.

ਛਬੀਵੀਂ ਪਉੜੀ ਦੀ ਗੁਰਬਾਣੀ ਅਨੁਸਾਰ ਵਿਆਖਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਸ ਦੇ ਅਣਗਿਣਤ ਅਮੁੱਲ ਗੁਣ ਚੰਗਿਆਈਆਂ ਦਾ ਵਰਣਨ ਛਬੀਵੀਂ ਪਉੜੀ ਵਿਚ ਕੀਤਾ ਗਿਆ ਹੈ।ਮਾਇਆ ਪ੍ਰਕਿਰਤੀ ਦੇ ਤਿੰਨ ਗੁਣ ਮੰਨੇ ਗਏ ਹਨ ਰਜ, ਤਮ ਤੇ ਸਤ।ਤਿੰਨਾਂ ਦਾ ਮੁੱਲ ਪਾਇਆ ਜਾ ਸਕਦਾ ਹੈ ਪਰ ਪ੍ਰਮਾਤਮਾਂ ਦੇ ਗੁਣ ਇਸ ਤੋਂ ਉਪਰ ਹਨ, ਅਮੁੱਲੇ ਹਨ:

ਅਮੁਲ ਗੁਣ ਅਮੁਲ ਵਾਪਾਰ ॥

ਦੁਨੀਆਂ ਦੀ ਹਰ ਵਸਤ ਦਾ ਮੁੱਲ ਪਾਇਆ ਜਾ ਸਕਦਾ ਹੈ, ਮਿੱਟੀ, ਪੱਥਰ, ਪਾਣੀ ਤਕ ਅੱਜ ਕੱਲ ਮੁੱਲ ਵਿਕਦੇ ਹਨ। ਪਰ ਨਾ ਹੀ ਪ੍ਰਮਾਤਮਾਂ ਦਾ ਤੇ ਨਾ ਹੀ ਉਸ ਦੇ ਕਿਸੇ ਗੁਣ ਦਾ ਮੁੱਲ ਪਾਇਆ ਜਾ ਸਕਦਾ ਹੈ।ਕੋਈ ਅਮੀਰ, ਰਾਜਾ ਜਾਂ ਪਾਤਸ਼ਾਹ ਉਸ ਦੀ ਦੁਨਿਆਬੀ ਜਾਇਦਾਦ ਮਾਲਕੀ ਸਦਕਾ ਵੱਡਾ ਜਾਂ ਛੋਟਾ ਗਿਣਿਆ ਜਾਂਦਾ ਹੈ, ਉਸ ਕੋਲ ਕਿਤਨਾ ਧਨ ਹੈ, ਕਿਤਨੀ ਜਾਇਦਾਦ ਹੈ, ਕਿਤਨੀ ਸੈਨਾ ਹੈ, ਕਿਤਨਾ ਇਲਾਕਾ ਹੈ, ਕਿਤਨੀ ਤਾਕਤ ਹੈ ਇਹ ਚੀਜ਼ਾਂ ਉਸਦੇ ਵੱਡੇ ਹੋਣ ਨੂੰ ਦਰਸਾਉਂਦੀਆਂ ਹਨ ਪਰ ਪ੍ਰਮਾਤਮਾਂ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਸ ਦੇ ਕਿਸੇ ਵੀ ਗੁਣ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਸੇ ਲਈ ਉਹ ਅਮੋਲ ਹੈ, ਇਤਨਾ ਅਮੋਲ ਕਿ ਬਿਆਨਿਆ ਨਹੀਂ ਜਾ ਸਕਦਾ। ਅਮੁੱਲ ਦਾ ਭਾਵ ਮੁੱਲ ਰਹਿਤ ਨਹੀਂ, ਸਾਰੇ ਮੁਲਾਂ ਤੋਂ ਉਪਰ ਉਹ ਮੁੱਲ ਜੋ ਲਾਇਆ ਨ ਜਾ ਸਕੇ।

ਵਾਹਿਗੁਰੂ ਦੇ ਗੁਣ ਅਮੁੱਲ ਹਨ।ਇਸ ਵਿਚ ਮਾਇਆ ਪ੍ਰਕ੍ਰਿਤੀ ਦੇ ਤਿੰਨ ਗੁਣ ਰਜ, ਤਮ ਤੇ ਸਤ ਸ਼ਾਮਿਲ ਨਹੀਂ ਹਨ।ਵਾਹਿਗੁਰੂ ਦੇ ਉਹ ਗੁਣ ਹਨ ਜੋ ਮਾਇਆ ਤੋਂ ਭਿੰਨ ਹਨ ਜੋ ਕਿਸੇ ਵੀ ਕੀਮਤ ਹੱਥ ਨਹੀਂ ਆ ਸਕਦੇ ਇਸੇ ਲਈ ਅਮੁੱਲ ਹਨ। ਇਨ੍ਹਾਂ ਗੁਣਾਂ ਦਾ ਵਪਾਰ ਵੀ ਅਮੁੱਲ ਹੈ।ਏਥੇ ਵਣਜ ਹੈ ਪ੍ਰਮਾਤਮਾਂ ਦੇ ਗੁਣਾਂ ਦੀ ਤੇ ਵਿਉਪਾਰ ਹੈ ਪਰਮਾਤਮਾ ਦੇ ਗੁਣਾਂ ਦਾ। ਪ੍ਰਮਾਤਮਾਂ ਦਾ ਨਾਮ ਹੀ ਪਰਮੁਖ ਗੁਣ ਹੈ ਜਿਸ ਦਾ ਵਣਜ ਕਰਨਾ ਹੈ।ਉਸ ਸਚੇ ਦੇ ਨਾਮ ਦੀ ਪੂੰਜੀ ਸੰਚਣੀ ਹੈ ਇਕਠਾ ਕਰਨੀ ਹੈ ।ਇਹੋ ਧਨ ਅਪਾਰ ਹੈ, ਅਖੁਟ ਹੈ, ਨਾ ਖਤਮ ਹੋਣ ਵਾਲਾ ਹੈ। ਇਹ ਵਪਾਰ ਬੜਾ ਪਵਿਤਰ ਹੈ ਤੇ ਜੋ ਇਸ ਵਪਾਰ ਵਿਚੋਂ ਸ਼ਾਹ ਬਣ ਗਿਆ ਉਹ ਧੰਨ ਹੈ:

ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ॥ ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥ ੨ ॥(ਮਃ ੧, ਪੰਨਾ ੧੦੬੭)

ਪ੍ਰਮਾਤਮਾਂ ਦਾ ਨਾਮ ਅਮੋਲ ਹੈ, ਉਸ ਦੀ ਕੀ ਕੀਮਤ ਪਾਈਏ? ਪ੍ਰਮਾਤਮਾਂ ਸਾਰੀ ਸ਼੍ਰਿਸ਼ਟੀ ਆਪ ਸਿਰਜਦਾ ਹੈ ਤੇ ਆਪ ਹੀ ਸਾਰੀ ਸ਼੍ਰਿਸ਼ਟੀ ਵਿਚ ਵਰਤਦਾ ਹੈ।ਗੁਰਮੁਖ ਹਮੇਸ਼ਾ ਪ੍ਰਮਾਤਮਾਂ ਦੀ ਸਿਫਤ ਸਲਾਹ ਕਰਦਾ ਹੈ ਇਸ ਤਰ੍ਹਾਂ ਨਾਮ ਰਾਹੀਂ ਪ੍ਰਮਾਤਮਾਂ ਦੀ ਸੱਚੀ ਕੀਮਤ ਪਾਉਂਦਾ ਹੈ। ਗੁਰੂ ਤੋਂ ਸ਼ਬਦ ਨਾਮ ਪਰਾਪਤ ਕਰਕੇ ਉਸਦਾ ਉਲਟਾ ਕਮਲ ਸਿਧਾ ਹੋ ਜਾਂਦਾ ਹੈ ਭਾਵ ਉਸਦੀ ਉਲਟੀ ਕਿਸਮਤ ਤੇ ਮਤ ਸਿਧੀ ਹੋ ਜਾਂਦੀ ਹੈ ਤੇ ਉਹ ਨਾਮ ਦਾ ਅੰਮ੍ਰਿਤ ਰਸ ਪੀਂਦਾ ਹੈ।ਉਸ ਦਾ ਆਉਣ-ਜਾਣ ਰੁਕ ਜਾਦਾ ਹੈ ਤੇ ਸਹਿਜ ਅਵਸਥਾ ਵਿਚ ਪਹੁੰਚਕੇ ਸੁੱਖ ਦੀ ਨੀਂਦ ਸੌਂਦਾ ਹੈ।

ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥ ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥ ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥ ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥ ੭ ॥ (ਸਲੋਕੁ ਮਃ ੧, ਪੰਨਾ ੧੦੬੬)

