.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 8

ਵੀਰ ਭੁਪਿੰਦਰ ਸਿੰਘ

6. ਛੇਵਾਂ ਸਲੋਕ -

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥6॥

ਪਤਿਤ ਨੂੰ ਸਮਝੇ ਬਗੈਰ ਅਸੀਂ ਅੱਗੇ ਟੁਰ ਨਹੀਂ ਸਕਦੇ! ਜਦੋਂ ਮਨ ਮੈਲਾ ਹੋਵੇ ਤਾਂ ਸਭੁ ਕਿਛੁ ਮੈਲਾ ਹੋ ਗਿਆ। ਮਾਨੋ ਉਹ ਮਨੁੱਖ ਪਤਿਤ ਹੋ ਗਿਆ।

1. ਕਿਸੀ ਨੇ ਸਵਾਲ ਪੁਛਿਆ ਸੀ ਕਿ ‘ਇਤ ਉਤ’ ਕੀ ਹੁੰਦਾ ਹੈ?

ਇਤ ਹੁੰਦਾ ਹੈ ਜਿਹੜਾ ਮੈਂ ਇੱਥੇ ਮੌਜੂਦ ਹਾਂ ਅਤੇ ਉਤ ਹੁੰਦਾ ਹੈ ਜੋ ਮੇਰਾ ਮਨ ਹੈ।

2. ਫਿਰ ਕਿਸੇ ਨੇ ਸਵਾਲ ਪੁਛਿਆ ਸੀ ਕਿ ‘ਐਥੇ ਓਥੇ’ ਕੀ ਹੁੰਦਾ ਹੈ?

ਐਥੇ ਜੋ ਸਰੀਰ ਕਰਕੇ ਮੈਂ ਕੰਮ ਕਰ ਰਿਹਾ ਹਾਂ। ਓਥੇ ਜੋ ਮੇਰਾ ਮਨ ਸੋਚ ਰਿਹਾ ਹੈ।

3. ਕਿਸੀ ਨੇ ਪੁਛਿਆ ਕਿ ਲੋਕ ਪਰਲੋਕ ਕੀ ਹੁੰਦਾ ਹੈ?

ਇਸ ਦੁਨੀਆ ਵਿਚ ਜਿਊਂਦੇ ਜੀ ਜੋ ਅਸੀਂ ਕੰਮ ਕਰਦੇ ਹਾਂ ਉਹ ਲੋਕ ਹੈ ਅਤੇ ਜੋ ਸਾਡੇ ਮਨ ਦੀ ਅਵਸਥਾ ਹੈ ਉਹ ਪਰਲੋਕ ਕਹਿਲਾਊਂਦੀ ਹੈ।

ਗੁਰਬਾਣੀ ਵਿਚ ਉਪਰ ਦੱਸੀ ਸ਼ਬਦਾਵਲੀ ਦੇ ਕਈ ਸ਼ਬਦ ਮਿਲਦੇ ਹਨ।

ਐ ਇਨਸਾਨ! ਜੇਕਰ ਤੇਰੇ ਕੋਲ ਸੱਚ ਨਹੀਂ ਹੈ ਤਾਂ ਤੇਰਾ ਬਾਹਰਲਾ ਜੀਵਨ ਤਾਂ ਬਰਬਾਦ ਹੋ ਹੀ ਜਾਏਗਾ ਅਤੇ ਇਸਦੇ ਨਾਲ ਹੀ ਪਰਲੋਕ ਭਾਵ ਅੰਦਰ ਦੀ ਸ਼ਾਂਤੀ ਵੀ ਗਵਾ ਲਏਂਗਾ। ਘਰੋਂ ਵੀ ਗਿਆ ਅਤੇ ਬਾਹਰੋਂ ਵੀ ਗਿਆ। ਇਨਸਾਨ ਅੰਦਰਲੇ ਚੈਨ ਦਾ ਮੁੱਲ ਨਹੀਂ ਪਾਉਂਦਾ। ਇਸ ਲਈ ਜੋ ਕੁਝ ਵੀ ‘ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ’ ਦੀ ਮਿਹਨਤ ਕਰਦਾ ਰਹਿੰਦਾ ਹੈ, ਜੋ ਵੀ ਹੇਰਾਫਰੀ ਕਰਦਾ ਹੈ ਜਾਂ ਕਿਸੇ ਤਰੀਕੇ ਵੀ ਚਤੁਰਾਈ ਕਰਦਾ ਹੈ ਤਾਂ ਇਸ ਦੀ ਪੱਤ ਨਹੀਂ ਰਹਿੰਦੀ। ਐਸਾ ਮਨੁੱਖ ਹੀ ਪਤਿਤ ਕਹਾਉਂਦਾ ਹੈ। ਪਤ ਦਾ ਅਰਥ ਹੈ ਇਜ਼ਤ, ਮਾਣ, ਵਡਿਆਈ ਆਦਿ। ਪਤਿਤ ਉਸਨੂੰ ਕਹਿੰਦੇ ਹਨ ਜੋ ਇਨਸਾਨ ਆਪਣੀ ਪੱਤ ਨੂੰ ਬਰਕਾਰ ਨਾ ਰੱਖ ਸਕੇ। ਗੁਰੂ ਪਾਤਸ਼ਾਹ ਕਹਿੰਦੇ ਹਨ, ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥ (1254)

