.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 4

ਵੀਰ ਭੁਪਿੰਦਰ ਸਿੰਘ

ਹੁਣ ਅਸੀਂ ਸਾਰੇ ਸਲੋਕਾਂ ਦੀ ਲੜੀ ਵਾਰ ਵਿਚਾਰ ਸਾਂਝੀ ਕਰਦੇ ਹਾਂ।

1. ਪਹਿਲਾ ਸਲੋਕ -

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥1॥

ਗੋਬਿੰਦ: ਇਸ ਦੀ ਸੰਧੀ ਵਿਛੇਦ ਇਸ ਪ੍ਰਕਾਰ ਹੈ: ਗੋ + ਬਿੰਦ। ਗੋ: ਆਤਮਕ ਧਰਤੀ। ਬਿੰਦ: ਲਭਣਾ, ਖੋਜਣਾ। ਭਾਵ ਆਪਣੀ ਆਤਮਕ ਧਰਤੀ ਦੀ ਖੋਜ ਕਰਨੀ। ਗੁਰਬਾਣੀ ਦਾ ਫੁਰਮਾਨ ਹੈ, ‘ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥’ ‘ਆਪਾ ਚੀਨੈ’ ਦਾ ਭਾਵ ਹੈ ਕਿ ਆਪਣੇ ਅੰਤਰ ਆਤਮੇ ਦੀ ਪੜਚੋਲ ਕਰਨਾ ਕਿ ਮੈਂ ਕਿਹੜੇ-ਕਿਹੜੇ ਕੰਮਾਂ ਕਾਰਨ ਖੁਆਰ ਹੁੰਦਾ ਹਾਂ, ਬੇਚੈਨ ਹੁੰਦਾ ਹਾਂ। ਜੇ ਆਪਾ ਚੀਨ ਲਿਆ ਤਾਂ ਇਹ ਗੁਰਬਾਣੀ ਅਨੁਸਾਰ ਰੱਬ ਨੂੰ ਖੋਜਣਾ ਹੈ। ਕਿਉਂਕਿ ਜਦੋਂ ਮਨੁੱਖ ਨੂੰ ਆਪਣੀ ਖੁਆਰੀ ਮਹਿਸੂਸ ਹੋਈ ਹੈ ਤਾਂ ਹੀ ਉਹ ਸਤਿਗੁਰ ਦੀ ਮਤ ਲੈਕੇ ਆਪਣੀ ਪੜਚੋਲ ਲਈ ਮਿਹਨਤ ਕਰਦਾ ਹੈ। ਅਕਾਰਥ: ਕੋਈ ਐਸਾ ਕੰਮ ਕਰਨਾ ਜਿਸਦਾ ਸਿੱਟਾ ਜ਼ਹਿਰੀਲਾ ਨੁਕਸਾਨ ਦਾਇਕ ਹੋਵੇ। ਇਸ ਦੀ ਸੰਧੀਛੇਦ ਇਸ ਪ੍ਰਕਾਰ ਹੈ - ਅਕ + ਅਰਥ। ਅਕ: ਅੱਕ ਇੱਕ ਪੌਦੇ ਦਾ ਨਾਮ ਹੈ, ਜਿਸਦਾ ਫਲ ਅੰਬੀ ਵਾਂਗੂ ਹੁੰਦਾ ਹੈ। ਇਹ ਖਾਣ ਜੋਗਾ ਨਹੀਂ ਹੁੰਦਾ, ਜ਼ਹਿਰੀਲਾ ਹੁੰਦਾ ਹੈ। ਅਰਥ: ਫਲ, ਨਤੀਜਾ। ਅੱਕ ਵਾਲੇ ਕੰਮ ਕਰਨੇ ਭਾਵ ਅਕਾਰਥ ਜਾਂ ਨਿਸ਼ਫਲ ਕੰਮ ਕਰਨੇ ਜਾਂ ਕੋਈ ਐਸਾ ਕੰਮ ਕਰਨਾ ਜਿਸਦਾ ਸਿੱਟਾ ਜ਼ਹਿਰੀਲਾ ਨਿਕਲੇ।

‘ਜਨਮੁ ਅਕਾਰਥ ਕੀਨੁ’ ਇਹ ਮਰਨ ਮਗਰੋਂ ਦੀ ਗਲ ਨਹੀਂ ਚਲ ਰਹੀ ਬਲਕਿ ਸਾਨੂੰ ਸੋਝੀ ਦਿੱਤੀ ਜਾ ਰਹੀ ਹੈ ਕਿ ਐ ਮਨੁੱਖ ਤੂੰ ਆਪਣਾ ਸਾਰਾ ਜਨਮੁ ਨਿਸ਼ਫਲ ਕੰਮਾਂ ਵਿਚ ਹੀ ਲਗਾ ਰਿਹਾ ਹੈਂ। ‘ਕੀਨੁ’ ਦਾ ਅਰਥ ਹੈ ਕਿ ਜ਼ਾਇਆ ਕੀਤਾ ਹੈ, ਹੁਣ ਵੀ ਕਰੀ ਜਾ ਰਿਹਾ ਹੈਂ। ਐ ਮੇਰੇ ਮਨ, ਤੂੰ ਨਿਕੰਮੇ ਕੰਮਾਂ ਵਿਚ ਲੱਗਾ ਹੋਇਆ ਹੈਂ। ਬਿਨਾ ਕਿਸੇ ਲਾਭ ਦਾ ਉੱਦਮ ਕਰੀ ਜਾ ਰਿਹਾ ਹੈਂ ‘ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥’ (546)

ਐ ਮਨੁੱਖ ਤੇਰੀ ਜ਼ਿੰਦਗੀ ਦਾ ਰਾਹ ਇਤਨਾ ਮੁਸ਼ਕਿਲ ਹੈ ਪਰ ਤੂੰ ਇਸਨੂੰ ਬੇਕਾਰ ਦੇ ਕੰਮਾਂ ਵਿਚ ਜ਼ਾਇਆ ‘ਅਕਾਰਥ ਕੀਨੁ’ ਕਰੀ ਜਾ ਰਿਹਾ ਹੈਂ। ਇਨ੍ਹਾਂ ਬੇਕਾਰ ਦੇ ਕੰਮਾਂ ਨੂੰ ਹੀ ‘ਬਿਖਿਅਨ’ ਕਹਿੰਦੇ ਹਨ।

‘ਗਾਇਓ’ ਦਾ ਅਰਥ ਭੂਤਕਾਲ ਵਿਚ ਇਹ ਨਹੀਂ ਕਿ ਐ ਮਨੁੱਖ ਤੂੰ ਗੁਣ ਗਾਏ ਨਹੀਂ ਸਗੋਂ ਇਸਦੇ ਅਰਥ ਇਸ ਪੱਖੋਂ ਸਮਝਣੇ ਹਨ ਕਿ, ਐ ਮੇਰੇ ਮਨ! ਤੂੰ ਗੁਣ ਗਾਉਂਦਾ ਨਹੀਂ ਹੈਂ।

ਆਮ ਤੌਰ ’ਤੇ ਲੋਕੀ ਕਹਿੰਦੇ ਹਨ ਕਿ, "ਮੇਰੇ ਪੈਸੇ ਠੀਕ ਅਰਥ ਨਹੀਂ ਲਗ ਰਹੇ", "ਜਿਹੜੀ ਪੜ੍ਹਾਈ ਕੀਤੀ ਹੈ ਉਹ ਠੀਕ ਅਰਥ ਨਹੀਂ ਲਗ ਰਹੀ"। ਇਸੇ ਲਹਿਜ਼ੇ ਵਿਚ ਗੁਰੂ ਪਾਤਸ਼ਾਹ ਕਹਿੰਦੇ ਹਨ, ‘ਜਨਮੁ ਅਕਾਰਥ ਕੀਨੁ’। ਆਪਣਾ ਜਨਮ ਅਕ ਦੇ ਅਰਥ ਕੀਤਾ ਹੋਇਆ ਹੈ, ਆਪਣਾ ਜੀਵਨ ਜ਼ਾਇਆ ਕਰ ਰਿਹਾ ਹੈਂ। ਇਹ ਵਰਤਮਾਨ ਕਾਲ ਵਿਚ ਕਿਹਾ ਜਾ ਰਿਹਾ ਹੈ। ਸੋ, ਇਹ ਮਿਰਤਕ ਪ੍ਰਾਣੀ ਲਈ ਨਹੀਂ ਹੈ। ਨੌਵੇਂ ਪਾਤਸ਼ਾਹ ਜੀ ਦਾ ਹੀ ਇਕ ਹੋਰ ਸ਼ਬਦ ਹੈ ਜਿਸ ਵਿਚ ਕਹਿੰਦੇ ਹਨ, ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥ (536)

ਅਕਸਰ ਲੋਕੀ ਇਸ ਦੇ ਅਰਥ ਇਸ ਤਰ੍ਹਾਂ ਸਮਝਦੇ ਹਨ ਕਿ ਜਦੋਂ ਇਸ ਤਨ ਦੇ ਪ੍ਰਾਣ ਨਿਆਰੇ ਹੁੰਦੇ ਹਨ ਤਾਂ ਸਾਰੇ ਘਰ ਵਾਲੇ ਮਿਰਤਕ ਸਰੀਰ ਨੂੰ ਪ੍ਰੇਤ ਪੁਕਾਰਨ ਲਗ ਪੈਂਦੇ ਹਨ। ਪਰ ਉਹ ਮਿਰਤਕ ਸਰੀਰ ਤੇ ਸੁਣਦਾ ਹੀ ਨਹੀਂ। ਇਸ ਲਈ ਹੁਣ ਸੋਚਣਾ ਹੈ ਕਿ ਕਿਸ ਪ੍ਰਥਾਏ ਗੱਲ ਕੀਤੀ ਜਾ ਰਹੀ ਹੈ। ਮੈਨੂੰ ਕਹਿ ਰਹੇ ਹਨ, ਮੇਰੇ ਮਨ ਨੂੰ ਕਹਿ ਰਹੇ ਹਨ, ਅੱਜ, ਇਸੇ ਪਲ ਲਈ ਕਹਿ ਰਹੇ ਹਨ, ਕਿ ਐ ਮੇਰੇ ਮਨ ਤੂੰ ਜਾਗ ਪੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਿਰਤਕ ਨੂੰ ਸੁਣਾਉਣ ਲਈ ਨਹੀਂ ਹੈ, ਮਿਰਤਕ ਪ੍ਰਾਣੀ ਦੇ ਪ੍ਰਥਾਏ ਨਹੀਂ ਹੈ।

ਭਜਹੁ ਗੁੋਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥ (1159)

ਗੁੋਬਿੰਦ: (ਗੁੋ + ਬਿੰਦ) ਗੋ ਦਾ ਅਰਥ ਹੈ ਹਿਰਦੇ ਰੂਪੀ ਧਰਤੀ ਅਤੇ ਬਿੰਦ ਦਾ ਅਰਥ ਹੈ ਆਪਣੇ ਇਸ ਸਰੀਰ ਵਿੱਚੋਂ ਲੱਭ ਲੈਣ (ਖੋਜਣ) ਦੀ ਕ੍ਰਿਆ। ਆਪਣੇ ਅੰਤਰ ਆਤਮੇ ਵਿਚੋਂ ਕਰਤੇ ਨੂੰ ਲਭਣਾ, ਭਾਵ ਮਹਿਸੂਸ ਕਰਨਾ। ਭਜਹੁ: ਭਜ ਹੁੰਦਾ ਹੈ, ਭੋਜਨ ਨੂੰ ਨਿੱਕਾ-ਨਿੱਕਾ ਕਰਕੇ ਭਜਣਾ ਭਾਵ ਖਾਉਣਾ, ਸੇਵਨ ਕਰਨਾ। ਲਾਹੁ: ਫਾਇਦਾ। ਮਨੁੱਖਾ ਜਨਮ ਦਾ ਇਹ ਫਾਇਦਾ ਹੈ ਕਿ ਉਹ ਆਪਣੇ ਅੰਤਰ ਆਤਮੇ ਦੀ ਖੋਜ ਕਰ ਸਕਦਾ ਹੈ।

ਐ ਇਨਸਾਨ ਤੈਨੂੰ ਸਤਿਗੁਰ ਦੀ ਮਤ ਮਿਲੀ ਹੈ। ਹਰ ਮਨੁੱਖ ਕੋਲ ਪੂਰਾ ਦਿਮਾਗ ਹੈ, ‘ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥’ (98) ਕਿਉਂਕਿ ਗੁਰਬਾਣੀ ਅਨੁਸਾਰ ਨਾ ਤਾਂ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ, ਨ ਕੋਈ ਗੁਰਮੁਖ ਹੈ ਅਤੇ ਨ ਕੋਈ ਮਨਮੁਖ ਹੈ। ਹਰ ਮਨੁੱਖ ਸਤਿਗੁਰ ਦੀ ਮਤ ਪ੍ਰਾਪਤ ਕਰ ਸਕਦਾ ਹੈ। ਹਰ ਮਨੁੱਖ ਅੰਦਰ ਪ੍ਰਫੁਲੱਤ ਹੋਣ ਲਈ ਬਰਾਬਰ ਦਾ ਬੀਜ ਹੈ। ਹਰ ਮਨੁੱਖ ਨੇ ਆਪਣੇ ਅੰਤਰ ਆਤਮੇ ਵਸਦੇ ਰੱਬ ਨੂੰ ਮਿਲਣਾ ਹੈ, ਅੰਦਰ ਜਾਣਾ ਹੈ।

ਜਦੋਂ ਇਹ ਸਮਝ ਆਉਂਦੀ ਹੈ ਤਾਂ ਮਨੁੱਖ ਅੰਦਰ ਜਾਂਦਾ ਹੀ ਹੈ। ਅੰਦਰ ਜਾਣ ਸਾਰ ਹੀ ਹਨੇਰੀ-ਤੁਫਾਨ ਵਾਂਗੂ ਦੁਚਿਤੇ ਦੀ ਦਿਵਾਰ ਟੁੱਟ ਜਾਂਦੀ ਹੈ। ਅੰਦਰ ਜਾਣ ਸਾਰ ਹੀ, ‘ਖੋਲਿ੍ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥’ (703) ਦੀ ਅਵਸਥਾ ਤੇ ਅੱਪੜ ਜਾਂਦਾ ਹੈ। ਅਵਗੁਣ ਸਾਰੇ ਉਡ ਜਾਂਦੇ ਹਨ, ਛੱਡਣੇ ਨਹੀਂ ਪੈਂਦੇ। ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ (4)

ਚੰਗੇ ਗੁਣ ਸਾਰੇ ਰੱਬ ਦੇ ਹਨ, ਮੇਰੇ ਵਿਚ ਚੰਗੇ ਗੁਣ ਨਹੀਂ ਹਨ। ਪਰ ਜੇ ਤੁਹਾਡੇ ਵਾਲੇ ਚੰਗੇ ਗੁਣ ਲੈ ਲਈਏ, ਤਾਂ ਸਮਝੋ ਭਗਤੀ ਹੈ। ਗੁਣਾਂ ਤੋਂ ਵਿਹੂਣਾ ਭਗਤੀ ਨਹੀਂ ਹੁੰਦੀ। ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥

ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥ (27) ਜਦੋਂ ਮਨੁੱਖ ਮਹਿਸੂਸ ਕਰਦਾ ਹੈ ਕਿ ਮੇਰੇ ਅੰਦਰ ਵੀ ਰੱਬ ਵਸਦਾ ਹੈ ਉਹ ਵਧ ਤੋਂ ਵਧ ਰੱਬੀ ਗੁਣਾ ਨੂੰ ਜਿਊਂਦਾ ਹੈ। ਸਦਗੁਣੀ ਜੀਵਨ ਜਿਊਣ ਨੂੰ ਹੀ ਗੁਰਬਾਣੀ ਸਿਮਰਨ ਕਹਿੰਦੀ ਹੈ। ਜੇ ਤੂੰ ਗੁਣਾਂ ਦੇ ਨਾਲ ਭਰਪੂਰ ਹੈਂ ਤਾਂ ‘ਜਿਨ ਗੁਣ ਤਿਨ ਸਦ ਮਨਿ ਵਸੈ’ ਰੱਬ ਵਸ ਰਿਹਾ ਹੈ, ‘ਅਉਗੁਣਵੰਤਿਆ ਦੂਰਿ’। ਜਿਹੜੇ ਅਵਗੁਣਾਂ ਵਿਚ ਫਸੇ ਹੋਏ ਹਨ, ਉਨ੍ਹਾਂ ਲਈ ਰੱਬ ਦੂਰ ਹੈ, ਉਨ੍ਹਾਂ ਨੂੰ ਹਿਰਦੇ ਵਿਚ ਰੱਬ ਵੱਸਦਾ ਮਹਿਸੂਸ ਨਹੀਂ ਹੁੰਦਾ।

