.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਤਿਗੁਰ ਕਾ ਖਿਵੈ ਚੰਦੋਆ

ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਬਹੁਤ ਸਿੱਧਾ ਤੇ ਸਰਲ ਸੀ। ਹਰ ਮਨੁੱਖ ਦੀ ਸਮਝ ਵਿੱਚ ਆਉਣ ਵਾਲਾ ਸੀ। ਕਿਰਤ ਕਰਨੀ ਤੇ ਸਮਾਜ ਵਿੱਚ ਆਪਣੇ ਤੋਂ ਥੱਲੇ ਰਹਿ ਰਹੀ ਮਨੱਖਤਾ ਲਈ ਆਪਣੀ ਕਿਰਤ ਵਿਚੋਂ ਕੁੱਝ ਸਾਰਥਕ ਉਪਰਾਲੇ ਕਰਨੇ, ਜਿਸ ਨੂੰ ਵੰਡ ਕੇ ਛੱਕਣਾ ਆਖਿਆ ਸੀ। ਜਿਹੜਾ ਇਹ ਦੋਵੇਂ ਪ੍ਰਕਿਰਿਆਵਾਂ ਨਿਬਾਹ ਰਿਹਾ ਸੀ ਉਹ ਹੀ ਅਸਲ ਵਿੱਚ ਰੱਬ ਜੀ ਦਾ ਨਾਮ ਜੱਪ ਰਿਹਾ ਸੀ। ਦੂਜੇ ਪਾਸੇ ਹਰ ਮਤ (ਧਰਮ) ਦੇ ਪੁਜਾਰੀ ਵਲੋਂ ਅਜੇਹੀਆਂ ਬੇਲੋੜੀਆਂ ਤੇ ਬੇਥਵੀਆਂ ਰਸਮਾਂ ਦੱਸੀਆਂ ਜਾ ਰਹੀਆਂ ਸਨ ਜਿਹੜੀਆਂ ਆਮ ਕਿਰਤੀ ਔਖਾ ਹੋ ਕੇ ਨਿਬਾਹ ਰਿਹਾ ਸੀ। ਸਿੱਧਾ ਸਾਧਾ ਉੱਤਰ ਹੈ ਕਿ ਭਾਰਤੀ ਜਨਤਾ ਧਾਰਮਕ ਰਸਮਾਂ ਨਿਬਾਹ ਨਿਬਾਹ ਕੇ ਪੁਜਾਰੀ ਹੱਥੋਂ ਤੰਗ ਆਈ ਹੋਈ ਸੀ। ਰਾਜਨਤਕ ਨੇਤਾਵਾਂ ਵਿੱਚ ਬਦ ਇਖ਼ਲਾਕ ਪੂਰੀ ਤਰ੍ਹਾਂ ਭਾਰੂ ਸੀ। ਇੰਜ ਕਿਹਾ ਜਾਏ ਕਿ ਇਖ਼ਲਾਕ ਨਾਂ ਦੀ ਕੋਈ ਚੀਜ਼ ਨਹੀਂ ਸੀ। ਸਦਾਚਾਰਕ ਕਦਰਾਂ ਕੀਮਤਾਂ ਜੀਵਨ ਵਿਚੋਂ ਉੱਡ ਚੁੱਕੀਆਂ ਸਨ। ਹਰ ਪਾਸੇ ਕੂੜ ਦਾ ਬੋਲ ਬਾਲਾ ਸੀ—ਗੁਰਬਾਣੀ ਵਾਕ ਹੈ--- 

ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ।।

ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ।।

ਹਉ ਭਾਲਿ ਵਿਕੁੰਨੀ ਹੋਈ।। ਆਧੇਰੈ ਰਾਹੁ ਨ ਕੋਈ।।

ਵਿਚਿ ਹਉਮੈ ਕਰਿ ਦੁਖੁ ਰੋਈ।।

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ।। ੧।।

ਸਲੋਕ ਮ: ੧ ਪੰਨਾ ੧੪੫

ਅੱਖਰੀਂ ਅਰਥ -—ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ।

(ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? । ੧।

ਜਿਸ ਤਰ੍ਹਾਂ ਮੱਘ ਰਹੀ ਅੱਗ ਤੇ ਪਾਣੀ ਪੈ ਜਾਏ ਤਾਂ ਅੱਗ ਬੁੱਝਣ ਵਲ ਵਧਣਾ ਸ਼ੁਰੂ ਹੋ ਜਾਂਦੀ ਹੈ ਕੁੱਝ ਏਸੇ ਤਰ੍ਹਾਂ ਹੀ ਆਮ ਲੋਕ ਜ਼ੁਲਮ ਦੀ ਭੱਠੀ ਵਿੱਚ ਪਿੱਸ ਰਹੇ ਸਨ। ਸਮਾਜ ਵਿੱਚ ਆਪਾ ਧਾਪੀ ਪਈ ਹੋਈ ਸੀ। ਧਾਰਮਕ ਪੁਜਾਰੀ ਤੇ ਰਾਜਨੀਤਕ ਨੇਤਾਵਾਂ ਦੇ ਅਤਿਆਚਾਰਾਂ ਦਾ ਆਮ ਲੋਕ ਸ਼ਿਕਾਰ ਹੋ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਨੂੰ ਧਿਆਨ ਨਾਲ ਦੇਖਦਿਆਂ ਤੇ ਦੁਖੀਆਂ ਦੀ ਬਾਂਹ ਫੜਦਿਆਂ ਹੋਇਆ ਸਰਬ ਸਾਂਝੀ ਨਿਵੇਕਲੀ ਵਿਚਾਰ ਦਿੱਤੀ ਜਿਹੜੀ ਹਰ ਮਨੁੱਖ ਦੀ ਸਮਝ ਵਿੱਚ ਆ ਰਹੀ ਸੀ। ਇਹ ਵਿਚਾਰਧਾਰਾ ਹਰ ਪ੍ਰਕਾਰ ਦੀ ਗੁਲਾਮੀ ਦਾ ਖਹਿੜਾ ਛਡਾਉਂਦੀ ਸੀ। ਹਰ ਮਨੁੱਖ ਨੂੰ ਖ਼ੁਦ ਮੁਖਤਿਆਰ ਬਣਾਉਂਦੀ ਸੀ। ਧੱਕੇਸ਼ਾਹੀ, ਜ਼ੋਰ-ਜ਼ੁਲਮ ਤੇ ਆਪਸੀ ਈਰਖਾ ਦੀ ਬਲ਼ ਰਹੀ ਅੱਗ ਨੂੰ ਗਿਆਨ ਦੀ ਅੱਗ ਨਾਲ ਠੰਡਿਆਂ ਕਰਨ ਦਾ ਬਹੁਤ ਵੱਡਾ ਉਪਰਾਲਾ ਕੀਤਾ।

ਗੁਰੂ ਨਾਨਕ ਸਾਹਿਬ ਜੀ ਦੀਆਂ ਸਰਲ ਸਿੱਖਿਆਂਵਾਂ ਨੂੰ ਬਹੁਤ ਥੋੜੇ ਸਮੇਂ ਵਿੱਚ ਲੋਕਾਂ ਨੇ ਸਮਝ ਲਿਆ। ਆਤਮਕ ਤੌਰ `ਤੇ ਲੋਕ ਸੁੱਖ ਦਾ ਸਾਹ ਲੈਣ ਲੱਗ ਪਏ ਸਨ। ਹਿੰਦੂ ਤੇ ਮੁਸਲਮਾਨ ਬਹੁਤ ਸਾਰੇ ਲੋਕ ਸਿੱਖੀ ਨੂੰ ਅਪਨਾਏ ਗਏ। ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਜਾਤਾਂ ਦੇ ਵਿਹਾਰ ਤੋਂ ਊਪਰ ਉੱਠ ਕੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ। ਜਹਾਂਗੀਰ, ਉਸਦੇ ਤੁਅੱਸਬੀ ਅਹਿਲਕਾਰ, ਕਾਜ਼ੀ ਮੁਲਾਣੇ, ਮੁੱਲਾਂ, ਨਕਸ਼ਬੰਦੀ ਫਿਰਕੇ ਦੇ ਆਗੂ ਸ਼ੇਖ ਅਹਿਮਦ ਸ਼ਾਹ ਸਰਹੰਦੀ ਜਿਹੜਾ ਸਭ ਤੋਂ ਵੱਧ ਫਿਰਕਾ ਪਰਸਤੀ ਦੀ ਅੱਗ ਵਿੱਚ ਝੁਲਸ ਰਿਹਾ ਸੀ ਇਹ ਸਭ ਮਹਿਸੂਸ ਕਰਦੇ ਸਨ ਕਿ ਜੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਰੋਕਿਆ ਨਾ ਗਿਆ ਤਾਂ ਲੋਕ ਇਸਲਾਮ ਤੋਂ ਛੇਤੀ ਬਾਗੀ ਹੋ ਜਾਣਗੇ। ਇਸਲਾਮੀਆਂ ਹਕੂਮਤ ਲਈ ਖਤਰਾ ਦੱਸ ਕੇ ਧਾਰਮਕ ਬਿਰਤੀ ਵਾਲੇ ਲੋਕਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੂਰੂ ਕੀਤੇ। ਇਸ ਕੰਮ ਲਈ ਹਿੰਦੂ ਪੁਜਾਰੀ ਵੀ ਪਿੱਛੇ ਨਹੀਂ ਰਹੇ ਸਨ। ਬਿਪਰਵਾਦੀ ਲੋਕ ਕਹਿ ਰਹੇ ਸਨ ਕਿ ਸਦੀਆਂ ਦੀ ਚੱਲੀ ਆ ਰਹੀ ਮਰਯਾਦਾ ਨੂੰ ਗੁਰੂ ਨਾਨਕ ਸਾਹਿਬ ਨੇ ਰਦ ਕਰ ਦਿੱਤਾ ਹੈ। ਦੇਖੋ ਜੀ ਜਨੇਊ ਪਉਣ ਤੋਂ ਨਾਂਹ ਕਰ ਦਿੱਤੀ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਤਾਂ ਪਹਿਲੇ ਚਾਰ ਗੁਰੂਆਂ ਦੇ ਪੱਕੇ ਸਿਧਾਂਤ ਨੂੰ ਲੈ ਕੇ ਚੱਲੇ ਸਨ। ਇੰਜ ਕਿਹਾ ਜਾ ਸਕਦਾ ਹੈ ਕਿ ਜਿਹੜੇ ਪੂਰਨੇ ਪਹਿਲੇ ਚਾਰ ਗੁਰੂ ਸਾਹਿਬਾਨ ਜੀ ਨੇ ਪਾਏ ਸਨ ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਪੂਰਨਿਆਂ `ਤੇ ਚੱਲ ਕੇ ਰੱਬੀ ਗੁਣਾਂ ਨੂੰ ਚਾਰ ਚੰਨ ਲਾ ਰਹੇ ਸਨ। ਇਸ ਵਿਚਾਰ ਨੂੰ ਸਮਝਣ ਲਈ ਭਾਈ ਸੱਤਾ ਜੀ ਦੀ ਵਾਰ ਦੀ ਅਖੀਰਲੀ ਪਉੜੀ ਨੂੰ ਵਿਚਾਰਨ ਦਾ ਯਤਨ ਕੀਤਾ ਜਾਏਗਾ---

ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।।

ਆਪੀਨੈੑ ਆਪੁ ਸਾਜਿਓਨੁ, ਆਪੇ ਹੀ ਥੰਮਿੑ ਖਲੋਆ।।

ਆਪੇ ਪਟੀ ਕਲਮ ਆਪਿ, ਆਪਿ ਲਿਖਣਹਾਰਾ ਹੋਆ।।

ਸਭ ਉਮਤਿ ਆਵਣ ਜਾਵਣੀ, ਆਪੇ ਹੀ ਨਵਾ ਨਿਰੋਆ।।

ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ।।

ਉਗਵਣਹੁ ਤੈ ਆਥਵਣਹੁ, ਚਹੁ ਚਕੀ ਕੀਅਨੁ ਲੋਆ।।

ਜਿਨੀੑ ਗੁਰੂ ਨ ਸੇਵਿਓ, ਮਨਮੁਖਾ ਪਇਆ ਮ+ਆ।।

ਦੂਣੀ ਚਉਣੀ ਕਰਾਮਾਤਿ, ਸਚੇ ਕਾ ਸਚਾ ਢੋਆ।।

ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।। ੮।। ੧

ਅੱਖਰੀਂ ਅਰਥ -—ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ। ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। (ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿੱਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿੱਚ ਹੀ ਹੈ ਤੇ ਨਿਰਲੇਪ ਭੀ ਹੈ)।

(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)। ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿੱਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)। ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ। ਚਾਰੇ ਗੁਰੂ ਆਪੋ ਆਪਣੇ ਸਮੇ ਵਿੱਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ। ੮।

ਵਿਚਾਰ ਚਰਚਾ—ਸਿੱਖ ਸਿਧਾਂਤ ਇਸ ਗੱਲ `ਤੇ ਜ਼ੋਰ ਦੇਂਦਾ ਹੈ ਕਿ ਮਨੁੱਖ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਖ਼ੁਦ ਰੱਬ ਜੀ ਦਾ ਰੂਪ ਬਣਨਾ ਹੈ। ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਵੀ ਏਹੀ ਗੱਲ ਪ੍ਰਗਟ ਹੁੰਦੀ ਹੈ। ਸਿੱਖ ਧਰਮ ਦਾ ਇਹ ਮੱਤ ਬੜੀ ਨਿੱਠਤਾ ਨਾਲ ਮੰਨਿਆ ਜਾਂਦਾ ਹੈ ਕਿ ਰੱਬ ਜੀ ਮਨੁੱਖਾਂ ਵਾਂਗ ਪ੍ਰਗਟ ਨਹੀਂ ਹੁੰਦੇ। ਦੂਜੇ ਪਾਸੇ ਗੁਰਬਾਣੀ ਵਿਚੋਂ ਇਹ ਵਿਚਾਰ ਵੀ ਨਿਕਲਦਾ ਹੈ ਕਿ ਗੁਰੂ ਸਾਹਿਬਾਨ ਜੀ ਖੁਦ ਰੱਬੀ ਅਵਤਾਰ ਸਨ। ਇਸ ਵਿਚਾਰ ਨੂੰ ਸਮਝਣ ਲਈ ਗੁਰਬਾਣੀ ਦਾ ਇੱਕ ਵਿਚਾਰ ਧਿਆਨ ਵਿੱਚ ਲਿਆਂਗੇ। ਉਂਜ ਇਹਨਾਂ ਵਿਚਾਰਾਂ ਦੀ ਕਈ ਵਾਰ ਵਿਚਾਰ ਅਸੀਂ ਕਰ ਚੁੱਕੇ ਹਾਂ। ਇਸ ਗੱਲ ਨੂੰ ਬੜਾ ਸੌਖਾ ਸਮਝਿਆ ਜਾ ਸਕਦਾ ਹੈ ਕਿ ਜਿਹੜੇ ਗੁਣ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਜੀ ਦੇ ਦੱਸੇ ਹਨ ਉਹ ਸਾਰੇ ਗੁਣ ਗੁਰੂ ਸਾਹਿਬ ਜੀ ਦੇ ਸੁਭਾਅ ਤਥਾ ਜੀਵਨ ਵਿਚੋਂ ਦੇਖੇ ਜਾ ਸਕਦੇ ਹਨ ਇਸ ਲਈ ਕਿਹਾ ਜਾ ਸਕਦਾ ਹੈ ਕਿ ਹੇ! ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਰੱਬ ਜੀ ਦਾ ਅਵਤਾਰ ਹੋ। ਭੱਟ ਮੱਥਰਾ ਜੀ ਦਾ ਇੱਕ ਵਾਕ ਧਿਆਨ ਵਿੱਚ ਲਿਆਉਣ ਦਾ ਯਤਨ ਕਰਾਂਗੇ—

