.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤ੍ਰਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ" - ਪੱਕਾ ਕਰਕੇ ਸਮਝਣ ਦੀ ਲੋੜ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਹੋਣ ਦੇ ਨਾਤੇ ਜੇ ਅਸਾਂ ਸਿੱਖ ਧਰਮ ਨੂੰ ਬਚਾਉਣਾ ਅਤੇ ਸੰਸਾਰ ਤਲ `ਤੇ ਇਸ ਨੂੰ ਵਿਕਸਿਤ ਕਰਣਾ ਹੈ ਤਾਂ ਸਾਨੂੰ ਅੱਜ ਹੀ ਸਮਾਜਿਕ ਤੌਰ `ਤੇ ਆਪਣੀ ਉਸ ਬੁਨਿਆਦ ਨਾਲ ਜੁੜਣ ਤੇ ਆਪਣੀ ਉਸ ਜੜ੍ਹ ਤੋਂ ਖ਼ੁਰਾਕ ਲੈਣ ਦੀ ਲੋੜ ਹੈ ਜਿਹੜੀ ਸਾਡੇ ਵਾਸਤੇ ਆਦਿ ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ ਪੱਕੀ ਕੀਤੀ ਸੀ।

ਕੌਣ ਨਹੀਂ ਜਾਣਦਾ ਕਿ ਆਪਣੇ ਪ੍ਰਚਾਰ ਦੌਰਿਆਂ ਦੌਰਾਨ, ਸਰੀਰਕ ਤੌਰ `ਤੇ ਆਪਣੇ ਤੋਂ ਇੱਕ ਤੋਂ ਤਿੰਨ ਸਦੀਆਂ ਪਹਿਲਾਂ ਇਸ ਸੰਸਾਰ `ਚ ਆ ਚੁੱਕੇ, ਗੁਰਬਾਣੀ ਖਜ਼ਾਨੇ ਲਈ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਦੇ ਆਧਾਰ `ਤੇ "ਆਤਮ ਦਰਸ਼ੀ" ਗੁਰੂ ਨਾਨਕ ਪਾਤਸ਼ਾਹ ਨੇ ਸਮੇਂ ਨਾਲ ਗੁਰਬਾਣੀ ਦੇ ਤਿਆਰ ਹੋਣ ਵਾਲੇ ਖਜ਼ਾਨੇ ਲਈ ਜਿਨ੍ਹਾਂ ੧੫ ਭਗਤਾਂ ਦੀ ਬਾਣੀ ਇਕਤ੍ਰ ਕੀਤੀ ਸੀ ਉਨ੍ਹਾਂ ਵਿੱਚਕਾਰ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਆਦਿ ਉਹ ਭਗਤ ਵੀ ਮੌਜੂਦ ਹਨ, ਜਿਹੜੇ ਮਨੂਵਾਦੀ ਬ੍ਰਾਹਮਣੀ ਵਰਣ-ਵੰਡ ਵਾਲੀ ਸਮਾਜ ਪਾੜੂ ਤੇ ਉਸ ਰਾਹੀਂ ਕੀਤੀ ਹੋਈ ਮਨੁੱਖ ਸਮਾਜ ਦੀ ਕਾਣੀ ਵੰਡ ਅਨੁਸਾਰ ਸ਼ੂਦ੍ਰ ਤੇ ਨੀਚ ਜਾਤੀਆਂ ਨਾਲ ਹੀ ਸੰਬੰਧਤ ਸਨ।

ਜਦਕਿ ਇਧਰ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ" (ਪੰ: ੧੪੦੮) ਜਗਤ-ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ, ਉਨ੍ਹਾਂ ਦੀਆਂ ਜਿਨ੍ਹਾਂ ਰਚਨਾਵਾਂ ਨੂੰ ਆਪਣੀ ਬਰਾਬਰੀ ਦਿੱਤੀ ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਅੱਜ ਵੀ ਦਰਜ ਹਨ। ਉਸੇ ਦਾ ਨਤੀਜਾ ਹੈ ਕਿ ਅੱਜ ਹਰੇਕ ਗੁਰੂ ਨਾਨਕ ਨਾਮ ਲੇਵਾ ਜਦੌ "ਜੁਗੋ-ਜੁਗ ਅਟੱਲ", "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਦਾ ਹੈ ਤਾਂ ਉਹ ਆਪਣੇ ਅਪ "ਗੁਰੂ ਗੁਰਬਾਣੀ" ਵਾਲਾ ਉਹੀ ਬਰਾਬਰ ਦਾ ਸਤਿਕਾਰ ਉਨ੍ਹਾਂ ਭਗਤਾਂ ਦੀਆਂ ਉਨ੍ਹਾਂ ਰਚਨਾਵਾਂ ਨੂੰ ਵੀ ਦੇ ਰਿਹਾ ਹੁੰਦਾ ਹੈ, ਭਾਵ ਜਿਹੜੇ ਭਗਤ ਮਨੂਵਾਦੀ ਵੰਡ ਅਨੁਸਾਰ ਸ਼ੂਦ੍ਰ ਜਾਤੀਆਂ `ਚੋਂ ਸਨ ਅਤੇ ਹਨ।

