.

ਆਸਾ ਕੀ ਵਾਰ

(ਕਿਸ਼ਤ ਨੰ: 24)

ਪਉੜੀ ਤੇਈਵੀਂ ਅਤੇ ਸਲੋਕ

ਸਲੋਕੁ ਮਹਲਾ ੨।।

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।।

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।। ੧।।

ਪਦ ਅਰਥ:- ਏਹ ਕਿਨੇਹੀ ਦਾਤਿ – ਏਹ ਕਿਸ ਕਿਸਮ ਦੀ ਦਾਤ ਹੈ। ਆਪਸ ਤੇ ਜੋ ਪਾਈਐ – ਜਿਹੜੀ ਆਪਸ ਵਿੱਚ ਇੱਕ ਦੂਸਰੇ ਤੋਂ ਪ੍ਰਾਪਤ ਕਰੀਏ। ਕਰਮਾਤਿ – ਕਰਮਾਤਿ/ਕਰਾਮਾਤ, ਕ੍ਰਿਪਾ, ਬਜੁਰਗੀ, ਉਹ ਗੱਲ ਜੋ ਅਨਹੋਣੀ ਹੋ ਸਕੇ। ਨਾਨਕ ਸਾ ਕਰਮਾਤਿ – ਨਾਨਕ ਆਖਦਾ ਹੈ ਕਰਮਾਤ ਤੇ ਉਹ ਹੈ ਜਿਹੜੀ ਚੀਜ਼ ਬਿਨ੍ਹਾਂ ਕੁੱਝ ਕਰਨ ਦੇ ਮਾਲਕ ਦੇ ਤੁਠਣ ਨਾਲ ਪ੍ਰਾਪਤ ਹੋਵੇ ਭਾਵ ਅਨਹੋਣੀ ਘਟਣਾ ਘਟੇ। (ਅਣਹੋਣੀ ਗੱਲ ਵਿੱਚ ਗੁਰਮਤਿ ਯਕੀਨ ਨਹੀਂ ਰੱਖਦੀ)।

ਨੋਟ:- ਇੱਥੇ ਪਿਛਲੇ ਸਲੋਕ ਨੂੰ ਮੁਖ ਰੱਖਣਾ ਹੈ।

ਅਰਥ:- ਹੇ ਭਾਈ! ਇਹ ਕਿਸ ਕਿਸਮ ਦੀ ਦਾਤ ਹੈ ਜਿਹੜੀ ਆਪਸ ਵਿੱਚ (ਇਕ ਮਨੁੱਖ ਵੱਲੋਂ ਦੂਸਰੇ ਦੀ ਚਾਕਰੀ/ਗੁਲਾਮੀ ਕਰ ਕੇ ਪ੍ਰਾਪਤ ਕੀਤੀ) ਜਾਵੇ, ਇਹ ਤਾਂ ਚਾਕਰ ਦੀ ਚਾਕਰੀ ਕਰਨ ਵਾਲੇ ਨੂੰ ਇਵਜਾਨੇ ਵਜੋਂ ਖਾਣ ਨੂੰ ਮਿਲਿਆ ਹੈ, ਭਾਵ ਇਹ ਕੋਈ ਕਰਮਾਤ/ਅਣਹੋਣੀ ਗੱਲ ਨਹੀਂ। ਨਾਨਕ ਆਖਦਾ ਹੈ ਕਰਮਾਤ ਤੇ ਉਹ ਹੈ, ਜਿਹੜੀ ਚੀਜ਼ ਬਿਨਾਂ ਕੁੱਝ ਕਰਨ ਦੇ ਮਾਲਕ ਦੇ ਪ੍ਰਸੰਨ ਹੋਣ ਨਾਲ ਅਚਨਚੇਤ ਮਿਲੇ। ਭਾਵ ਆਪਸ ਦਾ ਲੈਣ ਦੇਣ ਕੋਈ ਕਰਾਮਾਤ ਨਹੀਂ।

ਨੋਟ:- ਜਿਹੜੇ ਚਾਕਰਾਂ ਦੀ ਚਾਕਰੀ ਕਰਦੇ ਹਨ ਅਤੇ ਜੋ ਉਨ੍ਹਾਂ ਨੂੰ ਇਵਜਾਨੇ ਵਜੋਂ ਜੋ ਥੋੜਾ ਬਹੁਤਾ ਖਾਣ ਲਈ ਦਿੰਦੇ ਹਨ ਉਸ ਦੇ ਬਦਲੇ ਹੀ ਉਹ ਦੇਣ ਵਾਲਿਆਂ ਨੂੰ ਰੱਬ ਸਮਝ ਕੇ ਉਸ ਦੀ ਦਾਤ ਜਾਣ ਕੇ ਇਹ ਕਹਿੰਦੇ ਹਨ "ਜਿਸਦਾ ਦਿਤਾ ਖਾਵਣਾ ਤਿਸੁ ਕਹੀਏ ਸਾਬਾਸਿ।। " ਕਿ ਜਿਸ ਦਾ ਦਿੱਤਾ ਖਾਂਦੇ ਹਾਂ ਉਸ ਦੀ ਹੀ ਉਸਤਤ ਕਰਨੀ ਬਣਦੀ ਹੈ।