ਕਿਹੜੇ ਘਰ ਜਾਉ? ਕੀ ਇਹ ਘਰ ਇੱਟਾਂ ਵਾਲੀਆਂ ਚਾਰ ਦਿਵਾਰਾਂ ਦਾ ਹੈ? ਨਹੀ! ਇਸ ਦਾ ਅਰਥ ਹੈ ਕਿ ਆਪਣੇ ਹਿਰਦੇ ਰੂਪੀ ਘਰ ਅੰਦਰ ਜਾਉ।

ਕਿਸੀ ਨੇ ਸਵਾਲ ਕੀਤਾ ਕਿ ‘ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥’ ਦਾ ਕੀ ਅਰਥ ਕਰੋਗੇ?

ਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਐ ਮਨੁੱਖ! ‘ਕਪੜੁ ਰੂਪੁ ਸੁਹਾਵਣਾ’ ਇਹ ਜੀਵਨ ਸੁਹਾਵਣਾ ਤਾਂ ਹੀ ਹੋ ਸਕਦਾ ਹੈ ਜਦੋਂ ‘ਛਡਿ ਦੁਨੀਆ, ਅੰਦਰਿ ਜਾਵਣਾ’ ਇਹ ਦੁਨੀਆ ਦਾਰੀ ਛੱਡਕੇ ਅੰਦਰ ਜਾਣਾ ਹੈ। ਆਪਣੇ ਅੰਦਰ ਦੀ ਖੋਜ ਕਰ।

ਪਰ ਅਸੀਂ ਇਸਦੇ ਅਰਥ ਸਮਝਦੇ ਸੀ ਕਿ ਦੁਨੀਆ ਅੰਦਰ ਸਭ ਕੁਝ ਛੱਡਕੇ ਜਾਣਾ ਪਵੇਗਾ। ਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ‘ਛਡਿ ਦੁਨੀਆ, ਅੰਦਰਿ ਜਾਵਣਾ’ ਅੰਦਰ ਜਾ ਕੇ ਵੇਖ ਤਾਂ ਪਤਾ ਲਗੇਗਾ। ‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥’ ਮੈਂ ਕੁਝ ਭੈੜਾ ਕੀਤਾ ਹੋਣਾ ਜਿਸਦੇ ਸਦਕੇ ਮੈਨੂੰ ਇਹ ਭੋਗ ਭੋਗਣੇ ਪੈ ਰਹੇ ਹਨ। ਆਪਣੇ ਮੰਦੇ ਅਤੇ ਚੰਗੇ ਖਿਆਲਾਂ ਦਾ ਨਤੀਜਾ ਆਪ ਹੀ ਮਨੁੱਖ ਭੋਗਦਾ ਹੈ।

ਅਪਨੀ ਪਤਿ ਸੇਤੀ ਘਰਿ ਜਾਵਹੁ ॥ (1254) ਭਾਵ ਤੂੰ ਸੱਚ ਨਾਲ ਜੁੜ, ਸੱਚ ਦੇ ਗਿਆਨ ਨਾਲ ਜੁੜ ਤਾਂਕਿ ਆਪਣੇ ਅੰਦਰ ਪੱਤ ਨਾਲ ਜਾ ਸਕੇਂ।

