.

ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ

ਇਹ ਅਟੱਲ ਸੱਚਾਈ ਹੈ ਕਿ ਦਸਾਂ ਪਾਤਿਸ਼ਾਹੀਆਂ ਨੇ ਅਣਥੱਕ ਮਿਹਨਤ ਕਰਕੇ ਸਾਡੀ ਅਗਵਾਹੀ ਲਈ ਇੱਕ ਹੀ ਗਰੰਥ ਤਿਆਰ ਕਰਕੇ ਸਾਨੂੰ ਸਿਰਫ ਉਸਦੇ ਲੜ ਲਾਇਆ। ਇਸਦਾ ਸਿਰਫ ਇਹ ਹੀ ਭਾਵ ਹੋ ਸਕਦਾ ਹੈ ਕਿ ਸੱਚੇ ਧਰਮੀ ਬਣਨ ਲਈ ਇੱਧਰ ਉੱਧਰ ਦੀਆਂ ਸਾਰੀਆਂ ਗੱਲਾਂ ਛੱਡਕੇ ਇਸਦੀ ਸਿੱਖਿਆ ਤੇ ਚੱਲਣਾ ਹੀ ਇੱਕੋ ਇੱਕ ਜ਼ਰੂਰੀ ਕੰਮ ਹੈ। ਸਿਰਲੇਖ ਵਾਲੀ ਬਾਣੀ ਦੀ ਤੁਕ ਸਾਡੇ ਲਈ ਕਰਨ ਵਾਲੇ ਕੰਮ ਦੀ ਹੱਦਬੰਦੀ ਕਰਦੀ ਹੈ।

ਧਰਮ ਦੇ ਨਾਂਅ ਤੇ ਕੀਤੇ ਹਰ ਕੰਮ ਦਾ ਮਕਸਦ ਸਿਰਫ ਗੁਰਬਾਣੀ ਸਿੱਖਿਆ ਨਾਲ ਸਾਂਝ ਪਾਉਣਾ ਹੀ ਹੋ ਸਕਦਾ ਹੈ। ਇਸ ਕੰਮ ਨੂੰ ਛੱਡਕੇ ਹੋਰ ਹੋਰ ਕੰਮ ਸਾਰੀ ਉਮਰ ਕਰਨ ਨਾਲ ਵੀ ਕੋਈ ਸਫਲਤਾ ਨਹੀਂ ਮਿਲਣੀ।

ਪ੍ਭੂ ਨੂੰ ਚੇਤੇ ਕਰਨਾ ਤੇ ਯਾਦ ਰੱਖਣਾ ਬਹੁਤ ਹੀ ਜ਼ਰੂਰੀ ਕੰਮ ਹੈ। ਪਰ ਇਹ ਕੋਈ ਆਖਣ ਸੁਣਨ ਦਾ ਕਰਮ ਕਾਂਡ ਨਹੀਂ ਹੈ। ਜਿਹੜੀਆਂ ਚੀਜ਼ਾਂ ਪ੍ਭੂ ਤੋਂ ਦੂਰ ਕਰਦੀਆਂ ਹਨ ਉਨਾਂ ਤੋਂ ਮੁਕਤੀ ਪਾਉਣਾ ਹੀ ਉਸਨੂੰ ਯਾਦ ਕਰਨਾ ਹੈ:

