.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਗੁਰਬਾਣੀ ਅਧਾਰਤ ਕੁੱਝ ਸਾਂਝੀਆਂ ਕੜੀਆਂ-ਮਨੁੱਖ ਭਾਵੇਂ ਕਿਸੇ ਵੀ ਧਰਮ ਜਾਂ ਦੇਸ਼ ਦਾ ਵਾਸੀ ਹੋਵੇ। ਕਾਲਾ ਹੋਵੇ ਜਾਂ ਗੋਰਾ, ਅਮੀਰ ਜਾਂ ਗ਼ਰੀਬ; ਬਾਦਸ਼ਾਹ ਹੋਵੇ ਜਾਂ ਰੰਕ; ਇਸਤ੍ਰੀ ਹੋਵੇ ਜਾਂ ਪੁਰਖ; ਅਖੌਤੀ ਉੱਚੀ ਜਾਤ ਦਾ ਹੋਵੇ ਜਾਂ ਨੀਵੀਂ, ਜ਼ੋਰਾਵਰ ਹੋਵੇ ਦਲਿਤ ਭਾਵੇਂ ਮਜ਼ਲੂਮ। ਇਥੋਂ ਤੱਕ ਕਿ ਕੋਈ ਮਨੁੱਖ ਬੇਸ਼ੱਕ ਦੁਰਾਚਾਰੀ; ਵਿਭਚਾਰੀ, ਇਆਸ਼ੀ ਤਬੀਅਤ ਦਾ ਹੋਵੇ ਜਾਂ ਉਸਦੇ ਉਲਟ ਬਹੁਤ ਉੱਚੇ ਆਚਰਨ ਵਾਲਾ ਸਦਾਚਾਰੀ ਮਨੁੱਖ।

ਹੋਰ ਤਾਂ ਹੋਰ, ਜਦੋਂ ਕੋਈ ਹਮਲਾਆਵਰ ਤੇ ਵੈਰੀ ਵੀ ਜੰਗ ਦੇ ਮੈਦਾਨ `ਚ ਫਟੱੜ ਤੇ ਜ਼ਖਮੀ ਹੋਣ ਤੋਂ ਬਾਅਦ, ਵਿਰੋਧੀਆਂ ਦੀ ਪੱਕੜ `ਚ ਆ ਚੁੱਕਾ ਹੋਵੇ ਜਾਂ ਜਦੋਂ ਕੋਈ ਵੱਡਾ ਜ਼ਾਲਮ ਵੀ ਕਿਸੇ ਕਾਰਣ ਅਸਹਾਇ ਅਵਸਥਾ `ਚ ਪੁੱਜ ਚੁੱਕਾ ਹੋਵੇ ਤਾਂ ਵੀ ਕੁਦਰਤ ਦਾ ਨਿਯਮ ਹੈ ਕਿ:-

ਹਰੇਕ ਮਨੁੱਖ-ਮਨੁੱਖ ਵਿੱਚਕਾਰ ਕੁੱਝ ਸਾਂਝੀਆਂ ਲੋੜਾਂ ਤੇ ਕੜੀਆਂ ਹੁੰਦੀਆਂ ਹਨ। ਤਾਂ ਸੁਆਲ ਪੈਦਾ ਹੁੰਦਾ ਹੈ ਕਿ ਉਹ ਸਾਂਝੀਆਂ ਲੋੜਾਂ ਤੇ ਕੜੀਆਂ ਕਿਹੜੀਆਂ ਤੇ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ?

ਉਪ੍ਰੰਤ ਸੰਸਾਰ ਤਲ `ਤੇ ਸ਼ਭ ਤੋਂ ਪਹਿਲਾਂ ਜੇ ਇਸ ਸੁਆਲ ਦਾ ਉੱਤਰ ਮਿਲੇਗਾ, ਤਾਂ ਉਹ ਵੀ ਕੇਵਲ ਤੇ ਕੇਵਲ ਗੁਰੂ-ਗੁਰਬਾਣੀ ਦੀ ਵਿਚਾਰਧਾਰਾ, ਸੇਧ ਅਤੇ ਆਦੇਸ਼ਾਂ `ਚੋਂ ਹੀ।

ਇਸ ਲਈ, ਭਾਵੇਂ ਸਰਸਰੀ ਨਜ਼ਰ `ਚ ਹੀ ਸਹੀ, ਪਰ ਮਨੁੱਖਾ ਜੀਵਨ ਨਾਲ ਸੰਬੰਧਤ ਅਜਿਹੀਆਂ ਕੁੱਝ ਸਾਂਝੀਆਂ ਕੜੀਆਂ ਤੇ ਲੋੜਾਂ ਲਗਭਗ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ:-

() ਹਰੇਕ ਮਨੁੱਖ ਰਾਹੀਂ ਆਪਣੇ ਆਪ ਲਈ ਦੂਜਿਆਂ ਤੋਂ ਆਪਣੀ ਇਜ਼ਤ (Self Respect) ਦੀ ਉਮੀਦ ਕਰਣੀ ਤੇ ਰਖਣੀ।

