.

ਇਕੀਵੀਂ ਪਉੜੀ ਦੀ ਗੁਰਬਾਣੀ ਅਨੁਸਾਰ ਵਿਆਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥…..॥ ੨੧ ॥

ਹਿੰਦੂ ਮੱਤ ਅਨੁਸਾਰ ਜੋ ਕੋਈ ੬੮ ਤੀਰਥਾਂ ਦਾ ਇਸ਼ਨਾਨ ਕਰ ਲਵੇ, ਉਹ ਮੁਕਤ ਹੋ ਜਾਂਦਾ ਹੈ।ਭਾਰਤ ਵਿਚ ਗਿਆਰਾਂ ਸੌ ਦੇ ਕਰੀਬ ਹਿੰਦੂ ਮੱਤ ਦੇ ਮਿਥਿਹਾਸਿਕ-ਇਤਿਹਾਸਿਕ ਪਰਵਾਣਿਤ ਮੰਦਿਰ ਹਨ।ਜਿਨ੍ਹਾਂ ਵਿਚੋਂ ੬੮ ਮੁਖੀ ਤੀਰਥ ਮੰਨੇ ਗਏ ਹਨ।ਮੰਦਰਾਂ ਵਿਚ ਪੂਜਾ ਤੋਂ ਬਿਨਾ ਤਪ ਕਰਨਾ, ਖਾਸ ਕਿਸਮ ਦੇ ਦਾਨ ਕਰਨੇ ਆਦਿ ਵੀ ਹਿੰਦੂ ਮਤ ਦੀ ਆਸਥਾ ਅਨੁਸਾਰ ਮੁਕਤੀ ਪ੍ਰਾਪਤੀ ਦੇ ਸਾਧਨਾਂ ਵਿਚ ਸ਼ਾਮਿਲ ਹਨ । ਪ੍ਰੰਤੂ ਗੁਰੂ ਨਾਨਕ ਦੇਵ ਜੀ ਇਨ੍ਹਾਂ ਨੂੰ ਮੁਕਤੀ ਦੇ ਸਾਧਨ ਨਹੀਂ ਸ਼ੁਭ ਸੰਸਾਰੀ ਗੁਣਾਂ ਤੋਂ ਵੱਧ ਹੋਰ ਕੁਝ ਨਹੀਂ ਮੰਨਦੇ ਜਿਨ੍ਹਾਂ ਨਾਲ ਸੰਸਾਰਕ ਮਾਣ ਇਜ਼ਤ ਤਾਂ ਮਿਲ ਜਾਂਦੇ ਹਨ ਪਰ ਮੁਕਤੀ ਪ੍ਰਾਪਤੀ ਨਹੀਂ ਹੁੰਦੀ। ਮੁਕਤੀ ਤਾਂ ਨਾਮ ਜਪਿਆਂ ਹੀ ਪ੍ਰਾਪਤ ਹੋਣੀ ਹੈ।ਇਸ ਲਈ ਨਾਮ ਸਿਮਰਨ ਇਨ੍ਹਾਂ ਸੰਸਾਰਕ ਸਾਧਨਾਂ ਤੋਂ ਕਿਤੇ ਉਪਰ ਹੈ। ਨਾਮ ਸਿਮਰਨ ਤੋਂ ਬਿਨਾ ਇਨ੍ਹਾਂ ਸੰਸਾਰਕ ਸਾਧਨਾ ਦੀ ਵਾਹਿਗੁਰੂ ਦੇ ਦਰ ਤੇ ਕੋਈ ਕੀਮਤ ਨਹੀਂ ਹੈ।ਸੰਸਾਰਕ ਵਡਿਆਈ ਜ਼ਰੂਰ ਮਿਲ ਜਾਂਦੀ ਹੈ ਕਿ ਫਲਾਣਾ ਹਰਦਵਾਰ ਜਾਂ ਕਾਂਸ਼ੀ ਇਸ਼ਨਾਨ ਕਰ ਆਇਆ ਹੈ ਜਾਂ ਮੁਸਲਮਾਨਾਂ ਵਿਚ ਫਲਾਣਾ ‘ਹੱਜ’ ਕਰ ਆਇਆ ਹੈ। ਫਲਾਣੇ ਨੇ ਇਤਨਾ ਦਾਨ ਦਿਤਾ, ਇਤਨੀ ਜ਼ਕਾਤ ਦਿਤੀ, ਫਲਾਣੇ ਨੇ ਐਨੇ ਵਰ੍ਹੇ ਗੁਫਾ ਵਿਚ ਤਪਸਿਆ ਕੀਤੀ, ਫਲਾਣਾ ਸੰਤ ਬੜਾ ਤਪਸਵੀ ਹੈ, ਇਹ ਸਭ ਇਕ ਇਨਸਾਨ ਨੂੰ ਦੂਜੇ ਇਨਸਾਨ ਦੀਆਂ ਨਜ਼ਰਾਂ ਵਿਚ ਦੁਨਿਆਵੀ ਤੌਰ ਤਾਂ ਉਚਾ ਲੈ ਜਾਂਦੀਆਂ ਹਨ ਪਰ ਵਾਹਿਗੁਰੂ ਵਲ ਨਹੀਂ ਲੈ ਜਾਂਦੀਆਂ ਬਲਕਿ ਕਈ ਵਾਰ ਤਾਂ ਇਹ ਫੋਕੀ ਸ਼ੁਹਰਤ ਇਨਸਾਨ ਨੂੰ ਰੱਬ ਦੇ ਰਾਹ ਤੋਂ ਪਰੇ ਲੈ ਜਾਂਦੀ ਹੈ ।

ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥

ਗੁਰੂ ਜੀ ਨੇ ਨਾਮ ਨੂੰ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਦਸਿਆ ਹੈ। ਆਮ ਲੋਕ ਜੋ ਪੰਡਤਾਂ ਆਦਿ ਦੇ ਕਹੇ ਤੇ ਤੀਰਥ, ਤਪ, ਦਇਆ, ਮੋਹਰਾਂ ਦਾ ਦਾਨ ਆਦਿ ਰਾਹੀਂ ਮੁਕਤੀ ਦਾ ਮਾਰਗ ਭਾਲਦੇ ਹਨ ਉਨ੍ਹਾਂ ਬਾਰੇ ਗੁਰੂ ਜੀ ਦਸਦੇ ਹਨ ਕਿ ਇਨ੍ਹਾਂ ਨਾਲ ਥੋੜਾ ਜਿਹਾ ਮਾਣ ਜ਼ਰੂਰ ਮਿਲ ਜਾਵੇਗਾ ਪਰ ਆਉਣ ਜਾਣ ਤੋਂ ਛੁਟਕਾਰਾ ਨਹੀਂ। ਜੋ ਕੰਮ ਹਉਮੈਂ ਵਸ ਕੀਤਾ ਜਾਂਦਾ ਹੈ ਉਹ ਨਿਸਫਲ ਹੀ ਜਾਂਦਾ ਹੈ।ਇਸਤਰ੍ਹਾਂ ਕ੍ਰੋੜਾਂ ਕੰਮ ਜੋ ਕਦੀ ਸ਼ੁਧ ਮਨ ਨਾਲ ਭੀ ਕੀਤੇ ਜਾਣ ਤਾਂ ਭੀ ਜਿਨ੍ਹਾਂ ਗ੍ਰੰਥਾਂ ਵਿਚ ਇਹ ਕੰਮ ਦ੍ਰਿੜਾਏ ਗਏ ਹਨ, ਉਨ੍ਹਾਂ ਵਿਚ ਇਨ੍ਹਾਂ ਕਰਮਾਂ ਦਾ ਫਲ ਇਸ ਲੋਕ ਦੇ ਭੋਗ ਜਾਂ ਸੁਰਗ ਲਿਖੇ ਹਨ ਮੁਕਤੀ ਜਾਂ ਪਾਪਾਂ ਦੇ ਨਾਸ ਕਰਨ ਵਾਲੇ ਨਹੀਂ ਲਿਖੇ ਤੇ ਨਾਂ ਹੀ ਅਜਿਹੇ ਮੰਨੇ ਗਏ ਹਨ।ਮੁਕਤੀ ਤਾਂ ਕੇਵਲ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਸਮਰਪਿਤ ਭਗਤਾਂ ਨੂੰ ਹੈ ਕਰਮ-ਕਾਂਡਾਂ ਵਿਚ ਫਸਿਆਂ ਹੋਇਆਂ ਨੂੰ ਨਹੀਂ।

ਕੋਟਿ ਕਰਮ ਕਰੇ ਹੳੇ ਧਾਰੇ। ਸ੍ਰਮ ਪਾਵੈ ਸਗਲੇ ਬਿਰਥਾਰੇ॥ (ਸੁਖਮਨੀ, ਮ: ੫, ਪੰਨਾ 278)

ਇਸ ਲਈ ਪਰਮਾਤਮਾ ਦਾ ਨਾਮ ਸੁਣਨਾ, ਉਸ ਨੂੰ ਅਪਣੇ ਦਿਲ ਵਿਚ ਵਸਾਉਣਾ, ਮਨਨ ਕਰਨਾ ਤੇ ਉਸਦਾ ਪ੍ਰੇਮ ਅਪਣੇ ਅੰਦਰ ਵਸਾਉਣਾ ਬੇਹਦ ਜ਼ਰੂਰੀ ਹੈ।

ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥

ਹੇ ਪ੍ਰਾਣੀ! ਇਨ੍ਹਾਂ ਤਿੰਨਾਂ ਕਰਮਾਂ ਦਾ ਜੋ ਅੰਤਰਮੁਖੀ ਤੀਰਥ ਹੈ ਉਹਦੇ ਵਿਚ ਨਹਾ ਕੇ ਮੈਲ ਲਾਹ ਸੁੱਟ, ਅੰਤਰ ਇਸ਼ਨਾਨ ਕਰਕੇ ਮੈਲ ਗੰਵਾ ਦੇ।ਪਾਪਾਂ ਦੀ ਮੈਲ ਇਸੇ ਤਰੀਕੇ ਨਾਲ ਹੀ ਉਤਰੇਗੀ।ਪਰਮਾਤਮਾ ਸ਼ੁਭ ਗੁਣਾਂ ਦਾ ਸਾਗਰ ਹੈ ਜਿਸ ਵਿਚ ਜੇ ਚੁੱਭੀ ਮਾਰੋਗੇ ਤਾਂ ਹੀ ਕੁਝ ਸ਼ੁਭ ਗੁਣ ਹੱਥ ਲੱਗਣਗੇ, ਕਿਨਾਰੇ ਖੜ੍ਹਿਆਂ ਤਾਂ ਕੁਝ ਹੱਥ ਨਹੀਂ ਆਉਣਾ। ਇਸ ਲਈ ਨਾਮ ਸੁਣਨਾ, ਮਨ ਵਸਾਉਣਾ ਤੇ ਪਰਮਾਤਮਾ ਪ੍ਰੇਮ ਦੇ ਸਾਗਰ ਵਿਚ ਚੁੱਭੀ ਲਾਉਣਾ ਹੀ ਪਾਪਾਂ ਤੋਂ ਮੁਕਤੀ ਦਿਵਾਏਗਾ।ਪਰਮਾਤਮਾ ਦਾ ਨਾਮ ਸੁਣਨਾ ਉਸਨੂੰ ਮੰਨਣਾ, ਮਨਨ ਕਰਨਾ ਤੇ ਮਨ ਵਿਚ ਪਰਮਾਤਮਾ ਪ੍ਰਤੀ ਅੰਤਾਂ ਦਾ ਮੋਹ ਪੈਦਾ ਕਰ ਲੈਣਾ ਹੀ ਅਸਲੀ ਤੀਰਥ ਹੈ ਜਿਸ ਸਦਕਾ ਅੰਦਰਲਾ ਮਨ ਧੋਤਾ ਜਾਂਦਾ ਹੈ ਤੇ ਪਾਪਾਂ ਦੀ ਮੈਲ ਲਾਹੀ ਜਾਂਦੀ ਹੈ।

ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ ॥

ਸਾਰੇ ਗੁਣ ਪਰਮਾਤਮਾ ਦੇ ਹੀ ਹਨ ਜੋ ਉਸਦੀ ਰਚਨਾ ਵਿਚ ਉਸ ਕੋਲੋਂ ਹੀ ਆਉਂਦੇ ਹਨ।ਰਚਨਾ ਦਾ ਅਪਣਾ ਗੁਣ ਤਾਂ ਕੋਈ ਨਹੀਂ।ਪਰਮਾਤਮਾ ਵਿਚ ਅਕੀਦੇ ਬਿਨਾ, ਸ਼ੁਭ ਗੁਣਾਂ ਦੇ ਧਾਰਨੀ ਨਹੀਂ ਬਣ ਸਕੀਦਾ, ਸ਼ੁਭ ਗੁਣ ਉਹ ਜੋ ਪ੍ਰਮਾਤਮਾ ਦੇ ਅਪਣੇ ਗੁਣ ਹਨ।ਪਰਮਾਤਮਾ ਵਿਚ ਅਕੀਦਾ ਉਹ ਸ਼ੁਭ ਗੁਣ ਹੈ ਉਸਨੂੰ ਸੁਣਨਾ ਮੰਨਣਾ ਤੇ ਅੰਤਰੀਵ ਪਿਆਰ ਕਰਨਾ ਇਹ ਸਭ ਸ਼ੁਭ ਗੁਣ ਹਨ ਜਿਨ੍ਹਾਂ ਸਦਕਾ ਉਸ ਦੀ ਭਗਤੀ ਵਿਚ ਮਨ ਜੁੜਦਾ ਹੈ।ਇਹ ਗੁਣ ਹੋਣਾ ਲਾਜ਼ਮੀ ਹਨ ਤਾਂ ਹੀ ਭਗਤੀ ਹੋ ਸਕਦੀ ਹੈ।

ਹਭਿ ਗੁਣ ਤੈਡੇ ਨਾਨਕ ਜੀਓ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ।
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ॥ (ਰਾਮਕਲੀ ਵਾਰ ਮ: ੫, ਪੰਨਾ ੯੬੪)।

ਪ੍ਰਮਾਤਮਾ ਗੁਣਾਂ ਦਾ ਸਾਗਰ ਹੈ, ਜਦ ਤਕ ਉਸ ਦੇ ਸ਼ੁਭ ਗੁਣਾਂ ਦੇ ਸਾਗਰ ਵਿਚ ਟੁਭੀ ਨਾ ਮਾਰੀਏ ਤਦ ਤਕ ਸ਼ੁਭ ਗੁਣਾਂ ਨੂੰ ਜਾਣ ਕਿਵੇਂ ਸਕਦੇ ਹਾਂ ਅਪਣਾ ਕਿਵੇਂ ਸਕਦੇ ਹਾਂ।ਰਚਿਆ ਜੀਵ ਤਾਂ ਉਸ ਦੇ ਗੁਣ ਉਸ ਤੋਂ ਉਸ ਦੀ ਭਗਤੀ ਦੁਆਰਾ ਹੀ ਪ੍ਰਾਪਤ ਕਰ ਸਕਦਾ ਹੈ।ਭਗਤੀ ਬਿਨਾ ਮੋਖ ਨਹੀਂ।ਇਸੇ ਲਈ ਸਿੱਖ ਨੂੰ ਪਰਮਾਤਮਾ ਦਾ ਨਾਮ ਸੁਣਨ, ਮੰਨਣ ਤੇ ਪ੍ਰੇਮ ਕਰਨ ਵਾਲੇ ਤੀਰਥ ਦੇ ਇਸ਼ਨਾਨ ਬਾਰੇ ਸਮਝਾਇਆ ਗਿਆ ਹੈ।ਅਸਲੀ ਭਗਤੀ ਦਾ ਮਾਰਗ ਇਹੋ ਹੈ।

ਜਦ ਤਕ ਆਪ ਦੇ ਗੁਣਾਂ ਨੂੰ ਸਿੱਧ ਨਾ ਕੀਤਾ ਜਾਵੇ ਤਾਂ ਭਗਤੀ ਦਾ ਕੋਈ ਫਾਇਦਾ ਨਹੀਂ। ਪਰਮਾਤਮਾ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਸ਼ੁਭ ਗੁਣ ਬਖਸ਼ੇ ਤੇ ਭਗਤੀ ਸਫਲ ਕਰੇ।ਉਸ ਦੇ ਗੁਣ ਅਮੁਲ ਹਨ ਗਿਣੇ ਨਹੀਂ ਜਾ ਸਕਦੇ। ਉਸ ਦੀ ਵਡਿਆਈ ਜਿਤਨੀ ਵੀ ਕਰੀਏ ਥੋੜੀ ਹੈ। ਉਹ ਤਾਂ ਬਖਸ਼ਿਸ਼ਾਂ ਦਾ ਖਜ਼ਾਨਾ ਹੈ, ਸਾਰੇ ਬ੍ਰਹਿਮੰਡ ਨੂੰ ਬਖਸ਼ਿਸ਼ਾਂ ਲਗਾਤਾਰ ਕਰਦਾ ਰਹਿੰਦਾ ਹੈ ਪਰ ਉਸ ਦਾ ਇਹ ਖਜ਼ਾਨਾ ਨਾ ਕਦੇ ਘਟਿਆ ਹੈ ਨਾ ਖਾਲੀ ਹੋਇਆ ਹੈ।

ਸੁਅਸਤਿ ਆਥਿ ਬਾਣੀ ਬਰਮਾਉ ॥

ਉਸ ਬਖਸ਼ਿਸ਼ਾਂ ਦੇ ਖਜ਼ਾਨੇ ਪਰਮਾਤਮਾ ਦੇ ਅੱਗੇ ਕੋਈ ਕੀ ਭੇਟ ਕਰ ਸਕਦਾ ਹੈ ਕਿਉਂਕਿ ਸਭ ਕੁਝ ਤਾਂ ਉਸੇ ਦਾ ਹੀ ਹੈ।।‘ਸੁਅਸਤਿ ਆਥਿ’ ਬ੍ਰਾਹਮਣ ਦੀ ਬੋਲੀ ਵਿਚ ਸੁਅਸਤੀ ਵਾਕ ਹੈ ਜਿਸ ਤਰ੍ਹਾਂ ਬ੍ਰਾਹਮਣ ਤਾਂ ਜਜਮਾਨ ਦੇ ਘਰੋਂ ਖਾਂਦਾ ਹੀ ਹੈ ਤੇ ਦਖਸ਼ਿਣਾ ਵੀ ਲੈਂਦਾ ਹੈ ਪਰ ਬਦਲੇ ਵਿਚ ਦਿੰਦਾ ਕੀ ਹੈ? ਅਸੀਸ, ‘ਸਦਾ ਖੁਸ਼ੀ ਰਹੋ, ਦੁਧੋਂ ਪੁਤੋਂ ਫਲੋ’ ‘ਸਦਾ ਸਵਸਥ ਰਹੋ’, ‘ਕਲਿਆਣ ਹੋਵੇ’ ਆਦਿ ।ਜਾਂ ਫਿਰ ਉਹ ਵੀ ਪਰਮਾਤਮਾ ਦੇ ਨਾਮ ਦੀ ਹੀ ਅਸੀਸ ਦਿੰਦਾ ਹੈ ‘ਪਰਮਾਤਮਾ ਬਹੁਤਾ ਦੇਵੇ’।ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰ ਹੀ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਪੰਡਿਤ ਜਜਮਾਨ ਦੇ ਘਰੋਂ ਰੱਜ ਕੇ ਛਕਦਾ ਹੈ ਤੇ ਫਿਰ ਉਸਨੂੰ ਸ਼ੁਭ ਬਚਨ ਹੀ ਬੋਲਦਾ ਹੈ ਕਿਉਂਕਿ ਉਸ ਕੋਲ ਦੇਣ ਲਈ ਤਾਂ ਹੋਰ ਕੁਝ ਹੁੰਦਾ ਨਹੀਂ । ਇਸੇ ਨੂੰ ‘ਸੁਅਸਤਿ ਆਥਿ’ ਕਿਹਾ ਗਿਆ ਹੈ।ਇਸੇ ਤਰ੍ਹਾਂ ਏਸ ਵਾਕ ਵਿਚ ਵੀ ਗੁਰੂ ਜੀ ਆਪ ਨੂੰ ਯਾਚਕ ਬ੍ਰਾਹਮਣ ਦੇ ਰੂਪਕ ਵਿਚ ਤੇ ਪਰਮੇਸ਼ਵਰ ਨੂੰ ਜਜਮਾਨ ਆਖਦੇ ਹਨ:

ਕਰਤਾ ਤੂੰ ਮੇਰਾ ਜਜਮਾਨ॥ ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਅਪਣਾ ਨਾਮੁ॥ (ਪਰਭਾਤੀ ਮ:੧: ਪੰਨਾ ੧੨੩੯)

ਪਰਮਾਤਮਾ ਹੀ ਸਭ ਕੁਝ ਦੇਣ ਵਾਲਾ ਹੈ ਤੇ ਇਨਸਾਨ ਉਸ ਤੋਂ ਪ੍ਰਾਪਤ ਕਰਨ ਵਾਲਾ। ਇਨਸਾਨ ਤਾਂ ਸਿਰਫ ਉਸ ਦੀ ਸਿਫਤ ਸਲਾਹ ਕਰ ਕੇ ਹੀ ਸ਼ੁਕਰੀਆ ਅਦਾ ਕਰ ਸਕਦਾ ਹੈ ਤੇ ਇਹ ਸਿਫਤ ਸਲਾਹ ਵੀ ਬ੍ਰਾਹਮਣਾਂ ਵਾਲੀ ਭਾਸ਼ਾ ਵਾਂਗ ਹੈ।ਬਾਣੀ ਬਰਮਾਉ =ਬ੍ਰਾਹਮਣ ਵਾਲੀ ਬਾਣੀ। ਬ੍ਰਾਹਮਣ ਵਾਲੀ ਬੋਲੀ ਵਿਚ ਜਜਮਾਨ ਦੀ ਸਿਫਤ ਸਲਾਹ ਕਰਨੀ ਭਾਵ ਪਰਮਾਤਮਾ ਦੀ ਸਿਫਤ ਸਲਾਹ ਕਰਨ ਤੋਂ ਮੁਰਾਦ ਹੈ।ਭਾਵ ਹੇ ਪਰਮਾਤਮਾ! ਮੇਰੇ ਵਿਚ ‘ਗੁਣ’ ਪੈਦਾ ਕਰਨ ਦੀ ਤਾਕਤ ਨਹੀਂ ਤੂੰ ਅਪਣੇ ਗੁਣ ਮੈਨੂੰ ਦਾਨ ਕਰ ਦੇ ਤੇ ਮੈ ਪ੍ਰੋਹਿਤ ਦੀ ਤਰ੍ਹਾਂ ਤੇਰੀ ਸਿਫਤ ਸਲਾਹ ਕਰਦਾ ਰਹਾਂ। ਮੇਰੇ ਪਾਸ ਤਾਂ ਇਹੋ ਕੁਝ ਹੈ। ਜਜਮਾਨ ਬਣ ਤੂੰ ਦਾਤਾਂ ਦਿੰਦਾ ਰਹੇਂ ਤੇ ਮੈ ਪ੍ਰੋਹਿਤ ਦੀ ਤਰ੍ਹਾਂ ਤੇਰੇ ਗੁਣ ਗਾਉਂਦਾ ਰਹਾਂ ।

