀ ਲੱਗੀ। ਅਚਰਜ, ਅਦਭੁਤ ਦ੍ਰਿਸ਼ ਮਨ-ਮਸਤਕ ਵਿਚ ਅਜੇ ਵੀ ਉਵੇਂ ਛਪਿਆ ਹੋਇਆ ਹੈ ਉਹ ਅਗੰਮੀ ਦ੍ਰਿਸ਼।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
ਪੌਣ ਪਾਣੀ ਅਗਨੀ ਸਭ ਉਸੇ ਦੇ ਹੀ ਗੀਤ ਗਾਉਂਦੇ ਹਨ । ਪਰਮਾਤਮਾ ਦੇ ਦੁਆਰੇ ਬੈਠਾ ਧਰਮਰਾਜ ਵੀ ਉਸਦੀ ਉਪਮਾ ਵਿਚ ਗੀਤ ਗਾ ਰਿਹਾ ਹੈ।ਪਉਣ ਤੋਂ ਭਾਵ ਸਭ ਹਵਾਵਾਂ ਤੇ ਸਾਰੀਆਂ ਅਗਨੀਆਂ ਜੋ ਵੱਖ ਖੰਡਾਂ ਬ੍ਰਹਿਮੰਡ ਵਿਚ ਵਗ ਰਹੀਆਂ ਹਨ। ਜੋ ਪਉਣ ਤੇ ਅਗਨੀ ਦੀ ਬੋਲੀ ਸਮਝਦੇ ਹਨ ਉਹ ਪਹਿਚਾਣ ਲੈਂਦੇ ਹਨ ਇਨ੍ਹਾ ਦੇ ਗੀਤ ਜੋ ਇਹ ਵਾਹਗੁਰੂ ਦੀ ਉਪਮਾ ਵਿਚ ਗਾਉਂਦੇ ਹਨ। ਕਈ ਕਵੀਆਂ ਨੇ ਇਨ੍ਹਾਂ ਨੂੰ ਬਿਆਨਿਆ ਵੀ ਹੈ। ਇਨ੍ਹਾਂ ਗੁਣਾਂਤੋਂ ਪਰਮਾਤਮਾ ਦੀ ਬੇਅੰਤਤਾ ਦਾ ਭਾਵ ਪ੍ਰਤੀਤ ਹੁੰਦਾ ਹੈ। ਜੇਕਰ ਕੋਰੀ ਰਾਗ ਅਲਾਪਦਾ ਹੈ, ਰਾਗ ਨੂੰ ਸੁਣ ਕੇ ਸੁਰਤੀ ਇਕਾਗਰ ਹੋ ਜਾਂਦੂ ਹੈ, ਰਭ ਨਾਲ ਸੁਰਤ ਜੁੜ ਜਾਂਦੀ ਹੈ। ਪਉਣ ਕਈ ਪ੍ਰਕਾਰ ਦੀ ਹੈ, ਕਹਾਵਤ ਹੇ ਹਰ ਬਾਰਾਂ ਕੋਹ ਤੇ ਪੌਣ ਬਦਲਦੀ ਹੈ, ਬੋਲੀ ਬਦਲਦੀ ਹੈ, ਅਕਾਸ਼ ਵਿਚ ਕਿਤਨੀਆਂ ਹਵਾਵਾਂ ਹਨ। ਧਰਤੀ ਤੋਂ ਦੋ ਸੌ ਮੀਲ ਦੂਰ ਜਾ ਕੇ ਹਵਾ ਦਾ ਅਲਗ ਤਰ੍ਹਾਂ ਦਾ ਵਾਯੂ ਮੰਡਲ ਹੈ ਜਿੱਥੇ ਖੜ੍ਹੀ ਕੀਤੀ ਵਸਤੂ ਖੜ੍ਹੀ ਹੀ ਰਹਿੰਦੀ ਹੈ, ਨਾ ਉਪਰ ਜਾਵੇ ਨਾ ਥੱਲੇ ਆਵੇ।ਹਰ ਦੂਸਰੇ ਗ੍ਰਹਿ ਦੀ, ਹਰ ਦੂਸਰੇ ਮੰਡਲ ਦੀ ਪਉਣ ਵਖਰੀ ਹੈ, ਇਸ ਲਈ ਪਉਣ ਇਕ ਦੀ ਥਾਂ ਬਹੁ ਵਚਨ ਵਿਚ ਬਿਆਨੀ ਹੈ । ਇਸੇ ਤਰ੍ਹਾਂ ਪਾਣੀ ਵੀ ਅਨੇਕ ਹਨ, ਕਿਤੇ ਮਿਠੇ, ਕਿਤੇ ਖਾਰੇ, ਕਿਤੇ ਸਫੇਦ, ਕਿਤੇ ਮਿਟਿਆਲੇ, ਕਿਤੇ ਨੀਲੇ ਕਿਤੇ ਕਾਲੇ। ਵਹਿਣ ਵੀ ਅਨੇਕਾਂ ਹਨ, ਸਮੁੰਦਰਾਂ ਦੇ ਅੰਦਰ ਵੀ ਵਹਿਣ ਵਖਰੇ ਹਨ । ਕਿਤੇ ਸ਼ਾਂਤ ਪਾਣੀ ਹਨ ਕਿਤੇ ਉਬਲਦੇ। ੁਕਤਨੇ ਇਤਨੇ ਤੇਜ਼ ਕਿ ਸ਼ਹਿਰ ਹੀ ਰੁੜ੍ਹਾ ਕੇ ਲੈ ਜਾਂਦੇ ਹਨ, ਕਿਤੇ ਨਹਿਰਾਂ ਵਿਚ ਬੰਨੇ੍ਹ ਹੋਏ ਹਨ, ਕਿਤੇ ਪੀਣ ਵਾਲੇ ਹਨ ਕਿਤੇ ਗੰਧਲੇ ਕਿਤੇ ਗੰਦੇ ਬੁਸੇ ਹੋਏ। ਇਸ ਲਈ ਪਾਣੀਆਂ ਦੀਆਂ ਵੰਨਗੀਆਂ ਵੀ ਘਟ ਨਹੀਂ। ਇਸੇ ਤਰਾਂ ਅਗਨੀਆਂਵੀ ਵਖ ਵੱਖ ਹਨ, ਸੂਰਜ ਦੀ ਅਗਨੀ ਜੋ ਗਰਮੀ ਤੇ ਰੋਸ਼ਨੀ ਦਿੰਦੀ ਹੈ। ਧਰਤੀ ਦੇ ਅੰਦਰ ਦੀ ਅਗਨੀ ਜੋ ਜਵਾਲਾਮੁਖੀਆਂ ਨੂੰ ਜਨਮ ਦਿੰਦੀ ਹੈ। ਚੁਲਿ੍ਹਆਂ ਦੀ ਅਗਨੀ ਜੋ ਖਾਣਾ ਬਣਾਉਂਦੀ ਹੇ। ਜੰਗਲ ਦੀ ਅਗਨੀ ਜੋ ਜੰਗਲ ਸਾੜ ਸੁਟਦੀ ਹੈ, ਹਵਨ ਦੀ ਅਗਨੀ ਜੋ ਪਵਿਤ੍ਰਤਾ ਫੈਲਾਂਦੀ ਹੈ। ਅਸਚਰਜ ਹੀ ਅਸਚਰਜ ਹੁੰਦਾ ਹੈ ਇਨ੍ਹਾ ਹਵਾਵਾਂ.ਪਾਣੀਆਂ ਤੇ ਅਗਨੀਆਂ ਦੀਆਂ ਵੰਨਗੀਆਂ ਵੇਖ ਵੇਖ ਤੇ ਇਹ ਸਭ ਪਰਮਤਮਾ ਦੇ ਹੁਕਮ ਥਲੇ ਹਨ ਸਭ ਉਸੇ ਦੇ ਹੀ ਗੁਣ ਗਾਉਂਦੇ ਹਨ।ਧਰਮ ਰਾਜ ਤੋਂ ਇਥੇ ਸੰਬੋਧਨ ਉਸਦੇ ੨੪ ਘੰਟੇ ਹਰ ਥਾਂ ਹਾਜ਼ਿਰ ਰਹਿਣ ਤੇ ਅਪਣਾ ਧਰਮ ਨਿਭਾਉਣ ਤੋਂ ਵੀ ਹੈ। ਉਸਦਾ ਧਰਮ ਲਗਾਤਾਰ ਇਨਸਾਫ ਦਾ ਹੈ ਜਿਸ ਲਈ ਉਸ ਨੂੰ ਹਰ ਥਾਂ ਹਰ ਵੇਲੇ ਹਾਜ਼ਿਰ ਹੋਣਾ ਹੁੰਦਾ ਹੈ ਤੇ ਹਰ ਵੇਲੇ ਹਰ ਇਕ ਨਾਲ ਲਗਾਤਾਰ ਇਨਸਾਫ ਨਿਭਾਉਣਾ ਹੁੰਦਾ ਹੈ। ਇਹ ਸਭ ਪਰਮਾਤਮਾ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ ਇਸ ਲਈ ਧਰਮ ਰਾਜ ਪਰਮਾਤਮਾ ਦੇ ਲਗਾਤਾਰ ਗੁਣ ਗਾਉਂਦਾ ਰਹਿੰਦਾ ਹੈ ਤੇ ਪ੍ਰਾਰਥਨਾ ਕਰਦਾ ਹੈ ਕਿ ਉਸ ਤੋਂ ਕੋਈ ਭੁਲ ਨਾ ਹੋ ਜਾਵੇ। ਭਾਵੇਂ ਕਿ ਇਹ ਸਭ ਕਲਪਿਤ ਹੈ ਪਰ ਵਾਹਿਗੁਰੂ ਦੇ ਨਿਜ਼ਾਮ ਨੂੰ ਸੌਖੀ ਤਰ੍ਹਾਂ ਸਮਝਣ ਲਈ ੁਨਸ਼ਾਨੀਆਂ ਜ਼ਰੂਰ ਘੜੀਆਂ ਗਈਆਂ ਹਨ।
