.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਵੀਹ ਹਜ਼ਾਰ ਡਾਲਰ `ਚ ਪਈ ਬੁਰੀ ਨਜ਼ਰ

ਵਾਰਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਂਵੇਂ ਕੱਟੀਆ ਪੋਰੀਆ ਪੋਰੀਆ ਜੀ। ਅੱਜ ਦੁਨੀਆਂ ਚੰਦਰਮਾ `ਤੇ ਕਲੋਨੀਆਂ ਕੱਟਣ ਦੀਆਂ ਤਿਆਰੀਆਂ ਕਰ ਰਹੀ ਹੈ ਪਰ ਅਸੀਂ ਬਾਹਰਲੇ ਵਿਕਸਤ ਮੁਲਕਾਂ ਵਿੱਚ ਜਾ ਕੇ ਵੀ ਆਪਣੀਆਂ ਕਰਮਕਾਂਡੀ ਆਦਤਾਂ ਛੱਡਣ ਲਈ ਤਿਆਰ ਨਹੀਂ ਹਾਂ। ਇਸ ਵਿੱਚ ਆਮ ਲੋਕਾਂ ਦਾ ਬਹੁਤਾ ਕਸੂਰ ਨਹੀਂ ਸਮਝਿਆ ਜਾਣਾ ਚਾਹੀਦਾ ਕਿਉਂਕਿ ਪੜ੍ਹ ਲਿਖੇ, ਬੁੱਧੀ ਜੀਵੀਏ, ਵਪਾਰੀ, ਕਿਰਸਾਨ, ਨੇਤਾਜਨ ਤੇ ਵੱਡੇ ਵੱਡੇ ਅਧਿਕਾਰੀ ਵੀ ਵਹਿਮ ਦੇ ਸ਼ਿਕਾਰ ਹੁੰਦੇ ਹਨ। ਬਾਹਰਲੇ ਮੁਲਕਾਂ ਵਿੱਚ ਜੋ ਵਿਦਵਾਨ ਲੋਕ ਪੰਜਾਬੀ ਦੀਆਂ ਅਖਬਾਰਾਂ ਕੱਢਦੇ ਹਨ ਤੇ ੳਹਨਾਂ ਬਹੁਤੀਆਂ ਅਖਬਾਰਾਂ ਵਿੱਚ ਸਤ੍ਹਾਈ ਸਤ੍ਹਾਈ ਮਸ਼ਹੂਰੀਆਂ ਜੋਤਸ਼ੀਆਂ ਦੀਆਂ ਹੀ ਲੱਗੀਆਂ ਹੁੰਦੀਆਂ ਹਨ। ਜਨ ਸਧਾਰਨ ਮਨੁੱਖ ਦੀ ਤਾਂ ਗੱਲ ਛੱਡੋ ਕਈ ਪੜ੍ਹੇ ਲਿਖੇ ਲੋਕ ਵੀ ਇਹਨਾਂ ਮਸ਼ਹੂਰੀਆਂ ਨੂੰ ਪੜ੍ਹ ਕੇ ਇੱਕ ਵਾਰ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਸ਼ਾਇਦ ਵਾਕਿਆ ਹੀ ਜੋਤਸ਼ ਵਿੱਚ ਕੋਈ ਤਾਕਤ ਹੰਦੀ ਹੈ? ਇਹਨਾਂ ਜੋਤਸ਼ ਦੀਆਂ ਮਸ਼ਹੂਰੀਆਂ ਵਿੱਚ ਲਿਖਿਆ ਹੁੰਦਾ ਹੈ ਕਿ ਕਿਸੇ ਦੀ ਪ੍ਰੇਮਕਾ ਭੱਜ ਗਈ ਹੋਵੇ ਜਾਂ ਕਿਸੇ ਦਾ ਪ੍ਰੇਮੀ ਰੁੱਸ ਗਿਆ ਹੋਵੇ ਸਾਡੇ ਕੋਲ ਆਓ ਅਸੀਂ ਚੌਂਹ ਦਿਨਾਂ ਦੇ ਵਿੱਚ ਹੀ ਮਿਲਾ ਸਕਦੇ ਹਾਂ। ਕਿਸੇ ਬੱਚੇ ਬੱਚੀ ਦੇ ਵਿਆਹ ਵਿੱਚ ਰੁਕਾਵਟਾਂ ਖੜੀਆਂ ਹੋਈਆਂ ਹੋਣ ਉਹ ਅਸੀਂ ਮਿੰਟਾਂ ਸੈਕਿੰਟਾਂ ਵਿੱਚ ਹਟਾ ਸਕਦੇ ਹਾਂ। ਜੋਤਸ਼ ਦੀਆਂ ਮਸ਼ਹੂਰੀਆਂ ਵਿੱਚ ਤਾਂ ਏੱਥੋਂ ਤੀਕ ਵੀ ਦਾਅਵਾ ਕੀਤਾ ਹੁੰਦਾ ਹੈ ਕਿ ਜਿੰਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ ਹਨ ਜੇ ਸਾਡੇ ਦੱਸੇ ਹੋਏ ਉਪਾਅ ਕਰ ਲੈਣ ਤਾਂ ਉਹਨਾਂ ਦੇ ਵੀਜ਼ੇ ਲੱਗ ਸਕਦੇ ਹਨ। ਜਨੀ ਕਿ ਜੰਮਣ ਤੋਂ ਲੈ ਕੇ ਮਰਣ ਤੀਕ ਮਨੁੱਖੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਉਲਝਣਾਂ ਆਉਂਦੀਆਂ ਹਨ ਉਹਨਾਂ ਸਾਰੀਆਂ ਉਲਝਣਾਂ ਦਾ ਇਲਾਜ ਇਹ ਜੋਤਸ਼ੀ ਕਹਿੰਦੇ ਹਨ ਕਿ ਸਾਡੇ ਪਾਸ ਹੁੰਦਾ ਹੈ ਕਿਉਂਕਿ ਸਾਨੂੰ ਕਾਲ਼ੇ ਇਲਮ ਦੀ ਜਾਣਕਾਰੀ ਹੈ। ਇਹਨਾਂ ਦਾ ਦਾਅਵਾ ਹੁੰਦਾ ਹੈ ਕਿ ਕਾਲੇ ਇਲਮ ਨੂੰ ਦੁਆਰਾ ਗੈਬੀ ਸ਼ਕਤੀਆਂ ਨੂੰ ਅਸੀਂ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ ਇਸ ਲਈ ਹਰ ਵਿਗੜਿਆ ਤਿਗੜਿਆ ਕੰਮ ਅਸੀਂ ਸਹੀ ਕਰਨ ਦੇ ਸਮਰੱਥ ਹਾਂ। ਆਪਣੀ ਮਸ਼ਹੂਰੀ ਵਧਾਉਣ ਲਈ ਅਖਬਾਰ `ਤੇ ਕੁੱਝ ਅਜੇਹੇ ਨਾਂ ਤੇ ਉਹਨਾਂ ਦੀਆਂ ਫੋਟੋਆਂ ਦਿੱਤੀਆਂ ਹੁੰਦੀਆਂ ਹਨ ਕਿ ਇਹਨਾਂ ਦੀਆਂ ਸਾਰੀਆਂ ਆਈਆਂ ਹੋਈਆਂ ਮੁਸ਼ਕਲਾਂ ਹੱਲ ਹੋ ਗਈਆਂ ਹਨ। ਮੁਕਦੀ ਗੱਲ ਇਹ ਜੋਤਸ਼ੀ ਖੁਲ੍ਹੇ ਆਮ ਕਹਿੰਦੇ ਹਨ ਕਿ ਹਰ ਵਿਗੜੇ ਕੰਮ ਨੂੰ ਅਸੀਂ ਸਵਾਰਨ ਦੀ ਸਮਰੱਥਾ ਰੱਖਦੇ ਹਾਂ।
ਸਿਤਮ ਸ਼ਰੀਫੀ ਦੀ ਗੱਲ ਦੇਖੋ ਬਾਹਰਲੇ ਮੁਲਕਾਂ ਵਿੱਚ ਇਹ ਸਾਰੀਆਂ ਅਖਬਾਰਾਂ ਸਾਡਿਆਂ ਗੁਰਦੁਆਰਿਆਂ ਵਿਚੋਂ ਮਿਲਦੀਆਂ ਹਨ। ਸਾਰਾ ਸਾਰਾ ਹਫਤਾ ਏੱਥੇ ਅਖਬਾਰਾਂ ਪਈਆਂ ਰਹਿੰਦੀਆਂ ਹਨ। ਜੋਤਸ਼ ਦੀਆਂ ਮਸ਼ਹੂਰੀਆਂ ਪੰਡਤ ਤੇ ਮੁਸਲਮਾਨਾਂ ਭਰਾਵਾਂ ਵਲੋਂ ਹੁੰਦੀਆਂ ਹਨ ਪਰ ਗਾਹਕ ਸਾਰੇ ਸਿੱਖ ਹੁੰਦੇ ਹਨ। ਨਜ਼ਰ ਦਾ ਲੱਗ ਜਾਣਾ ਜਾਂ ਨਜ਼ਰ ਉਤਾਰਨੀ, ਕਿਸੇ ਦਾ ਕੰਮ ਬੱਧਾ ਹੋਣਾ ਜਾਂ ਕਿਸੇ ਕੀਤਾ ਕਰਾਇਆ ਹੋਣਾ ਇਹ ਦਾਹਵੇ ਨਾਲ ਕਹਿੰਦੇ ਹਨ ਸਾਰਾ ਕੁੱਝ ਠੀਕ ਹੋ ਸਕਦਾ ਹੈ ਕੇਵਲ ਇੱਕ ਵਾਰੀ ਗੱਲ ਸਾਡੇ ਨਾਲ ਕਰੋ। ਜੇ ਤੁਸੀਂ ਆ ਨਹੀਂ ਸਕਦੇ ਤਾਂ ਇਹ ਕਹਿੰਦੇ ਹਨ ਕਿ ਟੈਲੀਫੁਨ ਰਾਂਹੀਂ ਵੀ ਅਸੀਂ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਏਦਾਂ ਕਹੀਏ ਇਹਨਾਂ ਜੋਤਸ਼ੀਆਂ ਨੇ ਲੋਕਾਂ ਨੂੰ ਡਰਾ ਹੀ ਏੰਨ੍ਹਾ ਦਿੱਤਾ ਹੋਇਆ ਹੈ ਕਿ ਲੋਕ ਆਪਣੇ ਆਪ ਹੀ ਇਸ ਪਾਸੇ ਨੂੰ ਤੁਰੇ ਜਾ ਰਹੇ ਹਨ।
ਭਾਂਵੇ ਪੰਜਾਬੀ ਵਿਕਸਤ ਮੁਲਕਾਂ ਵਿੱਚ ਜਾ ਵੱਸੇ ਹਨ ਪਰ ਭਰਮ ਵਹਿਮ ਵਰਗੀਆਂ ਬਿਮਾਰੀਆਂ ਦੇ ਕਿਰਮ ਨਾਲ ਹੀ ਚੁੱਕੀ ਫਿਰਦੇ ਹਨ। ਖਾਸ ਤੌਰ `ਤੇ ਵਪਾਰੀ ਬੰਦਾ ਤਾਂ ਬਿਲਕੁਲ ਹੀ ਨਹੀਂ ਬਚਿਆ ਹੋਇਆ ਹੈ। ਦੁਕਾਨਾਂ ਦੇ ਅੱਗੇ ਮਿਰਚਾਂ ਨਿੰਬੂਆਂ ਦਾ ਟੰਗਣਾ, ਮੂਰਤੀਆਂ ਦੀ ਧੂਪ ਬੱਤੀ ਕਰਨੀ, ਵੱਗਦੇ ਪਾਣੀਆਂ ਵਿੱਚ ਨਿੱਕ ਸੁਕ ਸੁਟਣਾ ਆਦਿ ਸਾਰੇ ਕੰਮ ਜੋਤਸ਼ੀ ਪੰਡਤਾਂ ਦੇ ਕਹੇ `ਤੇ ਕਰ ਰਹੇ ਹਨ। ਮਕਾਨ ਨਵਾਂ ਬਣਾਇਆ ਜਾਂਦਾ ਹੈ ਤਾਂ ਉਸ ਤੇ ਨਜ਼ਰ ਪੱਟੂ ਲਗਾਉਣਾ ਕਿ ਕਿਸੇ ਦੀ ਨਜ਼ਰ ਨਾ ਲਗ ਜਾਏ। ਸਮਝਿਆ ਜਾਂਦਾ ਹੈ ਕਿ ਜੇ ਕਿਸੇ ਦੀ ਨਜ਼ਰ ਲੱਗ ਗਈ ਤਾਂ ਬਣਿਆ ਹੋਇਆ ਮਕਾਨ ਡਿੱਗ ਵੀ ਸਕਦਾ ਹੈ। ਕਈਆਂ ਨੇ ਨਜ਼ਰ ਪੱਟੂ ਬਾਹਰ ਨਹੀਂ ਲਗਾਇਆ ਹੁੰਦਾ ਕਿਉਂਕਿ ਸ਼ਹਿਰ ਦੇ ਸਰਕਾਰੀ ਮਹਿਕਮੇ ਵਾਲੇ ਪੁੱਛ ਸਕਦੇ ਹਨ ਕਿ ਆ ਤੁਸਾਂ ਕੀ ਟੰਗਿਆ ਹੋਇਆ ਹੈ, ਇਸ ਲਈ ਉਹ ਵਿਚਾਰੇ ਆਪਣਿਆਂ ਕਮਰਿਆਂ ਵਿੱਚ ਨਜ਼ਰ ਪੱਟੂ ਲਗਾ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਂਦੇ ਹਨ ਕਿ ਸ਼ਾਇਦ ਹੁਣ ਸਾਡਾ ਘਰ ਬੁਰੀ ਨਜ਼ਰ ਤੋਂ ਬਚ ਜਾਏਗਾ।
