.

ਪੱਚੀਵੀਂ ਪਉੜੀ ਦੀ ਗੁਰਬਾਣੀ ਅਨੁਸਾਰ ਵਿਆਖਿਆ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਪਉੜੀਆਂ ੧੭ ਤੋਂ ੨੫ ਵਿਚ ਪਰਮਾਤਮਾਂ ਦੀ ਵਡਿਆਈ ਕਰਦਿਆਂ ਉਸਦੀ ਰਚਨਾ ਦਾ ਵਿਸਥਾਰ, ਵਿਸ਼ਾਲਤਾ, ਬਹੁਲਤਾ, ਸਰਬੰਗਤਾਂ ਤੇ ਵੰਨਤਾ, ਉਸ ਦੀਆਂ ਬਖਸ਼ਿਸ਼ਾਂ, ਵਡਿਆਈਆਂ, ਸਿਫਤ ਸਲਾਹ ਤੇ ਪਸਾਰੇ ਦੀ ਬੇਅੰਤਤਾ ਦਾ ਬਖੂਬੀ ਵਰਨਣ ਕਰਦਿਆਂ ਆਖਰ ਆਖਦੇ ਹਨ ਕਿ ਉਸਦੀ ਵਡਿਆਈ ਤੇ ਬੇਅੰਤਤਾ ਜੀਵ ਦੇ ਬਿਆਨੋ ਬਾਹਰੀ ਹੈ।ਪਉੜੀ ੧੭ ਵਿਚ ਉਸਦੇ ਰਚੇ ਅਨੇਕਾਂ ਭਲੇ ਲੋਕਾਂ ਦਾ ਵਰਨਣ ਹੈ ਤੇ ਪਉੜੀ ੧੮ ਵਿਚ ਅਨੇਕਾਂ ਬੁਰੇ ਲੋਕਾਂ ਦਾ। ੧੯ਵੀਂ ਪਉੜੀ ਵਿਚ ਪਰਮਾਤਮਾ ਦੀ ਰਚਨਾ ਦੇ ਨਾਵਾਂ ਥਾਵਾਂ, ਉਨ੍ਹਾਂ ਦੇ ਗੁਣਾਂ, ਸਿਫਤ ਸਲਾਹਾਂ ਦੀ ਮਹਿਮਾਂ ਦਾ ਵਰਨਣ ਹੈ ਤੇ ਪਉੜੀ ੨੦ ਵਿਚ ਪਾਪ-ਪੁੰਨ ਦਾ ਜਿਨ੍ਹਾਂ ਦੇ ਨਿਸਤਾਰੇ ਬਾਰੇ ਪਉੜੀ ੨੧ ਵੀਂ ਵਿਚ ਵਿਆਖਿਆ ਹੈ। ਜੀਵਾਂ ਦੇ ਲੇਖਿਆਂ ਦੀ ਹੱਦ ੨੨ ਵੀਂ ਪਉੜੀ ਵਿਚ ਹੈ ੨੩ ਵੀ ਪਉੜੀ ਵਿਚ ਪਰਮਾਤਮਾਂ ਦੀ ਥਾਹ ਤੇ ਪਰਵਾਹ ਬਿਆਨਣ ਲੱਗੇ ਨਾਮ ਦੇ ਮਹਾਤਮ ਨੂੰ ਦਰਸਾਇਆ ਗਿਆ ਹੈ। ਪਉੜੀ ੨੪ ਵਿਚ ਪਰਮਾਤਮਾਂ ਦੇ ਪਸਾਰੇ ਦੀ ਥਾਹ ਪਾਉਣ ਬਾਰੇ ਤੇ ਪਉੜੀ ੨੫ ਵਿਚ ਪਰਮਾਤਮਾਂ ਦੀਆਂ ਬਖਸ਼ਿਸ਼ਾਂ ਦਾ ਬਿਆਨ ਹੈ ।
ਪਰਮਾਤਮਾਂ ਦੇ ਅਣਗਿਣਤ ਰਚੇ ਜੀਵ ਚੰਗੇ ਵੀ ਹਨ ਤੇ ਮੰਦੇ ਵੀ, ਅਣਗਿਣਤ ਨਾਂ ਹਨ ਤੇ ਅਣਗਿਣਤ ਥਾਂ ਜਿਨ੍ਹਾਂ ਦੀ ਗਿਣਤੀ ਕਰਦਿਆਂ ਕਰਦਿਆਂ ਥੱਕ ਜਾਈਦਾ ਹੈ ਤੇ ਗਿਣਤੀ ਬੋਲਦਿਆਂ ਸਿਰ ਭਾਰਾ ਹੋ ਜਾਂਦਾ ਹੈ ।ਇਸ ਲਈ ਬਹੁਤਾ ਬੋਲਣ ਨਾਲੋਂ ਲਿਖ ਲੈਣ ਦੀ ਰੀਤ ਚੱਲੀ। ਲਿਖਣਾ ਭਾਵ ਅੱਖਰਾਂ ਵਿਚ ਉਤਾਰਨਾ: ਅਪਣੇ ਮਨ ਦੇ ਭਾਵ ਦੂਜੇ ਤੱਕ ਪਹੁੰਚਾਣ ਲਈ ਅੱਖਰ ਵੀ ਵਧੀਆ ਸਾਧਨ ਹਨ।ਇਨ੍ਹਾਂ ਅੱਖਰਾਂ ਰਾਹੀਂ ਹੀ ਲਿਖਿਤ ਬਾਣੀ ਬਣਦੀ ਹੈ। ਇਨ੍ਹਾਂ ਅੱਖਰਾਂ ਰਾਹੀਂ ਹੀ ਪਰਮਾਤਮਾਂ ਦਾ ਨਾਮ ਬਾਣੀ ਰੂਪ ਵਿਚ ਉਤਾਰੀਦਾ ਤੇ ਉਚਾਰੀਦਾ ਹੈ ।ਜੋ ਮੂਹੋਂ ਬੋਲਣਾ ਔਖਾ ਹੁੰਦਾ ਹੈ ਉਸ ਨੂੰ ਅਖਰਾਂ ਵਿਚ ਆਸਾਨੀ ਨਾਲ ਉਤਾਰ ਸਕਦੇ ਹਾਂ।ਇਨ੍ਹਾਂ ਅੱਖਰਾਂ ਵਿਚ ਇਸ ਤਰ੍ਹਾਂ ਸਾਰਾ ਗਿਆਨ ਭਰ ਜਾਂਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਵੀ ਅਖਰਾਂ ਵਿਚ ਲਿਖੇ ਹੋਏ ਹਨ।