.

ਜਪੁਜੀ ਪਉੜੀ ਚੌਵੀਵੀਂ ਦੀ ਗੁਰਬਾਣੀ ਅਨੁਸਾਰ ਵਿਆਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚੌਵੀਵੀਂ ਪਉੜੀ ਵਿਚ ਵੀ ‘ਅੰਤ ਨਹੀਂ’ ਵਿਸ਼ੇ ਦੀ ਵਿਸਥਾਰ ਨਾਲ ਵਿਆਖਿਆ ਚੱਲ ਰਹੀ ਹੈ । ਉਸ ਦਾ ਅੰਤ ਕਿਵੇਂ ਪਾਈਏ ਤੇ ਕਿਵੇਂ ਬਿਆਨੀਏਂ ਉਸ ਬਾਰੇ ਕਹਿਣਾ, ਉਸ ਦਾ ਕੀਤਾ ਵੇਖਣਾ ਤੇ ਸੁਣਨਾ, ਸੋਚਣਾ, ਉਸਦੇ ਆਕਾਰ ਗਿਣਨੇ ਸਾਰੇ ਇਨਸਾਨੀ ਸੋਚ ਸਮਝ ਤੋਂ ਪਰੇ ਦੀ ਗੱਲ ਹੈ।
ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ॥ਬਹੁਤਾ ਕਹੀਐ ਬਹੁਤਾ ਹੋਇ॥ਵਡਾ ਸਾਹਿਬੁ ਊਚਾ ਥਾਉ॥ਊਚੇ ਉਪਰਿ ਊਚਾ ਨਾਉ॥ ਏਵਡੁ ਊਚਾ ਹੋਵੈ ਕੋਇ॥ਤਿਸੁ ਊਚੇ ਕਉ ਜਾਣੈ ਸੋਇ॥ਜੇਵਡੁ ਆਪਿ ਜਾਣੈ ਆਪਿ ਆਪਿ॥ਨਾਨਕ ਨਦਰੀ ਕਰਮੀ ਦਾਤਿ॥੨੪ ॥
ਉਹ ਅਨੰਤ ਹੈ, ਉਸ ਦਾ ਸਭ ਕੁਝ ਅਨੰਤ ਹੈ, ਇਸ ਕਰਕੇ ਜੀਵ ਉਸ ਦੀ ਕਿਸੇ ਗੱਲ ਦਾ ਅੰਤ ਨਹੀਂ ਪਾ ਸਕਦਾ। ਉਸ ਤਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਹੈ
ਅੰਤੁ ਨ ਸਿਫਤੀ ਕਹਣਿ ਨ ਅੰਤੁ॥
ਜਦ ਅਸੀਂ ਉਸ ਕੀੜੀ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਸ ਦੇ ਅੰਦਰ ਰੱਬ ਵਸਿਆ ਹੋਇਆ ਹੈ ਤਾਂ ਅਸੀਂ ਉਸ ਦੀ ਸਾਰੀ ਸ਼੍ਰਿਸ਼ਟੀ ਦਾ ਅੰਤ ਕਿਵੇਂ ਪਾ ਸਕਦੇ ਹਾਂ? ਪਰਮਾਤਮਾ ਦੇ ਗੁਣਾਂ ਦਾ ਤਾਂ ਕੋਈ ਅੰਤ ਨਹੀਂ, ਉਸਦੀਆਂ ਜਿਤਨੀਆਂ ਵੀ ਸਿਫਤਾਂ ਕਰਦੇ ਜਾਈਏ ਅਸੀਂ ਉਸ ਦੇ ਸਾਰੇ ਗੁਣ ਨਹੀਂ ਕਹਿ ਸਕਦੇ; ਨਾਂ ਹੀ ਗੁਣਾਂ ਦੇ ਕਥਨ ਦਾ ਅੰਤ ਹੈ ਭਾਵ ਕਥਨ ਕਦੇ ਵੀ ਮੁਕਦਾ ਨਹੀਂ, ਅੰਤ ਨਹੀਂ ਪਾਇਆ ਜਾ ਸਕਦਾ।
ਵਾਹਿਗੁਰੂ ਬੜਾ ਬੇਅੰਤ ਹੈ ਤੇ ਬੇਅੰਤ ਹੈ ਉਸਦੀ ਰਚਨਾ।ਬੇਅੰਤ ਦੀ ਹਰ ਗੱਲ ਬੇਅੰਤ ਹੈ।
ਬੇਅੰਤ ਸਾਹਿਬ ਮੇਰਾ ਮਿਹਰਵਾਣੁ॥ (ਰਾਮਕਲੀ ਮ: ੫, ਪੰਨਾ ੮੯੪)