ਪੰਜਾਬ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਜਦੋਂ ਵੀ ਕੋਈ ਨਵੀਂ ਕਾਰ, ਸਕੂਟਰ ਤੇ ਗੱਡੀ ਆਦਿ ਲੈਂਦਾ ਹੈ ਓਦੋਂ ਉਹ ਕਾਲੇ ਰੰਗ ਦੀ ਪਰਾਂਦੀ ਜਾਂ ਕਾਲ਼ੇ ਰੰਗ ਦਾ ਰੇਬਨ ਬੰਨ ਦੇਂਦਾ ਹੈ। ਕਈ ਤਾਂ ਬੁਰੀ ਨਜ਼ਰ ਤੋਂ ਏੰਨੇ ਡਰੇ ਹੁੰਦੇ ਹਨ ਕਿ ਉਹ ਸਾਰੀਆਂ ਹੱਦਾਂ ਪਾਰ ਕਰਦਿਆਂ ਨਵੇਂ ਨਕੋਰ ਟਰੱਕਾਂ ਕਾਰਾਂ ਨਾਲ ਜੁੱਤੀ ਦਾ ਛਿੱਤਰ ਬੰਨ੍ਹ ਕੇ ਬੁਰੀ ਨਜ਼ਰ ਤੋਂ ਬਚਣ ਦਾ ਹਰ ਹੀਲਾ ਵਰਤਦੇ ਦਿਖਾਈ ਦੇਂਦੇ ਹਨ। ਕਈ ਮਾਈਆਂ ਨਵ ਜੰਮੇ ਮੁੰਡੇ ਦੇ ਮੱਥੇ `ਤੇ ਕਾਲੇ ਰੰਗ ਦਾ ਨਿਸ਼ਾਨ ਲਗਾ ਦੇਂਦੀਆਂ ਹਨ ਅੱਖੇ ਇਸ ਨੂੰ ਨਜ਼ਰ ਨਹੀਂ ਲੱਗੇਗੀ। ਕਈ ਥਾਈਂ ਲੜਾਈਆਂ ਵੀ ਹੁੰਦੀਆਂ ਦੇਖੀਆਂ ਗਈਆਂ ਹਨ ਕਿ ਇਸ ਨੇ ਸਾਡੇ ਕਾਕੇ ਨੂੰ ਨਜ਼ਰ ਲਗਾ ਦਿੱਤੀ ਹੈ। ਬਹੁਤੀਆਂ ਮਾਈਆਂ ਨਿਆਣਿਆਂ ਦੇ ਸਿਰ ਉੱਤੋਂ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਲਾਲ ਮਿਰਚਾਂ ਵਾਰ ਕੇ ਚੁੱਲੇ ਵਿੱਚ ਸੁੱਟ ਦੀਆਂ ਹਨ। ਅੱਖੇ ਇੰਜ ਕਰਨ ਨਾਲ ਸਾਡੇ ਕਾਕੇ ਨੂੰ ਲੱਗੀ ਹੋਈ ਨਜ਼ਰ ਉੱਤਰ ਜਾਂਦੀ ਹੈ। ਸ਼ਾਹਿਰਾਂ ਵਿੱਚ ਬਹੁਤੀਆਂ ਮਾਈਆਂ ਬਾਲਟਿਆਂ ਵਿੱਚ ਅੱਗ ਬਾਲ਼ ਕੇ ਮਿਰਚਾਂ ਸੁੱਟੀਆਂ ਦੀਆਂ ਹਨ ਤਾਂ ਕੇ ਸਾਡੇ ਬੁਬੂ ਦੀ ਨਜ਼ਰ ਉੱਤਰ ਜਾੲਗੀ।
ਹਲਵਾਈ ਬਰਫੀ ਬਣਾਉਣ ਸਮੇਂ ਦੁੱਧ ਵਿੱਚ ਛੋਟਾ ਜੇਹਾ ਕੋਲ਼ੇ ਦਾ ਪੀਸ ਸੁੱਟ ਦੇਂਦਾ ਹੈ ਅਖੇ ਕਿਸੇ ਗਾਹਕ ਦੀ ਨਜ਼ਰ ਨਹੀਂ ਲੱਗੇਗੀ। ਇਹ ਇੱਕ ਆਮ ਹੀ ਗੱਲ ਬਣ ਗਈ ਹੈ ਕਿ ਸਾਡੇ ਬਣਿਆ ਹੋਇਆ ਕੰਮ ਕਿਸੇ ਪਾਸੋਂ ਦੇਖਿਆ ਨਹੀਂ ਜਾਂਦਾ ਉਸ ਨੇ ਮਾੜੀ ਨਜ਼ਰ ਨਾਲ ਦੇਖਿਆ ਗਿਆ ਤਾਂ ਸਾਡਾ ਨੁਕਸਾਨ ਹੋ ਗਿਆ ਹੈ। ਸਾਡਿਆਂ ਪਿੰਡਾਂ ਵਿੱਚ ਜਦੋਂ ਮੱਝ ਜਾਂ ਗਊ ਸੂਣ ਵਾਲੀ ਹੁੰਦੀ ਸੀ ਤਾਂ ਉਸ ਦੇ ਗੱਲ਼ ਵਿੱਚ ਟੁੱਟਾ ਛਿੱਤਰ ਪਾਇਆ ਹੁੰਦਾ ਸੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਏ। ਅਚਾਨਕ ਨਿਆਣਾ ਬਿਮਾਰ ਹੋ ਗਿਆ ਤਾਂ ਪਿੰਡਾਂ ਵਿੱਚ ਕਈ ਮਾਈਆਂ ਦੀ ਸ਼ਾਮਤ ਆ ਜਾਂਦੀ ਸੀ ਕਿ ਇਸ ਨੇ ਸਾਡਾ ਮੁੰਡਾ ਚੁੱਕਿਆ ਸੀ ਤਾਂ ਹੀ ਇਹ ਓਦੋਂ ਦਾ ਰੋਈ ਜਾ ਰਿਹਾ ਹੈ। ਪਤਾ ਨਹੀਂ ਇਸ ਨੇ ਇਸ ਨੂੰ ਕੀ ਕਰ ਦਿੱਤਾ ਹੈ।
ਪੰਜਾਬ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਕਰੋੜ ਰੁਪਇਆ ਲਗਾਉਣ ਉਪਰੰਤ ਵਧੀਆ ਮਕਾਨ `ਤੇ ਨਜ਼ਰ ਪੱਟੂ ਮੁੱਲ ਲਿਆ ਕਿ ਬਨੇਰੇ `ਤੇ ਰੱਖਿਆ ਹੁੰਦਾ ਹੈ। ਕਈਆਂ ਦੇ ਨਜ਼ਰ ਪੱਟੂ ਮੂੰਹ ਵਿੱਚ ਜ਼ਬਾਨ ਬਾਹਰ ਲਮਕਾਉਂਦੇ ਹੋਏ ਵੀ ਦਿਸਦੇ ਹਨ। ਨਜ਼ਰ ਦਾ ਪਤਾ ਨਹੀਂ ਲੱਗਣੀ ਹੈ ਜਾਂ ਨਹੀਂ ਲੱਗਣੀ ਜਾਂ ਇਸ ਨਜ਼ਰ ਪੱਟੂ ਨਾਲ ਉਤਰਨੀ ਹੈ ਜਾਂ ਨਹੀਂ ਉਤਰਨੀ ਪਰ ਇੱਕ ਗੱਲ ਜ਼ਰੂਰ ਹੈ ਕਿ ਜ਼ਬਾਨ ਬਾਹਰ ਕੱਢੀ ਇਹ ਪ੍ਰਤੀਕ ਦੇ ਰਿਹਾ ਹੈ ਕਿ ਭਰਾਓ ਮਕਾਨ ਬਣਾਉਂਦਿਆਂ ਬਣਾਉਂਦਿਆਂ ਮੇਰੀ ਜ਼ਬਾਨ ਬਾਹਰ ਆ ਗਈ ਹੈ ਤੁਸੀਂ ਜ਼ਰੂਰ ਸੋਚ ਸਮਝ ਕੇ ਬਣਾਇਆ ਜੇ।
ਅਜੇਹੀਆਂ ਬਿਮਾਰੀਆਂ ਅਸੀਂ ਬਾਹਰਲੇ ਮੁਲਕਾਂ ਵਿੱਚ ਵੀ ਚੁੱਕੀ ਫਿਰਦੇ ਹਾਂ। ਨਜ਼ਰ ਲੱਗਣ ਦੀ ਜੱਗੋਂ ਤੇਰ੍ਹਵੀਂ ਕਨੇਡਾ ਦੇ ਵਿਨੀਪੈੱਗ ਸ਼ਾਹਿਰ ਵਿਖੇ ਵਾਪਰੀ ਘਟਨਾ ਮੈਨੂੰ ਸਿੰਘ ਸਭਾ ਕਨੇਡਾ ਦੇ ਵੀਰਾਂ ਨੇ ਸੁਣਾਈ ਸੀ। ਵਿਨੀ ਪੈੱਗ ਦੇ ਬਹੁਤਿਆਂ ਗੁਰਦੁਆਰਿਆਂ ਵਿੱਚ ਰੋਜ਼ਾਨਾ ਦੇ ਦੀਵਾਨ ਨਹੀਂ ਹਨ ਉਂਝ ਵੀ ਇਹਨਾਂ ਗੁਰਦੁਆਰਿਆਂ `ਤੇ ਡੇਰਵਾਦੀ ਬਿਰਤੀ ਵਾਲਿਆਂ ਦਾ ਕਬਜ਼ਾ ਹੈ ਸਿਧਾਂਤਿਕ ਪ੍ਰਚਾਰਕਾਂ ਨੂੰ ਕਥਾ ਦਾ ਸਮਾਂ ਨਹੀਂ ਦੇਂਦੇ ਜੇ ਕਿਤੇ ਭੁੱਲ ਭੁਲੇਖੇ ਨਾਲ ਦੇਂਦੇ ਹਨ ਤਾਂ ਪਹਿਲਾਂ ਬਿਠਾ ਕਿ ਇਹ ਕਹਿੰਦੇ ਹਨ ਕਿ ਤੁਸਾਂ ਇਹ ਕੁੱਝ ਨਹੀਂ ਬੋਲਣਾ ਕਿਉਂਕਿ ਸਾਡੀ ਅਗਲੇ ਮਹੀਨੇ ਚੋਣ ਹੋਣੀ ਹੈ ਇਸ ਲਈ ਕਿਤੇ ਡੇਰਾਵਾਦੀ ਲੋਕ ਨਿਰਾਜ਼ ਨਾ ਹੋ ਜਾਣ। ਮਿੱਤਰ ਪ੍ਰਬੰਧਕਾਂ ਵਲੋਂ ਵੀ ਮਜ਼ਬੂਰੀ ਵੱਸ ਚਿੱਟੇ ਦਿਨ ਵਰਗੀ ਨਾਂਹ ਸੀ।