ਉਸ ਦੇ ਨਾਮ ਦੇ ਵਪਾਰੀ ਜਗਿਆਸੂ ਵੀ ਅਮੁੱਲ ਹਨ, ਜਿਸ ਭੰਡਾਰ ਵਿਚ ਇਹ ਗੁਣ ਗਾਉਂਦੇ ਹਨ ਉਹ ਖਜ਼ਾਨਾ ਤੇ ਭੰਡਾਰ ਵੀ ਅਮੁੱਲ ਹੈ।ਗੁਰੂ ਸਵਾਰਿਆ, ਰੱਬ ਲੜ ਲੱਗਿਆ ਗੁਰਮੁਖ ਇਨ੍ਹਾਂ ਅਮੁੱਲ ਗੁਣਾਂ ਨੂੰ ਗਾ ਕੇ ਨਾਮ ਦਾ ਅਮੁੱਲ ਵਿਉਪਾਰ ਕਰਦਾ ਹੈ। ਅਜਿਹੇ ਨਾਮ ਦੇ ਵਿਉਪਾਰੀ ਵੀ ਅਮੁਲੇ ਹੁੰਦੇ ਹਨ। ਉਨ੍ਹਾਂ ਦੇ ਖਜ਼ਾਨੇ ਦਾ ਮੁੱਲ ਵੀ ਨਹੀਂ ਪੈ ਸਕਦਾ।ਉਨ੍ਹਾਂ ਦੇ ਖੁਲੇ੍ ਨਾਮ-ਭੰਡਾਰੇ ਸਤਿਸੰਗ ਵਿਚ ਜੋ ਵੀ ਆਉਂਦੇ ਹਨ ਉਹ ਵੀ ਅਮੁੱਲ ਹੋ ਜਾਂਦੇ ਹਨ।

ਅਮੁਲ ਵਾਪਾਰੀਏ ਅਮੁਲ ਭੰਡਾਰ॥

ਇਥੇ ਵਿਉਪਾਰੀ ਨਾਮ ਦੇ ਜਗਿਆਸੂ ਹਨ ਜਿਨ੍ਹਾਂ ਦਾ ਵਪਾਰ ਵੀ ਅਮੁੱਲਾ ਹੈ:

ਸਾਹ ਵਪਾਰੀ ਦੁਆਰੈ ਆਏ॥ ਵਖਰ ਕਢਹੁ ਸਉਦਾ ਕਰਾਏ॥

ਸਾਹਿ ਪਠਾਇਆ ਸਾਹੈ ਪਾਸਿ॥ਅਮੋਲ ਰਤਨ ਅਮੋਲਾ ਰਾਸਿ॥ (ਆਸਾ ਮ: ੫, ਪੰਨਾ ੩੭੨)

ਉਹ ਨਾਮ ਦੀ ਅੰਮ੍ਰਿਤ ਧਾਰਾ, ਜੋ ਅਪਾਰ ਰਤਨ, ਲਾਲ, ਜਵਾਹਰ ਨਾਲ ਭਰੀ ਹੋਈ ਹੈ, ਸਤਿਗੁਰ ਤੋਂ ਪ੍ਰਾਪਤ ਕਰਦੇ ਹਨ। ਨਾਮ ਦਾ ਪ੍ਰੇਮ ਅੰਮ੍ਰਿਤ ਦਾ ਪਦਾਰਥ ਅਮੁਲ ਹੈ। ਪੂਰਾ ਸਤਿਗੁਰ ਦਾ ਤੋਲ ਵੀ ਪੂਰਾ ਹੈ, ਉਹ ਕਦੇ ਵੀ ਘੱਟ ਨਹੀਂ ਤੋਲਦਾ। ਸੱਚੇ ਨਾਮ ਦੇ ਵਪਾਰੀ ਉਸ ਸੱਚੇ ਸਤਿਗੁਰ ਤੋਂ ਸੱਚੇ ਨਾਮ ਦਾ ਸੌਦਾ ਪ੍ਰਾਪਤ ਕਰਦੇ ਹਨ। ਪਰ ਇਹ ਸੱਚਾ ਸੌਦਾ ਪਾਉਣ ਵਾਲੇ ਵਿਰਲੇ ਹੀ ਹਨ ।ਇਹ ਉਹ ਹੀ ਹਨ ਜਿਨ੍ਹਾਂ ਨੂੰ ਸਚਾ ਸਤਿਗੁਰ ਮਿਲਦਾ ਹੈ। ਇਸ ਲਈ ਗੁਰਮੁਖ ਬਣਕੇ, ਗੁਰੂ ਵਾਲੇ ਬਣ ਕੇ ਉਸ ਦਾ ਹੁਕਮ ਪਛਾਨਣਾ ਤੇ ਮੰਨਣਾ ਜ਼ਰੂਰੀ ਹੈ ਤਾਂ ਹੀ ਉਸ ਹੁਕਮ ਦੇਣ ਵਾਲੇ ਪ੍ਰਮਾਤਮਾਂ ਵਿਚ ਸਮਾਇਆ ਜਾ ਸਕੀਦਾ ਹੈ।

ਆਪੇ ਵਰਖੈ ਅੰਮ੍ਰਿਤ ਧਾਰਾ ॥ ਰਤਨ ਜਵੇਹਰ ਲਾਲ ਅਪਾਰਾ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥ ੭ ॥ ਪ੍ਰੇਮ ਪਦਾਰਥੁ ਲਹੈ ਅਮੋਲੋ ॥ ਕਬ ਹੀ ਨ ਘਾਟਸਿ ਪੂਰਾ ਤੋਲੋ ॥ ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥ ੮ ॥ ਸਚਾ ਸਉਦਾ ਵਿਰਲਾ ਕੋ ਪਾਏ ॥ ਪੂਰਾ ਸਤਿਗੁਰੁ ਮਿਲੈ ਮਿਲਾਏ ॥ ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥ ੯ ॥ (ਮਾਰੂ ਮ: ੧, ਪੰਨਾ ੧੦੩੬)

ਜੀਵ ਦੀ ਦੇਹੀ ਦੇ ਕਿਲੇ ਅੰਦਰ ਬਜ਼ਾਰ ਤੇ ਦੁਕਾਨਾਂ ਹਨ ਜਿਥੇ ਵਣਜ ਤੇ ਵਪਾਰ ਹੁੰਦਾ ਹੈ।ਮੇਰਾ ਵਾਹਿਗੁਰੂ ਸੱਚਾ ਸੁਦਾਗਰ ਹਮੇਸ਼ਾ ਖਰੇ ਵਟਿਆਂ ਨਾਲ ਪੂਰਾ ਤੋਲਦਾ ਹੈ। ਵਾਹਿਗੁਰੂ ਆਪ ਹੀ ਰਤਨਾਂ ਉਪਰ ਵਿਸਾਹ ਕਰਕੇ ਯਕੀਨ ਕਰਕੇ ਖਰੀਦਦਾ ਹੈ।

ਗੜ ਮਹਿ ਹਾਟ ਪਟਣ ਵਾਪਾਰਾ ॥ ਪੂਰੈ ਤੋਲਿ ਤੋਲੈ ਵਣਜਾਰਾ ॥ ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥ ੪ ॥ (ਮਾਰੂ ਮਹਲਾ ੧, ਪੰਨਾ ੧੦੩੬)

ਅਸਲੀ ਰਤਨ, ਜੜੇ ਹੀਰੇ ਤਾਂ ਗੁਰੂ ਦਾ ਸ਼ਬਦ ਹੈ, ਨਾਮ ਹੈ । ਜਿਸ ਦੇ ਮਨ ਸ਼ਬਦ ਨਾਮ ਦਾ ਰਤਨ ਲਗ ਗਿਆ ਉਸ ਨੂੰ ਅਪਣੇ ਅਸਲੀ ਘਰ ਦਾ ਪਤਾ ਲੱਗ ਗਿਆ ਜਿਸ ਵਿਚ ਉਸ ਨੇ ਪਹੁੰਚਣਾ ਹੈ, ਸਮਾਉਣਾ ਹੈ। ਨਾਮ ਸ਼ਬਦ ਸਦਕਾ ਮਨ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਤੇ ਉਸ ਸੱਚੇ ਨਾਲ ਪ੍ਰੇਮ ਲੱਗ ਜਾਂਦਾ ਹੈ। ਜਿਸਨੁੰ ਉਸ ਨੇ ਨਾਮ ਬੁਝਾ ਦਿਤਾ ਉਹ ਆਪੇ ਹੀ ਹੀਰਾ ਰਤਨ ਬਣ ਗਿਆ। ਗੁਰੂ ਜੀ ਫੁਰਮਾਉਂਦੇ ਹਨ ਕਿ ਸ਼ਬਦ ਜੜਿਆ ਹੋਇਆ ਹੀਰਾ ਹੈ, ਰਤਨ ਹੈ।

ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥ ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥ ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥ ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥ ੨੫ ॥ (ਰਾਮਕਲੀ ਮ: ੩ ਅਨੰਦ, ਪੰਨਾ ੯੨੦)

ਪ੍ਰਮਾਤਮਾਂ ਦੇ ਗੁਣ ਤਾਂ ਉਹ ਹੀ ਜਾਣ ਸਕਦਾ ਹੈ ਜੋ ਉਸਦੇ ਗੁਣਾਂ ਦਾ ਗਾਹਕ ਹੋਵੇ। ਖੋਜੀ ਗੁਣਾਂ ਦੀ ਖੋਜ ਕਢਕੇ ਖਜ਼ਾਨੇ ਵਿਚੋਂ ਗੁਣ ਲੱਭ ਲੈਂਦਾ ਹੈ:

ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ॥(ਆਸਾ ਮ: ੩, ਪੰਨਾ ੩੬੧)

ਗੁਹਜ ਰਤਨ ਵਿਚਿ ਲੁਕਿ ਰਹੇ, ਕੋਈ ਗੁਰਮੁਖਿ ਕਢੈ ਖੋਤਿ॥(ਗਉੜੀ ਵਾਰ ਮ: ੪, ਪੰਨਾ ੩੦੯)

ਇਸੇ ਲਈ ਇਸ ਜੀਵ ਦੇ ਪ੍ਰਾਣਾਂ ਦਾ ਅਧਾਰ ਪ੍ਰਮਾਤਮਾਂ ਦੇ ਉਨ੍ਹਾਂ ਅਮੁੱਲ ਗੁਣਾਂ ਨੂੰ ਪ੍ਰਾਪਤ ਕਰਨਾ ਹੀ ਹੋਣਾ ਚਾਹੀਦਾ ਹੈ:

ਗੁਨ ਗਾਹਕ ਮੇਰੇ ਪ੍ਰਾਨ ਅਧਾਰਾ॥(ਪ੍ਰਭਾ ਮ:੫, ਪੰਨਾ ੧੩੪੭)

ਪ੍ਰਮਾਤਮਾਂ ਦੇ ਗੁਣਾਂ ਦੀ ਪੂੰਜੀ ਜਦ ਪੱਲੇ ਬੰਨ੍ਹ ਲਈ ਤਾਂ ਨਾਮ ਦਾ ਰਤਨ ਮਨ ਨਾਲ ਪੱਕਾ ਜੁੜ ਜਾਵੇਗਾ:

ਗੁਣ ਰਾਸ ਬੰਨਿ ਪਲੈ ਆਨੀ॥ ਦੇਖਿ ਰਤਨੁ ਇਹੁ ਮਨੁ ਲਪਟਾਨੀ॥ (ਆਸਾ ਮ:੫, ਪੰਨਾ ੩੭੨)

ਜਦ ਗੁਣਾਂ ਦਾ ਗੁਥਲਾ ਕੋਲ ਹੋਵੇਗਾ ਤਾਂ ਗੁਣਾਂ ਦੀ ਸੁਗੰਧ ਅਪਣੇ ਆਪ ਹੀ ਫੈਲ ਜਾਵੇਗੀ:

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਸੂਰੀ ਮ: ੧, ਪੰਨਾ ੭੬੬)

ਪ੍ਰਮਾਤਮਾਂ ਦੇ ਗੁਣ ਗਾਇਆਂ ਮਨ ਦੀ ਸਾਰੀ ਮੈਲ ਉਤਰ ਜਾਂਦੀ ਹੈ। ਮਨ ਨੂੰ ਅਨੰਦ ਪ੍ਰਾਪਤ ਹੁੰਦਾ ਹੈ, ਮਨ ਵਿਚ ਖੇੜਾ ਭਰ ਜਾਂਦਾ ਹੈ:

ਗੁਨ ਗਾਵਤ ਤੇਰੀ ਉਤਰਸਿ ਮੈਲੁ॥ (ਗਉੜੀ ਮ: ੫, ਪੰਨਾ ੨੮੯)

ਗੁਨ ਗਾਵਤ ਮਨ ਹੋਇ ਅਨੰਦ॥(ਪ੍ਰਭ ਮ: ੫, ਪੰਨਾ ੧੩੩੮)

ਗੁਨ ਗਾਵਤ ਮਨਿ ਹੋਇ ਬਿਗਾਸਾ॥( ਸਵੈਯੈ ਮ: ੪, ਕਲ੍ਹ, ਪੰਨਾ ੧੩੯੬)

ਪਰਮਾਤਮਾਂ ਤਾਂ ਗੁਣਾਂ ਦਾ ਭੰਡਾਰ ਹੈ, ਬੇਅੰਤ ਹਨ ਅਪਾਰ ਹਨ ਉਸ ਦੇ ਗੁਣ ਜਿਨ੍ਹਾਂ ਵਿਚੋਂ ਕੁਝ ਪਹਿਲਾਂ ਦੱਸੇ ਜਾ ਚੁੱਕੇ ਹਨ:

ਗੁਨ ਨਿਧਾਨ ਬੇਅੰਤ ਅਪਾਰ॥(ਗਉੜੀ ਮ: ੫, ਪੰਨਾ ੨੯੨)

ਵਾਹਿਗੁਰੂ ਤਾਂ ਗੁਣਾਂ ਦਾ ਭੰਡਾਰ ਹੈ । ਹੋਰ ਤਾਂ ਹੋਰ ਉਸ ਨੇ ਅਪਣੇ ਗੁਣ ਸਾਰੇ ਸੰਸਾਰ ਵਿਚ ਵੀ ਭਰੇ ਹਨ। ਜਿਸ ਤਰ੍ਹਾਂ ਪ੍ਰਕਾਸ਼ ਤੇ ਗਰਮੀ ਦਾ ਭੰਡਾਰ ਸੂਰਜ ਹੈ ਪਰ ਕਿਰਨਾਂ ਸਾਡੇ ਤਕ ਆਉਂਦੀਆਂ ਹਨ, ਇਸੇ ਤਰ੍ਹਾਂ ਸਰਬ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜੀ ਆਪ ਹਨ। ਉਸ ਦੇ ਗੁਣਾਂ ਦਾ ਕੁਝ ਹਿਸਾ ਸੰਸਾਰ ਵਿਚ ਇਸਥਿਤ ਹੈ ਇਸ ਲਈ ਸਾਨੂੰ ਉਸ ਦੇ ਗੁਣਾਂ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ:

ਗੁਣ ਗਾਵਾ ਦਿਨੁ ਰਾਤ ਨਾਨਕ ਚਾਉ ਏਹੁ॥ (ਸੂਹੀ ਮ: ੫, ਪੰਨਾ 762)

ਪਰਮਾਤਮਾ ਦੇ ਦਿਤੇ ਗੁਣਾਂ ਬਿਨਾ ਕਿਸੇ ਕੋਲ ਹੋਰ ਕੋਈ ਵੀ ਗੁਣ ਨਹੀਂ:

ਸਭ ਗੁਣ ਕਿਸਹੀ ਨਾਹਿ ਹਰਿ ਪੂਰ ਭੰਡਾਰੀਆ॥ (ਗਉੜੀ ਮਾਝ ਮ: ੫, ਪੰਨਾ ੨੪੧)

ਉਸ ਦੇ ਗੁਣ ਅਮੁੱਲ ਹਨ, ਜਿਨ੍ਹਾਂ ਦਾ ਵਪਾਰ ਵੀ ਅਮੁੱਲ ਹੈ। ਉਸ ਦੇ ਵਪਾਰੀ ਜਗਿਆਸੂ ਵੀ ਅਮੁੱਲ ਹਨ, ਜਿਸ ਭੰਡਾਰ ਵਿਚ ਇਹ ਗੁਣ ਗਾਉਂਦੇ ਹਨ ਉਹ ਖਜ਼ਾਨਾ ਤੇ ਭੰਡਾਰ ਵੀ ਅਮੁੱਲ ਹੈ।ਗੁਰੂ ਸਵਾਰਿਆ, ਰੱਬ ਲੜ ਲੱਗਿਆ ਗੁਰਮਖ ਇਨ੍ਹਾਂ ਅਮੁੱਲ ਗੁਣਾਂ ਨੂੰ ਗਾ ਕੇ ਨਾਮ ਦਾ ਅਮੁੱਲ ਵਿਉਪਾਰ ਕਰਦਾ ਹੈ। ਅਜਿਹੇ ਨਾਮ ਦੇ ਵਿਉਪਾਰੀ ਵੀ ਅਮੁਲੇ ਹੁੰਦੇ ਹਨ। ਉਨ੍ਹਾਂ ਦੇ ਖਜ਼ਾਨੇ ਦਾ ਮੁਲ ਵੀ ਨਹੀਂ ਪੈ ਸਕਦਾ।