ਬੇਅੰਤ ਹਨ ਉਸ ਦੇ ਗੁਣ:
ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੁ ਨ ਜਾਇ ਕਹੀ॥ (ਆਸਾ ਮ: ੫, ਪੰਨਾ ੪੫੮)
ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ॥ (ਗਉ ਮ: ੫, ਪੰਨਾ ੨੪੮)
ਬੇਅੰਤ ਗੁਣ ਤੇਰੇ ਤਾ ਕੇ ਕੇਤਕ ਗਨੀ॥ (ਗੌਂਡ ਮ: ੫, ਪੰਨਾ ੯੬੨)
ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ॥ (ਰਾਮਕਲੀ ਮ: ੫, ਪੰਨਾ ੯੨੭)
ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ॥ (ਆਸਾ ਮ: ੫, ਪੰਨਾ ੪੫੩)
ਭਗਤ ਕਬੀਰ ਲਿਖਦੇ ਹਨ ਕਿ ਦੇ ਪਰਮਾਤਮਾ! ਤੇਰੀਆਂ ਸਿਫਤਾਂ ਦਾ ਕੋਈ ਅੰਤ ਨਹੀਂ। ਜ਼ਮੀਨ ਕਾਗਜ਼ ਬਣ ਜਾਏ, ਦਰਖਤ ਕਲਮਾਂ ਹੋ ਜਾਣ, ਖਿਆਲ ਲਿਖਣ ਵਾਲੀ ਵਾਯੂ ਹੋਵੇ,ਤਾਂ ਵੀ ਤੂੰ ਬੇਅੰਤ ਹੈਂ।
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨ ਨ ਜਾਇ॥
ਅਨੰਤ ਹਨ ਉਸ ਦੇ ਰੂਪ:
ਅਨੰਤ ਰੂਪ ਤੇਰੇ ਨਾਰਾਇਣਾ॥(ਭੈਰਉੇ ਨਾਮਦੇਵ ਪੰਨਾ ੧੧੬੩)
ਅੰਤੁ ਨ ਕਰਣੈ ਦੇਣਿ ਨ ਅੰਤੁ॥
ਉਸਦੀ ਰਚਨਾ ਦਾ ਕੋਈ ਅੰਤ ਨਹੀਂ, ਜਿਸ ਤਰ੍ਹਾਂ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਵਾਹ! ਅਸ਼ਕੇ!ਜਿਸਤਰ੍ਹਾਂ ਸਮੇਟਦਾ ਹੈ ਤੇ ਸਿਰਜਦਾ ਹੈ ਕਿਆ ਕਹਿਣੇ । ਉਸਦੇ ਕੰਮਾਂ ਦਾ, ਉਸ ਦੀਆਂ ਦਾਤਾਂ ਦਾ, ਤਾਂ ਕੋਈ ਅੰਤ ਹੀ ਨਹੀਂ।
ਦੇਦਾ ਦੇ ਲੈਦੇ ਥਕਿ ਪਾਹਿ॥ (ਜਪੁਜੀ, ਪੰਨਾ ੨)
ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਹਿਣ ਸੁਮਾਰ॥ (ਗਉੜੀ ਮ: ੧, ਪੰਨਾ ੧੨)
ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ॥ (ਹੂਜਰੀ ਮ: ੫, ,ਪੰਨਾ ੫੦੮)