(ੳ) ਇਸ ਤੋਂ ਬਾਅਦ ਇਹ ਵੀ ਦੇਖ ਆਏ ਹਾਂ ਕਿ ਆਦਿ ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਤਿਕਾਰ ਆਪਣੀ ਇਕੋ ਇੱਕ ਵੱਡੀ ਭੈਣ, ਬੇਬੇ ਨਾਨਕੀ ਜੀ ਨੂੰ ਦਿੱਤਾ ਤਾਂ ਉਨ੍ਹਾਂ ਰਾਹੀਂ ਉਹ ਸਿੱਧੇ ਤੌਰ `ਤੇ ਉਹ ਸਤਿਕਾਰ ਵੀ ਆਪਣੇ ਆਪ `ਚ ਇਸਤ੍ਰੀ ਵਰਗ ਨੂੰ ਪੁਰਖ ਵਰਗ ਦੀ ਬਰਾਬਰੀ ਦੇਣ ਸੰਬੰਧੀ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕੱਦਮ ਸੀ।

ਅਜਿਹਾ ਕੱਦਮ ਜਿਹੜਾ ਸਮੇਂ ਨਾਲ ਗੁਰੂ ਪ੍ਰਵਾਰਾ `ਚੋਂ ਬੀਬੀ ਭਾਨੀ ਜੀ, ਮਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ ਆਦਿ ਉਪ੍ਰੰਤ ਮਾਤਾ ਭਾਗ ਕੌਰ, ਮਾਤਾ ਸਦਾ ਕੌਰ, ਬੀਬੀ ਸ਼ਰਨ ਕੌਰ, ਰਾਣੀ ਜਿੰਦ ਕੌਰ ਆਦਿ ਦੇ ਰੂਪ `ਚ ਲਗਾਤਾਰ ਅੱਜ ਤੀਕ ਪ੍ਰਫ਼ੁਲਤ ਹੋ ਰਿਹਾ ਹੈ ਅਤੇ ਹੁੰਦਾ ਵੀ ਰਵੇਗਾ।

ਇਤਨਾ ਹੀ ਨਹੀਂ, ਗੁਰਦੇਵ ਨੇ ਬਾਣੀ "ਆਸਾ ਕੀ ਵਾਰ" ਵਿੱਚਲੇ ਸਲੋਕਾਂ ਬਲਕਿ ਗੁਰਬਾਣੀ `ਚ ਹੋਰ ਵੀ ਕਈ ਥਾਵੇਂ, ਇਸ ਇਲਾਹੀ ਸੱਚ ਨੂੰ ਸਦੀਵ ਕਾਲ ਲਈ ਉਜਾਗਰ ਕੀਤਾ। ਬਲਕਿ ਗੁਰਦੇਵ ਨੇ ਉਸ ਦੇ ਬਦਲੇ `ਚ ਪੁਰਖ ਵਰਗ ਵੱਲੌਂ ਇਸਤ੍ਰੀ ਵਰਗ ਨਾਲ ਸਦਾ ਤੋਂ ਕੀਤੀ ਜਾ ਰਹੀ ਅਵਹੇਲਣਾ ਲਈ ਵੀ ਮਨੁੱਖ ਨੂੰ ਤਾੜਣਾ ਕੀਤੀ ਜਿਵੇਂ:-

() "ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨॥" (ਪੰ: ੪੭੩)।

() "ਮਃ ੧॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ ੨॥" (ਪੰ: ੪੭੨)

() "ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ" (ਪੰ: ੯੬੭)

() "ਆਪੇ ਪੁਰਖੁ ਆਪੇ ਹੀ ਨਾਰੀ॥ ਆਪੇ ਪਾਸਾ ਆਪੇ ਸਾਰੀ॥ ਆਪੇ ਪਿੜ ਬਾਧੀ ਜਗੁ ਖੇਲੈ, ਆਪੇ ਕੀਮਤਿ ਪਾਈ ਹੇ" (ਪੰ: ੧੦੨੦)

