.

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥


ਇਤਿਹਾਸ ਵਿਚ ਨਜ਼ਰ ਮਾਰਿਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਬ ਤੋਂ ਪਹਿਲਾਂ ਪੰਚ ਪ੍ਰਧਾਨੀ ਲੋਕਤੰਤ੍ਰਿਕ ਵਿਵਸਥਾ ਦੀ ਗੱਲ ਕੀਤੀ ਸੀ । ਉਸ ਵੇਲੇ ਤਕ ਦੁਨੀਆਂ ਵਿਚ ਲੋਕਤੰਤ੍ਰਿਕ ਵਿਵਸਥਾ ਬਾਰੇ ਕੋਈ ਸੋਚ ਨਹੀਂ ਸੀ । ਉਸੀ ਪੰਚ ਪ੍ਰਧਾਨੀ ਵਿਵਸਥਾ ਨੂੰ ਸਦਾ ਲਈ ਪੰਥਕ ਤੋਰ ਤੇ ਦਸਮ ਪਿਤਾ ਜੀ ਨੇ ਕਾਇਮ ਕਰ ਦਿੱਤਾ ਸੀ । ਖਾਲਸਾ ਪੰਥ ਦੀ ਪੰਚ ਪ੍ਰਧਾਨੀ ਲੋਕਤੰਤ੍ਰਿਕ ਵਿਵਸਥਾ ਸੰਸਾਰ ਦੀ ਸਬ ਤੋ ਪੁਰਾਣੀ ਲੋਕਤੰਤ੍ਰਿਕ ਵਿਵਸਥਾ ਹੈ । ਜੋ ਚੋਟੀ ਦੇ ਆਦਰਸ਼ ਖਾਲਸਾ ਲੋਕਤੰਤ੍ਰਿਕ ਵਿਵਸਥਾ ਨੇ ਸਥਾਪਿਤ ਕੀਤੇ, ਉਹ ਸਾਰੇ ਸੰਸਾਰ ਦੇ ਇਤਿਹਾਸ ਵਿਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੇ ਹਨ।


ਅੱਜ ਸਾਰੇ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਫੈਸਲਿਆਂ ਨੂੰ ਲੈ ਕੇ ਆਮ ਸੰਗਤਾਂ ਵਿਚ ਵਿਰੋਧ ਤੇਜ ਹੁੰਦਾ ਜਾ ਰਿਹਾ ਹੈ । ਲੇਕਿਨ, ਕੁਛ ਸਮਾਂ ਪਹਿਲਾ ਹਰ ਇਕ ਸਿੱਖ ਹਿਰਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਫੈਸਲਿਆਂ ਨੂੰ ਨਤਮਸਤਕ ਹੁੰਦਾ ਸੀ । ਦਿਨ-ਬ-ਦਿਨ ਇਨ੍ਹਾਂ ਜਥੇਦਾਰਾਂ ਦੇ ਹੁਕਮਨਾਮਿਆਂ ਨਾਲ ਸਿੱਖ ਜਗਤ ਆਪਣੇ ਆਪ ਨੂੰ ਸੰਕੋਚਦਾ ਜਾ ਰਿਹਾ ਹੈ। ਇਸਦਾ ਸਬ ਤੋ ਵਡਾ ਕਾਰਣ ਇਨ੍ਹਾਂ ਜਥੇਦਾਰਾਂ ਦਾ ਪੰਥ ਨੂੰ ਸਮਰਪਣ ਦੀ ਥਾਂ ਆਪਣੇ ਨਿਜ਼ੀ ਸਵਾਰਥ ਨੂੰ ਸਮਰਪਣ ਹੈ । ਜੋ ਅੱਜ ਸਿੱਖ ਕੌਮ ਦਾ ਸਬ ਤੋ ਵਡਾ ਨੁਕਸਾਨ ਸਾਬਿਤ ਹੋ ਰਿਹਾ ਹੈ ਕਿਉਕਿ ਸਿੱਖ ਸੰਸਾਰ ਪੱਧਰ ਤੇ ਅਤਿ ਦੀ ਘੱਟ ਗਿਣਤੀ ਵਿਚ ਹਨ ਇਸ ਲਈ ਸਾਡੀ ਪੰਥਕ ਏਕਤਾ ਅਤਿ ਦੀ ਲੋੜਿੰਦੀ ਹੈ ਤੇ ਸਾਡੇ ਧਾਰਮਕ ਸਿਧਾੰਤ ਵੀ ਨਿਰਵਿਵਾਦਿਤ ਦਿਸਣੇ ਤੇ ਹੋਣੇ ਚਾਹੀਦੇ ਹਨ। ਵਿਵਾਦਿਤ ਹੁਕਮਨਾਮਿਆਂ ਕਾਰਣ ਕੌਮ ਵਿਚ ਹਰ ਇਕ ਮੁੱਦੇ ਤੇ ਆਮ ਸਿੱਖ ਸੰਗਤਾਂ ਵਿਚ ਮਤਭੇਦ ਵੱਧ ਰਹੇ ਹਨ। ਜਿਸ ਕਰਕੇ ਸਿੱਖਾਂ ਵਿਚ ਆਪਸੀ ਬੇਇਤਫ਼ਾਕੀ ਦਿਨ-ਬ-ਦਿਨ ਵੱਧਦੀ ਜਾਂ ਰਹੀ ਹੈ


ਅੱਜ ਬੇਇਤਫਾਕੀ ਆਪਣੇ ਸਿਖਰ ਤੇ ਪਹੁੰਚ ਗਈ ਹੈ । ਜਿਸ ਦੇ ਨਤੀਜੇ ਵਜੋਂ ਅੱਜ ਆਮ ਸਿੱਖ ਸੰਗਤਾਂ ਜਿਨ੍ਹਾਂ ਹੁਕਮਨਾਮਿਆਂ ਅਗੇ ਨਤਮਸਤਕ ਹੁੰਦੀਆਂ ਸਨ, ਅੱਜ ਉਹ ਇਨ੍ਹਾਂ ਹੁਕਮਨਾਮਿਆਂ ਦੇ ਖਿਲਾਫ ਕੇਵਲ ਖੜੇ ਹੀ ਨਹੀਂ ਹੋ ਰਹੇ ਹਨ ਸਗੋਂ ਇਨ੍ਹਾਂ ਹੁਕਮਨਾਮਿਆਂ ਦੇ ਵਿਰੋਧ ਵਿਚ ਅਦਾਲਤਾਂ ਦੇ ਸਾਹਮਣੇ ਵੀ ਜਾਂ ਖੜ੍ਹੇ ਹੋਏ ਹਨ। ਹੋਣ ਵੀ ਕਿਉਂ ਨਾ, ਕਿਉਂ ਕਿ ਗੁਰੂ ਨਾਨਕ ਸਾਹਿਬ ਦੀ ਇਲਾਹੀ ਬਾਣੀ ਜੋ ਉਨ੍ਹਾਂ ਦੇ ਮਨੁੱਖੀ ਅਧਿਕਾਰ ਦੀ ਰਾਖੀ ਕਰਦੀ ਸੀ, ਉਸ ਦੇ ਉਲਟ ਇਨ੍ਹਾਂ ਜਥੇਦਾਰ ਦੇ ਹੁਕਮਨਾਮੇ ਉਸੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਇਹ ਸਮਾਂ ਗੁਰੂ ਨਾਨਕ ਸਾਹਿਬ ਦੀ ਪੰਚ ਪ੍ਰਧਾਨੀ ਵਿਵਸਥਾ ਦੇ ਇਤਿਹਾਸ ਵਿਚ ਸਭ ਤੋਂ ਨਿਘਾਰ ਦਾ ਸਮਾਂ ਹੈ । ਇਕ ਆਮ ਸਿੱਖ ਵੀ ਇਹ ਗੱਲ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਦੁਨੀਆਂ ਦਾ ਕੋਈ ਵੀ ਤਖ਼ਤ ਗੁਰੂ ਨਾਨਕ ਦੇ ਤਖਤ ਦੇ ਬਰਾਬਰ ਨਹੀਂ ਹੋ ਸਕਦਾ ਹੈ । ਹੋਰ ਕੁਛ ਲੋਕਾਂ ਦੀ ਗ਼ਲਤੀ ਦੇ ਕਰਕੇ ਅੱਜ ਇਸ ਪੰਚ ਪ੍ਰਧਾਨੀ ਲੋਕਤੰਤ੍ਰਿਕ ਵਿਵਸਥਾ ਨੂੰ ਦੁਨੀਆ ਦੀ ਅਦਾਲਤਾਂ ਵਿਚ ਘੜੀਸਿਆ ਜਾਂ ਰਿਹਾ ਹੈ । ਜਿਸ ਕਰਕੇ ਹਰ ਇਕ ਪੰਥ ਦਰਦੀ ਹਿਰਦਾ ਦੁਖੀ ਹੋ ਰਿਹਾ ਹੈ।


ਇਨ੍ਹਾਂ ਹਲਾਤਾਂ ਦਾ ਸਬ ਤੋ ਵਡਾ ਕਾਰਣ, ਸਾਡਾ ਸਦਾ ਆਪਣੇ ਵਿਰਸੇ ਦੇ ਵਿਕਾਸ ਤੋ ਬੇਮੁਖ ਹੋਣਾ ਹੀ ਹੈ । ਅੱਜ ਜਿਥੇ ਸਾਰਾ ਸੰਸਾਰ ਆਪਣੇ ਆਪਣੇ ਬਹੁਮੁਲੇ ਵਿਰਸੇ ਦੇ ਵਿਕਾਸ ਲਈ ਜਤਨਸ਼ੀਲ ਹੈ ਉਥੇ ਠੀਕ ਉਲਟਾ ਅਸੀਂ ਅਵੇਸਲੇ ਹੋ ਕੇ ਸੋਚਣਾ ਹੀ ਬੰਦ ਕਰ ਦਿੱਤਾ ਹੈ । ਅੱਜ ਹਰ ਕੋਈ ਇਹ ਅਵਾਜ ਚੁੱਕਣ ਲਗਾ ਹੈ ਕਿ ਜੱਥੇਦਾਰ ਵਿਵਸਥਾ ਸਮਾਪਤ ਕਰ ਦੇਣੀ ਚਾਹੀਦੀ ਹੈ । ਪਿਛਲੇ ਲੰਬੇ ਸਮੇ ਤੋ ਜਥੇਦਾਰਾਂ ਨੇ ਕੇਵਲ ਪੰਥ ਵਿਚ ਵਿਵਾਦ ਨਿਪਟਾਣ ਦੀ ਥਾਂ ਬੇਲੋੜੇ ਵਿਵਾਦਾਂ ਨੂੰ ਜਨਮ ਹੀ ਦਿੱਤਾ ਹੈ। ਇਹ ਵਿਰੋਧ ਸਹਜ ਸੁਭਾਇ ਠੀਕ ਵੀ ਜਾਪਦਾ ਹੈ ਕਿਉਕਿ ਇਹ ਸੱਚ ਹੈ ਕਿ ਇਨ੍ਹਾਂ ਜਥੇਦਾਰ ਨੇ ਕੌਮ ਦੀ ਤਕਦੀਰ ਸਵਾਰਨ ਦੀ ਥਾਂ ਮਾਮਲਿਆਂ ਨੂੰ ਉਲਝਿਆ ਹੀ ਹੈ। ਲੇਕਿਨ ਜੇ ਲੰਬੀ ਨਦਰ ਨਾਲ ਵਿਚਾਰੀਏ ਤਾਂ ਇਹ ਗੱਲ ਠੀਕ ਨਹੀਂ ਦਿਸਦੀ ਹੈ ਕਿਉਂਕਿ ਕੋਈ ਭੀ ਧਰਮ ਜਾਂ ਵਿਵਸਥਾ ਹੋਵੇ ਉਸ ਵਿਚ ਸਮੇ ਸਮੇ ਤੇ ਮੁੱਦੇ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਸੁਲਝਣਾਂ ਭੀ ਜਰੂਰੀ ਹੁੰਦਾ ਹੈ ਤੇ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਕਿਸੀ ਵੀ ਮੁੱਦੇ ਨੂੰ ਸੁਲਝਾਇਆ ਹੀ ਨਹੀਂ ਹੈ ਬਲਕਿ ਹਰ ਮੁੱਦੇ ਨੂੰ ਉਲਝਾਇਆ ਹੀ ਹੋਇਆ ਹੈ। ਜੇ ਅਸੀ ਇਸ ਵਿਵਸਥਾ ਨੂੰ ਸਮਾਪਤ ਕਰ ਦੇਂਦੇ ਹਾ ਤਾਂ ਸਾਡੇ ਕੋਲ ਆਪਣੇ ਮਸਲੇ ਸੁਲਝਾਉਣ ਲਈ ਕੋਈ ਵਿਵਸਥਾ ਹੈ? ਸ਼ਾਇਦ ਇਸ ਦਾ ਜਵਾਬ ਵੀ ਨਾ ਪੱਖੀ ਹੀ ਹੋਵੇਗਾ। ਐਸੇ ਹਲਾਤਾਂ ਵਿਚ ਸਾਨੂੰ ਇਕ ਚੰਗੀ ਪੰਚ ਪ੍ਰਧਾਨੀ ਲੋਕਤੰਤ੍ਰਿਕ ਵਿਵਸਥਾ ਦੀ ਬਹੁਤ ਹੀ ਸੱਖਤ ਲੋੜ ਹੈ ਜੋ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਮੁਤਾਬਿਕ ਜਿਥੇ ਸਾਡੇ ਕੌਮੀ ਹੱਕਾਂ ਦੀ ਰਾਖੀ ਕਰੇ ਉਥੇ ਨਾਲ ਸਾਰੇ ਜਗਤ ਵਿਚ ਗੁਰੂ ਨਾਨਕ ਦੇ ਨਿਰਮਲ ਉਪਦੇਸ਼ ਦਾ ਵੀ ਪ੍ਰਚਾਰ ਕਰ ਸਕੇ।


ਮਜੂਦਾ ਪੰਚ ਪ੍ਰਧਾਨੀ ਵਿਵਸਥਾ ਨੂੰ ਨਾ ਤਾ ਬਦਲਣ ਦੀ ਲੋੜ ਹੈ ਤੇ ਨਾ ਹੀ ਇਸ ਵਿਵਸਥਾ ਨੂੰ ਸਾਲਾਂ ਬੱਧੀ ਅਦਾਲਤਾਂ ਵਿਚ ਘੜੀਸਣ ਦੀ ਹੀ ਜਰੂਰਤ ਹੈ । ਜੇ ਅਸੀਂ ਮਾਣਜੋਗ ਅਦਾਲਤਾਂ ਤੋਂ ਕੋਈ ਚੰਗੇ ਹੁਕਮ ਵੀ ਹਾਸਿਲ ਕਰ ਲਿਆਏ ਤਾਂ ਵੀ ਕੋਈ ਵਡੀ ਉਪਲਬਦੀ ਨਹੀਂ ਹੋਵੇਗੀ ਕਿਉਂ ਕਿ ਆਮ ਸਿੱਖ ਹਿਰਦਾ ਆਪਣੀ ਸ਼ਰਧਾ ਅਤੇ ਧਾਰਮਿਕ ਵਿਸ਼ਵਾਸ ਕਰਕੇ ਗੁਰੂ ਨਾਲ ਜੁੜਿਆ ਹੋਇਆ ਹੈ ਨਾ ਕਿ ਕਿਸੀ ਕਾਨੂਨ ਜਾਂ ਅਦਾਲਤੀ ਹੁਕਮ ਕਰਕੇ । ਇਥੇ ਇਹ ਗੱਲ ਧਿਆਨ ਵਿਚ ਰੱਖਣੀ ਹੋਵੇਗੀ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸੰਸਾਰ ਦੇ ਉਹ ਧਾਰਮਿਕ ਗਰੰਥ ਹਨ ਜੋ ਹਰ ਇਕ ਮਨੁੱਖ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਣ ਦੇ ਨਾਲ ਹੀ ਹਰ ਇਕ ਪ੍ਰਾਣੀ ਦੇ ਹੱਕਾਂ ਦੀ ਰਾਖੀ ਦੀ ਹਿਮਾਇਤ ਕਰਦੇ ਹਨ।


ਜੇ ਅਸੀਂ ਮਜੂਦਾ ਹਲਾਤਾਂ ਵਿਚ ਕੋਈ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਜੂਦਾ ਪੰਚ ਪ੍ਰਧਾਨੀ ਵਿਵਸਥਾ ਵਿਚ ਗੁਰਬਾਣੀ, ਗੁਰੂ ਇਤਿਹਾਸ ਅਤੇ ਗੁਰੂ ਮਰਿਆਦਾ ਮੁਤਾਬਿਕ ਵੱਡੇ ਲੋਕਤੰਤ੍ਰਿਕ ਸੁਧਾਰ ਕਰਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰਣੀ ਹੋਵੇਗੀ। ਜਿਸ ਨਾਲ ਅਸੀਂ ਪੰਥ ਦੇ ਮਜੂਦਾ ਅਤੇ ਭਵਿੱਖ ਦੇ ਮਾਮਲਿਆਂ ਲਈ ਗੁਰੂ ਨਾਨਕ ਸਾਹਿਬ ਦੇ ਫਲਸਫੇ ਮੁਤਾਬਿਕ ਸੰਸਾਰ ਦੇ ਸਾਮਣੇ ਆਪਣੀ ਹਾਸੋਹੀਣੇ ਹਲਾਤ ਪੈਦਾ ਕਰਣ ਤੋਂ ਬਚ ਸਕੀਏ ਤੇ ਆਪਣੀ ਤਾਕਤ ਪੰਥਕ ਏਕਤਾ ਦੇ ਰੂਪ ਵਿਚ ਵੱਧਾ ਸਕੀਏ।


ਸਭ ਤੋ ਪਹਿਲਾ ਸੁਧਾਰ ਲਈ ਪੰਚ ਪ੍ਰਧਾਨੀ ਵਿਵਸਥਾ ਲਈ ਸੇਵਾ ਕਾਰਨ ਵਾਲੇ ਜਥੇਦਾਰਾਂ, ਸਿੰਘਂ/ਸਿੰਘਣਿਆਂ ਦੀ ਨਾਮਜ਼ਦਗੀ ਲਈ ਕਮ ਸੇ ਕਮ ਕਾਬਲੀਅਤ ਨਿਰਧਾਰਿਤ ਕਰਣ ਅਤੇ ਚੋਣ ਲਈ ਨੇਮ ਤਿਆਰ ਕੀਤੇ ਜਾਣ, ਕੋਈ ਵੀ ਰਾਜਨੀਤਕ ਪ੍ਰਭਾਵ ਨਾ ਤੇ ਮਨਿਆ ਜਾਵੇ ਤੇ ਨਾ ਪੈਣ ਦਿੱਤਾ ਜਾਵੇ । ਐਸੇ ਸਖ਼ਤ ਨੇਮ ਤਿਆਰ ਕੀਤੇ ਜਾਣ । ਦੂਸਰਾ ਜੋ ਸਭ ਤੋਂ ਵਡਾ ਤੇ ਜਰੂਰੀ ਕੰਮ ਹੈ ਉਹ ਹੈ ਕਿ ਇਹ ਪੰਥਕ ਨੁਮਾਇੰਦੇ ਕਿਹੜੇ ਢੰਗ ਨਾਲ ਆਪਣੇ ਕੰਮ ਕਰਨਗੇ, ਇਸ ਦੇ ਨੇਮ ਪੱਕੇ ਨਿਰਧਾਰਤ ਹੋਣੇ ਚਾਹੀਦੇ ਹਨ । ਜਿਸ ਨਾਲ ਇਨ੍ਹਾਂ ਦੀ ਕਾਰਜਵਿਧੀ ਨਿਰਧਾਰਿਤ ਕੀਤੀ ਜਾਂ ਸਕੇ । ਤੀਜਾ ਤੇ ਸਭ ਤੂੰ ਵਡਾ ਕੰਮ ਇਨ੍ਹਾਂ ਪੰਥਕ ਨੁਮਿਆਂਦੇ ਆਪਣੇ ਪਰਵਾਰ ਸਮੇਤ ਆਪਣੀ ਮਲਕੀਅਤ ਦੀ ਪੰਥ ਦੇ ਸਨਮੁਖ ਇਕਰਾਰ ਕਰਨ ਦੇ ਸਖਤ ਨੇਮ ਹੋਣੇ ਚਾਹੀਦੇ ਹਨ ਜਿਸ ਨਾਲ ਇਹ ਪੰਥਕ ਨੁਮਾਇੰਦੇ ਕੋਡੀਆ ਦੇ ਭਾਅ ਪੰਥ ਦੀਆਂ ਪ੍ਰੰਪਰਾਵਾਂ ਨੂੰ ਆਸਾਨੀ ਨਾਲ ਵੇਚ ਨਾ ਸਕਣ।


ਜੇ ਅਸੀਂ ਪੰਥਕ ਤੋਰ ਤੇ ਸਾਰੇ ਲੋਕ ਮਿਲ ਕੇ ਪੰਥਕ ਨੁਮਾਇੰਦਿਆਂ ਦੀ ਨਿਯੁਕਤੀ, ਕਾਰਜਸ਼ੈਲੀ ਤੇ ਭ੍ਰਿਸ਼ਟਾਚਾਰ ਸੰਬੰਧੀ ਸਖਤ ਨੇਮ ਬਨਾਣ ਦੀ ਮੰਗ ਕਰਾਂਗ ਤੇ ਬਣਾਵਾਗੇ ਤਾਂ ਹੀ ਕੋਈ ਕੰਮ ਅਸੀਂ ਪੰਥਕ ਤੌਰ ਤੇ ਪੰਥਕ ਮਰਿਯਾਦਾ ਅਤੇ ਏਕਤਾ ਦੇ ਸੰਬੰਧ ਵਿਚ ਕਰ ਕੇ ਸੰਸਾਰ ਦੀ ਸਭ ਤੋ ਪੁਰਾਣੀ ਗੁਰੂ ਨਾਨਕ ਦੀ ਲੋਕਤੰਤ੍ਰਿਕ ਵਿਵਸਥਾ ਨੂੰ ਕਾਇਮ ਰੱਖਣ ਵਿਚ ਸਫਲ ਹੋ ਸਕਾਂਗੇ ਨਹੀਂ ਤਾਂ ਖਾਮਿਆਜਾ ਸਾਨੂੰ ਕਲਗੀਧਰ ਪਾਤਸ਼ਾਹ ਦੇ ਪੰਥ ਦੀ ਕੀਮਤ ਦੇ ਕੇ ਚੁਕਾਣਾ ਪਵੇਗਾ ਕਿਉਂ ਕਿ ਕੋਈ ਨਾ ਕੋਈ ਰਾਜਨੀਤਿਕ ਕਰਿੰਦਾ ਆਪਣਾ ਨੁਮਾਇੰਦੇ ਨੂੰ ਪੰਥ ਦਾ ਆਖ ਕੇ ਸਾਡੇ ਗਲੇ ਪਾਈ ਰੱਖੇਗਾ ਤੇ ਅਸੀਂ ਚੁੱਪ ਚਾਪ ਤਮਾਸ਼ਾ ਦੇਖ ਦੇ ਹੋਏ ਪੰਥ ਦੇ ਉਜਾੜੇ ਦੇ ਤਮਾਸ਼ਬੀਨ ਬਣੇ ਰਾਵਾਂਗੇ ।


ਮਨਮੀਤ ਸਿੰਘ ਕਾਨਪੁਰ।
+91 8687666900
.