.

ਅਗੰਮ ਪੁਰਖ ਨਾਲ ਸਾਂਝ

ਜ਼ਿੰਦਗੀ ਦੇ ਮੌਜੂਦਾ ਦੌਰ ਅੰਦਰ ਸੁਖਾਂ ਦੇ ਅਨੇਕ ਸਾਧਨ ਹੁੰਦਿਆਂ ਵੀ ਮਨੁੱਖ ਦੁੱਖਾਂ ਵਿੱਚ ਘਿਰਿਆ ਹੋਇਆ ਹੈ। ਮਨੁੱਖ ਕੇਵਲ ਸੁੱਖ ਨੂੰ ਹੀ ਲੋੜਦਾ ਹੈ ਇਸ ਲਈ ਜਦੋਂ ਵਕਤੀ ਸੁੱਖ ਪਿਛੋਂ ਦੁੱਖ ਦੀ ਵਾਰੀ ਆਉਂਦੀ ਹੈ ਤਾਂ ਘਬਰਾ ਜਾਂਦਾ ਹੈ ਅਤੇ ਗੁਰੂ ਕੋਲ ਨਿੱਤ ਕੇਵਲ ਸੁੱਖ ਤੇ ਸ਼ਾਂਤੀ ਲਈ ਅਰਦਾਸਾਂ ਕਰਦਾ ਹੈ ਪਰ ਗੁਰੂ ਦੇ ਆਦੇਸ਼ ਵਲ ਕਦੇ ਧਿਆਨ ਨਹੀ ਦਿੰਦਾ। ਗੁਰਬਾਣੀ ਉਪਦੇਸ਼ ਹੈ ਕਿ: ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ 149

ਇਕੱਲੇ ਸੁੱਖ ਨੂੰ ਮੰਗਣ ਵਾਲਾ ਝੱਖ ਹੀ ਮਾਰਦਾ ਹੈ, ਬਕਵਾਸ (ਬਕਵਾਦ) ਕਰਦਾ ਹੈ, ਕਿਉਂਕਿ ਸੁੱਖ ਦੁੱਖ ਦੋਨੋ ਇਕੋ ਸਿੱਕੇ ਦੇ ਦੋ ਪਾਸੇ ਹਨ ਜਿਨ੍ਹਾਂ ਨੂੰ ਅਲੱਗ ਨਹੀ ਕੀਤਾ ਜਾ ਸਕਦਾ। ਇਹ (ਵਕਤੀ ਸੁੱਖ ਦੁੱਖ ਦੇ) ਦੋ ਕਪੜੇ ਕੁਦਰਿਤ ਅਸੂਲਾਂ ਅਨੁਸਾਰ ਹਰ ਮਨੁੱਖਾ ਦੇਹੀ ਨੂੰ ਪਹਿਨਣੇ ਹੀ ਪੈਂਦੇ ਹਨ। ਇਹ ਕੁਦਰਤੀ ਅਸੂਲ ਹੈ ਜੋ ਹਰ ਮਨੁੱਖਾ ਦੇਹੀ ਤੇ ਲਾਗੂ ਹੁੰਦਾ ਹੈ, ਪਰ ਇਸ ਵਕਤੀ ਦੁੱਖ ਦੇ ਹੁੰਦਿਆਂ ਵੀ ਮਨ ਨੂੰ ਅਨੰਦਿਤ ਅਵਸਥਾ ਵਿੱਚ ਰਖਣ ਦੀ ਵਿਧੀ ਵੀ ਹੈ ਜੋ ਕੇਵਲ ਗੁਰੂ ਪਾਸੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰਬਾਣੀ ਫੁਰਮਾਨ ਹੈ: ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ 917 ਸਹਜ ਅਵਸਥਾ ਦੁਆਰਾ ਸਤਿਗੁਰ ਨੂੰ ਪਾਉਣਾ ਹੀ ਅਨੰਦ ਨੂੰ ਪਾਉਣਾ ਹੈ। ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥ 917 ਆਨੰਦ ਆਨੰਦ ਤਾਂ ਸਭ ਕੋਈ ਆਖਦਾ ਹੈ ਪਰ ਅਸਲ ਆਨੰਦ ਦੀ ਸੂਝ ਗੁਰੂ (ਗੁਰਬਾਣੀ) ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥ 1427 ਅਗਰ ਸਦੀਵੀ ਸੁੱਖ (ਆਨੰਦ) ਦੀ ਚਾਹਤ ਹੈ ਤਾਂ ਉਹ ਰਾਮ ਦੀ ਸ਼ਰਨ ਪਿਆਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਮਨੁੱਖ ਨੇ ਇਹ ਤਾਂ ਜਾਣ ਲਿਆ ਕਿ ਰੱਬ (ਜਾਂ ਗੁਰੂ) ਹੀ ਸਦੀਵੀ ਸੁਖਾਂ ਦਾ ਸਾਗਰ ਹੈ ਤੇ ਉਸ ਦੀ ਸ਼ਰਨ ਪਏ ਬਿਨਾ ਸਦੀਵੀ ਸੁੱਖ (ਆਨੰਦ) ਦੀ ਪ੍ਰਾਪਤੀ ਨਹੀ ਹੋ ਸਕਦੀ, ਪਰ ਹੁਣ ਉਸ ਨਾਲ ਸਾਂਝ ਪਾਉਣੀ ਹੀ ਕਠਨ ਕੰਮ ਹੈ ਕਿਉਂਕਿ ਸਾਂਝ ਜਾਂ ਗੰਢਤੁੱਪ ਪਾਉਣ ਦੀ ਜੁਗਤ ਨਹੀ ਆਉਂਦੀ। ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥ ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥ 822