() "ਇਸਤਰੀ ਪੁਰਖ ਹੋਇ ਕੈ, ਕਿਆ ਓਇ ਕਰਮ ਕਮਾਹੀ॥ ਨਾਨਾ ਰੂਪ ਸਦਾ ਹਹਿ ਤੇਰੇ, ਤੁਝ ਹੀ ਮਾਹਿ ਸਮਾਹੀ" (ਪੰ: ੧੬੨)

() "ਨਾਰੀ ਪੁਰਖੁ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ" (ਪੰ: ੯੮੩) ਆਦਿ

(ਅ) ਉਪ੍ਰੰਤ "ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ" ਬੇਸ਼ੱਕ ਹੱਥਲੇ ਗੁਰਮੱਤ ਪਾਠ ਦੇ ਅਰੰਭ `ਚ ਭਾਈ ਮਰਦਾਨਾ ਅਤੇ ਭਾਈ ਲਾਲੋ ਬਾਰੇ ਬੜਾ ਖੁੱਲ ਕੇ ਵੇਰਵਾ ਆ ਚੁੱਕਾ ਹੈ ਤਾਂ ਵੀ ਪ੍ਰਕਰਣ ਦੀ ਲੋੜ ਅਨੁਸਾਰ ਇਥੇ ਵਿਸ਼ੇ ਨੂੰ ਦੌਰਾਉਣਾ ਜ਼ਰੂਰੀ ਸਮਝਦੇ ਹਾਂ।

ਸ਼ੱਕ ਨਹੀਂ, ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਨਿਯਤ ਇਕੋ ਇੱਕ ਸੱਚ ਧਰਮ ਨੂੰ ਸਿੱਖ ਲਹਿਰ ਅਥਵਾ ਸਿੱਖ ਧਰਮ ਦੇ ਰੂਪ `ਚ ਜਦੋਂ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ" (ਪੰ: ੧੪੦੮) ਭਾਵ ਆਦਿ ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ ਉਜਾਗਰ ਕੀਤਾ ਤਾਂ ਸੰਸਾਰ ਤਲ `ਤੇ ਸਭ ਤੋਂ ਪਹਿਲਾਂ ਇਹ ਮਾਨ, ਮਰਾਸੀ ਕੁਲ `ਚ ਜਨਮੇ ਚੋਂਭੜ ਜਾਤ ਦੇ ਮਰਦਾਨੇ ਨੂੰ ਹੀ ਪ੍ਰਾਪਤ ਹੋਇਆ।

ਉਹ ਮਰਦਾਨਾ ਜਿਹੜਾ ਜਨਮ ਤੋਂ ਹਿੰਦੂਆਂ ਦੀ ਬੋਲੀ `ਚ ਵੀ ਮੁਸਲਮਾਨ ਹੋਣ ਕਰਕੇ ਮਲੇਛ ਭਾਵ ਨਾ ਭਿੱਟਣ ਯੋਗ ਸੀ ਅਤੇ ਮੁਸਲਮਾਨਾਂ ਮੁਤਾਬਿਕ ਵੀ ਉਨ੍ਹਾਂ ਦੀਆਂ ਸਭ ਤੋਂ ਨੀਵੀਆਂ ਜਾਤਾਂ `ਚੋਂ ਸੀ, ਗੁਰਦੇਵ ਨੇ ਉਸ ਨੂੰ ਭਾਈ ਭਾਵ ਆਪਣੇ ਬਰਾਬਰ ਦਾ ਸਤਿਕਾਰ ਦੇ ਕੇ ਨਿਵਾਜਿਆ।

ਹੋਰ ਤਾਂ ਹੋਰ, ਗੁਰੂ ਨਾਨਕ ਪਾਤਸ਼ਾਹ ਨੇ, ਬਿਨਾ ਵਿੱਤਕਰਾ ਜਾਤ-ਗੋਤ-ਵਰਣ, ਊਚ-ਨੀਚ ਗੁਰੂ ਦਰ `ਤੇ ਗੁਰੂ ਦਰ ਦੀਆਂ ਸਾਂਝੀਆਂ ਸੰਗਤਾਂ ਵਾਲਾ, ਜਿਹੜਾ ਸਵੇਰ ਤੇ ਸ਼ਾਮ, ਦੋ ਵੱਕਤ ਦੇ ਸਤਿਸੰਗਾਂ ਦਾ ਸਿਲਸਿਲਾ ਆਪਣੀ ਬਾਲ ਉਮਰ ਦੌਰਾਨ, ਆਪਣੇ ਜਨਮ ਸਥਾਨ ਤਲਵੰਡੀ (ਬਾਅਦ `ਚ "ਨਨਕਾਨਾ ਸਾਹਿਬ" ਜਿਹੜਾ ਹੁਣ ਪਾਕਿਸਤਾਨ `ਚ ਹੈ) ਵਿਖੇ ਅਰੰਭ ਕੀਤਾ ਸੀ।