ਸਤਿ ਸੁਹਾਣੁ ਸਦਾ ਮਨਿ ਚਾਉ ॥

ਸਤਿ= ਸਚ ਸੁਹਾਣ= ਸੁੰਦਰਤਾ
ਪਰਮਾਤਮਾ ਦਾ ਜੋ ਭੀ ਰਚਿਆ ਹੈ ਉਹ ਸਭ ਸਦਾ ਸਤ ਹੈ, ਅਤਿਅੰਤ ਸੁੰਦਰ ਹੈ ਜਿਸ ਨੂੰ ਵੇਖੇ ਮਾਣੇ ਤੇ ਮਨ ਵਿਚ ਹਮੇਸ਼ਾ ਖੇੜਾ ਉਤਪੰਨ ਹੁੰਦਾ ਹੈ ਚਾਉ ਚੜ੍ਹ ਜਾਂਦਾ ਹੈ।ਪਰਮਾਤਮਾ ਦੀ ਕੁਦਰਤ ਵਿਚ ਜਦ ਧਿਆਨ ਜੁੜਦਾ ਹੈ ਤਾਂ ਉਸ ਦੀ ਅਨੂਠੀ ਕਿਰਤ ਦੀ ਸੁੰਦਰਤਾ ਦਾ ਅਨੁਭਵ ਹੁੰਦਾ ਹੈ ਤੇ ਮਨ ਪ੍ਰਮਾਤਮਾ ਦੀ ਸਿਫਤ ਸਲਾਹ ਵਿਚ ਸੁਤੇ-ਸਿਧ ਜੁੜ ਜਾਦਾ ਹੈ।ਸੁੰਦਰਤਾ ਦਾ ਪਸਾਰਾ ਵੇਖ ਵੇਖ ਅਨੰਦ ਵਿਭੋਰ ਹੋ ਮਨ ਮੋਰ ਬਣ ਜਾਂਦਾ ਹੈ ਤੇ ਉਸ ਦੀ ਸਿਫਤ ਸਲਾਹ ਵਿਚ ਕੂਕ ਪੈਂਦਾ ਹੈ।ਸਿਫਤ ਸਲਾਹ ਦੀ ਬਾਣੀ ਕੋਈ ਖਾਸ ਨਹੀਂ ਇਹ ਤਾਂ ਮਨ ਦੇ ਭਾਵਾਂ ਦਾ ਪ੍ਰਗਟਾਵਾ ਹੈ ਜੋ ਕਿਸੇ ਤਰ੍ਹਾਂ ਵੀ ਹੋ ਸਕਦਾ ਹੈ, ਵਾਹ ਵਾਹ ਕਰਕੇ, ਗਾ ਕੇ, ਨੱਚ ਕੇ, ਮੰਤਰ ਮੁਗਧ ਹੋ ਇੱਕ ਟੱਕ ਵੇਖ ਕੇ। ਉਸਦੀ ਵਿਸ਼ਾਲਤਾ ਵੇਖੀਦੀ ਹੈ ਤਾਂ ਵੀ ਦੰਗ ਰਹਿ ਜਾਈਦਾ ਹੈ।‘ਧਰਤੀ ਹੋਰ ਪਰੇ ਹੋਰ ਹੋਰ’ ਜਾਣੀਦੀ ਹੈ ਤਾਂ ਮਨ ਅਚੰਭੇ ਨਾਲ ਭਰ ਜਾਦਾ ਹੈ ਅਸ਼ਕੇ, ਸਦਕੇ, ਵਾਹ ਵਾਹ ਮਨੋਂ ਨਿਕਲਦਾ ਹੈ।

ਗੁਰੂ ਜੀ ਪਰਮਾਤਮਾ ਦੀ ਬੇਅੰਤ ਰਚਨਾ ਦਾ ਜ਼ਿਕਰ ਕਰਦੇ ਕਰਦੇ ਅਖਰੀ ਨਾਮ ਤੋਂ ਨਾਮ ਜਪਣ ਨਾਲ ਜੁੜ ਗਏ ਹਨ ਤੇ ਵਿਸਮਾਦ ਅਵਸਥਾ ਵਿਚ ਚਲੇ ਜਾਂਦੇ ਹਨ ਤੇ ਕਹਿੰਦੇ ਹਨ ਨਾਮ ਦੇ ਬਰਾਬਰ ਤੀਰਥ, ਦਾਨ ਪੁੰਨ ਆਦਿ ਸ਼ੁਭ ਗੁਣ ਕਿਸੇ ਲੇਖੇ ਨਹੀਂ।ਜੇ ਸਭ ਸ਼ੁਭ ਗੁਣ ਹੋਣ ਤਾਂ ਉਸ ਦੀ ਦਾਤ ਸਮਝ ਕੇ ਸ਼ੁਕਰਾਨਾ ਕਰੋ ਕਿ ‘ਹੇ ਵਾਹਿਗੁਰੂ! ਤੂੰ ਦਾਨ ਪੁੰਨ ਕਰਵਾਇਆ ਹੈ’। ਸ਼ੁਕਰਾਨੇ ਦਾ ਤਰੀਕਾ ਉਸੇ ਤਰ੍ਹਾਂ ਦਾ ਹੈ ਜਿਵੇਂ ਬ੍ਰਾਹਮਣ ਜਜਮਾਨ ਤੋਂ ਖਾਂਦਾ ਵੀ ਹੈ ਤੇ ਦਾਨ ਵੀ ਲੈਂਦਾ ਹੈ ਪਰ ਸ਼ੁਕਰਾਨੇ ਵਿਚ ਕੇਵਲ ਅਸ਼ੀਰਵਾਦ ਦਿੰਦਾ ਹੈ।ਅਸ਼ੀਰਵਾਦ ਦੇਣ ਦੀ ਥਾਂ ਆਖੋ, “ਹੇ ਪਰਮਪਿਤਾ ਪ੍ਰਮੇਸ਼ਵਰ! ਤੂੰ ਅਵਿਨਾਸ਼ੀ ਹੈਂ, ਅਸਚਰਜ ਹੈਂ। ਤੇਰੇ ਮਨ ਵਿਚ ਦੇਣ ਦਾ ਸਦਾ ਚਾਉ (ਖੇੜਾ) ਹੈ। ਤੂੰ ਬੇਅੰਤ ਹੈਂ, ਬੇਅੰਤ ਹੈ ਤੇਰੀ ਮਾਇਆ, ਬੇਅੰਤ ਹਨ ਤੇਰੀਆਂ ਬਖਸ਼ਿਸ਼ਾਂ । ਦਾਸ ਨੂੰ ਇਤਨਾ ਕੁਝ ਬਖਸ਼ਿਆ ਹੈ ਤੇ ਬਖਸ਼ੀ ਜਾ ਰਿਹਾ ਹੈਂ । ਤੇਰਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ। ਮੇਰੇ ਕੋਲ ਤਾਂ ਤੇਰਾ ਧੰਨਵਾਦ ਕਰਨ ਲਈ ਵੀ ਸ਼ਬਦ ਨਹੀਂ।ਬਸ ਮਿਹਰ ਰੱਖ ਤੇ ਅਪਣੇ ਨਾਮ ਦੀ ਦਾਤ ਬਖਸ਼। ਸਾਸ ਸਾਸ ਤੇਰਾ ਨਾਮ ਸਿਮਰਾਂ ਤੇ ਤੇਰੇ ਨਾਲ ਮਨੋਂ ਤਨੋਂ ਸਦਾ ਜੁੜਿਆ ਰਹਾਂ”।

.ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ ੨੧ ॥

ਸਾਡਾ ਜਜਮਾਨ ਹੈ ਕੌਣ? ਕੀ ਸਾਰੀ ਸ਼੍ਰਿਸ਼ਟੀ ਸਾਜਣ ਵਾਲਾ ਇਕੋ ਪ੍ਰਮਾਤਮਾ ਹੀ ਹੈ? ਇਸ ਬਾਰੇ ਤਾਂ ਜਵਾਬ ਮੁੱਢ ਵਿਚ ਹੀ ਮਿਲ ਗਿਆ ‘੧ਓ ਸਤਿਨਾਮ ਕਰਤਾ ਪੁਰਖੁ’। ਪਰ ਫਿਰ ਇਹ ਸਵਾਲ ਉਠਦਾ ਹੈ ਕਿ ਉਸਨੇ ਇਹ ਰਚਨਾ ਕਦੋਂ, ਕਿਹੜੇ ਵੇਲੇ ਕੀਤੀ? ਸਮਾਂ, ਥਿਤ, ਵਾਰ, ਮਹੀਨਾ, ਰੁੱਤ ਕੀ ਸੀ ਜਦੋਂ ਇਹ ਵਿਸ਼ਵ ਹੋਂਦ ਵਿਚ ਆਇਆ? ਇਸ ਬਾਰੇ ਵੀ ਸਵਾਲ ਮਨ ਵਿਚ ਉਠਦੇ ਹਨ ਇਸ ਬਾਰੇ ਜਾਨਣ ਲਈ ਗੁਰੂ ਜੀ ਸਵਾਲ ਕਰਦੇ ਹਨ:

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

ਉਹ ਵੇਲਾ ਕਿਹੜਾ ਸੀ? ਸਮਾਂ ਕਿਹੜਾ ਸੀ? ਕਿਹੜੀ ਤਿਥ ਸੀ? ਕਿਹੜਾ ਵਾਰ ਸੀ?ਕਿਹੜੀ ਰੁਤ ਸੀ?ਕਿਹੜਾ ਮਹੀਨਾ ਸੀ? ਜਦੋਂ ਇਹ ਸਾਰੇ ਆਕਾਰ ਰਚੇ ਗਏ?

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

ਇਸ ਦਾ ਜਵਾਬ ਗੁਰੂ ਜੀ ਆਪ ਹੀ ਦਿੰਦੇ ਹੋਏ ਕਹਿੰਦੇ ਹਨ ਕਿ ਉਹ ਵੇਲਾ ਤਾਂ ਪਂਡਿਤਾਂ ਨੂੰ ਵੀ ਨਹੀਂ ਲੱਭਾ ਨਹੀਂ ਤਾਂ ਉਨ੍ਹਾਂ ਨੇ ਕਿਸੇ ਵੇਦ, ਪੁਰਾਣ, ਸਿਮ੍ਰਤੀ ਵਿਚ ਜ਼ਰੂਰ ਲਿਖ ਦੇਣਾ ਸੀ।ਇਹ ਕਿਸੇ ਕਾਜ਼ੀ ਮੁਲਾਂ ਨੂ੍ਹੰ ਵੀ ਨਹੀਂ ਪਤਾ, ਨਹੀਂ ਤਾਂ ਉਸ ਨੇ ਕੁਰਾਨ ਜਾਂ ਅਪਣੀ ਕਿਸੇ ਹੋਰ ਧਾਰਮਿਕ ਗ੍ਰੰਥ ਵਿਚ ਲਿਖ ਦੇਣਾ ਸੀ।ਕਿਸੇ ਜੋਗੀ ਸਨਿਆਸੀ ਨੂੰ ਵੀ ਵਿਸ਼ਵ ਸਾਜਣ ਦੀ ਤਿਥ ਵਾਰ ਰੁਤ ਜਾਂ ਮਹੀਨੇ ਬਾਰੇ ਜਾਣਕਾਰੀ ਸੀ ਤੇ ਨਾ ਹੈ। ਇਹ ਸ਼੍ਰਿਸ਼ਟੀ ਕਦੋਂ ਤੇ ਕਿਵੇਂ ਸਾਜੀ ਗਈ ਇਸ ਬਾਰੇ ਤਾਂ ਸਾਜਣਹਾਰੇ ਕਰਤਾ ਪੁਰਖੁ ਨੂੰ ਹੀ ਪਤਾ ਹੈ ।

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥

ਉਸ ਰਚਣਹਾਰੇ ਬਾਰੇ ਉਸੇ ਦਾ ਹੀ ਰਚਿਆ ਹੋਇਆ ਜੀਵ ਵਰਣਨ ਕਿਵੇਂ ਕਰ ਸਕਦਾ ਹੈ? ਉਸ ਦੀ ਰਚਣ ਸ਼ਕਤੀ ਦੀ ਸਿਫਤ ਸਲਾਹ ਕਿਵੇਂ ਕੋਈ ਕਰ ਸਕਦਾ ਹੈ? ਕੀ ਕੋਈ ਬੱਚਾ ਦਸ ਸਕਦਾ ਹੈ ਕਿ ਉਸ ਨੂੰ ਕਦੋਂ ਤੇ ਕਿਵੇਂ ਜਨਮਿਆ ਹੈ ਜਦ ਉਸ ਦਾ ਸਾਹਮਣਾ ਉਸ ਦੀ ਮਾਂ ਨਾਲ ਨਾਂ ਹੋਵੇ ਤੇ ਨਾ ਹੀ ਕੋਈ ਗਵਾਹ ਹੋਵੇ ਜਿਸ ਨੇ ਉਸਨੂੰ ਪੈਦਾ ਹੁੰਦੇ ਹੋਏ ਦੇਖਿਆ ਹੋਵੇ?

ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥

ਗੁਰੂ ਜੀ ਕਹਿੰਦੇ ਹਨ ਕਿ ਆਖਣ ਨੂੰ ਤਾਂ ਸਾਰੇ ਇਕ ਦੂਜੇ ਤੋਂ ਸਿਆਣੇ ਬਣਦੇ ਹਨ ਪਰ ਉਸ ਵੱਡੇ ਸਾਹਿਬ ਪਰਮ ਪਿਤਾ ਪਰਮਾਤਮਾ ਤਕ ਕੌਣ ਪਹੁੰਚ ਰਖਦਾ ਹੈ? ਉਸ ਦਾ ਨਾਮ ਹੀ ਬਹੁਤ ਵੱਡਾ ਹੈ ਜੋ ਸਾਰੇ ਵਿਸ਼ਵ ਤਕ ਫੈਲਿਆ ਹੋਇਆ ਹੈ ਤੇ ਇਸ ਨਾਮ ਤੋਂ ਹੀ ਸਾਰੀ ਸ਼੍ਰਿਸ਼ਟੀ ਉਪਜੀ ਹੈ: ‘ਨਾਮ ਕੇ ਧਾਰੇ ਸਾਰੇ ਜੰਤ’। ਸਭ ਕੁਝ ਉਸੇ ‘ਕਰਤਾ ਪੁਰਖੁ’ ਦਾ ਹੀ ਕੀਤਾ ਹੋਇਆ ਹੈ:

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥

ਗੁਰੂ ਜੀ ਕਹਿੰਦੇ ਹਨ ਕਿ ਜੋ ਅਪਣੇ ਆਪ ਨੂੰ ਜਤਾਉਂਦਾ ਹੈ ਕਿ ਮੈਨੂੰ ਪਰਮਾਤਮਾ ਬਾਰੇ ਪਤਾ ਹੈ ਉਹ ਪਰਮਾਤਮਾ ਦੇ ਦੁਆਰੇ ਤੇ ਸੋਂਹਦਾ ਨਹੀਂ ਉਸ ਦੀ ਪਰਮਾਤਮਾ ਦੇ ਦੁਆਰੇ ਕੋਈ ਪੁੱਛ ਗਿੱਛ ਨਹੀਂ।ਉਸ ਦੀ ਤੋੜ ਤਕ ਨਹੀਂ ਨਿਭਦੀ।

ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ ੨੧ ॥

ਇਸ ਤੋਂ ਸਾਫ ਹੋਇਆ ਕਿ ਤੀਰਥ ਤਪ ਤੇ ਦਾਨ ਤਾਂ ਦੁਨਿਅਵੀ ਵਾਹ ਵਾ ਜ਼ਰੂਰ ਕਰਵਾ ਦਿੰਦੇ ਹਨ ਪਰ ਪਰਮਾਤਮਾ ਤਕ ਨਹੀਂ ਪਹੂੰਚਾਉਂਦੇ । ਪਰਮਾਤਮਾ ਤਕ ਪਹੁੰਚਣ ਲਈ ਉਸਨੂੰ ਸੁਣਨਾ, ਮਨਨ ਕਰਨਾ ਤੇ ਪ੍ਰੇਮਾ ਭਗਤੀ ਕਰਨਾ ਹੀ ਉਸ ਤਕ ਪਹੁੰਚਣ ਦਾ ਮਾਰਗ ਹੈ। ਪਰਮਾਤਮਾ ਹੀ ਸਭ ਦਾ ਰਚਣਹਾਰਾ ਹੈ। ਸਭ ਤੋਂ ਵੱਡਾ ਹੈ, ਉਸ ਦੀ ਰਚਨਾ ਵਿਚ ਜੋ ਗੁਣ ਹਨ ਸਭ ਉਸੇ ਦੇ ਦਿਤੇ ਹਨ ਉਸ ਵਿਚ ਤਾਂ ਅਣਗਿਣਤ ਸ਼ੁਭ ਗੁਣ ਹਨ ਜੋ ਗਿਣੇ ਨਹੀਂ ਜਾ ਸਕਦੇ। ਜੀਵ ਤਾਂ ਉਸ ਤੋਂ ਗੁਣਾਂ ਦੀ ਯਾਚਨਾ ਹੀ ਕਰ ਸਕਦਾ ਹੈ। ਪਰ ਪਰਮਾਤਮਾ ਤਾਂ ਦਿਆਲੂ ਹੈ ਉਹ ਤਾਂ ਗੁਣਾਂ ਦੀ ਬਖਸ਼ਿਸ਼ ਕਰਦਾ ਹੀ ਰਹਿੰਦਾ ਹੈ ਪਰ ਅਸੀਂ ਉਸ ਤੋਂ ਇਹ ਗੁਣ ਪ੍ਰਾਪਤ ਕਰਕੇ ਉਸ ਦਾ ਸ਼ੁਕਰੀਆ ਅਦਾ ਵੀ ਨਹੀਂ ਕਰਦੇ।ਸਾਨੂੰ ਉਸ ਵਾਹਿਗੁਰੂ ਬਾਰੇ ਸੁਣਨਾ ਉਸਨੂੰ ਮੰਨਣਾ ਤੇ ਹਮੇਸ਼ਾ ਚਿਤ ਵਿਚ ਰਖਣਾ ਚਾਹੀਦਾ ਹੈ ਉਸ ਦੇ ਨਾਮ ਦੀ ਭਗਤੀ ਕਰਨੀ ਚਾਹੀਦੀ ਹੈ।ਉਸ ਦਾ ਉਸੇ ਤਰ੍ਹਾਂ ਸ਼ੁਕਰੀਆ ਕਰਨਾ ਚਾਹੀਦਾ ਹੈ ਜਿਵੇਂ ਬ੍ਰਾਹਮਣ ਜਜਮਾਨ ਤੋਂ ਭੋਜਨ ਛਕ ਕੇ ਤੇ ਦਾਨ ਦਖਣਾ ਲੈ ਕੇ ਕਰਦਾ ਹੈ।ਪਰਮਾਤਮਾ ਦਾ ਜੋ ਭੀ ਰਚਿਆ ਹੈ ਉਹ ਸਭ ਸਦਾ ਸਤ ਹੈ, ਅਤਿਅੰਤ ਸੁੰਦਰ ਹੈ ਜਿਸ ਨੂੰ ਵੇਖੇ ਮਾਣੇ ਤੇ ਮਨ ਵਿਚ ਹਮੇਸ਼ਾ ਖੇੜਾ ਉਤਪੰਨ ਹੁੰਦਾ ਹੈ ਚਾਉ ਚੜ੍ਹ ਜਾਂਦਾ ਹੈ।ਪਰਮਾਤਮਾ ਦੀ ਕੁਦਰਤ ਵਿਚ ਜਦ ਧਿਆਨ ਜੁੜਦਾ ਹੈ ਤਾਂ ਉਸ ਦੀ ਅਨੂਠੀ ਕਿਰਤ ਦੀ ਸੁੰਦਰਤਾ ਦਾ ਅਨੁਭਵ ਹੁੰਦਾ ਹੈ ਤੇ ਮਨ ਪ੍ਰਮਾਤਮਾ ਦੀ ਸਿਫਤ ਸਲਾਹ ਵਿਚ ਸੁਤੇ-ਸਿਧ ਜੁੜ ਜਾਦਾ ਹੈ।ਸੁੰਦਰਤਾ ਦਾ ਪਸਾਰਾ ਵੇਖ ਵੇਖ ਅਨੰਦ ਵਿਭੋਰ ਹੋ ਮਨ ਮੋਰ ਬਣ ਜਾਂਦਾ ਹੈ ਤੇ ਉਸ ਦੀ ਸਿਫਤ ਸਲਾਹ ਵਿਚ ਕੂਕ ਪੈਂਦਾ ਹੈ।ਸਿਫਤ ਸਲਾਹ ਦੀ ਬਾਣੀ ਕੋਈ ਖਾਸ ਨਹੀਂ ਇਹ ਤਾਂ ਮਨ ਦੇ ਭਾਵਾਂ ਦਾ ਪ੍ਰਗਟਾਵਾ ਹੈ ਜੋ ਕਿਸੇ ਤਰ੍ਹਾਂ ਵੀ ਹੋ ਸਕਦਾ ਹੈ, ਵਾਹ ਵਾਹ ਕਰਕੇ, ਗਾ ਕੇ, ਨੱਚ ਕੇ, ਮੰਤਰ ਮੁਗਧ ਹੋ ਇੱਕ ਟੱਕ ਵੇਖ ਕੇ। ਉਸਦੀ ਵਿਸ਼ਾਲਤਾ ਵੇਖੀਦੀ ਹੈ ਤਾਂ ਵੀ ਦੰਗ ਰਹਿ ਜਾਈਦਾ ਹੈ।

ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਾਰੀ ਰਚਨਾ ਦਾ ਕਰਤਾ ਤਾਂ ਆਪ ਵਾਹਿਗੁਰੂ ਹੈ ਜੋ ਅਸੀਂ ਮੰਗਲਾਚਰਣ (ਮੂਲ ਮੰਤ੍ਰ) ਵਿਚ ਜਾਣ ਗਏ ਹਾਂ ਪਰ ਉਸਨੇ ਇਹ ਸਾਰੀ ਰਚਨਾ ਰਚੀ ਕਦੋਂ? ਇਸਦਾ ਜਵਾਬ ਕਿਸੇ ਵੀ ਧਾਰਮਿਕ ਗ੍ਰੰਥ ਵਿਚ ਨਹੀਂ ਮਿਲਦਾ।ਕਿਉਂਕਿ ਇਹ ਤਾਂ ਉਹ ਹੀ ਦਸ ਸਕਦਾ ਹੈ ਜਿਸ ਨੇ ਰਚਨਾ ਰਚੀ ਜਾਂਦੀ ਵੇਖੀ ਹੋਵੇ ਤੇ ਪਰਮਾਤਮਾ ਤੋਂ ਬਿਨਾ ਤਾਂ ਹੋਰ ਕੋਈ ਇਹ ਕਹਿ ਹੀ ਨਹੀਂ ਸਕਦਾ ।ਜੇ ਕੋਈ ਹੋਰ ਅਸਲੀਅਤ ਜਾਣੇ ਬਿਨਾ ਕਹਿੰਦਾ ਹੈ ਤਾਂ ਸਿਰਫ ਝੱਖ ਮਾਰਦਾ ਹੈ। ਨਾਲੇ ਪਰਮਾਤਮਾ ਦਾ ਰਚਿਆ ਇਕ ਨਿਗੂਣਾ ਜੀਵ ਉਸ ਬੇਅੰਤ ਪ੍ਰਮਾਤਮਾ ਬਾਰੇ ਕੀ ਜਾਣੇ? ਉਸ ਦੀ ਵਿਸ਼ਾਲ ਰਚਨਾ ਬਾਰੇ ਕੀ ਜਾਣੇ? ਖੂਹ ਦਾ ਡੱਡੂ ਕਿਵੇਂ ਆਖੇ ਦੁਨੀਆਂ ਇਤਨੀ ਵੱਡੀ ਹੈ? ਜੇ ਆਖੇਗਾ ਵੀ ਤਾਂ ਉਸ ਨੂੰ ਕੌਣ ਮੰਨੇਗਾ? ਕੌਣ ਉਸਦਾ ਆਦਰ ਮਾਣ ਕਰੇਗਾ ਜੋ ਝੱਖ ਮਾਰ ਰਿਹਾ ਹੋਵੇ?
.