.

ਕਾਜੀ ਬੋਲਿਆ ਬਨਿ ਨਹੀ ਆਵੈ॥ …

ਮਨੁੱਖਾ ਸਮਾਜ ਵਿੱਚ ਦੋ ਅਜਿਹੀਆਂ ਸ਼੍ਰੇਣੀਆਂ ਵਿਚਰਦੀਆਂ ਹਨ ਜਿਨ੍ਹਾਂ ਦੇ ਹੱਡ-ਰੱਖ ਲੋਕ ਆਪਣੇ ਨਿਰਬਾਹ ਲਈ ਕੱਖ ਤੋੜ ਕੇ ਰਾਜ਼ੀ ਨਹੀਂ ਹਨ; ਸਗੋਂ, ਦੂਸਰਿਆਂ ਦੀ ਹੱਡ-ਭੰਨਵੀਂ ਕਿਰਤ ਕਮਾਈ ਜ਼ੋਰ-ਜ਼ੁਲਮ ਅਤੇ ਛਲ-ਕਪਟ ਨਾਲ ਖੋਹ-ਠੱਗ ਕੇ ਖਾਂਦੇ ਤੇ ਅਯਾਸ਼ ਜੀਵਨ ਜੀਉਂਦੇ ਹਨ। ਇਨ੍ਹਾਂ ਲੋਕਾਂ ਦੀ ਮਾਨਸਿਕਤਾ ਤਿੰਨ ਗੱਗਿਆਂ (ਗੋਗੜ, ਗੋਲਕ ਤੇ ਗੱਦੀ) ਦੀ ਗ਼ੁਲਾਮ ਹੁੰਦੀ ਹੈ। ਆਤਮਗਿਆਨ ਹੀਣੇ ਇਹ ਮਨਮਤੀਏ ਲੋਕ ਸਾਰਾ ਜੀਵਨ ਆਪਣੇ ਮੈਲੇ ਮਨ ਤੇ ਭੁੱਖੜ ਤਨ ਨੂੰ ਤ੍ਰਿਿਪਤ ਕਰਨ ਦੀ ਨਾਪਾਕ ਕੋਸ਼ਿਸ਼ ਵਿੱਚ ਹੀ ਗੁਜ਼ਾਰ ਦਿੰਦੇ ਹਨ। ਜ਼ੋਰ-ਜ਼ੁਲਮ ਤੇ ਛਲ-ਕਪਟ ਨਾਲ ਹੱਥਿਆਈ ਸੱਤਾ ਤੇ ਮਾਇਆ ਕਾਰਣ ਇਹ ਲੋਕ ਹਉਮੈਂ ਦੇ ਦੀਰਘ ਰੋਗ ਦੇ ਮਰੀਜ਼ ਬਣ ਜਾਂਦੇ ਹਨ। ਹਉਮੈਂ-ਰੋਗ ਦੇ ਮਾਰੂ ਅਸਰ ਹੇਠ, ਇਨ੍ਹਾਂ ਨੂੰ ਗ਼ਰੀਬ ਨਿਮਾਣਿਆਂ ਉੱਤੇ ਹੁਕਮ ਝਾੜਨ ਦਾ ਝੱਸ ਪੈ ਜਾਂਦਾ ਹੈ। ਇਹ ਦੋ ਸ਼੍ਰੇਣੀਆਂ ਹਨ: ਸ਼ਾਸਕ ਤੇ ਪੁਜਾਰੀ! ਸ਼ਾਸਕ ਖ਼ੂਨ-ਖ਼ਵਾਰ ਦ੍ਰਿੰਦਿਆਂ ਵਾਂਙ ਜ਼ੋਰ-ਜ਼ੁਲਮ ਨਾਲ ਮਾਸੂਮ ਲੋਕਾਂ ਦੇ ਸਰੀਰਾਂ ਉੱਤੇ ਰਾਜ ਕਰਦੇ ਤੇ ਉਨ੍ਹਾਂ ਨੂੰ ਨੋਚ ਨੋਚ ਕੇ ਖਾਂਦੇ ਹਨ। ਇਨ੍ਹਾਂ ਵਾਸਤੇ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ: "ਰਾਜੇ ਸੀਹ ਮੁਕਦਮ ਕੁਤੇ…"। ਦੂਜੇ ਹਨ ਪੁਜਾਰੀ: ਪੁਜਾਰੀ ਮਨੁੱਖਾਂ ਨੂੰ ਗ਼ੈਬੀ ਡਰ ਨਾਲ, ਅਤੇ ਪਦਾਰਥਕ ਪ੍ਰਾਪਤੀਆਂ ਤੇ ਦੁਨਿਆਵੀ ਖ਼ੁਸ਼ੀਆਂ ਦਾ ਸਬਜ਼ ਬਾਗ਼ ਦਿਖਾ ਕੇ ਮਾਨਸਿਕ ਤੌਰ `ਤੇ ਗ਼ੁਲਾਮ ਬਣਾ ਕੇ ਉਨ੍ਹਾਂ ਨੂੰ ਨਿੱਤ ਦਿਨ ਭੇਡਾਂ ਦੀ ਤਰ੍ਹਾਂ ਮੁੰਨਦੇ ਰਹਿੰਦੇ ਹਨ। ਰਾਜਿਆਂ ਤੇ ਪੁਜਾਰੀਆਂ ਦੇ ਘ੍ਰਿਣਿਤ ਕਿਰਦਾਰ ਬਾਰੇ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ:

ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥

ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥

ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥

ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ … ਮ: ੧

(ਬੜੇ ਦੁੱਖ ਦੀ ਗੱਲ ਹੈ ਕਿ ਅੱਜ ਗੁਰੂ (ਗ੍ਰੰਥ) ਦੇ ਸਿੱਖ ਹੋਣ ਦਾ ਦਅਵਾ ਕਰਨ ਵਾਲੇ ਰਾਜੇ ਤੇ ਪੁਜਾਰੀ ਵੀ, ਨਿਸੰਗ ਹੋ ਕੇ, ਇਹੀ ਕੁੱਝ ਕਰ ਰਹੇ ਹਨ!)