ਕ੍ਰਿਪਾ ਕਟਾਖ੍ਹ ਅਵਲੋਕਨ ਕੀਨੋ ਦਾਸ ਕਾ ਦੂਖੁ ਬਿਦਾਰਿਓ॥ (ਧਨਾਸਰੀ ਮ: ੫, ਪੰਨਾ ੬੮੧)
ਹੇ ਵਾਹਿਗੁਰੂ! ਸਲਾਹੁਣ ਯੋਗ ਦਾਤੇ! ਸਭ ਆਪ ਜੀ ਦੀਆਂ ਸਿਫਤਾਂ ਕਰ ਰਹੇ ਹਨ, ਪਰ ਆਪ ਜੀ ਦੀ ਸਿਫਤ ਦਾ ਅੰਤ ਨਹੀਂ ਪਾ ਸਕਦੇ। ਜਿਵੇਂ ਇਕ ਗੜਵੀ ਵਿਚ ਗੰਗਾ ਨਹੀਂ ਆ ਸਕਦੀ ।ਭਾਵੇਂ ਸਿਫਤ ਸਲਾਹ ਕਰਨ ਵਾਲਿਆਂ ਦਾ ਅੰਤ ਨਹੀਂ, ਪਰ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਅੱਖਾਂ ਵੇਖ ਕੇ ਅੰਤ ਨਹੀਂ ਲੈ ਸਕਦੀਆਂ।ਕੰਨ ਸੁਣ ਕੇ ਵੀ ਅੰਤ ਨਹੀਂ ਲੈ ਸਕਦੇ।‘ਸਦ ਸੁਣਦਾ ਸਦ ਵੇਖਦਾ’ (ਪੰਨਾ ੪੨੯) ਸਭ ਜੀਵਾਂ ਨੂੰ ਰਚਦਾ, ਪਾਲਦਾ, ਸੰਭਾਲਦਾ ਤੇ ਉਠਾਲਦਾ ਆਪ ਹੀ ਹੈ। ਲੋੜ ਅਨੁਸਾਰ ਦਿੰਦਾ ਤੇ ਰਾਖੀ ਕਰਦਾ ਹ।ਜਿਸ ਤਰ੍ਹਾਂ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਸ ਦਾ ਵੀ ਅੰਤ ਨਹੀਂ।
ਦੇ ਕੰਨੁ ਸੁਣਹੁ ਅਰਦਾਸੁ ਜੀਉ॥ (ਸਿਰੀਰਾਗ ਮ: ੫, ,ਪੰਨਾ ੭੪)
ਉਹ ਕੀੜੀ ਦੀ ਵੀ ਸੁਣਦਾ ਹੈ ਤੇ ਹਾਥੀ ਦੀ ਵੀ।ਉਹ ਤਾਂ ਜੋ ਬੋਲ ਵੀ ਨਹੀ ਸਕਦੇ ਉਨ੍ਹਾਂ ਦੀ ਵੀ ਸੁਣਦਾ ਹੈ:
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥ ( ਸਲੋਕ ਮ: ੨, ਪੰਨਾ ੧੪੨੦)
ਉਸ ਦੇ ਜੀਵਾਂ ਦੀਆਂ ਬੇਨਤੀਆਂ ਦੇ ਜੋ ਸਾਧਨ ਹਨ ੳਨ੍ਹਾਂ ਦਾ ਵੀ ਅੰਤ ਨਹੀਂ।
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਪਰਮਾਤਮਾ ਦੇ ਮਨ ਵਿਚ ਕੀ ਕੀ ਹੈ ਇਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੇ ਮਨ ਵਿਚ ਕੀ ਵਿਚਾਰ ਚਲ ਰਹੇ ਹਨ ਉਹ ਕੀ ਸਲਾਹਾਂ ਬਣਾ ਰਿਹਾ ਹੈ, ਉਸ ਨੇ ਕਰਨਾ ਕੀ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਉਸ ਨੇ ਇਕ ਪਲ ਵਿਚ ਕੀ ਭਾਣਾ ਵਰਤਾ ਦੇਣਾ ਹੈ ਕਿਸੇ ਨੂੰ ਉਘ ਸੁਘ ਵੀ ਨਹੀਂ।ਪਰਮਾਤਮਾ ਦੇ ਦਿਲ ਦੀਆਂ ਕੌਣ ਬੁਝ ਸਕਦਾ ਹੈ? ਲੱਖ ਜੋਤਸ਼ੀ ਜੋਤਿਸ਼ ਲਾਉਣ ਪਰ ਹੋਣਾ ਉਹੀ ਹੈ ਜੋ ਉਹ ਚਾਹੇਗਾ।
