.

ਗੁਰਬਾਣੀ ਵਿਭਚਾਰੀ ਰੁਚੀ ਵਿਰੁਧ ਤਾੜਨਾ ਕਰਦੀ ਹੈ

ਗੁਰਬਾਣੀ ਸਾਨੂੰ ਕੇਵਲ ਰੂਹਾਨੀ ਮਾਮਲਿਆਂ ਵਿੱਚ ਹੀ ਸੇਧ ਨਹੀਂ ਦਿੰਦੀ ਸਗੋਂ ਦੁਨਿਆਵੀ ਖੇਤਰ ਵਿੱਚ ਵੀ ਸਾਡੀ ਅਗਵਾਈ ਕਰਦੀ ਹੈ। ਜਦੋਂ ਅਸੀਂ ਕੁਰਾਹੇ ਪੈ ਜਾਂਦੇ ਹਾਂ ਤਾਂ ਸਾਨੂੰ ਸਿੱਧਾ ਰਾਹ ਦਿਖਾਉਂਦੀ ਹੈ ਅਤੇ ਸੱਚੀ- ਸੁੱਚੀ ਤੇ ਚੰਗੀ ਜ਼ਿੰਦਗੀ ਵਲ ਪ੍ਰੇਰਦੀ ਹੈ। ਇਹ ਸਾਨੂੰ ਸਿੱਖਿਆ ਦਿੰਦੀ ਹੈ ਕਿ ਅਸੀਂ ਆਪਣੀ ਕੁਦਰਤੀ ਰੁਚੀਆਂ (ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ) ਨੂੰ ਆਪਣੇ ਕਾਬੂ ਵਿੱਚ ਰਖੀਏ ਨਾਂ ਕਿ ਉਨ੍ਹਾਂ ਨੂੰ ਮਾਰੀਏ। ਗੁਰੂ ਨਾਨਕ ਦੇਵ ਜੀ ਲਿਖਦੇ ਹਨ:- ਵਸਗਤਿ ਪੰਚ ਕਰੇ ਨਹ ਡੋਲੈ।। ਪੰਨਾ੮੭੭। ਭਾਵ:- ਜੋ ਕੋਈ ਕਾਮਾਦਿਕ ਪੰਜੇ ਵਿਕਾਰਾਂ ਨੂੰ ਆਪਣੇ ਵੱਸ ਵਿੱਚ ਰਖਦਾ ਹੈ ਉਹ ਕਦੇ ਨਹੀਂ ਡੋਲਦਾ।

ਜਾਂ ਪੰਚ ਰਾਸੀ ਤਾਂ ਤੀਰਥ ਵਾਸੀ।। ਪੰਨਾ ੩੫੬ ਭਾਵ:- ਕਿਸੇ ਦਾ ਤੀਰਥਾਂ ਤੇ ਨਿਵਾਸ ਰੱਖਣਾ ਤਦੋਂ ਹੀ ਸਫਲ ਹੈ ਜੇ ਉਸ ਨੇ ਆਪਣੇ ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਕਰ ਲਿਆ ਹੈ।

ਗੁਰੂ ਅਰਜਨ ਦੇਵ ਜੀ ਨੇ ਵੀ ਸਾਨੂੰ ਸੁਚੇਤ ਕਰਣ ਵਾਸਤੇ ਲਿਖਿਆ ਹੈ:- ਪੰਚ ਮਜਮੀ ਜੋ ਪੰਚਨ ਰਾਖੈ।। ਪੰਨਾ ੧੧੫੧ ਭਾਵ:-ਜੇਹੜਾ ਮਨੁੱਖ ਕਾਮਾਦਿਕ ਪੰਜਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰਖਦਾ ਹੈ ਉੇਹ ਇਹਨਾਂ ਦਾ ਉਪਾਸ਼ਕ ਹੋ ਜਾਂਦਾ ਹੈ।