ਜੋ ਬਾਣੀ ਅਸੀਂ ਲਿਖਣ-ਬੋਲਣ ਵਿਚ ਲਿਆਉਂਦੇ ਹਾਂ ਉਹ ਅੱਖਰਾਂ ਰਾਹੀਂ ਹੀ ਬਣਦੀ ਹੈ ਇਸ ਤਰ੍ਹਾਂ ਅੱਖਰ ਪਰਮਾਤਮਾਂ ਨੂੰ ਜੋ੍ੜਣ ਦਾ ਸਾਧਨ ਬਣਦੇ ਹਨ ਕਿਉੁਂਕਿ ਉਹ ਤਾਂ ਬਿਆਨੋਂ ਕਥਨੋਂ ਬਾਹਰ ਹੈ। ਦੁਨੀਆਂ ਵਿਚ ਪਰਮਾਤਮਾਂ ਬਾਰੇ ਇਤਨਾ ਕੁਝ ਲਿਖਿਆ ਜਾ ਚੁੱਕਾ ਹੈ ਪਰ ਫਿਰ ਵੀ ਪਰਮਾਤਮਾਂ ਦੇ ਸਾਰੇ ਗੁਣ ਲਿਖੇ ਨਹੀਂ ਜਾ ਸਕੇ ਬੋਲੇ ਤਾਂ ਕੀ ਜਾਣੇ ਸਨ। ਪਰਮਾਤਮਾਂ ਬੇਅੰਤ ਹੈ, ਅਕੱਥ ਹੈ, ਪੂਰਨ ਤੌਰ ਤੇ ਬਿਆਨਿਆਂ ਨਹੀਂ ਜਾ ਸਕਦਾ।ਜਿਤਨੇ ਅੱਖਰਾਂ ਵਿਚ ਪਰਮਾਤਮਾਂ ਦੀ ਹੁਣ ਤਕ ਸਿਫਤ ਸਲਾਹ ਹੋਈ ਹੈ ਉਹ ਵੀ ਅਣਗਿਣਤ ਹੈ, ਬੇਅੰਤ ਹੈ।ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਉਸ ਦੀ ਦਾਤ ਮਿਲਦੀ ਹੈ ਤੇ ਸਿਫਤ ਸਲਾਹ ਕਰਨ ਵਾਲੇ ਤਿਵੇਂ ਤਿਵੇਂ ਲਿਖਦੇ ਰਹਿੰਦੇ ਹਨ।ਜਿਤਨਾ ਵੀ ਬ੍ਰਹਿਮੰਡ ਹੈ ਸਭ ਉੇਸੇ ਦੀ ਹੀ ਕਿਰਤ ਹੈ, ਸਭ ਉਸੇ ਦੀ ਹੀ ਵਡਿਆਈ ਹੈ। ਪਰਮਾਤਮਾਂ ਦੇ ਨਾਮ ਬਿਨਾਂ ਉਸ ਦੀ ਹੋਂਦ ਬਿਨਾ ਕੋਈ ਥਾਂ ਨਹੀਂ, ਸਭ ਦਾ ਕਰਤਾ ਪਰਮਾਤਮਾਂ ਆਪ ਹੈ। ਪਰਮਾਤਮਾਂ ਦੀ ਕਿਹੜੀ ਕਿਹੜੀ ਕਿਰਤ ਦੀ ਵਿਚਾਰ ਚਰਚਾ ਕਰੀਏ ਜਾਂ ਬਿਆਨੀਏ ਮੇਰੇ ਵਰਗਾ ਜੀਵ ਤਾਂ ਇੱਕ ਵਾਲ ਤੋਂ ਵੀ ਘੁਮਾਏ ਜਾਣ ਜੋਗਾ ਨਹੀਂ ਜੋ ਪਰਮਾਤਮਾਂ ਨੂੰ ਜੋ ਕਾਰਜ ਚੰਗਾ ਲਗਦਾ ਹੈ ਉਹੀ ਕਾਰਜ ਉਤਮ ਹੈ ਬਾਕੀ ਸਭ ਕਾਰਜ ਬੇਅਰਥ ਹਨ ।ਸਾਰੀ ਦੁਨੀਆਂ ਆਉਣੀ ਜਾਣੀ ਹੈ ਬਸ ਇਕ ਪਰਮਾਤਮਾਂ ਹੀ ਹੈ ਜੋ ਸਦਾ ਸਥਿਰ ਹੈ।
ਵਾਹਿਗੁਰੂ ਦੀ ਬੇਅੰਤ ਰਚਨਾ ਦਾ ਜ਼ਿਕਰ ਕਰਦੇ ਉਸ ਬੇਅੰਤ ੳਤੇ, ਉਸ ਦੀ ਹਰ ਵਸਤੂ ਨੂੰ ਬੇਅੰਤ ਦਸਦੇ ਅਖੀਰ ਉਸ ਨੂੰ ਉੱਚਾ ਦਸਦੇ, ਉਸ ਉੱਚੇ ਤੋਂ ਉਸ ਦੇ ਉੱਚੇ ਨਾਮ ਦੀ ਬਖਸ਼ਿਸ਼ ਤੇ ਦਾਤ ਵਲ ਜੋੜਦੇ ਹਨ ਤੇ ਫਿਰ ਅੱਗੇ ਉਸ ਦੀਆਂ ਦਾਤਾਂ ਦਾ ਵਰਣਨ ਕਰਦੇ ਹਨ।
ਪਉੜੀ ੨੫
ਬਹੁਤਾ ਕਰਮੁ ਲਿਖਿਆ ਨਾ ਜਾਇ ॥
ਕਰਮ ਦਾ ਭਾਵ ਕੰਮ ਵੀ ਹੈ ਤੇ ਕਿਰਪਾ ਵੀ। ਕਰਮ (ਫਾਰਸੀ)=ਬਖਸ਼ਿਸ਼, ਕਿਰਪਾ। ਬਹੁਤਾ ਕਰਮੁ ਕਿੳਂਕਿ ਪੁਲਿੰਗ ਹੈ ਇਸ ਲਈ ਪੁਲਿੰਗ ਬਣਾਉਣ ਲਈ ਬਹੁਤ ਨੂੰ ਬਹੁਤਾ ਲਿਖਿਆ ਹੈ ।ਉਸ ਦੀ ਬਖਸ਼ਿਸ਼ ਅਣਗਿਣਤ ਹੈ ਅਥਾਹ ਹੈ ਜੋ ਲਿਖੀ ਜਾ ਹੀ ਨਹੀਂ ਸਕਦੀ।ਜੇ ਉਹ ਦਾਤ ਬਖਸ਼ਦਾ ਹੈ ਤਾਂ ਕਰਮਾਂ ਅਨੁਸਾਰ।
ਕਰਮੀ ਕਰਮੀ ਹੋਇ ਵੀਚਾਰੁ। (ਜਪੁਜੀ ਪੰਨਾ ੭)
ਦਾਤ ਤੇ ਬਖਸ਼ਿਸ਼ ਵਿਚ ਜੀਵ ਦੇ ਕਰਮ ਸਹਾਈ ਹਨ। ਜਿਹੋ ਜਿਹੇ ਉਹ ਕਰਮ ਕਰਦੇ ਹਨ ਤਿਹੋ ਜਿਹੀ ਉਨ੍ਹਾਂ ਨੂੰ ਦਾਤ ਮਿਲਦੀ ਹੈ। ਜੋ ਕੀਤੇ ਜਾਣ ਉਨ੍ਹਾਂ ਦਾ ਨਾਉਂ ਹੈ ਕਰਮ: ਕੀਤੇ ਹੋਏ ਕੰਮ ਜਾਂ ਕਰਮ।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਬਾਰਹਮਾਹਾ ਮਾਝ ਮ: ੫, ਪੰਨਾ ੧੩੪)
ਹੁਕਮੁ ਚਲਾਏ ਆਪਣੈ ਕਰਮੀ ਵਹੈ ਕਲਾਮ॥ (ਵਾਰ ਸਾਰੰਗ ਮ:੧, ਪੰਨਾ ੧੨੪੧)