ਅੰਤੁ ਨ ਜਾਪੈ ਕੀਤਾ ਆਕਾਰੁ ॥
ਵਾਹਿਗੁਰੂ ਨੇ ਇਹ ਜੋ ਅੱਖਾਂ ਨਾਲ ਦਿਸਣ ਵਾਲਾ, ਆਕਾਰ ਵਾਲਾ ਸੰਸਾਰ ਬਣਾਇਆ ਹੈ ਉਸ ਦਾ ਕੋਈ ਅੰਤ ਨਹੀਂ, ਇਕੋ ਧਰਤੀ ਵੇਖੋ ਕਿਤਨੇ ਰਸ ਪੈਦਾ ਕਰਦੀ ਹੈ। ਕਿਤੇ ਪਹਾੜ ਹਨ, ਕਿਤੇ ਦਰਖਤ ਹਨ ਕਿਤੇ ਸੋਨੇ ਦੇ, ਕਿਤੇ ਕੋਇਲੇ ਦੇ, ਕਿਤੇ ਤੇਲ ਦੇ , ਕਿਤੇ ਅਬਰਕ ਦੇ ਭੰਡਾਰ ਹੀ ਭੰਡਾਰ ਹਨ ਕੋਈ ਅੰਤ ਨਹੀਂ ਪਾਰਾਵਾਰ ਨਹੀਂ। ਉਸਨੇ ਕਿਤਨੇ ਕੁ ਆਕਾਰ ਰਚੇ ਹਨ, ਕੀ ਕੀ ਕੁਝ ਉਸ ਨੇ ਰਚਿਆ ਹੈ ਇਹ ਸਭ ਅੰਤੋਂ ਪਰੇ ਹੈ, ਬੇਅੰਤ ਹੈ।
ਅੰਤੁ ਨ ਜਾਪੈ ਪਾਰਾਵਾਰੁ ॥
ਉਸਦਾ ਫੈਲਾ ਕਿਤਨਾ ਹੈ ਵਿਸ਼ਾਲਤਾ ਕਿਤਨੀ ਹੈ ਇਸਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ।ਨਦੀ ਦਾ ਉਰਵਾਰ ਤੇ ਪਾਰ ਦਾ ਅੰਤ ਤਾਂ ਅਸੀਂ ਪਾ ਲੈਂਦੇ ਹਾਂ ਤੇ ਉਸਦੀ ਚੌੜਾਈ ਦਾ ਪਤਾ ਲੱਗ ਜਾਂਦਾ ਹੈ ਤੇ ਉਸ ਦੀ ਹੱਦ ਥਾਪ ਲਈ ਜਾਂਦੀ ਹੈ।ਪਰ ਪਰਮਾਤਮਾ ਦਾ ਉਰਵਾਰ ਤੇ ਪਾਰ ਪਾਇਆ ਹੀ ਨਹੀਂ ਜਾ ਸਕਦਾ। ਇਸ ਲਈ ਉਹ ਕਿਥੇ ਤਕ ਫੈਲਿਆ ਹੋਇਆ ਹੈ ਇਹ ਜਾਣਿਆ ਨਹੀਂ ਜਾ ਸਕਦਾ ਤੇ ਉਸ ਦੀ ਹੱਦ ਨਹੀਂ ਥਾਪੀ ਜਾ ਸਕਦੀ। ਅਪਣੇ ਬਾਰੇ ਤਾਂ ਉਹ ਆਪ ਹੀ ਜਾਣਦਾ ਹੈ।
ਅੰਤੁ ਨ ਪਾਰਵਾਰ॥ (ਰਾਮਕਲੀ ਮ: ੫, ਪੰਨਾ ੮੯੫)
ਅੰਤੁ ਨਾਹੀ ਕਿਛੁ ਪਾਰਾਵਾਰਾ॥ (ਵਡਹੰਸ ਮ: ੫, ਪੰਨਾ ੫੬੨)
ਅੰਤੁ ਨਹੀਂ ਕਿਛੁ ਪਾਰਾਵਾਰ॥ (ਗੳੜਿੀ ਮ: ੫, ਪੰਨਾ ੧੭੮)
ਅੰਤ ਕਾਰਣਿ ਕੇਤੇ ਬਿਲਲਾਹਿ ॥
ਕਿਤਨੇ ਹੀ ਉਸਦੇ ਅੰਤ ਭਾਲਦੇ ਅੰਤ ਨਾ ਮਿਲਣ ਦੀ ਅਸਫਲਤਾ ਕਰਕੇ ਥੱਕ ਅੱਕ ਕੇ ਰੋ ਰੋ ਚਲੇ ਗਏ ਕਿਤਨੇ ਹਾਲੇ ਵੀ ਇਸੇ ਕੋਸ਼ਿਸ਼ ਵਿਚ ਰੋਈ ਜਾਂਦੇ ਹਨ।
