.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 5

ਵੀਰ ਭੁਪਿੰਦਰ ਸਿੰਘ

2. ਦੂਜਾ ਸਲੋਕ -

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥2॥

ਬਿਖਿਅਨ: ਵਿਸ਼ ਨਾਲ ਬੱਧਾ ਹੋਇਆ, ਜ਼ਹਿਰ ਵਾਲੀ ਚੀਜ਼ਾਂ ਨਾਲ ਜੁੜਿਆ ਹੋਇਆ। ਬਿਖਿਆ ਰਸ, ਗੰਧ, ਅਖਾਂ, ਕੰਨ ਆਦਿ ਤੋਂ ਆਉਂਦੀ ਹੈ। ਇਨ੍ਹਾਂ ਤੋਂ ਮਨ ਬਿਖਿਆ ਗ੍ਰਹਿਣ ਕਰਦਾ ਹੈ।

ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥ ਸਾਕਤ ਕੀ ਬਿਧਿ ਨੈਨਹੁ ਡੀਠੀ ॥ (892) ਅਸੀਂ ਇਸਨੂੰ ਉੱਤਮ ਪੁਰਖ ਦੇ ਲਹਿਜ਼ੇ ਵਿਚ ਵਿਚਾਰੀਏ ਕਿ ਮੇਰੇ ਸਾਕਤ ਖਿਆਲ ਮੇਰੇ ਤੋਂ ਕੀ ਕਰਵਾਉਂਦੇ ਹਨ। ਗੁਰੂ ਪਾਤਸ਼ਾਹ ਕਹਿੰਦੇ ਹਨ - ‘ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ’। ਇਸ ਜਿਹਵਾ ਨਾਲ ਕੂੜ ਦੀਆਂ ਗੱਲਾਂ ਕਰਦੇ ਹਾਂ। ਕੂੜ ਨਾਲ ਸਾਰੇ ਦਾ ਸਾਰਾ ਮਾਮਲਾ ਗੜਬੜ ਹੋ ਜਾਂਦਾ ਹੈ। ਮਨ ਕੀ ਮਤ ਨਾਲ ਲੋਕਾਂ ਨੂੰ ਬਿਗਾਨਾ ਸਮਝਨਾ ਤੇ ਉਨ੍ਹਾਂ ਦੀ ਚੀਜ਼ਾਂ ਨੂੰ ਆਪਣਾ ਸਮਝਨਾ ਲੋਭ ਹੈ। ਇਹ ‘ਸਾਕਤ ਕੀ ਬਿਧਿ’ ਹੈ। ਲਲਚਾਈ ਦ੍ਰਿਸ਼ਟੀ ਨਾਲ ਵੇਖਣਾ ਅਤੇ ਇਹ ਮਨਸ਼ਾ ਰੱਖਣੀ ਕਿ ਇਸਨੂੰ ਮੈਂ ਹਥਿਆ ਲਵਾਂ। ਕੰਨਾਂ ਤੋਂ ਅਸੀਂ ਨਿੰਦਿਆ ਸੁਣਦੇ ਹਾਂ। ਕੂੜ ਦੇ ਐਸੇ ਕੰਮ ਅਸੀਂ ਹਰ ਰੋਜ਼ ਕਰਦੇ ਹਾਂ। ਇਹ ਹੀ ‘ਸਾਕਤ ਕੀ ਬਿਧਿ’ ਜਾਂ ਬਿਖਿਆ ਦੀਆਂ ਨਿਸ਼ਾਨੀਆਂ ਹਨ।

ਅਸੀਂ ਨਿਜੀ-ਜੀਵਨ ਵਿਚ ਬਦਜ਼ੁਬਾਨੀ ਕਰਦੇ ਹਾਂ। ਇਹ ਬਦਜ਼ੁਬਾਨੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਅਸੀਂ ਪਿਆਰ-ਸਤਿਕਾਰ ਦੀ ਦਿਵਾਰ ਤੋੜ ਦੇਂਦੇ ਹਾਂ। ਮਾਤਾ-ਪਿਤਾ ਬਚਿਆਂ ਨਾਲ ਬਦਜ਼ੁਬਾਨੀ ਕਰਦੇ ਹਨ ਸਿੱਟੇ ਵਜੋਂ ਮਾਪਿਆਂ ਦੀ ਬਚਿਆਂ ਨਾਲ ਨਹੀਂ ਬਣਦੀ। ਜਦੋਂ ਅਸੀਂ ਧਰਮ ਅਸਥਾਨਾਂ ਤੇ ਆਉਂਦੇ ਹਾਂ ਤਾਂ ਉੱਥੋਂ ਦੇ ਪ੍ਰਬੰਧਕਾਂ ਨਾਲ, ਸੇਵਾ ਕਰਨ ਵਾਲਿਆਂ ਨਾਲ ਵੀ ਬਦਜ਼ੁਬਾਨੀ ਕਰਦੇ ਹਾਂ। ਫਿਰ ਘਰ ਵਿਚ ਆਪਣੇ ਨੌਕਰ ਨਾਲ, ਘਰ ’ਚ ਕੰਮ ਕਰਨ ਵਾਲੀ ਨਾਲ ਬਦਜ਼ੁਬਾਨੀ ਕਰਦੇ ਹਾਂ। ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਨੌਕਰ-ਚਾਕਰ ਹੁੰਦੇ ਹਨ, ਉਹ ਆਪਣੇ ਨੌਕਰਾਂ ਨਾਲ ਮਿੱਠਾ ਬੋਲਿਆ ਕਰਨ।

ਬਾਹਰੋਂ-ਬਾਹਰੋਂ, ਅਸੀਂ ਲਿਸ਼ਕੇ-ਪੁਸ਼ਕੇ ਸੋਹਣੇ ਕਪੜੇ ਪਾਏ, ਬਹੁਤ ਹੀ ਚੰਗੇ ਲਗ ਰਹੇ ਹੁੰਦੇ ਹਾਂ ਪਰ ਜਦੋਂ ਬੋਲਦੇ ਹਾਂ ਤਾਂ ਮੁੱਖ ਤੋਂ ਬਦਜ਼ੁਬਾਨੀ ਹੋ ਜਾਂਦੀ ਹੈ। ਇਹ ਕਿਉਂ ਅਤੇ ਕਿਵੇਂ ਹੋ ਜਾਂਦਾ ਹੈ? ਇਹੀ ਸਵਾਲ ਇਸ ਸਲੋਕ ਵਿਚ ਪੁੱਛਿਆ ਗਿਆ ਹੈ:

‘ਬਿਖਿਅਨ ਸਿਉ ਕਾਹੇ ਰਚਿਓ’ ਐ ਮਨੁੱਖ ਤੂੰ ਆਪਣੇ ਕੌੜੇ ਬੋਲਾਂ ਨੂੰ ਠੀਕ ਕਰ ਲੈ ਕਿਉਂਕਿ ਫਿੱਕਾ ਬੋਲਣ ਦਾ ਸਿੱਟਾ ਇਹ ਨਿਕਲਦਾ ਹੈ ਕਿ ਤੇਰਾ ਤਨ-ਮਨ ਫਿੱਕਾ ਹੋ ਜਾਂਦਾ ਹੈ। ਟੂਟਿ ਪਰੀਤਿ ਗਈ ਬੁਰ ਬੋਲਿ ॥ (933)

ਫਿੱਕਾ ਬੋਲਣ ਨਾਲ ਅੰਦਰ ਵਸਦੇ ਰੱਬ ਨਾਲ ਪ੍ਰੀਤ ਟੁੱਟ ਜਾਂਦੀ ਹੈ। ਜਦੋਂ ਭੈੜੇ ਬੋਲ, ਬਦਜ਼ੁਬਾਨੀ, ਉੱਚੀ ਨੀਵੀ ਬੋਲੀ ਵਰਤਦੇ ਹਾਂ, ਲੋਕਾਂ ਨੂੰ ਨਾਸਤਿਕ, ਪਾਪੀ, ਨਰਕਾਂ ਵਿਚ ਭੇਜਣ ਦੇ ਫਤਵੇ ਦੇਂਦੇ ਹਾਂ, ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨਾਲ ਭੈੜੇ ਬੋਲ ਬੋਲਦੇ ਹਾਂ ਤਾਂ ਮਾਨੋ ਆਪਣੇ ਨਾਲ ਅਤੇ ਰੱਬ ਨਾਲ ਪ੍ਰੀਤ ਟੁੱਟ ਗਈ। ਗੁਰਬਾਣੀ ਦਾ ਫੁਰਮਾਨ ਹੈ ਕਿ, ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ (1381)