() ਬਿਨਾ ਵਿੱਤਕਰਾ ਹਰੇਕ ਨਾਲ ਬੋਲਚਾਲ `ਚ ਨਿਮ੍ਰਤਾ ਤੇ ਮਿਠ-ਬੋਲੜੇ ਪਣ ਦੀ ਲੋੜ।

() ਦੂਜਿਆਂ ਵੱਲੋਂ ਹਮਦਰਦੀ ਤੇ ਆਪਣੇ-ਪਣ ਲਈ ਆਸ਼ਾ ਅਤੇ ਉਡੀਕ ਕਰਣੀ।

() ਬਿਨਾ ਵਿੱਤਕਰਾ ਇਥੋਂ ਤੀਕ ਕਿ ਅਣਮੱਤੀਆਂ ਲਈ ਵੀ, ਮਨੁੱਖੀ ਕੱਦਰਾਂ-ਕੀਮਤਾਂ ਦੇ ਆਧਾਰ `ਤੇ ਆਪਣੇ ਮਨ `ਚ ਹਰ ਸਮੇਂ ਪਿਆਰ ਤੇ ਬਰਾਬਰ ਦੇ ਸਤਿਕਾਰ ਵਾਲੀ ਭਾਵਨਾ ਹੋਵੇ।

() ਕਿਸੇ ਮਜਬੂਰ ਤੇ ਮਜ਼ਲੂਮ ਦੀ ਵੇਲੇ ਸਿਰ ਮਦਦ ਕਰਣ ਲਈ ਹਰ ਸਮੇਂ ਤਿਆਰ ਰਹਿਣਾ ਭਾਵੇਂ ਬਦਲੇ `ਚ ਆਪਣੇ-ਆਪ ਦਾ ਕੁੱਝ ਨੁਕਸਾਨ ਵੀ ਕਿਉਂ ਨਾ ਹੁੰਦਾ ਹੋਵੇ।

() ਸੰਗਤੀ ਅਨੁਸ਼ਾਸਨ ਭਾਵ ਮਨੁੱਖੀ ਸਮਾਨਤਾ ਵਾਲੀ ਭਾਵਨਾ ਤੇ ਸੋਚਣੀ ਆਦਿ।

ਗਹਿਰਾਈ `ਚ ਜਾਵਾਂਗੇ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ ਸੰਸਾਰ ਤਲ ਦਾ ਚਾਹੇ ਕੋਈ ਵੀ ਕੋਣਾ ਜਾਂ ਨੁੱਕਰ ਕਿਉਂ ਨਾ ਹੋਵੇ, ਹਰੇਕ ਮਨੁੱਖ-ਮਨੁੱਖ ਵਿਚਾਲੇ ਕੇਵਲ ਇਹੀ ਤੇ ਇਤਨੀਆਂ ਹੀ ਨਹੀ, ਬਲਕਿ ਅਜਿਹੀਆਂ ਹੋਰ ਵੀ ਬੇਅੰਤ ਸਾਂਝੀਆਂ ਕੜੀਆਂ ਹੁੰਦੀਆਂ ਹਨ।

ਉਸੇ ਦਾ ਨਤੀਜਾ ਹੁੰਦਾ ਹੈ ਕਿ ਅਜਿਹੇ ਅਤੇ ਇਨ੍ਹਾਂ ਕੜੀਆਂ ਦੀ ਵਰਤੋਂ ਸਮੇਂ ਮਨੁੱਖ ਦੀ ਨਿਜੀ ਵਿਚਾਰਧਾਰਾ ਅਤੇ ਧਾਰਮਿਕ ਵਿਸ਼ਵਾਸ ਵੀ ਪਿਛੇ ਰਹਿ ਜਾਂਦੇ ਹਨ ਅਤੇ ਅਜਿਹੀਆਂ ਸਾਂਝੀਆਂ ਕੜੀਆਂ ਆਪਣੇ-ਆਪ ਉਪਰ ਆ ਜਾਂਦੀਆਂ ਹਨ।

ਜਦਕਿ ਸੰਸਾਰ ਤਲ `ਤੇ ਸ਼ਭ ਤੋਂ ਪਹਿਲਾਂ ਬਿਨਾ ਵਿੱਤਕਰਾ ਗੁਰਬਾਣੀ ਨੇ ਹਰੇਕ ਮਨੁੱਖ ਲਈ ਅਜਿਹੇ ਬੇਅੰਤ ਉਪਦੇਸ਼, ਸੇਧਾਂ ਅਤੇ ਆਦੇਸ਼ ਹੀ ਬਾਰ-ਬਾਰ ਦ੍ਰਿੜ ਕਰਵਾਏ ਹੋਏ ਹਨ।

ਕਿਉਂਕਿ ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਤਾਂ ਸ਼ੰਸਾਰ ਦੇ ਕਿਸੇ ਵੀ ਹਿੱਸੇ ਜਾਂ ਵਰਗ `ਚ ਅਜਿਹੀ ਸਰਬ-ਉੱਚ ਸੋਚਣੀ ਦੀ ਹੋਂਦ ਵੀ ਨਜ਼ਰ ਨਹੀਂ ਆਉਂਦੀ।

ਫ਼ਿਰ ਵੀ ਇਸ ਪੱਖੋਂ ਜੇ ਕਿੱਧਰ ਫ਼ਰਕ ਹੈ ਤਾਂ ਸਾਡੇ ਅਜੋਕੇ ਅਮਲਾਂ `ਚ- ਗੁਰੂ ਦੇ ਸਿੱਖ ਹੋਣ ਤੇ ਅਖਵਾਉਣ ਦੇ ਨਾਤੇ ਭਾਵੇਂ ਅਸੀਂ ਸਾਰੇ ਮੱਥਾ ਤਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ’ ਚਰਨਾਂ `ਚ ਹੀ ਟੇਕ ਰਹੇ ਹਾਂ।

ਇਥੋਂ ਤੱਕ ਕਿ ਗੁਰਬਾਣੀ `ਚੋਂ ਪ੍ਰਾਪਤ ਸੰਬੰਧਤ ਆਦੇਸ਼ਾਂ ਤੇ ਉਪਦੇਸ਼ਾਂ ਨੂੰ ਵੱਧ ਚੜ੍ਹ ਕੇ ਸਾਜ਼ਾਂ ਨਾਲ ਕੇਵਲ ਪੜ੍ਹ ਹੀ ਨਹੀਂ ਰਹੇ ਬਲਕਿ ਬੇਅੰਤ ਵਾਰੀ ਸੰਬੰਧਤ ਗੁਰ-ਫ਼ੁਰਮਾਨਾਂ ਨੂੰ ਆਪਣੀਆਂ ਕਥਾਵਾਂ ਤੇ ਵਿਆਖਿਆਣਾਂ `ਚ ਆਪਣੀ ਵਰਤੋਂ `ਚ ਵੀ ਲਿਆ ਰਹੇ ਹਾਂ।

ਤਾਂ ਵੀ ਸਾਡੀ ਅਜੋਕੀ ਰਹਿਣੀ ਤੇ ਅਮਲ ਚੋਂ ਲਗਭਗ ਇਹ ਸਭ ਪੂਰੀ ਤਰ੍ਹਾਂ ਗ਼ਾਇਬ ਹੋਏ ਪਏ ਤੇ ਮੁੱਕੇ ਪਏ ਹਨ, ਤਾਂ ਅਜਿਹਾ ਕਿਉਂ?

ਉਪ੍ਰੰਤ ਸਾਡੀ ਜਾਣਕਾਰੀ ਲਈਗੁਰਬਾਣੀ-ਫ਼ੁਰਮਾਨਾ ਦੇ ਰੂਪ `ਚ ਗੁਰਬਾਣੀ ਦੇ ਖਜ਼ਾਨੇ `ਚੋਂ ਹੀ ਕੁੱਝ ਅਜਿਹੇ ਸੁਨਹਿਰੀ ਉਸੂਲ ਤੇ ਸਾਂਝੀਆਂ ਕੜੀਆਂ-

ਚੇਤੇ ਰਹੇ ਜਿਸ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਨਾਂ `ਚ ਅਸੀਂ ਨਿੱਤ ਮੱਥਾ ਟੇਕਦੇ ਹਾਂ। ਜੇ ਉਨ੍ਹਾਂ ਰਾਹੀਂ ਸੰਸਾਰ ਭਰ ਦੇ ਮਨੁੱਖ-ਮਾਤ੍ਰ ਲਈ ਪ੍ਰਗਟ ਕੀਤੇ ਹੋਏ, ਅਜਿਹੇ ਸੁਨਿਹਰੀ ਅਸੂਲਾਂ ਦੀ ਗਿਣਤੀ ਹੀ ਕਰਣ ਲਗੀਏ ਤਾਂ ਇਹ ਗਿਣਤੀ ਵੀ ਮੁੱਕਣ ਵਾਲੀ ਨਹੀਂ।

ਤਾਂ ਵੀ ਹੱਥਲੇ ਵਿਸ਼ੇ ਨਾਲ ਸੰਬੰਧਤ, ਇਥੇ ਅਸੀਂ ਕੇਵਲ ਗੁਰਬਾਣੀ ਵਿੱਚਲੇ ਕੁੱਝ ਅਜਿਹੇ ਸੁਨਿਹਰੀ ਉਸੂਲਾਂ ਤੇ ਸਾਂਝੀਆਂ ਕੜੀਆਂ `ਤੇ ਕੇਵਲ ਇੱਕ ਸਰਸਰੀ ਝਾਤ ਹੀ ਮਾਰ ਰਹੇ ਹਾਂ, ਤਾ ਕਿ ਘਟੋ-ਘਟ ਮੂਲ ਵਿਸ਼ਾ ਸਾਡੀ ਸਮਝ `ਚ ਵੀ ਆ ਸਕੇ ਜਿਵੇਂ:-

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ" (ਪੰ: ੬੭੧)

() "ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ" (ਪੰ: ੬੭੧) ()

() "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ" (ਪੰ: ੪੬੮)

() "ਕਿਉਕਰਿ ਪੂਰੈ ਵਟਿ, ਤੋਲਿ ਤੁਲਾਈਐ॥ ਕੋਇ ਨ ਆਖੈ ਘਟਿ, ਹਉਮੈ ਜਾਈਐ" (ਪ: ੧੪੬)

() "ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ" (ਪੰ: ੭੨)

() "ਭਾਖਿਆ ਭਾਉ ਅਪਾਰੁ" (ਬਾਣੀ ਜਪੁ)

() "ਆਈ ਪੰਥੀ ਸਗਲ ਜਮਾਤੀ" (ਬਾਣੀ ਜਪੁ)

() "ਭੁਗਤਿ ਗਿਆਨੁ ਦਇਆ ਭੰਡਾਰਣਿ" (ਬਾਣੀ ਜਪੁ)

() "ਉਲਾਹਨੋ ਮੈ ਕਾਹੂ ਨ ਦੀਓ" (ਪੰ: ੯੭੮)

() "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ" (ਪੰ: ੪੭੦)

() "ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰ: ੧੨੪੫)

() "ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ" (ਪੰ: ੬੭੪)

() "ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ" (ਪੰ: ੪੪)

() "ਪਰ ਕਾ ਬੁਰਾ ਨ ਰਾਖਹੁ ਚੀਤ" (ਪੰ: ੩੮੬)

() "ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ" (ਪੰ: ੯੭)

() "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" (ਪੰ: ੯੭)

() "ਨਾ ਕੋ ਬੈਰੀ, ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ" (ਪੰ: ੧੨੯੯)

() "ਮੁੰਦਾ ਸੰਤੋਖੁ ਸਰਮੁ ਪਤੁ ਝੋਲੀ…" (ਬਾਣੀ ਜਪੁ)