ਤਾ ਕੇ ਅੰਤ ਨ ਪਾਏ ਜਾਹਿ ॥
ਪਰ ਉਸਦੀ ਕਿਸੇ ਵi ਰਚਨਾ ਨੂੰ ਸਮਝਣਾ ਤੇ ਉਸ ਦੇ ਬਾਰੇ ਪੂਰੀ ਤਰ੍ਹਾਂ ਜਾਣ ਲੈਣਾ ਵੀ ਵਸੋਂ ਬਾਹਰ ਹੈ। ਇੱਕ ਨਿੱਕੀ ਜਿਹੀ ਕੀੜੀ ਹੈ ਉਸਦੇ ਦਿਲ ਵਿਚ ਕੀ ਹੈ ਕੋਣ ਜਾਣਦਾ ਹੈ ਅੰਤ ਨਹੀਂ ਪਾਇਆ ਜਾਂਦਾ।ਫਿਰ ਪਰਮਾਤਮਾ ਜਿਸ ਨੇ ਅਣਗਿਣਤ ਜੀਵ ਰਚੇ ਹਨ ਤੇ ਮਿਟਾਈ ਜਾ ਰਿਹਾ ਹੈ ਤੇ ਫਿਰ ਰਚੀ ਜਾ ਰਿਹਾ ਹੈ ਉਸ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ।
ਅੰਤੁ ਨ ਪਾਰਾਵਾਰੁ ਨ ਕਿਨਹੀ ਪਾਇਆ॥ (ਮਲਾਰ ਮ: ੧, ਪੰਨਾ ੧੨੮੯)
ਏਹੁ ਅੰਤੁ ਨ ਜਾਣੈ ਕੋਇ॥
ਉਸ ਪਰਮਾਤਮਾ ਦਾ ਅੰਤ ਤਾਂ ਕੋਈ ਭੀ ਨਹੀਂ ਜਾਣਦਾ।ਉਸ ਦਾ ਨਾ ਜਾਣਿਆ ਜਾ ਸਕਣਾ ਉਸਦੀ ਬੇਅੰਤਤਾ ਹੈ।
ਅੰਤੁ ਨ ਪਾਰਾ ਕੀਮਤਿ ਨਹੀ ਪਾਈ॥(ਮਾਰੂ ਮ:੩, ਪੰਨਾ ੧੦੬੭)
ਬਹੁਤਾ ਕਹੀਐ ਬਹੁਤਾ ਹੋਇ ॥
ਉਸਨੂੰ ਜਿਤਨਾ ਵੀ ਵੱਡਾ ਕਹੀਏ ਬਹੁਤਾ ਕਹੀਏ ਉਹ ਉਤਨਾ ਹੀ ਹੋਰ ਵੱਡਾ ਹੁੰਦਾ ਹੈ ਹੋਰ ਬਹੁਤਾ ਹੁੰਦਾ ਹੈ।ਜਿਵੇਂ ਖਿਤਜਾਂ ਨੂੰ ਦੇਖੀਏ ਤਾਂ ਸਾਨੂੰ ਕੁਝ ਦੂਰ ਧਰਤੀ ਤੇ ਆਸਮਾਨ ਮਿਲਦੇ ਦਿਸਣਗੇ ਪਰ ਜਿਉਂ ਜਿਉਂ ਅਸੀਂ ਖਿਤਿਜਾਂ ਵਲ ਵਧੀ ਜਾਵਾਂਗੇ ਉਹ ਹੋਰ ਪਰੇ ਦਿਖਾਈ ਦਿੰਦੇ ਜਾਣਗੇ ਕਿਉਂਕਿ ਅਜਿਹੀ ਕੋਈ ਥਾਂ ਨਹੀ ਜਿਥੇ ਧਰਤੀ ਤੇ ਆਕਾਸ਼ ਮਿਲਦੇ ਹੋਣ।
ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ॥ ਰਾਮਕਲੀ ਮ: ੫, ਪੰਨਾ ੮੮੪)
ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕ ਉਚਰੈ ਹਰਿ ਕੀ ਜਇਆ॥ (ਬਿਲਾਵਲ ਮ: ੫ ਪੰਨਾ ੮੨੯)
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੂਜੈ ਨ ਤੋਲ ਤੁਲੀਜੌ॥ (ਕਲਿ ਮ: ੪, ਪੰਨਾ ੧੩੨੫)
ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ॥ (ਬਲਾਵਲ ਮ: ੫, ਪੰਨਾ ੮੨੦)
ਅਤੁਲੁ ਕਿਉ ਤੋਲਿਆ ਜਾਇ॥ (ਬਿਲਾਵਲ ਮ: ੩, ਪੰਨਾ ੭੯੭)
ਅਤੁਲ ਕਿਉ ਤੋਲੀਐ ਵਿਣੁ ਤੋਲੈ ਪਾਇਆ ਨ ਜਾਇ॥(ਮਲਾਰ ਮ: ੧, ਪੰਨਾ ੧੨੮੨)
ਵਡਾ ਸਾਹਿਬੁ ਊਚਾ ਥਾਉ ॥
ਪਰਮਾਤਮਾ ਵੱਡੇ ਤੋਂ ਵੱਡਾ ਹੈ। ਉੱਚੇ ਤੋਂ ਵੀ ਉੱਚਾ ਹੈ। ਉਸ ਦਾ ਰਹਿਣ ਸਥਾਨ ਵੀ ਉੱਚਾ ਹੈ ਉਸ ਦੀ ਪਦਵੀ ਵੀ ਉੱਚੀ ਹੈ।ਬ੍ਰਹਿਮੰਡ ਵਿਚ ਉਚਾ ਅਸਥਾਨ ਹੈ ਸਚਖੰਡ, ਸਰੀਰ ਵਿਚ ਉੱਚਾ ਅਸਥਾਨ ਹੈ ਦਸਮ ਦੁਆਰ।ਇਸ ਲੋਕ ਧਰਮ ਧਰਤ ਵਿਚ ਹੈ ਸਤਿਸੰਗ, ਇਨ੍ਹਾਂ ਉਚਿਆਂ ਅਸਥਾਨਾਂ ਵਿਚ ਉਸ ਦਾ ਨਿਵਾਸ ਜਾਣੋ ਭਾਵੇਂ ਕਿ ਉਹ ਹਰ ਥਾਂ ਹਾਜ਼ਿਰ ਨਾਜ਼ਿਰ ਹੈ।ਉੱਚੇ ਦਾ ਭਾਵ ਉੱਥੇ ਜੀਵ ਮਨ-ਬਾਣੀ ਸਰੀਰ ਕਰਕੇ ਪਹੁੰਚ ਨਹੀਂ ਸਕਦਾ ।ਵੱਡੇ ਵਾਹਿਗੁਰੂ ਦਾ ਥਾਂ ਬਹੁਤ ਉੱਚਾ ਹੈ ।ਉਸ ਅੰਤਹੀਣ ਪਰਮਾਤਮਾ ਦਾ ਕੋਈ ਅੰਤ ਨਹੀਂ, ਉਹ ਤਾਂ ਸਦਾ ਬੇਅੰਤ ਹੈ, ਉਚਿਆ ਤੋਂ ਵੀ ਉੱਚਾ ਹੈ।
ਅੰਤੁ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੇ ਊਚਾ॥(ਬਲਾਵਲ ਮ:੫, ਪੰਨਾ ੮੨੧)
ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ॥
ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ॥ (ਦਾਵਗੰਧਾਰੀ ਮ:੫, ਪੰਨਾ ੫੩੪)
ਜਿਵੇਂ ਪ੍ਰਿਥਵੀ ਵਿਚ ਪਾਣੀ ਹਰ ਥਾਂ ਮਜੂਦ ਹੈ ਪਰ ਜਿਥੇ ਖੂਹ ਜਾਂ ਚਸ਼ਮਾ ਹੈ ਪ੍ਰਤੱਖ ਉਥੇ ਹੀ ਹੈ। ਗਰਮੀ ਤੇ ਪਿਆਸ ਉਥੋਂ ਹੀ ਦੂਰ ਹੁੰਦੀ ਹੈ।ਇਸ ਤਰ੍ਹਾਂ ਪਰਮਾਤਮਾ ਹਰ ਥਾਂ, ਹਰ ਸਰੀਰ, ਹਰ ਲੂੰ ਲੂੰ ਵਿਚ ਰਮਿਆ ਹੋਇਆ ਹੈ, ਪਰ ਸਰੀਰ ਵਿਚ ਦਸਮ ਦੁਆਰ ਵਿਚ ਪ੍ਰਤੱਖ ਦਰਸ਼ਨ ਦੇਂਦਾ ਹੈ।