ਸਤਿ ਰੂਪੁ ਸਤਿ ਨਾਮੁ, ਸਤੁ ਸੰਤੋਖੁ ਧਰਿਓ ਉਰਿ।।

ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ, ਮਸਤਕਿ ਧੁਰਿ।।

ਪ੍ਰਗਟ ਜੋਤਿ ਜਗਮਗੈ, ਤੇਜੁ ਭੂਅ ਮੰਡਲਿ ਛਾਯਉ।।

ਪਾਰਸੁ ਪਰਸਿ ਪਰਸੁ ਪਰਸਿ, ਗੁਰਿ ਗੁਰੂ ਕਹਾਯਉ।।

ਭਨਿ ਮਥੁਰਾ, ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ।।

ਕਲਜੁਗਿ ਜਹਾਜੁ, ਅਰਜੁਨੁ ਗੁਰੂ, ਸਗਲ ਸ੍ਰਿਸ੍ਟਿ ਲਗਿ ਬਿਤਰਹੁ।। ੨।।

(ਪੰਨਾ ੧੪੦੮)

ਅੱਖਰੀਂ ਅਰਥ: — (ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿੱਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ। ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।

(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ। ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ।

ਹੇ ਮਥੁਰਾ! ਆਖ— (ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿੱਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ। ਗੁਰੂ ਅਰਜੁਨ ਕਲਜੁਗ ਵਿੱਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ।

ਗੁਰੂ ਅਰਜਨ ਪਾਤਸ਼ਾਹ ਜੀ ਨੂੰ ਵਿਰਸੇ ਵਿਚੋਂ ਚਾਰ ਗੁਰੂ ਸਹਿਬਾਨ ਦਾ ਤਜੁਰਬਾ ਗੁਰੂ ਪਿਤਾ ਤੇ ਗੁਰੂ ਨਾਨਾ ਜੀ ਦੀ ਗੋਦ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਚਾਰ ਗੁਰੂ ਸਾਹਿਬਾਨ ਦੀਆਂ ਸਾਰੀਆਂ ਖੂਬੀਆਂ ਬਾਲਕ ਅਰਜਨ ਵਿਚੋਂ ਪ੍ਰਤੱਖ ਨਜ਼ਰ ਆ ਰਹੀਆਂ ਹਨ। ਇੱਕ ਕਥਨ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲੇ ਗੁਰੂ ਸਾਹਿਬਾਨ, ਸਾਰੇ ਭਗਤਾਂ ਦੀ ਬਾਣੀ ਦੇ ਨਾਲ ਹੋਰ ਬਹੁਤ ਸਾਰੀ ਵਿਦਿਆ ਹਾਸਲ ਕਰ ਲਈ ਸੀ। ਸੇਵਾ, ਇੰਤਜ਼ਾਮ ਤੇ ਸੂਝ-ਸਿਆਣਪ ਵਾਲੇ ਸਾਰੇ ਗੁਣਾਂ ਨੂੰ ਬਹੁਤ ਛੇਤੀ ਸਮਝ ਲਿਆ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੂੰ ਮੁੱਲਾ ਮੁਲਾਣਿਆਂ, ਬਿੱਪਰਵਾਦੀ ਤਾਕਤਾਂ ਨਾਲ ਲੋਹਾਂ ਲੈਣਾ ਪਿਆ ਓੱਥੇ ਵੱਡੇ ਭਰਾ ਪ੍ਰਿਥੀਚੰਦ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ ਹੈ। ਬਹੁਤ ਸਾਰੀਆਂ ਸਮੱਸਿਆਵਾਂ ਨਾਲ ਚੱਲ ਰਹੀਆਂ ਸਨ। ਸਰਕਾਰੀ ਵਿਰੋਧਤਾ ਇਨ੍ਹਾਂ ਦੋਹਾਂ ਪੱਖਾਂ ਵਿਚੋਂ ਨਿਕਲੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਵੱਡੇ ਵੱਡੇ ਇਕੱਠਾਂ ਵਿੱਚ ਜਾ ਕੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਆਪਣੇ ਹੱਕਾਂ ਦੀ ਜਾਗਰਤੀ ਸਬੰਧੀ ਜਾਗਰੁਕ ਕੀਤਾ। ਅੱਜ ਅਸੀਂ ਵਿਕਸਤ ਮੁਲਕਾਂ ਵਿੱਚ ਇਸ ਲਈ ਜਾਂਦੇ ਹਾਂ ਕਿਉਂਕਿ ਓੱਥੇ ਨਿਯਮ-ਕਾਨੂੰਨ ਦੀ ਪਾਲਣਾ ਹੋ ਰਹੀ ਹੈ। ਹਰ ਮਨੁੱਖ ਨੂੰ ਆਪਣੀ ਯੋਗਤਾ ਅਨੁਸਾਰ ਬਰਾਬਰ ਦੀ ਤਰੱਕੀ ਕਰਨ ਦਾ ਮੌਕਾ ਮਿਲਦਾ ਹੈ। ਇਹ ਸਾਰੀ ਨਿਯਮਾਵਲੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਹੀ ਸਮਝਾ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਦੱਸੀ ਮਰਯਾਦਾ ਨੂੰ ਯਾਦ ਕਰਦੇ ਹਾਂ ਤੇ ਪੂਜਾ ਵੀ ਜ਼ਰੂਰ ਕਰਦੇ ਹਾਂ ਪਰ ਮੰਨਣ ਲਈ ਤਿਆਰ ਨਹੀਂ ਹਾਂ। ਅੱਜ ਦੇ ਯੁੱਗ ਵਿੱਚ ਅਸੀਂ ਕੇਵਲ ਧਾਰਮਕ ਰਸਮਾਂ ਹੀ ਨਿਭਾਅ ਰਹੇ ਹਾਂ ਗੁਰੂ ਜੀ ਦੇ ਬਖਸ਼ੇ ਸਿਧਾਂਤ ਬਹੁਤ ਦੂਰ ਚਲੇ ਗਏ ਹਾਂ।