ਸੱਚ ਦੀ ਬਾਣੀ ਸੁਣਕੇ ਸੁੱਚੇ ਹੋ ਜਾਈਦਾ ਹੈ, ਗੁਣ ਵਿਕਸਿਤ ਹੁੰਦੇ ਹਨ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਣਾਂ ਦੇ ਨਾਲ ਮਨ ਸੁੱਚਾ ਤੇ ਨਿਰਮਲ ਹੋ ਜਾਂਦਾ ਹੈ। ਸਾਚੀ ਬਾਣੀ ਸੂਚਾ ਹੋਇ ॥ ਗੁਣ ਤੇ ਨਾਮੁ ਪਰਾਪਤਿ ਹੋਇ ॥ (361)

ਜਿਸਦੇ ਅੰਦਰ ਨਾਮ ਪ੍ਰਾਪਤ ਹੋ ਗਿਆ ਉਸ ਮਨੁੱਖ ਦੀ ਨਿਸ਼ਾਨੀ ਹੈ ਕਿ ਉਹ ਭੇਦਭਾਵ ਨਹੀਂ ਕਰਦਾ ਅਤੇ ਗੁਣਾਂ ਭਰਪੂਰ ਜੀਵਨ ਜਿਊਂਦਾ ਹੈ, ਆਪਣੇ ਆਪ ਨੂੰ ਸੰਕੀਰਨ ਸੋਚ ਤਕ ਸੀਮਿਤ ਨਹੀਂ ਕਰਦਾ। ਨਿੱਤ ਰੱਬੀ ਗੁਣਾਂ ਵਿਚ ਵਾਧਾ ਕਰਦਾ ਹੈ -

ੴ : ਦ੍ਵੈਤ (ਦੁਬਿਧਾ) ਤੋਂ ਇੱਕ ਹੋ ਜਾਂਦਾ ਹੈ।

ਸਤਿ ਨਾਮੁ: ਸੱਚਾ ਬਣਦਾ ਹੈ।

ਕਰਤਾ ਪੁਰਖੁ: ਉਸਾਰੂ ਕੰਮ ਕਰਦਾ ਹੈ। ਕੇਵਲ ਇਨਸਾਨੀਅਤ ਦੇ ਕੰਮ ਕਰਦਾ ਹੈ। ਦੂਜਿਆਂ ਦੀ ਟੰਗ ਨਹੀਂ ਖਿੱਚਦਾ, ਲੜਾਉਂਦਾ ਨਹੀਂ, ਈਰਖਾ ਨਹੀਂ ਕਰਦਾ।

ਨਿਰਭਉ: ਭਉ ਰਹਿਤ ਹੋ ਜਾਂਦਾ ਹੈ। ਨ ਕਿਸੇ ਤੋਂ ਡਰਦਾ ਹੈ, ਨ ਕਿਸੇ ਨੂੰ ਡਰਾਉਂਦਾ ਹੈ।

ਨਿਰਵੈਰੁ: ਕਿਸੀ ਨਾਲ ਵੈਰ ਈਰਖਾ ਨਹੀਂ ਰੱਖਦਾ। ਬਦਲੇ ਨਹੀਂ ਲੈਂਦਾ, ਵੇਖ ਕੇ ਅਣਡਿਠ ਕਰ ਦੇਂਦਾ ਹੈ।

ਅਕਾਲ ਮੂਰਤਿ: ਪਲ-ਪਲ ਦੀ ਆਤਮਕ ਮੌਤ ਤੋਂ ਉਪਰ ਹੋ ਜਾਂਦਾ ਹੈ।

ਅਜੂਨੀ: ਹੋਰ ਜੂਨਾਂ ਦੀ ਮੰਦੀ ਜੀਵਨੀ ਨਹੀਂ ਜਿਊਂਦਾ। ਪਸ਼ੂ ਬਿਰਤੀ ਤੋਂ ਉਪਰ ਉੱਠ ਜਾਂਦਾ ਹੈ।

ਸੈਭੰ: ਆਤਮਕ ਤਲ ’ਤੇ ਨਿਜ ਘਰ ਦਾ ਸੁਨੇਹਾ ਸਮਝ ਕੇ ਜਾਗਰੂਕ ਹੁੰਦਾ ਹੈ, ਆਪਣੇ ਅੰਦਰ ਪ੍ਰਕਾਸ਼ ਮਹਿਸੂਸ ਕਰਦਾ ਹੈ।