() "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ" (ਪੰ: ੧੩੪੯) ਆਦਿ

"ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" - ਬਿਨਾ ਸ਼ੱਕ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਜੰਜੂ ਦਾ ਤਿਆਗ ਕਰਕੇ ਸਾਡੇ ਮਨਾਂ ਅੰਦਰੋਂ ਜਾਤ-ਵਰਣ ਵਾਲੇ ਉਸ ਮਨੂਵਾਦੀ ਕੋੜ੍ਹ ਨੂੰ ਵੀ ਪੂਰੀ ਤਰ੍ਹਾਂ ਕੱਢ ਦਿੱਤਾ ਸੀ।

ਉਪ੍ਰੰਤ ਵਿਸ਼ੇ ਦੇ ਅਰੰਭ `ਚ ਅਸੀਂ ਇਹ ਵੀ ਪੜ੍ਹ ਆਏ ਹਾਂ ਕਿ ਗੁਰਦੇਵ ਨੇ ਆਪਣੇ ਪਹਿਲੇ ਜਾਮੇ `ਚ ਹੀ ਬੇਬੇ ਨਾਨਕੀ ਜੀ ਦੇ ਰੂਪ `ਚ ਆਪਣੀ ਵੱਡੀ ਭੈਣ ਰਾਹੀਂ ਸਮੂਚੇ ਇਸਤ੍ਰੀ ਵਰਗ ਨੂੰ ਉੱਚਾ ਚੁਕਿਆਂ ਤੇ ਪੁਰਖ ਵਰਗ ਦੇ ਬਰਾਬਰ ਦਾ ਸਤਿਕਾਰ ਤੇ ਸਨਮਾਨ ਵੀ ਦਿੱਤਾ ਸੀ।

ਉਪ੍ਰੰਤ "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫) -

ਕੇਵਲ ਗੁਰਬਾਣੀ ਫ਼ੁਰਮਾਨਾ ਰਾਹੀਂ ਹੀ ਨਹੀਂ ਬਲਕਿ ਗੁਰਦੇਵ ਨੇ ਬ੍ਰਾਹਮਣੀ ਵੰਡ ਅਨੁਸਾਰ ਉੱਚੀ (ਬੇਦੀ) ਕੁਲ `ਚ ਜਨਮ ਲੈਣ ਦੇ ਬਾਵਜੂਦ, ਸਭ ਤੋਂ ਪਹਿਲਾਂ ਚੌਭੜ ਜਾਤ ਦੇ ਮੀਰ ਬਾਂਦਰੇ ਦੇ ਸੁਪੁਤ੍ਰ ਮਰਾਸੀ ਮਰਦਾਨੇ ਨੂੰ ਆਪਣੇ ਸੰਪ੍ਰਕ `ਚ ਲਿਆ ਅਤੇ ਆਪਣਾ ਸੰਗੀ ਬਣਾਇਆ।

ਉਹ ਮਰਦਾਨਾ ਜਿਹੜਾ ਜਨਮ ਤੋਂ ਹਿੰਦੂਆਂ ਦੀ ਬੋਲੀ `ਚ ਵੀ ਮੁਸਲਮਾਨ ਹੋਣ ਕਾਰਣ ਮਲੇਛ ਸੀ ਤੇ ਖ਼ੁੱਦ ਮੁਸਲਮਾਨਾਂ ਮੁਤਾਬਿਕ ਵੀ ਉਨ੍ਹਾਂ ਦੀਆਂ ਸਭ ਤੋਂ ਨੀਵੀਆਂ ਜਾਤਾਂ `ਚੋਂ ਸੀ, ਗੁਰਦੇਵ ਨੇ ਉਸ ਨੂੰ ਭਾਈ ਵਾਲਾ ਬਰਾਬਰ ਦਾ ਸਤਿਕਾਰ ਦੇ ਕੇ ਨਿਵਾਜਿਆ।

ਬਲਕਿ ਫ਼ਿਰ ਗੁਰਦੇਵ ਨੇ ਜਦੋਂ ਆਪਣੇ ਮਿਸ਼ਨਰੀ ਟੂਰਾਂ (ਉਦਾਸੀਆਂ) ਦਾ ਅਰੰਭ ਕੀਤਾ ਤੇ ਉਹ ਵੀ ਮਲਿਕ ਭਾਗੋ ਦੇ ਮਾਲਪੂਏ ਠੁੱਕਰਾ ਕੇ ਬਦਲੇ `ਚ ਕਿਰਤੀ ਭਾਈ ਲਾਲੋ ਤਰਖਾਣ ਦੇ ਗ੍ਰਿਹ ਵਿਖੇ ਨਿਵਾਸ ਕੀਤਾ ਅਤੇ ਉਸ ਨਾਲ ਕੋਧਰੇ ਦੀਆਂ ਰੋਟੀਆਂ ਛੱਕੀਆਂ।