ਬਹੁਤਾ ਕਰਮ ਲਿਖਿਆ ਨ ਜਾਇ॥

ਜਿਸ ਤਰ੍ਹਾਂ ਸੂਰਜ ਤੋਂ ਰੋਸ਼ਨੀ ਹੀ ਰੋਸ਼ਨੀ ਨਿਕਲ ਰਹੀ ਹੈ, ਇਸ ਤਰਾਂ ਉਸ ਦਿਆਲੂ ਤੋਂ ਬਖਸ਼ਿਸ਼ ਹੀ ਬਖਸ਼ਿਸ਼ ਦਾ ਅੰਮ੍ਰਿਤ ਝਰ ਰਿਹਾ ਹੈ ਇਸ ਲਈ ਉਸ ਦੀ ਬਖਸ਼ਿਸ਼ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਵਡਾ ਦਾਤਾ ਤਿਲੁ ਨ ਤਮਾਇ॥
ਸੰਸਾਰ ਵਿਚ ਛੇ ਗੁਣ ਉਤਮ ਮੰਨੇ ਗਏ ਹਨ: ਐਸ਼ਵਰਜ, ਜੱਸ, ਲਖਮੀ, ਧਰਮ, ਵੈਰਾਗ ਤੇ ਮੋਖ। ਸੰਸਾਰ ਵਿਚ ਜੋ ਇਨ੍ਹਾਂ ਛੇ ਸੰਪੂਰਨ ਗੁਣਾਂ ਦਾ ਮਾਲਿਕ ਹੈ ਤੇ ਇਕ ਤਿਲ ਮਾਤਰ ਵੀ ਕੋਈ ਇਛਾ ਨਹੀਂ ਰਖਦਾ ਉਹ ਵੱਡਾ ਗਿਣਿਆ ਗਿਆ ਹੈ।ਪਰ ਸੰਸਾਰਕ ਉਤਮਤਾ ਤੋਂ ਕਿਤੇ ਉਪਰ ਹੈ ਬਖਸ਼ਿਸ਼ਾਂ ਕਰਨ ਵਾਲੇ ਦੀ ਉਤਮਤਾ।

ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥(ਗਉ ਮ: ੧, ਪੰਨਾ ੧੨)

ਵਾਹਿਗੁਰੂ ਬਹੁਤ ਵੱਡਾ ਦਾਤਾ ਹੈ ਜੋ ਦਾਤਾਂ ਦੇਈ ਜਾਂਦਾ ਹੈ ਜੋ ਹੋਰ ਕੋਈ ਨਹੀਂ ਦੇ ਸਕਦਾ।ਪਰ ਇਛਾ ਉਸ ਵਿਚ ਤਿਲ ਮਾਤਰ ਵੀ ਨਹੀਂ । ਸਾਰੀਆਂ ਇਛਾਵਾਂ ਤੋਂ ਰਹਿਤ ਹੈ, ਉਸ ਨੂੰ ਕੋਈ ਤਮਾ ਨਹੀਂ, ਕੋਈ ਲੋਭ ਲਾਲਚ ਨਹੀਂ।ਜੀਵਾਂ ਤੋਂ ਬਖਸ਼ਿਸ਼ਾਂ ਬਦਲੇ ਕੋਈ ਆਸ ਨਹੀਂ ਰਖਦਾ ਤੇ ਨਾ ਹੀ ਅਪਣੀ ਉਸਤਤ ਕਰਾਉਣ ਦੀ ਉਸ ਹੀ ਕੋਈ ਇਛਾ ਹੈ।ਜਿਵੇਂ ਲੋਭੀ ਦਾਨ ਕਰਦੇ ਹਨ ਤਾਂ ਇਛਾ ਰਖਦੇ ਹਨ ਕਿ ਦਾਨ ਦਾ ਮੈਨੂੰ ਫਲ ਮਿਲੇਗਾ ਪਰ ਉਹ ਵਾਹਿਗੁਰੂ ਤਾਂ ਅਜਿਹੀ ਕੋਈ ਇਛਾ ਨਹੀਂ ਰਖਦਾ।