ਪੁਜਾਰੀਆਂ ਦਾ ਪਰਮ ਧਰਮ ਹੈ ਕਿ ਉਹ ਵਿਕਾਰਾਂ ਦੀ ਦਲਦਲ ਤੋਂ ਨਿਰਲੇਪ ਰਹਿ ਕੇ, ਨਿਰਮਲ ਮਨ ਨਾਲ, ਆਪ ਰੱਬ ਦੇ ਰਾਹ ਦੇ ਰਾਹੀ ਬਣਨ ਤੇ ਹੋਰਾਂ ਨੂੰ ਵੀ ਇਸ ਰਾਹ `ਤੇ ਪਾਉਣ। ਰੱਬ ਦੇ ਰਾਹ ਪੈਣ ਤੇ ਦੂਜਿਆਂ ਨੂੰ ਇਸ ਸੁਮਾਰਗ ਉੱਤੇ ਤੋਰਨ ਦੀ ਬਜਾਏ ਇਹ ਗਰਬ-ਗੰਧੀਲੇ ਲੋਭੀ ਲੋਕ ਸਾਰਾ ਜੀਵਨ ਮਾਇਆ ਪਿੱਛੇ ਦੌੜਦੇ ਰਹਿੰਦੇ ਹਨ। ਰਾਜੇ ਤੇ ਪੁਜਾਰੀ, ਆਦਿ ਕਾਲ ਤੋਂ ਹੀ, ਇੱਕ ਦੂਜੇ ਦੇ ਜੁੰਡੀਦਾਰ ਹਨ। ਸ਼ਾਸਕਾਂ ਨਾਲ ਭਾਈਵਾਲੀ ਹੋਣ ਕਾਰਣ ਪੁਜਾਰੀਆਂ ਅੰਦਰ ਵੀ ਗੱਦੀ ਅਤੇ ਗੱਦੀ ਉੱਤੇ ਬੈਠ ਕੇ ਹੁਕਮ ਝਾੜਨ ਦੀ ਦੀਰਘ ਲਾਲਸਾ ਹੁੰਦੀ ਹੈ। ਇਸ ਲੇਖ ਵਿੱਚ ਅਸੀਂ ਸਿਰਫ਼ ਧਰਮ ਦੀ ਗੱਦੀ ਦੇ ਜਅਲੀ ਸਾਹਿਬਾਂ ਬਾਰੇ ਹੀ ਵਿਚਾਰ ਕਰਨੀ ਹੈ।

ਮੁੱਢ-ਕਦੀਮ ਤੋਂ ਹੀ ਪੁਜਾਰੀਆਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ। ਧਰਮ ਦੇ ਧੰਦੇ ਨੂੰ ਵਪਾਰ ਦੀ ਤਰ੍ਹਾਂ ਖ਼ਾਸ ਵਿਵਸਥਿਤ ਤੇ ਯੋਜਨਾਬੱਧ ਢੰਗ ਨਾਲ ਚਲਾਇਆ ਜਾਂਦਾ ਹੈ। ਪਹਿਲਾਂ ਧਰਮ ਦਾ ਇੱਕ ‘ਸਰਵ ਉੱਚ’ ਤੇ ‘ਪਾਕ-ਪਵਿੱਤਰ’ ਕੇਂਦਰੀ ਸਥਾਨ ਸਥਾਪਿਤ ਕੀਤਾ ਜਾਂਦਾ ਹੈ, ਫਿਰ ਉਸ ਸਥਾਨ ਨੂੰ ਰੱਬ ਦਾ ਘਰ ਗਰਦਾਨਿਆ ਜਾਂਦਾ ਹੈ, ਜਿਵੇਂਕਿ ਮੁਸਲਮਾਨਾਂ ਦਾ ਕਾਬਾ।। ਉਸ ਸਥਾਨ ਉੱਤੇ ਧਰਮ ਦੀ ‘ਸਰਵ-ਉੱਚ’ ਗੱਦੀ ਦੀ ਸਥਾਪਨਾ ਕੀਤੀ ਜਾਂਦੀ ਹੈ; ਉਸ ਗੱਦੀ ਉੱਤੇ ਇੱਕ ਸਰਵ-ਸੱਤਾਧਾਰੀ (all powerful) ਅਧਿਕਾਰੀ ਬੈਠਦਾ ਹੈ। ਧਰਮ ਦੀ ਗੱਦੀ ਉੱਤੇ ਬੈਠੇ ਅਧਿਕਾਰੀ ਕੋਲ ਧਰਮ ਦੇ ਸਾਰੇ ਅਧਿਕਾਰ ਰਾਖਵੇਂ ਹੁੰਦੇ ਹਨ। ਉਸ ਅਧਿਕਾਰੀ ਨੂੰ, ਧਰਮ ਦੇ ਨਾਮ `ਤੇ, ਨਿਮਾਣੇ ਪੈਰੋਕਾਰਾਂ ਉੱਤੇ ਹੁਕਮ ਚਲਾਉਣ ਤੇ ਉਨ੍ਹਾਂ ਵਿਰੁਧ ਫ਼ਤਵੇ, ਐਡਿਕਟ (edict) ਜਾਰੀ ਕਰਨ ਦਾ ਹੱਕ ਵੀ ਹੁੰਦਾ ਹੈ। ਗੁਰਬਾਣੀ ਵਿੱਚ ਉਪਰੋਕਤ ਸਭ ਕੁਛ ਨੂੰ ਗ਼ਲਤ, ਅਮਾਨਵੀ ਤੇ ਅਧਾਰਮਿਕ ਕਿਹਾ ਗਿਆ ਹੈ। ਹੱਥਲੇ ਲੇਖ ਵਿੱਚ, ਇਸ ਵਿਸ਼ੇ ਉੱਤੇ ਗੰਭੀਰ ਵਿਚਾਰ ਦਾ ਆਧਾਰ ਰਾਗੁ ਆਸਾ ਵਿੱਚ ਲਿਖਿਆ ਕਬੀਰ ਜੀ ਦਾ ਇੱਕ ਸ਼ਬਦ ਹੈ। ਕਬੀਰ ਜੀ ਮੁਸਲਮਾਨਾਂ ਦੇ ਮਜ਼੍ਹਬ ਇਸਲਾਮ ਦੇ ਮੁਖੀਏ ਕਾਜ਼ੀ ਨੂੰ ਸੰਬੋਧਿਤ ਹੋ ਕੇ ਕਥਨ ਕਰਦੇ ਹਨ:

ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ॥

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ॥ ੧।

ਕਾਜੀ ਬੋਲਿਆ ਬਨਿ ਨਹੀ ਆਵੈ॥ ੧॥ ਰਹਾਉ॥

ਰੋਜਾ ਧਰੇ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥

ਸਤਰਿ ਕਾਬਾ ਘਟ ਹੀ ਭੀਤਰਿ ਜੇਕਰਿ ਜਾਨੈ ਕੋਈ॥ ੨॥

ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥

ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ॥ ੩॥

ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ॥

ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ॥ ੪॥

ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ॥

ਕਹੈ ਕਬੀਰਾ ਭਿਸਤਿ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ॥ ੫॥ ਆਸਾ ਕਬੀਰ ਜੀ

ਸ਼ਬਦ ਅਰਥ:- ਮਸਕੀਨ: ਆਜਿਜ਼, ਦੀਨ, ਨਿਮਾਣਾ। ਖੁਦਾਈ ਬੰਦੇ: ਰੱਬ ਦੇ ਬੰਦੇ, ਖ਼ੁਦਾ ਦੀ ਉਪਸ਼ਨਾ-ਭਗਤੀ ਕਰਨ ਵਾਲਾ ਬੰਦਾ, ਪ੍ਰਭੂ-ਭਗਤ। ਰਾਜਸੁ: ਰਾਜ ਕਰਨਾ, ਹੁਕਮ ਚਲਾਉਣਾ। ਮਨਿ ਭਾਵੈ: (ਤੇਰੇ) ਮਨ ਨੂੰ ਚੰਗਾ ਲਗਦਾ ਹੈ। ਅਵਲਿ: ਪਹਿਲਾ, ਸਰਵ ਪ੍ਰਥਮ, ਮੁੱਢ-ਕਦੀਮੀ। ਦੀਨ: ਧਰਮ, ਮਜ਼੍ਹਬ। ਦੀਨ ਕੋ ਸਾਹਿਬ: ਧਰਮ ਦਾ ਅਸਲੀ/ਮੁੱਢਲਾ/ਮੂਲ ਮਾਲਿਕ। ਜੋਰੁ: ਫ਼ਾ: ਜ਼ੋਰ, ਬਲ, ਸ਼ਕਤੀ। ਫ਼ਰਮਾਨ: ਫ਼ਾ: ਹੁਕਮ, ਆਦੇਸ਼; ਨਹੀ ਫੁਰਮਾਵੈ: ਹੁਕਮ ਨਹੀਂ ਕਰਦਾ ਜਾਂ ਹੁਕਮ ਕਰਨ ਦੀ ਆਗਿਆ ਨਹੀਂ ਦਿੰਦਾ। ੧।

ਕਾਜੀ: ਅ: ਕਾਜ਼ੀ: (ਧਰਮ ਸੰਕਟ ਸੰਬੰਧੀ) ਨਿਆਂ ਕਰਨ ਵਾਲਾ, ਫ਼ੈਸਲਾ ਕਰਨ ਵਾਲਾ, ਮਜ਼੍ਹਬ ਦਾ ਰਹਨੁਮਾ। ਬੋਲਿਆ ਨਹੀ ਬਨਿ ਆਵੈ: ਜੋ ਤੂੰ ਕਹਿਨਾਂ ਹੈਂ, ਉਹ ਜਚਦਾ ਨਹੀਂ, ਸਹੀ ਨਹੀਂ ਲੱਗਦਾ। ੧। ਰਹਾਉ।