ਸਿੰਘ ਸਭਾ ਕਨੇਡਾ ਵਿਨੀਪੈੱਗ ਦੇ ਉਤਸ਼ਾਹੀ ਵੀਰਾਂ ਭਾਈ ਮੇਵਾ ਸਿੰਘ, ਭਾਈ ਬਲਜੀਤ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ ਵਲੋਂ ਆਪਣਿਆਂ ਘਰਾਂ ਵਿੱਚ ਸ਼ਬਦ ਬਿਚਾਰ ਦੇ ਪ੍ਰੋਗਰਾਮ ਉਲੀਕੇ ਹੋਏ ਸਨ। ਮੈਂ ਸਮਝਦਾ ਹਾਂ ਕਿ ਘਰਾਂ ਵਿੱਚ ਸਗੋਂ ਗੁਰਮਤਿ ਦੀਆਂ ਵਿਚਾਰਾਂ ਖੁਲ੍ਹ ਕੇ ਹੋ ਜਾਂਦੀਆਂ ਹਨ। ਭਾਈ ਸੁਰਿੰਦਰ ਸਿੰਘ ਜੰਡੂ ਦੇ ਘਰ ਸ਼ਬਦ ਵਿਚਾਰ ਉਪਰੰਤ ਕਈ ਨੁਕਤਿਆਂ ਨੂੰ ਸਾਂਝਾ ਕੀਤਾ ਗਿਆ।
ਭਾਈ ਸੁਰਿੰਦਰ ਸਿੰਘ ਹੁਰਾਂ ਗੱਲ ਸੁਣਾਈ, ਜਿਸ ਨੂੰ ਮੈਂ ਕਿਹਾ ਜਗੋਂ ਤੇਰ੍ਹਵੀਂ, ਪੁਸਤਕ ਵਿੱਚ ਜ਼ਰੂਰ ਲਿਖਾਂਗਾ। ਉਹਨਾਂ ਨੇ ਦੱਸਿਆ ਵਿਨੀਪੈੱਗ ਆਏ ਇੱਕ ਵੀਰ ਵਲੋਂ ਆਪਣੀ ਟੈਕਸੀ ਦੇ ਮਗਰ ਡਿੱਗੀ ਦੇ ਥੱਲੇ ਕਰਕੇ ਇੱਕ ਛਿੱਤਰ ਬੱਧਾ ਹੋੋਿੲਆ ਸੀ ਕਿ ਕਿਤੇ ਮੇਰੇ ਕਾਰੋਬਾਰ ਨੂੰ ਨਜ਼ਰ ਨਾ ਲੱਗ ਜਾਏ। ਉਸ ਦਾ ਖਿਆਲ ਸੀ ਕਿ ਛਿੱਤਰ ਬੰਨਣ ਨਾਲ ਮੇਰੇ ਨਾਲ ਕੋਈ ਦੁਰਘਟਨਾ ਨਹੀਂ ਵਾਪਰੇਗੀ ਤੇ ਸਵਾਰੀਆਂ ਵੀ ਵੱਧ ਆਉਣਗੀਆਂ। ਹੋਇਆ ਇਹ ਕਿ ਅਚਾਨਕ ਗੱਡੀ ਦਾ ਐਕਸੀਡੈਂਟ ਹੋ ਗਿਆ। ਜਨੀ ਕਿ ਇਸ ਦੀ ਗੱਡੀ ਫੁੱਟਪਾਥ ਨਾਲ ਟਕਰਾ ਕੇ ਹਾਦਸਾਗ੍ਰਸੱਤ ਹੋ ਗਈ। ਹੁਣ ਇਸ ਨੇ ਆਪਣੀ ਗੱਡੀ ਠੀਕ ਕਰਾਉਣ ਸੀ। ਇਹ ਵੀਰ ਆਪਣੀ ਗੱਡੀ ਨੂੰ ਵਰਕਸ਼ਾਪ ਵਿੱਚ ਲੈ ਗਿਆ ਜੋ ਇੱਕ ਗੋਰੇ ਦੀ ਸੀ। ਜਦ ਗੋਰਾ ਮਕੈਨਿਕ ਕੰਮ ਸ਼ੁਰੂ ਕਰਨ ਲੱਗਿਆ ਕਿ ਤਾਂ ਉਸ ਨੇ ਦੇਖਿਆ ਕਿ ਇਸ ਦੀ ਗੱਡੀ ਨਾਲ ਛਿੱਤਰ ਅੜਿਆ ਹੋਇਆ ਹੈ। ਇਹ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਛਿੱਤਰ ਇਸ ਨੇ ਆਪ ਟੰਗਿਆ ਹੋਏਗਾ? ਗੋਰੇ ਮਕੈਨਿਕ ਨੇ ਇਹ ਸਮਝ ਲਿਆ ਕਿ ਇਸ ਡਰਾਇਵਰ ਕੋਲੋਂ ਜ਼ਰੂਰ ਕੋਈ ਵੱਡੀ ਦੁਰਘਟਨਾ ਵਾਪਰ ਗਈ ਹੈ ਜੋ ਇਸ ਨੇ ਲੁਕਾ ਕੇ ਰੱਖੀ ਹੋਏਗੀ, ਜ਼ਰੂਰ ਕੋਈ ਬੰਦਾ ਇਸ ਦੀ ਗੱਡੀ ਥੱਲੇ ਆ ਕੇ ਮਰ ਗਿਆ ਹੋਵੇਗਾ ਤੇ ਉਸ ਬੰਦੇ ਦੀ ਜੁੱਤੀ ਦਾ ਛਿੱਤਰ ਇਸ ਦੀ ਗੱਡੀ ਵਿੱਚ ਅੜਿਆ ਰਹਿ ਗਿਆ ਹੈ। ਗੋਰਾ ਫੱਟ ਪੰਜਾਬੀ ਡਰਾਰਿਵਰ ਨੂੰ ਕਹਿਣ ਲੱਗਾ ਕਿ ਮਿੱਤਰਾ ਤੂੰ ਕੋਈ ਵੱਡਾ ਐਕਸੀ ਡੈਂਟ ਕਰਕੇ ਆਇਆ ਏਂ। ਹੋ ਸਕਦਾ ਹੈ ਤੇਰੇ ਕੋਲੋਂ ਕਿਸੇ ਬੰਦੇ ਦੀ ਮੌਤ ਹੋ ਗਈ ਹੋਵੇ ਕਿਉਂਕਿ ਤੇਰੀ ਗੱਡੀ ਨਾਲ ਹਾਦਸਾ ਗ੍ਰਸਤ ਬੰਦੇ ਦੀ ਜੁੱਤੀ ਦਾ ਇੱਕ ਛਿੱਤਰ ਅੜਿਆ ਰਹਿ ਗਿਆ ਹੈ।
ਪੰਜਾਬੀ ਡ੍ਰਾਈਵਰ ਕਹਿਣ ਲੱਗਾ ਕਿ ਮੇਰੇ ਕੋਲੋਂ ਕੋਈ ਬੰਦਾ ਨਹੀਂ ਮਰਿਆ। ਇਹ ਤੇ ਮੇਰੇ ਕੋਲੋਂ ਹੀ ਗੱਡੀ ਵੱਜ ਗਈ ਹੈ ਜੋ ਮੈਂ ਠੀਕ ਕਰਾਉਣ ਲਈ ਆਇਆ ਹਾਂ। ਗੋਰੇ ਮਕੈਨਿਕ ਨੇ ਪੁਲੀਸ ਨੂੰ ਕਾਲ ਕਰ ਦਿੱਤੀ। ਪੁਲੀਸ ਹਾਜ਼ਰ ਹੋ ਗਈ। ਪੰਜਾਬੀ ਡ੍ਰਾਈਵਰ ਬਾਰ ਬਾਰ ਕਹੇ ਕਿ ਕੋਈ ਬੰਦਾ ਨਹੀਂ ਮਰਿਆ ਸਗੋਂ ਮੇਰੇ ਕੋਲੋਂ ਹੀ ਦੁਰਘਟਨਾ ਹੋ ਗਈ ਹੈ। ਅਖੀਰ ਪੰਜਾਬੀ ਡ੍ਰਾਈਵਰ ਉਹਨਾਂ ਨੂੰ ਕਹਿਣ ਲੱਗਾ ਕਿ ਮੈਂ ਤਾਂ ਬੁਰੀ ਨਜ਼ਰ ਲੱਗਣ ਦੇ ਡਰੋਂ ਜੁੱਤੀ ਦਾ ਪੁਰਾਣਾ ਛਿੱਤਰ ਟੰਗਿਆ ਹੋਇਆ ਸੀ। ਸਿਆਪਾ ਇਹ ਖੜਾ ਹੋ ਗਿਆ ਕਿ ਪੰਜਾਬੀ ਡ੍ਰਾਈਵਰ ਨੂੰ ਬੁਰੀ ਨਜ਼ਰ ਦੀ ਅੰਗਰੇਜ਼ੀ ਨਾ ਆਵੇ। ਡ੍ਰਾਈਵਰ ਆਪਣੀ ਗੱਲ ਸਮਝਾ ਹੀ ਨਾ ਸਕਿਆ ਕਿ ਮੈਂ ਜੋਤਸ਼ੀ ਕੋਲੋਂ ਡਰਿਆ ਹੋਇਆ ਇਨਸਾਨ ਹਾਂ ਤਾਂ ਆਪਣੀ ਗੱਡੀ ਨਾਲ ਛਿੱਤਰ ਬੱਧਾ ਹੋਇਆ ਹੈ। ਪਰ ਏਦਾਂ ਗੱਡੀ ਦੇ ਮਗਰ ਛਿੱਤਰ ਟੰਗਣਾ ਗੋਰਿਆਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ।