ਮਨੁੱਖ ਦੇ, ਰੱਬ ਜਾਂ ਗੁਰੂ ਨੂੰ ਧਿਆਉਣ ਦੇ, ਨਿਸਫਲ ਯਤਨਾਂ ਦਾ ਇੱਕ ਵੱਡ੍ਹਾ ਕਾਰਨ ਇਹ ਹੈ ਕਿ ਜਿਸ ਨਾਲ ਸਾਂਝ ਪਾਉਣੀ ਹੈ, ਉਸ ਦਾ ਰੂਪ, ਰੰਗ, ਰੇਖ, ਭੇਖ ਕੋਈ ਨਹੀ। ਜਿਸ ਨੂੰ (ਸਰੀਰਕ ਤੌਰ ਤੇ) ਕਦੇ ਵੇਖਿਆ ਹੀ ਨਹੀ, ਜਾਣਦੇ ਹੀ ਨਹੀ, ਉਸ ਨਾਲ ਗੱਠ ਜੋੜ ਕਿਵੇਂ ਹੋਵੇ? ਕਈਆਂ ਦਾ ਮੰਨਣਾ ਹੈ ਕਿ ਮਿਥੇ ਅੰਮ੍ਰਿਤ ਵੇਲੇ ਉਠ ਕੇ, ਇਸ਼ਨਾਨ ਕਰਕੇ ਵਾਹਿਗੁਰੂ ਦੇ ਜਾਪ ਕਰਦਿਆਂ ਉਸ ਦਾ ਧਿਆਨ ਧਰਨ ਨਾਲ ਇੱਕ ਦਿਨ ਸਦੀਵੀ ਸੁੱਖਾਂ ਦੇ ਸਾਗਰ ਨਾਲ ਮਿਲਾਪ ਹੋ ਜਾਵੇਗਾ, ਸਾਂਝ ਪੈ ਜਾਵੇਗੀ। ਸੰਤਾਂ ਦੀਆਂ ਜੀਵਨੀਆਂ ਵਿਚੋਂ ਵੀ ਪੜ੍ਹਿਆ ਜਾ ਸਕਦਾ ਹੈ ਕਿ ਸਮਾਧੀ ਵਿੱਚ ਲੀਨ ਹੋਇਆਂ ਨੂੰ ਕਿਵੇਂ ਅਕਾਲ ਪੁਰਖ (ਜਾਂ ਗੁਰੂ ਸਾਹਿਬਾਨਾਂ) ਦੇ ਦਰਸ਼ਨ ਹੋਏ ਪਰ ਬੜੀ ਅਜੀਬ ਗਲ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਕਦੇ ਵੇਖਿਆ ਤਕ ਨਹੀ, ਜਿਨ੍ਹਾਂ ਦੀ ਕੋਈ ਅਸਲੀ ਤਸਵੀਰ ਜਾਂ ਮੂਰਤੀ ਵੀ ਨਹੀ, ਉਹਨਾਂ ਦਾ ਧਿਆਨ ਜਾਂ ਕਲਪਣਾ ਕਿਵੇਂ ਕੀਤੀ ਜਾ ਸਕਦੀ ਹੈ? ਫਿਰ, ਅਗਰ ਅਸੰਭਵ ਨੂੰ ਇੱਕ ਮਿੰਟ ਲਈ ਸੰਭਵ ਮੰਨ ਵੀ ਲਿਆ ਜਾਵੇ ਤਾਂ ਜੋ ਕਲਪਨਾ ਕਰਕੇ ਪ੍ਰਗਟ ਹੋਇਆ ਦਸਿਆ ਜਾਂਦਾ ਹੈ, ਉਸ ਦੀ ਪਛਾਣ ਕਿਵੇਂ ਕੀਤੀ ਗਈ ਕਿ ਅਸਲ ਵਿੱਚ ਉਹੀ ਹੈ ਜਾਂ ਕੋਈ ਹੋਰ ਬਹਿਰੂਪੀਆ ਹੀ ਹੈ? ਉਹ ਤਾਂ ਆਪਣੇ ਹੀ ਮਨ ਦੀ ਕਲਪਨਾ ਹੈ ਜੋ ਸਭ ਦੀ ਵੱਖ ਵੱਖ ਹੀ ਹੋਵੇਗੀ, ਸਚਾਈ ਨਹੀ। ਸਮਾਧੀ ਮਨ ਦੀ ਇੱਕ ਅਫੁਰ ਜਾਂ ਨਿਰਵੀਚਾਰ ਅਵਸਥਾ ਮੰਨੀ ਗਈ ਹੈ ਜਿਥੇ ਕੋਈ ਫੁਰਨਾ ਜਾਂ ਵੀਚਾਰ ਨਹੀ ਹੁੰਦੀ ਤਾਂ ਫਿਰ ਸਮਾਧੀ ਵਿੱਚ ਕਿਸੇ ਦਾ ਫੁਰਨਾ, ਵੀਚਾਰ ਜਾਂ ਕਲਪਣਾ ਕਿਵੇਂ ਹੋ ਸਕਦੀ ਹੈ? ਇਸ ਤਰਾਂ ਸਮਾਧੀ ਵਿੱਚ ਦਰਸ਼ਨ ਹੋਣ ਦੀਆਂ ਮਨੋ ਕਲਪਿਤ ਥੋਥੀਆਂ ਕਹਾਣੀਆਂ, ਜਾਂ ਦੰਦ ਕਥਾਵਾਂ ਦੀ ਕੋਈ ਹਕੀਕਤ ਨਹੀ ਹੋ ਸਕਦੀ ਕਿਉਂਕਿ ਗੁਰਬਾਣੀ ਦਾ ਅਟੱਲ ਫੈਸਲਾ ਹੈ ਕਿ: ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ 644 ਜਿਸ ਦੀ ਕੋਈ ਰੂਪ ਰੇਖਾ ਹੀ ਨਹੀ, ਅਦ੍ਰਿਸ਼ਟ ਹੈ, ਉਸ ਨੂੰ ਕਿਸ ਵਿਧੀ ਦੁਆਰਾ ਪਾਇਆ ਜਾਂ ਧਿਆਇਆ ਜਾ ਸਕਦਾ ਹੈ? ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ 1095 ਜਿਸ ਦੇ ਰੂਪ ਨੂੰ ਜਾਨਿਆਂ ਹੀ ਨਹੀ ਜਾ ਸਕਦਾ, ਉਸ ਨੂੰ ਕਿਵੇਂ ਧਿਆਇਆ ਜਾਵੇ? ਜਿਸ ਦਾ ਕੋਈ ਪ੍ਰਤੱਖ ਪ੍ਰਮਾਣ ਹੀ ਨਹੀ ਉਸ ਨਾਲ ਸੰਪਰਕ ਕਿਵੇਂ ਹੋਵੇ? ਗੁਰਬਾਣੀ ਅਦ੍ਰਿਸ਼ਟ ਪ੍ਰਭੂ ਜਾਂ ਗੁਰੂ ਨਾਲ ਸਾਂਝ ਪਾਉਣ ਦਾ ਸੌਖਾ ਰਾਹ ਦਰਸਾਉਂਦੀ ਹੈ: ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ (27) ਜੋ ਗੁਰਬਾਣੀ (ਆਤਮਿਕ ਗਿਆਨ) ਨੂੰ ਪੜ੍ਹ, ਸੁਣ ਤੇ ਬੁੱਝ ਕੇ ਮੰਨ ਲੈਂਦਾ ਹੈ, ਮਨ ਵਸਾ ਲੈਂਦਾ ਹੈ, ਭਾਵ ਗੁਰਬਾਣੀ ਨੂੰ ਜੀਵਨ ਅਧਾਰ ਬਣਾ ਲੈਂਦਾ ਹੈ, ਕੇਵਲ ਉਸ ਨੇ ਹੀ ਗੁਰੂ (ਜਾਂ ਹਰੀ) ਨੂੰ ਧਿਆਇਆ, ਸਿਮਰਿਆ, ਜਪਿਆ ਜਾਂ ਰਾਵਿਆ ਹੈ ਅਤੇ ਇਸੇ ਭਗਤੀ ਵਿੱਚ ਦਿਨ ਰਾਤ ਰੱਤੇ ਹੋਏ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਮਨ ਦਾ ਨਿਰਮਲ ਹੋ ਜਾਣਾ ਹੀ ਪ੍ਰਭੂ (ਜਾਂ ਗੁਰੂ) ਨੂੰ ਮਿਲਣ, ਧਿਆਉਣ ਜਾਂ ਸਾਂਝ ਪਾਉਣ ਦੀ ਕਸਵੱਟੀ ਹੈ। ਅਗਰ ਮਨ ਨਿਰਮਲ ਨਹੀ ਹੋਇਆ ਤਾਂ ਬਾਹਰੀ ਕੀਤਾ ਹਰ ਕਰਮ ਕਾਂਡ ਨਿਸਫਲ ਹੀ ਹੈ, ਭਾਵੇਂ ਉਹ ਕਿਸੇ ਇੱਕ ਸ਼ਬਦ ਦਾ ਜਾਪ ਹੀ ਕਿਉਂ ਨਾ ਹੋਵੇ। ਗੁਰਬਾਣੀ ਆਦੇਸ਼ ਹੈ ਕਿ: ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਬਿਨੁ ਪੇਖੇ ਕਹੁ ਕੈਸੋ ਧਿਆਨੁ ॥ 1140 ਗੁਰੂ ਦੇ ਆਤਮਿਕ ਗਿਆਨ ਬਿਨਾ ਕਰਤੇ ਦੀ ਸੂਝ ਬੂਝ ਨਹੀ ਪੈ ਸਕਦੀ ਤੇ ਸੂਝ ਬਿਨਾ ਇਹ ਦਸੋ ਕਿ ਉਸ ਅਦ੍ਰਿਸ਼ਟ ਦਾ ਧਿਆਨ ਕਿਵੇਂ ਕੀਤਾ ਜਾ ਸਕਦਾ ਹੈ? ਗੁਰਬਾਣੀ ਦਾ ਹੀ ਕਥਨ ਹੈ ਕਿ: ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥ 577 ਉਸ ਪਿਆਰੇ ਪ੍ਰਭੂ ਨੂੰ ਦੁਨਿਆਵੀ ਅੱਖਾਂ ਨਾਲ ਨਹੀ ਵੇਖਿਆ ਜਾ ਸਕਦਾ, ਉਸਨੂੰ ਵੇਖਣ ਵਾਲੀਆਂ ਅੱਖਾਂ ਹੀ ਹੋਰ ਹਨ। ਗੁਰਬਾਣੀ (ਆਤਮਿਕ ਗਿਆਨ) ਹੀ ਉਹ ਤੀਜਾ ਨੇਤ੍ਰ ਜਾਂ ਬਿਅੰਨਿ ਅਖੀਆਂ ਹਨ ਜਿਨ੍ਹਾਂ ਦੁਆਰਾ ਕਰਤੇ ਨੂੰ ਜਾਣਿਆ ਤੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ। ਪਰ ਅਖੌਤੀ ਸਾਧਾਂ ਸੰਤਾਂ ਦਾ ਪ੍ਰਚਲਤ ਅਨੋਖਾ ਤੇ ਮਨਘੜਤ ਰਾਹ ਇਹ ਹੈ ਕਿ ਗੁਰੂ ਦੀ ਮਨੋ ਕਲਪੀ ਤੇ ਆਪੂ ਬਣਾਈ ਤਸਵੀਰ, ਜਾਂ ਕਿਸੇ ਸਾਧ, ਸੰਤ, ਜਾਂ ਬਾਬੇ ਦੀ ਤਸਵੀਰ ਨੂੰ ਮੁਹਰੇ ਰੱਖ ਕੇ ਉਸ ਨੂੰ ਮਨ ਵਸਾਇਆ ਜਾਵੇ, ਅਤੇ ਫੇਰ ਮਾਲਾ ਦੇ ਮਣਕਿਆਂ ਨਾਲ ਵਾਹਿਗੁਰੂ ਦੇ ਜਾਪ ਦਾ ਖੰਡਾ ਖੜਕਾਉਣ (ਅਖੌਤੀ ਨਾਮ ਦਾ ਜਾਪ ਕਰਨ) ਨਾਲ ਗੁਰੂ ਜਾਂ ਕਲਪੇ ਸਾਧ ਸੰਤ ਦੇ ਪ੍ਰਤੱਖ ਦਰਸ਼ਨ ਹੋ ਜਾਣਗੇ। ਗੁਰਬਾਣੀ ਦਾ ਪ੍ਰਮਾਣ ਦੇਣ ਲਈ ਪਹਿਲੀ ਪੰਗਤੀ ਸੁਣਾ ਦਿੱਤੀ ਜਾਂਦੀ ਹੈ ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰੂ ਦੀ ਤਸਵੀਰ ਦਾ ਮਨ ਅੰਦਰ ਧਿਆਨ ਧਰਨਾ ਹੈ, ਤੇ ਅਗਲੀਆਂ ਪੰਗਤੀਆਂ ਜੋ ਗੁਰੂ ਦੀ ਮੂਰਤ ਦਾ ਵਿਖਿਆਨ ਕਰਦੀਆਂ ਹਨ, ਨੂੰ ਛੁਪਾ ਲਿਆ ਜਾਂਦਾ ਹੈ: ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ 864