ਰੋਜਾ: ਵਰਤ, ਸਾਰਾ ਦਿਨ ਭੁੱਖਾ ਰਹਿਣਾ। ਧਰੇ: ਰੋਜ਼ੇ ਰੱਖਣ ਨਾਲ। ਨਿਵਾਜ: ਨਮਾਜ਼, ਪ੍ਰਾਰਥਨਾ, ਅਰਦਾਸ। ਗੁਜਾਰੈ: ਅਦਾ ਕਰਨ ਨਾਲ। ਕਲਮਾ: ਇਸਲਾਮ ਦਾ ਮੂਲ ਮੰਤ੍ਰ; "ਲਾ ਇਲਾਹ ਇੱਲਲਾਹ ਮੁਹੰਮਦ ਰਸੂਲ ਅੱਲਾਹ!" ਅਰਥਾਤ ਇੱਕ ਅਲਾਹ ਹੀ ਬੰਦਗੀ (ਪੂਜਾ-ਭਗਤੀ) ਕਰਨ ਦੇ ਯੋਗ ਹੈ; ਮੁਹੰਮਦ ਅਲਾਹ ਦਾ ਭੇਜਿਆ ਪੈਗ਼ੰਬਰ ਹੈ"। ਭਿਸਤਿ: ਬਹਿਸ਼ਤ, ਸਵਰਗ। ਨ ਹੋਈ: ਨਹੀਂ ਲੱਭਦੀ। ਸਤਰਿ: ਸਤਰ: ਪਰਦਾ; ਪੜਦੇ ਪਿੱਛੇ ਅਰਥਾਤ ਲੁਕਿਆ ਹੋਇਆ, ਗੁਪਤ। ਕਾਬਾ: ਅ: ਕਅਬਹ, ਮੁਸਲਮਾਨਾਂ ਦਾ ਧਰਮਸਥਾਨ ਜੋ ਕਿ ਮੱਕੇ ਸ਼ਹਿਰ ਵਿੱਚ ਹੈ। ਘਟਿ ਹੀ ਭੀਤਰਿ: ਹਿਰਦੇ ਵਿੱਚ ਹੀ, ਮਨ-ਮੰਦਰ ਅੰਦਰ ਹੀ। ੨।

ਅਕਲਹਿ: ਕਲਹ: ਕਲੇਸ਼; ਤ੍ਰੈਗੁਣੀ ਮਾਇਆ ਦੇ ਕਲਹ-ਕਲੇਸ਼ ਤੋਂ ਬਿਨਾਂ, ਨਿਰਲੇਪ। ਪਾਚਹੁ: ਪੰਜੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ)। ਮੁਸਿ: ਮਸਲ ਕੇ, ਮਾਰ ਕੇ, ਕਾਬੂ ਵਿੱਚ ਕਰਕੇ। ਮੁਸਲਾ: ਅ: ਮੁਸਲਾ, ਨਮਾਜ਼ ਪੜ੍ਹਨ ਵਾਸਤੇ ਵਿਛਾਇਆ ਜਾਂਦਾ ਕਪੜਾ, ਚਟਾਈ ਆਦਿ; ਨਮਾਜ਼ ਪੜ੍ਹਨ ਦੀ ਜਗ੍ਹਾ, ਈਦ ਗਾਹ। ਤਉ: ਤੂੰ। ੩।

ਖਸਮੁ: (ਸ੍ਰਿਸ਼ਟੀ ਦਾ) ਮਾਲਿਕ, ਪ੍ਰਭੂ। ਮਣੀ: ਹਉਮੈਂ, ਹੰਕਾਰ, ਗਰਬ। ਫੀਕੀ: ਮੱਧਮ, ਘੱਟ। ਆਪੁ ਜਨਾਇ: ਆਪ ਸਮਝੇ/ਜਾਣੇ। ਅਵਰ ਕਉ ਜਾਨੈ: ਨਾਲ ਦਿਆਂ ਹੋਰਾਂ ਨੂੰ ਵੀ ਸਮਝਾਏ। ਸਰੀਕੀ: ਹਿੱਸੇਦਾਰ, ਹੱਕਦਾਰ। ੪।

ਭੇਖ ਧਰਿ ਨਾਨਾ: ਕਈ ਤਰ੍ਹਾਂ ਦੇ ਵੇਸਾਂ/ਰੂਪਾਂ/ਸਰੀਰਾਂ ਵਿੱਚ। ਤਾ ਮਹਿ: ਉਨ੍ਹਾਂ ਵੇਸਾਂ ਵਿੱਚ। ਬ੍ਰਹਮੁ ਪਛਾਨਾ: ਪ੍ਰਭੂ ਪਰਮਾਤਮਾ ਨੂੰ ਪਛਾਣ। ਦੋਜਕ ਸਿਉ ਮਨੁ ਮਾਨਾ: ਨਰਕ ਜਾਣ ਦਾ ਮਨ ਬਣਾਇਆ ਹੋਇਆ ਹੈ, ਨਰਕ ਦੇ ਰਾਹ ਪਿਆ ਹੋਇਆ ਹੈਂ। ੫।