ਗੁਰ ਪ੍ਰਸਾਦਿ: ਗਿਆਨ ਗੁਰੂ, ਸਤਿਗੁਰ ਦੀ ਮਤ ਰੂਪੀ ਪ੍ਰਸਾਦ ਰਾਹੀਂ ਆਤਮਕ ਉੱਚਤਾ ਮਾਣਦਾ ਹੈ।

ਜਦੋਂ ਅਸੀਂ ਧਾਰਮਿਕਤਾ ਜਿਊਣੀ ਸਿੱਖਦੇ ਹਾਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਦੂਜਿਆਂ ਦੇ ਅਵਗੁਣਾਂ ਵਲ ਝਾਤ ਨਾ ਮਾਰੀਏ। ਪਰ ਇਹ ਕੋਸ਼ਿਸ਼ ਕੇਵਲ 2 ਜਾਂ 3 ਵਾਰੀ ਕਰਕੇ ਛੱਡਣੀ ਨਹੀਂ ਹੈ ਬਲਕਿ ਪੱਕੇ ਤੌਰ ਤੇ ਦੂਜਿਆਂ ਦੇ ਅਵਗੁਣਾਂ ਨੂੰ ਆਪਣੇ ਮਨ ਦੀ ਪੱਟੀ ਤੇ ਨਹੀਂ ਲਿਖਣਾ।

ਪ੍ਰੋ. ਸਾਹਿਬ ਸਿੰਘ ਜੀ ਨੇ ਇੱਕ ਲੇਖ ਵਿਚ ਲਿਖਿਆ ਹੈ ਕਿ ਗੁਰੂ ਦੀ ਬਾਣੀ ਪੜ-ਪੜ ਕੇ ਆਪਣੀ ਆਤਮਾ ਨੂੰ ਸੁਨੇਹਾ ਦੇ ਕੇ ਮਨੁੱਖ ਆਤਮਕ ਤੌਰ ਤੇ ਇਤਨਾ ਬਲਵਾਨ, ਪਾਤਸ਼ਾਹ, ਸ਼ਹਿਨਸ਼ਾਹ ਹੋ ਜਾਂਦਾ ਹੈ ਕਿ ਲੋਕਾਂ ਦੀ ਵਧੀਕੀ ਸਹਾਰਨ ਦਾ ਜਿਗਰਾ ਬਣ ਜਾਂਦਾ ਹੈ। ਸਾਨੂੰ ਤਾਂ ਨਿੱਕੀ ਜਿਹੀ ਕੋਈ ਗੱਲ ਕਰੇ ਤਾਂ ਅਸੀਂ ਡਰ ਜਾਂਦੇ ਹਾਂ, ਬਦਲੇ, ਈਰਖਾ ਤੇ ਮੰਦੇ ਖਿਆਲਾਂ ਕਾਰਨ ਕਿਸੇ ਦਾ ਬੁਰਾ ਸੋਚਨ ਜਾਂ ਕਰਨ ਵਲ ਪ੍ਰੇਰਿਤ ਹੋ ਜਾਂਦੇ ਹਾਂ। ਦੀਨ ਇਮਾਨ ਛੱਡ ਦਿੰਦੇ ਹਾਂ। ਸਾਨੂੰ ਗੁਰੂ ਪਾਤਸ਼ਾਹ ਸਮਝਾ ਰਹੇ ਹਨ ‘ਅਬ ਕਿਉ ਡੋਲਤ ਦੀਨ’। ਕਿਉਂ ਨਿੱਕੀ-ਨਿੱਕੀ ਗਲ ਤੇ ਦੀਨ ਇਮਾਨ ਤੋਂ ਡੋਲਦਾ ਹੈਂ?

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥

ਭਜੁ: ਅੰਗੀਕਾਰ ਕਰਨਾ, ਭੋਜਨ ਕਰਨਾ, ਸੇਵਨ ਕਰਨਾ, ਨਿੱਕਾ ਨਿੱਕਾ ਕਰ ਕੇ ਖਾਣਾ, ਤਕਸੀਮ ਕਰਨਾ, ਵੰਡ ਛੱਕਣਾ।

ਜਿਸ ਭੋਜਨ ਨੂੰ ਖਾਕੇ ਸਾਡਾ ਸਰੀਰ ਬਣਦਾ ਹੈ, ਉਸ ਭੋਜਨ ਨੂੰ ਭਜਨਾ ਕਹਿੰਦੇ ਹਨ। ਇਸੇ ਤਰ੍ਹਾਂ ਜਿਹੜੀ ਵਿਚਾਰ, ਚੰਗੀ ਜਾਂ ਮੰਦੀ, ਅਸੀਂ ਆਪਣੀ ਆਤਮਾ ਨੂੰ ਦਿੰਦੇ ਹਾਂ ਇਸਨੂੰ ਭਜਨਾ ਕਹਿੰਦੇ ਹਨ। ਕਿਸੇ ਨੇ ਮਾੜੀ ਸੋਚ ਦਾ ਭਜਨਾ ਕੀਤਾ, ਕਿਸੀ ਨੇ ਚੰਗੀ ਸੋਚ ਦਾ ਭਜਨਾ ਕੀਤਾ, ਗੁਰਬਾਣੀ ਦਾ ਕਥਨ ਹੈ, ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥ (1355) ਜੇਕਰ ਸੱਚ ਦਾ ਭੋਜਨ ਕੀਤਾ ਤਾਂ ਅਸਥਿਰ ਮਤ ਪ੍ਰਾਪਤ ਹੋਵੇਗੀ। ਇਸਨੂੰ ਭਜ ਕਹਿੰਦੇ ਹਨ। ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥

ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥ (48)