ਗੁਰਬਾਣੀ (ਗੁਰਸ਼ਬਦ) ਹੀ ਗੁਰੂ ਦਾ ਮੰਤ੍ਰ ਜਾਂ ਗੁਰੂ ਦੀ ਤਸਵੀਰ ਹੈ ਜਿਸ ਨੂੰ ਮੰਨ ਕੇ ਉਸ ਤੇ ਚਲਣ ਦਾ ਉਪਰਾਲਾ ਕਰਨਾ ਹੈ, ਗੁਰੂ ਦੇ ਚਰਨ ਗੁਰੂ ਦੀ ਬਾਣੀ ਹੈ ਜਿਸ ਨੂੰ ਹਿਰਦੇ (ਮਨ) ਵਿੱਚ ਟਿਕਾਉਣਾ ਹੈ (ਭਾਵ ਯਾਦ ਰੱਖਣਾ ਹੈ) ਤਾਂ ਕੇ ਜੀਵਨ ਵਿੱਚ ਹਰ ਸਮੇ ਇਸ ਦਾ ਉਪਯੋਗ ਹੋ ਸਕੇ। ਗੁਰੂ ਦੀ ਮਨੋ ਕਲਪੀ ਬਾਹਰੀ ਮੂਰਤ ਨੂੰ ਪੂਜਣ ਨਾਲ ਨਾ ਮਨ ਨਿਰਮਲ ਹੋਣਾ ਹੈ, ਨਾ ਸਾਂਝ ਪੈਣੀ ਹੈ ਤੇ ਨਾ ਹੀ ਮਨੁੱਖੀ ਏਕਤਾ, ਸਰਬੱਤ ਨਾਲ ਪਿਆਰ ਜਾਂ ਸਾਂਝੀਵਾਲਤਾ, ਹੋਣੀ ਹੈ। ਕੇਵਲ ਗੁਰਬਾਣੀ (ਗੁਰੂ) ਨਾਲ ਜੁੜਿਆਂ ਹੀ ਮਨੁਖੀ ਏਕਤਾ, ਪ੍ਰਭੂ ਨਾਲ ਸਾਂਝ ਤੇ ਮਨ ਦੀ ਨਿਰਮਲਤਾ ਦੀ ਪ੍ਰਾਪਤੀ ਸੰਭਵ ਹੈ। ਇਸ ਵਿਧੀ ਨੂੰ ਅਜ਼ਮਾਉਣ ਵਾਲਿਆਂ ਦੇ ਹੀ ਬੋਲ ਹਨ: ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ 1299 ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥ 671 ਸਾਧ ਸੰਗਤ ਭਾਵ ਗੁਰੂ (ਗੁਰਬਾਣੀ) ਦੀ ਸੰਗਤ ਹੀ ਇਕੋ ਇੱਕ ਵਿਧੀ, ਵਸੀਲਾ ਜਾਂ ਜੁਗਤੀ ਹੈ ਜਿਸ ਨਾਲ ਅਦ੍ਰਿਸ਼ਟ ਗੁਰੂ ਪਾਰਬ੍ਰਹਮ ਨਾਲ ਸਾਂਝ ਪੈਦਾ ਹੋ ਸਕਦੀ ਹੈ, ਗੁਰਬਾਣੀ ਅਨੁਸਾਰ ਉਸ ਦੇ ਹੁਕਮ ਵਿੱਚ ਚਲਣਾ ਹੀ ਉਸ ਨੁੰ ਧਿਆਉਣਾ, ਸਿਮਰਨਾ, ਜਪਣਾ ਜਾਂ ਰਵਣਾ ਹੈ। ਗੁਰਬਾਣੀ ਫੁਰਮਾਨ ਹੈ ਕਿ: ਪਾਰਬ੍ਰਹਮੁ ਪਰਮੇਸਰੁ ਅਨੂਪੁ ॥ ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥ 1152 ਗੁਰੂ (ਗੁਰਬਾਣੀ) ਹੀ ਉਸ ਪਾਰਬ੍ਰਹਮ ਪਰਮੇਸਰੁ ਦੀ ਮੂਰਤ ਜਾਂ ਰੂਪ ਹੈ, ਇਸ ਲਈ ਅਗਰ ਅਕਾਲ ਪੁਰਖ ਜਾਂ ਗੁਰੂ ਦਾ ਧਿਆਨ ਧਰਨਾ ਹੈ, ਉਸ ਨਾਲ ਸਾਂਝ ਪਾਉਣੀ ਹੈ, ਤਾਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ, ਸੁਣ, ਵੀਚਾਰ ਕੇ ਉਸ ਤੇ ਚਲਣ ਦਾ ਯਤਨ ਕਰਨਾ ਪਵੇਗਾ ਕਿਉਂਕਿ ਗੁਰੂ (ਗੁਰਬਾਣੀ) ਹੀ ਅਕਾਲ ਪੁਰਖ ਦੀ ਮੂਰਤ (ਰੂਪ) ਹੈ। ਗੁਰਬਾਣੀ ਹੀ ਅਕਾਲ ਪੁਰਖ ਦੇ ਗੁਣਾਂ ਨੂੰ ਦ੍ਰਿੜਾਉਂਦੀ ਹੈ ਜਿਨ੍ਹਾਂ ਦੁਆਰਾ ਉਸ ਨਾਲ ਸਾਂਝ ਪੈ ਸਕਦੀ ਹੈ। ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ 765