ਕੇਤੇ ਮੰਗਹਿ ਜੋਧ ਅਪਾਰ॥

ਦਾਤੇ ਦੇ ਇਸ ਨਿਰਲੋਭ ਸੁਭਾ ਨੂੰ ਵਰਨਣ ਕਰਦਿਆਂ ਗੁਰੂ ਜੀ ਲਿਖਦੇ ਹਨ ਕਿ ਦੁਨੀਆਂ ਸੂਰਮਿਆਂ ਨੂੰ ਵੱਡਾ ਸਮਝਦੀ ਹੈ, ਇਥੋਂ ਤਕ ਕਿ ਕਈ ਸੂਰਮੇ ਈਸ਼ਵਰ ਦਾ ਅਵਤਾਰ ਮੰਨੇ ਜਾਦੇ ਹਨ। ਕਈ ਸੂਰਮੇ ਉਸ ਦੇ ਦਰ ਤੇ ਮੰਗਤਿਆਂ ਵਾਂਗ ਖੜ੍ਹੇ ਹਨ।ਸੂਰਮੇ ਵੀ ਮਮੂਲੀ ਸੂਰਮੇ ਨਹੀਂ ਅਪਾਰ ਸੂਰਮੇ ਹਨ ਉਹ ਸੂਰਮੇ ਜਿਨ੍ਹਾਂ ਦੀ ਬਹਾਦੁਰੀ ਦਾ ਪਾਰਾਵਾਰ ਹੀ ਨਹੀਂ।ਜੋਧਾ ਉਹ ਜੋ ਇਕ ਨਾਲ ਲੜੇ ਤੇ ਅਪਣੇ ਵਿਰੋਧੀ ਨੂੰ ਆਖੇ ਕਿ ਤੂੰ ਪਹਿਲਾਂ ਵਾਰ ਕਰ ਲੈ। ਮਹਾਂਬਲੀ ਉਹ ਜੋ ਬਹੁਤਿਆਂ ਦਾ ਮੁਕਾਬਲਾ ਕਰੇ ਤੇ ਡਰੇ ਨਾ।ਅਤਿਬਲੀ ਜੋ ਅਣਗਿਣਤਾਂ ਨਾਲ ਲੜ ਸਕੇ ਜਿਵੇਂ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਦੇ ਯੁਧ ਵਿਚ ਜੂਝੇ।ਨਿਰੰਕਾਰੀ ਜੋਧੇ ਉਹ ਜਿਨ੍ਹਾਂ ਨੇ ਅਪਣੇ ਸਰੀਰ ਨੂੰ ਵਿਕਾਰਾਂ ਤੋਂ ਵਸੀਕਾਰ ਕੀਤਾ ਹੋਇਆ ਹੈ। ਇਸਤਰਾਂ ਧਾਰਮਿਕ ਪੱਖੋਂ ਜੋਧਿਆਂ ਨੂੰ ਰਥੀ, ਮਹਾਂਰਥੀ ਤੇ ਅਤਿਰਥੀ ਵਿਚ ਵੀ ਵੰਡਿਆ ਗਿਆ ਹੈ। ਰਥੀ-ਕੁਸੰਗਤ ਤੇ ਵਿਕਾਰਾਂ ਦੇ ਘੇਰੇ ਵਿਚ ਹੁੰਦਿਆਂ ਹੋਇਆਂ ਜੋ ਅਡੋਲ ਰਹੇ ਤੇ ਉਨ੍ਹਾਂ ਤੋਂ ਬਚ ਨਿਕਲੇ। ਜਿਸ ਨੇ ਅਪਣਾ ਸਰੀਰ ਬਚਾ ਕੇ ਰਖਿਆ, ਭਾਵ ਮਨ ਤੇ ਇੰਦਰੇ ਭਾਵੇਂ ਵਿਕਾਰ ਵਲ ਗਏ ਪਰ ਸਰੀਰ ਨੂੰ ਬਚਾਈ ਰਖਿਆ।ਮਹਾਂਰਥੀ ਉਹ ਜਿਸ ਨੇ ਇੰਦਰੀਆਂ ਨੂੰ ਵਸੀਕਾਰ ਵਿਚ ਕਰਕੇ ਰਖਿਆ, ਅਖੀਆਂ ਨੂੰ ਪਰ ਇਸਤ੍ਰੀ ਵਲ ਦੇਖਣ ਤੋਂ, ਕੰਨਾਂ ਨੂੰ ਪਰਾਈ ਨਿੰਦਿਆ ਦੇ ਨੇੜੇ ਨਹੀਂ ਜਾਣ ਦਿਤਾ। ਅਤਿ ਰਥੀ ਉਹ ਜਿਨ੍ਹਾਂ ਨੇ ਮਨ ਨੁੰ ਵੀ ਇਨ੍ਹਾਂ ਸਭ ਵਿਕਾਰਾਂ ਤੋਂ ਰੋਕ ਲਿਆ:

ਤਿਥੇ ਜੋਧਿ ਮਹਾਬਲ ਸੂਰ॥ਤਿਨ ਮਹਿ ਰਾਮ ਰਹਿਆ ਭਰਪੂਰ ॥

ਇਥੇ ਅਤਿਰਥੀ ਨੂੰ ਹੀ ਸੂਰ ਮੰਨਿਆ ਗਿਆ ਹੈ ਤੇ ਜੋਧੇ ਦਾ ਤਾਤਪਰਜ ਵੀ ਏਹੀ ਹੈ।
ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ॥(ਬਿਲਾਵਲੁ ਮ: ੫, ਪੰਨਾ ੮੧੫)
ਮਨ ਨੂੰ ਵਸ ਕਰਨ ਵਾਲੇ ਨੂੰ ਸੰਤ, ਅਤਿਰਥੀ, ਸੂਰ ਤੇ ਜੋਧੇ ਨਾਲ ਤੁਲਨਾਇਆ ਗਿਆ ਹੈ।
ਕੇਤਿਆ ਗਣਤ ਨਹੀ ਵੀਚਾਰੁ ॥
ਉਸਦੇ ਦਰ ਤੇ ਜੋ ਸਵਾਲੀ ਹਨ ਉਨ੍ਹਾਂ ਦੀ ਗਿਣਤੀ ਤਾਂ ਕਿਤੇ ਰਹੀ ਵਿਚਾਰ ਵੀ ਨਹੀਂ ਕੀਤੀ ਜਾ ਸਕਦੀ ਭਾਵ ਕਿ ਉਨ੍ਹਾਂ ਦੀ ਬਹੁਲਤਾ ਖਿਆਲ ਵਿਚ ਵੀ ਨਹੀਂ ਆ ਸਕਦੀ।ਉਹਦੇ ਦਰਵਾਜ਼ੇ ਤੇ ਕਈ ਸੰਸਾਰਕ ਭੋਗਾਂ ਦੇ ਸਵਾਲੀ ਹਨ।ਉਸ ਅਪਾਰ ਤੋਂ ਕਿਤਨੇ ਹੀ ਜੋਧੇ, ਯੁਧ ਮੰਗਦੇ ਹਨ ਤੇ ਕਿਤਨੇ ਸ਼ੁਭ ਵਿਚਾਰਾਂ ਦੀ ਮੰਗ ਕਰਦੇ ਹਨ।ਜੋ ਪਰਮਾਰਥ ਦੇ ਯੋਧੇ ਹਨ ਉਹ ਵਿਚਾਰ ਦਾ ਦਾਨ ਮੰਗਦੇ ਹਨ।ਦਿਹੋ ਜਿਹੇ ਮੰਗਣ ਵਾਲੇ ਵੀ ਅਣਗਿਣਤ ਹਨ ਜੋ ਪ੍ਰਾਰਥਨਾ ਕਰਦੇ ਹਨ : ‘ਹੇ ਦਾਤਾ! ਜਦੋਂ ਮੈਂ ਪਾਠ ਕਰਦਾ ਹਾਂ ਮੇਰਾ ਮਨ ਫੁਰਨਿਆਂ ਤੋਂ ਬਚਾ ਕੇ ਪਾਠ ਨਾਲ ਜੋੜੀ ਰਖਣਾ।‘ਹੇ ਸਾਈਂ! ਪਰ ਇਸਤ੍ਰੀ, ਪਰ ਨਿੰਦਾ, ਚੁਗਲੀ ਤੇ ਪਰ ਧਨ ਤੇ ਬੁਰਾ ਚਿਤਵਣ ਤੋਂ ਬਚਾ ਕੇ ਰਖਣਾ। ਇਹੋ ਜਿਹੀਆਂ ਮੰਗਾਂ ਕਰਨ ਵਾਲੇ ਵੀ ਬੜੇ ਹਨ। ਜੋ ਅਣਗਿਣਤ ਵਿਵੇਕੀ ਤੇ ਵਿਚਾਰਵਾਨ ਪੁਰਖ ਹਨ ਉਹ ਗਿਆਨ ਦੀ ਵੀਚਾਰ ਤੇ ਮਨ ਜਿਤਣ ਦੀ ਦਾਤ ਦੀ ਭਿਖਿਆ ਪਰਮਾਤਮਾ ਦੇ ਦਰ ਤੋਂ ਮੰਗਦੇ ਹਨ।
ਕੇਤੇ ਖਪਿ ਤੁਟਹਿ ਵੇਕਾਰ ॥
ਵਿਕਾਰ ਕਰਨ ਵਾਲੇ ਵੀ ਅਣਗਿਣਤ ਹਨ।ਵਿਕਾਰਾਂ ਵਿਚ ਫਸੇ ਹੋਣ ਕਰਕੇ ਉਨ੍ਹਾਂ ਦਾ ਬਲ, ਇਜ਼ਤ, ਐਸ਼ਵਰਜ, ਜਸ ਸਭ ਟੁੱਟ ਜਾਦੇ ਹਨ।ਉਹ ਤਾਂ ਉਨ੍ਹਾਂ ਵਿਕਾਰੀ ਭੋਗਾਂ ਨੂੰ ਭੋਗਦੇ ਬੇਕਾਰ ਹੀ ਖੱਪ ਟੁੱਟੇ ਹਨ।
ਕੇਤੇ ਲੈ ਲੈ ਮੁਕਰੁ ਪਾਹਿ ॥