ਜੇ ਕਰ ਕੋਈ ਰੁਚੀ ਮਨੁੱਖ ਨੂੰ ਆਪਣੇ ਵਸ ਵਿੱਚ ਕਰ ਲਵੇ ਤਾਂ ਮਨੁੱਖ ਤਬਾਹ ਹੋ ਜਾਂਦਾ ਹੈ। ਜੇ ਕਰ ਕੋਈ ਕਾਮ ਰੁਚੀ ਨੂੰ ਕਾਬੂ ਵਿੱਚ ਨਾ ਰਖ ਸਕੇ ਤਾਂ ਉਹ ਵਿਭਚਾਰ ਵਿੱਚ ਫਸ ਜਾਂਦਾ ਹੈ ਤੇ ਆਪਣੀ ਇਜ਼ਤ, ਸਿਹਤ ਤੇ ਧਨ ਗਵਾ ਲੈਂਦਾ ਹੈ। ਏਡਜ਼ ਵਰਗੀਆਂ ਜਾਨ ਲੇਵਾ ਬਿਮਾਰੀਆਂ ਸਹੇੜ ਲੈਂਦਾ ਹੈ। ਵਿਭਚਾਰ ਦੇ ਕਾਰਨ ਕਈ ਲੜਾਈਆਂ ਤੇ ਕਤਲ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਨੇ ਹੇਠਲੀ ਤੁਕ ਵਿੱਚ ਇਸ ਵਿਰੁਧ ਤਾੜਨਾ ਕੀਤੀ ਹੈ:-

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ ਪੰਨਾ ੪੦੩ ਭਾਵ:-ਪਰਾਈ ਇਸਤ੍ਰੀ ਦਾ ਸੰਗ ਇਉਂ ਹੈ ਜਿਵੇਂ ਸੱਪ ਦਾ ਸਾਥ।

ਕਈ ਮੂਰਖ ਜੀਵ ਥੋੜੇ ਸਮੇਂ ਦੀ ਐਸ਼ ਤੇ ਖੁਸ਼ੀ ਦੇ ਲਈ ਵਿਭਚਾਰ ਵਿੱਚ ਫਸ ਜਾਂਦੇ ਹਨ; ਉਹ ਇਸ ਦੇ ਦੁਖਦਾਈ ਨਤੀਜਿਆਂ ਨੂੰ ਭੂੱਲ ਜਾਂਦੇ ਹਨ ਤੇ ਫਿਰ ਸਾਰੀ ਉਮਰ ਪਛਤਾਊਂਦੇ ਹਨ। ਗੁਰੂ ਜੀ ਨੇ ਉਨ੍ਹਾਂ ਨੂੰ ਸੁਚੇਤ ਕਰਨ ਲਈ ਲਿਖਿਆ ਹੈ:-

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥

ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥ ਪੰਨਾ ੪੦

ਭਾਵ:-ਹੇ ਜੀਵ! ਥੋੜਾ ਜਿਤਨਾ ਸਮਾਂ ਕਾਮ-ਵਾਸ਼ਨਾ ਦੇ ਸੁਆਦ ਦੀ ਖਾਤਰ ਤੂੰ ਕਰੋੜਾਂ ਦਿਨ ਦੁਖ ਸਹਾਰਦਾ ਹੈਂ ਤੇ ਉਸ ਤੋਂ ਪਿਛੋਂ ਮੁੜ ਮੁੜ ਪਛੁਤਾਂਦਾ ਹੈਂ।

ਅਗਲੀ ਤੁਕਾਂ ਵਿੱਚ ਗੁਰੂ ਨਾਨਕ ਦੇਵ ਅਜਿਹੇ ਜੀਵਾਂ ਦੇ ਔਗੁਣ ਦਸਦੇ ਹਨ:- ਪਰ ਘਰਿ ਚੀਤੁ ਮਨਮੁਖਿ ਡੋਲਾਇ॥ ਪੰਨਾ ੨੨੬