ਖਡੂਰ ਸਾਹਿਬ ਵਿਖੇ ਸਰੀਰਾਂ ਦੀ ਤੰਦਰੁਸਤੀ ਤੇ ਵਿਦਿਆ ਦੇ ਪਾਸਾਰ ਲਈ ਵੱਡੀ ਪੱਧਰ `ਤੇ ਕੰਮ ਕੀਤਾ। ਲਾਹੌਰ ਵਿਖੇ ਭਾਈ ਜੇਠਾ ਜੀ ਦੀਆਂ ਦਲੀਲਾਂ ਤੋਂ ਅਕਬਰ ਏਨ੍ਹਾ ਪ੍ਰਭਾਵਤ ਹੋਇਆ ਸੀ ਕਿ ਉਹ ਸ਼ਹਿਰ ਦੀ ਅਦਰਸ਼ਕ ਮਰਯਾਦਾ ਨੂੰ ਦੇਖਣ ਲਈ ਆਪ ਗੋਇੰਦਵਾਲ ਆਉਂਦਾ ਹੈ।

ਕਿਰਤੀਆਂ ਦੀ ਕਿਰਤ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਸਨ। ਅੰਮ੍ਰਿਤਸਰ ਸ਼ਹਿਰ ਵਿਖੇ ਬਵੰਜ੍ਹਾ ਕਿਸਮ ਦੇ ਕਿਰਤੀਆਂ ਨੂੰ ਲਿਆ ਕੇ ਵਸਾਇਆ। ਉਹਨਾਂ ਦੀ ਕਿਰਤ ਨੂੰ ਅੰਤਰਰਾਸ਼ਟਰੀ ਪੱਧਰ ਤਕ ਪਹੁੰਚਾਇਆ। ਗੁਰੂ ਰਾਮਦਾਸ ਜੀ ਨੇ ਇਹ ਦੇਖ ਲਿਆ ਸੀ ਕਿ ਜੇ ਕਿਸੇ ਕੌਮ ਨੇ ਤਰੱਕੀ ਦੀਆਂ ਪੰਲਾਘਾਂ ਪੁੱਟਣੀਆਂ ਹਨ ਤਾਂ ਉਸ ਕੌਮ ਨੂੰ ਵਪਾਰ ਦੇ ਖੇਤਰ ਵਲ ਉਚੇਚਾ ਧਿਆਨ ਦੇਣ ਦੀ ਲੋੜ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਏਸੇ ਵਿਚਾਰ ਨੂੰ ਅੱਗੇ ਤੋਰਦਿਆਂ ਜਿੱਥੇ ਕਿਰਸਾਨੀ ਦੀ ਸੰਭਾਲ਼ ਲਈ ਖੂਹਾਂ ਦਾ ਨਿਰਮਾਣ ਕਰਾਇਆ ਨਵੇਂ ਸ਼ਹਿਰ ਵਸਾਉਣ ਵੱਲ ਤਵੱਜੋਂ ਦਿੱਤੀ ਓੱਥੇ ਦੁਨੀਆਂ ਅੰਦਰ ਉਹ ਕ੍ਰਾਤੀ ਲਿਆਂਦੀ ਜਿਹੜੀ ਹੁਣ ਤੱਕ ਕਿਸੇ ਵੀ ਧਾਰਮਕ ਗ੍ਰੰਥ ਵਿਚੋਂ ਨਹੀਂ ਮਿਲਦੀ। ਸੂਰਜ ਦੀ ਧੁੱਪ, ਕੁਦਰਤੀ ਹਵਾ ਵਾਂਗ ਸਰਬ ਸਾਂਝਾ ਗ੍ਰੰਥ ਤਿਆਰ ਕਰਾਇਆ ਹੈ। ਜਿਸ ਵਿੱਚ ਬਿਪਰਵਾਦ ਵਲੋਂ ਸ਼ੂਦਰ ਕਹਿ ਕਿ ਨਿਕਾਰਿਆ ਤੇ ਲਿਤਾੜਿਆ ਗਿਆ ਹੋਵੇ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਦੇ ਰੱਬੀ ਕਲਾਮ ਨੂੰ ਆਪਣੇ ਬਰਾਬਰ ਬੈਠਾ ਕੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।

ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।।

ਆਪੀਨੈੑ ਆਪੁ ਸਾਜਿਓਨੁ, ਆਪੇ ਹੀ ਥੰਮਿੑ ਖਲੋਆ।।

ਆਪੇ ਪਟੀ ਕਲਮ ਆਪਿ, ਆਪਿ ਲਿਖਣਹਾਰਾ ਹੋਆ।।

ਸਭ ਉਮਤਿ ਆਵਣ ਜਾਵਣੀ, ਆਪੇ ਹੀ ਨਵਾ ਨਿਰੋਆ।।

ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਚੋਂਹ ਗੁਰੂਆਂ ਵਿੱਚ ਆਪ ਅਕਾਲ ਪੁਰਖ ਪ੍ਰਗਟ ਹੋਇਆ ਹੈ। ਭਾਵ ਅਕਾਲ ਪੁਰਖ ਵਾਲੇ ਸਾਰੇ ਗੁਣ ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਦਿਸਦੇ ਸਨ। ਰੱਬ ਤੇ ਮਨੁੱਖ ਦੇ ਦਰਮਿਆਨ ਕੇਵਲ ਕੂੜ ਦੀ ਹੀ ਦੀਵਾਰ ਹੈ। ਜੇ ਕੂੜ ਦੀ ਦੀਵਾਰ ਨੂੰ ਤੋੜ ਲਏ ਤਾਂ ਇਹ ਮਨੁੱਖ ਵੀ ਰੱਬ ਦਾ ਰੂਪ ਬਣ ਸਕਦਾ ਹੈ। ਮਨੁੱਖ ਦੀ ਇੱਕ ਮਾਨਸਕ ਕੰਮਜ਼ੋਰੀ ਹੈ ਕਿ ਸੱਚੇ ਜੀਵਨ ਨੂੰ ਅਪਨਾਉਣ ਦੀ ਥਾਂ `ਤੇ ਧਾਰਮਕ ਰਸਮਾਂ ਨਿਬਾਹ ਕੇ ਧਰਮੀ ਅਖਵਾਉਣਾ ਜ਼ਿਆਦਾ ਪਸੰਦ ਕਰਦਾ ਹੈ। ਧਰਮ ਦੇ ਨਾਂ `ਤੇ ਕਰਮ ਕਾਂਡ ਕਰਕੇ ਹੋਰ ਹੰਕਾਰ ਇਕੱਠਾ ਕਰ ਲੈਂਦਾ ਹੈ ਕਿ ਮੈਂ ਬਹੁਤ ਵੱਡਾ ਧਰਮੀ ਹਾਂ। ਸਬਰ ਸੰਤੋਖ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਕਮਾਈ ਕਰਨੀ ਛੱਡ ਦਈਏ। ਇਸ ਦਾ ਅਰਥ ਹੈ ਜੋ ਕੁੱਝ ਹੈ ਉਸ ਨਾਲੋਂ ਵੱਧ ਪ੍ਰਸੰਨ ਨਜ਼ਰ ਆਈਏ। ਇਹ ਤਦ ਹੀ ਹੋ ਸਕਦਾ ਹੈ ਜਦੋਂ ਅਸੀਂ ਅਸਲੀ ਧਰਮੀ ਬਣ ਜਾਂਵਾਂਗੇ।