ਜੇ ਹੋਰ ਦੂਜਾ ਪਰਾਇਆ ਕੋਈ ਨਹੀਂ ਹੈ ਤਾਂ ਕਿਸਨੂੰ ਮੰਦਾ ਜਾਂ ਨੀਵਾਂ ਕਹਿ ਕੇ ਫਿੱਕੇ ਬੋਲ ਬੋਲ ਰਹੇ ਹਾਂ। ਕਦੀ ਤੇਰ-ਮੇਰ, ਜ਼ਾਤ-ਪਾਤ ਦੇ ਵਿਤਕਰੇ ਅਤੇ ਕਦੀ ਮਜ਼੍ਹਬੀ ਝਗੜੇ। ਇਸ ਬਿਖਿਆ ਵਿਚੋਂ ਨਿਕਲ ਜਾ, ਇਸ ਵਿਚ ਲੀਨ ਨਾ ਹੋ, ਖਚਿਤ ਨਾ ਹੋ। ਭੈੜੇ ਬੋਲਾਂ ਤੋਂ ਉੱਚਾ ਉੱਠ। ਇਸ ਬਿਖਿਅਨ ਵਿਚ ਕਿਉਂ ਮਸਤ ਰਹਿੰਦਾ ਹੈਂ ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ (336) ਐ ਮੇਰੇ ਬਉਰੇ ਮਨ ਤੂੰ ਸਮਝ।

ਬਿਖਿਆ ਦੇ ਲੱਛਣ ਜਦੋਂ ਤਕ ਅਸੀਂ ਆਪਣੇ ਅੰਦਰੋਂ ਨਹੀਂ ਲੱਭਾਂਗੇ ਤਾਂ ਤੱਕ ਸਾਡਾ ਜੀਵਨ ਨਿਰਮਲ ਨਦੀ ਵਾਂਗੂ ਵਹਿਣ ਦੀ ਬਜਾਇ ਖੜੋਤੇ ਪਾਣੀ ਦੀ ਤਰ੍ਹਾਂ ਬਦਬੂ ਛੱਡੇਗਾ। ਜੇ ਇਨਸਾਨ ਡਾਕਟਰ ਕੋਲ ਜਾ ਕੇ ਮੰਨੇ ਹੀ ਨਾ ਕਿ ਮੈਂ ਬਿਮਾਰ ਹਾਂ, ਹੁਣ ਡਾਕਟਰ ਦੀ ਡਿਗ੍ਰੀ ਉਸ ਦਾ ਤਜ਼ੁਰਬਾ ਕੋਈ ਕੰਮ ਨਹੀਂ ਆ ਸਕੇਗਾ ਜਦੋਂ ਤਕ ਮਰੀਜ਼ ਇਹ ਨ ਕਬੂਲੇ ਕਿ ਉਹ ਬਿਮਾਰ ਹੈ।

ਸਤਿਗੁਰ ਮੇਰਾ ਸੁਜਾਣ ਵੈਦ ਹੈ। ਉਹ ਮੈਨੂੰ ਮੇਰੇ ਬਿਖਿਆ ਵਾਲੇ ਲੱਛਣ ਦਸਦਾ ਹੈ ਕਿ ਮੇਰੇ ਅੰਦਰ ਕਿੱਥੇ-ਕਿੱਥੇ ਅਵਗੁਣ ਹਨ। ਜਦੋਂ ਇਹ ਮੰਨ ਲਵਾਂਗੇ ਕਿ ਮੈਂ ਬਿਮਾਰ ਹਾਂ, ਮੇਰੇ ਅੰਦਰ ਬਿਖਿਆ ਵਾਲੇ ਲੱਛਣ ਹਨ ਤਾਂ, ‘ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥’ (618) ਮੈਨੂੰ ਆਪਣੀ ਮਤ ਰੂਪੀ ਦਵਾਈ ਦੇਂਦਾ ਹੈ ਅਤੇ ਰੋਗ (ਅਵਗੁਣ, ਕੂੜ) ਦੀ ਨਿਵਰਤੀ ਹੋ ਜਾਂਦੀ ਹੈ।

ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥ (304) ‘ਦੂਤ’ ਦਾ ਅਰਥ ਹੈ ਸੰਦੇਸ਼ ਲੈਕੇ ਆਉਣ ਵਾਲਾ। ਸਾਡੇ ਮਨ ਤਕ ਸੰਦੇਸ਼ ਪਹੁੰਚਾਉਣ ਵਾਲੀਆਂ ਸਾਡੀਆਂ ਇੰਦ੍ਰੀਆਂ ਕੰਨ, ਅੱਖ, ਨੱਕ, ਮੂੰਹ ਅਤੇ ਗੁਪਤ ਇੰਦ੍ਰੀਆਂ ਸਾਡੇ ਪੰਜ ਦੂਤ ਹਨ। ਇਹ ਜਮ ਰੂਪੀ (ਭੈੜੇ ਮੰਦੇ ਖਿਆਲ) ਦਾ ਸੰਦੇਸ਼ ਲੈਕੇ ਆਉਂਦੀਆਂ ਹਨ। ਇਹ ਬਿਖਿਆ ਇੱਕਠੀ ਕਰਦੇ ਹਨ। ਸਤਿਗੁਰ ਦੀ ਮਤ ਇਨ੍ਹਾਂ ਇੰਦ੍ਰੀਆਂ ਨੂੰ ਕਾਬੂ ਕਰਨ ਦੀ ਜਾਚ ਸਿਖਾ ਦੇਂਦੀ ਹੈ। ਜਿਸ ਸੁਨੇਹੇ ਰਾਹੀਂ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਸੱਚ ਦੇ ਮਾਰਗ ਦਾ ਪਤਾ ਚਲਦਾ ਹੈ ਉਸਨੂੰ ਗੁਰਬਾਣੀ ਵਿਚ ‘ਸਤਿਗੁਰੁ ਪੁਰਖੁ’ ਕਹਿੰਦੇ ਹਨ।

ਸੋ ਇੱਥੇ ਇੱਕ ਬਹੁਤ ਹੀ ਕੀਮਤੀ ਨੁਕਤਾ ਸਾਹਮਣੇ ਆਇਆ ਕਿ ਜਿੱਥੋਂ ਵੀ ਇੰਦ੍ਰੀਆਂ ਨੂੰ ਕਾਬੂ ਕਰਨ ਵਾਲਾ ਸੱਚ ਦਾ ਸੁਨੇਹਾ ਮਿਲਦਾ ਹੈ, ਉਸਨੂੰ ਲੈ ਲੈਣਾ ਚਾਹੀਦਾ ਹੈ। ਜਦੋਂ ਤਕ ਇੰਦ੍ਰੀਆਂ ਨੂੰ ਕਾਬੂ ਕਰਨ ਦੀ ਜਾਚ ਨਹੀਂ ਆਈ ਤਾਂ ਤਕ ਭਟਕਣਾ ਬਣੀ ਹੀ ਰਹੇਗੀ। ਜੇ ਇਹ ਪੰਜੇ ਦੂਤ ਕਾਬੂ ਨਹੀਂ ਆਏ ਤਾਂ ਫਿਰ ਜਿੱਥੇ ਮਰਜ਼ੀ ਜਾਉ, ਜਿਤਨੀ ਮਰਜ਼ੀ ਭੀੜ ਹੋਵੇ, ਲੋਕਾਂ ਨਾਲ ਬਿਰਾਦਰੀ ਵਿਚ ਰੱਖੀ ਰਖਾਈ ਹੋਵੇ, ਪਰ ਐ ਇਨਸਾਨ ਤੂੰ ਠਗਾਇਆ ਜਾ ਰਿਹਾ ਹੈਂ।