ਕਈ ਅਜਿਹੇ ਹਨ ਜੋ ਬਖਸ਼ਿਸ਼ਾਂ ਪ੍ਰਾਪਤ ਕਰਕੇ ਵੀ ਮੁੱਕਰ ਜਾਂਦੇ ਹਨ।ਪਰ ਦਾਤਾ ਤਾਂ ਨਿਰਲੋਭ ਹੈ, ਉਹ ਇਸ ਦੀ ਪਰਵਾਹ ਨਹੀੰ ਕਰਦਾ ਹੈ ਕਿ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਇਨ੍ਹਾਂ ਬਖਸ਼ਿਸ਼ਾਂ ਦਾ ਗਲਤ ਇਸਤੇਮਾਲ ਕਰ ਰਹੇ ਹਨ ਜਾਂ ਅਕ੍ਰਿਤਘਣ ਹਨ ਜਾਂ ਉਸ ਦੇ ਸ਼ੁਕਰ ਗੁਜ਼ਾਰ ਨਹੀਂ ਹੁੰਦੇ।ਵਾਹਿਗੁਰੂ ਅਪਣੇ ਜਸ ਦਾ ਚਾਹਵਾਨ ਨਹੀਂ, ਉਹ ਤਾਂ ਦਾਤਾਂ ਦੇਣਾ ਜਾਣਦਾ ਹੈ ਤੇ ਦੇਈ ਹੀ ਜਾਂਦਾ ਹੈ ਬਦਲੇ ਵਿਚ ਕੁਝ ਨਹੀਂ ਲੈਂਦਾ।
ਕੇਤੇ ਮੂਰਖ ਖਾਹੀ ਖਾਹਿ ॥
ਕਿਤਨੇ ਮੂਰਖ ਅਜਿਹੇ ਹਨ ਜਿਨ੍ਹਾਂ ਦਾ ਕੰਮ ਖਾਈ ਜਾਣਾ ਹੀ ਹੈ, ਉਨ੍ਹਾਂ ਨੂੰ ਇਹ ਸੁਪਨੇ ਮਾਤਰ ਵੀ ਖਿਆਲ ਵਿਚ ਨਹੀਂ ਆਉਂਦਾ ਕਿ ਉਨ੍ਹਾਂ ਨੂੰ ਸਭ ਦਾਤਾਂ ਦੇਣ ਵਾਲਾ ਪਰਮ ਪੁਰਖ ਪਰਮਾਤਮਾ ਹੈ।
ਕੇਤਿਆ ਦੂਖ ਭੂਖ ਸਦ ਮਾਰ ॥
ਜਿਹੜੇ ਮੁਕਰਦੇ ਹਨ ਉਨ੍ਹਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਦਾਤਾਂ ਪਰਮਾਤਮਾ ਹੀ ਦੇ ਰਿਹਾ ਹੈ ਭਾਵੇਂ ਮੁਕਰਨ ਪਿਛੋਂ ਇਹ ਵੀ ਭੁੱਲ ਜਾਂਦੇ ਹਨ ਪਰ ਫਿਰ ਪਰਮਾਤਮਾ ਉਦੋਂ ਯਾਦ ਆਉਂਦਾ ਹੈ ਜਦੋਂ ਦੁੱਖ ਭੁੱਖ ਸਿਰ ਤੇ ਆ ਪਵੇ।ਕਿਤਨਿਆਂ ਨੂੰ ਸਦਾ ਦੁੱਖ ਤੇ ਭੁੱਖ ਦੀ ਮਾਰ ਹੀ ਪਈ ਰਹਿੰਦੀ ਹੈ।
ਵਾਹਿਗੁਰੂ ਨੂੰ ਸਮਝਣ ਦੇ ਚਾਰ ਤਰੀਕੇ ਹਨ: ਪਹਿਲੇ ਅਕਾਸ਼ ਬਾਣੀ ਰਾਹੀਂ ਜੋ ਭਗਤ ਤੇ ਅਵਤਾਰ ਸੁਣਦੇ ਹਨ; ਦੂਜੇ ਗੁਰਬਾਣੀ ਰਾਹੀਂ ‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰ ਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥’(ਵਾਰ ਗਉੜੀ ਮ: ੪, ਪੰਨਾ ੩੦੮)। ਤੀਜੇ ਮਹਾਂਪੁਰਖਾਂ ਦੇ ਵਾਕ ਉਨ੍ਹਾਂ ਲਈ ਜੋ ਗੁਰਬਾਣੀ ਦੀ ਸੋਝੀ ਨਹੀਂ ਰਖਦੇ ਜਿਨ੍ਹਾਂ ਤੋਂ ਗਿਆਨ ਤੇ ਸੇਧ ਪ੍ਰਾਪਤ ਕਰ ਉਹ ਵਚਨਾਂ ਅਨੁਸਾਰ ਗੁਰਮਤ ਗਾਡੀ ਰਾਹ ਬਣਾ ਲੈਂਦੇ ਹਨ।‘ਪ੍ਰਭ ਜੀ ਬਸਹਿ ਸਾਧ ਕੀ ਰਸਨਾ॥’ (ਸੁਖਮਨੀ ਮ: ੫, ਪੰਨਾ ੨੬੩) ਤੇ ਚੌਥੇ ਉਹ ਜੋ ਇਨ੍ਹਾਂ ਤਿਨਾਂ ਨੂੰ ਨਹੀਂ ਸਮਝਦੇ ਪਰ ਪਰਮਾਤਮਾ ਉਦੋਂ ਯਾਦ ਆਉਂਦਾ ਹੈ ਜਦੋਂ ਦੁੱਖ ਭੁੱਖ ਸਿਰ ਤੇ ਆ ਪਵੇ ।