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਚਿਤਰਗੁਪਤ ਜੋ ਜੀਵਾਂ ਦਾ ਲੇਖਾ ਰਖਦਾ ਮੰਨਿਆ ਗਿਆ ਹੈ ਤੇ ਜਿਸ ਦੇ ਲਿਖੇ ਤੇ ਧਰਮਰਾਜ ਨਿਆਂ ਕਰਦਾ ਹੈ ਉਹ ਵੀ ਪਰਮਾਤਮਾ ਦੀ ਮਹਿਮਾ ਗਾ ਰਿਹਾ ਹੈ।ਹਰ ਜੀ ਦੇ ਕਰਮਾਂ ਦਾ ਹਿਸਾਬ ਕਿਤਾਬ ਨਾਲੋ ਨਾਲ ਹੋਈ ਜਾਂਦਾ ਹੈ। ਇਕ ਮਾਨਤਾ ਅਨੁਸਾਰ ਜੀਵ ਦੇ ਕਰਮਾ ਦਾ ਲੇਖਾ ਚਿਤੁ ਗੁਪਤ ਕਰਦਾ ਹੈ ਭਾਵ ਜੋ ਚਿਤ ਵਿਚ ਗੁਪਤ ਤੌਰ ਤੇ ਵਸਿਆ ਹੋਇਆ ਹੈ।ਸੀ ਆਈ ਡੂ ਵਾਂਗ ਹਾ ਜੀਵ ਦਾ ਹਿਸਾਬ ਚਿਤ ਗੁਪਤ ਨਾਲੋ ਨਾਲ ਕਰੀ ਜਾਂਦੇ ਹਨ ਜਿਨ੍ਹਾਂ ਨੂੰ ਧਰਮਰਾਜ ਪੜ੍ਹ ਕੇ, ਵਿਚਾਰ ਕੇ ਭਾਵ ਚੰਗੇ ਮੰਦੇ ਕਰਮਾ ਬਾਰੇ ਸੋਚ ਵਿਚਾਰ ਕਰਕੇ ਨਾਪ ਤੋਲ ਕੇ ਫਲ ਦੇਈਂ ਜਾਂਦਾ ਹੈ
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
ਸ਼ਿਵਜੀ, ਬ੍ਰਹਮਾ ਤੇ ਦੇਵੀ ਪਰਮਾਤਮਾ ਦੀ ਸ਼ੋਭਾ ਗਾਉਂਦੇ ਹਨ ਤੇ ਉਸੇ ਦੇ ਹੀ ਸਵਾਰੇ ਸਦਾ ਸ਼ੋਭਨੀਕ ਹਨ।ਤਿੰਨੇ ਮਹਾਨ ਦੇਵਤੇ ਤੇ ਰਿਨ੍ਹਾਂ ਦੇ ਘਰ ਵਾਲੀਆਂ ਲਛਮੀ, ਸਰਸਵਤੀ ਤੇ ਪਾਰਬਤੀ ਇਹ ਸਾਰੇ ਹੀ ਵਾਹਿਗੁਰੂ ਦੇ ਗੁਣ ਗਾ ਰਹੇ ਹਨਭਾਵ ਪਰਮਾਤਮਾ ਦੇ ਹੁਕਮ ਵਿਚ ਵਾਰ ਵਾਰ ਨਮਸਕਾਰ ਕਰਦੇ ਹੋਏ ਉਸਦੀ ਸ਼ੋਭਾ ਗਾਉਂਦੇ ਹਨ ਤੇ ਉਸ ਦੀ ਹੋਂਦ ਦਾ ਪਤਾ ਦੇ ਰਹੇ ਹਨ। ਸਾਰੇ ਦੇਵੀ ਦੇਵਤੇ ਉਸ ਵਾਹਿਗੁਰੂ ਦੇ ਹੀ ਬਣਾਏ ਹੋਏ ਹਨ ਤੇ ਆਪੋ ਅਪਣੀ ਥਾਂ ਸ਼ੋਭਨੀਕ ਹਨ। ਇੰਦਰਾਸਣ (ਸੁਰਗ ਦੀ ਰਾਜ ਗੱਦੀ ਤੇ ਬੈਠੇ) ਸਮੇਤ ਉਸਦੇ ਦਰ ਤੇ ਖੜ੍ਹੇ ਦੇਵਤਿਆਂ ਦੇ ਇੰਦਰ ਵੀ ਤੈਨੂੰ ਹੀ ਗਾ ਰਹੇ ਹਨ।