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਰਚਿਓ: ਇਹ ਲਫ਼ਜ਼ ਸਿੰਧੀ ਭਾਸ਼ਾ ਤੋਂ ਆਇਆ ਹੈ। ਇਸਦਾ ਅਰਥ ਹੈ - ਆਪਣੀ ਇੱਛਾ ਵਿਚ ਹਰ ਵੇਲੇ ਲੀਨ ਰਹਿਣਾ। ਜਿਵੇਂ ਬੱਚਾ ਜਦੋਂ ਜ਼ਿੱਦ ਕਰਦਾ ਹੈ ਕਿ ਮੈਨੂੰ ਖਿਡੌਣਾ ਲੈ ਦਿਓ। ਬੱਚਾ ਰਾਤੀ ਵੀ ਕਹੇ ਕਿ ਖਿਡੌਣਾ ਲੈ ਦਿਓ। ਬੱਚੇ ਨੂੰ ਜਿਤਨਾ ਮਰਜ਼ੀ ਸਮਝਾ ਲਉ ਕਿ ਹੁਣੇ ਰਾਤ ਹੈ, ਦੁਕਾਨਾਂ ਬੰਦ ਹਨ ਪਰ ਬੱਚਾ ਇਸ ਗਲ ਨੂੰ ਨਹੀਂ ਸਮਝਦਾ। ਉਸਦੀ ਇੱਛਾ ਹੈ ਕਿ ਖਿਡੌਣਾ ਚਾਹੀਦਾ ਹੈ ਤਾਂ ਉਸਦਾ ਮਨ ਖਿਡੌਣੇ ਵਿਚ ਰੱਚ ਗਿਆ। ਜੋ ਵੀ ਮਨੁੱਖ ਇੱਛਾ ਕਰਦਾ ਹੈ ਉਸੇ ਵੱਲ ਉਸਦਾ ਮਨ ਰੱਚ ਜਾਂਦਾ ਹੈ ਭਾਵ ਲੀਨ ਰਹਿੰਦਾ ਹੈ। ਇਸਨੂੰ ਗੁਰਬਾਣੀ ਵਿਚ ਇਉਂ ਵੀ ਕਿਹਾ ਹੈ -

ਗਉੜੀ ਕਬੀਰ ਜੀ ॥ ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ ਸੋ ਸਿਰੁ ਚੁੰਚ ਸਵਾਰਹਿ ਕਾਗ ॥1॥ ਇਸੁ ਤਨ ਧਨ ਕੋ ਕਿਆ ਗਰਬਈਆ ॥ ਰਾਮ ਨਾਮੁ ਕਾਹੇ ਨ ਦ੍ਰਿੜ੍ੀਆ ॥1॥ ਰਹਾਉ ॥ ਕਹਤ ਕਬੀਰ ਸੁਨਹੁ ਮਨ ਮੇਰੇ ॥ ਇਹੀ ਹਵਾਲ ਹੋਹਿਗੇ ਤੇਰੇ ॥2॥ ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ ਸੋ ਸਿਰੁ ਚੁੰਚ ਸਵਾਰਹਿ ਕਾਗ ॥1॥ (330)

ਇਸ ਸ਼ਬਦ ਦੇ ਕਈ ਲੋਕ ਇਹ ਅਰਥ ਕਰਦੇ ਹਨ ਕਿ ਜਿਸ ਸਿਰ ਤੇ ਸੋਹਣੀ ਪੱਗ ਬੰਨ੍ਹਦਾ ਹੈਂ, ਉਸ ਦੀ ਚੁੰਚ ਕਾਂ ਸੰਵਾਰਣਗੇ। ਪਰ ਜਿਹੜੇ ਲੋਕੀ ਪੱਗ ਨਹੀਂ ਬੰਨਦੇ ਤਾਂ ਕੀ ਇਹ ਸ਼ਬਦ ਉਨ੍ਹਾਂ ਲਈ ਨਹੀ ਹੈ? ਇਸ ਲਈ ਅਰਥ ਕਰਨ ਤੋਂ ਪਹਿਲਾਂ ਸਾਨੂੰ ਇਸ ਦੀ ਗਹਿਰਾਈ ਤਕ ਜਾਣਾ ਚਾਹੀਦਾ ਹੈ।

ਸਿਰਿ: ਸਿਰ, ਮਾਥਾ, ਕੇਸ਼ ਇਹ ਸਾਰੇ ਲਫ਼ਜ਼ ਸਾਡੀ ਮਤ ਦੇ ਲਖਾਇਕ ਹਨ। ਗੁਰੂ ਦੀ ਮਤ ਤੋਂ ਵਿਹੂਣਾ ਮਨ। ਰਚਿ: ਲੀਨ ਹੋਣਾ। ਬਾਧਤ ਪਾਗ: ਜਿਵੇਂ ਪੈਰ ਰਖਦਾ ਹੈ, ਮਾਰਗ ਤੇ ਤੁਰਦਾ ਹੈਂ। ਮੰਦੇ ਖਿਆਲਾਂ ਦੇ ਨਾਲ ਮੰਦੇ ਕਰਮ ਕਰਨ ਦੇ ਮਨਸੂਬੇ ਘੜਦਾ ਹੈ। ਕਾਗ: ਚੁੰਜ ਮਾਰਨ ਵਾਲੇ ਕਾਂ ਰੂਪੀ ਵਿਕਾਰ। ਕਾਮ, ਕ੍ਰੋਧ ਆਦਿ ਵਿਕਾਰ ਚੁੰਜਾਂ ਮਾਰਦੇ ਹਨ।

ਜਦੋਂ ਅਸੀਂ ਆਪਣੇ ਜੀਵਨ ਦੀ ਡੋਰ ਮਨ ਕੀ ਮਤ ਦੇ ਹੱਥ ਫੜਾਉਂਦੇ ਹਾਂ ਤਾਂ ਚਤੁਰਾਈ ਅਤੇ ਚਲਾਕੀਆਂ ਕਰਦੇ ਹਾਂ। ਐਸਾ ਜੀਵਨ ਨਿਰਸੰਦੇਹ ਸਤਿਗੁਰ ਦੀ ਮਤ ਤੋਂ ਸੱਖਣਾ ਹੁੰਦਾ ਹੈ। ਮਨੁੱਖ ਦੀ ਐਸੀ ਅਵਸਥਾ ਨੂੰ ਗੁਰਬਾਣੀ ਵਿਚ ‘ਮੁੰਧ ਜੋਬਨਿ ਬਾਲੀ’ ਕਿਹਾ ਗਿਆ ਹੈ। ਇਸ ਅਵਸਥਾ ਵਿਚ ਮਨੁੱਖ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ ਪਰ ਇਹ ਨਹੀਂ ਜਾਣਦਾ ਕਿ ਕਾਂ ਰੂਪੀ ਵਿਕਾਰ ਇਸਦਾ ਮਨ-ਤਨ ਭੰਗ ਕਰ ਰਹੇ ਹਨ। ਮਨੁੱਖ ਵਿਕਾਰਾਂ ਦੇ ਹਵਾਲੇ ਹੋ ਜਾਂਦਾ ਹੈ। ਵਿਕਾਰਾਂ ਅਧੀਨ ਹੋਇਆ ਮਨੁੱਖ ਸੱਚਾ ਜੀਵਨ ਜਿਊ ਨਹੀਂ ਪਾਉਂਦਾ।