ਉਥੇ ਵੀ ਗੁਰਦੇਵ ਨੇ ਸਵੇਰ-ਸ਼ਾਮ ਦੇ ਉਨ੍ਹਾਂ ਸਤਿਸੰਗਾਂ `ਚ ਆਪਣੇ ਨਾਲ ਬਿਠਾ ਕੇ ਰਬਾਬ ਵਜਾਉਣ ਦਾ ਮਾਨ ਬਖ਼ਸ਼ਿਆ ਤਾਂ ਉਹ ਵੀ ਉਸ ਮਰਦਾਨੇ ਨੂੰ ਹੀ। ਜਦਕਿ ਵੱਕਤ ਦੇ ਹਾਲਾਤ ਮੁਤਾਬਕ ਓਦੋਂ ਇਹ ਸਭ, ਆਪਣੇ ਆਪ `ਚ ਗੁਰਦੇਵ ਰਾਹੀਂ ਵਰਣਵੰਡ, ਜਾਤ-ਪਾਤ, ਧਾਰਮਿਕ ਕੱਟਰਤਾ ਤੇ ਮਨੁੱਖੀ ਭੇਦ-ਭਾਵ ਦੇ ਮੁਦਈਆਂ `ਤੇ ਭਰਵੀਂ ਚੋਟ ਤੇ ਉਨ੍ਹਾਂ ਨੂੰ ਵੱਡੀ ਵੰਗਾਰ ਵੀ ਸੀ।

ਇਥੋਂ ਤੀਕ ਕਿ ਜਾਤ ਅਭਿਮਾਨੀਆਂ ਅਨੁਸਾਰ "ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ" ਭਾਵ ਸਭ ਤੋਂ ਨੀਵੀਂ ਕੁਲ `ਚ ਜਨਮ ਲੈਣ ਵਾਲਾ ਇਹੀ ਭਾਈ ਮਰਦਾਨਾ, ਭਾਈ ਮਨੀ ਸਿੰਘ ਜੀ ਦੀ ਗਿਆਨ ਰਤਨਾਵਲੀ ਦੀ ਪਉੜੀ ਨੰ-੪੭ ਅਨੁਸਾਰ ਕੇਵਲ ਚਰਣ ਪਾਹੁਲ ਪ੍ਰਾਪਤ ਗੁਰੂ ਕਾ ਸਿੱਖ ਹੀ ਨਹੀਂ ਸੀ ਰਹਿ ਚੁੱਕਾ ਬਲਕਿ ਚਰਣ ਪਾਹੁਲ ਪ੍ਰਾਪਤ ਸਿੱਖ ਧਰਮ ਦਾ ਅਧਿਕਾਰੀ ਪ੍ਰਚਾਰਕ ਹੋਣ ਕਾਰਣ, ਭਾਈ ਨੀਰੂ ਆਦਿ ਨੂੰ ਖ਼ੁੱਦ "ਗੁਰਬਾਣੀ ਦੇ ਚਰਣਾਂ ਵਾਲੀ ਪਾਹੁਲ" ਦੇ ਕੇ ਸਿੱਖ ਧਰਮ `ਚ ਪ੍ਰਵੇਸ਼ ਵੀ ਉਸ ਨੇ ਹੀ ਕਰਵਾਇਆ ਸੀ।

ਹੋਰ ਤਾਂ ਹੋਰ, ਆਪਣੀ ਜ਼ਿੰਦਗੀ ਦਾ ਸਭ ਤੋਂ ਲੰਮਾਂ ਸਮਾਂ, ਲਗਾਤਾਰ ੪੭ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਣਾਂ `ਚ ਬਿਤਾਉਣ ਵਾਲੇ ਭਾਈ ਮਰਦਾਨੇ `ਤੇ ਗੁਰੂ ਨਾਨਕ ਪਾਤਸ਼ਾਹ ਇਤਨੇ ਵੱਧ ਰੀਝੇ ਸਨ ਕਿ ਮੌਜੂਦਾ ਛਪਾਈ ਵਾਲੀਆਂ ਬੀੜਾਂ `ਚ ਪੰ: ੫੫੩ `ਤੇ ਗੁਰਦੇਵ ਨੇ ਬਿਹਾਗੜੇ ਦੀ ਵਾਰ `ਚ ਆਪਣੇ ਵੱਲੋਂ ਤਿੰਨ ਸਲੋਕ ਭਾਈ ਮਰਦਾਨੇ ਨੂੰ ਸਮ੍ਰਪਿਤ ਕੀਤੇ ਜਦਕਿ ਇਹ ਸਾਰਾ ਜ਼ਿਕਰ ਹੱਥਲੇ ਪਾਠ `ਚ ਆ ਚੁੱਕਾ ਹੈ ਅਤੇ ਉਸਨੂੰ ਉਥੋਂ ਵੇਰਵੇ ਸਹਿਤ ਪੜ੍ਹਿਆ ਵੀ ਜਾ ਸਕਦਾ ਹੈ।