ਸਿੱਧ ਅਪਣੀ ਸਮਾਧੀ ਅੰਦਰ ਤੇ ਸਾਧ ਲੋਕ ਅਪਣੇ ਵੀਚਾਰਾਂ ਦੁਆਰਾ ਤੇਰਾ ਹੀ ਜਸ ਪ੍ਰਗਟ ਕਰ ਰਹੇ ਹਨ। ਜਤੀ, ਸਤੀ ਤੇ ਸੰਤੋਖੀ ਪੁਰਸ਼ ਤੈਨੂੰ ਗਾ ਰਹੇ ਹਨ ਤੇ ਕਰਾਰੇ (ਤਕੜੇ ਬਲੀ) ਸੂਰਮੇ ਤੇਰੀ ਹੀ ਸ਼ੋਭਾ ਫੈਲਾ ਰਹੇ ਹਨ।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
ਪੜ੍ਹੇ ਲਿਖੇ ਵਿਦਵਾਨ ਪੰਡਿਤ ਤੇ ਜੋ ਵੇਦ ਪੜ੍ਹਦੇ ਹਨ, ਸ਼ਿਰੋਮਣੀ ਰਿਖੀ ਭਾਵ ਰਿਸ਼ੀਆਂ ਤਪਸਵੀਆਂ ਦੇ ਆਗੂ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ। ਪੰਡਿਤ ਤੇ ਰਿਸ਼ੀ ਜਿਨ੍ਹਾਂ ਨੇ ਵੇਦ ਰਚੇ (ਜਿਵੇਂ ਸਾਮ ਵੇਦ ਬਾਰੇ ਕਿਹਾ ਹੈ “ਸਾਮ ਕਹੈ ਸੇਤੰਬਰ ਸੁਆਮੀ॥” (ਪੰਨਾ ੪੭੦) ਸਾਮ ਵੇਦ ਵਿਚ ਸੇਤੰਬਰ, ਚਿਟੇ ਕਪੜਿਆਂ ਵਾਲਾ ਰਿਸ਼ੀ ਦਾ ਸੁਆਮੀ ਗੁਰੂ ਦੁਆਲਕ) ਤੇ ਵਖ ਵਖ ਯੁਗਾਂ ਵਿਚ ਰਚੇ ਵੇਦ ਜੁਗਾਂ ਅਨੁਸਾਰ ਤੇਰੇ ਹੀ ਗੁਣ ਗਾ ਰਹੇ ਹਨ, ਤੇਰਾ ਹੀ ਜਸ ਕਰ ਰਹੇ ਹਨ।ਸੁਰਗ, ਮਾਤ ਲੋਕ ਤੇ ਪਤਾਲ ਦੀਆਂ ਸੁੰਦਰ ਇਸਤ੍ਰੀਆਂ ਮਨ ਨੂੰ ਲੁਭਾ ਲੈਂਦੀਆਂ ਹਨ, ਉਹ ਵੀ ਅਪਣੀ ਸੁੰਦਰਤਾ ਦੁਆਰਾ ਤੇਰੀ ਮਹਿਮਾ ਹੀ ਕਰ ਰਹੀਆਂ ਹਨ: ਮਨ ਮੋਹਨਿ=ਮਨ ਨੁੰ ਮੋਹ ਲੈਣ ਵਾਲੀਆਂ: ਮਛ= ਮਾਤ ਲੋਕ ਦੀਆਂ: ਪਇਆਲ= ਪਾਤਾਲ ਲੋਕ ਦੀਆਂ।ਤੇਰੇ ਪੈਦਾ ਕੀਤੇ ਹੋਏ ਰਤਨ ਆਪਣੀ ਅਮੋਲਕਤਾ ਦੁਆਰਾ ਤੇ ਅਠਾਹਠ ਤੀਰਥ ਆਪਣੇ ਥਾਵਾਂ ਦੇ ਸੁਹਪਣ ਦੁਆਰਾ ਤੇਰੀ ਹੀ ਵਡਿਆਈ ਕਰ ਰਹੇ ਹਨ।