ਭਾਵ:- ਅਧਰਮੀ ਮਨੁੱਖ ਦਾ ਮਨ ਪਰਾਈ ਇਸਤ੍ਰੀ ਲਈ ਡੋਲਦਾ ਹੈ’।

ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ॥ ਪੰਨਾ ੧੦੧੨ ਭਾਵ:-ਆਪਣੇ ਮਨ ਦੇ ਪਿਛੇ ਲਗਣ ਵਾਲਾ ਮਨੁੱਖ ਜੋਸ਼ ਵਿੱਚ ਆਪਣਾ ਘਰ ਤਿਆਗ ਕੇ ਹੋਰਨਾਂ ਦੀ ਇਸਤ੍ਰੀਆਂ ਨੂੰ ਤੱਕਦਾ ਫਿਰਦਾ ਹੈ ਤੇ ਖੁਆਰ ਹੁੰਦਾ ਹੈ। ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ ਪੰਨਾ ੧੨੫੬ ਭਾਵ:-ਜਦੋਂ ਪ੍ਰਾਣੀ ਵਾਹਿਗੁਰੂ ਨੂੰ ਭੁਲਾਕੇ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ ਤਾਂ ਉਸ ਦੇ ਸਰੀਰ ਅੰਦਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਭੋਗਹੁ ਰੋਗ ਸੁ ਅੰਤਿ ਵਿਗੋਵੈ॥ ਪੰਨਾ ੧੦੩੪ ਭਾਵ:-ਕਾਮ ਚੇਸ਼ਟਾ ਤੋਂ ਬੀਮਾਰ ਹੋ ਜਾਈਦਾ ਹੈ ਤੇ ਇਨਸਾਨ ਅੰਤ ਵਿੱਚ ਬਰਬਾਦ ਹੁੰਦਾ ਹੈ।

ਗੁਰੂ ਅੰਗਦ ਦੇਵ ਜੀ ਉਸ ਇਸਤ੍ਰੀ ਬਾਰੇ ਜੋ ਆਪਣੇ ਪਤੀ ਨੂੰ ਛੱਡ ਕੇ ਬਿਗਾਨੇ ਪੁਰਸ਼ਾਂ ਨਾਲ ਨਾਜਾਇਜ਼ ਸਬੰਧ ਬਣਾਂਦੀ ਹੈ ਕਹਿੰਦੇ ਹਨ:- ਨਾਨਕ ਝੂਰਿ ਮਰਹਿ ਦੋਹਾਗਣੀ ਜਿਨੑ ਅਵਰੀ ਲਾਗਾ ਨੇਹੁ॥ ਪੰਨਾ ੧੨੮੦ ਭਾਵ:-ਹੇ ਨਾਨਕ! ਛੁੱਟੜ ਪਤਨੀ ਜੋ ਆਪਣੇ ਪਤੀ ਨੂੰ ਛੋੜ ਕੇ ਹੋਰ ਮਰਦਾਂ ਨਾਲ ਪਿਆਰ ਕਰਦੀ ਹੈ ਕੁਰਲਾਉਂਦੀ ਹੀ ਮਰ ਜਾਂਦੀ ਹੈ।

ਗੁਰੂ ਅਰਜਨ ਦੇਵ ਦੇਵ ਜੀ ਲਿਖਦੇ ਹਨ ਕਿ ਵਿਭਚਾਰੀ ਮਨੁੱਖ ਬਹੁਤ ਸ਼ਰਮਸਾਰ ਹੁੰਦਾ ਹੈ:-

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ॥ ਪੰਨਾ ੧੩੬੨

ਭਾਵ:- ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ ਸ਼ਰਮਸਾਰ ਹੁੰਦੇ ਹਨ।

ਭਗਤ ਨਾਮ ਦੇਵ ਜੀ ਆਪਣੀ ਬਾਣੀ ਵਿੱਚ ਵਿਭਚਾਰੀ ਮਨੁੱਖ ਨੂੰ ਮੂਰਖ ਤੇ ਅੰਨ੍ਹਾ ਕਹਿੰਦੇ ਹਨ:-

ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ ਪੰਨਾ ੧੧੬੫

ਭਾਵ:-ਅੰਨ੍ਹਾ (ਪਾਪੀ) ਮਨੁੱਖ ਆਪਣੀ ਵਹੁਟੀ ਛੱਡ ਦਿੰਦਾ ਹੈ ਤੇ ਪਰਾਈ ਇਸਤ੍ਰੀ ਨਾਲ ਖੇਹ ਖਾਂਦਾ ਹੈ।