ਇਸ ਤੋਂ ਬਾਅਦ ਇਹ ਵੀ ਪੜ੍ਹ ਆਏ ਹਾਂ ਕਿ ਗੁਰਦੇਵ ਨੇ ਜਦੋਂ ਆਪਣੀਆਂ ਗੁਰਮੱਤ ਪ੍ਰਚਾਰ ਫ਼ੇਰੀਆਂ (ਉਦਾਸੀਆਂ) ਦਾ ਅਰੰਭ ਕੀਤਾ ਤੇ ਆਪ ਨੇ ਉਹ ਵੀ ਮਲਿਕ ਭਾਗੋ ਦੇ ਮਾਲਪੂਏ ਅਤੇ ਸ਼ਾਹੀ ਠਾਠ ਨੂੰ ਠੁੱਕਰਾ ਕੇ ਬਦਲੇ `ਚ ਇੱਕ ਕਿਰਤੀ ਤੇ ਅਤਿ ਦੇ ਗ਼ਰੀਬੜੇ ਭਾਈ ਲਾਲੋ ਤਰਖਾਣ ਦੇ ਗ੍ਰਿਹ `ਚ ਟਿਕਾਅ ਕਰਕੇ ਹੀ ਕੀਤਾ ਸੀ। ਬਲਕਿ ਗੁਰਦੇਵ ਨੇ ਉਸ ਭਾਈ ਲਾਲੋ ਨਾਲ ਆਪ ਬੈਠ ਕੇ ਉਸ ਸਲ ਕੋਧਰੇ ਦੀਆਂ ਰੋਟੀਆਂ ਵੀ ਛੱਕੀਆਂ ਸਨ।

"ਤੈਸੜਾ ਕਰੀ ਗਿਆਨੁ ਵੇ ਲਾਲੋ" - ਇਸ ਤਰ੍ਹਾਂ ਭਾਈ ਮਰਦਾਨੇ ਤੋਂ ਬਾਅਦ ਜਿਵੇ ਗੁਰੂ ਨਾਨਕ ਪਾਤਸ਼ਾਹ ਨੇ "ਬਿਹਾਗੜੇ ਕੀ ਵਾਰ" ਦੀ ਬਾਰ੍ਹਵੀਂ ਪਉੜੀ ਦੇ ਨਾਲ ਲਗਦੇ ਤਿੰਨ ਸਲੋਕ ਭਾਈ ਮਰਦਾਨੇ ਨੂੰ ਸਮ੍ਰਪਿਤ ਕਰਕੇ, ਜੁਗੋ ਜੁਗ ਅਟੱਲ ਗੁਰਬਾਣੀ `ਚ ਭਾਈ ਮਰਦਾਨੇ ਦਾ ਨਾਮ, ਇਤਿਹਾਸ ਦੇ ਪੰਨਿਆਂ `ਤੇ ਸਦਾ ਲਈ ਅਮਰ ਕਰ ਦਿੱਤਾ

ਠੀਕ ਉਸੇ ਤਰ੍ਹਾਂ ਇਥੇ ਵੀ ਗੁਰਦੇਵ ਨੇ "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ" (ਪੰ: ੭੨੨) ਵਾਲੇ ਸ਼ਬਦ `ਚ ਇੱਕ ਜਾਂ ਦੋ ਵਾਰੀ ਨਹੀਂ ਬਲਕਿ, ਭਾਈ ਲਾਲੋ ਦਾ ਨਾਮ ਵੀ ਗੁਰਬਾਣੀ `ਚ ਲਗਾਤਾਰ ਸੱਤ ਵਾਰੀ ਦਰਜ ਕਰ ਕੇ ਭਾਈ ਲਾਲੋ ਦੇ ਨਾਮ ਨੂੰ ਵੀ, ਇਤਿਹਾਸ ਦੇ ਪੰਨਿਆਂ `ਤੇ "ਜੁਗੋ ਜੁਗ ਅਟੱਲ" ਗੁਰਬਾਣੀ ਰਸਤੇ ਸਦਾ ਲਈ ਅਮਰ ਕਰ ਦਿੱਤਾ। ਤਾਂ ਤੇ "ਜੈਸੀ ਮੈ ਆਵੈ ਖਸਮ ਕੀ ਬਾਣੀ. ." ਵਾਲਾ ਉਹ ਪੂਰਾ ਸ਼ਬਦ ਵੀ ਇਸ ਤਰ੍ਹਾਂ ਹੈ:-

ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ ੧

ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ੨॥ ੩॥ ੫

ਇਥੇ ਹੁਣ ਸੁਆਲ ਪੈਦਾ ਹੁੰਦਾ ਹੈ ਕਿ ਇਸਤ੍ਰੀ ਵਰਗ ਨੂੰ ਬਰਾਬਰ ਦਾ ਸਤਿਕਰ ਅਤੇ ਭਾਈ ਮਰਦਾਨੇ ਤੇ ਭਾਈ ਲਾਲੋ ਬਾਰੇ ਸਾਨੂੰ ਦੋਬਾਰਾ ਇਹ ਸਾਰਾ ਵੇਰਵਾ ਦੇਣ ਦੀ ਲੋੜ ਕਿਉਂ ਪਈ।

ਸਾਨੂੰ ਉਹ ਲੋੜ ਕੇਵਲ ਇਸ ਲਈ ਪਈ ਤਾਂ ਕਿ ਸਾਨੂੰ ਸਮਝ ਆ ਜਾਵੇ ਕਿ ਗੁਰੂ ਸਾਹਿਬਾਨ ਨੇ ਸਾਡੀ ਜੜ੍ਹ `ਚ ਸੰਪੂਰਣ ਮਾਨਵਤਾ ਦਾ ਕਿਹੜਾ ਬੀਜ ਪਾਇਆ ਸੀ ਅਤੇ ਉਸ ਤੋਂ ਟੁੱਟ ਕੇ ਅੱਜ ਅਸੀਂ ਕਿਥੇ ਖੜੇ ਹਾਂ?

ਕਿਉਂਕਿ ਸੰਸਾਰ ਤਲ `ਤੇ ਵੀ ਸਚਾਈ ਇਹੀ ਹੈ ਕਿ ਜਿਹੜਾ ਬਿਰਖ ਆਪਣੀ ਖ਼ੁਰਾਕ, ਆਪਣੀ ਜੜ੍ਹ `ਚੋਂ ਲੈ ਰਿਹਾ ਹੁੰਦਾ ਉਸ ਨੂੰ ਆਪਣੇ ਤਨੇ, ਡਾਲੀਆਂ, ਪੱਤੀਆਂ ਤੇ ਫੁਲਾਂ ਤੌ ਅੰਤ ਫ਼ਲ ਵੀ ਉਹੀ ਪੈ ਰਿਹਾ ਹੁੰਦਾ ਹੈ।

ਸਾਡੀ ਅਜੋਕੇ ਪੰਥਕ ਹਾਲਾਤ ਸਾਡੇ ਰਾਹੀਂ ਸਾਨੂੰ ਸਿੰਘ ਤੇ ਕੌਰ ਵਾਲੀ ਦਸਮੇਸ਼ ਪਿਤਾ ਰਾਹੀਂ ਸਾਨੂੰ ਬਖ਼ਸ਼ੀ ਹੋਈ ਸਾਡੀ ਵਿਰਾਸਤ ਨੂੰ ਪਿਛੇ ਪਾ ਕੇ ਅੱਜ ਸਾਡੇ ਨਾਵਾਂ ਨਾਲ ਦਬਾ-ਦਬ ਜਿਹੜੇ ਮਨੂਵਾਦੀ ਬ੍ਰਾਹਮਣੀ, ਮਨੁੱਖ ਸਮਾਜ `ਚ ਪਾਈ ਹੋਈ ਵਰਣ-ਵੰਡ, ਊਚ-ਨੀਚ ਜਾਤ ਤੇ ਗੋਤ ਵਾਲੇ ਜਾਂ ਵੰਸਾਂ-ਕੁਲਾਂ ਵਾਲੇ ਲੱਕਬ, ਚਮਕ ਰਹੇ ਹਨ:-