ਉਨ੍ਹਾਂ ਦੇ ਖੁਲੇ੍ ਨਾਮ-ਭੰਡਾਰੇ ਸਤਿਸੰਗ ਵਿਚ ਜੋ ਵੀ ਆਉਂਦੇ ਹਨ ਉਹ ਵੀ ਅਮੁੱਲ ਹੋ ਜਾਂਦੇ ਹਨ।ਗੁਰਸਿਖਾਂ ਦੀ ਭਾਵਨਾ ਡੂੰਘੇ ਪ੍ਰੇਮ ਭਾਉ ਦੀ ਹੋਵੇਗੀ ਤਾਂ ਸਤਿਗੁਰੂ ਦੀ ਖਿਚ ਵੀ ਅਮੁਲੀ ਹੋਵੇਗੀ ਤੇ ਫਿਰ ਉਸ ਨੂੰ ਮਿਲਣਾ ਤੇ ਸਮਾਉਣਾ ਵੀ ਅਮੁੱਲਾ ਹੋਵੇਗਾ। ਸਤਿਗੁਰ ਜਿਸ ਸਿੱਖ ਨਾਲ ਪ੍ਰੇਮ ਭਾਉ ਰਖਦੇ ਹਨ ਉਹ ਵੀ ਅਮੁੱਲਾ ਹੈ। ਗੁਰਾਂ ਦੇ ਦਰਸ਼ਨ ਤੇ ਸ਼ਰਨ ਵਿਚ ਜੋ ਅਨੰਦ ਆਉਂਦਾ ਹੈ ਉਹ ਵੀ ਅਮੁੱਲਾ ਹੈ

ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥

ਪ੍ਰਭੂ ਆਪ ਹੀ ਉਸ ਉਤੇ ਬੇਅੰਤ ਮੁੱਲ ਦੇ ਜਵਾਹਿਰਾਤ ਮਾਣਿਕ ਅਤੇ ਹੀਰਿਆਂ ਦੇ ਸੁਧਾਰਸ ਦੀ ਨਦੀ ਵਰਸਾਉਂਦਾ ਹੈ। ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਾਂ ਈਸ਼ਵਰੀ ਪ੍ਰੀਤ ਦੀ ਦੌਲਤ ਨੂੰ ਪ੍ਰਾਪਤ ਕਰਨ ਦੁਆਰਾ ਬੰਦਾ ਪੂਰਨ ਪ੍ਰਮੇਸ਼ਵਰ ਨੂੰ ਪਾ ਲੈਂਦਾ ਹੈ।ਜੋ ਕੋਈ ਪ੍ਰਭੂ ਦੀ ਅਮੁੱਲੀ ਦੌਲਤ ਨੂੰ ਪਰਾਪਤ ਕਰ ਲੈਂਦਾ ਹੈ ਉਹ ਪੂਰੇ ਵਜ਼ਨ ਦਾ ਹੋ ਜਾਂਦਾ ਹੈ, ਭਾਵ ਖਰਾ ਹੋ ਨਿਤਰਦਾ ਹੈ ਕਿਉਂਕਿ ਪਰਮਾਤਮਾਂ ਦਾ ਤੋਲ ਕਦੇ ਵੀ ਘਟ ਨਹੀਂ ਹੁੰਦਾ।ਜੋ ਸਚੇ ਵਾਹਿਗੁਰੂ ਦਾ ਵਣਜਾਰਾ ਹੈ ਉਹ ਸਚਾ ਸੌਦਾ ਸੂਤ ਹੀ ਲਦਦਾ ਹੈ। ਕੋਈ ਟਾਂਵਾਂ ਪੁਰਸ਼ ਹੀ ਸਚੇ ਮਾਲ ਨੂੰ ਇਕਤ੍ਰ ਕਰਦਾ ਹੈ। ਸਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਨਾਮ ਮਿਲ ਪੈਂਦਾ ਹੈ।ਜੇ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ ਅਤੇ ਉਸ ਦੀ ਰਜ਼ਾ ਨੂੰ ਮੰਨਣ ਦੁਆਰਾ ਉਹ ਉਸ ਵਿਚ ਲੀਨ ਹੋ ਜਾਦਾ ਹੈ।

ਆਪੇ ਵਰਖੇ ਅੰਮ੍ਰਿਤ ਧਾਰਾ॥ ਰਤਨ ਜਵੇਹਰ ਲਾਲ ਅਪਾਰਾ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ।।੭॥॥ ਪ੍ਰੇਮ ਪਦਾਰਥ ਲਹੈ ਅਮੋਲੋ॥ ਕਬਹੀ ਨ ਘਾਟਸਿ ਪੂਰਾ ਤੋਲੋ॥ ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ॥ਸਚਾ ਸਉਦਾ ਵਿਰਲਾ ਪਾਏ॥ਪੁਰਾ ਸਤਿਗੁਰੁ ਮਿਲੈ ਮਿਲਾਏ॥ ਗੁਰਮੁਖਿ ਹੋਇ ਸੋ ਹੁਕਮੁ ਪਛਾਣੈ ਮਾਨੈ ਹੁਕਮੁ ਸਨਾਇਦਾ॥੯॥(ਮ:੧, ਪੰਨਾ ੧੦੩੬)

ਜਿਸ ਨੂੰ ਨਾਮ ਦੀ, ਸਿਫਤ ਸਲਾਹ ਦੀ ਬਖਸ਼ਿਸ਼ ਮਿਲ ਗਈ ਉਹ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ ਕਿਵੇਂ ਬਣ ਗਿਆ ? ਪਾਤਸ਼ਾਹਾਂ ਕੋਲ ਤਾਂ ਮੁੱਲ ਵਾਲੇ ਲਾਲ ਤੇ ਹੀਰੇ ਹੁੰਦੇ ਹਨ, ਪਰ ਪਾਤਸ਼ਾਹਾਂ ਦੇ ਪਾਤਸ਼ਾਹ ਕੋਲ ਤਾਂ ਉਹ ਲਾਲ ਹਨ ਜੋ ਅਮੋਲਕ ਤੇ ਦੁਰਲੱਭ ਹਨ।ਵਾਹਿਗੁਰੂ ਦੇ ਕੁਝ ਗੁਣ ਜਪੁਜੀ ਮੰਗਲਾਚਾਰ (ਮੂਲਮੰਤਰ) ਵਿਚ ਦਿਤੇ ਗਏ ਹਨ, ਹੋਰ ਅਨੇਕਾਂ ਗੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿਤੇ ਹੋਏ ਹਨ।

ਹਰਿ ਗੁਣ ਨਿਧੇ ਗੋਪਾਲ ॥ ਸਰਬ ਘਟ ਪ੍ਰਤਿਪਾਲ ॥(ਪੰਨਾ ੮੩੮)

ਇਨ੍ਹਾਂ ਗੁਣਾਂ ਦਾ ਭੰਡਾਰ ਕਿਹੜਾ ਹੈ? ਗੁਰੂ ਰੂਪ, ਸੰਤ, ਗੁਰਮੁਖ ਦਾ ਹਿਰਦਾ ਅਮੁੱਲ ਗੁਣਾਂ ਦਾ ਭੰਡਾਰ ਹੈ।ਜਗਿਆਸੂ ਆਪਣੇ ਦੈਵੀ ਗੁਣ ਭੇਟ ਕਰਦਾ ਹੈ ਤੇ ਸਤਿਗੁਰੂ ਉਸ ਨੂੰ ਨਾਮ ਤੇ ਵਾਹਿਗੁਰੂ ਬਖਸ਼ਦੇ ਹਨ: ਪਰ ਸ਼ਾਹ ਤਾਂ ਵਾਹਿਗੁਰੂ ਹੀ ਹੈ ਜੋ ਪਰੇਰ ਕੇ ਸ਼ਾਹ ਸੰਤਾਂ ਕੋਲ ਭੇਜਦਾ ਹੈ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਦੇਵ ਜੀ ਪਾਸ ਭੇਜਿਆ। ਸੋ ਵਾਹਿਗੁਰੂ ਸਚੇ ਪਾਤਸ਼ਾਹ ਨੇ ਜਗਿਆਸੂ ਨੂੰ ਸ਼ਾਹ ਰੂਪੀ ਸੰਤਾਂ ਦੇ ਪਾਸ ਭੇਜਿਆ, ਉਨ੍ਹਾਂ ਪਾਸ ‘ਰਤਨ ਜਵੇਹਰ ਨਾਮ’ ਹੈ। ਉਹ ਸੰਤ ਫਿਰ ਨਾਮ ਰੂਪੀ ਰਤਨ ਜਗਿਆਸੂ ਨੂੰ ਬਖਸ਼ਦੇ ਹਨ। ਸੋ ਵਾਹਿਗੁਰੂ ਦੇ ਗੁਣ ਅਤੇ ਦੈਵੀ ਗੁਣ ਜਗਿਆਸੂ ਦੇ ਦੋਵੇਂ ਹੀ ਅਮੁੱਲ ਹਨ।