ਜਦੋਂ ਮਨ ਉੱਤੇ ਵਿਕਾਰ ਹਾਵੀ ਹੋਣ ਤਾਂ ਸੁਭਾਅ ਅਤੇ ਆਦਤਾਂ ਵਿਗੜ ਜਾਂਦੀਆਂ ਹਨ। ਚੰਗੇ ਗੁਣ ਲੁੱਟੇ ਜਾਂਦੇ ਹਨ, ਇਸ ਅਵਸਥਾ ਨੂੰ ਪਤਿਤ ਹੋਣਾ ਕਹਿੰਦੇ ਹਨ।

ਸੱਚ ਦਾ ਗਿਆਨ, ਭਾਵ ਸਤਿਗੁਰ, ਸੱਚਾ ਗੁਰ। ਸਤਿਗੁਰ ਦੀ ਪਰੀਭਾਸ਼ਾ ਨਿਕਲ ਕੇ ਆ ਗਈ। ਜੋ ਸਰਬਵਿਆਪੀ ਸੱਚ ਹੋਵੇ, ਜਿਸਨੂੰ ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿ ਸਾਰੇ ਧਰਮਾਂ ਦੇ ਲੋਗ ਜਿਊ ਸਕਣ। ਅਮੀਰ-ਗਰੀਬ ਵੀ ਜਿਊ ਸਕੇ, ਗੋਰਾ-ਕਾਲਾ, ਇਸਤਰੀ-ਮਰਦ-ਖੁਸਰਾ ਧਰਤੀ ਦਾ ਕੋਈ ਵੀ ਮਨੁੱਖ ਜਿਸਨੂੰ ਜਿਊ ਸਕਦਾ ਹੋਵੇ। ਜਿੱਥੇ ਮਰਜ਼ੀ ਰਹਿੰਦਾ ਹੋਵੇ, ਜਿਸ ਮਰਜ਼ੀ ਹੈਸੀਅਤ ਦਾ ਹੋਵੇ। ਜਿਸ ਗਿਆਨ ਨੂੰ ਸਾਰੇ ਜਿਊ ਸਕਦੇ ਹੋਣ ਉਸਨੂੰ ਸਤਿਗੁਰ ਕਹਿੰਦੇ ਹਨ। ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ (520)

ਇਸ ਸਲੋਕ ਵਿਚ ਸਮਝਾ ਰਹੇ ਹਨ ਕਿ ਸੱਚ ਦੇ ਗਿਆਨ ਦਾ ਪ੍ਰੇਮ ਦਾ ਪਟੋਲਾ ਤੂੰ ਮੈਨੂੰ ਦਿੱਤਾ ਹੈ। ਜੇ ਮੈਂ ਆਪਣੇ ਮਨ ਦੀ ਮੱਤ ਨਾਲ ਚਲਦਾ ਹਾਂ ਤਾਂ ਮਾੜੇ ਕੰਮ ਕਰਦਾ ਹਾਂ, ਮਾੜਾ ਸੋਚਦਾ ਹਾਂ, ਮਾਨੋ ਮੇਰੀ ਪੱਤ ਲੁੱਟੀ ਗਈ। ਕਿਉਂਕਿ ਮੇਰੇ ਹਰ ਇਕ ਦਰਵਾਜ਼ੇ ਤੇ ਚੋਰ ਬੈਠੇ ਹਨ। ਉਹ ਦੇਖਦੇ ਹਨ ਇਹ ਆਪਣੀ ਪੱਤ ਰੱਖਣ ਵਾਲਾ ਨਹੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਇਸਨੂੰ ਕਹਿੰਦੇ ਹਨ, ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ (451)