ਸਾਰੀ ਦੁਨੀਆਂ ਦੇ ਮਤ ਵੱਖੋ ਵੱਖਰੇ ਹਨ ਪਰ ਧਰਮ ਸਾਰੀ ਦੁਨੀਆਂ ਦਾ ਸੱਚ ਇੱਕ ਹੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਫਰਮਾਣ ਹੈ---

ਸਰਬ ਧਰਮ ਮਹਿ ਸ੍ਰੇਸਟ ਧਰਮੁ।।

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।

ਸਗਲ ਕ੍ਰਿਆ ਮਹਿ ਊਤਮ ਕਿਰਿਆ।। ਸਾਧ ਸੰਗਿ ਦੁਰਮਤਿ ਮਲੁ ਹਿਰਿਆ।।

ਸਗਲ ਉਦਮ ਮਹਿ ਉਦਮੁ ਭਲਾ।। ਹਰਿ ਕਾ ਨਾਮੁ ਜਪਹੁ ਜੀਅ ਸਦਾ।।

ਸਗਲ ਬਾਨੀ ਮਹਿ ਅੰਮ੍ਰਿਤ ਬਾਨੀ।। ਹਰਿ ਕੋ ਜਸੁ ਸੁਨਿ ਰਸਨ ਬਖਾਨੀ।।

ਸਗਲ ਥਾਨ ਤੇ ਓਹੁ ਊਤਮ ਥਾਨੁ।। ਨਾਨਕ ਜਿਹ ਘਟਿ ਵਸੈ ਹਰਿ ਨਾਮੁ।। ੮।।

ਪੰਨਾ ੨੬੬

ਅੱਖਰੀਂ ਅਰਥ -— (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) —ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ। ਸਤਸੰਗ ਵਿੱਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ—ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ। ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ—ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ। ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ— (ਪ੍ਰਭੂ ਦੇ ਜਸ ਦੀ ਇਹ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ। ਹੇ ਨਾਨਕ! ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ।

ਸੱਤਾ ਜੀ ਇਸ ਗੱਲ ਵਲ ਧਿਆਨ ਦਿਵਾ ਰਹੇ ਹਨ ਸਾਰੀ ਦੁਨੀਆਂ ਜਨਮ ਮਰਣ ਦੇ ਗੇੜ ਵਿੱਚ ਪਈ ਹੋਈ ਹੈ। ਇਸ ਜਨਮ ਮਰਣ ਦੇ ਗੇੜ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਧਰਮ ਦੇ ਨਾਂ `ਤੇ ਬੇ-ਲੋੜੀਆਂ ਰਸਮਾਂ ਦਾ ਤਿਆਗ ਕਰਕੇ ਇੱਕ ਅਕਾਲ ਪੁਰਖ ਦੇ ਗੁਣਾਂ ਦੇ ਧਾਰਨੀ ਹੋ ਜਾਈਏ। ਪਰਮਾਤਮਾ ਅਦਰਸ਼ਕ ਸੱਚ ਦੀ ਮੰਜ਼ਲ ਹੈ ਉਹ ਨਵਾਂ ਨਿਰੋਵਾ ਹੈ। ਇਸ ਤੋਂ ਸੇਧ ਲੈ ਕੇ ਅਸੀਂ ਵਿਕਾਰਾਂ ਵਲੋਂ ਨਵੇਂ ਨਰੋਏ ਹੋਣਾ ਹੈ। ਕੂੜ ਦੀ ਦੀਵਾਰ ਨੂੰ ਤੋੜਨਾ ਹੈ। ਸਾਡੀ ਮੰਜ਼ਿਲ ਵੀ ਸੱਚ ਦੇ ਅਧਾਰਤ ਹੋਣੀ ਚਾਹੀਦੀ ਹੈ। ਜਦ ਤਕ ਮਨੁੱਖ ਰੱਬ ਜੀ ਵਲ ਨਹੀਂ ਮੁੜਦਾ ਤਦ ਤੱਕ ਇਸ ਨੂੰ ਸੰਸਾਰ ਦੇ ਪਦਾਰਥ ਹੀ ਭਰਮਾਉਂਦੇ ਰਹਿਣਗੇ।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਸਚਿਆਰ ਬਣਨ ਦਾ ਨੁਕਤਾ ਦਿੱਤਾ ਹੈ। ਇਸ ਦਾ ਅਰਥ ਹੈ ਕਿ ਮਨੁੱਖ ਨੂੰ ਪਹਿਲਾਂ ਆਪ ਸੱਚ ਅਪਨਾਉਣਾ ਪੈਣਾ ਹੈ। ਜਨੀ ਕਿ ਅੰਦਰਲੇ ਕਿਰਦਾਰ ਦੀ ਘਾੜਤ ਘੜਨੀ ਹੈ। ਜੇ ਮੈਂ ਅੰਦਰੋਂ ਸੱਚਾ ਹਾਂ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹਾਂ। ਜਿੱਥੇ ਅੰਦਰਲੇ ਸੁਭਾਅ ਵਿੱਚ ਰੱਬੀ ਤੱਖਤ ਤਿਆਰ ਕਰਨਾ ਹੈ ਓੱਥੇ ਸਮਾਜ ਨੂੰ ਇਨਸਾਫ਼ ਦਿਵਾਉਣ ਲਈ ਸੱਚੇ ਤੱਖਤ ਦੀ ਲੋੜ ਹੈ-

ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ।।

ਉਗਵਣਹੁ ਤੈ ਆਥਵਣਹੁ, ਚਹੁ ਚਕੀ ਕੀਅਨੁ ਲੋਆ।।

ਗੁਰੂ ਅਰਜਨ ਪਾਤਸ਼ਾਹ ਜੀ ਉਸ ਤੱਖਤ `ਤੇ ਬੈਠੇ ਹਨ ਜਿਸ ਤੱਖਤ `ਤੇ ਪਹਿਲੇ ਗੁਰੂਆਂ ਨੇ ਬੈਠ ਕੇ ਧਰਮ ਦਾ ਰਾਜ ਚਲਾਇਆ ਹੈ। ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਸਾਰੀ ਲੁਕਾਈ ਵਿੱਚ ਸਾਰੇ ਪਸਰ ਰਿਹਾ ਹੈ। ਸਾਰੇ ਪਾਸੇ ਚਾਨਣ ਕਰ ਦਿੱਤਾ। ਇਸ ਦਾ ਅੰਤਰੀਵ ਭਾਵ ਹੈ ਕਿ ਸੱਚੇ ਜੀਵਨ ਦਾ ਢੰਡੋਰਾ ਸਾਰੀ ਲੁਕਾਈ ਵਿੱਚ ਚਲਾ ਗਿਆ। ਜਿਸ ਮਨੁੱਖ ਨੇ ਇਸ ਚਾਨਣ ਦੀ ਅਹਿਮੀਅਤ ਸਮਝ ਲਈ ਉਹ ਅਣਖ਼ ਸਵੈ ਮਾਣ ਨਾਲ ਜਿਉਂਦੇ ਰਹਿਣ ਨੂੰ ਪਹਿਲ ਦੇਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਆਪੂੰ ਫਰਮਾਣ ਹੈ—