ਹੋਰ ਤਾਂ ਹੋਰ, ਗੁਰੂ ਨਾਨਕ ਪਾਤਸ਼ਾਹ ਨੇ, ਬਿਨਾ ਵਿੱਤਕਰਾ ਜਾਤ-ਗੋਤ-ਵਰਣ, ਊਚ-ਨੀਚ ਗੁਰੂ ਦਰ `ਤੇ ਗੁਰੂ ਦਰ ਦੀਆਂ ਸਾਂਝੀਆਂ ਸੰਗਤਾਂ ਵਾਲਾ, ਸਵੇਰ ਤੇ ਸ਼ਾਮ ਦੋ ਵੱਕਤ ਦੇ ਸਤਿਸੰਗਾਂ ਦਾ ਸਿਲਸਿਲਾ ਵੀ ਆਪਣੀ ਬਾਲ ਉਮਰ ਦੌਰਾਨ, ਆਪਣੇ ਜਨਮ ਸਥਾਨ ਤਲਵੰਡੀ (ਬਾਅਦ `ਚ "ਨਨਕਾਨਾ ਸਾਹਿਬ" ਜਿਹੜਾ ਹੁਣ ਪਾਕਿਸਤਾਨ `ਚ ਹੈ) ਵਿਖੇ ਅਰੰਭ ਕਰ ਦਿੱਤਾ ਸੀ।

ਉਥੇ ਵੀ ਗੁਰਦੇਵ ਨੇ ਸਵੇਰ ਤੇ ਸ਼ਾਮ ਦੇ ਸਤਿਸੰਗਾਂ `ਚ ਆਪਣੇ ਨਾਲ ਬਿਠਾ ਕੇ ਰਬਾਬ ਵਜਾਉਣ ਦਾ ਜਿਹੜਾ ਮਾਨ ਬਖ਼ਸ਼ਿਆ ਤਾਂ ਉਹ ਵੀ ਮਰਾਸੀ ਕੁਲ ਦੇ ਮਰਦਾਨੇ ਨੂੰ ਹੀ। ਜਦਕਿ ਵੱਕਤ ਦੇ ਹਾਲਾਤ ਅਨੁਸਾਰ ਓਦੋਂ ਇਹ ਸਭ, ਆਪਣੇ ਆਪ `ਚ ਗੁਰਦੇਵ ਰਾਹੀਂ ਵਰਣਵੰਡ, ਜਾਤ-ਪਾਤ, ਧਾਰਮਿਕ ਕੱਟਰਤਾ ਤੇ ਮਨੁੱਖੀ ਭੇਦ-ਭਾਵ ਦੇ ਮੁਦਈਆਂ ਨੂੰ ਬਹੁਤ ਵੱਡੀ ਵੰਗਾਰ ਸੀ।

ਪਾਤਸ਼ਾਹ ਚਾਹੁੰਦੇ ਤਾਂ, ਇਹ ਮਾਨ ਕਿਸੇ ਅਖੌਤੀ ਉੱਚੀ ਕੁਲ ਦੇ ਮਨੁੱਖ ਨੂੰ ਵੀ ਬਖਸ਼ ਸਕਦੇ ਸਨ। ਪਰ ਗੁਰਦੇਵ ਦਾ ਨਿਸ਼ਾਨਾ ਤਾਂ ਲੰਮੈ ਸਮੇਂ ਤੋਂ ਪਾਏ ਹੋਏ ਵਰਣ-ਵੰਡ ਤੇ ਉੱਚੀ-ਨੀਵੀਂ ਜਾਤ ਦੀਆਂ ਦਿਵਾਰਾਂ ਖੜੀਆਂ ਕਰਕੇ ਮਨੁੱਖ-ਮਨੁੱਖ ਵਿੱਚਾਲੇ ਪਾਏ ਹੋਏ ਨਫ਼ਰਤ ਦੇ ਬੀਜ ਦਾ ਸਰਵਨਾਸ਼ ਕਰਣਾ ਸੀ। ਇਸੇ ਤੋਂ ਗੁਰਦੇਵ ਨੇ ਇਹ ਮਾਨ ਵੀ ਬਖ਼ਸ਼ਿਆ ਤਾਂ ਮਰਾਸੀ ਕੁਲ ਦੇ ਉਸ ਰਬਾਬੀ ‘ਮਰਦਾਨੇ’ ਨੂੰ ਹੀ।

ਉਸੇ ਤਰ੍ਹਾਂ ਗੁਰਦੇਵ ਨੇ ਕੇਵਲ ਨੌ ਸਾਲ ਦੀ ਉਮਰ `ਚ ਹੀ ਜੰਞੂ ਪਾਉਣ ਤੋਂ ਸਾਫ਼ ਇਨਕਾਰ ਕਰ ਕੇ, ਜਿੱਥੇ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਦੀ ਚਲਦੀ ਆ ਰਹੀ ਪ੍ਰਭੂਸਤਾ `ਤੇ ਕਰਾਰੀ ਸੱਟ ਮਾਰੀ ਸੀ, ਉਥੇ ਆਪਣੇ ਆਪ `ਚ ਇਹ ਉਸ ਮਨੂਵਾਦੀ ਜਾਤ-ਗੋਤ-ਵਰਣ ਵਾਲੀ ਕਾਣੀ ਵੰਡ ਦਾ ਸਿੱਧਾ ਵਿਰੋਧ ਵੀ ਸੀ। ਕਿਉਂਕਿ ਇਹ ਵਿਸ਼ਾ ਵੀ ਤਾਂ ਉਸੇ ਵਿਪਰਵਾਦ ਦਾ ਹੀ ਅਣਿਖੜਵਾਂ ਅੰਗ ਸੀ।

ਉਸ ਸਾਰੇ ਦੇ ਬਾਵਜੂਦ ਜੇ ਅੱਜ ਗੁਰੂ-ਗੁਰਬਾਣੀ ਦੇ ਸਿੱਖ ਅਖਵਾਉਣ ਵਾਲੇ ਵੀ ਸਤਿਗੁਰਾਂ ਰਾਹੀਂ ਸਥਾਪਤ ਕੀਤੀ ਤੇ ਸਾਨੂੰ ਪ੍ਰਦਾਨ ਕੀਤੀ ਹੋਈ ਆਪਣੀ ਸਿੱਘ ਤੇ ਕੌਰ ਵਾਲੀ, ਨਿਵੇਕਲੀ ਤੇ ਸਾਂਝੇ ਪ੍ਰਵਾਰ ਵਾਲੀ ਬਹੁਮੁੱਲੀ ਪਹਿਚਾਣ ਅਤੇ ਵਿਰਾਸਤ ਨੂੰ ਵੀ ਪਿਛੇ ਪਾ ਕੇ:-