ਘਰੋਂ ਬਾਹਰ ਚਲਾ ਗਿਆ ਹੈਂ! ਦੇਖ ਇੱਥੇ ਚੋਰ ਲੁਟਣ ਆ ਗਏ ਹਨ। ਉਹ ਮੇਰੇ ਪਰਦੇਸੀ ਮਨ! ਪਿਆਰੇ! ਕਿਉਂ ਪਰਾਏ ਦੇਸ਼ ਚਲਾ ਗਿਆ ਹੈਂ। ਇਸ ਘਰ ਤੋਂ ਬਾਹਰ ਚਲਾ ਗਿਆ ਹੈਂ। ‘ਆਉ ਘਰੇ’ ਘਰ ਆ ਜਾ। ‘ਅਪਨੀ ਪਤਿ ਸੇਤੀ ਘਰਿ ਜਾਵਹੁ ॥’ (1254) ਵਿਕਾਰ ਰੁਕਾਵਟ ਪਾਂਦੇ ਹਨ, ਇਸ ਲਈ ਅਸੀਂ ਆਪਣੇ ਹਿਰਦੇ ਘਰ ਵਿਚ ਪੱਤ ਨਾਲ ਨਹੀਂ ਜਾ ਸਕਦੇ ਹਾਂ। ਵਿਕਾਰ ਸਾਡੀ ਰਾਹ ਵਿਚ ਔਕੜ ਹਨ।

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥6॥

ਰੱਬ ਪਤਿਤ ਉਧਾਰਨ ਹੈ।

ਉਧਾਰਨ: ਨੀਵੇਂ, ਨੀਚ, ਡਿੱਗੇ ਹੋਏ ਮਨੁੱਖ ਨੂੰ ਚੁਕਣਾ। ਇਸਨੂੰ ਕਹਿੰਦੇ ਹਨ ਉੱਧਾਰ ਕਰਨਾ। ਕਿਸੇ ਇਨਸਾਨ ਦੀ ਮੰਦੀ ਸੋਚਣੀ ਹੈ ਉਸ ਦਾ ਜੀਵਨ ਉਚਿਆਂ ਕਰ ਦੇਣਾ, ਇਸਨੂੰ ਉੱਧਾਰ ਕਰਨਾ ਕਹਿੰਦੇ ਹਨ। ਰੱਬ ਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਵਿਚ ਹੈ, ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥ (52) ਅਤੇ ਗੁਰੁ ਪਰਮੇਸਰੁ ਏਕੋ ਜਾਣੁ ॥ (864) ਭਾਵ ਕਿ ਗੁਰਬਾਣੀ ਰੱਬ ਨੂੰ ਗਿਆਨ ਮੰਨਦੀ ਹੈ। ਗਿਆਨ ਨੂੰ ਗੁਰੂ ਮੰਨਿਆ ਗਿਆ ਹੈ, ਗੁਰੂ ਨੂੰ ਰਬ ਮੰਨਦੀ ਹੈ।

ਇਹ ਗੁਰਮਤ ਦੀ ਫਿਲਾਸਫੀ ਦਾ ਮੋਲਿਕ ਸਿਧਾਂਤ ਹੈ। ਇਸ ਸਿਧਾਂਤ ਦੇ ਮੁਤਾਬਕ ਸਮਝਾਉਦੇ ਹਨ ਕਿ ਰੱਬ ਜੀ ਦੇ ਗਿਆਨ ਅਨੁਸਾਰ ਜਿਊਣ ਨਾਲ ਆਪਣੇ ਚੰਗੇ ਆਚਰਣ ਤੋਂ ਡਿੱਗੇ ਹੋਏ ਇਸਨਾਨ ਦੀ ਪੱਤ ਰਹਿ ਜਾਂਦੀ ਹੈ। ਜੋ ਆਪਣੇ ਆਚਰਣ ਤੋਂ ਡਿਗ ਗਿਆ ਹੈ ਉਸਨੂੰ ਤੁਸੀਂ ਸੱਚ ਦਾ ਗਿਆਨ ਦੇਂਦੇ ਹੋ ਅਤੇ ਉਸ ਦਾ ਉੱਧਾਰ ਹੋ ਜਾਂਦਾ ਹੈ। ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥ ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥ (741) ਇਸ ਸ਼ਬਦ ਵਿਚ ਦਸਦੇ ਹਨ ਕਿ ਮੋਹ, ਬਾਦ ਅਹੰਕਾਰ ਇਹ ਸਾਰੇ ਪਤਿਤ ਪੁਣੇ ਦੇ ਕੰਮ ਹਨ ਤੇ ਤੁਹਾਡਾ ਨਾਮ ਤੁਹਾਡਾ ਗਿਆਨ ਮੈਨੂੰ ਇਨ੍ਹਾਂ ਤੋਂ ਛੁੜਾਕੇ ਮੇਰਾ ਉਧਾਰ ਕਰ ਦੇਂਦਾ ਹੈ। ਤੁਸੀਂ ਪਤਿਤ ਇਨਸਾਨ ਨੂੰ ਪਾਵਨ ਪਵਿੱਤਰ ਕਰ ਦੇਂਦੇ ਹੋ। ਇਹ ਤੁਹਾਡਾ ਪਤਿਤ ਉਧਾਰਨ ਵਾਲਾ ਜਜ਼ਬਾ ਹੈ।