ਉਹ ਸਾਰੇ ਇਸ ਦਾ ਵੱਡਾ ਸਬੂਤ ਹਨ ਕਿ ਅੱਜ ਅਸੀਂ ਆਪਣੀ ਖ਼ੁਰਾਕ, ਗ੍ਰੁਰੂ ਨਾਨਕ ਪਾਤਸ਼ਾਹ ਰਾਹੀਂ ਸਾਡੀ ਜੜ੍ਹ `ਚ ਪਾਈ ਹੋਈ ਬੇਬੇ ਨਾਨਕੀ, ਭਾਈ ਮਰਦਾਨੇ ਅਥਵਾ ਭਾਈ ਲਾਲੋ ਆਦਿ ਵਾਲੀ ਸਦਾ ਤਾਜ਼ੀ ਰਹਿਣ ਵਾਲੀ ਉਸ ਜੜ੍ਹ `ਚੋਂ ਉੱਕਾ ਹੀ ਨਹੀਂ ਲੈ ਰਹੇ।

ਜਦਕਿ ਗੁਰਦੇਵ ਰਾਹੀਂ ਆਪਣੇ ਪਹਿਲੇ ਜਾਮੇ ਦੌਰਾਨ ਹੀ ਸਾਡੀ ਜੜ੍ਹ `ਚ ਪਾਏ ਹੋਏ ਹੋਏ ਬੇਬੇ ਨਾਨਕੀ, ਭਾਈ ਮਰਦਾਨੇ ਤੇ ਭਾਈ ਲਾਲੋ ਵਾਲੇ ਉਸ ਬੀਜ ਦੀ ਹੀ ਇਹ ਪ੍ਰਫ਼ੁਲਤਾ ਦਾ ਪ੍ਰਗਟਾਵਾ ਸੀ--ਜਦੋਂ ਦਸਵੇਂ ਜਾਮੇ `ਚ ਕਲਗੀਧਰ ਪਿਤਾ ਨੇ ਨੰਗੀ ਤਲਵਾਰ ਦੀ ਧਾਰ `ਤੇ ਸਾਡਾ ਇਮਤਿਹਾਨ ਲਿਆ ਤਾਂ ਅਸੀਂ ੧੦੦% (੧੦੦ ਪ੍ਰਤੀਸ਼ਤ) ਨੰਬਰ ਲੈ ਕੇ ਪਾਸ ਹੋਏ ਸਾਂ।

ਉਸ ਦਾ ਵੱਡਾ ਸਬੂਤ ਸੀ ਉਨ੍ਹਾਂ ਸਭ ਤੋਂ ਪਹਿਲਾਂ ਨਿਤਰਣ ਵਾਲੇ ਪੰਜਾ ਪਿਆਰਿਆਂ ਚੋਂ ਚਾਰ ਉਹ ਸਨ ਜਿਨ੍ਹਾਂ ਦੇ ਪੂਰਵਜ ਲਗਭਗ ਪੰਜਵੇ ਤੇ ਛੇਵੇਂ ਜਾਮੇ ਸਮੇਂ, ਮਨੂਵਾਦੀ-ਬ੍ਰਾਹਮਣੀ ਵੰਡ ਅਨੁਸਾਰ ਉਨ੍ਹਾਂ ਪੱਛੜੀਆਂ ਤੇ ਦਲਿਤ ਜਾਤੀਆਂ ਤੇ ਸ਼ਰੇਣੀਆਂ `ਚੋਂ ਆ ਕੇ ਹੀ ਗੁਰੂ ਦਰ ਨਾਲ ਜੁੜੇ ਹੋਏ ਸਨ।

ਇਹ ਵੀ ਕਿ ਉਹ ਪੰਜ ਪਿਆਰੇ ਭਾਰਤ ਦੇ ਦੂਰ-ਦਰਾਜ਼ ਦੇ ਖੇਤ੍ਰਾਂ ਨਾਲ ਵੀ ਸੰਬੰਧਤ ਸਨ, ਜਿਹੜਾ ਆਪਣੇ ਆਪ `ਚ ਇਸ ਦਾ ਸਬੂਤ ਹਨ ਕਿ ਉਸ ਸਮੇਂ ਤੀਕ ਗੁਰੂ ਦਰ ਸਿੱਖੀ ਭਾਰਤ ਦੇ ਹਰ-ਕੋਣੇ ਤੇ ਨੁੱਕਰ `ਚ ਪ੍ਰਫ਼ੁਲਤ ਹੋ ਚੁੱਕੀ ਹੋਈ ਸੀ।