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥

ਯੋਧੇ ਤੇ ਵੱਡੇ ਤਾਣ ਵਾਲੇ ਸੂਰਮੇ ਆਪਣੇ ਬਲ ਦੁਆਰਾ ਤੇ ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ ਤੇ ਉਤਭੁਜ) ਆਪਣੀ ਆਪਣੀ ਅਧਿਭੁਤਤਾ ਦੂਆਰਾ ਤੇਰੀਆਂ ਅਸਚਰਜ ਸ਼ਕਤੀਆਂ ਦਾ ਪਤਾ ਦੇ ਰਹੇ ਹਨ:
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
ਦੇਸ (ਜਿਵੇਂ ਭਾਰਤ ਖੰਡ ਵਾਂਗ ਸਾਰ ਦੇਸ), ਮੰਡਲ (ਜਿਵੇਂ ਸੂਰਜ ਮੰਡਲ ਵਾਂਗ ਸਾਰੇ ਮੰਡਲ) ਤੇ ਬ੍ਰਹਿਮੰਡ (ਸਾਰੀਆਂ ਧਰਤੀਆਂ, ਚੰਨ, ਸੂਰਜ ਆਦਿ) ਜੋ ਤੇਰੇ ਸਾਜੇ ਹੋਏ ਹਨ ਜਿਨ੍ਹਾਂ ਨੂੰ ਤੂੰ ਹੀ ਆਸਰਾ ਦਿਤਾ ਹੋਇਆ ਹੈ ਤੇਰੇ ਕੋਤਕ ਹੀ ਦਸ ਰਹੇ ਹਨ:
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਉਹ ਸਭ ਤੇਨ੍ਹੰ ਹੀ ਗਾਉਂਦੇ ਹਨ ਜੋ ਤੈਨੂੰ ਚੰਗੇ ਲਗਦੇ ਹਨ ਤੇ ਤੇਰੀ ਇਛਾ ਦੇ ਪਾਤਰ ਤੇਰੇ ਬਾਰੇ ਗਾਉਣ ਲਗਦੇ ਹਨ। ਉਹ ਹੀ ਤੇਰੇ ਵਿਚ ਪ੍ਰੀਤ ਕਰਨ ਵਾਲੇ ਸੁੰਦਰ ਭਗਤ ਹਨ।ਭਾਵ ਗਾ ਤਾਂ ਸਾਰੀ ਸ਼੍ਰਿਸ਼ਟੀ ਰਹੀ ਹੈ ਪਰ ਅਸਲ ਗਾਉਣ ਤਾਂ ਉਨ੍ਹਾਂ ਦਾ ਹੈ ਜਿਨ੍ਹਾਂ ਦਾ ਗਾਉਣਾ ਪਰਮਾਤਮਾ ਨੂੰ ਭਾ ਜਾਵੇ।ਰਸਾਲੇ=ਨਾਮ ਰਸ ਨਾਲ ਭਰਪੂਰ । ਤੇਰੇ ਗੁਣ ਗਾਉਣ ਵਾਲੇ ਹੋਰ ਕਿਤਨੇ ਹੀ ਹਨ ਜੋ ਮੈਨੂੰ ਯਾਦ ਨਹੀਂ ਆ ਰਹੇ, ਮੇਰੀ ਗਿਆਨ ਸ਼ਕਤੀ ਤੋੰ ਬਾਹਰ ਹਨ ਤੇ ਜਾਨਣ ਦੇ ਘੇਰੇ ਤੋਂ ਬਾਹਰ ਹਨ ਉਬ੍ਹਾਂ ਦੀ ਕੀ ਵੀਚਾਰ ਹੋਵੇ?