ਗੋਰਿਆਂ ਨੇ ਇੱਕ ਗੱਲ ਪੰਜਾਬੀ ਡ੍ਰਾਈਵਰ ਦੀ ਮੰਨ ਲਈ ਕਿ ਤੇਰੇ ਕੋਲੋਂ ਕੋਈ ਬੰਦਾ ਨਹੀਂ ਮਾਰਿਆ। ਇਹ ਵੀ ਮੰਨ ਲਿਆ ਕਿ ਤੂੰ ਆਪਣੀ ਗੱਡੀ ਨਾਲ ਛਿੱਤਰ ਇਸ ਲਈ ਹੋਇਆ ਬੰਨ੍ਹਿਆ ਹੋਇਆ ਸੀ ਕਿ ਤੇਰੀ ਗੱਡੀ ਨੂੰ ਕਿਤੇ ਭੈੜੀ ਨਜ਼ਰ ਨਾ ਲੱਗ ਜਾਏ। ਅਸੀਂ ਤੇਰੀਆਂ ਸਾਰੀਆਂ ਗੱਲ ਮੰਨ ਲੈਂਦੇ ਹਾਂ। ਹੁਣ ਇਸ ਗੱਲ ਨੂੰ ਸਹੀ ਸਾਬਤ ਕਰਨ ਲਈ, ਤੂੰ ਇਸ ਛਿੱਤਰ ਨਾਲ ਦਾ ਦੂਜਾ ਛਿੱਤਰ ਦਿਖਾ। ਪੰਜਾਬੀ ਭਾਅ ਨੇ ਇੱਕ ਛਿੱਤਰ `ਤੇ ਗੱਡੀ ਨਾਲ ਬੰਨ੍ਹ ਲਿਆ ਸੀ ਦੂਜਾ ਓਸੇ ਦਿਨ ਹੀ ਕੂੜੇ ਵਿੱਚ ਸੁੱਟ ਦਿੱਤਾ ਸੀ। ਪੰਜਾਬੀ ਡ੍ਰਾਈਵਰ ਪਾਸ ਦੂਜਾ ਛਿੱਤਰ ਨਹੀਂ ਸੀ ਜਿਸ ਕਰਕੇ ਪੁਲੀਸ ਨੇ ਕੇਸ ਦਰਜ ਕਰ ਲਿਆ। ਗੋਰੇ ਕਹਿਣ ਜੇ ਵਾਕਿਆ ਹੀ ਤੂੰ ਸੱਚਾ ਏਂ ਤਾਂ ਜੁੱਤੀ ਦਾ ਦੂਜਾ ਛਿੱਤਰ ਦਿਖਾ। ਹੁਣ ਡ੍ਰਾਈਵਰ ਪਾਸ ਸਬੂਤ ਹੈ ਕੋਈ ਨਹੀਂ ਸੀ। ਪੰਜਾਬੀ ਡ੍ਰਾਇਵਰ ਨੂੰ ਦਸ ਹਜ਼ਾਰ ਡਾਲਰ ਖਰਚ ਕਰਕੇ ਖੜੇ ਪੈਰ ਵਕੀਲ ਕਰਨਾ ਪਿਆ। ਕੇਸ ਚੱਲਿਆ ਪਰ ਦਸ ਹਜ਼ਾਰ ਡਾਲਰ ਦਾ ਜੁਰਮਾਨਾ ਠੁਕ ਗਿਆ। ਇੰਜ ਨਜ਼ਰ ਉਤਾਰਨ ਦਾ ਕੁੱਲ ਵੀਹ ਹਜ਼ਾਰ ਡਾਲਰ ਭਰਨਾ ਪਿਆ, ਕਿਉਂ, ਹੈਕਨਾ ਜੱਗੋਂ ਤੇਰ੍ਹਵੀਂ। ਬੋਲੋ ਵਾਹਗੁਰੂ
ਨੋਟ---
੮ ਨਵੰਬਰ ਰਾਤ ਨੂੰ ਅੱਠ ਵਜੇ ੨੦੧੬ ਨੂੰ ਭਾਰਤ ਦੇ ਪ੍ਰਧਾਨ ਮੰਤ੍ਰੀ ਨੇ ਕਿਹਾ ਕਿ ਪੰਜ ਸੌ ਤੇ ਹਜ਼ਾਰ ਰੁਪਏ ਵਾਲੇ ਨੋਟ ਬੰਦ ਕਰਨ ਦਾ ਤੁਗਲਕੀ ਹੁਕਮ ਸੁਣਾ ਦਿੱਤਾ। ਦੂਜੇ ਪਾਸੇ ਭਾਰਤ ਦੇ ਕਿਸੇ ਬ੍ਰਹਮ ਗਿਆਨੀ, ਜੋਤਸ਼ੀ ਦੀ ਅੰਦਰਲੀ ਅੱਖ ਨਹੀਂ ਖੁਲ੍ਹੀ ਭਾਰਤ ਦੇ ਪ੍ਰਧਾਨ ਮੰਤ੍ਰੀ ਦੇ ਇਸ ਐਲਾਨ ਦਾ ਕਿਸੇ ਨੂੰ ਪਹਿਲਾਂ ਗਿਆਨ ਹੋ ਗਿਆ ਹੋਵੇ। ਓਦੋਂ ਇਨ੍ਹਾਂ ਜੋਤਸ਼ੀਆਂ ਨੂੰ ਆਪਣੇ ਰੁਪਏ ਸੰਭਾਲਣੇ ਔਖੇ ਹੋ ਗਏ ਸਨ।
.