ਉਸੇ ਬ੍ਰਾਹਮਣੀ ਤੇ ਮਨੂਵਾਦੀ ਵਰਣ-ਵੰਡ ਭਾਵ ਜਾਤਾਂ-ਗੋਤਾ-ਵਰਣਾ ਉਪ੍ਰੰਤ ਉਸ ਦੇ ਨਾਲ-ਨਾਲ ਵੰਸ਼ਾਂ-ਕੁਲਾਂ ਵਾਲੇ ਜੂਲੇ ਨੂੰ ਆਪਣੇ ਗੱਲ `ਚ ਪਾਈ ਬੈਠੇ ਹਾਂ ਤਾਂ ਇਸ ਤਰ੍ਹਾਂ ਅਸੀ ਗੁਰੂ ਦਰ ਦੀ ਕਿਹੜੀ ਸੇਵਾ ਕਰ ਰਹੇ ਹਾਂ? ਕੀ ਗੁਰਬਾਣੀ ਸਾਨੂੰ ਅਜਿਹੀ ਇਜਾਜ਼ਤ ਦਿੰਦੀ ਹੈ?

ਬੇਸ਼ੱਕ ਅਣਜਾਣੇ `ਚ ਸਹੀ ਪਰ ਆਪਣੇ ਗੁਰਸਿੱਖੀ ਨਾਵਾਂ ਨਾਲ ਉਨ੍ਹਾਂ ਪਿਛੇ ਬ੍ਰਾਹਮਣੀ ਜਾਤਾਂ-ਗੋਤਾਂ-ਵਰਣਾ ਉਪ੍ਰੰਤ ਵੰਸਾਂ-ਕੁਲਾਂ ਵਾਲੀਆਂ ਪੂਛਲਾਂ ਲਗਾ ਕੇ, ਕੀ ਇਸ ਤਰ੍ਹਾਂ, ਅੱਜ ਪੰਥ ਦੀ ਅਜੋਕੀ ਹੋ ਰਹੀ ਭਰਵੀਂ ਤੱਬਾਹੀ `ਚ ਅਸ਼ੀਂ ਬਰਾਬਰ ਦੇ ਸ਼ਰੀਕ, ਭਾਗੀਦਾਰ ਤੇ ਜ਼ਿਮੇਵਾਰ ਨਹੀਂ ਹਾਂ? ਜਦਕਿ ਇਸ ਪੱਖੋਂ ਗੁਰਦੇਵ ਵੱਲੋਂ ਸਾਡੇ ਲਈ ਸ਼ੰਬੰਧਤ ਗੁਰਬਾਣੀ ਫ਼ੁਰਮਾਨ ਵੀ ਹਨ, ਜਿਵੇਂ:-

() "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ" (ਪੰ: ੧੧੦੫)

ਤਾਂ ਤੇ ਅਜਿਹੇ ਫ਼ੁਰਮਾਨਾਂ ਅਨੁਸਾਰ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਅਜਿਹਾ ਕਰਕੇ ਪ੍ਰਭੂ ਦੇ ਸੱਚ ਨਿਆਂ `ਚ ਤੇ ਨਾਲ-ਨਾਲ ਇਸ ਪੱਖੋਂ ਅਸੀਂ ਸਤਿਗੁਰਾਂ ਦੇ ਵੀ ਦੇਣਦਾਰ ਹਾਂ।

ਫ਼ਿਰ ਜੇ ਵਿਸ਼ੇ ਦੀ ਥੋੜਾ ਹੋਰ ਗਹਿਰਾਈ `ਚ ਜਾਵਾਂਗੇ ਤਾਂ ਇਸ ਸਚਾਈ ਨੂੰ ਸਮਝਦੇ ਵੀ ਦੇਰ ਨਹੀਂ ਲਗੇਗੀ ਕਿ ਅੱਜ ਬਹੁਤ ਵੱਡੀ ਗਿਣਤੀ `ਚ ਜਿਹੜੀ ਸਿੱਖ ਵਸੋਂ ਆਪਣੇ-ਆਪਣੇ ਜਦੀ ਪੁਸ਼ਤੀ ਸਿੱਖ ਪ੍ਰਵਾਰਾਂ ਨੂੰ ਤਿਲਾਂਜਵੀ ਦੇ ਕੇ ਦਬਾ-ਦਬ ਪਖੰਡੀ ਗੁਰੂਡੰਮਾਂ ਤੇ ਡੇਰਿਆਂ ਆਦਿ ਦੀ ਰੌਣਕ ਵਧਾ ਰਹੀ ਹੈ ਜਾਂ ਇਸਾਈ ਆਦਿ ਮੱਤ ਆਦਿ ਵੱਲ ਆਪਣਾ ਮੂੰਹ ਕਰ ਰਹੀ ਹੈ:-