ਗੁਰੂ (ਜੋ ਸਰੀਰ ਨਹੀ) ਨਾਲ ਸਾਂਝ ਪਾਉਣ ਲਈ ਉਸ ਦੇ ਬਚਨ, ਸਿਖਿਆ ਜਾਂ ਉਪਦੇਸ਼ ਨਾਲ ਸਾਂਝ ਪਾਉਣੀ ਪਵੇਗੀ, ਉਸ ਦੇ ਭਾਣੇ ਵਿੱਚ ਚਲਣਾ ਪਵੇਗਾ, ਗੁਣਾਂ ਕਰਕੇ ਉਸ ਜੈਸਾ ਹੀ ਬਣਨਾ ਪਵੇਗਾ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ 1372 ਅਗਰ ਗੁਰਬਾਣੀ ਅਨੁਸਾਰ ਚਲਦਿਆਂ ਗੁਣਾਂ ਦਾ ਵਾਸਲਾ ਨਹੀ ਭਰਿਆ, ਭਾਵ ਗੁਣਾਂ ਦਾ ਵਾਸਾ ਹਿਰਦੇ ਵਿੱਚ ਨਹੀ ਹੋਇਆ ਤਾਂ ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਨਹੀ ਚਲਿਆ ਗਿਆ। ਪਰ ਇਹੀ ਮਨੁੱਖ ਦੀ "ਵਡ੍ਹੀ" ਔਕੜ ਹੈ ਕਿ ਜੇ ਗੁਰੂ ਦੀ ਗਲ ਮੰਨ ਕੇ ਔਗਣਾਂ ਨੂੰ ਛੱਡਣਾ ਹੈ, ਗੁਣਾਂ ਨੂੰ ਧਾਰਨ ਕਰਨਾ ਹੈ, ਆਪਾ ਸਮਰਪਣ ਕਰਨਾ ਹੈ ਤਾਂ ਮੇਰੀਆਂ ਮਨ ਮਰਜ਼ੀਆਂ ਤੇ ਹੈਂਕੜਾਂ ਦਾ ਕੀ ਬਣੇਗਾ? ਕਿਸੇ ਵਿਰਲੇ ਨੂੰ ਛੱਡ ਕੇ ਹਰ ਮਨੁੱਖ ਦਾ (ਰੱਬ ਜਾਂ ਗੁਰੂ ਨਾਲ ਸਾਂਝ ਪਾਉਣ ਦਾ) ਮਨੋਰਥ ਨਿਜੀ ਸਵਾਰਥਾਂ ਤੇ ਵਕਤੀ ਸੁੱਖਾਂ ਦੀ ਪੂਰਤੀ ਹੀ ਹੁੰਦਾ ਹੈ। ਮਨੁੱਖ ਦੀਆਂ ਕੀਤੀਆਂ ਨਿਤ ਦੀਆਂ ਅਰਦਾਸਾਂ ਹੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਪਰ ਮਨੁੱਖ ਇਹ ਵਿਸਰ ਜਾਂਦਾ ਹੈ ਕਿ ਉਸ ਦੀ ਮਨ ਮਤ ਹੀ ਗੁਰੂ ਨਾਲ ਸਾਂਝ ਪਾਉਣ ਵਿੱਚ ਵੱਡ੍ਹੀ ਸਮੱਸਿਆ ਹੈ। ਮਨੁੱਖ ਸਾਰੇ ਜਗਤ ਦਾ ਮਾਲਕ, ਹੁਕਮਰਾਨ ਤੇ ਪੂਜਨੀਕ ਬਣਨਾ ਲੋਚਦਾ ਹੈ, ਇਸ ਲਈ ਗੁਰੂ ਨੇ ਮਨੁੱਖ ਕੋਲ ਇੱਕ ਪ੍ਰਸਤਾਵ ਰਖਿਆ ਹੈ ਜਿਸ ਨੂੰ ਕਬੂਲਣ ਨਾਲ ਉਹ ਸਾਰੇ ਜਗਤ ਦਾ ਮਾਲਕ ਬਣ ਸਕਦਾ ਹੈ ਪਰ ਮਨੁੱਖ ਨੂੰ ਉਹ ਪ੍ਰਸਤਾਵ ਪ੍ਰਵਾਨ ਨਹੀ। ਗੁਰੂ ਦਾ ਪ੍ਰਸਤਾਵ ਹੈ ਕਿ: ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ 1382 ਸਾਰੇ ਜਗਤ ਦਾ ਮਾਲਕ ਬਣਨ ਲਈ ਸ਼ਰਤ ਇਹ ਹੈ ਕਿ ਉਸ ਨੂੰ ਰੱਬੀ ਗੁਣਾਂ ਦਾ ਧਾਰਨੀ (ਜਾਂ ਗੁਰੂ ਵਰਗਾ) ਹੀ ਬਣਨਾ ਪਵੇਗਾ ਅਤੇ ਮਨੁੱਖ ਇਸ ਸ਼ਰਤ ਤੋਂ ਘਬਰਾਉਂਦਾ ਹੈ ਕਿਉਂਕਿ ਉਸ ਪ੍ਰਭੂ ਦਾ ਬਣਨ ਲਈ ਆਪਾ ਸਮਰਪਣ ਕਰਨਾ ਪਵੇਗਾ, ਆਪਾ ਸਮਰਪਣ ਲਈ ਆਪਾ ਸਵਾਰਨਾ ਪਵੇਗਾ, ਆਪਾ ਸਵਾਰਨ ਲਈ ਮਨ ਮਰਜ਼ੀ ਛੱਡਣੀ ਪਵੇਗੀ ਅਤੇ ਜੇ (ਫੋਕੀ) ਸ਼ਾਨ ਸ਼ੌਕਤ, (ਝੂਠਾ) ਮਾਨ ਸਨਮਾਨ, ਆਕੜ ਦਾ ਦਿਖਾਵਾ, ਪ੍ਰਭਤਾ ਤੇ ਮਨ ਮਰਜ਼ੀ ਹੀ ਨਾ ਰਹੀ ਤਾਂ ਜਗਤ ਦੀ ਮਲਕੀਅਤ ਕਿਸ ਕੰਮ? ਬੱਸ, ਗੁਰੂ ਨਾਲ ਸਾਂਝ ਪੈਣ ਵਿੱਚ ਇਹੀ ਅੜਿੱਕਾ (dead lock) ਹੈ ਜਿਸ ਕਰਕੇ ਮਨੁੱਖ ਕਦੇ ਵੀ ਅਨੰਦ (ਸਦੀਵੀ ਸੁੱਖ) ਨੂੰ ਨਹੀ ਮਾਣ ਸਕਦਾ ਤੇ ਸਦਾ ਦੁਖੀ ਹੀ ਰਹਿੰਦਾ ਹੈ। ਆਪਣੀ ਮਨ ਮਰਜ਼ੀ ਵੀ ਚਹੁੰਦਾ ਹੈ ਤੇ ਗੁਰੂ ਨਾਲ ਸਾਂਝ ਦੁਆਰਾ ਸਦੀਵੀ ਸੁੱਖ (ਆਨੰਦ) ਵੀ ਮਾਨਣਾ ਚਹੁੰਦਾ ਹੈ, ਪਰ ਇਹ ਆਪਾ ਵਿਰੋਧੀ ਕਿਰਿਆਵਾਂ ਸੰਭਵ ਨਹੀ। ਦੁਨਿਆਵੀ ਮਿਤ੍ਰਤਾ ਤੇ ਪਿਆਰ ਵੀ ਉਦੋਂ ਹੀ ਪੈਂਦੇ ਹਨ ਜਦੋਂ ਆਪਸੀ ਵੀਚਾਰਾਂ ਦਾ ਮੇਲ ਹੋ ਜਾਵੇ ਤੇ ਇਸੇ ਤਰਾਂ ਗੁਰੂ ਨਾਲ ਸਾਂਝ ਪਾਉਣ ਲਈ ਵੀ ਗੁਰੂ ਦੇ ਵੀਚਾਰਾਂ ਨਾਲ ਸਾਂਝ ਪਾਉਣੀ ਪਵੇਗੀ, ਉਸ ਦੇ ਗੁਣਾਂ ਨੂੰ ਧਾਰਨ ਕਰਨਾ ਪਵੇਗਾ ਤੇ ਇਹੀ ਗਲ ਗੁਰੂ ਬਾਰ ਬਾਰ ਦ੍ਰਿੜਾਉਂਦਾ ਹੈ ਕਿ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ 1412 ਜੇ ਮੇਰੇ ਨਾਲ ਸਾਂਝ ਪਾਉਣ ਦੀ ਚਾਹਤ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਕੇ, ਭਾਵ ਆਪਣੀ ਮਨਮਤ ਨੂੰ ਛੱਡ ਕੇ, ਬਿਨਾ ਕਿਸੇ ਸੰਕੋਚ ਕੀਤਿਆਂ, ਮੇਰੇ ਕੋਲ ਆ, ਭਾਵ ਗੁਰਮਤ ਨੂੰ ਧਾਰਨ ਕਰ, ਪਰ ਇਹੀ ਕਰਨ ਤੋਂ ਤਾਂ ਮਨੁੱਖ ਘਬਰਾਉਂਦਾ ਹੈ ਕਿਉਂਕਿ ਆਪਾ ਸਮਰਪਣ ਕਰਨਾ (ਮਨਮਤ ਨੂੰ ਛੱਡਣਾ) ਕੋਈ ਖਾਲਾ ਜੀ ਦਾ ਵਾੜਾ ਥੋੜੀ ਹੈ? ਇਸੇ ਗਲ ਤੋਂ ਤਾਂ ਉਹ ਕੰਨ ਕਤਰਾਉਂਦਾ ਹੈ ਕਿਉਂਕਿ ਫਿਰ ਮਨ ਮਰਜ਼ੀ ਕਿਵੇਂ ਹੋਵੇਗੀ? ਅਤੇ ਜੇ ਮਨ ਮਰਜ਼ੀ ਹੀ ਨਾ ਰਹੀ ਤਾਂ ਜਗਤ ਦੀ ਮਲਕੀਅਤ ਨੂੰ ਕੀ ਕਰਨਾ ਹੈ? ਮਨੁੱਖ ਨੇ ਆਪਣੀ ਸਿਆਣਪ ਤੇ ਚਤੁਰਾਈ ਵਰਤ ਕੇ ਇਸ ਅੜਿੱਕੇ ਦਾ ਹੱਲ ਬਾਹਰੀ ਅਖੌਤੀ ਧਰਮ ਦਿਖਾਵੇ ਦਾ ਭੇਖ, ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਬਣਾ ਲਿਆ ਹੈ। ਧਰਮੀ ਹੋਣ ਦਾ ਭੇਖ (ਅੰਦਰੋਂ ਹੋਰ ਤੇ ਬਾਹਰੋਂ ਹੋਰ) ਬਣਾ ਕੇ, ਦਿਨ ਰਾਤ ਪ੍ਰਭੂ ਦੀ ਪੂਜਾ ਕਰਦਾ ਹੈ, ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਦਾ ਹੈ, ਵਾਹਿਗੁਰੂ ਦਾ ਅਖੌਤੀ ਜਾਪ ਕਰਦਾ ਹੈ, ਆਪੂੰ ਮਿਥੀਆਂ ਬਾਣੀਆਂ ਦਾ ਨਿਤ ਨੇਮ ਵੀ ਕਰਦਾ ਹੈ, ਅਨੇਕ ਤਰਾਂ ਦੇ ਪਾਠਾਂ ਦੀਆਂ ਲੜੀਆਂ ਵੀ ਲਾਈ ਜਾਂਦਾ ਹੈ, ਦਾਨ ਪੁੰਨ ਵੀ ਕਰਦਾ ਹੈ, ਲੰਗਰ ਵੀ ਲਾਉਂਦਾ ਹੈ, ਆਰਤੀਆਂ ਵੀ ਉਤਾਰਦਾ ਹੈ, ਕੀਰਤਨ ਦਰਬਾਰ ਵੀ ਸਜਾਉਂਦਾ ਹੈ, ਨਗਰ ਕੀਰਤਨ ਵੀ ਬਥੇਰੇ ਕੱਢਦਾ ਹੈ, ਤੀਰਥਾਂ ਤੇ ਵੀ ਨ੍ਹਾ ਆਉਂਦਾ ਹੈ, ਅੰਮ੍ਰਿਤ ਪਾਨ ਕਰਨ ਤੇ ਕਕਾਰਾਂ ਦਾ ਧਾਰਨੀ ਹੋ ਕੇ ਗੁਰੂ ਵਾਲਾ ਬਣਨ ਦਾ ਭਰਮ ਵੀ ਪਾਲੀ ਬੈਠਾ ਹੈ --- ਆਦਿਕ –-- ਪਰ ਮਨ ਉਸੇ ਤਰਾਂ ਨਾਪਾਕ ਤੇ ਵਿਕਾਰਾਂ ਦੀ ਮੈਲ ਨਾਲ ਮੈਲਾ ਹੈ। ਗੁਰੂ ਅਗੇ ਇਹ ਸਿਆਣਪਾਂ ਤੇ ਚਤੁਰਾਈਆਂ ਨਹੀ ਚਲਦੀਆਂ, (ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ 396) ਗੁਰੂ ਤਾਂ ਪਿਆਰ ਨਾਲ ਸਮਝਾਉਂਦਾ ਹੈ ਕਿ: ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ 641 ਹੇ ਪਿਆਰੇ, ਇਹਨਾਂ ਅਨੇਕ ਕਰਮ ਕਾਂਡਾਂ ਦੁਆਰਾ ਮਿਲਾਪ (ਜਾ ਸਾਂਝ) ਹਾਸਲ ਨਹੀ ਹੋਣਾ, ਆਖਿਰ ਕਾਰ ਆਪਣੀ ਮਨਮਤ ਨੂੰ ਤਿਆਗ ਕੇ ਸੁਆਮੀ ਦੀ ਬਿਬੇਕ ਬੁੱਧ ਤਾਂ ਅਵੱਸ਼ ਲੈਣੀ ਹੀ ਪਵੇਗੀ, ਗੁਰਮਤ ਅਨੁਸਾਰ ਅੰਦਰੋਂ ਤੇ ਬਾਹਰੋਂ ਇੱਕ ਹੋਣਾ ਪਵੇਗਾ। ਇਸ ਬਿਨਾ ਕੋਈ ਹੋਰ ਚਾਰਾ ਨਹੀ। ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 162 ਗੁਰਬਾਣੀ (ਗੁਰੂ) ਦੀ ਸ਼ਰਨ ਆਏ ਬਿਨਾ, ਇਹਨਾਂ ਨਿਰਰਥਿਕ ਕਰਮ ਕਾਂਡਾਂ ਦਾ ਅਹੰਕਾਰ ਨਹੀ ਤਿਆਗਿਆ ਜਾਣਾ ਤੇ ਅਹੰਕਾਰ ਤਿਆਗੇ ਬਿਨਾ ਨਿਰੰਕਾਰਿ ਨਾਲ ਸਾਂਝ ਕਿਵੇਂ? ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥ 229

ਗੁਰਉਪਦੇਸ਼ ਬਿਨਾ ਬਾਹਰੀ ਮਿਥੇ ਰੀਤਾਂ ਰਸਮਾਂ ਤੇ ਲਖਾਂ ਕਰਮ ਕਾਡਾਂ ਨਾਲ ਨਾਂ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਹੈ ਤੇ ਨਾਂ ਗੁਰੂ ਨਾਲ ਸਾਂਝ ਪੈਣੀ ਹੈ। ਹੇ ਪਿਆਰੇ, ਇਹਨਾਂ ਦਿਖਾਵੇ ਦੇ ਭੇਖਾਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਨਿਸਫਲ ਯਤਨਾਂ ਨਾਲ ਸੁਆਮੀ ਨਾਲ ਸਾਂਝ ਨਹੀ ਪੈਣੀ, ਇਹ ਬਾਹਰੀ ਵਿਅਰਥ ਤੇ ਨਿਸਫਲ ਕਰਮ ਕਾਂਡ ਸਭ ਅਜ਼ਮਾਏ ਜਾ ਚੁਕੇ ਹਨ। ਬਿਬੇਕ ਬੁਧ ਦੁਆਰਾ (ਗੁਰੂ ਦੀ ਸ਼ਰਨ ਪੈ ਕੇ) ਮਨ ਨੂੰ ਨਿਰਮਲ ਕਰਨਾ ਹੀ ਸਾਂਝ ਦਾ ਵਸੀਲਾ ਹੈ। ਇਹ ਭੇਖਾਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੀਆਂ ਚਤੁਰਾਈਆਂ ਤੇ ਸਿਆਣਪਾਂ ਕਿਤੇ ਕੰਮ ਨਹੀ ਆਉਣੀਆਂ। ਇਸ ਤਰਾਂ ਸਾਂਝ ਪਾਉਣ ਦਾ ਭਰਮ ਤਾਂ ਜਗਤ ਅਤੇ ਆਪੇ ਨਾਲ ਧੋਖੇ ਜਾਂ ਫਰੇਬ ਤੋਂ ਬਿਨਾ ਹੋਰ ਕੁਛ ਵੀ ਨਹੀ। ਗੁਰਮਤ ਬਿਨਾ ਮਨੁੱਖ ਰੱਬ ਦੇ ਅਤੀ ਨੇੜੇ ਹੁੰਦਾ ਹੋਇਆ ਵੀ ਅਤੀ ਦੂਰ ਹੈ ( ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ 205 ) ਕਿਉਂਕਿ ਉਲਟੇ ਰਾਹ ਤੁਰਨ ਦੇ ਕਾਰਨ, ਉਸ ਵਲ ਪਿੱਠ ਹੋਣ ਦੇ ਕਾਰਨ, ਅੰਦਰ ਬੈਠੇ ਪ੍ਰਭੂ ਨੂੰ ਛੱਡ ਕੇ, ਮਨ ਦੇ ਬਾਹਰ ਭੱਜਣ ਕਾਰਨ, ਉਸ ਨਾਲ ਕੋਈ ਸਾਂਝ ਹੀ ਨਹੀ ਕਿਉਂਕਿ ਮਨੁੱਖ ਦੇ ਅਪਨਾਏ ਅਉਗਣ ਹੀ ਗੁਣੀ ਨਿਧਾਨ ਪ੍ਰਭੂ ਦੇ ਉਲਟ ਹਨ।

  1. ਪ੍ਰਭੂ ਦਿਲ ਦਰਿਆ ਹੈ, ਬਿਨ ਮੰਗਿਆਂ ਸਭਨਾਂ ਨੂੰ ਦਾਨ ਦੇਈ ਜਾਂਦਾ ਹੈ ਪਰ ਮਨੁੱਖ ਸੰਗਦਿਲ, ਸਵਾਰਥੀ ਤੇ ਕੱਟੜ ਹੈ। ਦਾਨ ਦੇਣਾ ਤਾਂ ਇੱਕ ਪਾਸੇ ਬਲਿਕੇ ਜੋਰੋ ਜੋਰੀ ਦੂਸਰਿਆਂ ਦਾ ਵੀ ਹੱਕ ਮਾਰੀ ਜਾਂਦਾ ਹੈ।
  2. ਪ੍ਰਭੂ ਪਰਮ ਆਨੰਦ ਤੇ ਸਦ ਖੇੜਾ ਹੈ ਪਰ ਮਨੁੱਖ ਚਿੰਤਾਤੁਰ ਤੇ ਮਹਾਂ ਦੁਖਿਆਰਾ ਹੈ।
  3. ਪ੍ਰਭੂ ਗਿਆਨ ਦਾ ਪ੍ਰਕਾਸ਼ ਹੋਣ ਨਾਤੇ ਸਦਾ ਜਾਗਦਾ ਹੈ ਪਰ ਮਨੁੱਖ ਅਗਿਆਨਤਾ ਦਾ ਹਨੇਰਾ ਹੋਣ ਕਾਰਨ ਸਦਾ (ਅਗਿਆਨਤਾ ਦੀ ਨੀਂਦ ਵਿੱਚ) ਸੁੱਤਾ ਹੋਇਆ ਹੈ।