ਸੰਗਤਿ ਸਾਧ ਮੇਲਿ ਹਰਿ ਗਾਇਣੁ॥ (ਭੈਰਉ, ਮ: ੪, ਪੰਨਾ ੧੧੩੪)

ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ॥ (ਕਾਨ ਮ:੪, ਪੰਨਾ ੧੩੦੯)

ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲਈਆ॥(ਬਿਲਾਵਲ ਮ: ੪, ਪੰਨਾ ੮੩੪)

ਸਿਖ ਦਾ ਸਤਿਗੁਰ ਪਾਸ ਸ਼ਰਧਾ ਨਾਲ ਆਉਣਾ ਹੀ ਅਮੁੱਲ ਹੈ, ਸੋ ਭਲੇ ਪਾਸੇ ਚੱਲਣ ਦੀ ਕਿਰਿਆ ਵੀ ਅਮੁੱਲ ਹੈ ਤੇ ਸਤਿਗੁਰੂ ਪਾਸੋਂ ਰਤਨ ਰੂਪੀ ਨਾਮ ਲੈ ਕੇ ਜਾਣ ਦੀ ਭਲੀ ਕਿਰਿਆ ਵੀ ਅਮੁੱਲ ਹੈ ਬਾਕੀ ਸਭ ਉਪਾਸ਼ਕ ਰੂਪੀ ਕਰਮ ਤੇ ਜੱਗ ਰੂਪੀ ਕਰਮ ਸਭ ਮੁੱਲ ਵਾਲੇ ਹਨ, ਜਿਨ੍ਹਾਂ ਦੀ ਕੀਮਤ ਸ਼ਾਸ਼ਤਰਾਂ ਨੇ ਪਾਈ ਹੈ: ਫਲਾਣਾ ਕਰਮ ਕਰਨ ਵਾਲੇ ਨੂੰ ਫਲਾਣੀ ਪਦਵੀ ਮਿਲਦੀ ਹੈ ਆਦਿ।

ਸਾਧਸੰਗਿ ਮਿਲਿ ਕਰਹੁ ਅਨੰਦ ॥ ਗੁਨ ਗਾਵਹੁ ਪ੍ਰਭ ਪਰਮਾਨੰਦ ॥ ਰਾਮ ਨਾਮ ਤਤੁ ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥ ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥ ਆਠ ਪਹਰ ਪ੍ਰਭ ਪੇਖਹੁ ਨੇਰਾ ॥ ਮਿਟੈ ਅਗਿਆਨੁ ਬਿਨਸੈ ਅੰਧੇਰਾ ॥ ਸੁਨਿ ਉਪਦੇਸੁ ਹਿਰਦੈ ਬਸਾਵਹੁ ॥ ਮਨ ਇਛੇ ਨਾਨਕ ਫਲ ਪਾਵਹੁ ॥ ੫ ॥ ਹਲਤੁ ਪਲਤੁ ਦੁਇ ਲੇਹੁ ਸਵਾਰਿ ॥ਰਾਮ ਨਾਮੁ ਅੰਤਰਿ ਉਰਿ ਧਾਰਿ ॥ ਪੂਰੇ ਗੁਰ ਕੀ ਪੂਰੀ ਦੀਖਿਆ ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥ ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥ ਦੂਖੁ ਦਰਦੁ ਮਨ ਤੇ ਭਉ ਜਾਇ ॥ ਸਚੁ ਵਾਪਾਰੁ ਕਰਹੁ ਵਾਪਾਰੀ ॥ ਦਰਗਹ ਨਿਬਹੈ ਖੇਪ ਤੁਮਾਰੀ ॥ ਏਕਾ ਟੇਕ ਰਖਹੁ ਮਨ ਮਾਹਿ ॥ ਨਾਨਕ ਬਹੁਰਿ ਨ ਆਵਹਿ ਜਾਹਿ ॥ ੬ ॥ ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥ ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥ ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥ ਚਿੰਤਾ ਜਾਇ ਮਿਟੈ ਅਹੰਕਾਰੁ ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥ ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥ ੭ ॥ ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥ ਦਰਸਨੁ ਪੇਖਤ ਉਧਰਤ ਸ੍ਰਿਸਟਿ ॥ ਚਰਨ ਕਮਲ ਜਾ ਕੇ ਅਨੂਪ ॥ ਸਫਲ ਦਰਸਨੁ ਸੁੰਦਰ ਹਰਿ ਰੂਪ ॥ ਧੰਨੁ ਸੇਵਾ ਸੇਵਕੁ ਪਰਵਾਨੁ ॥ ਅੰਤਰਜਾਮੀ ਪੁਰਖੁ ਪ੍ਰਧਾਨੁ ॥ ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ ਨ ਆਵਤ ਕਾਲੁ ॥ ਅਮਰ ਭਏ ਅਮਰਾ ਪਦੁ ਪਾਇਆ॥ ਸਾਧਸੰਗਿ ਨਾਨਕ ਹਰਿ ਧਿਆਇਆ ॥ ੮ ॥ ੨੨ ॥(ਸੁਖਮਨੀ, ਮ:੫, ਅਸਟਪਦੀ, ਪੰਨਾ ੨੯੨-੨੯੩)

ਇਸ ਤਰ੍ਹਾਂ ਸਤਿਸੰਗ ਵਿਚ ਆਕੇ ਜੋ ਗੁਰ ਸਿਖਿਆ ਰੂਪੀ ਰਤਨ ਉਹ ਲੈ ਜਾਂਦੇ ਹਨ ਉਹ ਰਤਨ ਵੀ ਅਮੋਲਕ ਹਨ।ਜੋ ਪ੍ਰੇਮ ਉਥੇ ਵਰਤ ਰਿਹਾ ਹੈ ਉਸਦਾ ਵੀ ਮੁੱਲ ਕੋਈ ਨਹੀਂ।ਜੋ ਅਜਿਹੇ ਪਾਤਸ਼ਾਹਾਂ (ਗੁਰਾਂ) ਵਿਚ ਆ ਕੇ ਸਮਾ ਗਏ ਹਨ ਉਹ ਵੀ ਅਮੋਲਕ ਹੋ ਗਏ ਹਨ। ਸਤਸੰਗ ਰੂਪੀ ਜੋ ਦੀਵਾਨ ਇਨ੍ਹਾਂ ਰਾਜਿਆਂ ਦਾ ਹੈ ਉਹ ਭੀ ਅਮੋਲਕ ਹੈ।

ਉਥੇ ਧਰਮ ਦੀ ਦਾਤ ਜੋ ਵੰਡੀ ਜਾਂਦੀ ਹੈ ਉਹ ਭੀ ਅਮੋਲਕ ਹੈ।ਜਿਸ ਹਿਰਦੇ ਵਿਚ ਤੋਲ ਤੋਲ ਕੇ ਪਰਵਾਣੁ ਕੀਤੀ ਜਾਂਦੀ ਹੈ ਤੇ ਜਿਸ ਮਨ ਨਾਲ ਮਾਪ ਕੇ ਵੰਡ ਹੁੰਦੀ ਹੈ ਉਹ ਅਮੋਲਕ ਹੈ।ਸਿੱਖ ਦਾ ਧਰਮ ਫਿਰ ਕੀ ਹੋਇਆ?ਪਰਮਾਤਮਾ ਪ੍ਰਤੀ ਅਥਾਹ ਅਗਾਧ ਪ੍ਰੇਮ ਤੇ ਉਸ ਦਾ ਪ੍ਰੇਮ ਸਹਿਤ ਧਿਆਨ ਲਾ ਕੇ ਨਾਮ ਜਪਣਾ।ਇਹ ਨਾਮ ਦੀ ਦਾਤ ਉਸ ਨੂ ਕਿਥੋਂ ਮਿਲਣੀ ਹੈ? ਗੁਰੂ ਤੋਂ। ਗੁਰੂ ਤੋਂ ਨਾਮ ਦੀ ਦਾਤ ਕਿਵੇਂ ਮਿਲੇਗੀ? ਸੇਵਾ ਸਦਕਾ।

ਗੁਰ ਕੇ ਗ੍ਰਹਿ ਸੇਵਕੁ ਜੋ ਰਹੈ॥ਗੁਰ ਕੀ ਆਗਿਆ ਮਨ ਮਹਿ ਸਹੈ॥ (ਸੁਖਮਨੀ ਮ: ੫,ਪੰਨਾ ੨੮੬)

ਫਿਰ ਸਤਿਗੁਰ ਕੀ ਕਰਦਾ ਹੈ? ਉਹ ਉਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਹਟਾ ਕੇ ਮਾਇਆ ਮੋਹ ਮਿਟਾ ਕੇ ਨਾਮ ਨਾਲ ਜੋੜਦਾ ਹੈ, ਅਮੁਲ ਨਾਮ ਧਨ ਦਿੰਦਾ ਹੈ।