ਫ਼ਿਰ ਇਤਨਾ ਹੀ ਨਹੀਂ, ਇਹ ਇਸ ਸਚਈ ਦਾ ਵੀ ਅਕੱਟ ਤੇ ਵੱਡਾ ਸਬੂਤ ਹੈ ਕਿ ਗੁਰੂ ਦਰ ਦੀ ਜਿਹੜੀ ਸਿੱਖ ਲਹਿਰ ਦਾ ਅਰੰਭ ਗੁਰਦੇਵ ਨੇ ਆਪਣੇ ਪਹਿਲੇ ਜਾਮੇ `ਚ ਬੇਬੇ ਨਾਨਕੀ, ਭਾਈ ਮਰਦਾਨੇ ਤੇ ਭਾਈ ਲਾਲੋ ਤੋਂ ਕੀਤਾ ਸੀ---ਦਸਮੇਸ਼ ਪਿਤਾ ਦੇ ਸਮੇਂ ਤੀਕ ਗੁਰੂ ਦਰ ਦੀ ਉਸ ਸਿੱਖ ਲਹਿਰ ਅਤੇ ਸਿੱਖ ਧਰਮ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਭਾਰਤ ਦੀਆਂ ਪੱਛੜੀਆਂ ਤੇ ਦਲਿਤ ਸ਼੍ਰੇਣੀਆਂ `ਚ ਵੀ ਪ੍ਰਫ਼ੁਲਤ ਹੋ ਚੁੱਕੀਆਂ ਹੋਈਆਂ ਸਨ; ਤਾਂ ਉਹ ਸਭ ਅੱਜ ਕਿਉਂ ਨਹੀਂ?

ਇਸ ਲਈ ਸਾਨੂੰ ਚੇਤੇ ਰਹਿਣਾ ਚਾਹੀਦਾ ਹੈ ਕਿ ਜਿੱਤਣੀ ਜਲਦੀ ਹੋ ਸਕੇ ਸਾਨੁੰ, ਸਿੱਖ ਕੌਮ ਦੀਆਂ ਜੜ੍ਹਾਂ `ਚ ਮੁੜ ਤੋਂ ਧੱਸ ਚੁੱਕੇ ਉਸ ਮਨੂਵਾਦੀ ਬ੍ਰਾਹਮਣੀ ਤੇ ਵੰਸ਼ਾਂ-ਕੁਲਾਂ ਵਾਲੇ ਜੂਲੇ ਨੂੰ ਲਾ ਕੇ ਸੁੱਟਣ ਦੀ ਲੋੜ ਹੈ।

ਕਿਉਂਕਿ ਗੁਰਬਾਣੀ ਅਨੁਸਾਰ ਜਨਮ ਕਰਕੇ ਕੋਈ ਵੀ ਮਨੁੱਖ, ਉੱਚੀ ਜਾਂ ਨੀਵੀਂ ਜਾਤ, ਕੁਲ ਤੇ ਵੰਸ਼ ਦਾ ਨਹੀਂ ਹੁੰਦਾ। ਗੁਰੂ ਦਰ `ਤੇ ਤਾਂ:-

() "ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ) ਅਥਵਾ

() "ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ" (ਪੰ: ੧੦)

ਆਦਿ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਨੀਵੀਂ ਜਾਤ ਦੇ ਕੇਵਲ ਉਹ ਹੁੰਦੇ ਹਨ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਗ੍ਰੁਰੂ-ਗੁਰਬਾਣੀ ਦੀ ਸ਼ਰਣ `ਚ ਨਹੀਂ ਆਉਂਦੇ ਤੇ ਆਪਣੇ ਪ੍ਰਾਪਤ ਦੁਰਲਭ ਮਨੁੱਖਾ ਜਨਮ ਨੂੰ ਵੀ ਮੁੜ ਬਿਰਥਾ ਕਰਕੇ ਸੰਸਾਰ ਤੋਂ ਖਾਲੀ ਹੱਥ ਚਲੇ ਜਾਂਦੇ ਹਨ।

ਇਸ ਤਰ੍ਹਾਂ ਜਿਹੜੇ ਜੀਵਨ ਭਰ ਸ਼ਬਦ-ਗੁਰੂ ਦੀ ਕਮਾਈ ਵਿਹੂਣੇ ਰਹਿਣ ਕਾਰਣ ਆਪਣੇ ਅਸਲੇ ਪ੍ਰਭੂ ਨਾਲੋਂ ਟੁੱਟੇ ਰਹਿ ਕੇ ਮਨਮੁਖਤਾ ਭਰਪੂਰ, ਆਪਹੁੱਦਰਾ ਤੇ ਸਾਕਤੀ ਜੀਵਨ ਬਤੀਤ ਕਰਦੇ ਹਨ। (ਚਲਦਾ) #234P-XXXXIII-02.17-0217#P43v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤ੍ਰਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.