ਕਈ ਪੁਰਸ਼ ਜਿਨ੍ਹਾਂ ਦੇ ਸਿਰ ਤੇ ਕਾਮ ਸਵਾਰ ਹੋ ਜਾਂਦਾ ਹੈ ਚੰਗੇ ਬੁਰੇ ਦਾ ਫਰਕ ਭੁੱਲ ਜਾਂਦੇ ਹਨ। ਭਗਤ ਬੇਣੀ ਜੀ ਉਨਹਾਂ ਬਾਰੇ ਲਿਖਦੇ ਹਨ:- ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ॥ ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ॥ ਉਨਮਤ ਕਾਮਿ ਮਹਾ ਬਿਖੁ ਭੂਲੇ ਪਾਪ ਪੁੰਨੁ ਨ ਪਛਾਨਿਆ॥ ਪੰਨਾ ੯੩

ਭਾਵ:- ਤੇਰੇ ਅੰਦਰ ਕਾਮ ਜ਼ੋਰਾਂ ਵਿੱਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ ਤੇ ਕਾਮਾਤੁਰ ਹੋ ਕੇ ਤੂੰ ਪਰਾਈ ਇਸਤ੍ਰੀ ਨੂੰ ਲਿਆ ਗਲ ਲਾਇਆ ਹੈ। ਤੇਰੇ ਵਿੱਚ ਜੁਆਨੀ ਦਾ ਜੋਸ਼ ਹੈ, ਤੂੰ ਪਰਾਈਆਂ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ ਤੇ ਤੂੰ ਵੇਲਾ ਕੁਵੇਲਾ ਵੀ ਨਹੀਂ ਸਮਝਦਾ। ਹੇ ਕਾਮ ਵਿੱਚ ਮਸਤ ਤੇ ਪ੍ਰਬਲ ਮਾਇਆ ਵਿੱਚ ਭੁੱਲੇ ਬੰਦੇ! ਤੈਨੂੰ ਇਹ ਸਮਝ ਨਹੀਂ ਹੈ ਕਿ ਪੁੰਨ ਕੀ ਹੈ ਤੇ ਪਾਪ ਕੀ ਹੈ।

ਇਹੋ ਜਿਹੇ ਲੋਕ ਦੂਜਿਆਂ ਤੋਂ ਛੁਪ ਕੇ ਵਿਭਚਾਰ ਕਰਦੇ ਹਨ ਅਤੇ ਮਹਾਤਮਾ ਹੋਣ ਦਾ ਢੋਂਗ ਰਚਦੇ ਹਨ। ਉਹ ਸਮਝਦੇ ਹਨ ਕਿ ਕੋਈ ਵੀ ਉਨ੍ਹਾਂ ਦੇ ਕੁਕਰਮਾਂ ਨੂੰ ਨਹੀਂ ਵੇਖ ਰਿਹਾ। ਅਜਿਹੇ ਲੋਕਾਂ ਲਈ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ:-

ਰੇ ਨਰ ਕਾਇ ਪਰ ਗ੍ਰਿਹਿ ਜਾਇ॥

ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ॥ ਪੰਨਾ ੧੦੦੧

ਭਾਵ:-ਹੇ ਮਨੁੱਖ! ਤੂੰ ਪਰਾਏ ਘਰ ਕਿਉਂ ਮੰਦੇ ਕੰਮ ਕਰਨ ਲਈ ਜਾਂਦਾ ਹੈਂ? ਹੇ ਗੰਦੇ, ਨਿਰਦਈ ਤੇ ਵਿਸ਼ਈ ਗਧੇ! ਕੀ ਤੂੰ ਧਰਮ-ਰਾਜ ਦਾ ਨਾਂ ਕਦੇ ਨਹੀਂ ਸੁਣਿਆ?