ਸਤਿਗੁਰ ਸਿਖ ਕੇ ਬੰਧਨ ਕਾਟੈ॥ਗੁਰ ਕਾ ਸਿਖ ਬਿਕਾਰ ਤੇ ਹਾਟੈ॥ (ਸੁਖਮਨੀ ਮ: ੫,ਪੰਨਾ ੨੮੬)

ਸਤਿਗੁਰੁ ਸਿਖ ਕਉ ਨਾਮ ਧਨਦੇਇ॥

ਜਿਥੇ ਸਤਿਗੁਰ ਹੁੰਦਾ ਹੈ ਉਥੇ ਸਤਿਸੰਗ ਹੁੰਦਾ ਹੈ: ਸਤਿਗੁਰ, ਸੰਤ ਤੇ ਸਿਖ ਜੁੜ ਬੈਠਦੇ ਹਨ। ਦੀਵਾਨ (ਦੀਬਾਣੁ) ਲਗਦਾ ਹੈ, ਸਭਾ ਹੁੰਦੀ ਹੈ, ਧਰਮ ਦੇ, ਨਾਮ ਦੇ ਪਰਵਚਨ ਹੁੰਦੇ ਹਨ। ਇਹ ਵੀਚਾਰਾਂ ਦਾ ਆਦਾਨ ਪ੍ਰਦਾਨ ਵੀ ਅਮੁਲ ਹੈ ਜਿਸ ਨੂੰ ਸੱਚ ਦੀ ਕਸਵਟੀ ਤੇ ਪਰਖਿਆ ਜਾਂਦਾ ਹੈ ਤੇ ਪਰਖ ਕਰਨ ਤੋਂ ਬਾਦ ਹੀ ਪਰਵਾਣ ਕੀਤਾ ਜਾਂਦਾ ਹੈ

ਅਮੁਲੁ ਧਰਮੁ ਅਮੁਲੁ ਦੀਬਾਣੁ ॥ਅਮੁਲੁ ਤੁਲੁ ਅਮੁਲੁ ਪਰਵਾਣੁ ॥

ਸ਼ਰਧਾਲੂਆਂ ਨੂੰ ਜੋ ਨਾਮ ਦੀ ਬਖਸ਼ਿਸ਼ ਹੁੰਦੀ ਹੈ ਉਹ ਭੀ ਅਮੋਲਕ ਹੈ ਤੇ ਨਾਮ ਜਪਕੇ ਜੋ ਨੀਸਾਣ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਉਹਦਾ ਵੀ ਕੋਈ ਮੁੱਲ ਨਹੀਂ।ਇਸ ਦਰਗਹ ਦੀ ਬਖਸ਼ਿਸ਼ ਤੇ ਹੁਕਮ ਦੋਨੋਂ ਅਮੁਲ ਹਨ।ਨੀਸਾਣੁ ਤੋਂ ਉਸ ਤੋਂ ਬਖਸ਼ਿਸ਼ ਹੋਈ ਉਸ ਦੇ ਮਿਲਣ ਦਾ ਪਰਵਾਣ ਨਿਸ਼ਾਨ। ਬਖਸ਼ਿਸ਼ ਦਾ ਚਿੰਨ੍ਹ ਤੇ ਨਿਸ਼ਾਨ ਬ੍ਰਹਮ ਵਿਦਿਆ ਦਾ ਸ਼੍ਰਵਣ ਤੇ ਨਾਮ ਜੋ ਹੈ ਜਿਸ ਤੋਂ ਉਚੀ ਬਖਸ਼ਿਸ਼ ਹੋਰ ਕੋਈ ਨਹੀਂ:

ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥

ਜਿਸ ਉਪਰ ਵਾਹਿਗੁਰੂ ਨੇ ਅਪਣੀ ਬਖਸ਼ਿਸ਼ ਕਰ ਦਿਤੀ ਉਸ ਦਾ ਲੇਖਾ ਫਿਰ ਨਹੀਂ ਕੀਤਾ ਜਾਦਾ ਭਾਵ ਜਨਮ ਮਰਨ ਦੇ ਚਕਰ ਤੋਂ ਮੁਕਤ ਹੋ ਜਾਦਾ ਹੈ । ਜਦ ਪਰਮਾਤਮਾ ਜੀਵ ਦਾ ਲੇਖਾ ਕਰਦਾ ਹੈ ੳਹਿ ਉਸੇ ਪੁੰਨ ਕਰਮ ਤ ਪਾਪ ਕਰਮਾਂ ਤੇ ਝਾਤ ਮਾਰਦਾ ਹੈ। ਪੁੰਨ ਕਰਮ ਉਹ ਜੀਵ ਕਰਦੇ ਹਨ ਜੋ ਸਦਾ ਵਾਹਿਗੁਰੂ ਨੂੰ ਸਨਮੁਖ ਹੋ ਕੇ ਕਰਦੇ ਹਨ ਤੇ ਪਾਪ ਕਰਮ ਜਾ ਦੁਸ਼ਕਰਮ ਜੋ ਵਾਹਿਗੁਰੂ ਨੂੰ ਭੁਲਕੇ ਕੀਤੇ ਜਾਦੇ ਹਨ। ਬਖਸ਼ਿਸ਼ ਦੇ ਭਾਗੀ ਹੋਣ ਲਈ ਪੁੰਨ ਕਰਮਾਂ ਦਾ ਕੀਤਾ ਜਾਣਾ ਜ਼ਰੂਰੀ ਹੈ ।ਰਹਿਮਤ ਵਾਹਿਗੁਰੂ ਦੀ ਤੇ ਸਿਖ ਦਾ ਕਰਮ ਤੇ ਸਤਿਗੁਰੂ ਦੀ ਨਦਰ ਬਖਸ਼ਿਸ਼ ਹੁੰਦੀ ਹੇ ਤੁੱਠਣ ਨਾਲ।ਵਾਹਿਗੁਰੂ ਦੀ ਰਹਿਮਤ ਦੀ ਅਮੁਲ ਹੈ ਤੇ ਉਸ ਦਾ ਹੁਕਮ ਨਾਮਾ ਵੀ ਅਮੁੱਲ ਹੈ।

ਜਾਕਉ ਅਪੁਨੀ ਕਰੈ ਬਖਸੀਸ॥ ਤਾ ਕਾ ਲੇਖਾ ਨ ਗਨੈ ਜਗਦੀਸ॥(ਸੁਖਮਨੀ ਮ: ੫,ਪੰਨਾ ੨77)

ਹੋਰ ਕੀ ਕਹੀਏ ਸਭ ਅਮੁਲ ਹੀ ਅਮੁਲ ਹੈ।ਉਹਦਾ ਕਥਨ ਵਿਚ ਆਉਣਾ ਔਖਾ ਹੈ। ਕਥਨ ਅਰੰਭੀਦਾ ਹੈ ਤਾਂ ਛੇਕੜ fr5fਜਾ ਕੇ ਲਿਵ ਲਗ ਜਾਂਦੀ ਹੈ ਤੇ ਉਸ ਦੀ ਲਿਵ ਵਿਚ ਮਸਤ ਚੁਪ ਹੋ ਜਾਈਦਾ ਹੈ।

ਅਮੁਲੋ ਅਮੁਲੁ ਆਖਿਆ ਨ ਜਾਇ ॥

ਉਹ ਤਾਂ ਸਾਰੀਆਂ ਮੁੱਲ ਵਾਲੀਆਂ ਪਦਵੀਆਂ ਤੋਂ ਉਪਰ ਅਮੁੱਲ ਹੈ।ਉਸ ਦੇ ਗੁਣ ਵੀ ਸਾਰੇ ਗੁਣਾਂ ਤੋਂ ਉਪਰ ਅਮੁੱਲ ਹਨ, ਕਿਉਂਕਿ ਉਸ ਦੇ ਗੁਣ ਧਾਰਨ ਕੀਤੀ ਵਸਤੂ ਨਹੀਂ ਸਗੋਂ ਉਸ ਦੇ ਗੁਣ ਉਸ ਦਾ ਸਰੂਪ ਹਨ। ਸਾਰੇ ਗੁਣ ਉਸ ਤੋਂ ਉਪਜੇ ਹਨ:

ਸਭਿ ਗੁਣ ਤੇਰੇ ਮੈ ਨਹੀ ਕੋਇ॥

ਮੈਂ ਤਾਂ ਕੀ ਜੋ ਇਕ ਨਿਗੂਣੀ ਵਸਤੂ ਹੈ ਇਹ ਤਾਂ ਸਾਰਾ ਸੰਸਾਰ ਹੀ ਉਸ ਤੋਂ ਗੁਣ ਪ੍ਰਾਪਤ ਹੈ।ਸਿਫਤ ਸਲਾਹ ਦਾ ਗੁਣ ਵੀ ਉਹ ਹਰ ਇਕ ਨੂੰ ਨਹੀਂ ਬਖਸ਼ਦਾ ਬੜੇ ਥੋੜੇ ਹਨ ਜਿਨ੍ਹਾਂ ਨੂੰ ਨਾਮ ਦੀ ਸਿਫਤ ਸਲਾਹ ਬਖਸ਼ਦਾ ਹੈ:

ਆਪੇ ਜਾਣੇ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥

ਪਾਤਿਸ਼ਾਹਾਂ ਦੇ ਪਾਤਿਸ਼ਾਹ ਵੀ ਉਹ ਹੀ ਬਣਦੇ ਹਨ ਜਿਨ੍ਹਾਂ ਨੂੰ ਉਹ ਸਿਫਤ ਸਲਾਹ ਦਾ ਗੁਣ ਬਖਸ਼ਦਾ ਹੈ:

ਜੋ ਸੰਤ ਉਸ ਦੀ ਉਸਤਤ ਤੇ ਗੁਣਾਂ ਨੂੰ ਗਾਇਨ ਕਰਦੇ ਹਨ ਤੇ ਉਸ ਦਾ ਨਾਮ ਜਪਦੇ ਹਨ ਉਹ ਨਾਮ ਜਪਦੇ ਹੀ ਲੀਨ ਹੋ ਜਾਂਦੇ ਹਨ:

ਆਖਿ ਆਖਿ ਰਹੇ ਲਿਵ ਲਾਇ ॥

ਬਿਰਤੀਆਂ ਨੂੰ ਸੰਕੋਚ ਕੇ ਪਰਮਾਤਮਾਂ ਵਲ ਲਗਾਤਾਰ ਸ਼ਰਧਾ, ਪ੍ਰੇਮ ਤੇ ਉਤਸ਼ਾਹ ਨਾਲ ਕੀਤਾ ਧਿਆਨ ਲਾਉਣਾ ਹੀ ਲਿਵ ਲਾਉਣਾ ਹੈ:

ਸਹਜ ਸਮਾਧ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ॥ (ਮਾਰੂ ਰਵਿਦਾਸ ਹੀ, ਪੰਨਾ 1106)

ਕਬੀਰ ਜਾਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਰਿਆ ਜਾਕਉ ਕਹਤਾ ਅਉਰੁ॥

(ਸਲੋਕ ਕਬੀਰ ਪੰਨਾ 1369)

ਲਿਵ ਲੀਨ ਅਵਸਥਾ ਦਾ ਬਖਾਣ ਕਰਨ ਵਾਲੇ ਵੀ ਬੜੇ ਹਨ। ਨਾਮ ਦੇ ਪਾਤਸ਼ਾਹਾਂ ਦੀ ਮਹਿਮਾ ਵੇਦ ਪਾਠ ਅਰਥਾਤ ਵੇਦਾਂ ਦੇ ਛੰਦ ਆਦਿ ਤੇ ਪੁਰਾਣ ਕਰਦੇ ਹਨ। ਇਨ੍ਹਾਂ ਦਾ ਜ਼ਿਕਰ ਪੜ੍ਹੇ ਹੋਏ ਪੰਡਿਤ, ਜੋ ਧਰਮ ਦਾ ਵਿਆਖਿਆਨ ਕਰ ਕਰ ਕੇ ਲੋਕਾਂ ਨੂੰ ਸੁਣਾਉਂਦੇ ਹਨ, ਵੀ ਕਰਦੇ ਹਨ।

ਸਭਿ ਗੁਣ ਤੇਰੇ ਮੈ ਨਹੀ ਕੋਇ॥

ਮੈਂ ਤਾਂ ਕੀ ਜੋ ਇਕ ਨਿਗੂਣੀ ਵਸਤੂ ਹੈ ਇਹ ਤਾਂ ਸਾਰਾ ਸੰਸਾਰ ਹੀ ਉਸ ਤੋਂ ਗੁਣ ਪ੍ਰਾਪਤ ਹੈ।ਸਿਫਤ ਸਲਾਹ ਦਾ ਗੁਣ ਵੀ ਉਹ ਹਰ ਇਕ ਨੂੰ ਨਹੀਂ ਬਖਸ਼ਦਾ ਬੜੇ ਥੋੜੇ ਹਨ ਜਿਨ੍ਹਾਂ ਨੂੰ ਨਾਮ ਦੀ ਸਿਫਤ ਸਲਾਹ ਬਖਸ਼ਦਾ ਹੈ:

ਆਪੇ ਜਾਣੇ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥

ਪਾਤਿਸ਼ਾਹਾਂ ਦੇ ਪਾਤਿਸ਼ਾਹ ਵੀ ਉਹ ਹੀ ਬਣਦੇ ਹਨ ਜਿਨ੍ਹਾਂ ਨੂੰ ਉਹ ਸਿਫਤ ਸਲਾਹ ਦਾ ਗੁਣ ਬਖਸ਼ਦਾ ਹੈ:

ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥

ਪਾਠ ਕਰਨ ਵਾਲੇ ਨੂੰ ਧਿਆਨ ਰਖਣਾ ਹੈ ਕਿ ਉਹ ਸ਼ੁਧ ਪਾਠ ਕਰੇ ਲਗ ਮਾਤ੍ਰ ਸੋਧ ਕੇ ਪੜ੍ਹੇ, ਅਰਥ ਦਾ ਗਿਆਨ ਜ਼ਰੂਰ ਰੱਖੇ ਕਿਉਂਕਿ ਪਾਠ ਦਾ ਫਾਇਦਾ ਹੈ ਹੀ ਤਾਂ ਹੈ ਜੇ ਅਰਥ ਆਉਂਦਾ ਹੋਵੇ।ਜਿਸ ਸੁਰ, ਘਰ ਵਿਚ ਕਿਹਾ ਜਾਂ ਲਿਖਿਆ ਹੋਵੇ ਪਾਠ ਉਸੇ ਸੁਰ ਘਰ ਵਿਚ ਕਰੇ।ਜਿਸ ਦਾ ਸ਼ਬਦ ਰਚਿਆ ਹੈ ਉਸ ਨੂੰ ਵੀ ਧਿਆਨ ਵਿਚ ਰਖਣਾ ਹੈ ਤੇ ਉਸ ਦੇ ਗੁਣਾਂ ਨੂੰ ਮਨ ਵਿਚ ਧਾਰਨ ਦੀ ਪ੍ਰੇਰਣਾ ਲੈਣੀ ਹੈ।

ਬ੍ਰਹਮਾ ਤੇ ਇੰਦਰ ਪ੍ਰਮਾਤਮਾਂ ਦੀ ਉਸਤਤ ਕਰਦੇ ਹਨ। ਗੋਪੀਆਂ ਤੇ ਗੋਵਿੰਦ ਪ੍ਰਮਾਤਮਾਂ ਦਾ ਜਸ ਕਥਨ ਕਰਦੇ ਹਨ।ਈਸ਼ਵਰ ਭਾਵ ਸ਼ਿਵ ਸ਼ੰਕਰ ਤੇ ਸਿਧਾਂ ਦੀਆਂ ਮੰਡਲੀਆਂ ਪ੍ਰਮਾਤਮਾਂ ਦਾ ਜਸ ਗਾ ਰਹੇ ਹਨ।ਜਿਤਨੇ ਬੁਧੀਮਾਨ ਜੋ ਪ੍ਰਮਾਤਮਾਂ ਨੇ ਆਪ ਬਣਾਏ ਹਨ ਵੀ ਉਸੇ ਦਾ ਜਸ ਕਰ ਰਹੇ ਹਨ।ਸ਼ਿਵਜੀ, ਸਿਧ, ਕਿਤਨੇ ਹੀ ਜੋ ਸਾਜੇ ਹੋਏ ਹਨ, ਗਿਆਨਵਾਨ, ਰਾਖਸ਼, ਦੇਵਤੇ,-ਉਹ ਦੇਵਤੇ ਜਿਨ੍ਹਾਂ ਦੀ ਸੇਵਾ ਮਨੁਖ ਤੇ ਮੁਨੀ ਜਨ ਕਰਦੇ ਹਨ- ਸਭ ਪ੍ਰਮਾਤਮਾਂ ਦੀ ਸਿਫਤ ਕਰਦੇ ਹਨ।ਦਾਨਵ=ਦੈਂਤ, ਸੁਰਿ, ਨਰ, ਮੁਨਿ= ਜੋ ਆਪ ਧਰਮ ਤੇ ਚਲਦੇ ਹਨ ਤੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ। ਜਨ(ਭਗਤ) ਤੇ ਸੇਵਾ ਸੰਮਤੀ ਵਾਲੇ ਵਾਹਿਗੁਰੂ ਦੀ ਕੀਰਤੀ ਗਾ ਰਹੇ ਹਨ।