ਭੈ ਹਰਨ: ਭੈ ਬਣਿਆ ਹੈ ਭਉ ਤੋਂ। ‘ਭਉ’ ਇਕ ਵਚਨ ਹੁੰਦਾ ਹੈ। ਬੜੇ ਸਾਰੇ ਡਰ ਨੂੰ ਗੁਰਬਾਣੀ ਵਿਚ ‘ਭੈ’ ਕਹਿੰਦੇ ਹਨ।

ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ‘ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥’ (11) ਨਿਰਭਉ ਰੱਬੀ ਗੁਣ ਹੈ ਅਤੇ ਜੋ ਹਿਰਦਾ ਰੱਬੀ ਗੁਣਾਂ ਨਾਲ ਜਿਊਣਾ ਸਿੱਖ ਲੈਂਦਾ ਹੈ ਉਸ ਦੇ ਸਾਰੇ ਡਰ ਦੂਰ ਕਰ ਦੇਂਦੇ ਹਨ। ‘ਪਤਿਤ ਉਧਾਰਨ’ ਇਕ ਤਾਂ ਮਾੜੀ ਸੋਚ ਉਧਾਰ ਕਰ ਦੇਂਦੇ ਹਨ ਅਤੇ ‘ਭੈ ਹਰਨ’ ਭਾਵ ਡਰ ਕੱਢ ਦੇਂਦੇ ਹਨ। ਜਿਸ ਇਨਸਾਨ ਕੋਲ ਡਰ ਹੈ ਜੋ ਇਨਸਾਨ ਕਿਸੇ ਵੀ ਗਲ ਤੋਂ ਡਰਦਾ ਹੈ ਉਸ ਦਾ ਮਨ ਸਾਫ ਨਹੀ ਹੋ ਸਕਦਾ ਉਹ ਪਤਿਤ ਪੁਣੇ ਵਾਲੇ ਕੰਮ ਕਰੇਗਾ। ਉਹ ਕਿਤੇ ਨਾ ਕਿਤੇ ਡੋਲ ਜਾਏਗਾ ਕਿਉਂਕਿ ਡਰ ਲਗਦਾ ਹੈ।

ਅਨਾਥ: ਜਿਸ ਦਾ ਕੋਈ ਵਲੀ-ਵਾਰਸ ਨਾ ਹੋਵੇ। ਕੋਈ ਪਾਲਨ ਵਾਲਾ ਨਾ ਹੋਵੇ। ਉਸਨੂੰ ਅਨਾਥ ਕਹਿੰਦੇ ਹਨ। ਇਹ ਤਾਂ ਦੁਨੀਆਵੀ ਭਾਸ਼ਾ ਹੋ ਗਈ। ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁਛੀਏ ਗੁਰੂ ਪਾਤਸ਼ਾਹ ਤੁਸੀਂ ਕਿਸਨੂੰ ਅਨਾਥ ਕਹਿੰਦੇ ਹੋ। ਤਾਂ ਗੁਰੂ ਪਾਤਸ਼ਾਹ ਸਕਾਰਾਤਮਕ ਲਹਿਜ਼ੇ ਵਿਚ ਅਨਾਥ ਸੁਣਾਉਦੇ ਹਨ। ਕਹਿਆ ਕਰਣਾ ਦਿਤਾ ਲੈਣਾ ॥ ਗਰੀਬਾ ਅਨਾਥਾ ਤੇਰਾ ਮਾਣਾ ॥

ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥ (98)

‘ਹਰਿ ਅਨਾਥ ਕੇ ਨਾਥ’ ਰੱਬ ਹੈ। ਗੁਰੂ ਪਾਤਸ਼ਾਹ ਜੀ ਦੀ ਨਜ਼ਰ ਵਿਚ ਸਕਰਾਤਮਕ ਭਾਵ ਵਿਚ ਜਿਹੜਾ ਕਹਿਆ ਕਰਣਾ ਮੰਨਦਾ ਹੈ, ਜੋ ਤੁਸੀਂ ਦਿੱਤਾ ਸੀ ਉਸਨੂੰ ਸਿਰ ਮੱਥੇ ਸਵੀਕਾਰਦਾ ਹੈ ਉਹ ਅਨਾਥ ਹੈ।

ਦੁਨੀਆ ਦੀ ਨਜ਼ਰ ਵਿਚ ਭਾਵੇਂ ਉਹ ਗਰੀਬ ਹੋਣ ਪਰ ਗੁਰੂ ਪਾਤਸ਼ਾਹ ਕਹਿੰਦੇ ਹਨ ਜਿਹੜਾ ਗਰੀਬ ਹੈ ਮੈਂ ਉਸ ਗਰੀਬ ਦਾ ਸਿਰਜਨਹਾਰ ਹਾਂ ਉਸ ਗਰੀਬ ਦਾ ਰਾਖਾ ਹਾਂ ਉਸ ਦੇ ਸਿਰ ਦਾ ਸਾਂਈ ਹਾਂ ਜਿਹੜਾ ਕਹਿਆ ਕਰਣਾ ਤੇ ਜੋ ਦਿੱਤਾ ਹੈ ਉਸ ਦਾ ਸ਼ੁਕਰਾਨਾ ਕਰਦਾ ਹੈ। ਜੀ ਤੁਸੀਂ ਜੋ ਜੀਵਨ ਬਖਸ਼ਿਆ ਹੈ ਮੈਨੂੰ ਹਰ ਰੋਜ਼ ਦੇ ਦੇਂਦੇ ਹੋ, ਸ਼ੁਕਰ ਹੈ ਤੁਸੀਂ ਮੈਨੂੰ ਬੋਨਸ ਵਿਚ ਇਕ ਹੋਰ ਦਿਨ ਦੇ ਦਿੱਤਾ ਹੈ। ਤੁਹਾਡੀ ਬੜੀ ਮਿਹਰਬਾਨੀ। ਕਿਸੇ ਨਾਲ ਕੋਈ ਨਰਾਜ਼ਗੀ, ਗਿਲਾ-ਸ਼ਿਕਵਾ ਹੀ ਨਹੀਂ ਉਸਨੂੰ ਗੁਰੂ ਪਾਤਸ਼ਾਹ ਅਨਾਥ ਕਹਿੰਦੇ ਹਨ।

‘ਹਰਿ ਅਨਾਥ ਕੇ ਨਾਥ’ ਰੱਬ ਗੁਣਾਂ ਦਾ ਸਮੁੰਦਰ ਅਤੇ ਇਸ ਖਜ਼ਾਨੇ ਦਾ ਮਾਲਕ ਹੈ।

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥

ਗੁਰੂ ਸਾਹਿਬ ਕਹਿੰਦੇ ਹਨ ਕਿ ਐ ਮੇਰੇ ਮਨ ਇਹ ਸਮਝ ਕਿ ਉਹ ਤੇਰੇ ਨਾਲ ਰਹਿੰਦਾ ਹੈ। ਇਕ ਹੋਰ ਪਰਿਭਾਸ਼ਾ ਸਾਹਮਣੇ ਆ ਗਈ ਕਿ ਜਦੋਂ ਮਨੁੱਖ ਰੱਬ ਨੂੰ ਹਾਜ਼ਰ-ਨਾਜ਼ਰ ਨਹੀਂ ਮੰਨੇਗਾ ਉਹ ਮਨੁੱਖ ਪਤਿਤ ਵਾਲੇ ਕੰਮ ਕਰਦਾ ਹੈ। ਜਿਹੜਾ ਸਭ ਜਗ੍ਹਾ ਰੱਬ ਨੂੰ ਮਹਿਸੂਸ ਕਰਦਾ ਹੈ ਉਹ ਮਾੜੇ ਕੰਮ ਨਹੀਂ ਕਰ ਸਕਦਾ। ਉਹ ਪਤਿਤ ਹੋ ਨਹੀਂ ਸਕਦਾ।