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਇਹ ਗਲ ਆਮ ਪ੍ਰਚਾਰੀ ਗਈ ਹੈ ਕਿ ਧਰਮੀ ਮਨੁੱਖ ਹਮੇਸ਼ਾ ਉਦਾਸ ਰਹਿੰਦਾ ਹੈ। ਧਰਮ ਦੀ ਦੁਨੀਆ ਵਿਚ ਖਿੜ੍ਹਖਿੜ੍ਹਾਕੇ ਹਸਣਾ ਗਲਤ ਸਮਝਿਆ ਜਾਂਦਾ ਸੀ। ਗੁਰਬਾਣੀ ਇਸ ਅਖੌਤੀ ਉਦਾਸੀਨਤਾ ਤੋਂ ਉਲਟ ਸਦਾ ਵਿਗਾਸ ਦੀ ਪ੍ਰੇਰਣਾ ਦੇਂਦੀ ਹੈ। ਜਪੁ ਬਾਣੀ ਦਾ ਫੁਰਮਾਨ ਹੈ - ਨਾਨਕ ਭਗਤਾ ਸਦਾ ਵਿਗਾਸੁ ॥ ‘ਵਿਗਾਸੁ’ ਤਾਂ ਹਮੇਸ਼ਾ ਖੇੜੇ ਵਿਚ ਰਹਿਣ ਦੀ ਅਵਸਥਾ ਹੈ। ਖਿੜੇ ਮਨੁੱਖਾਂ ਦੇ ਘਰ ਹਮੇਸ਼ਾ ਵਧਾਈਆਂ ਹੁੰਦੀਆਂ ਹਨ ਪਰ ਸਮਾਜ ਤਾਂ ਉਸ ਮਨੁੱਖ ਨੂੰ ਧਾਰਮਕ ਸਮਝਦਾ ਹੈ, ਜੋ ਹੱਸਦਾ ਜਾਂ ਖਿੜ੍ਹਦਾ ਨਹੀਂ। ਜੋ ਉਦਾਸ ਸ਼ਕਲ ਬਣਾ ਲਵੇ ਉਸ ਨੂੰ ਦੁਨੀਆ ਧਰਮੀ ਸਮਝਦੀ ਹੈ। ਅਕਸਰ ਅਖੌਤੀ ਧਾਰਮਕ ਲੋਕ ਗੰਭੀਰਤਾ ਨਾਲ ਵਿਚਰਦੇ ਹਨ। ਉਹ ਆਪਣੇ ਆਪ ਨੂੰ ਸੱਚੇ ਧਰਮੀ ਸਮਝਦੇ ਹਨ ਅਤੇ ਕਿਸੇ ਦੂਜੇ ਨੂੰ ਆਪਣੇ ਸਾਹਮਣੇ ਹਸਦਾ ਨਹੀਂ ਦੇਖ ਸਕਦੇ।

ਉਦਾਸੁ ਤੋਂ ਭਾਵ ਹੈ ਉਪਰਾਮਤਾ। ਦੂਜੇ ਸਲੋਕ ਅੰਦਰ ਆਏ ਲਫ਼ਜ਼ ‘ਨਿਮਖ ਨ ਹੋਹਿ ਉਦਾਸੁ’ ਵਿਚ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਹਨ ਕਿ ਐ ਮਨੁੱਖ ਤੂੰ ਆਪਣੇ ਮਨ ਕਰਕੇ ਕਿਸ ਪਾਸੇ ਲੱਗਾ ਹੋਇਆ ਹੈਂ? ਤੂੰ ਉਦਾਸ ਨਹੀਂ ਹੁੰਦਾ! ਨਿਮਖ ਦਾ ਸੰਧੀ ਛੇਦ ਇਸ ਤਰ੍ਹਾਂ ਹੈ - ਨਿਮ + ਅੱਖ। ਭਾਵ ਅੱਖ ਜਦੋਂ ਨਿਮ ਹੋਵੇ। ‘ਨਿਮਖ ਨ ਹੋਹਿ ਉਦਾਸੁ’ ਨਿਮਖ ਜਿਤਨੇ ਪਲ ਲਈ ਵੀ ਤੂੰ ਆਪਣੀ ਬਿਖਿਆ ਤੋਂ ਉਪਰਾਮ, ਭਾਵ ਉਦਾਸ, ਨਹੀਂ ਹੋਇਆ। ਗੁਰਬਾਣੀ ਦਾ ਕਥਨ ਹੈ -

ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥ ਉਦੋਸੀਅ ਘਰੇ ਹੀ ਵੁਠੀ ਕੁੜਿੲਂੀ ਰੰਨੀ ਧੰਮੀ ॥ ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥ (1412)

ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ: ਉਤਸ਼ਾਹ ਭਰੇ ਇਨਸਾਨ ਦੀ ਦੁਨੀਆਵੀ ਤੌਰ ’ਤੇ ਕੀ ਨਿਸ਼ਾਨੀ ਹੈ? ਜਿਹੜਾ ਮਨੁੱਖ ਸਵੇਰੇ ਜਲਦੀ ਉੱਠ ਕੇ ਕੰਮ ’ਤੇ ਚਲਾ ਜਾਂਦਾ ਹੈ, ਉਸ ਵਿਚ ਵੱਧ ਤੋਂ ਵੱਧ ਮਾਇਆ ਕਮਾਉਣ ਦਾ ਉਤਸ਼ਾਹ ਅਤੇ ਚਸਕਾ ਹੈ। ਪਰ ਜਿੱਥੇ ਧਾਰਮਿਕ ਗਲ ਹੋ ਰਹੀ ਹੋਵੇ, ਉੱਥੋਂ ਉਹ ਮਨੁੱਖ ਛੇਤੀ-ਛੇਤੀ ਨਿਕਲ ਜਾਂਦਾ ਹੈ। ਦੁਕਾਨ, ਕਾਰੋਬਾਰ, ਕੰਮਾਂ ਆਦਿ ਲਈ ਭਾਵੇਂ ਰਾਤ ਦੇ 11 ਵੱਜ ਜਾਣ, ਉਹ ਉਤਸ਼ਾਹ ਨਾਲ ਕੰਮ ਕਰਦਾ ਜਾਂਦਾ ਹੈ। ਇਸਨੂੰ ਗੁਰੂ ਪਾਤਸ਼ਾਹ ਕਹਿੰਦੇ ਹਨ, ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥ (1143)

ਮਨ ਸੱਚ ਦੀ ਗਲ ਸੁਣਨ ਸਮੇਂ ਉਦਾਸ ਅਤੇ ਉਪਰਾਮ (ਬੋਰੲ) ਹੋ ਜਾਂਦਾ ਹੈ, ਸੱਚ ਲੈਣਾ ਨਹੀ ਚਾਹੁੰਦਾ, 8 ਦੇ ਬਦਲੇ 15 ਘੰਟੇ ਕੰਮ ਕਰਨਾ ਚਾਹੁੰਦਾ ਹੈ। ਵਧ ਤੋਂ ਵਧ ਪੈਸਾ ਕਮਾਉਣਾ ਚਾਹੁੰਦਾ ਹੈ। ਕੰਮ ਕਰਨ ਮਗਰੋਂ ਜਦੋਂ ਘਰ ਆਉਂਦਾ ਹੈ ਤਾਂ ਵੀ ਦੋਵੇਂ ਕੰਨਾਂ ’ਤੇ ਫੋਨ ਲਾਈ ਰੱਖਦਾ ਹੈ।

ਦੂਜੇ ਪਾਸੇ ਵਿਗਿਆਨ ਦੀ ਖੋਜ ਤੋਂ ਪਤਾ ਚਲਿਆ ਹੈ ਕਿ ਦੁਨੀਆ ਵਿਚ ਲੋਕੀ ਪਾਗਲਪਨ, ਮਾਨਸਕ ਬਿਮਾਰੀਆਂ, ਖੁਦਕੁਸ਼ੀ, ਡਿਪ੍ਰੈਸ਼ਨ ਆਦਿ ਦੇ ਸ਼ਿਕਾਰ ਹਨ। ਪਰ ਅੱਜ ਦੀ ਤੇਜ਼ ਦੁਨੀਆ ਵਿਚ 13 ਤੋਂ 15 ਘੰਟੇ ਅਤੇ ਕਈ ਵਾਰੀ ਇਸ ਤੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਹੈ।

ਚੌਵੀ ਘੰਟੇ ਧਨ ਕਮਾਉਣ ਮਗਰੋਂ ਵੀ ਮਨ ਧਨ-ਪਦਾਰਥਾਂ ਤੋਂ ਉਦਾਸ-ਉਪਰਾਮ ਨਹੀਂ ਹੋਇਆ। ਹਰ ਵੇਲੇ ਧਨ-ਪਦਾਰਥ ਕਮਾਉਣ ਦੇ ਉਤਸ਼ਾਹ ਨੂੰ ਗੁਰੂ ਪਾਤਸ਼ਾਹ ਕਹਿੰਦੇ ਹਨ -