ਉਸ ਸਾਰ ਦਾ ਮੁੱਖ ਮੁੱਖ ਕਾਰਣ ਹੀ ਸਾਡੇ ਰਾਹੀਂ, ਸਾਨੂੰ ਸਤਿਗੁਰਾਂ ਵੱਲੋਂ ਬਖ਼ਸ਼ੇ ਹੋਏ ਸਿੱਘ ਤੇ ਕੌਰ ਵਾਲੇ ਸਾਂਝੇ ਪ੍ਰਵਾਰਕ ਮਹੱਤਵ ਨੂੰ ਪਿੱਛੇ ਪਾ ਕੇ, ਸਾਡੇ ਮਨਾਂ `ਤੇ ਭਾਰੂ ਹੋ ਚੁੱਕਾ ਸਾਡਾ ਉਚੀਆਂ ਜਾਤਾਂ-ਕੁਲਾਂ ਤੇ ਵੰਸ਼ਾਂ ਆਦਿ ਵਾਲਾ ਝੂਠਾ ਤੇ ਸਾਨੂੰ ਕੁਰਾਹੇ ਪਾਉਣ ਵਾਲਾ ਗ਼ਰੂਰ ਹੀ ਹੈ।

ਜਦਕਿ ਗੁਰਦੇਵ ਰਾਹੀਂ ਆਪਣੇ ਪਹਿਲੇ ਜਾਮੇਂ `ਚ ਤੇ ਉਹ ਵੀ ਆਪਣੇ ਬਾਲ-ਕਾਲ ਦੌਰਾਨ ਹੀ ਬ੍ਰਾਹਮਣੀ ਜੰਜੂ ਦਾ ਤਿਆਗ ਕਰ ਦੇਣਾ ਹੱਦ ਦਰਜੇ ਦਾ ਕ੍ਰਾਂਤੀਕਾਰੀ ਕੱਦਮ ਸੀ:-

ਇਹ ਤਾਂ ਕਿਸੇ ਤਰ੍ਹਾਂ ਵੀ ਉਸ ਸਮੇਂ ਦੇ ਜਾਤ-ਅਭਿਮਾਨੀਆਂ, ਵਰਣਵੰਡ ਦੇ ਮੁਦੱਈਆਂ ਤੇ ਧਾਰਮਿਕ ਅੰਧ-ਵਿਸ਼ਵਾਸੀਆਂ ਆਦਿ ਦੀ ਛਾਤੀ `ਤੇ ਮੂੰਗ ਦੱਲਣ ਤੋਂ ਘੱਟ ਨਹੀਂ ਸੀ।

ਪਰ ਉਸ ਦੇ ਉਲਟ ਗੁਰੂ ਪਾਤਸ਼ਾਹ ਵੱਲੋਂ ਆਪਣੀ ਵਿਰਾਸਤ ਦੇ ਰੂਪ `ਚ ਆਪਣੇ ਨਾਵਾਂ ਨਾਲ ਲਗਾਉਣ ਲਈ ਸਾਨੂਂ ਬਖ਼ਸ਼ੀ ਹੋਈ ਬਿਨਾ ਵਿੱਤਕਰਾ ਪੂਰੇ ਗੁਰਸਿੱਖ ਪ੍ਰਵਾਰ ਦਾ ਪ੍ਰਗਟਾਵਾ ਸਿੱਘ ਤੇ ਕੌਰ ਵਾਲੀ ਦੇਣ ਨੂੰ ਪਿਛੇ ਪਾ ਕੇ ਅਸ਼ੀਂ ਮੁੜ, ਪੰਥ `ਚ ਵੰਡੀਆਂ ਪਾਉਣ ਦੀ ਜੜ੍ਹ:-

ਉਨ੍ਹਾਂ ਹੀ ਜਾਤਾਂ-ਵਰਣਾਂ-ਗੋਤਾਂ ਉਪ੍ਰੰਤ ਵੰਸ਼ਾ-ਕੁਲਾਂ ਆਦਿ ਵਾਲੇ ਲੱਕਬਾਂ ਨੂੰ ਜੋੜ-ਜੋੜ ਕੇ ਅੱਜ ਗੁਰੂ ਕੇ ਪੰਥ ਦੀ ਕਿਹੜੀ ਸੇਵਾ ਕਰ ਤੇ ਨਿਭਾ ਰਹੇ ਹਾਂ?

ਜਦਕਿ ਗੁਰਦੇਵ ਰਾਹੀਂ ਓਦੋਂ ਅਜਿਹੇ ਕ੍ਰਾਂਤੀਕਾਰੀ ਕੱਦਮ ਤਾਂ, ਹਜ਼ਾਰਾਂ ਸਾਲਾਂ ਤੋਂ ਧਰਮ, ਜਾਤ-ਪਾਤ-ਗੋਤ ਤੇ ਵਰਣਵੰਡ ਦੇ ਨਾਮ ਹੇਠ ਫੈਲਾਈਆਂ ਹੋਈਆਂ ਜਹਾਲਤਾਂ ਤੇ ਆਡੰਬਰਾਂ `ਤੇ ਆਪਣੇ ਆਪ `ਚ, ਸਮੇਂ ਦੀ ਬਹੁਤ ਵੱਡੀ ਬੰਬਾਰਮੈਂਟ ਸਨ। ਦੇਖਿਆ ਜਾਵੇ ਤਾਂ ਸੱਚ ਵੀ ਇਹੀ ਹੈ ਗੁਰੂ ਪਾਤਸ਼ਾਹ ਤੋਂ ਛੁੱਟ, ਓਦੋਂ ਅਜਿਹੇ ਕਾਰਨਾਮੇ ਕਿਸੇ ਹੋਰ ਦੇ ਵੱਸ ਦੇ ਹੈ ਵੀ ਨਹੀਂ ਸਨ।