ਭਾਵ ਅਰਥ:- ਅਰੇ ਕਾਜ਼ੀ! ਅਸੀਂ (ਭਾਵੇਂ) ਗ਼ਰੀਬ ਨਿਮਾਣੇ ਹਾਂ, ਪਰੰਤੂ ਅਸੀਂ ਵੀ (ਤੁਹਾਡੇ ਵਾਂਙ ਹੀ) ਖ਼ੁਦਾ ਦੇ ਪੈਦਾ ਕੀਤੇ ਹੋਏ ਬੰਦੇ ਹਾਂ। (ਤੁਹਾਨੂੰ ਆਪਣੇ ਰੁਤਬੇ, ਗੱਦੀ ਤੇ ਕੱਥਿਤ ਦੁਨਿਆਵੀ ਵਡੱਪਣ ਦਾ ਮਾਨ-ਹੰਕਾਰ ਹੈ, ਇਸ ਹੰਕਾਰ ਕਰਕੇ) ਤੁਹਾਨੂੰ (ਧਰਮ ਦੇ ਨਾਂ `ਤੇ ਦੂਸਰਰਿਆਂ ਉੱਤੇ) ਰਾਜ ਕਰਨਾ ਤੇ ਹੁਕਮ ਝਾੜਨਾ ਚੰਗਾ ਲੱਗਦਾ ਹੈ। (ਪਰੰਤੂ) ਦੀਨ-ਧਰਮ ਦਾ ਪਹਿਲਾ ਤੇ ਮੁੱਢਲਾ ਸਾਹਿਬ/ਮਾਲਿਕ ਤਾਂ ਅਲਹ ਆਪ ਹੈ, ਉਹ ਕਿਸੇ ਉੱਤੇ ਜ਼ੋਰ-ਜ਼ੁਲਮ ਨਹੀਂ ਕਰਦਾ ਅਤੇ ਨਾ ਹੀ ਹੁਕਮ (ਫ਼ਤਵੇ) ਦਿੰਦਾ ਹੈ! । ੧।

ਕਾਜੀ! {ਉਕਤ ਦਲੀਲ ਕਰਕੇ, ਤੇਰੇ ਉਹਦੇ (ਪਦਵੀ), ਉਹਦੇ ਦੇ ਅਧਿਕਾਰਾਂ ਅਤੇ ਅਧਿਕਾਰਤਾ ਦੇ ਨਸ਼ੇ ਵਿੱਚ ਕਹੀਆਂ ਹੋਈਆਂ} ਤੇਰੀਆਂ ਗੱਲਾਂ ਜਚਦੀਆਂ ਨਹੀਂ। ੧। ਰਹਾਉ।

ਕਾਜ਼ੀ! (ਮਜ਼੍ਹਬ ਦੇ ਨਾਮ `ਤੇ) ਰੋਜ਼ੇ ਰੱਖਣ, ਨਮਾਜ਼ਾਂ ਅਦਾ ਕਰਨ (ਪੜ੍ਹਨ) ਅਤੇ ਕਲਮਾ ( "ਲਾ ਇਲਾਹ ਇੱਲਲਾਹ ਮੁਹੰਮਦ ਰਸੂਲ ਅੱਲਾਹ!" ਅਰਥਾਤ ਇੱਕ ਅਲਾਹ ਹੀ ਬੰਦਗੀ (ਪੂਜਾ-ਭਗਤੀ) ਕਰਨ ਦੇ ਯੋਗ ਹੈ; ਮੁਹੰਮਦ ਅਲਾਹ ਦਾ ਭੇਜਿਆ ਪੈਗ਼ੰਬਰ ਹੈ"।) ਦਾ ਉਚਾਰਣ ਕੀਤਿਆਂ ਬਹਿਸ਼ਤ (ਸਵਰਗ) ਵਿੱਚ ਨਹੀਂ ਜਾਇਆ ਜਾ ਸਕਦਾ। ਕਾਬਾ (ਜਿਸ ਨੂੰ ਤੂੰ ਰੱਬ ਦਾ ਘਰ ਕਹਿੰਦਾ ਹੈਂ, ਉਹ ਰੱਬ) ਤਾਂ ਮਨੁੱਖ ਦੇ ਅੰਤਹਕਰਣ/ਹਿਰਦੇ ਵਿੱਚ ਹੀ ਗੁਪਤ ਰੂਪ ਵਿੱਚ ਮੌਜੂਦ ਹੈ। (ਪਰੰਤੂ ਇਸ ਸੂਖਮ ਸੱਚ ਦਾ ਲਾਭ ਤਾਂ ਹੀ ਹੈ) ਜੇ ਕੋਈ ਇਸ ਭੇਦ ਨੂੰ ਸਮਝ ਸਕੇ! । ੨।

ਨਮਾਜ਼ (ਅਰਦਾਸ, ਪ੍ਰਾਰਥਨਾ) ਓਹੀ ਸਾਰਥਕ ਹੈ ਜਿਸ ਵਿੱਚ (ਰੱਬੀ) ਇਨਸਾਫ਼ (ਰੱਬ ਦੀ ਰਜ਼ਾ/ਭਾਣੇ) ਉੱਤੇ ਵਿਚਾਰ ਕੀਤੀ ਜਾਵੇ। ਤ੍ਰੈ-ਗੁਣੀ ਮਾਇਆ ਤੋਂ ਨਿਰਲੇਪ (ਅਕਲਹਿ) ਖ਼ੁਦਾ ਨੂੰ ਸਮਝਣਾ ਹੀ ਸਹੀ ਕਲਮਾ ਹੈ। (ਜੇ ਤੂੰ ਰੱਬੀ ਇਨਸਾਫ਼ ਦੀ ਨਮਾਜ਼ ਪੜ੍ਹਨ ਵਾਸਤੇ) ਪੰਜਾਂ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਨੂੰ ਮਾਰਨ ਦੇ ਸੁਕਰਮ ਨੂੰ ਹੀ ਨਮਾਜ਼ ਪੜ੍ਹਨ ਵਾਲਾ ਮੁੱਸਲਾ ਬਣਾ ਲਵੇਂ ਤਾਂ ਤੂੰ ਦੀਨ-ਧਰਮ ਦੇ ਸੱਚ ਨੂੰ ਸਮਝ ਸਕੇਂਗਾ। ੩।