ਜਿਸਨੇ ਸੱਚ ਦੇ ਗਿਆਨ ਦੇ ਮਾਰਗ ਨੂੰ ਅਪਣਾਇਆ ਮਾਨੋ ਉਸਨੇ ਸੱਚ ਦਾ ਭਜਨ ਕੀਤਾ ਹੈ। ਇਹੋ ਜਪ-ਤਪ ਹੈ।

‘ਭਜੁ ਹਰਿ ਮਨਾ’ ਵਿਚ ਰੱਬ ਦੇ ਕਿਸੇ ਖਾਸ ਇੱਕ ਨਾਮ ਵੱਲ ਸੰਬੋਧਨ ਨਹੀਂ ਹੈ। ਸਗੋਂ ਇਹ ਬਿਧ ਸਮਝਾਉਂਦੇ ਹਨ ਕਿ ਰੱਬ ਨੂੰ ਇਸ ਤਰ੍ਹਾਂ ਯਾਦ ਰੱਖ ਜਿਵੇਂ ਮੱਛੀ ਪਾਣੀ ਨੂੰ ਯਾਦ ਰੱਖਦੀ ਹੈ।

ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥ ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥ (708) ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ। ਜੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਤਾਂ ਮੱਛੀ ਪਾਣੀ-ਪਾਣੀ ਨਹੀਂ ਬੋਲਦੀ, ਸਗੋਂ ਮਰ ਜਾਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ, ਆਖਾ ਜੀਵਾ ਵਿਸਰੈ ਮਰਿ ਜਾਉ ॥ (9) ਜਿਵੇਂ ਪਾਣੀ ਮੱਛੀ ਦਾ ਪ੍ਰਾਣ ਹੈ ਉਸੇ ਤਰ੍ਹਾਂ ਐ ਇਨਸਾਨ! ਤੇਰੇ ਆਤਮਕ ਜੀਵਨ ਨੂੰ ਜਿਊਂਦਾ ਰੱਖਣ ਲਈ ਸੱਚ ਦਾ ਗਿਆਨ ਹੈ। ਇਸ ਨੂੰ ਗੁਰਬਾਣੀ ਵਿਚ ‘ਪਵਣੁ ਗੁਰੂ’ ਕਹਿੰਦੇ ਹਨ। ਜੇ ਅਸੀਂ ਗਿਆਨ ਗੁਰੂ ਤੋਂ ਵਿਹੂਣਾ ਜੀਵਨ ਜਿਊਂਦੇ ਹਾਂ ਤਾਂ ਸਮਝੀਏ ਕਿ ਅਸੀਂ ਆਪਣਾ ‘ਜਨਮੁ ਅਕਾਰਥ’ ਕਰਦੇ ਪਏ ਹਾਂ। ਪਵਣ ਗੁਰੂ ਤੋਂ ਬਿਨਾ ਜਿਊਣਾ ਮਾਨੋ ਪਾਣੀ ਤੋਂ ਬਿਨਾ ਮੱਛੀ ਵਾਂਗੂੰ ਮਰ ਜਾਣ ਦੇ ਤੁਲ ਹੈ।

ਗੁਰਬਾਣੀ ਦਾ ਕਥਨ ਹੈ ਕਿ ਜੇ ਰੱਬੀ ਗੁਣਾਂ ਤੋਂ ਇਕ ਪਲ ਲਈ ਵੀ ਦੂਰ ਹੁੰਦੇ ਹਾਂ ਤਾਂ ਮਾਨੋ ਆਤਮਕ ਮੌਤ ਹੋ ਗਈ। ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ (308) ਵਿਸੁ ਖਾਧੀ ਤੋਂ ਭਾਵ ਇਹ ਨਹੀਂ ਕਿ ਅਸੀਂ ਕਿਸੇ ਪਦਾਰਥ ਰੂਪ ਵਿਚ ਜ਼ਹਿਰ ਖਾ ਲਿਆ ਹੈ। ਵਿਸੁ ਖਾਧੀ ਤੋਂ ਭਾਵ ਹੈ ਕਿ ਅਕਾਰਥ ਕੰਮ ਕਰਨੇ ਜਾਂ ਮਾੜਾ ਸੋਚਣਾ। ਇਸ ਨਾਲ ਮਨ ਤਨ ਸ਼ੀਤਲ ਨਹੀਂ ਹੁੰਦਾ ਬਲਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਾਰਨ ਹੋਰ ਉੱਤੇਜਿਤ ਹੋ ਜਾਂਦਾ ਹੈ। ਅਸਥਿਰ ਨਹੀਂ ਰਹਿੰਦਾ, ਟਿਕਦਾ ਨਹੀਂ ਹੈ। ਜਦੋਂ ਅਸੀਂ ਮਾੜੀ ਸੋਚ ਸੋਚਦੇ ਹਾਂ ਤਾਂ ਉਸੇ ਵੇਲੇ ਸਾਡੀ ਆਤਮਕ ਮੌਤ ਹੋ ਜਾਂਦੀ ਹੈ। ਲੋਕੀ ਸਮਝਦੇ ਹਨ ਕਿ ਜੇ ਮਾੜਾ ਕੰਮ ਕਰੋ ਤਾਂ ਮਰਨ ਮਗਰੋਂ ਧਰਮਰਾਜ ਸਜ਼ਾ ਦੇਂਦਾ ਹੈ, ਪਰ ਗੁਰਬਾਣੀ ਦਾ ਕਥਨ ਹੈ, ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ (8)