ਫ਼ਿਰ ਉਸਦੇ ਉਲਟ, ਬੇਸ਼ੱਕ ਅਣਜਾਣੇ `ਚ ਸਹੀ ਪਰ ਸੱਚ ਇਹੀ ਕਿ ਅੱਜ ਅਸੀਂ ਆਪਣੇ ਸਿੰਘ ਤੇ ਕੌਰ ਵਾਲੇ ਵਿਰਾਸਤੀ ਅਤੇ ਬਿਨਾ ਵਿੱਤਕਰਾ ਸਾਂਝੇ ਪ੍ਰਵਾਰਕ ਨਾਵਾਂ ਦੇ ਵੱਡੇ ਮਹੱਤਵ ਨੂੰ ਪਿੱਛੇ ਪਾ ਕੇ ਅਤੇ ਉਸਦੇ ਬਦਲੇ `ਚ--ਇਨ੍ਹਾਂ ਜਾਤਾਂ-ਗੋਤਾਂ-ਵਰਣਾ-ਵੰਸ਼ਾ-ਕੁਲਾਂ ਵਾਲੇ ਨਿਗੁਣੇ ਲੱਕਬਾਂ ਨੂੰ ਵਰਤ ਕੇ ਜਾਂ ਉੱਤੇ ਲਿਆ ਕੇ ਉਨ੍ਹਾਂ ‘ਭਨਿਆਰੇ’, ‘ਆਸੂਤੋਸ਼’, ‘ਝੂਠੇ ਸੋਦੇ’ ਆਦਿ ਪਖੰਡੀ ਗੁਰੂ-ਡੰਮਾਂ, ਅਖੌਤੀ ‘ਮਹਾਪੁਰਸ਼ਾਂ’, ਅਜੋਕੇ ‘ਗੋਲ ਪੱਗਾਂ ਵਾਲੇ ‘ਬੇਅੰਤ ਸੰਤਾਂ-ਸਾਧਾਂ ਤੇ ਹਜ਼ਾਰਾਂ ਬਾਬਿਆਂ ਦੀ ਹੀ ਨਹੀਂ, ਬਲਕਿ ਨਾਮ-ਨਿਹਾਦ ਬ੍ਰਹਮ-ਗਿਆਨੀਆਂ, ਸ੍ਰੀ-ਸ੍ਰੀ ੧੦੮ ੧੦੦੮ ਆਦਿ ਪੰਥ ਦੇ ਖੂਨ ਨੂੰ ਚੂਸ ਰਹੀਆਂ ਅਣਗਿਣਤ ਜੋਕਾਂ ਦੀ ਹੀ ਮਦਦ ਕਰ ਰਹੇ ਹਾਂ।

ਚੇਤੇ ਰਹੇ, ਗੁਰਦੇਵ ਰਾਹੀਂ ਆਪਣੇ ਪਹਿਲੇ ਹੀ ਜਾਮੇ `ਚ ਚੁੱਕੇ ਹੋਏ ਉਨ੍ਹਾਂ ਜਾਤ-ਗੋਤ-ਵਰਣ ਉਪ੍ਰੰਤ ਮਨੁੱਖੀ ਭੇਦ-ਭਾਵਾਂ ਵਿਰੁਧ ਕੱਦਮਾਂ ਦਾ ਹੀ ਅੰਤਮ ਪੜਾਅ ਸੀ:-ਜਦੋਂ ਦਸਮ ਪਿਤਾ ਨੇ ਸਾਡੇ ਜੀਵਨ ਅੰਦਰੋਂ ਇਸ ਜਾਤਾਂ-ਪਾਤਾਂ-ਵਰਣਾ-ਗੋਤਾਂ, ਕੁਲ-ਵੰਸ਼ ਵਾਲੇ ਹਰੇਕ ਮਨੁੱਖੀ ਭੇਦ ਭਾਵ ਦਰਸ਼ਾਉਣ ਵਾਲੇ ਮਨੂਵਾਦੀ ਬ੍ਰਾਹਮਣੀ ਤੇ ਕਈ ਪਾਸਿਆਂ ਤੋਂ ਨਿੱਤ ਭਰਦੀ ਜਾ ਰਹੀ ਅਥਾਹ ਗੰਦਗੀ ਨੂੰ ਕੱਢਣ ਲਈ ਸਾਨੂੰ:-

ਬਿਨਾ ਵਿੱਤਕਰਾ "ਖੰਡੇ ਦੀ ਪਾਹੁਲ" ਅਤੇ ਉਹ ਵੀ ਇਕੋ ਸ਼ਾਂਝੇ ਬਾਟੇ `ਚ ਸਾਰਿਆਂ ਦਾ ਮੂੰਹ ਲਗਵਾ ਕੇ" ਨਿੱਖਰੇ ਹੋਏ ਨਿਵੇਕਲੇ ਤੇ ਗੌਰਵਮਈ ਪ੍ਰਵਾਰ ਵਾਲਾ ਸੋਹਣਾ ਰੂਪ ਬਖ਼ਸ਼ਿਆ ਸੀ।

ਕਾਸ਼ ਸਤਿਗੁਰਾਂ ਦੀ ਉਸ ਦੇਣ ਦੀ ਅਜ਼ਮਤ ਦੇ ਵਾਰਿਸ ਅਖਵਾਉਣ ਵਾਲੇ, ਸੰਸਾਰ ਨੂੰ ਅੱਜ ਅਸੀਂ ਆਪਣੀ ਨਿੱਤ ਦੀ ਕਰਣੀ `ਚੋਂ ਉਸਦਾ ਸਬੂਤ ਵੀ ਪੇਸ਼ ਕਰ ਕਰੀਏ। (ਚਲਦਾ) #234P-XXXXII,-02.17-0217#P42v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.