ਮਾਲਿਕ (ਖ਼ੁਦਾ) ਨੂੰ ਸਮਝ ਕੇ ਆਪਣੇ ਹਿਰਦੇ ਵਿੱਚ (ਦੂਸਰਿਆਂ ਲਈ) ਰਹਿਮ ਦੀ ਭਾਵਨਾ ਪੈਦਾ ਕਰ, ਅਤੇ (ਰੱਬੀ ਗਿਆਨ ਦੇ ਬਲ ਨਾਲ) ਹੰਕਾਰ ਦੀ ਨਿਗੁਣੀ ਮਣੀ ਨੂੰ ਮੱਧਮ ਕਰ ਦੇ, ਮਾਰ ਦੇਅ। (ਹੇ ਕਾਜ਼ੀ! ਤੂੰ) ਆਪ ਇਹ ਅਧਿਆਤਮਿਕ ਗਿਆਨ ਪ੍ਰਾਪਤ ਕਰ ਤੇ ਹੋਰਾਂ ਨੂੰ ਵੀ ਇਹ ਗਿਆਨ ਦੇਅ ਤਾਂ ਹੀ ਤੂੰ ਬਹਿਸ਼ਤ ਦਾ ਹੱਕਦਾਰ ਬਣ ਸਕੇਂ ਗਾ। ੪।

ਸਿਰਜਨਹਾਰ ਨੇ ਇੱਕੋ ਮਿੱਟੀ (ਪੰਜ ਤੱਤ) ਤੋਂ ਹੀ ਤਰ੍ਹਾਂ ਤਰ੍ਹਾਂ ਦੇ ਮਨੁੱਖ ਬਣਾਏ ਹਨ; ਹਰ ਤਰ੍ਹਾਂ ਦੇ ਮਨੁੱਖਾਂ ਦੇ ਹਿਰਦੇ ਵਿੱਚ ਗੁਪਤ ਵੱਸਦੇ ਸਿਰਜਨਹਾਰ ਖ਼ੁਦਾ ਨੂੰ ਸਮਝ। ਕਬੀਰ ਕਥਨ ਕਰਦਾ ਹੈ ਕਿ, (ਓਏ ਕਾਜ਼ੀ!) ਤੁਸੀਂ ਤਾਂ (ਆਪਣੀਆਂ ਦੀਨ-ਵਿਰੋਧੀ ਕਰਤੂਤਾਂ ਕਰਕੇ) ਬਹਿਸ਼ਤ (ਸਵਰਗ) ਦਾ ਰਾਹ ਛੱਡ ਕੇ ਦੋਜ਼ਖ਼ (ਨਰਕ) ਜਾਣ ਦਾ ਮਨ ਬਣਾਇਆ ਹੋਇਆ ਹੈ। ੫।

ਉਪਰੋਕਤ ਗੁਰੁਸ਼ਬਦ ਦੀ ਵਿਚਾਰ ਤੋਂ ਗੁਰਮਤਿ ਦੇ ਹੇਠ ਲਿਖੇ ਸਿੱਧਾਂਤਕ ਤੱਥ ਉਘੜ ਕੇ ਸਾਹਮਨੇ ਆਏ ਹਨ:

*ਕੀਮਤੀ ਪੱਥਰਾਂ ਨਾਲ ਉਸਾਰੇ, ਹੀਰੇ ਮੋਤੀਆਂ ਨਾਲ ਸ਼ਿੰਗਾਰੇ ਅਤੇ ਸੋਨੇ-ਚਾਂਦੀ ਨਾਲ ਗਲੇਫੇ ਭਵਨ ਰੱਬ ਦਾ ਘਰ ਨਹੀਂ ਹਨ। ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਮਨ-ਮੰਦਰ/ਹਿਰਦੇ/ਅੰਤਹਕਰਣ ਵਿੱਚ ਹੀ ਹੈ।

ਸੱਚੇ ਸਾਹਿਬ ਦਾ ਸਿਰਜਿਆ ਸੱਚਾ ਤਖ਼ਤ ਮਨੁੱਖ ਦਾ ਹਿਰਦਾ/ਅੰਤਹਕਰਣ ਹੀ ਹੈ। ਅਕਾਲ ਪੁਰਖ ਦੇ ਸਾਜੇ ਇਸ ਤਖ਼ਤ ਉੱਤੇ ਉਹ ਮਨੁੱਖ ਹੀ ਬੈਠਦਾ ਹੈ ਜਿਹੜਾ ਇਸ ਤਖ਼ਤ ਉੱਤੇ ਬੈਠਣ ਦੇ ਲਾਇਕ ਹੋਵੇ। ਅਤੇ, ਇਸ ਸੂਖਮ ਤਖ਼ਤ ਉੱਤੇ ਬੈਠਣ ਦੇ ਯੋਗ ਉਹੀ ਮਨੁੱਖ ਬਣਦਾ ਹੈ ਜਿਹੜਾ ਗੁਰਮਤਿ ਦੇ ਮਾਰਗ `ਤੇ ਚਲਦਿਆਂ ਆਪਣੇ ਅੰਦਰੋਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਦਾ ਵਿਨਾਸ਼ ਕਰ ਦਿੰਦਾ ਹੈ।

ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ॥ ……

ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥ …ਮਾਰੂ ਸੋਲਹੇ ਮ: ੧ (ਪੰਚ: ਪੰਜ ਵਿਕਾਰ। ਸਮਾਏ: ਮਾਰ ਕੇ, ਵਿਨਾਸ਼ ਕੀਤਿਆਂ। ਪਾਇਕ: ਸੇਵਕ, ਪੈਰੋਕਾਰ, ਮੁਸਾਫ਼ਿਰ।)