ਆਖਹਿ ਬਰਮੇ ਆਖਹਿ ਇੰਦ॥ਆਖਹਿ ਗੋਪੀ ਤੈ ਗੋਵਿੰਦ ॥

ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥

ਆਖਹਿ ਦਾਨਵ ਆਖਹਿ ਦੇਵ॥ਆਖਹਿ ਸੁਰਿ ਨਰ ਮੁਨਿ ਜਨ ਸੇਵ ॥

ਬ੍ਰਹਮ, ਸ਼ੰਕਰ, ਸ਼ਿਵਜੀ ਤੇ ਇੰਦ੍ਰ ਸਾਰੇ ਹੀ ਪਰਮਾਤਮਾ ਦਾ ਜਸ ਗਾਉਂਦੇ ਹਨ।

ਬ੍ਰਹਮੇ ਤੁਧੁ ਧਿਆਇਨਿ ਇੰਦ੍ਰ ਇੰਦ੍ਰਾਸਣਾ॥

ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ॥(ਗੂਜਰੀ ਕੀ ਵਾਰ ਮ: ੫, ਪੰਨਾ ੫੧੮)

ਕਿਤਨੇ ਹੀ ਆਖ ਰਹੇ ਹਨ, ਕਿਤਨਿਆਂ ਨੇ ਕਹਿਣਾ ਸ਼ੁਰੂ ਕੀਤਾ ਹੈ, ਕਿਤਨੇ ਕਹਿ ਕਹਿ ਕੇ ਖਤਮ ਵੀ ਹੋ ਚੁਕੇ ਹਨ, ਪਰ ਇਹ ਯਸ਼ ਉਨ੍ਹਾਂ ਦੇ ਨਾਲ ਹੀ ਚਲਾ ਗਿਆ।

ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥

ਬਾਕੀ ਸਾਰੇ ਯਸ਼ ਤਾਂ ਸਰੀਰ ਨਾਲ ਹੀ ਚਲੇ ਜਾਂਦੇ ਹਨ ਪਰ ਗੁਰੂ ਦਾ ਬਚਨ (ਨਾਮ) ਜੀਅ ਦੇ ਨਾਲ ਰਹਿੰਦਾ ਹੈ ਰੂਹ ਨਾਲ ਹੀ ਰਹਿੰਦਾ ਹੈ।ਇਸ ਨਾਮ ਨੂੰ ਨਾਂ ਤਾਂ ਪਾਣੀ ਡੁਬੋ ਸਕਦਾ ਹੈ, ਨਾ ਹੀ ਤਸਕਰ ਚੁਰਾ ਕੇ ਲੈ ਜਾ ਸਕਦਾ ਹੈ ਤੇ ਨਾ ਹੀ ਅੱਗ ਜਾਲ ਸਕਦੀ ਹੈ:

ਗੁਰ ਕਾ ਬਚਨ ਬਸੈ ਜੀਅ ਨਾਲੇ॥

ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੈ॥ (ਧਨਾਸਰੀ ਮ: ੫, ਪੰਨਾ ੬੭੯)

ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ॥

ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤਹੀ ਨ ਜਾਵੈ॥(ਗਉੜੀ ਕਬੀਰ ਜੀ, ਪੰਨਾ ੩੩੬)

ਜਿਤਨੇ ਕਹਿਣ ਵਾਲੇ ਰਬ ਨੇ ਅਜਿਹੇ ਸਾਜੇ ਹਨ ਜੋ ਇਤਨੇ ਹੋਰ ਸਾਜ ਵੀ ਦੇਵੇ ਤਾਂ ਵੀ ਹੋਰ ਕਿਤਨੇ ਹੀ ਇਹ ਬੇਅੰਤ ਸਾਜੇ ਹੋਏ ਕਥਨ ਵਿਚ ਉਨ੍ਹਾਂ ਦਾ ਮੁਲ ਨਹੀਂ ਲਿਆ ਸਕਦੇ।

ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ॥

ਕਾਰਨ ਇਹ ਹੈ ਕਿ ਉਨ੍ਹਾਂ ਦੀ ਵਡਿਆਈ ਉਹ ਸਚਾ ਹੀ ਜਾਣਦਾ ਹੈ ਜਿਸ ਵਿਚ ਉਹ ਸਮਾਏ ਹੋਏ ਹਨ।ਉਹ ਜਿਤਨਾ ਵਡਾ ਆਪ ਨੂੰ ਕਰਨਾ ਚਾਹੇ ਉਤਨਾ ਹੀ ਵਡਾ ਹੋ ਜਾਂਦਾ ਹੈ। ਉਹ ਸੱਚਾ ਵਾਹਿਗੁਰੂ ਅਪਣੇ ਆਪ ਨੂੰ ਆਪ ਹੀ ਜਾਣਦਾ ਹੈ

ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥

ਜੇ ਕੋਈ ਬੋਲ ਵਿਗਾੜ ਕੇ ਆਖੇ ਕਿ ਅਸੀਂ ਉਸ ਬਾਰੇ ਕਿਉਂ ਨਹੀਂ ਦਸ ਸਕਦੇ, ਕੀ ਉਸਦੇ ਕਹਿਣ ਨਾਲ ਉਸਦਾ ਪੂਰਾ ਵਰਣਨ ਹੋ ਸਕੇਗਾ? ਅਜਿਹੇ ਮੰਦਾ ਬੋਲਣ ਵਾਲੇ ਨੂੰ ਮੂਰਖਾਂ ਦਾ ਮੂਰਖ ਹੀ ਆਖਣਾ ਚਾਹੀਦਾ ਹੈ।ਬਾਵ ਉਹ ਵਡਾ ਮੂਰਖ ਹੈ ਜਿਸ ਨੂੰ ਅਪਣੇ ਕਹੇ ਤੇ ਬਾਦ ਵਿਚ ਪਛਤਾਉਣਾ ਪਵੇਗਾ।ਬੋਲ ਵਿਗਾੜ=ਵਿਗਾੜਣ ਵਾਲੀ ਬੋਲੀ, ਬੁਰੇ ਬੋਲ, ਗਾਲ੍ਹਾਂ ਆਦਿ।ਹੇ ਆਦਮੀ! ਸਿਮਰਨ ਦੀ ਥਾਂ ਵਿਗਾੜ ਵਾਲੀਆਂ ਬੋਲੀਆਂ ਬੋਲਦਾ ਹੈ ਉਹ ਤਾਂ ਮੂਰਖ ਹੀ ਕਿਹਾ ਜਾ ਸਕਦਾ ਹੈ:

ਜੇ ਕੋ ਆਖੈ ਬੋਲੁ ਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥ ੨੬ ॥

ਪਰਮਾਤਮਾ ਦਾ ਨਾਮ ਜਪਣਾ ਸਭ ਤੋਂ ਵਡਾ ਹੈ ਇਸ ਗੁਣ ਜਿਹਾ ਹੋਰ ਕੋਈ ਨਹੀਂ।

ਗੁਣ ਏਹੋ ਹੋਰੁ ਨਾਹੀ ਕੋਇ॥ (ਆਸਾ ਮ: ੧, ਪੰਨਾ ੪)

ਗੁਣ ਕੀਤਿਆਂ ਬਿਨ ਭਗਤੀ ਨਹੀਂ ਹੋ ਸਕਦੀ:

ਵਿਣੁ ਗੁਣੁ ਕੀਤੇ ਭਗਤਿ ਨ ਹੋਇ॥ (ਜਪੁਜੀ, ਮ:੧, ਪੰਨਾ ੪)

ਅਪਾਰ ਗੁਣਾਂ ਦਾ ਖਜ਼ਾਨਾ ਹੈਂ ਪ੍ਰਭੂ, ਇਸੇ ਲਈ ਤੇਰੇ ਦਰ ਦਾ ਸਵਾਲੀ ਹਾਂ:

ਗੁਣ ਨਿਧਾਨ ਅਪਾਰ ਠਾਕੁਰ ॥ (ਜੈਤਸਰੀ ਛੰਤ ਮ:੫, ਪੰਨਾ ੭0੫)

ਇਸੇ ਲਈ ਇਹੋ ਅਰਦਾਸ ਹੈ ਪ੍ਰਭ ਜੀ ਅਗੇ ਕਿ ‘ਐਸੇ ਗੁਣ ਮੇਰੇ ਪ੍ਰਭ ਜੀ ਕੀਨ॥ (ਟੋਡੀ ਮ: ੫, ਪੰਨਾ ੭੧੬)’ ਇਹੋ ਜਿਹੇ ਗੁਣ ਬਖਸ਼ਿਸ਼ ਕਰੋ ਜਿਨ੍ਹਾ ਸਦਕਾ ਤੇਰਾ ਨਾਮ ਚਿਤ ਆਵੇ ਤੇ ਤੇਰੇ ਨਾਲ ਮੇਲ ਹੋ ਸਕੇ




.