ਤਖਤਿ ਬਹੈ ਤਖਤੈ ਕੀ ਲਾਇਕ।। ਪੰਚ ਸਮਾਏ ਗੁਰਮਤਿ ਪਾਇਕ।।

ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ।। ੧੪।।

ਅੱਖਰੀਂ ਅਰਥ--ਜਿਹੜਾ ਮਨੁੱਖ ਗੁਰੂ ਦੀ ਮਤਿ ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿੱਚ ਰਹਿੰਦੇ ਹਨ, ਉਹ ਹਿਰਦੇ-ਤਖ਼ਤ ਉਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)। ਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮਤਿ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ 

ਗੁਰੂ ਅਰਜਨ ਪਾਤਸ਼ਾਹ ਜੀ ਉਸ ਤੱਖਤ `ਤੇ ਬਰਾਜਮਾਨ ਹੋਏ ਹਨ ਜਿਸ ਦਾ ਉਨ੍ਹਾਂ ਨੇ ਆਪਣੀ ਬਾਣੀ ਜ਼ਿਕਰ ਵਿੱਚ ਕੀਤਾ ਹੈ –

ਹੁਣਿ ਹੁਕਮੁ ਹੋਆ ਮਿਹਰਵਾਣ ਦਾ।। ਪੈ ਕੋਇ ਨ ਕਿਸੈ ਰਞਾਣਦਾ।।

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ।। ੧੩।।

ਸਿਰੀ ਰਾਗ ਮਹਲਾ ੫ ਪੰਨਾ ੭੪

(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿੱਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ। ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ। ੧੩।

ਸਤਿਗੁਰ ਜੀ ਦਾ ਚੰਦੋਆ ਚਮਕ ਰਿਹਾ ਹੈ ਭਾਵ ਤੇਜ ਪ੍ਰਤਾਪ ਸਾਰੇ ਪਸਰ ਗਿਆ ਹੈ। ਨਿੰਮ੍ਰਤਾ ਹਲੇਮੀ ਵਾਲੇ ਗੁਣਾਂ ਰੂਪੀ ਤੱਖਤ `ਤੇ ਬਿਰਾਜਮਾਨ ਹੋਏ ਹਨ।

ਸੰਸਾਰ ਵਿੱਚ ਰਹਿੰਦਿਆਂ ਕਈ ਵਾਰੀ ਏਦਾਂ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਜਦੋਂ ਉੱਚ ਅਹੁਦਿਆਂ `ਤੇ ਬੈਠਿਆਂ ਲੋਕਾਂ ਨੂੰ ਚਾਪਲੂਸਾਂ ਤੇ ਚਾਲਬਾਜ਼ਾਂ ਦੀ ਵਧੇਰੇ ਜ਼ਰੂਰਤ ਹੁੰਦੀ ਕਿਉਂਕਿ ਇਮਾਨਦਾਰ ਆਦਮੀ ਉਨ੍ਹਾਂ ਦੇ ਨਜਾਇਜ਼ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ।

ਸਿੱਖੀ ਵਿੱਚ ਤਾਂ ਸਿਧਾਂਤ ਹੀ ਬੜਾ ਉਚਾ ਸੁੱਚਾ ਸਿੱਧਾ ਤੇ ਸਰਲ ਹੈ—ਤੱਖਤ `ਤੇ ਬੈਠਣ ਲਈ--

ਖੇਮ ਸਾਂਤਿ ਰਿਧਿ ਨਵ ਨਿਧਿ।। ਬੁਧਿ ਗਿਆਨੁ ਸਰਬ ਤਹ ਸਿਧਿ।।

ਬਿਦਿਆ ਤਪੁ ਜੋਗੁ ਪ੍ਰਭ ਧਿਆਨੁ।। ਗਿਆਨੁ ਸ੍ਰੇਸਟ ਊਤਮ ਇਸਨਾਨੁ।।

ਚਾਰਿ ਪਦਾਰਥ ਕਮਲ ਪ੍ਰਗਾਸ।। ਸਭ ਕੈ ਮਧਿ ਸਗਲ ਤੇ ਉਦਾਸ।।

ਸੁੰਦਰ ਚਤੁਰੁ ਤਤ ਕਾ ਬੇਤਾ।। ਸਮ ਦਰਸੀ ਏਕ ਦ੍ਰਿਸਟੇਤਾ।।

ਇਹ ਫਲ ਤਿਸੁ ਜਨ ਕੈ ਮੁਖਿ ਭਨੇ।। ਗੁਰ ਨਾਨਕ ਨਾਮ ਬਚਨ ਮਨਿ ਸੁਨੇ।। ੬।।

ਮੁਕਦੀ ਗੱਲ ਜਿਸ ਨੇ ਆਪਣੇ ਗੁਰੂ ਦਾ ਹੁਕਮ ਮੰਨ ਲਿਆ ਹੈ ਉਹ ਆਤਮਕ ਮੌਤੇ ਨਹੀਂ ਮਰਦਾ ਹੈ। ਮਨੁੱਖ ਨੂੰ ਖੁਸ਼ੀ ਲੱਭਣ ਦੀ ਲੋੜ ਨਹੀਂ ਹੈ ਸਗੋਂ ਖੁਸ਼ੀ ਨੂੰ ਸਿਰਜਣ ਦੀ ਲੋੜ ਹੈ।

ਜਿਨੀੑ ਗੁਰੂ ਨ ਸੇਵਿਓ, ਮਨਮੁਖਾ ਪਇਆ ਮ+ਆ।।

ਦੂਣੀ ਚਉਣੀ ਕਰਾਮਾਤਿ, ਸਚੇ ਕਾ ਸਚਾ ਢੋਆ।।

ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।।

ਚੰਗੇ ਚੱਜ ਅਚਾਰ ਦਾ ਸਬੂਤ ਇਹ ਹੀ ਹੁੰਦਾ ਹੈ ਵਿਆਕਤੀ ਮਾੜੇ ਵਿਹਾਰ ਵਾਲਿਆਂ ਨਾਲ ਵੀ ਸਲੀਕੇ ਨਾਲ ਪੇਸ਼ ਆਉਂਦਾ ਹੈ। ਗੁਰੂ ਦੇ ਹੁਕਮ ਤੋਂ ਮੁਨਕਰ ਹੋਣ ਵਾਲਾ ਕਦੇ ਤਰੱਕੀ ਨਹੀਂ ਕਰ ਸਕਦਾ। ਮਨੁੱਖ ਨੂੰ ਜੀਵਨ ਮਿਲਿਆ ਹੈ ਇਸ ਵਿੱਚ ਰੋਣਕ ਅਤੇ ਬਰਕਤ ਅਸੀਂ ਗੁਰੂ ਦੇ ਹੁਕਮ ਨੂੰ ਮੰਨ ਕੇ ਭਰਨੀ ਹੈ। ਸਮੁੱਚੀ ਸ੍ਰਿਸ਼ਟੀ ਵਿੱਚ ਰੱਬੀ ਹੁਕਮ ਦਾ ਰਾਜ ਤੇ ਸੱਚੇ ਤੱਖਤ ਨੂੰ ਕਾਇਮ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਵਲੋਂ ਅਰੰਭ ਕੀਤੇ ਲਾਸਾਨੀ ਇਨਕਲਾਬ ਦੇ ਸਿਧਾਂਤਾਂ ਨੂੰ ਹਲੇਮੀ ਰਾਜ ਵਜੋਂ ਪ੍ਰਗਟ ਕੀਤਾ ਹੈ।

ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਤਥਾ ੳਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਵਲੋਂ ਕਾਇਮ ਕੀਤੀਆਂ ਸਰਬ ਸਾਂਝੀਆਂ ਸੰਸਥਾਂਵਾਂ ਨੇ ਬਹੁਤ ਹੀ ਹੈਰਾਨੀ ਜਨਕ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਹ ਇੱਕ ਅਟੱਲ ਸਚਾਈ ਹੈ ਕਿ ਸਤਿਗੁਰਾਂ ਵਲੋਂ ਦ੍ਰਿੜ ਕਰਾਈ ਗੁਰਮਤ ਦੀ ਜੁਗਤੀ ਸਿੱਖਾਂ ਕੋਲ ਹੈ ਪਰ ਲਗਦਾ ਇੰਜ ਹੈ ਇਹ ਜੁਗਤੀ ਨੂੰ ਭਾਵ ਰੱਬੀ ਸੱਚ ਨੂੰ ਵਿਸ਼ਵ ਭਰ ਦੇ ਵਿਕਸਤ ਮੁਲਕਾਂ ਨੇ ਅਪਨਾਇਆ ਹੈ। ਅਸੀਂ ਸਮਝਦੇ ਹਾਂ ਜਿਹੜਿਆਂ ਮੁਲਕਾਂ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ ਜਾਂ ਜਿਹੜਿਆਂ ਮੁਲਕਾਂ ਵਿੱਚ ਸਦਾਚਾਰਕ ਕਦਰਾਂ ਕੀਮਤਾਂ ਬਰਕਰਾਰ ਹਨ ਉਨ੍ਹਾਂ ਮੁਲਕਾਂ ਨੇ ਭਾਵੇਂ ਗੁਰਬਾਣੀ ਨਹੀਂ ਪੜ੍ਹੀ ਪਰ ਉਹ ਗੁਰਬਾਣੀ ਦੇ ਸੱਚ ਤੋਂ ਮੁਨਕਰ ਨਹੀਂ ਹੋਏ ਸਗੋਂ ਗੁਰਬਾਣੀ ਵਾਲੇ ਸੱਚ ਨੂੰ ਆਪਣੇ ਮੁਲਕ ਦੇ ਲੋਕਾਂ ਵਿੱਚ ਲਾਗੂ ਕੀਤਾ ਹੈ।

ਪਹਿਲੀ ਤੁਕ ਵਿੱਚ ਜਿਸ ਨੇ ਗੁਰੂ ਜੀ ਦਾ ਹੁਕਮ ਨਹੀਂ ਮੰਨਿਆ ਉਹ ਆਤਮਕ ਮੌਤੇ ਮਰਿਆ ਹੋਇਆ ਹੈ। ਇਸ ਦਾ ਭਾਵ ਅਰਥ ਹੈ ਕਿ ਜੇ ਗੁਰੂ ਸਾਹਿਬ ਜੀ ਦੇ ਸਿਧਾਂਤ ਦੀ ਸਮਝ ਆ ਜਾਂਦੀ ਹੈ ਤਾਂ ਉਹ ਲਾਲਚੀ ਬਿਰਤੀ ਦਾ ਤਿਆਗ ਕਰ ਦੇਂਦਾ ਹੈ। ਆਤਮਕ ਮੌਤ ਦਾ ਅਰਥ ਹੈ ਛੋਟੇ ਛੋਟੇ ਲਾਭਾਂ ਲਈ ਆਪਣੀ ਜ਼ਮੀਰ ਨੂੰ ਵੇਚ ਦੇਣਾ। ਆਪਣੇ ਲਾਲਚ ਲਈ ਕੌਮ ਬਰਬਾਦ ਕਰਾ ਦੇਣੀ। ਮੰਨ ਲਓ ਕੋਈ ਸਰਕਾਰੀ ਅਧਿਕਾਰੀ ਹੈ ਜੇ ਉਹ ਇਮਾਨਦਾਰੀ ਨਾਲ ਆਪਣਾ ਕੰਮ ਨਹੀਂ ਕਰਦਾ ਤਾਂ ਉਹ ਵੀ ਆਤਮਕ ਮੌਤੇ ਮਰਿਆ ਹੋਇਆ ਹੈ। ਉਪਰੋਕਤ ਤੁਕਾਂ ਤਾਂ ਸਾਰੀ ਦੁਨੀਆਂ ਲਈ ਪ੍ਰਤੀਕ ਹਨ ਕਿ ਜੇ ਬੰਦਾ ਆਪਣੇ ਫ਼ਰਜ਼ ਪ੍ਰਤੀ ਸੁਚੇਤ ਨਹੀਂ ਹੈ ਤਾਂ ਉਹ ਜਿਉਂਦਾ ਜ਼ਰੂਰ ਹੈ ਪਰ ਮਾਨਸਕ ਤੌਰ `ਤੇ ਮਰਿਆ ਪਿਆ ਹੈ।

ਜਦੋਂ ਅਸੀਂ ਵਿਕਸਤ ਮੁਲਕਾਂ ਨੂੰ ਦੇਖਦੇ ਹਾਂ ਕਿ ਓੱਥੇ ਹਰ ਬੰਦਾ ਆਪਣੇ ਫ਼ਰਜ਼ ਦੀ ਚੰਗੀ ਤਰ੍ਹਾਂ ਪਹਿਚਾਨ ਰੱਖਦਾ ਹੈ ਤੇ ਸਦਾ ਹੀ ਸੁਚੇਤ ਹੋ ਕੇ ਚਲਦਾ ਹੈ। ਇੱਕ ਦੁੱਖ ਵੀ ਹੈ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ ਵਿੱਚ ਗਏ ਹਨ, ਗੁਰੁਦਆਰੇ ਵੀ ਬਣਾਏ ਹਨ ਪਰ ਅਜੇ ਤਕ ਗੁਰਦੁਆਰਿਆਂ ਦੇ ਪ੍ਰਬੰਧ ਵਿਚੋਂ ਲੜਾਈਆਂ ਦਾ ਖਾਤਮਾ ਨਹੀਂ ਹੋ ਸਕਿਆ। ਕਹਿਆ ਜਾ ਸਕਦਾ ਹੈ ਅਸੀਂ ਵਿਕਸਤ ਮੁਲਕਾਂ ਵਲ ਦੇਖ ਕੇ ਵੀ ਆਪਣੀਆਂ ਨਿੱਜੀ ਰੰਜਸਾਂ ਨਹੀਂ ਛੱਡੀਆਂ। ਆਏ ਦਿਨ ਕਿਸੇ ਨਾ ਕਿਸੇ ਦੀ ਪੱਗ ਲੱਥੀ ਹੁੰਦੀ ਹੈ। ਵਿਚਾਰਾਂ ਵਿੱਚ ਵਿਕਾਸ ਨਾ ਹੋਣਾ ਤੇ ਹਰ ਵੇਲੇ ਸੜ੍ਹਦੇ ਭੁਜਦੇ ਰਹਿਣਾ ਇਹ ਸਾਰਾ ਕੁੱਝ ਆਤਮਕ ਮੌਤ ਦੇ ਖਾਤੇ ਵਿੱਚ ਹੀ ਪੈਂਦਾ ਹੈ।