ਮਹਲਾ ੨।।

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ।।

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ।। ੨।।

ਪਦ ਅਰਥ:- ਏਹ ਕਿਨੇਹੀ ਚਾਕਰੀ – ਇਹ ਕਿਸ ਕਿਸਮ ਦੀ ਚਾਕਰੀ ਹੈ। ਜਿਤੁ ਭਉ ਖਸਮ ਨ ਜਾਇ – ਜਿਸ ਖਸਮ ਦੀ ਚਾਕਰੀ ਕਰਨ ਨਾਲ ਡਰ ਹੀ ਖਤਮ ਨਾ ਹੋਵੇ। ਕਾਢੀਐ – ਅਖਵਾਉਂਦੇ ਹਨ। ਜਿ – ਜਿਹੜੇ। ਸੇਤੀ – ਨਾਲ। ਖਸਮ – ਮਾਲਕ। ਸਮਾਇ – ਲੀਨ ਹੋਣਾ, ਸਮਾ ਜਾਣਾ।

ਅਰਥ:- ਹੇ ਨਾਨਕ! ਜਿਹੜੇ ਆਪਣੇ ਆਪ ਨੂੰ ਸੇਵਕ ਅਖਵਾਉਂਦੇ ਹਨ, ਆਪਣੇ ਮਾਲਕ (ਅਵਤਾਰਵਾਦੀ) ਦੀ (ਵਿਚਾਰਧਾਰਾ) ਨਾਲ ਜੁੜੇ ਵੀ ਹਨ ਉਸ ਵਿੱਚ ਸਮਾਏ ਹੋਏ ਵੀ ਹਨ ਅਤੇ ਡਰਦੇ ਵੀ ਹਨ। ਇਹ ਕਿਸ ਕਿਸਮ ਦੀ ਚਾਕਰੀ ਹੈ ਜਿਸ ਚਾਕਰੀ ਕਰਨ ਨਾਲ ਖਸਮ ਦਾ ਡਰ ਹੀ ਖਤਮ ਨਾ ਹੋਵੇ।

ਨੋਂਟ:- ਇੱਥੇ ਮਹਲੇ ਦੂਜੇ ਨੇ ਉਨ੍ਹਾਂ ਦੀ ਹਾਲਤ ਬਿਆਨ ਕੀਤੀ ਹੈ, ਜਿਹੜੇ ਅਵਤਾਰਵਾਦੀ ਮਾਨਸਿਕ ਗੁਲਾਮਾਂ ਦੀ ਗੁਲਾਮੀ, ਇਸ ਕਰ ਕੇ ਡਰਦੇ ਹੀ ਕਰੀ ਜਾਂਦੇ ਹਨ ਕਿ ਅਸੀਂ ਇਨ੍ਹਾਂ ਦਾ ਦਿੱਤਾ ਹੀ ਖਾਂਦੇ ਹਨ।

ਪਉੜੀ।।

ਨਾਨਕ ਅੰਤ ਨ ਜਾਪਨੀੑ ਹਰਿ ਤਾ ਕੇ ਪਾਰਾਵਾਰ।।

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ।।

ਇਕਨਾੑ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ।।

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ।।

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ।। ੨੩।।

ਪਦ ਅਰਥ:- ਨਾਨਕ ਅੰਤ ਨ ਜਾਪਨੀੑ – ਨਾਨਕ ਆਖਦਾ ਹੈ। ਜਾਪਨੀ – ਜਾਣ ਜਾਣਾ, ਜਾਣਿਆ ਜਾਣਾ। ਅੰਤ ਨ ਜਾਪਨੀ – ਅੰਤ ਨਹੀਂ ਜਾਣਿਆ ਜਾ ਸਕਦਾ। ਹਰਿ – ਹਰੀ, ਕਰਤਾ। ਤਾ ਕੇ – ਜਿਸ ਦੇ। ਪਾਰਾਵਾਰ – ਆਰਲੇ ਪਾਰਲੇ ਬੰਨੇ ਦਾ। ਆਪਿ ਕਰਾਏ ਸਾਖਤੀ – ਆਪ ਹੀ ਪੈਦਾਇਸ਼ ਕਰ ਕੇ। ਫਿਰਿ – ਫਿਰ। ਆਪਿ ਕਰਾਏ ਮਾਰ – ਆਪ ਹੀ ਮਾਰ ਪਵਾ ਰਿਹਾ ਹੈ। ਇਕਨਾੑ ਗਲੀ ਜੰਜੀਰੀਆ – ਇਕਨਾਂ ਦੇ ਗਲ਼ਾਂ ਵਿੱਚ ਗੁਲਾਮੀ ਦੀਆਂ ਜ਼ੰਜੀਰੀਆਂ ਹਨ। ਇਕਿ ਤੁਰੀ ਚੜਹਿ ਬਿਸੀਆਰ – ਇੱਕ ਘੋੜਿਆਂ `ਤੇ ਚੜੇ ਮੌਜਾਂ ਮਾਣ ਰਹੇ ਹਨ। ਆਪਿ ਕਰਾਏ ਕਰੇ ਆਪਿ - ਜੇਕਰ ਉਹ ਆਪ ਹੀ ਕਰ ਅਤੇ ਕਰਵਾ ਰਿਹਾ ਹੈ। ਹਉ ਕੈ ਸਿਉ ਕਰੀ ਪੁਕਾਰ ਨਾਨਕ – ਮੈਂ ਨਾਨਕ ਆਖਦਾ ਹਾਂ ਕਿ ਫਿਰ ਪੁਕਾਰ ਕਿਸ ਅੱਗੇ ਕਰੀ ਜਾਏ। ਕਰਣਾ ਜਿਨਿ ਕੀਆ – ਨਾਨਕ ਜਿਸ ਕਰਤੇ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਫਿਰਿ ਤਿਸ ਹੀ ਕਰਣੀ ਸਾਰ – ਫਿਰ ਉਸ ਨੇ ਹੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਪਿਸ ਰਹੇ ਲੋਕਾਂ) ਦੀ ਸਾਰ ਵੀ ਆਪ ਹੀ ਕਰਨੀ ਹੈ।