ਏਹਿ ਭਿ ਦਾਤਿ ਤੇਰੀ ਦਾਤਾਰ ॥
ਹੇ ਦਾਤਾਰ! ਇਹ ਸਭ ਦੁੱਖ ਭੁੱਖ ਵੀ ਤੇਰੀ ਦਾਤ ਹੈ । ਦੁੱਖ ਤੇ ਭੁੱਖ ਦੁਆਰਾ ਇਨ੍ਹਾਂ ਵਿਚ ਕੋਈ ਗੁਣ ਹੀ ਤਾਂ ਭਰਿਆ ਹੋਊ, ਜਾਂ ਇਨ੍ਹਾਂ ਨੂੰ ਕਿਸੇ ਕੁਰਾਹ ਤੋਂ ਰਾਹ ਪਾਉਣ ਲਈ ਦੁੱਖ ਤੇ ਭੁੱਖ ਦਿਤੇ ਹੋਣਗੇ।ਇਸ ਲਈ ਮੈਂ ਸੁੱਖਾਂ ਤੇ ਦੁੱਖਾਂ ਦਾ ਸੋਮਾਂ ਤੈਨੂੰ ਹੀ ਸਮਝਦਾ ਹਾਂ।
ਬੰਦਿ ਖਲਾਸੀ ਭਾਣੈ ਹੋਇ ॥
ਸੰਸਾਰ ਦੀ ਜੇਲ੍ਹ ਤੋਂ ਛੁਟਕਾਰਾ ਪਰਮਾਤਮਾ ਦੇ ਹੁਕਮ ਨਾਲ ਹੀ ਹੁੰਦਾ ਹੈ।
ਹੋਰੁ ਆਖਿ ਨ ਸਕੈ ਕੋਇ ॥
ਬੰਦ ਖਲਾਸੀ ਦੀ ਦਾਤ ਵੀ ਤੇਰੇ ਹੀ ਦਰ ਤੋਂ ਲਭਦੀ ਹੈ। ਹੋਰ ਕੋਈ ਇਸ ਗੱਲ ਬਾਰੇ ਕੁਝ ਵੀ ਕਹਿ ਨਹੀਂ ਸਕਦਾ।
ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥
ਜੋ ਕੋਈ ਬਖਸ਼ਿਸ਼ਾਂ ਮਾਨਣ ਵਾਲਾ ਮੂਰਖ ਇਸ ਬਾਰੇ ਆਖੇ ਕਿ ਮੈ ਮੁਕਤੀ ਦਾਤਾ ਹਾਂ ਜਾਂ ਮੁਕਤੀ ਦਾ ਵਸੀਲਾ ਹਾਂ ਤਾਂ ਉਹ ਹੀ ਜਾਣਦਾ ਹੈ ਜਦ ਉਸ ਦੇ ਮੂੰਹ ਤੇ ਝੂਠ ਬੋਲਣ ਸਦਕਾ ਚੰਡਾਂ ਪੈਂਦੀਆਂ ਹਨ।
ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥
ਏਥੇ ‘ਸਿ ਭਿ’ ਭਾਵ ‘ਉਹ ਵੀ’ ਵਲ ਇਸ਼ਾਰਾ ਕਰਦਾ ਕਹਿੰਦਾ ਹੈ ਕਿ ਉਹ ਵੀ ਹਨ ਜੋ ਇਨ੍ਹਾਂ ਤੋਂ ਭਿੰਨ ਹਨ । ਸਵਾਲੀਆਂ ਦਾ, ਬਖਸ਼ਿਸ਼ ਪਾਉਣ ਵਾਲਿਆਂ ਦਾ ਉਪਰੋਕਤ ਵਰਨਣ ਕਰਨ ਪਿੱਛੋਂ ਉਨ੍ਹਾਂ ਅਨੋਖੇ ਉਤਮ ਪੁਰਖ ਸਵਾਲੀਆਂ ਦਾ ਜ਼ਿਕਰ ਹੈ ਜੋ ਮੰਗਦੇ ਕੁਝ ਨਹੀਂ ਕਿਉਂਕਿ ਉਨ੍ਹਾਂ ਦਾ ਨਿਸਚਾ ਹੈ ਕਿ ਉਹ ਆਪ ਸਭ ਜਾਣਦਾ ਹੈ, ਉਹ ਆਪ ਹੀ ਸਾਨੂੰ ਸਾਡੀ ਲੋੜ ਮੁਤਾਬਕ ਦਿੰਦਾ ਰਹੇਗਾ।ਜੋ ਉਸ ਵਿਚ ਪੱਕਾ ਨਿਸਚਾ ਰਖਦੇ ਹਨ ਉਨ੍ਹਾਂ ਦੀ ਗਿਣਤੀ ‘ਕੋਈ ਕੋਈ ‘ਕਿਤੇ ਕਿਤੇ’ਹੈ ਭਾਵ ਬੜੀ ਥੋੜੀ ਹੈ।
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ॥ (ਸਲੋਕ ਮ: ੧, ਪੰਨਾ ੧੪੧੧)
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥ (ਗੂਜਰੀ ਵਾਰ ਮ: ੫, ਪੰਨਾ ੪੧੭)

ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥ ੨੫ ॥

ਪਰ ਸਭ ਦਾਤਾਂ ਵਿਚੋਂ ਉਤਮ ਦਾਤ ਹੈ ਨਾਮ ਦੀ ਸਿਫਤ ਸਲਾਹ ਦੀ ਜਿਸਨੂੰ ਪ੍ਰਸੰਨ ਹੋ ਕੇ ਪਰਮਾਤਮਾਂ ਸਿਫਤ ਸਲਾਹ ਦੀ ਦਾਤ ਬਖਸ਼ ਦਿੰਦਾ ਹੈ ਤੇ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦਾ ਹੈ।

ਦੁਨੀਆ ਨ ਸਾਲਾਹਿ ਜੋ ਮਰਿ ਵੰਝਸੀ॥ (ਸੂਹੀ ਮ: ੩, ਪੰਨਾ ੭੫੫)

ਸਿਫਤ ਉਸ ਦੇ ਰੂਪ ਵਿਚ ਹੈ ਸਾਲਾਹ (ਸਲਾਹੁਣਾ) ਉਸ ਦੇ ਕਰਤਬਾਂ ਦੀ ਸਿਫਤ ਹੈ।

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ॥ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ॥ (ਸੁਖਮਨੀ ਮ: ੫, ਪੰਨਾ ੨੯੪)

ਪਰਮਾਤਮਾਂ ਦੇਵਤਿਆਂ ਤੋਂ ਉਨ੍ਹਾਂ ਦੇ ਰਾਜਿਆ ਤੋਂ, ਚਕਰਵਰਤੀ ਰਾਜਿਆਂ ਤੋਂ, ਪਾਤਸ਼ਾਹਾਂ ਤੋਂ ਸਭ ਤੋਂ ਉਪਰ ਹੈ ।
.