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਉਹੀ ਜੋ ਸਦਾ ਸਥਿਰ ਰਹਿਣ ਵਾਲਾ ਹੈ, ਸੱਚਾ ਮਾਲਿਕ ਹੈ, ਉਸਦੀ ਵਡਿਆਈ ਵੀ ਸੱਚੀ ਹੇ । ਉਹ ਸਾਹਿਬ ਜਿਸਨੇ ਰਚਨਾ ਰਚੀ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅਗੋਂ ਵੀ ਹੋਵੇਗਾ; ਉਹ ਰਚਨਾ ਦੇ ਨਾਸ ਹੋਣ ਤੇ ਵੀ ਨਾਸ ਨਹੀ ਹੋਵੇਗਾ। ਉਹ ਤਾਂ ‘ਸਦਾ ਸਦਾ ਦਾਤਾਰ’ ਹੈ:
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਉਹ ਸਾਹਿਬ ਕਿਹੋ ਜਿਹਾ ਹੈ ਜਿਸਨੇ ਰੰਗ ਰੰਗ ਦੀ ਭਾਂਤ ਭਾਂਤ ਦੀ ਜਿਨਸ ਜਿਨਸ ਦੀ ਰਚਨਾ ਮਾਇਆ ਦੁਆਰਾ ਰਚੀ ਹੈ, ਫਿਰ ਰਚਕੇ ਆਪਣੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ। ਸੰਭਾਲ ਵੀ ਮਾਮੂਲੀ ਨਹੀਂ ਆਪਣੀ ਵਡਿਆਈ ਅਨੁਸਾਰ ਹੀ ਸੰਭਾਲ ਕਰ ਰਿਹਾ ਹੈ। ਰਬ ਦੀ ਸੰਭਾਲ ਉਸ ਦੀ ਬਜ਼ੁਰਗੀ ਅਨੁਸਾਰ ਹੈ, ਜਿਨਾ ਵੱਡਾ ਉਹ ਆਪ ਹੈ ਉਹੋ ਜਿਹੀ ਉਸਦੀ ਸੰਭਾਲ ਹੈ।ਅਰਥਾਤ ਛੋਟੇ ਆਦਮੀ ਸੰਭਾਲ ਭੀ ਕੀ ਕਰ ਸਕਦੇ ਹਨ।ਉਹ ਆਪਣੀ ਵਡੀ ਹੈਸੀਅਤ ਮੁਤਾਬਕ ਸਭ ਕਰ ਕਰ ਕੇ ਵੇਖ ਰਿਹਾ ਹੈ।ਜੋ ਉਸਨੂੰ ਭਾਵੇਗਾ, ਉਹੀ ਕਰੇਗਾ, ਉਹਦੇ ਕੀਤੇ ਵਿਰੁਧ ਕੋਈ ਹੁਕਮ ਨਹੀਂ ਚਲਦਾ:
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਾਰੇ ਪਾਤਸ਼ਾਹ ਉਸ ਦੇ ਥਲੇ ਹਨ ਉਸੇ ਦੇ ਹੀ ਬਣਾਏ ਹੋਏ ਹਨ। ਇਥੇ ਆ ਕੇ ਇਕ ਸੰਸਾ ਫੁਰ ਪੈਂਦਾ ਹੈ ਕਿ ਕੀ ਮਨੁੱਖ ਨੇ ਸਦਾ ਉਹਦਾ ਗੁਲਾਮ ਹੀ ਰਹਿਣਾ ਹੈ? ਗੁਰੂ ਜੀ ਕਹਿੰਦੇ ਹਨ ਇਹ ਗੁਲਾਮੀ ਨਹੀਂ, ਉਹ ਪੁਰਸ਼ ਜੋ ਰਜ਼ਾ ਵਿਚ ਰਹਿੰਦਾ ਹੈ ਪਾਤਸ਼ਾਹ ਹੈ ਸਗੋਂ ਪਾਤਸ਼ਾਹਾਂ ਦਾ ਭੀ ਸਾਹਿਬ ਹੈ। ਕਿਉਂਕਿ ਈਸ਼ਵਰ ਦਾ ਹੁਕਮ ਮੰਨਣਾ ਸਦਾ ਰਹਿਣ ਵਾਲੀ ਆਜ਼ਾਦੀ ਦਿੰਦਾ ਹੈ ਨਾ ਮੰਨਣਾ ਵਿਸ਼ਿਆਂ ਦੀ ਗੁਲਾਮੀ ਵਿਚ ਫਸਾਈ ਰਖਦਾ ਹੈ।
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥ ੨੭ ॥
.