ਅਰਥ:- ਹੇ ਭਾਈ! ਨਾਨਕ ਆਖਦਾ ਹੈ ਕਰਤੇ ਦੀ ਹੱਦ ਬੰਦੀ ਦਾ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ (ਉਸ ਦੇ ਸਿਰ ਇਹ ਸਾਰਾ ਕੁੱਝ ਇੰਝ ਮੜਿਆ ਜਾ ਰਿਹਾ ਹੈ ਕਿ) ਉਹ ਆਪ ਹੀ ਪੈਦਾਇਸ਼ ਕਰਵਾ ਕੇ ਫਿਰ ਆਪ ਹੀ ਇਕਨਾਂ ਨੂੰ ਮਾਰ ਪਵਾ ਰਿਹਾ ਹੈ। ਇਕਨਾਂ ਜੀਵਾਂ ਦੇ ਗਲ਼ਾਂ ਵਿੱਚ ਗੁਲਾਮੀ ਦੀਆਂ ਜ਼ੰਜੀਰੀਆਂ ਹਨ (ਭਾਵ ਕਈ ਕੈਦ ਗੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ) ਅਤੇ ਇੱਕ ਪਾਸੇ ਬੇਸ਼ੁਮਾਰ ਜੀਵ ਘੋੜਿਆਂ `ਤੇ ਚੜੇ (ਜੀਵਾਂ ਤੋਂ ਗੁਲਾਮੀ ਕਰਵਾਉਣ ਵਾਲੇ ਮੌਜਾਂ ਮਾਣ ਰਹੇ ਹਨ)। ਜੇਕਰ ਉਹ ਕਰਤਾ ਆਪ ਹੀ ਸਾਰਾ ਕੁੱਝ ਕਰ ਅਤੇ ਕਰਵਾ ਰਿਹਾ ਹੈ ਤਾਂ ਮੇਰਾ ਨਾਨਕ ਦਾ (ਸਵਾਲ ਇਹ ਹੈ ਕਿ) ਫਿਰ ਪੁਕਾਰ ਕਿਸ ਅੱਗੇ ਕਰੀ/ਕੀਤੀ ਜਾਏ? ਹੇ ਭਾਈ! (ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਆਪਣੀ ਜਿੰਮੇਵਾਰੀ ਤੋਂ ਭੱਜਦੇ ਹੋਏ ਇਹ ਆਖਦੇ ਹਨ ਕਿ) ਜਿਸ ਕਰਤੇ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਸ ਨੇ ਹੀ ਫਿਰ (ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਪਿਸ ਰਹੇ ਲੋਕਾਂ) ਦੀ ਸਾਰ ਵੀ ਆਪ ਹੀ ਕਰਨੀ ਹੈ।

ਨੋਟ:- ਇਹ ਕਰਮਕਾਂਡੀ ਲੋਕ ਆਪਣੀ ਜਿੰਮੇਵਾਰੀ ਤੋਂ ਭੱਜਦੇ ਹੋਏ ਲੋਕਾਈ ਨੂੰ ਭੰਬਲਭੂਸੇ ਵਿੱਚ ਪਾ ਕੇ ਗੁੰਮਰਾਹ ਕਰਦੇ ਹਨ ਤਾਂ ਜੋ ਕਿ ਉਨ੍ਹਾਂ ਦੀ ਲੁੱਟ-ਘਸੁੱਟ ਚਲਦੀ ਰਹੇ ਲੋਕਾਈ ਇਨ੍ਹਾਂ ਦਾ ਤਸ਼ੱਦਦ ਸਹਾਰਦੀ ਰਹੇ।

ਬਲਦੇਵ ਸਿੰਘ ਟੌਰਾਂਟੋ।
.