‘ਉਦੋਸਾਹੈ ਕਿਆ ਨੀਸਾਨੀ’ ਉਤਸ਼ਾਹ ਦੀ ਕੀ ਨਿਸ਼ਾਨੀ ਹੈ? ‘ਤੋਟਿ ਨ ਆਵੈ ਅੰਨੀ’ ਜਿਨ੍ਹਾਂ ਧਨ-ਪਦਾਰਥਾਂ ਲਈ ਨਸ-ਭੱਜ ਕਰੇਗਾ, ਉਤਸਾਹਿਤ ਰਹੇਂਗਾ, ਉਤਨਾ ਹੀ ਸਾਜ਼ੋ-ਸਾਮਾਨ ਇੱਕਠਾ ਕਰੇਂਗਾ ਅਤੇ ਤੋਟ ਨਹੀਂ ਆਵੇਗੀ। ਢੇਰ ਸਾਰਾ ਪੈਸਾ ਆਵੇਗਾ। ਸੋ, ਧਨ-ਪਦਾਰਥ ਤਾਂ ਆ ਗਏ ਪਰੰਤੂ ਇਸਦੇ ਨਾਲ ਸੱਚ ਵੱਲੋਂ ਉਤਸ਼ਾਹ ਘੱਟ ਗਿਆ ਜਾਂ ਰਿਹਾ ਹੀ ਨਹੀਂ।

ਉਤਸਾਹਿਤ ਹੋ ਕੇ ਧਨ-ਪਦਾਰਥ ਲਿਆਇਆ ਅਤੇ ਹੁਣ ਉਦਾਸ ਇਸ ਲਈ ਹੋ ਗਿਆ ਕਿ ਮਿਹਨਤ ਨਾਲ ਕਮਾਇਆ ਧਨ ਕੋਈ ਲੈ ਨਾ ਜਾਵੇ। ਇਸ ਲਈ ਜੋ ਜਿਤਨਾ ਜ਼ਿਆਦਾ ਕਮਾ ਕੇ ਲਿਆਉਂਦਾ ਹੈ ਉਤਨੀ ਹੀ ਉਸਦੀ ਆਤਮਾ ਕੰਗਾਲ ਹੁੰਦੀ ਜਾਂਦੀ ਹੈ। ਵੰਡ ਛਕਣਾ ਨਹੀਂ ਸਿੱਖ ਪਾਉਂਦਾ।

‘ਕੁੜਿੲਂੀ ਰੰਨੀ ਧੰਮੀ’ ਗਿਆਨ ਇੰਦ੍ਰੇ ਅਤੇ ਕਰਮ ਇੰਦ੍ਰੇ ਵੀ ਤੰਗ ਕਰਦੇ ਸੀ ਕਿ ਜੋ ਕਮਾਇਆ ਹੈ ਉਸ ਨੂੰ ਬਚਾ ਕੇ ਰੱਖਣਾ ਹੈ। ਇਸ ਲਈ ਉਹ ਮਨੁੱਖ ਕੰਜੂਸ ਹੋ ਜਾਂਦਾ ਹੈ। ਮਨੁੱਖ ਦਾ ਮਨ ਪਲ ਭਰ ਲਈ ਵੀ ਧਨ ਪਦਾਰਥਾਂ ਦੀ ਪਕੜ ਪਾਸੋਂ ਉਦਾਸ ਨਹੀਂ ਹੁੰਦਾ।

ਉਤਸ਼ਾਹ ਅਤੇ ਉਦਾਸੀਨਤਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇੱਕ ਪਾਸੇ ਤੇ ਇਹ ਉਤਸ਼ਾਹ ਹੈ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਆਪਣਾ ਵਪਾਰ ਵਿਕਸਿਤ ਕਰਨਾ ਹੈ, ਪੈਸੇ ਕਮਾਉਣੇ ਹਨ। ਜੇ ਸੱਚ ਦਾ ਗਿਆਨ ਪੱਲੇ ਨਹੀਂ ਹੈ ਤਾਂ ਇੱਕ ਹੋਰ ਬਿਮਾਰੀ ਆ ਲੱਗੇਗੀ। ਉਹ ਇਹ ਕਿ ਸੱਚ ਵਾਲੇ ਪਾਸਿਉਂ ਦਲਿੱਦਰ ਹੋ ਜਾਵੇਂਗਾ। ਸੱਚ ਲੈਣ ਦੀ ਮਨ ਅੰਦਰ ਤਾਂਘ ਵੀ ਪੈਦਾ ਨਹੀਂ ਹੋਵੇਗੀ। ਜੇ ਮਾਇਆ ਕਮਾਉਣ ਦੇ ਉਤਸ਼ਾਹ ਵਿਚ ਲੱਗਾ ਰਿਹਾ ਤਾਂ ਤੈਨੂੰ ਕੁਝ ਹੋਰ ਚੀਜ਼ਾਂ ਵੀ ਤੰਗ ਕਰਨਗੀਆਂ। ਘਰ ਅੰਦਰ ਸੁਸਤੀ ਛਾ ਗਈ। ਜਿਸ ਪਾਸਿਉਂ ਉਦਾਸ ਹੋਣਾ ਸੀ ਉਸ ਪਾਸੇ ਧਿਆਨ ਨਹੀਂ ਕੀਤਾ ਅਤੇ ਹਿਰਦੇ ਘਰ ਅੰਦਰ ਉਦਾਸੀ ਛਾ ਗਈ।

ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ ‘ਸਤੀ ਰੰਨੀ’ ਤੋਂ ਭਾਵ ਹੈ ਸੱਤ ਰੰਨਾਂ। ਸਾਡੀਆਂ ਸੱਤ ਰੰਨਾਂ ਇਹ ਹਨ - ਦੋ ਅੱਖਾਂ, ਦੋ ਨੱਕ, ਦੋ ਕੰਨ ਅਤੇ ਇੱਕ ਮੂੰਹ, ਭਾਵ ਸਾਡੀਆਂ ਕਰਮ ਇੰਦ੍ਰੀਆਂ। ਇਹ ਸਾਰੀਆਂ ਆਪਣਾ ਰੋਲਾ (ਸਿਆਪਾ) ਪਾਉਂਦੀਆਂ ਹਨ। ਹੁਣ ਉਹ ਵੇਖਦੀਆਂ ਹਨ ਕਿ ਇਹ ਇਕ ਪਾਸੋਂ ਤਾਂ ਬਹੁਤ ਉਤਸ਼ਾਹ ਕਰਦਾ ਹੈ, ਪਰ ਇਸ ਕੋਲ ਆਤਮਕ ਜੀਵਨ ਵਾਲਾ ਗੁਣ ਕੋਈ ਨਹੀਂ ਹੈ। ਇਸ ਲਈ ਇਹ ਸਾਰੀਆਂ ਆਪਣੀਆਂ ਮੰਗਾਂ ਮੰਗਦੀਆਂ ਰਹਿੰਦੀਆਂ ਹਨ। ਅੱਖਾਂ ਨੂੰ ਵੇਖ-ਵੇਖਕੇ ਰੱਜ ਨਾ ਹੋਣਾ। ਤ੍ਰਿਸ਼ਨਾਲੂ ਭੋਜਨ ਦੀ, ਜੀਭ ਨੂੰ ਛੱਤੀ ਪਦਾਰਥਾਂ ਦੀ, ਸੁਆਦ ਆਦਿ ਦੀ ਮੰਗ ਲੱਗੀ ਰਹਿੰਦੀ ਹੈ।

ਇਨ੍ਹਾਂ ਦਿਸਦੇ-ਅਣਦਿਸਦੇ ਅੰਗਾਂ ਵਿਚ ਕੋਈ ਦੋਸ਼ ਨਹੀਂ। ਮਨ ਦੀ ਮਤ ਕਾਰਨ ਇਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ। ਸੋ, ਜੋ ਇਹ ਸਾਡੀਆਂ ਸੱਤ ਰੰਨਾਂ ਹਨ, ਇਹ ਸਾਡੇ ਕੋਲੋਂ ਮੰਗਾਂ ਮੰਗਦੀਆਂ ਹਨ। ਇਨ੍ਹਾਂ ਕਾਰਨ ਸਾਨੂੰ ‘ਗੁਣ ਗੋਬਿੰਦ ਗਾਉਣ’ ਦੀ ਜਾਚ ਨਹੀਂ ਆਉਂਦੀ। ਬਿਖਿਅਨ ਦੇ ਨਾਲ ਹੀ ਰਚੇ ਰਹਿੰਦੇ ਹਾਂ। ਪਲ-ਪਲ ਸਾਡਾ ਜੀਵਨ ਵਿਕਾਰੀ ਸੋਚ (ਜਮ ਦੀ ਫਾਸੀ) ਵਿਚ ਫਸਿਆ ਰਹਿੰਦਾ ਹੈ, ਉਸੇ ਬਾਰੇ ਕਹਿ ਰਹੇ ਹਨ ਕਿ ਤੂੰ ਸੱਚ ਨਾਲ ਜੁੜ ਜਾ।