  4. ਪ੍ਰਭੂ ਸੁਤੰਤ੍ਰ ਹੈ, ਕਿਸੇ ਬੰਦਿਸ਼ ਵਿੱਚ ਨਹੀ, ਪਰ ਮਨੁੱਖ ਮੋਹ ਮਾਇਆ (ਵਿਕਾਰਾਂ) ਦੇ ਅਨੇਕ ਬੰਦਨਾਂ ਵਿੱਚ ਜਕੜਿਆ ਹੋਇਆ ਹੈ।
  5. ਪ੍ਰਭੂ ਨਿਰਭਉ ਹੈ, ਨਿਡਰ ਹੈ, ਪਰ ਮਨੁੱਖ ਜ਼ਿੰਦਗੀ ਭਰ ਮੌਤ ਦੇ ਡਰ ਨਾਲ ਸਹਿਮਿਆ ਤੇ ਡਰਿਆ ਰਹਿੰਦਾ ਹੈ।
  6. ਪ੍ਰਭੂ ਨਿਰਵੈਰ ਹੈ, ਉਸ ਦਾ ਕੋਈ ਵੈਰੀ ਨਹੀ ਪਰ ਮਨੁੱਖ, (ਕੀ ਆਪਣੇ ਤੇ ਕੀ ਪਰਾਏ) ਸਭ ਦਾ ਹੀ ਵੈਰੀ ਹੈ।
  7. ਪ੍ਰਭੂ ਪਿਆਰ ਹੈ ਪਰ ਮਨੁੱਖ ਮੋਹੀ ਹੈ। ਮੋਹ ਨੂੰ ਹੀ ਪਿਆਰ ਸਮਝੀ ਬੈਠਾ ਹੈ।
  8. ਪ੍ਰਭੂ ਨਿਸ਼ਕਾਮ ਹੈ ਪਰ ਮਨੁੱਖ ਆਸਾਵੰਦ ਜਾਂ ਇਛੱਕ ਹੈ। ਮਨੁੱਖ ਤਾਂ ਜਿਉਂਦਾ ਹੀ ਆਸ ਤੇ ਹੈ।
  9. ਪ੍ਰਭੂ ਬਖਸ਼ਿੰਦ, ਦਇਆਲੂ ਤੇ ਖਿਮਾ ਦਾ ਸਾਗਰ ਹੈ ਪਰ ਮਨੁੱਖ ਬੇਰਹਿਮ, ਨਿਰਦਈ ਤੇ ਸਦਾ ਬਦਲੇ ਦੀ ਭਾਵਨਾ ਦਾ ਸ਼ਿਕਾਰ ਹੈ।
  10. ਪ੍ਰਭੂ ਗੁਣੀ ਨਿਧਾਨ ਹੈ ਪਰ ਮਨੁੱਖ ਨਿਰਗੁਣਿਆਰਾ, ਔਗਣਾਂ ਦੀ ਮੈਲ ਨਾਲ ਲਿਬਰੇਜ਼ ਹੈ। ---ਆਦਿਕ---

ਉਲਟੇ ਰਾਹਾਂ ਤੇ ਚਲਦਿਆਂ ਗੰਢ ਤੁਪ ਕਿਵੇਂ, ਸਾਂਝ ਕਿਵੇ, ਹਮਾ ਤੁਮਾ ਮੇਲ ਕਿਵੇਂ? ਮਨੁੱਖ ਹਉਮੈ ਦੀ ਹੀ ਉਪਜ ਹੈ, ਤੇ ਜਦ ਤਕ ਗੁਰਮਤ ਦੁਆਰਾ ਇਹ ਹਉਮੈ ਰਹਤ ਨਹੀ ਹੁੰਦਾ ਤਦ ਤਕ ਸਾਂਝ ਦਾ ਕੋਈ ਵਸੀਲਾ ਹੀ ਨਹੀ ਕਿਉਂਕਿ ਹਉਮੈ ਹੀ ਪ੍ਰਭੂ ਨਾਲੋਂ ਜੁਦਾਈ ਦਾ ਕਾਰਨ ਤੇ ਸਾਂਝ ਦੀ ਔਕੜ ਹੈ। ਗੁਰਬਾਣੀ ਫੁਰਮਾਨ ਹੈ ਕਿ: ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ 657 ਜਿਥੇ ਹਉਮੈ ਦਾ ਵਾਸਾ ਹੈ ਉਥੇ ਪ੍ਰਭੂ ਦਾ ਵਾਸਾ ਨਹੀ ਤੇ ਜਿਥੇ ਪ੍ਰਭੂ ਦਾ ਵਾਸਾ ਹੈ ਉਥੇ ਹਉਮੈ ਦਾ ਵਾਸਾ ਨਹੀ ਹੋ ਸਕਦਾ ਕਿਉਂਕਿ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ 560. ਮਨੁੱਖ ਦੋਵੇਂ ਆਪਾ ਵਿਰੋਧੀ ਬਿਰਤੀਆਂ ਨੂੰ ਇਕੱਠੀਆਂ ਕਰਨਾ ਲੋਚਦਾ ਹੈ, ਜੋ ਸੰਭਵ ਨਹੀ।

ਜਿਸ ਕਰਤੇ ਦਾ ਇਹ ਸਾਰਾ ਜਗਤ ਹੈ, ਉਸ ਦੇ ਭਾਣੇ ਵਿੱਚ ਚਲ ਕੇ, ਗੁਣਾਂ ਦੁਆਰਾ ਉਸ ਜੇਹਾ ਬਣ ਕੇ, ਹਉਮੈ ਰਹਿਤ ਹੋ ਕੇ, ਆਪਾ ਸਮਰਪਣ ਕਰਕੇ ਹੀ ਉਸ ਨਾਲ ਸਾਂਝ ਪੈ ਸਕਦੀ ਹੈ, ਤੇ ਸਾਰੇ ਜਗਤ ਦਾ ਮਾਲਕ ਬਣਿਆ ਜਾ ਸਕਦਾ ਹੈ, ਪਰ ਇਹੀ ਮਨੁੱਖ ਦੀ ਔਕੜ, ਕਠਨਾਈ, ਬੇਵਸੀ, ਬਿਖੜਾ ਪੈਂਡਾ ਤੇ ਅਵਘਟ ਘਾਟੀ ਹੈ ਜਿਸ ਨੂੰ ਕੋਈ ਵਿਰਲਾ ਹੀ ਪਾਰ ਕਰਕੇ ਸਾਂਝ ਦਾ ਪਾਤਰ ਬਣ ਸਕਦਾ ਹੈ। ਜਾ ਕਉ ਖੋਜਹਿ ਸਰਬ ਉਪਾਏ ॥ ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥ 101

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.