ਇਕ ਹੋਰ ਵਿਚਾਰਨ ਵਾਲਾ ਵਿਸ਼ਾ ਹੈ ਕਿ "ਦੂਣੀ ਚਉਣੀ ਕਰਾਮਾਤਿ, ਸਚੇ ਕਾ ਸਚਾ ਢੋਆ"।।

ਅਰਥ ਤਾਂ ਪਿੱਛੇ ਸਮਝ ਲਏ ਹਨ—ਕਿ ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ। ਇਨ੍ਹਾਂ ਤੁਕਾਂ ਦਾ ਭੇਤ ਬਹੁਤ ਡੂੰਘਾ ਹੈ ਗੁਰੂ ਸਾਹਿਬ ਦੀ ਮਹਿਮਾਂ ਚਾਰ ਚੁਫੇਰੇ ਵੱਧ ਰਹੀ ਹੈ ਕਿਉਂ ਕਿ ੳਨ੍ਹਾਂ ਨੂੰ ਆਪਣੇ ਬਚਪਨ ਤੋਂ ਮਾਹੌਲ ਪੜ੍ਹਨ ਲਿਖਣ ਵਾਲਾ ਮਿਲਿਆ ਹੈ। ਹਰ ਵਿਸ਼ੇ ਵਿੱਚ ਮੁਹਾਰਤ ਹਾਸਲ ਕੀਤੀ। ਗੁਰਮੁਖੀ ਅੱਖਰ ਗੁਰੂ ਅਮਰਦਾਸ ਜੀ ਪਾਸੋਂ, ਮੋਹਰੀ ਜੀ ਪਾਸੋਂ ਗਣਿਤ, ਦੇਵਨਾਗਰੀ ਚਾਟਸਾਲ ਦੇ ਪਾਂਧੇ ਪਾਸੋਂ, ਸੰਸਕ੍ਰਿਤ ਪੰਡਤ ਬੇਣੀ ਪਾਸੋਂ, ਸਿਰੰਦਾ ਸਿਖਿਆ, ਰਾਗ ਵਿਦਿਆ ਹਾਸਲ ਕੀਤੀ, ਭਵਨ ਕਲਾ ਤੇ ਚਿਤ੍ਰ ਕਲਾ ਦਾ ਬਹੁਤ ਸ਼ੌਕ ਸੀ। ਇਸ ਦੇ ਇਲਾਵਾ ਘੋੜ ਸਵਾਰੀ, ਤੀਰ ਅੰਦਾਜ਼ੀ ਤੇ ਨੇਜੇ ਬਾਜ਼ੀ ਵਿੱਚ ਮੁਹਾਰਤ ਸਿੱਖੀ ਸੀ। ਪੰਜਾਬ ਵਿੱਚ ਪਹਿਲਾ ਕੋਹੜੀ ਘਰ ਤਰਨ ਤਾਰਨ ਵਿਖੇ ਬਣਾ ਕਿ ਰੋਗੀਆਂ ਦੀ ਸੇਵਾ ਕੀਤੀ। ਇਤਿਹਾਸ ਦੇ ਪੰਨੇ ਗਵਾਹ ਹਨ ਕਿ ਜਦੋਂ ਲਾਹੌਰ ਸ਼ਹਿਰ ਬਿਮਾਰੀ ਤੇ ਕਾਲ ਪੈ ਗਿਆ ਸੀ ਤਾਂ ਆਪ ਜੀ ਨੇ ਲਾਹੌਰ ਸ਼ਹਿਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ਼ੀ। ਲੰਗਰ ਤੇ ਦਵਾਈਆਂ ਤੇ ਲਾਸ਼ਾਂ ਨੂੰ ਉਠਾਉਣ ਦਾ ਪੂਰਾ ਪ੍ਰਬੰਧ ਕੀਤਾ। ਡਾ. ਗੋਕਲਚੰਦ ਨਾਰੰਗ ਲਿਖਦੇ ਹਨ ਕਿ-ਹੁਣ ਲੋਕਾਂ ਸਾਹਮਣੇ ਉਹ ਗੁਰ ਵਿਆਕਤੀ ਆਇਆ, ਜੋ ਜਨਮਤ ਕਵੀ, ਅਮਲੀ ਚਿੰਤਕ, ਵੱਡਾ ਜੱਥੇਦਾਰ ਅਤੇ ਇੱਕ ਨੀਤੀਵੇਤਾ ਸੀ। ਗੁਰੂ ਸਾਹਿਬ ਜੀ ਨੇ ਨਿਸ਼ਾਨਾ ਬਹੁਤ ਉੱਚਾ ਮਿੱਥਿਆ ਹੋਇਆ ਸੀ। ਗੁਰੂ ਸਾਹਿਬ ਜੀ ਦੇ ਸਰਲ ਬਚਨਾਂ ਨੂੰ ਜਿਹੜਾ ਇੱਕ ਵਾਰ ਸੁਣ ਲੈਂਦਾ ਸੀ ਉਸ ਦੀ ਨਿਸ਼ਾ ਤੇ ਤ੍ਰਿਪਤੀ ਹੋ ਜਾਂਦੀ ਸੀ। ਏਹੀ ਇੱਕ ਕਰਾਮਾਤ ਹੈ ਕਿ ੳਨ੍ਹਾਂ ਨੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸ਼ਹਾਦਤ ਦਾ ਜਾਮ ਪੀਆ ਲਿਆ ਪਰ ਹਕੂਮਤ ਨਾਲ ਕੋਈ ਸਮਝੌਤਾ ਨਹੀਂ ਕੀਤਾ। ਅੱਜ ਦੇ ਸਾਡੇ ਰਾਜਨੀਤਕ ਤੇ ਧਾਰਮਕ ਨੇਤਾਜਨ ਕੇਵਲ ਆਪਣੇ ਪ੍ਰਵਾਰਾਂ ਦੀ ਪੂਰਤੀ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।

ਤੱਤਸਾਰ--– ਸਭ ਤੋਂ ਪਹਿਲਾਂ ਸਾਨੂੰ ਆਪਣੇ ਹਿਰਦੇ ਦਾ ਸੱਚਾ ਤੱਖਤ ਤਿਆਰ ਕਰਨਾ ਚਾਹੀਦਾ ਹੈ।

ਫਿਰ ਸਮਾਜ ਨੂੰ ਇਨਸਾਫ਼ ਦੇਣ ਲਈ ਦੁਨਿਆਵੀ ਤੱਖਤ ਸੱਚ ਦੇ ਅਧਾਰਤ ਸਿਰਜਣਾ ਚਾਹੀਦਾ ਹੈ, ਜਿਸ ਵਿੱਚ ਲੋਕ ਭਲਾਈ ਦੇ ਕੰਮ ਹੋਣੇ ਚਾਹੀਦੇ ਹਨ।

ਜੋ ਆਗੂ ਪੈਰ ਪੈਰ `ਤੇ ਝੂਠ ਬੋਲ ਕੇ ਕੇਵਲ ਆਪਣੇ ਪਰਵਾਰ ਨੂੰ ਲਾਭ ਲੈ ਕੇ ਦੇ ਰਿਹਾ ਹੈ, ਉਹ ਆਤਮਕ ਮੌਤੇ ਮਰਿਆ ਹੋਇਆ ਹੈ।

ਦੁਨੀਆਂ ਵਿੱਚ ਤਰੱਕੀ ਓਸੇ ਦੀ ਹੀ ਹੋਏਗੀ ਜਿਹੜਾ ਸਚਿਆਰ ਹੋਏਗਾ।
.