ਜੇਕਰ ਗੁਰਬਾਣੀ ਵਿਚੋਂ ਤੱਤ ਗਿਆਨ ਸਮਝ ਆ ਗਿਆ ਕਿ, ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥ (654)

ਭਾਵ ਚਾਰੋਂ ਪਾਸੇ ਜਮ ਦੀ ਜੇਵਰੀ ਪਸਰੀ ਹੋਈ ਹੈ, ਇਸ ਤੋਂ ਅਸੀਂ ਬੱਚਣਾ ਹੈ। ਅਸੀਂ ਰੱਬੀ ਗੁਣਾਂ ਨੂੰ ਧਾਰਨ ਕਰਨ ਲਈ ਸੱਚ ਦੇ ਗਿਆਨ ਦਾ ਭੋਜਨ ਆਪਣੇ ਅੰਦਰ ਸੇਵਨਾ (ਭਜਨਾ) ਹੈ ਤਾਂ ਕਿ ਵਿਕਾਰਾਂ ਦੀ ਜੇਵਰੀ ਨਾ ਪਵੇ।

ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਅਤੇ ਆਕਸੀਜਨ  ਤੋਂ ਬਿਨਾ ਮਨੁੱਖੀ ਸਰੀਰ ਜਿਊਂਦਾ ਨਹੀਂ ਰਹਿੰਦਾ। ਇਸੇ ਤਰ੍ਹਾਂ ਗੁਰ ਗਿਆਨ (ਭਾਵ ਸਤਿਗੁਰ, ਗਿਆਨ ਗੁਰੂ) ਤੋਂ ਸੱਖਣਾ ਮਨੁੱਖ ਆਤਮਕ ਤਲ ’ਤੇ ਮਰ ਜਾਂਦਾ ਹੈ।

ਗੁਰਬਾਣੀ ਦਾ ਕਥਨ ਹੈ ਕਿ ਐ ਇਨਸਾਨ! ਜਦੋਂ ਤੂੰ ਮਾੜੀ ਬੁੱਧੀ ਦਾ ਭੋਜਨ ਭਜਦਾ ਹੈਂ, ਮੈਲੇ ਖਿਆਲਾਂ ਦਾ ਭੋਜਨ ਕਰਦਾ ਹੈਂ, ਉਸੀ ਵੇਲੇ ਤੇਰੇ ਉੱਤੇ ਆਤਮਕ ਤੋਰ ਤੇ ਅੰਤ ਕਾਲ ਵਾਪਰ ਜਾਂਦਾ ਹੈ।

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥2॥

ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਹੈ ਕਿ ਮਰਨ ਵੇਲੇ ਜਮ ਲੈਣ ਆਉਂਦੇ ਹਨ। ਮਰਨ ਮਗਰੋਂ ਜਮ ਹਨ ਜਾਂ ਨਹੀਂ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਗੁਰਬਾਣੀ ਇਸ ਵਿਸ਼ੇ ’ਤੇ ਕੀ ਫੁਰਮਾਨ ਦੇਂਦੀ ਹੈ, ਇਸਨੂੰ ਸਮਝਣਾ ਹਰ ਮਨੁੱਖ ਲਈ ਅਤਿ ਲੋੜੀਂਦਾ ਹੈ।

ਦੁਨੀਆ ਸਮਝਦੀ ਹੈ ਕਿ ਭੂਤ-ਪ੍ਰੇਤ ਹੁੰਦੇ ਹਨ ਅਤੇ ਤਾਂਤਰਿਕ ਇਨ੍ਹਾਂ ਭੂਤਾਂ-ਪ੍ਰੇਤਾਂ ਤੋਂ ਖਲਾਸੀ ਦਿਵਾ ਸਕਦਾ ਹੈ। ਅਸੀਂ ਨਿੱਕੀ-ਨਿੱਕੀ ਗਲ ਤੋਂ ਡਰ ਜਾਂਦੇ ਹਾਂ। ਇਸ ਕਰਕੇ ਦੁਨੀਆ ਭੂਤ ਪ੍ਰੇਤ ਦੇ ਚੱਕਰ ਪਾ ਕੇ ਦਰਾਣੀ-ਜਠਾਣੀ ਨੂੰ, ਦੋ ਭਰਾਵਾਂ ਨੂੰ ਲੜਾ ਦੇਂਦੀ ਹੈ। ਲੋਕੀ ਇਨ੍ਹਾਂ ਮਸਲਿਆਂ ਵਿਚ ਫਸੇ ਰਹਿੰਦੇ ਹਨ। ਉਹ ਸਮਝਦੇ ਹਨ ਕਿ ਕਿਸੇ ਨੇ ਕੁਝ ਕਰ ਦਿੱਤਾ ਹੈ।

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ ਏਹ ਜਮ ਕੀ ਸਿਰਕਾਰ ਹੈ ਏਨ੍ਾ ਉਪਰਿ ਜਮ ਕਾ ਡੰਡੁ ਕਰਾਰਾ ॥ (513) ਮਨੁੱਖ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਤਾਂ ਇਹ ਹੀ ਜਮ ਹਨ। ਇਸਨੂੰ ਗੁਰੂ ਪਾਤਸ਼ਾਹ ਵਿਅੰਗ ਦੇ ਨਾਲ, ਪ੍ਰਚਲਿਤ ਬੋਲੀ ਵਿਚ ਸਮਝਾਉਂਦੇ ਹਨ। ਇਹ ਸਾਡੀ ਜਿੰਦ ਦੇ ਵੈਰੀ ਹਨ, ਇਹ ਸਾਨੂੰ ਹਰ ਵੇਲੇ ਤੰਗ ਕਰਦੇ ਹਨ।

ਗੁਰਬਾਣੀ ਦਾ ਕਥਨ ਹੈ, ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥ ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥ (408) ਵਿਕਾਰਾਂ ਦੇ ਮਦ ਵਿਚ ਜੇ ਮਨੁੱਖ ਸੁੱਤਾ ਰਹੇ ਤਾਂ ਸੂਝ-ਬੂਝ ਨਹੀਂ ਪ੍ਰਾਪਤ ਕਰ ਸਕਦਾ। ਇਨ੍ਹਾਂ ਪੰਕਤੀਆਂ ਵਿਚ ਸਵਾਲ ਅਤੇ ਵਿਅੰਗ ਦੇ ਨਾਲ-ਨਾਲ ਅਫਸੋਸ ਵੀ ਹੈ।