ਦੁਨੀਆਂ ਅਨਾਥ ਉਸ ਨੂੰ ਸਮਝਦੀ ਹੈ ਜਿਸਦੇ ਮਾਂਪੇ ਨਾ ਹੋਣ ਪਰ ਗੁਰਬਾਣੀ ਅਨੁਸਾਰ ਜੋ ਮਨ ਕਰਕੇ ਇਹ ਮਹਿਸੂਸ ਕਰੇ ਕਿ ਮੈਂ ਗਿਆਨ ਤੋਂ ਰੱਬੀ ਗੁਣਾਂ ਤੋਂ ਵਿਹੂਣਾ ਹਾਂ, ਉਹ ਨਿਮਰਤਾ ਵਿਚ ਆ ਜਾਂਦਾ ਹੈ ਤੇ ਸੋਚਦਾ ਹੈ ਕਿ ਰੱਬ ਮੈਨੂੰ ਆਪਣੀ ਸੁਮਤ ਬਖਸ਼ੋ ਤਾਂ ਕਿ ਮਨ ਉੱਤੇ ਆਏ ਵਿਕਾਰਾਂ ਕਾਰਣ ਮੇਰਾ ਪਤਿਤ ਦਾ ਉਧਾਰ ਹੋ ਸਕੇ। ਜਦੋਂ ਮਨ ਦੇ ਵਿਕਾਰ ਹਾਵੀ ਹੋਣ ਤਾਂ ਸੁਭਾ ਆਦਤਾਂ ਵਿਗੜ ਜਾਂਦੀਆਂ ਹਨ, ਚੰਗੇ ਗੁਣ ਲੁੱਟੇ ਜਾਂਦੇ ਹਨ। ਇਸੇ ਅਵਸਥਾ ਨੂੰ ਪਤਿਤ ਹੋਣਾ ਕਹਿੰਦੇ ਹਨ। ਕਿਰਦਾਰ ਉੱਚੇ ਬਦਲੇ ਨੀਚ ਮੰਦਾ ਹੋ ਜਾਂਦਾ ਹੈ। ਨੀਚ ਕਿਰਦਾਰ ਵਾਲਾ ਡਰਪੋਕ ਹੋ ਜਾਂਦਾ ਹੈ ਰੱਬ ਦੂਰ ਲਗਦਾ ਹੈ। ਪਤਿਤ ਤੋਂ ਪਾਵਨ ਕਰ ਦੇਣ ਵਾਲੀ ਸਤਿਗੁਰ ਦੀ ਮਤ ਲੈ ਕੇ ਰੱਬ ਨੇੜੇ ਦਿਸਦਾ ਹੈ ਤੇ ਡਰ ਦੂਰ ਹੁੰਦਾ ਜਾਂਦਾ ਹੈ। ਸਦਕੇ ਵਿਚ ਮਨੁੱਖ ਦਾ ਆਚਰਣ ਉੱਚਾ ਹੁੰਦਾ ਜਾਂਦਾ ਹੈ। ਸਤਿਗੁਰ ਦੀ ਮਤ ਲੈਣ ਨਾਲ ‘ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥’ (394) ਮਹਿਸੂਸ ਹੁੰਦਾ ਹੈ। ਮਨ ਅਨਾਥ ਬਦਲੇ ਸਾਰੇ ਅਨਾਥ ਤਨ (ਸ੍ਰਿਸ਼ਟੀ) ਲਈ ਨਾਥ ਬਣ ਜਾਂਦਾ ਹੈ ਤੇ ਰੱਬੀ ਗੁਣਾਂ ਵਾਲਾ ਹੋ ਕੇ ਪਤਿਤ ਤੋਂ ਪਾਵਨ ਹੋ ਜਾਂਦਾ ਹੈ।
.