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥

ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥ ਪੰਨਾ ੬੧੬

ਭਾਵ:-ਮਨੁੱਖ ਦਰਵਾਜ਼ੇ ਬੰਦ ਕਰਕੇ ਕਈ ਪਰਦਿਆਂ ਪਿੱਛੇ ਪਰਾਈ ਇਸਤ੍ਰੀ ਨਾਲ ਭੋਗ ਕਰਦਾ ਹੈ। ਹੇ ਮਨੁੱਖ! ਜਦੋਂ ਧਰਮ-ਰਾਜ ਦੇ ਦੂਤ, ਚਿਤ੍ਰ ਤੇ ਗੁਪਤ, ਤੇਰੇ ਕੋਲੋਂ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਤਾਂ ਤੇ ਪਰਦਾ ਨਹੀਂ ਪਾ ਸਕੇਗਾ।

ਭਗਤ ਨਾਮ ਦੇਵ ਲਿਖਦੇ ਹਨ ਕਿ ਜੇਹੜੇ ਮਨੁੱਖ ਆਪਣੀ ਕਾਮ ਰੁਚੀ ਨੂੰ ਕਾਬੂ ਵਿੱਚ ਰਖਦੇ ਹਨ ਵਾਹਿਗੁਰੂ ਉਨ੍ਹਾਂ ਨੂੰ ਪਿਆਰ ਕਰਦਾ ਹੈ:- ਪਰ ਧਨ ਪਰ ਦਾਰਾ ਪਰਹਰੀ॥ ਤਾ ਕੈ ਨਿਕਟਿ ਬਸੈ ਨਰਹਰੀ॥ ਪਨਾ੧੧੬੩

ਭਾਵ:-ਵਾਹਿਗੁਰੂ ਉਸ ਦੇ ਅੰਗ-ਸੰਗ ਵਸਦਾ ਹੈ ਜਿਸ ਮਨੁੱਖ ਨੇ ਪਰਾਈ ਇਸਤ੍ਰੀ ਤੇ ਪਰਾਏ ਧਨ ਦਾ ਤਿਆਗ ਕੀਤਾ ਹੈ।

ਕਈ ਮਨੁੱਖ ਆਪਣਾ ਘਰ ਬਾਰ ਤਿਆਗ ਕੇ ਧਾਰਮਕ ਪਹਿਰਾਵਾ ਪਾ ਲੈਂਦੇ ਹਨ ਤੇ ਜੰਗਲਾਂ ਵਿੱਚ ਰੱਬ ਦੀ ਭਾਲ ਵਿੱਚ ਨਿਕਲ ਪੈਂਦੇ ਹਨ, ਪਰ ਉਹ ਆਪਣੀ ਕਾਮ ਰੁਚੀ ਨੂੰ ਕਾਬੂ ਵਿੱਚ ਨਹੀਂ ਰਖ ਸਕਦੇ। ਗੁਰੂ ਅਰਜਨ ਦੇਵ ਜੀ ਨੇ ਅਜਿਹੇ ਬੰਦਿਆਂ ਨੂੰ ਸਖਤ ਤਾੜਨਾ ਕੀਤੀ ਹੈ:- ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥

ਵੇਸਿ ਨ ਪਾਈਐ ਮਹਾ ਦੁਖਿਆਰੀ॥ ਪੰਨਾ ੧੩੪੮

ਭਾਵ:- ਜੋ ਆਪਣੀ ਵਹੁਟੀ ਛੱਡ ਕੇ ਪਰਾਈ ਜ਼ਨਾਨੀ ਨੂੰ ਬੁਰੀ ਨਿਗਾਹ ਨਾਲ ਵੇਖਦਾ ਹੈ ਉਸ ਨੂੰ ਨਿਰੇ ਧਾਰਮਕ ਪਹਿਰਾਵੇ ਨਾਲ ਰੱਬ ਨਹੀਂ ਮਿਲਦਾ ਤੇ ਉਹ ਮਨੁੱਖ ਬਹੁਤ ਦੁਖੀ ਹੁੰਦਾ ਹੈ।

ਕਈ ਬਦਚਲਣ ਨਾਰੀਆਂ ਆਪਣੀ ਬੇਕਾਬੂ ਕਾਮ ਵਾਸ਼ਨਾ ਨੂੰ ਸੰਤੁਸ਼ਟ ਕਰਨ ਲਈ ਜਾਂ ਮਾਇਆ ਦੇ ਵਾਸਤੇ ਆਪਣਾ ਸਰੀਰ ਮਨੁੱਖਾਂ ਨੂੰ ਵੇਚ ਦੇਂਦੀਆਂ ਹਨ। ਅਜਿਹੀ ਇਸਤ੍ਰੀਆਂ ਨੂੰ ਗੁਰੂ ਨਾਨਕ ਦੇਵ ਜੀ ਇਉਂ ਸਮਝਾਉਂਦੇ ਹਨ:-

ਜਿਉ ਤਨੁ ਬਿਧਵਾ ਪਰ ਕਉ ਦੇਈ॥ ਕਾਮਿ ਦਾਮਿ ਚਿਤੁ ਪਰ ਵਸਿ ਸੇਈ॥

ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ॥ ਪੰਨਾ ੨੨੬

ਭਾਵ:- ਇੱਕ ਬਦਕਾਰ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ ਅਤੇ ਭੋਗ-ਬਿਲਾਸ ਜਾਂ ਦੌਲਤ ਦੀ ਖਾਤਰ ਆਪਣਾ ਮਨ ਵੀ ਪਰਾਏ ਮਨੁੱਖ ਦੇ ਵੱਸ ਵਿੱਚ ਕਰਦੀ ਹੈ, ਪਰ ਪਤੀ ਤੋਂ ਬਿਨਾਂ ਉਸ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ।

ਜਦੋਂ ਕਾਮ ਚੇਸ਼ਟਾ ਜੀਵ ਦੇ ਵਸ ਵਿੱਚ ਨਹੀਂ ਰਹਿੰਦੀ ਤਾਂ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣੀ ਕਾਮ ਰਚੀ ਨੂੰ ਆਪਣੇ ਵਸ ਵਿੱਚ ਰਖੀਏ। ਗੁਰੂ ਅਰਜਨ ਦੇਵ ਜੀ ਨੇ ਕਾਮ ਬਾਰੇ ਲਿਖਿਆ ਹੈ:-

ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥

ਚਿਤ ਹਰਣੰ ਤ੍ਰੈ ਲੋਕ ਗੰਮ੍ਹੰ ਜਪ ਤਪ ਸੀਲ ਬਿਦਾਰਣਹ॥

ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥

ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ॥ ਪੰਨਾ ੧੩੫੮

ਭਾਵ:-ਹੇ ਕਾਮ! ਤੂੰ ਜੀਵਨ ਨੂੰ ਨਰਕ ਵਿੱਚ ਭੇਜਣ ਵਾਲਾ ਤੇ ਕਈ ਜੂਨੀਆਂ ਅੰਦਰ ਭਟਕਾਣ ਵਾਲਾ ਹੈਂ।

ਤੂੰ ਜੀਵ ਦੇ ਮਨ ਨੂੰ ਚੁਰਾ ਲੈਂਦਾ ਹੈਂ, ਤੂੰ ਤਿੰਨਾ ਜਹਾਨਾਂ ਅੰਦਰ ਵਿਆਪਕ ਹੈਂ ਅਤੇ ਤੂੰ ਸਿਮਰਨ, ਤਪੱਸਿਆ ਤੇ ਨੇਕੀ ਨੂੰ ਨਾਸ ਕਰ ਦਿੰਦਾ ਹੈਂ।

ਤੂੰ ਖੁਸ਼ੀ ਤਾਂ ਥੋੜੀ ਦੇਰ ਦਿੰਦਾ ਹੈਂ, ਪਰ ਜੀਵ ਨੂੰ ਸ਼ੁਧ ਆਚਰਣ ਦੇ ਧਨ ਤੋਂ ਸਖਣਾ ਅਤੇ ਬੇਆਰਾਮ ਕਰ ਦਿੰਦਾ ਹੈਂ। ਤੂੰ ਉੱਚੇ ਨੀਵੈਂ ਅੰਦਰ ਰਮਿਆ ਹੋਇਆ ਹੈਂ।

ਹੇ ਨਾਨਕ! ਸੰਤਾਂ ਦੀ ਸੰਗਤ ਤੇ ਸਰਬ ਵਿਆਪਕ ਵਾਹਿਗੁਰੂ ਦੀ ਸਰਨ ਲੈਣ ਨਾਲ ਤੇਰਾ ਡਰ ਦੂਰ ਹੋ ਜਾਏਗਾ।

ਸਾਵਣ ਸਿੰਘ
.