ਜਮ ਬਾਰੇ ਇਕ ਹੋਰ ਪੱਖੋਂ ਗੁਰਮਤਿ ਦਾ ਸੁਨੇਹਾ ਸਮਝਦੇ ਹਾਂ। ਗੁਰਬਾਣੀ ਦਾ ਕਥਨ ਹੈ ‘ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥’ (870) ਅਸੀਂ ਇਸ ਸ਼ਬਦ ਦੇ ਅਰਥ ਸਮਝਦੇ ਸੀ ਕਿ ਜੇ ਕੋਈ ਇਨਸਾਨ ਮਰ ਜਾਏ ਤਾਂ ਕਿਸੇ ਕੰਮ ਨਹੀਂ ਆਉਂਦਾ। ਜੇ ਪਸ਼ੂ ਮਰ ਜਾਵੇ ਤਾਂ ਦਸ ਕੰਮ ਸੰਵਾਰਦਾ ਹੈ, ਚਮੜਾ, ਹਾਥੀ ਦੰਦ, ਦਵਾਈਆਂ ਆਦਿ। ਪਰ ਜਦੋਂ ਅਸੀਂ ਇਸ ਸ਼ਬਦ ਨੂੰ ਖੋਜਿਆ ਤਾਂ ਪਤਾ ਚਲਿਆ ਕਿ ਇਸ ਸ਼ਬਦ ਦਾ ਰਹਾਉ ਹੈ, ‘ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ ਮੈ ਕਿਆ ਜਾਨਉ ਬਾਬਾ ਰੇ ॥’ (870) ਮੇਰੇ ਹੁਣੇ ਵਰਤਮਾਨ ਵਿਚ ਕੀ ਕਰਮ ਅਤੇ ਸੋਚਣੀ ਹੈ, ਇਸ ਦੀ ਗਤੀ ਮੈਨੂੰ ਸਮਝ ਨਹੀਂ ਆਉਂਦੀ। ਰਹਾਉ ਤੋਂ ਪਤਾ ਲੱਗਾ ਕਿ ਇਹ ਅੱਜ-ਹੁਣੇ ਦੀ ਗਲ ਚਲ ਰਹੀ ਹੈ। ਨਾਲ ਹੀ ਵਿਗਿਆਨ ਦੀ ਰੌਸ਼ਨੀ ਵਿਚ ਪਤਾ ਲੱਗਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਮਿਰਤਕ ਪ੍ਰਾਣੀ ਦੇ ਅੰਗ ਵਰਤੋਂ ਵਿਚ ਆ ਸਕਦੇ ਹਨ।

ਇੰਞ ਜਾਪਦਾ ਹੈ ਕਿ ਇਸ ਸ਼ਬਦ ਵਿਚ ਜ਼ਰੂਰ ਕੋਈ ਰਮਜ਼ ਹੈ। ਜਦੋਂ ਇਸਦੇ ਰਹਾਉ ਨੂੰ ਅਧਾਰ ਬਣਾਕੇ ਸਮਝਣ ਦਾ ਜਤਨ ਕੀਤਾ ਤਾਂ ਪਤਾ ਲਗਿਆ ਕਿ ਜੇਕਰ ਮਨੁੱਖ ਦੇ ਅੰਦਰੋਂ ਇਨਸਾਨੀਅਤ (ਨਰੂ) ਮਰ ਜਾਏ ਤਾਂ ਇਹ ਕਿਸੇ ਕੰਮ ਜੋਗਾ ਨਹੀਂ ਰਹਿੰਦਾ। ਪਰ ਜੇਕਰ ਅੰਦਰੋਂ ਪਸ਼ੁਤਾ ਮਰ ਜਾਏ ਤਾਂ ਇਹ ਮਨੁੱਖ ਦਸ ਕਾਜ ਸੰਵਾਰ ਸਕਦਾ ਹੈ। ਇਸੇ ਸ਼ਬਦ ਦੇ ਅੰਤ ਵਿਚ ਕਬੀਰ ਜੀ ਕਹਿੰਦੇ ਹਨ, ਕਹੁ ਕਬੀਰ ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥ (870)

ਮਨੁੱਖ ਤਾਂ ਹੀ ਜਾਗਦਾ ਹੈ, ਜਦੋਂ ਜਮ ਦਾ ਡੰਡਾ ਮੂੰਡ ਵਿਚ ਵਜਦਾ ਹੈ। ‘ਮੂੰਡ’ ਭਾਵ ਸਿਰ, ਮਤ। ਜਦੋਂ ਮਨੁੱਖ ਨੂੰ ਆਪਣੇ ਔਗੁਣਾਂ ਤੋਂ ਹੋਈ ਖੁਆਰੀ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਹੀ ਨਰ ਜਾਗਦਾ ਹੈ, ਭਾਵ ਤਾਂ ਹੀ ਸਾਡੀ ਅੰਦਰਲੀ ਇਨਸਾਨੀਅਤ, ਮਨੁੱਖਤਾ ਜਾਗਦੀ ਹੈ।

ਮਨੁੱਖ ਜਾਨੇ ਅਨਜਾਨੇ ਅਵਗੁਣ ਕਰਦਾ ਹੈ ਅਤੇ ਕਰਕੇ ਖੁਆਰੀ ਦਾ ਦਰਦ ਮਹਿਸੂਸ ਕਰਦਾ ਹੈ ਤਾਂ ਪਛਤਾਉਂਦਾ ਹੈ ਕਿ ਫਿਰ ਇਹ ਅਵਗੁਣ ਨਹੀਂ ਕਰਨਾ। ਇਸੇ ਅਵਸਥਾ ਨੂੰ ਜਾਗਣਾ ਕਹਿੰਦੇ ਹਨ। ਮੰਦੇ ਫੁਰਨੇ, ਸੁਭਾ ਹੀ ਜਮਾਂ ਦਾ ਡੰਡਾ ਹਨ ਜਿਸ ਕਾਰਨ ਮਨੁੱਖ ਦੀ ਸੋਚਨੀ ਤੇ ਸੁਭਾ ਵਿਗੜਦੇ ਹਨ। ਇਹੋ ਜਮ ਡੰਡਾ ਭਾਵ ਸਜ਼ਾ ਹੈ। ਇਸ ਤੋਂ ਜਾਗਣਾ ਹੈ। ਅਉਗੁਣਾਂ ਨਾਲ ਜਿਊਣਾ ਆਤਮਕ ਮੌਤ ਹੀ ਹੈ।

ਜਦੋਂ ਗੁਰਬਾਣੀ ਵਿਚ ਚੰਗੀ ਮੱਤ ਦਾ ਜ਼ਿਕਰ ਆਉਂਦਾ ਹੈ ਤਾਂ ਕੇਸ, ਮਾਥਾ, ਸਿਰ, ‘ਕੇਸਾ ਕਾ ਕਰਿ ਚਵਰੁ ਢੁਲਾਵਾ’ ਆਦਿ ਇਸ ਤਰ੍ਹਾਂ ਦੀ ਸ਼ਬਦਾਵਲੀ ਸਕਾਰਾਤਮਕ ਭਾਵ ਵਿਚ ਵਰਤੀ ਗਈ ਹੈ। ਪਰ ਜਦੋਂ ਨਕਾਰਾਤਮਕ ਭਾਵ ਵਿਚ ਕੇਸਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਚਤੁਰ ਚਾਲਾਕ ਬੁੱਧੀ ਲਈ ਆਉਂਦਾ ਹੈ। ਵਿਕਾਰ ਰੂਪੀ ਜਮ ਚਤੁਰਾਈ ਵਾਲੀ ਮੱਤ ਨੂੰ ਘਸੀਟਦੇ ਹਨ। ਮਨੁੱਖ ਨੂੰ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਾਉਂਦੇ ਹਨ ਤਾਂ ਜਿਊਂਦੇ ਜੀ, ਉਸੇ ਸਮੇਂ ਨਰਕ ਭੋਗ ਰਿਹਾ ਹੁੰਦਾ ਹੈ। ਹੁਣੇ, ਅੱਜ, ਇਸੇ ਪਲ ਜਦੋਂ ਮੈਂ ਵਿਕਾਰੀ ਜੀਵਨ ਜਿਊਂਦਾ ਹਾਂ, ਉਸੇ ਵੇਲੇ ਨਰਕ ਭੋਗ ਰਿਹਾ ਹੁੰਦਾ ਹਾਂ। ਕਬੀਰ ਜੀ ਕਹਿੰਦੇ ਹਨ ਕਿ ਮਰਨ ਮਗਰੋਂ ਕੋਈ ਬੈਕੁਠ ਹੈ ਜਾਂ ਨਹੀਂ ਪਤਾ ਨਹੀਂ, ‘ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥’ (337)

ਸੋ, ਗੁਰਬਾਣੀ ਦੇ ਚਾਨਣ ਵਿਚ ਅਸੀਂ ਸਮਝਿਆ ਕਿ ਜਮ ਕੀ ਹੁੰਦਾ ਹੈ, ਸ੍ਵਰਗ ਅਤੇ ਨਰਕ ਕੀ ਹੁੰਦਾ ਹੈ। ਇਸ ਪੱਖੋਂ ਇਨ੍ਹਾਂ ਸ਼ਬਦਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਪਰ ਅਫਸੋਸ ਕਿ ਅਸੀਂ ਕੇਵਲ ਕਹਾਣੀਆਂ ਨੂੰ ਗੁਰਬਾਣੀ ਦੇ ਨਾਲ ਜੋੜਕੇ ਇਨ੍ਹਾਂ ਦੇ ਅਰਥ ਸਮਝਣ ਦਾ ਨਿਸ਼ਫਲ ਜਤਨ ਕਰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਹਨ, ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥ ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥ (30)