*ਧਰਮ ਦਾ ਸੱਚਾ ਸਾਹਿਬ ਕੇਵਲ ਤੇ ਕੇਵਲ ਖ਼ੁਦਾ/ਪ੍ਰਭੂ ਆਪ ਹੀ ਹੈ। ਉਸ ਅਦੁੱਤੀ ਸੱਚੇ ਸਾਹਿਬ ਦਾ ਨਿਆਂ/ਇਨਸਾਫ਼ (ਰਜ਼ਾ, ਭਾਣਾ) ਵੀ ਸੱਚਾ ਹੈ:

ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਮ: ੧

*ਧੱਕੇ ਨਾਲ ਬਣੇ ਧਰਮ ਦੇ ਝੂਠੇ, ਜਅਲੀ ਤੇ ਨਕਲੀ ਸਾਹਿਬ ਦੀ ਪਦਵੀ, ਗੱਦੀ ਅਤੇ ਹੁਕਮ ਝਾੜਨ ਤੇ ਫ਼ਤਵੇ ਦੇਣ ਦਾ ਅਧਿਕਾਰ ਵੀ ਝੂਠਾ ਤੇ ਪਾਪ-ਯੁਕਤ ਹੈ। ਨਕਲੀ ਸਾਹਿਬਾਂ ਦਾ ਧਰਮ ਦੇ ਨਾਮ `ਤੇ ਦੂਸਰਿਆਂ ਉੱਤੇ ਹੁਕਮ ਝਾੜਨ ਦਾ ਇਹ ਅਧਾਰਮਿਕ ਕਾਰਾ ਧਰਮ ਦੇ ਸੱਚੇ ਸਾਹਿਬ ਅਕਾਲ ਪੁਰਖ ਦੀ ਬੇਅਦਬੀ ਅਤੇ ਉਸ ਦੇ ਹੁਕਮ/ਭਾਣੇ ਦੀ ਅਵੱਗਿਆ ਹੈ।

*ਹੁਕਮ ਕਰਨ ਦਾ ਅਧਿਕਾਰ ਹਉਮੈਂ-ਹੰਕਾਰ ਦਾ ਵਿਕਾਰ ਪੈਦਾ ਕਰਦਾ ਹੈ। ਹਉਮੈਂ ਦਾ ਦੀਰਘ ਰੋਗ ਰੱਬ ਤੋਂ ਦੂਰੀ ਦਾ ਕਾਰਣ ਬਣਦਾ ਹੈ। ਧਰਮ ਦੇ ਆਗੂ ਦਾ ਕਰਤੱਵ ਹੈ ਕਿ ਉਹ ਸੱਚੇ ਸਾਹਿਬ ਦਾ ਸਚੜਾ ਨਿਆਉ (ਸੱਚੇ ਪ੍ਰਭੂ ਦੀ ਰਜ਼ਾ/ਭਾਣੇ/ਹੁਕਮ) ਨੂੰ ਸਮਝ ਕੇ ਹੋਰਾਂ ਨੂੰ ਸਮਝਾਵੇ ਨਾ ਕਿ ਆਪਣੇ ਮਨਮਤੀ, ਹਉਮੈਂ-ਯੁਕਤ ਤੇ ਹਾਸੋਹੀਣੇ ਹੁਕਮ ਝਾੜੇ ਤੇ ਫ਼ਤਵੇ ਦੇਵੇ।

*ਧਰਮ ਦੇ ਨਾਮ `ਤੇ ਮਸਕੀਨ ਨਿਮਾਣਿਆਂ ਉੱਤੇ ਹੁਕਮ ਝਾੜਨਾ ਤੇ ਫ਼ਤਵੇ/ਹੁਕਮਨਾਮੇਂ ਜਾਰੀ ਕਰਨਾ ਅਧਾਰਮਿਕ, ਅਮਾਨਵੀ ਤੇ ਨੀਚ ਕਰਮ ਹੈ।

*ਕਰਮਕਾਂਡਾਂ (ਰੋਜ਼ੇ, ਨਮਾਜ਼, ਕਲਮਾ/ਮੂਲਮੰਤ੍ਰ ਪੜ੍ਹਨ ਆਦਿ) ਨਾਲ ਸਵਰਗ/ਬਹਿਸ਼ਤ ਨਹੀਂ ਲੱਭਦੀ। ਕਰਮਕਾਂਡਾਂ ਦਾ ਰਾਹ ਤਾਂ ਕਰਮਕਾਂਡ ਕਰਨ/ਕਰਵਾਉਣ ਵਾਲਿਆਂ ਨੂੰ ਨਰਕ ਵੱਲ ਲੈ ਜਾਂਦਾ ਹੈ।

*ਧਰਮ ਦਾ ਮੁਖੀਆ ਬਣਨ ਵਾਸਤੇ ਵਿਕਾਰਾਂ ਨੂੰ ਮਾਰਨਾ ਪੂਰਵ ਸ਼ਰਤ ਹੈ। ਅਤੇ, ਪਰ ਮਨ ਨੂੰ ਨਿਜ ਮਨ ਸਮਝਦਿਆਂ, ਹਿਰਦੇ ਵਿੱਚ ਨਿਮਾਣਿਆਂ ਵਾਸਤੇ ਦਯਾ/ਰਹਮ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ।