ਸੂਖ ਮਹਲ ਜਾ ਕੇ ਊਚ ਦੁਆਰੇ॥ ਤਾ ਮਹਿ ਵਾਸਹਿ ਭਗਤ ਪਿਆਰੇ॥ (ਸੂਹੀ ਨ: ੫, ਪੰਨਾ ੭੩੯)
ਸਹਜ ਕਥਾ ਕੇ ਅੰਮ੍ਰਿਤ ਕੂੰਟਾ॥ ਜਿਸਹਿ ਪ੍ਰਾਪਤਿ iੳਸੁ ਲੈ ਭੁੰਚਾ॥ (ਗਉੜੀ ਮ: ੫, ਪੰਨਾ ੧੮੬)
ਊਚੇ ਉਪਰਿ ਊਚਾ ਨਾਉ ॥
ਉਸ ਉੱਚੇ ਤੋਂ ਵੀ ਉਚਾ ਉਸਦਾ ਨਾਮ ਹੈ ਕਿਉਂਕਿ ਨਾਮ ਰਾਹੀਂ ਉਸ ਤਕ ਪਹੁੰਚ ਹੋ ਸਕਦੀ ਹੈ ਇਸ ਲਈ ਨਾਮ ਉੱਚਾ ਹੋਇਆ। ਸਾਹਿਬ ਵੱਡਾ ਹੈ ਬੇਅੰਤ ਹੈ ਤੇ ਉਸਦਾ ਥਾਉਂ ਉਚਾ ਹੈ ਮਨ ਬਾਣੀ ਤੋਂ ਕਿਤੇ ਉੱਚਾ। ਸਾਹਿਬ ਬੇਅੰਤ ਹੈ, ਉਸ ਦਾ ਟਿਕਾਣਾ ਸਾਡੀ ਸੋਚੋਂ ਸਮਝੋਂ ਪਰੇ ਹੈ ਅਸੀਂ ਉਸ ਬਾਰੇ ਠੀਕ ਤਰ੍ਹਾਂ ਪੂਰੀ ਤਰ੍ਹਾਂ ਸੋਚ ਵੀ ਨਹੀਂ ਸਕਦੇ ਪਹੁੰਚਣ ਦੀ ਤਾਂ ਗੱਲ ਵੱਖ ਹੈ।ਇਹ ਤਾਂ ਕੇਵਲ ਨਾਮ ਹੀ ਹੈ ਜੋ ਜੀਵ ਨੂੰ ਉਸ ਦੇ ‘ਊਚੇ ਥਾਉਂ ਉਪਰ’ ਪਹੰਚਾ ਦੇਂਦਾ ਹੈ।
ਊਚੀ ਬਾਣੀ ਊਚਾ ਹੋਇ॥ਗੁਰਮੁਖਿ ਸਬਦਿ ਵਖਾਣੈ ਕੋਇ॥ (ਆਸਾ ਮ: ੩, ਪੰਨਾ ੪੨)।
ਊਚੇ ਤੇ ਊਚਾ ਪ੍ਰਭ ਥਾਨੁ। ਹਰਿ ਜਨ ਲਾਵਹਿ ਸਹਜਿ ਧਿਆਨੁ॥ (ਪ੍ਰਭਾਤੀ ਮ: ੫, ਪੰਨਾ ੧੩੪੯)
ਡੂੰਗਰ ਦੇਖਿ ਡਰਾਵਣੇ ਪੇਈਅੜੈ ਡਰੀਆਸੁ॥
ਊਚਉ ਪਰਬਤੁ ਗਾਖਵੋ ਨ ਪਉੜੀ ਤਿਤੁ ਤਾਸੁ॥
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ॥
(ਸਿਰੀ ਰਾਗ ਅਸ਼ਟਪਦੀ ਮ: ੫, ਪੰਨਾ ੧੬)
ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ॥
ਪਰਮਾਤਮਾ ਨੂੰ ਜਾਨਣ ਲਈ ਉਸ ਤੋਂ ਉੱਚਾ ਜਾਂ ਪਰਮਾਤਮਾ ਜਿਤਨਾ ਉਚਾ ਤਾਂ ਚਾਹੀਦਾ ਹੀ ਹੈ ਤਾਂ ਹੀ ਉਹ ਉਸ ਉਚੇ ਨੂੰ ਜਾਣ ਸਕੇਗਾ। ਮਿਸਾਲ ਵਜੋਂ ਜੇ ਅਸੀਂ ਜਾਨਣਾ ਹੈ ਕਿ ਛੱਤ ਤੇ ਕੀ ਹੈ ਅਸੀਂ ਥੱਲੇ ਖੜੇ ਤਾਂ ਨਹੀਂ ਦਸ ਸਕਦੇ। ਜੇ ਅਸੀਂ ਕੋਠੇ ਨਾਲੋਂ ਉੱਚੇ ਹੋ ਸਕਦੇ ਤਾਂ ਦੇਖ ਕੇ ਦੱਸ ਸਕਦੇ ਸੀ ਕਿ ਕੋਠੇ ਤੇ ਕੀ ਹੈ। ਪਰਮਾਤਮਾ ਦੇ ਵਡੱਪਣ ਬਾਰੇ, ਵਿਸ਼ਾਲਤਾ ਬਾਰੇ ਵੀ ਤਾਂ ਉਹੀ ਦਸ ਸਕਦਾ ਹੈ ਜੋ ਪਰਮਾਤਮਾ ਤੋਂ ਵੱਡਾ ਹੈ ਤੇ ਉਹ ਕੋਈ ਹੈ ਨਹੀਂ।