ਧਰਮ ਹਰ ਪਲ ਵਾਚ ਰਿਹਾ ਹੈ। ਜਿਉਂ ਹੀ ਅਸੀਂ ਮਾੜੀ ਸੋਚ ਸੋਚਦੇ ਹਾਂ, ਅੰਤਰ ਆਤਮੇ ਵਿਚ ਵਸਦੇ ਰੱਬ ਜੀ ਤੋਂ ਦੂਰੀ ਹੋ ਜਾਂਦੀ ਹੈ। ਜਿਊਂ ਹੀ ਇਹ ਦੂਰੀ ਹੋਈ, ਆਤਮਕ ਮੌਤ ਵਾਪਰ ਗਈ। ਸਰੀਰਕ ਤੌਰ ਤੇ ਕਦੋਂ ਮਰਾਂਗੇ, ਕਦੋਂ ਸਜ਼ਾ ਹੋਵੇਗੀ ਪਤਾ ਨਹੀਂ ਪਰ ਇਸੇ ਜੀਵਨ ਵਿਚ ਜਿਵੇਂ ਹੀ ਆਤਮਕ ਮੌਤ ਹੋਈ ਸਜ਼ਾ ਹੋ ਗਈ। ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥ (406)

ਜਿਉਂ ਹੀ ਭੈੜ ਬਾਰੇ ਸੋਚਿਆ, ਉਸੇ ਵੇਲੇ ਹੀ ਸਜ਼ਾ ਮਿਲ ਜਾਂਦੀ ਹੈ। ਇਹ ਧਰਮ ਹੈ ਜੋ ਕਿ ਨਾਲੋਂ-ਨਾਲ ਫੈਸਲਾ ਕਰ ਦੇਂਦਾ ਹੈ। ਜਿਸ ਵੀ ਹਿਰਦੇ ਵਿਚ ਮਾੜੀ ਸੋਚ ਆ ਗਈ ਉਹ ਮਾਨੋ ਮਰ ਗਿਆ। ਭੈੜ ਸੋਚਣ ਸਾਰ ਹੀ ਆਤਮਕ ਮੌਤ ਹੋ ਜਾਂਦੀ ਹੈ, ਵਿਕਾਰਾਂ ਵੱਲੋਂ ਹਮਲਾ ਹੋ ਜਾਂਦਾ ਹੈ, ਸਜ਼ਾ ਮਿਲ ਜਾਂਦੀ ਹੈ। ਗਿਆਨ-ਗੁਰੂ ਰੂਪੀ ਪਾਣੀ ਇਸਨੂੰ ਪਿਲਾਉਣਾ ਪਵੇਗਾ ਤਾਂ ਕਿ ਆਤਮਕ ਮੌਤ ਨਾ ਵਾਪਰੇ। ਜਿਵੇਂ ਮੱਛੀ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਹੈ, ਮਨੁੱਖੀ ਸਰੀਰ ਨੂੰ ਜਿਊਂਦੇ ਰੱਖਣ ਲਈ ਆਕਸੀਜ਼ਨ ਦੀ ਲੋੜ ਹੈ ਇਸੇ ਤਰ੍ਹਾਂ ਮਨ ਨੂੰ ਜਿਊਂਦੇ ਰੱਖਣ ਲਈ ਗਿਆਨ ਰੂਪੀ ਪਵਣ ਦਿਉ ਤਾਂਕਿ ਇਸ ਨੂੰ ਮੱਛੀ ਵਾਲੀ ਬਿੱਧ ਸਮਝ ਆ ਜਾਵੇ। ਤੂੰ ਜਲਨਿਧਿ ਹਮ ਮੀਨ ਤੁਮਾਰੇ ॥ (100) ਹੇ ਰੱਬ ਜੀ ਅਸੀਂ ਤੁਹਾਡੀ ਮੱਛੀ ਹਾਂ ਤੁਸੀਂ ਸਾਡਾ ਜਲਨਿਧ ਖ਼ਜ਼ਾਨਾ ਹੋ।

ਜਦੋਂ ਅਸੀਂ ਰੱਬ ਰੂਪੀ ਸਮੁੰਦਰ ਤੋਂ ਵਿਛੁੜਿਆ ਮਹਿਸੂਸ ਕਰੀਏ ਤਾਂ ਉਸ ਅਵਸਥਾ ਵਿਚ ਰੱਬ (ਸਤਿਗੁਰ) ਭਾਵ ਸੱਚਾ ਗਿਆਨ ਹੀ ਸਾਡੇ ਮਨ (ਮੀਨ) ਲਈ ਅੰਮ੍ਰਿਤ ਦਾ ਖਜ਼ਾਨਾ ਹੁੰਦਾ ਹੈ। ਵਰਨਾ ਵਿਛੁੜੇ ਹੋਏ ਆਤਮਕ ਜੀਵਨ ਦੀ ਮੌਤ ਬਰਾਬਰ ਹੁੰਦਾ ਹੈ। ਜੀਵਨ ਕਲ-ਕਲ ਵਾਲਾ ਹੋ ਜਾਂਦਾ ਹੈ, ਚਿੰਤਾ ਅਤੇ ਡਰ ਦੇ ਭਵਜਲ ਦੀ ਆਰੰਭਤਾ ਹੋ ਜਾਂਦੀ ਹੈ।