ਮਾਇਆ ਮੋਹਿ ਹਰਿ ਚੇਤੈ ਨਾਹੀ। ਜਮਪੁਰਿ ਬਧਾ ਦੁਖ ਸਹਾਈ-੧੧੧

ਜੇ ਮਨ ਮਾਇਆ ਦੇ ਮੋਹ ਵਿੱਚ ਫਸਿਆ ਹੈ ਤਾਂ ਅਸੀਂ ਹਰੀ ਨੂੰ ਯਾਦ ਨਹੀਂ ਕਰ ਰਹੇ ਭਾਵੇਂ ਮੂੰਹ ਨਾਲ ਜਿੰਨਾ ਮਰਜ਼ੀ ਰਟਣ ਕਰੀ ਜਾਈਏ। ਇਸੇ ਹੀ ਤਰਾਂ ਜੇ ਸਾਡਾ ਮਨ ਕਾਮ ਕਰੋਧ ਵਰਗੇ ਵਿਕਾਰਾਂ ਨਾਲ ਮੈਲਾ ਹੋਇਆ ਪਿਆ ਹੈ ਤਾਂ ਵੀ ਅਸੀਂ ਉਸਨੂੰ ਭੁਲਾਇਆ ਹੋਇਆ ਹੈ। ਇਸ ਹਾਲਤ ਵਿੱਚ ਜ਼ੁਬਾਨ ਨਾਲ ਕੀਤਾ ਕੋਈ ਵੀ ਰਟਣ ਉਸਨੂੰ ਚੇਤੇ ਕਰਨਾ ਨਹੀਂ ਬਣਨਾ:

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ-੨੧੯

ਅਸੀਂ ਆਪਣੇ ਬਣਾਏ ਕਰਮ ਕਾਂਡਾਂ ਨੂੰ ਜਿੰਨੇ ਮਰਜ਼ੀ ਸੋਹਣੇ ਨਾਂਅ ਦੇ ਦੇਈਏ ਉਹ ਧਰਮ ਦੇ ਅਸਲੀ ਕੰਮ ਤਾਂ ਬਣਨਗੇ ਜੇ ਉਹ ਸਾਡੇ ਦਿਲਾਂ ਨੂੰ ਬਾਣੀ ਦੀ ਸਿੱਖਿਆ ਨਾਲ ਜੋੜਨਗੇ।

ਕਿਸੇ ਕਰਮ ਕਾਂਡ ਨੂੰ ਅਸੀਂ ਨਾਮ ਜਪਣ ਦਾ ਨਾਂਅ ਦਿੰਦੇ ਹਾਂ ਅਤੇ ਫਿਰ ਬੜੇ ਜ਼ੋਰ ਸ਼ੋਰ ਨਾਲ ਉਹ ਕਰਦੇ ਹਾਂ। ਉਹ ਕਰਨ ਨਾਲ ਜੇ ਬਾਣੀ ਦਾ ਨੀਯਤ ਕੀਤਾ ਨਤੀਜਾ ਨਾ ਨਿਕਲਿਆ ਤਾਂ ਸਭ ਕੁੱਝ ਫੋਕਾ ਹੋ ਜਾਣਾ ਹੈ। ਕੁੱਝ ਤੁਕਾਂ ਦੇਖਦੇ ਹਾਂ:

ਤਿ੍ਸਨਾ ਭੂਖ ਸਭ ਨਾਸੀ। ਸੰਤ ਪ੍ਸਾਦਿ ਜਪਿਆ ਅਬਿਨਾਸੀ-੮੯੭

ਨਾਮੁ ਜਪਤ ਤਿ੍ਸਨਾ ਸਭ ਬੁਝੀ ਹੈ ਨਾਨਕ ਤਿ੍ਪਤਿ ਅਘਾਈ-੬੭੩

ਜੇ ਤਰਿਸ਼ਨਾ ਅਤੇ ਸੰਸਾਰਿਕ ਪਦਾਰਥਾਂ ਦੀ ਭੁੱਖ ਖਤਮ ਨਹੀਂ ਹੋਈ ਤਾਂ ਕੋਈ ਜਾਪ ਨਹੀਂ ਹੋਇਆ। ਜੇ ਮਨ ਦੀ ਤਰਿਪਤੀ ਨਾ ਹੋ ਕੇ ਇਹ ਸੰਸਾਰ ਦੀਆਂ ਮੰਗਾਂ ਮੰਗਣ ਵਿੱਚ ਹੀ ਲੱਗਾ ਰਿਹਾ ਤਾਂ ਪੱਕੀ ਗੱਲ ਹੈ ਕਿ ਕੋਈ ਜਾਪ ਨਹੀਂ ਹੋਇਆ:

ਹਰਿ ਕੋ ਨਾਮੁ ਜਪੀਐ ਨੀਤ

ਕਾਮ ਕ੍ਰੋਧ ਅਹੰਕਾਰ ਬਿਨਸੈ ਲਗੈ ਏਕੈ ਪ੍ਰੀਤ-੧੩੪੧

ਜੇ ਅੰਦਰੋਂ ਕਾਮ ਕਰੋਧ ਹੰਕਾਰ ਵਰਗੇ ਵਿਕਾਰ ਖਤਮ ਨਹੀਂ ਹੋਏ ਤਾਂ ਵੀ ਸਮਝੋ ਜਾਪ ਨਹੀਂ ਹੋਇਆ। ਸਾਫ ਹੈ ਕਿ ਕਾਮ ਕਰੋਧ ਵਰਗੇ ਵਿਕਾਰਾਂ ਦਾ ਖਾਤਮਾ ਹੀ ਅਸਲ ਜਾਪ ਹੈ। ਇਹ ਸਦਾ ਯਾਦ ਰੱਖਣਾ ਹੈ ਕਿ ਮੈਲੇ ਮਨ ਨਾਲ ਧਰਮ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ। ਤਾਂ ਹੀ ਬਾਣੀ ਕਹਿੰਦੀ ਹੈ:

ਆਖਣਿ ਅਉਖਾ ਸਾਚਾ ਨਾਉ-੩੪੯

ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ-੬੩੬

ਆਖਣ ਅਤੇ ਸੁਣਨ ਨੂੰ ਔਖਾ ਕਹਿਣ ਦਾ ਭਾਵ ਹੀ ਇਹ ਹੈ ਕਿ ਜਪਣਾ ਕੋਈ ਜ਼ੁਬਾਨ ਅਤੇ ਕੰਨਾਂ ਦਾ ਕੰਮ ਨਹੀਂ। ਇਹ ਮਨ ਨੂੰ ਵਿਕਾਰਾਂ ਤੋਂ ਰਹਿਤ ਕਰਨ ਦਾ ਕੰਮ ਹੈ ਜਿਹੜਾ ਕਿ ਬਹੁਤ ਹੀ ਕਠਨ ਹੈ। ਇਸ ਮਾਮਲੇ ਤੇ ਬਾਣੀ ਬਿਲਕੁਲ ਸਾਫ ਹੈ। ਅਸੀਂ ਹੀ ਉਸ ਦੀ ਸੇਧ ਤੋਂ ਮੁਨਕਰ ਹੋਈ ਬੈਠੇ ਹਾਂ:

ਕਾਮੁ ਕ੍ਰੋਧੁ ਲੋਭੁ ਤਿਆਗੁ। ਮਨਿ ਸਿਮਰਿ ਗੋਬਿੰਦ ਨਾਮ-੪੦੮

ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ

ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ-੪੯੬

ਬਾਣੀ ਅਨੁਸਾਰ ਉਨਾਂ ਨੇ ਹੀ ਨਾਮ ਜਪਿਆ ਹੈ ਜਿਹੜੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਏ ਅਤੇ ਜਿਨਾਂ ਦੇ ਅੰਦਰੋਂ ਹੋਰ ਸਾਰੇ ਵਿਕਾਰਾਂ ਦੀਆਂ ਬਿਆਧੀਆਂ ਖਤਮ ਹੋ ਗਈਆਂ। ਮੈਲੇ ਮਨ ਨੂੰ ਨਿਰਮਲ ਕਰਨਾ ਹੀ ਨਾਮ ਸਿਮਰਨ ਹੈ ਇਸੇ ਹੀ ਕਰਕੇ ਇਸਦੇ ਆਖਣ ਅਤੇ ਸੁਣਨ ਨੂੰ ਔਖਾ ਕਿਹਾ ਹੈ:

ਪ੍ਭ ਕੈ ਸਿਮਰਨਿ ਮਨ ਕੀ ਮਲੁ ਜਾਇ-੨੬੨

ਜਿਹੜੇ ਜੀਵ ਆਖਣ ਸੁਣਨ ਦੇ ਭਾਵ ਦੀ ਡੂੰਘਾਈ ਸਮਝੇ ਬਿਨਾ ਜਪਣ ਸਿਮਰਨ ਅਤੇ ਧਿਆਉਣ ਨੂੰ ਜ਼ੁਬਾਨ ਦੀ ਕਾਰਵਾਈ ਤਕ ਹੀ ਸੀਮਤ ਕਰ ਛੱਡਦੇ ਹਨ ਉਨਾਂ ਨੂੰ ਅਗਲੀ ਤੁਕ ਦੇ ਅੱਖਰੀ ਅਰਥ ਕਰਕੇ ਸਦਾ ਲਈ ਨੀਂਦ ਦਾ ਤਿਆਗ ਕਰ ਦੇਣਾ ਚਾਹੀਦਾ ਹੈ:

ਪ੍ਭ ਕੈ ਸਿਮਰਨਿ ਅਨਦਿਨੁ ਜਾਗੈ-੨੬੨

ਜਿਸ ਤਰਾਂ ਇਸ ਤੁਕ ਦਾ ਡੂੰਘਾ ਭਾਵ ਹਰ ਵੇਲੇ ਗੁਰਬਾਣੀ ਗਿਆਨ ਦੇ ਚਾਨਣ ਵਿੱਚ ਸੁਚੇਤ ਹੋ ਕੇ ਜਿਊਣਾ ਹੈ ਉਸੇ ਹੀ ਤਰਾਂ ਕਹਿਣ ਸੁਣਨ ਧਿਆਉਣ ਅਤੇ ਸਿਮਰਨ ਕਰਨ ਦਾ ਭਾਵ ਗੁਰਬਾਣੀ ਸਿੱਖਿਆ ਨਾਲ ਦਿਲਾਂ ਨੂੰ ਜੋੜਕੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਖਤਮ ਕਰਨਾ ਹੈ। ਜ਼ੁਬਾਨ ਦੇ ਕਿਸੇ ਵੀ ਬੋਲ ਨਾਲ ਸੱਚੇ ਧਰਮ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ:

ਕਾਹੂ ਬੋਲ ਨ ਪਹੁਚਤ ਪ੍ਰਾਨੀ। ਅਗਮ ਅਗੋਚਰ ਪ੍ਭ ਨਿਰਬਾਨੀ-੨੮੭

ਇਸਤੋਂ ਸਾਫ ਬਿਆਨੀ ਕੀਤੀ ਹੀ ਨਹੀਂ ਜਾ ਸਕਦੀ। ਕਿਸੇ ਵੀ ਬੋਲ ਰਾਹੀਂ ਪ੍ਭੂ ਤਕ ਪਹੁੰਚ ਨਹੀਂ ਹੋ ਸਕਦੀ। ਫਿਰ ਅਸੀਂ ਕਿਸ ਆਧਾਰ ਤੇ ਸਿਰਫ ਬੋਲਣ ਅਤੇ ਸੁਣਨ ਨੂੰ ਸਫਲ ਧਾਰਮਿਕ ਕੰਮ ਸਮਝ ਲਿਆ? ਜਿੰਨਾ ਚਿਰ ਮਨ ਮਾਇਆ ਦੀ ਪਕੜ ਵਿੱਚ ਹੈ ਉਤਨਾ ਚਿਰ ਸਾਡਾ ਕਹਿਣਾ ਸੁਣਨਾ ਪੂਰਨ ਤੌਰ ਤੇ ਫੋਕਾ ਕੰਮ ਹੈ ਇਹ ਕਹਿਣਾ ਭਾਵੇਂ ਹਰੀ ਹਰੀ ਵੀ ਹੋਵੇ:

ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ

ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਣਿ ਪਏ ਰਵਾਣੀ-੯੨੦

ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ-੨੪

ਜੇ ਮਨ ਮਾਇਆ ਦੀ ਪਕੜ ਵਿੱਚ ਹੈ ਤਾਂ ਧਰਮ ਤੇ ਨਾਂਅ ਤੇ ਕੋਈ ਮਿੱਥਿਆ ਰੂਪ ਅਪਣਾ ਲੈਣਾ ਵੀ ਕੋਈ ਸਫਲਤਾ ਨਹੀਂ ਦੇਵੇਗਾ:

ਇਤੁ ਸੰਜਮਿ ਪ੍ਭ ਕਿਨ ਹੀ ਨ ਪਾਇਆ

ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ-੧੩੪੮

ਜੇ ਇੱਕ ਹੀ ਗ੍ੰਥ ਦੀ ਦੇਣ ਤੋਂ ਸਾਨੂੰ ਸਮਝ ਨਾ ਲੱਗੀ ਹੋਵੇ ਕਿ ਇਸਦੀ ਸਿੱਖਿਆ ਤੇ ਚੱਲਣਾ ਹੀ ਇੱਕੋ ਇੱਕ ਸਫਲ ਕੰਮ ਹੈ ਤਾਂ ਇਸਦੇ ਬਾਰੇ ਸਮਝ ਦੇਣ ਲਈ ਥਾਂ ਥਾਂ ਤੇ ਗੁਰਬਾਣੀ ਦੱਸਦੀ ਹੈ:

ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ-੫੨

ਪ੍ਭ ਬੇਅੰਤ ਗੁਰਮਤਿ ਕੋ ਪਾਵਹਿ

ਗੁਰ ਕੈ ਸਬਦਿ ਮਨ ਕਉ ਸਮਝਾਵਹਿ-੧੦੨੮

ਯਾਦ ਰੱਖਣ ਦੀ ਲੋੜ ਹੈ ਕਿ ਪ੍ਭੂ ਮਿਲਾਪ ਹੀ ਸਾਡੇ ਲਈ ਗੁਰਬਾਣੀ ਦਾ ਨੀਯਤ ਕੀਤਾ ਮੰਤਵ ਹੈ ਅਤੇ ਇਹ ਸਿੱਖਿਆ ਤੇ ਚੱਲ ਕੇ ਹੀ ਪਾ ਹੋਣਾ ਹੈ। ਹੋਰ ਹੋਰ ਕੰਮ ਕਰਦੇ ਰਹੇ ਤਾਂ ਦੁਰਮਤਿ ਵਿੱਚ ਹੀ ਫਸੇ ਰਹਾਂਗੇ। ਇਸ ਵਿੱਚ ਫਸੇ ਮਨ ਨੇ ਮੈਲਾ ਰਹਿ ਜਾਣਾ ਹੈ ਅਤੇ ਮੈਲੇ ਮਨ ਨਾਲ ਧਰਮ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ। ਦੁਰਮਤਿ ਤੋਂ ਸੁਮੱਤਿ ਦੀ ਯਾਤਰਾ ਬਾਣੀ ਦੀ ਸਿੱਖਿਆ ਰਾਹੀਂ ਹੀ ਹੋਣੀ ਹੈ। ਇਸਦਾ ਹੋਰ ਕੋਈ ਵੀ ਬਦਲ ਨਹੀਂ:

ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ-੪੨੪

ਦੁਰਮਤਿ ਦੇ ਖਾਤਮੇ ਬਿਨਾਂ ਮਨ ਪ੍ਭੂ ਭਗਤੀ ਵਿੱਚ ਨਹੀਂ ਲੱਗਣਾ ਅਤੇ ਇਸਦਾ ਖਾਤਮਾ ਕਿਸੇ ਕਰਮ ਕਾਂਡ ਨਾਲ ਨਹੀਂ ਹੋਣਾ:

ਸਾਧੋ ਕਉਨੁ ਜੁਗਤਿ ਅਬਿ ਕੀਜੈ

ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ-੯੦੨

ਜੇ ਸਿਮਰਨ ਅਤੇ ਰਾਮ ਨਾਮ ਮਨ ਲਾਉਣ ਦੇ ਨਾਲ ਵੀ ਦੁਰਮਤਿ ਦਾ ਖਾਤਮਾ ਹੀ ਹੋਣਾ ਹੈ ਤਾਂ ਇਸਦਾ ਭਾਵ ਗੁਰੂ ਦੀ ਮਤਿ ਤੇ ਚੱਲਣਾ ਹੀ ਹੋ ਸਕਦਾ ਹੈ ਅਤੇ ਇਹ ਹੀ ਕੰਮ ਅੱਠੇ ਪਹਿਰ ਹੋ ਸਕਦਾ ਹੈ:

ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ-੯੦੧

ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ-੪੪੩

ਅਗਿਆਨਤਾ ਦੇ ਹਨੇਰੇ ਵਿੱਚ ਰਹਿ ਕੇ ਕੋਈ ਵੀ ਜੀਵ ਸਹੀ ਕੰਮ ਨਹੀਂ ਕਰ ਸਕਦਾ। ਦੁਰਮਤਿ ਦੀ ਨੀਂਦ ਵਿੱਚ ਸੁੱਤਾ ਤਾਂ ਗਲਤ ਕੰਮ ਹੀ ਕਰੇਗਾ। ਤਾਂ ਹੀ ਕਿਹਾ ਹੈ:

ਗੁਰ ਪੂਰੈ ਕੀ ਚਰਨੀ ਲਾਗੁ। ਜਨਮ ਜਨਮ ਕਾ ਸੋਇਆ ਜਾਗੁ-੮੯੧

ਗੁਰਬਾਣੀ ਦੇ ਦੱਸੇ ਰਾਹ ਤੇ ਜਿਹੜਾ ਵੀ ਜੀਵ ਚੱਲੇਗਾ ਉਸਦੇ ਸੱਚਾ ਧਰਮੀ ਬਣਨ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ। ਇਸਦੀ ਸਿੱਖਿਆ ਤੇ ਚੱਲਣ ਨਾਲ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਅਤੇ ਦੁੱਖਾਂ ਤੋਂ ਮੁਕਤੀ ਹੋ ਜਾਂਦੀ ਹੈ।

ਗੁਰ ਬਚਨਿ ਮਾਰਗਿ ਜੋ ਪੰਥਿ ਚਾਲੈ

ਤਿਨ ਜਮੁ ਜਾਗਾਤੀ ਨੇੜਿ ਨ ਆਇਆ-੧੧੧੬

ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ-੬੪੦

ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ-੧੧੨੧

ਗੁਰਬਾਣੀ ਦੀ ਸਿੱਖਿਆ ਤੇ ਚੱਲਣ ਨਾਲ ਹੀ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਇੱਕ ਹੀ ਗ੍ੰਥ ਦੇਣ ਦਾ ਇਹ ਹੀ ਭਾਵ ਹੈ ਕਿ ਸਹੀ ਕੰਮ ਸਿਰਫ ਇਸ ਦੀ ਸਿੱਖਿਆ ਤੇ ਚੱਲ ਕੇ ਹੀ ਹੋਣਾ ਹੈ। ਸਿਰਫ ਇਹ ਕੰਮ ਕੀਤੇ ਬਿਨਾਂ ਕਦੇ ਵੀ ਸਹੀ ਰਾਹ ਤੇ ਨਹੀਂ ਆ ਸਕਦੇ। ਇਸਦੀ ਸਿੱਖਿਆ ਤੇ ਚਲੇ ਬਿਨਾਂ ਭਟਕਣਾ ਦਾ ਦੁੱਖ ਹੀ ਹਿੱਸੇ ਆਏਗਾ। ਜਦੋਂ ਰਾਹ ਹੀ ਗਲਤ ਹੋਏਗਾ ਤਾਂ ਮੰਜ਼ਿਲ ਕਿਵੇਂ ਮਿਲ ਸਕਦੀ ਹੈ:

ਸਤਿਗੁਰੁ ਸੁਖ ਸਾਗਰ ਜਗ ਅੰਤਰਿ ਹੋਰਥੈ ਸੁਖੁ ਨਾਹੀ-੬੦੩

ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ-੬੦੩

ਗੁਰਬਾਣੀ ਤਾਂ ਇੱਥੋਂ ਤੱਕ ਚਿਤਾਵਨੀ ਦੇ ਰਹੀ ਹੈ ਕਿ ਗੁਰਬਾਣੀ ਸਿੱਖਿਆ ਤੇ ਚੱਲਣ ਦੀ ਕਮਾਈ ਕੀਤੇ ਬਿਨਾਂ ਜਨਮ ਫਜ਼ੂਲ ਵਿੱਚ ਹੀ ਗੁਜ਼ਰ ਜਾਏਗਾ:

ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ

ਨਾਹਿ ਤ ਜਾਇਗਾ ਜਨਮੁ ਗਵਾਇ-੬੦੩

ਸੱਚੇ ਧਰਮੀ ਬਣਨ ਦਾ ਮਾਮਲਾ ਪੂਰੀ ਤਰਾਂ ਸਾਫ ਹੈ। ਗੁਰੂ ਦੀ ਸਿੱਖਿਆ ਤੇ ਚੱਲਕੇ ਮਨ ਨੂੰ ਵਿਕਾਰਾਂ ਤੋਂ ਮੁਕਤ ਕੀਤੇ ਬਿਨਾਂ ਇਹ ਸੰਭਵ ਹੀ ਨਹੀਂ। ਸਿੱਖਿਆ ਤੇ ਚੱਲਣ ਤੋਂ ਬਿਨਾਂ ਹੋਰ ਇਧਰ ਉਧਰ ਦੇ ਕੰਮਾਂ ਦਾ ਸੱਚੇ ਧਰਮੀ ਬਣਨ ਨਾਲ ਕੋਈ ਵੀ ਨਾਤਾ ਨਹੀਂ। ਉਨਾਂ ਵਿੱਚ ਲੱਗੇ ਰਹਿਣਾ ਹੀ ਇਹ ਦੱਸਦਾ ਹੈ ਕਿ ਗੁਰਬਾਣੀ ਦੇ ਦੱਸੇ ਰਾਹ ਤੋਂ ਅਸੀਂ ਦੂਰ ਜਾ ਰਹੇ ਹਾਂ।

ਸਿਰਲੇਖ ਵਾਲੀ ਗੁਰਬਾਣੀ ਤੁਕ ਇਹ ਸਾਫ ਹੋਕਾ ਦੇ ਰਹੀ ਹੈ ਕਿ ਗੁਰੂ ਦੀ ਸਿੱਖਿਆ ਨਾਲ ਦਿਲਾਂ ਦੀ ਸਾਂਝ ਪਾਉਣ ਤੋਂ ਬਿਨਾਂ ਬਾਕੀ ਸਾਰੇ ਹੀ ਇੱਧਰ ਉੱਧਰ ਦੇ ਹੀ ਕੰਮ ਹਨ। ਸਿੱਖਿਆ ਨੂੰ ਬੁੱਝ ਕੇ ਉਸਤੇ ਚੱਲਣਾ ਹੀ ਸਫਲਤਾ ਦਾ ਇੱਕੋ ਇੱਕ ਰਾਹ ਹੈ।

ਨਿਮਰਤਾ ਸਹਿਤ-ਮਨੋਹਰ ਸਿੰਘ ਪੁਰੇਵਾਲ




.