ਵਡੇ ਵਡੇਰੇ, ਸਾਰੇ ਮੁਨੀ, ਇੰਦਰ, ਸ਼ਿਵ ਜੀ ਆਦਿ ਵੀ ਉਸਦੇ ਅੰਤ ਬਾਰੇ ਨਹੀਂ ਦਸ ਸਕੇ । ਹਾਂ ਪਰਮਾਤਮਾ ਹੀ ਹੁਣ ਰਹਿ ਗਿਆ ਜੋ ਅਪਣੇ ਬਾਰੇ ਦੱਸ ਸਕਦਾ ਹੈ।
ਅੰਤੁ ਨ ਪਾਵਹਿ ਵਡੇ ਵਡੇਰੇ॥(ਮਾਰੂ ਮ:੧, ਪੰਨਾ ੧੧੮੨)
ਅੰਤੁ ਨ ਪਾਵੈ ਅਲਖ ਅਭੇਵਾ॥ (ਮਾਰੂ ਮ: ੩, ਪੰਨਾ ੧੦੫੩)
ਅੰਤੁ ਨ ਪਾਵੈ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ (ਸਵ ਮ:੫, ਪੰਨਾ ੧੪੦੯)
ਜੇਵਡੁ ਆਪਿ ਜਾਣੈ ਆਪਿ ਆਪਿ ॥
ਅਸਲ ਵਿਚ ਉਹ ਆਪ ਕਿਤਨਾ ਵੱਡਾ ਹੈ ਇਹ ਤਾਂ ੳਹ ਅਪਣਾ ਆਪ ਹੀ ਜਾਣਦਾ ਹੈ।ਆਦਮੀ ਤਾਂ ਇਸ ਬਾਰੇ ਨਹੀਂ ਜਾਣ ਸਕਦਾ।ਉਸ ਵਿਸ਼ਾਲ ਮਹਾਂ ਉੱਚੇ ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਤੋਂ ਸਭ ਨੂੰ ਦਾਤ ਮਿਲਦੀ ਹੈ ਤੇ ਉਸ ਨੂੰ ਜਾਨਣ ਦੀ ਦਾਤ ਵੀ ਉਸਤੋਂ ਹੀ ਮਿਲਦੀ ਹੈ।
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂ ਜਾਣਹੋ॥ (ਰਾਮਕਲੀ ਮ: ੩, ਪੰਨਾ ੯੧੮)
ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਇ॥(ਬਹਾਵਲ ਮ: ੫, ਪੰਨਾ ੫੪੨)
ਨਾਨਕ ਨਦਰੀ ਕਰਮੀ ਦਾਤਿ ॥੨੪॥
ਜਿਵੇਂ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਜੇ ਕਦੇ ਉਸ ਦੇ ਥਾਉਂ ਕਿਨਾਰੇ ਪਹੁੰਚ ਸਕੀਏ ਤਾਂ ਮਿਲ ਵੀ ਜਾਵੇਗਾ ਤੇ ਜਾਣ ਵੀ ਲਵਾਂਗੇ।ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਉਸ ਦੀ ਨਦਰ ਹੋਵੇ ਤਾਂ ਹੀ ਕਰਮਾਂ ਵਿਚ ਇਹ ਦਾਤ ਮਿਲ ਸਕਦੀ ਹੈ।ਉਸ ਨੂੰ ਸਮਝਣ ਲਈ ਉਸ ਦੀਆਂ ਦਾਤਾਂ ਨੂ ਸਮਝਣ ਲਈ ਉਸ ਦੀ ਬਖਸ਼ਿਸ਼ ਦੀ ਹੀ ਲੋੜ ਹੈ।




.