‘ਸਿੱਖ ਧਰਮ’ ਵਿੱਚ ਕਾਜ਼ੀ ਦਾ ਹਮ-ਰੁਤਬਾ ਹੈ: ਜਥੇਦਾਰ। ਜੇ ਨਿਰਪੱਖ ਹੋ ਕੇ ਬਿਬੇਕ ਨਾਲ ਬਿਚਾਰੀਏ ਤਾਂ, ਉਪਰ ਵਿਚਾਰੇ ਸ਼ਬਦ ਵਿੱਚ ਕਾਜ਼ੀ ਨੂੰ ਸੰਬੋਧਿਤ ਹੋ ਕੇ ਕਹੀਆਂ ਗਈਆਂ ਖਰੀਆਂ ਗੱਲਾਂ ‘ਤਖ਼ਤਾਂ’ ਦੇ ਜਥੇਦਾਰਾਂ ਉੱਤੇ ਵੀ ਹੂਬਹੂ ਜਿਉਂ ਦੀਆਂ ਤਿਉਂ ਢੁਕਦੀਆਂ ਹਨ! ਕੀ ਦੋਹਾਂ (ਕਾਜ਼ੀ ਤੇ ਜਥੇਦਾਰ) ਦੇ ਕਿਰਦਾਰ, ਪਦਵੀ ਤੇ ਅਧਿਕਾਰਾਂ ਵਿੱਚ ਕੋਈ ਫ਼ਰਕ ਨਜ਼ਰ ਆਉਂਦਾ ਹੈ? ਨਹੀਂ! ਜੇ ਨਹੀਂ ਤਾਂ, ਨਿਰਸੰਦੇਹ, ਜਥੇਦਾਰ ਦੀ ਪਦਵੀ, ਉਸ ਦਾ ਦੁਨਿਆਵੀ ‘ਤਖ਼ਤ’ (ਗੱਦੀ), ਉਸ ਦੇ ਕਥਿਤ ਅਧਿਕਾਰ, ਉਸ ਦਾ ਗੁਰਮਤਿ-ਵਿਰੋਧੀ ਨਿਆਂ ਤੇ ਫ਼ੈਸਲੇ, ਅਤੇ ਬੇਹੂਦਾ ਹੁਕਮਨਾਮੇ ਤੇ ਤਨਖ਼ਾਹ ਲਾਉਣਾ… ਆਦਿ ਸਭ ਮਨਮਤਿ ਹਨ, ਅਤੇ ਗੁਰਮਤਿ ਦੀ ਕਸੌਟੀ ਉੱਤੇ ਪਰਖਿਆਂ ਰੱਦ ਹੁੰਦੇ ਹਨ!

ਇਹ ਕਹਿਣ ਦੀ ਲੋੜ ਨਹੀਂ ਕਿ ਇਸਲਾਮ ਮਜ਼੍ਹਬ ਦੇ ਕਾਜ਼ੀਆਂ ਦੀ ਤਰ੍ਹਾਂ, ‘ਸਿੱਖ ਧਰਮ’ ਦੇ ਜਥੇਦਾਰ ਤੇ ਪੁਜਾਰੀ ਵਗੈਰਾ ਵੀ, ‘ਸਿੱਖ’ ਸ਼ਾਸਕਾਂ ਦੀ ਸਰਪ੍ਰਸਤੀ ਹੇਠ, ਧਰਮ ਦਾ ਧੰਦਾ ਵਿਵਸਥਿਤ ਤੇ ਯੋਜਨਾ-ਬੱਧ ਤਰੀਕੇ ਨਾਲ ਬਾਖ਼ੂਬੀ ਚਲਾ ਰਹੇ ਹਨ! ! !

ਪਾਠਕ ਸੱਜਨੋਂ! ਗੁਰਬਾਣੀ ਦੇ ਗਿਆਤਾ ਹੋਣ ਦਾ ਦਅਵਾ ਕਰਨ ਵਾਲੇ ਜਥੇਦਾਰ ਕਿਸ ਮੂੰਹ ਨਾਲ ਗੁਰਬਾਣੀ ਵਿੱਚ ਵਿਵਰਜਿਤ ਸੰਸਾਰਕ ਤਖ਼ਤਾਂ ਉੱਤੇ ਬੈਠਦੇ ਤੇ ਦੂਸਰਿਆਂ ਉੱਤੇ ਹੁਕਮ ਚਲਾਉਂਦੇ ਹਨ? ਅਤੇ, ਅਸੀਂ ਕਿਸ ਤਰਕ ਨਾਲ ਜਥੇਦਾਰਾਂ, ਉਨ੍ਹਾਂ ਦੀ ਪਦਵੀ ਤੇ ਅਧਿਕਾਰਾਂ ਨੂੰ ਗੁਰਮਤਿ-ਅਨੁਸਾਰੀ ਮੰਨ ਕੇ ਉਨ੍ਹਾਂ ਦੀ ਸੰਸਾਰਕ ਗੱਦੀ ਨੂੰ ਸਿਰ ਝੁਕਾਈ ਜਾ ਰਹੇ ਹਾਂ ਤੇ ਸੱਚੇ ਸਾਹਿਬ ਦੇ ਸੱਚੇ ਹੁਕਮ/ਰਜ਼ਾ/ਭਾਣੇ ਵੱਲੋਂ ਬੇਮੁਖ ਹੋ ਕੇ ਉਨ੍ਹਾਂ ਦੇ ਗੁਰਮਤਿ-ਵਿਰੋਧੀ ਹੁਕਮ-ਨਾਮਿਆਂ ਨੂੰ ਸਵੀਕਾਰ ਕਰੀ ਜਾ ਰਹੇ ਹਾਂ? ? ?

ਗੁਰਿੰਦਰ ਸਿੰਘ ਪਾਲ

ਜਨਵਰੀ 14, 2018.




.