ਜੇ ਮਨੁੱਖ ਕੋਲ ਸਤਿਗੁਰ ਦੀ ਮਤ ਨਹੀਂ ਤਾਂ ਇਹ ਅਚੇਤ ਹੈ, ਬੇਹੋਸ਼ ਹੈ, ਵਿਕਾਰਾਂ ਰੂਪੀ ਮੌਤ ਹਮੇਸ਼ਾ ਹੀ ਸਿਰ ’ਤੇ ਮੰਡਰਾਉਂਦੀ ਹੈ। ਜਿਸ ਮਨੁੱਖ ਨੂੰ ਜਿਊਂਦੇ ਜੀ ਆਪਣੇ ਉੱਪਰ ਜਮ ਮੰਡਰਾਉਂਦੇ ਦਿਖ ਜਾਣਗੇ ਉਹ ਅੱਜ ਜਿਊਂਦੇ ਜੀ ਹੀ ਇਨ੍ਹਾਂ ਤੋਂ ਖਲਾਸੀ ਵੀ ਚਾਹੇਗਾ। ਫਿਰ ਸਰੀਰਕ ਮਰਨ ਮਗਰੋਂ ਵਾਲੇ ਜਮਾਂ ਦਾ ਡਰ ਨਹੀਂ ਰਹੇਗਾ। ਗੁਰਬਾਣੀ ਦਾ ਕਥਨ ਹੈ ਕਿ, ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ (149)

ਜਦੋਂ ਅਸੀਂ ਮਨ ਦੀ ਮਤ ਛੱਡ ਕੇ ਸਤਿਗੁਰ ਦੀ ਮਤ ਲੈਣ ਲਈ ਆਪਣਾ ਭਾਂਡਾ ਸਿੱਧਾ ਕਰਦੇ ਹਾਂ ਤਾਂ ਸਤਿਗੁਰ ਦੀ ਦਇਆਲਤਾ ਦੇ ਪਾਤਰ ਬਣਦੇ ਹਾਂ। ਜਦੋਂ ਸਤਿਗੁਰ ਦੀ ਮਤ ਲੈਂਦੇ ਹਾਂ ਤਾਂ ਜਮਾਂ ਦਾ ਡਰ ਨਹੀਂ ਰਹਿੰਦਾ, ਵਿਕਾਰ ਨਹੀਂ ਸਤਾਉਂਦੇ, ਆਤਮਕ ਮੌਤ ਨਹੀਂ ਵਾਪਰਦੀ ਸਗੋਂ ਸਦੀਵੀ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥

ਗੁਰੂ ਪਾਤਸ਼ਾਹ ਕਹਿੰਦੇ ਹਨ ਜੇਕਰ ਸੱਚ ਲਈਏ ਤਾਂ ਜਮਾਂ (ਵਿਕਾਰਾਂ) ਦੀ ਫਾਹੀ ਨਹੀਂ ਪੈਂਦੀ ਹੈ। ਮਨ ਕੀ ਮੱਤ ਕਾਰਨ ਵਿਕਾਰ ਮੈਨੂੰ ਜਿੱਥੇ ਖਿੱਚ ਕੇ ਲੈ ਜਾਂਦੇ ਹਨ, ਮੈਂ ਉੱਥੇ ਹੀ ਚਲਾ ਜਾਂਦਾ ਹਾਂ। ਇਨ੍ਹਾਂ ਜਮਾਂ ਦੀ ਫਾਹੀ ਤੋਂ ਬਚਣ ਲਈ ਕਹਿੰਦੇ ਹਨ, ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ (44) ਸੋ ਗੁਰਬਾਣੀ ਸਾਨੂੰ ਸਾਰਿਆਂ ਨੂੰ ਸਾਧ ਭਾਵ ਰੱਬੀ ਗੁਣਾਂ ਦੀ ਸੰਗਤ ਵਿਚ ਰਹਿਣ ਦੀ ਤਾਕੀਦ ਕਰਦੀ ਹੈ।

ਜਿਸ ਮਨੁੱਖ ਨੂੰ ਸੱਚ ਦੀ ਵਿਚਾਰ ਦੀ ਤੀਬਰ ਤਾਂਘ ਲੱਗ ਜਾਂਦੀ ਹੈ, ਉਸ ਦੀ ਹੀ ਜਮਾਂ ਦੀ ਜੇਵਰੀ ਕੱਟੀ ਜਾਂਦੀ ਹੈ। ਵਿਕਾਰਾਂ ਦੀ ਫਾਹੀ ਕੱਟੀ ਜਾਂਦੀ ਹੈ। ਜਿਸ ਮਨੁੱਖ ਦਾ ਅੱਜ ਠੀਕ ਨਹੀਂ ਉਸ ਦਾ ਕਲ ਠੀਕ ਨਹੀਂ ਹੋ ਸਕਦਾ। ਇਸ ਦਾ ਮਤਲਬ ਇਹ ਨਿਕਲਿਆ ਕਿ ਅੱਜ, ਵਰਤਮਾਨ ਠੀਕ ਕਰਨਾ ਪਵੇਗਾ। ਗੁਰਬਾਣੀ ‘ਆਜੁ ਮਿਲਾਵਾ ਸੇਖ ਫਰੀਦ’ ਸਿਖਾਉਂਦੀ ਹੈ।

ਗੁਰੂ ਸਾਹਿਬ ਇਸ ਸਲੋਕ ਰਾਹੀਂ ਦ੍ਰਿੜ ਕਰਵਾ ਰਹੇ ਹਨ ਕਿ ਐ ਮਨੁੱਖ ਤੂੰ ਭੈੜੇ ਅਤੇ ਕੌੜੇ ਬੋਲ, ਤੇਰ-ਮੇਰ, ਜ਼ਾਤ-ਪਾਤ ਦੇ ਵਿਤਕਰੇ (ਬਿਖਿਅਨ ਸਿਉ ਕਾਹੇ ਰਚਿਓ) ਤੋਂ ਨਿਕਲ, ਇਸ ਵਿਚ ਲੀਨ ਨਾ ਹੋ, ਖੱਚਿਤ ਨਾ ਹੋ। ਇਨ੍ਹਾਂ ਕਾਰਨਾਂ ਕਰਕੇ ਹੀ ਤੇਰੀ ਰੱਬ ਤੋਂ ਦੂਰੀ ਵਧਦੀ ਹੈ। ‘ਨਿਮਖ ਨ ਹੋਹਿ ਉਦਾਸੁ’ ਇਕ ਪਲ ਲਈ ਵੀ ਤੂੰ ਆਪਣੀ ਬਿਖਿਆ ਤੋਂ ਉਪਰਾਮ ਭਾਵ ਉਦਾਸ ਨਹੀਂ ਹੋਇਆ। ਹਰ ਪਲ ਸਾਡਾ ਜੀਵਨ ਵਿਕਾਰੀ ਸੋਚ (ਜਮ ਦੀ ਫਾਸੀ) ਵਿਚ ਫਸਿਆ ਰਹਿੰਦਾ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਸਾਨੂੰ ‘ਗੁਨ ਗੋਬਿੰਦ ਗਾਇਓ’ ਦੀ ਜਾਚ ਨਹੀਂ ਆਉਂਦੀ। ਉਸ ਬਾਰੇ ਕਹਿ ਰਹੇ ਹਨ ਕਿ ਤੂੰ ਸੱਚ ਨਾਲ ਜੁੜ ਜਾ। ਰੱਬੀ ਗੁਣ ਧਾਰਨ ਕਰਨ ਲਈ ਸੱਚ ਦੇ ਗਿਆਨ ਦਾ ਭੋਜਨ ਆਪਣੇ ਅੰਦਰ ਸੇਵਨਾ (ਭਜਨਾ) ਹੈ ਤਾਂ ਕਿ ਵਿਕਾਰਾਂ ਦੀ ਜੇਵਰੀ ਨਾ ਪਵੇ।
.