ਗੁਰਬਾਣੀ ਦਾ ਫੁਰਮਾਣ ਹੈ ਕਿ, ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥ (462) ਪਾਣੀ ਤੋਂ ਵਿਛੜਨ ਸਾਰ ਹੀ ਮੱਛੀ ਦਾ ਮਨ ਅਤੇ ਤਨ ਖੀਨ ਹੋ ਜਾਂਦਾ ਹੈ, ਉਹ ਮਰ ਜਾਂਦੀ ਹੈ। ਜਿਉਂ ਹੀ ਅਸੀਂ ਸੱਚੇ ਦੇ ਗਿਆਨ ਰੂਪੀ ਸਮੁੰਦਰ ਤੋਂ ਬਾਹਰ ਡਿਗਦੇ ਹਾਂ ਅਸੀਂ ਵਿਕਾਰਾਂ ਵਸ ਪੈਂਦੇ ਹਾਂ ਸਾਡਾ ਵੀ ਮਨ ਅਤੇ ਤਨ ਭੰਗ ਹੋ ਜਾਂਦਾ ਹੈ। ਕਿਸੇ ਵੀ ਉਮਰ ਦੇ ਕਿਉਂ ਨਾ ਹੋ ਜਾਈਏ ਸਾਡਾ ਮਨ-ਤਨ ਭੰਗ ਹੋ ਜਾਂਦਾ ਹੈ ਕਿਉਂਕਿ ਅਸੀਂ ਅਗਿਆਨਤਾ ਦੇ ਸਮੁੰਦਰ ਵਿਚ ਡਿੱਗ ਜਾਂਦੇ ਹਾਂ। ਜਲਨਿਧ ਦੇ ਖਜ਼ਾਨੇ ਨੂੰ ਛੱਡ ਆਉਂਦੇ ਹਾਂ।

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥

ਇਸ ਮਨ ਨੂੰ ਸੱਚ ਦੀ ਪਿਆਸ ਲਗਾਉਣ ਲਈ ਮੱਛੀ ਦਾ ਪਾਣੀ ਸਦਕਾ ਜਿਊਣ ਦੀ ਮਿਸਾਲ ਦਾ ਪ੍ਰਤੀਕ ਵਰਤਿਆ ਗਿਆ ਹੈ। ਜਿਸ ਬਿਧੀ (ਤਰੀਕੇ) ਨਾਲ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਉਸੀ ਤਰ੍ਹਾਂ ਐ ਮੇਰੇ ਮਨ ਰੱਬੀ ਸਿਫਤਾਂ ਵਾਲੇ ਗੁਣਾਂ ਨਾਲ ਰੋਮ-ਰੋਮ ਕਰਕੇ ਜਿਊਣਾ ਸਿੱਖ ਲੈ। ਜਿਵੇਂ ਮੱਛੀ ਲਈ ਪਾਣੀ ਜੀਵਨ ਹੁੰਦਾ ਹੈ ਤਿਵੇਂ ਮਨੁੱਖੀ ਮਨ ਲਈ ਸਤਿਗੁਰ ਦੀ ਮਤ ਰਾਹੀਂ ਰੱਬੀ ਗੁਣਾਂ ਨੂੰ ਜਿਊਣਾ ਹੀ ਜੀਵਨ ਹੈ।

ਸਾਡੀ ਮਨ ਰੂਪੀ ਧਰਤੀ ਡਾਂਵਾਂ ਡੋਲ ਰਹਿੰਦੀ ਹੈ (ਬੇਚੈਨ ਜੀਵਨ) ਕਲਹਿ ਕਲੇਸ਼ ਵਿਚ ਸਾਰਾ ਜੀਵਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਧੁਨ ਵਿਚ ਜ਼ਾਇਆ ਜਾਂਦਾ ਹੈ। ਮਨ ਕਾਰਣ ਮਨੁੱਖ ਅਡੋਲ ਨਹੀਂ ਮਾਨੋ ਵਿਗਾਸ ਖੇੜਾ ਸਹਜ, ਸੰਤੋਖ ਮਿਲਦਾ ਨਹੀਂ ਤੇ ਤਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਤ੍ਰਿਸ਼ਨਾਲੂ ਅਗਨੀ ਵਿਚ ਸੜਦਾ ਰਹਿੰਦਾ ਹੈ। ਇਸ ਮਨ ਨੂੰ ਸਚ ਦੀ ਪਿਆਸ ਲਗਾਉਣ ਲਈ ਮੱਛੀ ਦਾ ਪਾਣੀ ਸਦਕੇ ਜਿਊਣ ਦੀ ਮਿਸਾਲ ਦਾ ਪ੍ਰਤੀਕ ਵਰਤਿਆ ਗਿਆ ਹੈ। ਜਿਸ ਬਿਧੀ ਨਾਲ ਮੱਛੀ ਬਿਨਾ ਪਾਣੀ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਐ ਮੇਰੇ ਮਨ! ਰੱਬੀ ਗੁਣਾਂ ਨਾਲ ਸੁਰਤ, ਮੱਤ, ਮਨ, ਬੁਧਿ, ਤਨ, ਧਨ ਅਤੇ ਰੋਮ-ਰੋਮ ਕਰਕੇ ਜਿਊਣਾ ਸਿੱਖ ਲੈ। ਇਹੋ ਅਮਲੀ ਜੀਵਨੀ ਰੱਬੀ ਗੁਣਾਂ ਅਨੁਸਾਰ ਜਿਊ ਕੇ ਸਾਰਾ ਤਨ ਅਤੇ ਮਨ ਨਿਰੰਤਰ ਜਿਊਂਦਾ ਹੈ ਤੇ ਅਮਰ ਜੀਵਨ ਦੀ ਅਵਸਥਾ ਮਾਣਦਾ ਹੈ।
.