.

ਸਿੱਖ ਧਰਮ ਵਿੱਚ ਡੇਰਾਵਾਦ

ਹਾਕਮ ਸਿੰਘ

ਇਹ ਸਮਝਿਆ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਡੇਰਾਵਾਦ ੨੦ਵੀਂ ਸਦੀ ਦੀ ਉਪਜ ਹੈ। ਇਹ ਵਿਚਾਰ ਸਹੀ ਨਹੀਂ ਹੈ। ਡੇਰਾਵਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੇ ਹੀ ਫੈਲਣ ਲੱਗ ਪਿਆ ਸੀ। ਡੇਰਾਵਾਦ ਦੇ ਤਿੰਨ ਮੁੱਖ ਲੱਛਣ ਹਨ: (੧) ਇਹ ਪ੍ਰਭਾਵਸ਼ਾਲੀ ਉਪਾਧੀ ਵਾਲੀ ਧਾਰਮਕ ਗੱਦੀ ਤੇ ਨਿਰਭਰ ਕਰਦਾ ਹੈ। (੨) ਉਹ ਗੱਦੀ ਪ੍ਰਸਿਧ ਧਾਰਮਕ ਵਿਚਾਰਧਾਰਾ ਨੂੰ ਨਿਰੂਪਨ ਕਰਨ ਵਾਲੇ ਗ੍ਰੰਥ ਤੇ ਆਸਰਤ ਹੁੰਦੀ ਹੈ, ਅਤੇ (੩) ਡੇਰੇ ਦਾ ਮਨੋਰਥ ਅਕਸਰ ਧਾਰਮਕ ਵਿਚਾਰਧਾਰਾ ਦੇ ਸੰਚਾਰ ਦਾ ਭਰਮ ਪਾ ਕੇ ਆਪਣੇ ਸਾਧਨ, ਸੰਪੱਤੀ, ਸਮਾਜਕ ਪ੍ਰਭਾਵ ਅਤੇ ਸ਼ਕਤੀ ਵਧਾਉਣਾ ਹੁੰਦਾ ਹੈ। ਗੁਰ ਪ੍ਰਵਾਰਾਂ ਵਿੱਚ ਗੁਰਮਤ ਵਿਰੋਧੀਆਂ ਵਲੋਂ ਗੁਰਗੱਦੀ ਅਤੇ ਸੰਪੱਤੀ ਨੂੰ ਲੈਕੇ ਦੌੜ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਲੱਗ ਗਈ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਹਿੰਸਕ ਰੂਪ ਧਾਰਨ ਕਰ ਗਈ। ਗੁਰਮਤ ਵਿਚਾਰਧਾਰਾ ਦੀ ਬਾਣੀ ਰੂਪ ਪੋਥੀ ਸਾਹਿਬ ਦੀ ਮਲਕੀਅਤ ਨੂੰ ਲੈਕੇ ਵਿਵਾਦ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਵਾਰ ਨੇ ਛੇੜਿਆ ਸੀ। ਬੰਦਾ ਬਹਾਦਰ ਦੀ ਨੀਤੀ ਨੇ ਗੁਰਮਤ ਦੇ ਸਾਰੇ ਧਾਰਨੀਆਂ ਦੀ ਨਸਲਕੁਸ਼ੀ ਕਰਵਾ ਦਿੱਤੀ ਜਿਸ ਤੇ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤਾ ਗੁਰਮਤ ਵਿਚਾਰਧਾਰਾ ਦਾ ਸੰਚਾਰ ਬੰਦ ਹੋ ਗਿਆ ਅਤੇ ਨਿਰਮਲੇ ਅਤੇ ਉਦਾਸੀ ਸਾਧੂਆਂ ਨੇ ਸਿੱਖ ਧਰਮ ਦੇ ਡੇਰੇ ਸਥਾਪਤ ਕਰਕੇ ਗੁਰਬਾਣੀ ਨੂੰ ਸਨਾਤਨੀ ਪਰੰਪਰਾ ਅਨੁਸਾਰ ਢਾਲ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਨਿਰਮਲੇ, ਉਦਾਸੀ ਅਤੇ ਗੁਰਮਤ ਵਿਰੋਧੀ ਗੁਰ ਪ੍ਰਵਾਰਾਂ ਦੇ ਸਦੱਸਾਂ ਵਲੋਂ ਸਥਾਪਤ ਸਿੱਖ ਧਰਮ ਦੇ ਡੇਰਿਆਂ ਨੂੰ ਸਿੱਖ ਮਿਸਲਦਾਰਾਂ, ਮਹਾਰਾਜਾ ਰਣਜੀਤ ਸਿੰਘ ਅਤੇ ਫੂਲਕਿਆਂ ਰਾਜਿਆਂ ਨੇ ਜਾਗੀਰਾਂ ਲਾ ਕੇ ਜਾਂ ਮਾਇਕ ਸਹਾਇਤਾ ਦੇ ਕੇ ਹੋਰ ਪ੍ਰਸਿਧ ਅਤੇ ਸ਼ਕਤੀਸ਼ਾਲੀ ਬਣਾ ਦਿੱਤਾ। ਸਿੰਘ ਸਭਾਵਾਂ ਨੇ ਉਸੇ ਡੇਰਾਵਾਦ ਅਤੇ ਉਸ ਦੀ ਵਿਚਾਰਧਾਰਾ ਵਿਰੁਧ ਪ੍ਰਚਾਰ ਕਰਕੇ ਸਿੱਖਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਸੀ। ਪਰ ਸਿੰਘ ਸਭਾਵਾਂ ਦੀਆਂ ਕਾਰਵਾਈਆਂ ਗੁਰਮਤ ਸੰਚਾਰ ਨਾਲੋਂ ਵਧੇਰੇ ਡੇਰਿਆਂ ਦੀ ਸੰਪੱਤੀ ਤੋਂ ਨਿਰਮਲੇ ਅਤੇ ਉਦਾਸੀਆਂ ਦਾ ਕਬਜ਼ਾ ਹਟਾਉਣ ਤੇ ਕੇਂਦਰਤ ਹੋ ਗਈਆਂ। ਸਿੰਘ ਸਭਾਵਾਂ ਵਲੋਂ ਛੇੜਿਆ ਗੁਰਦੁਆਰਾ ਸੰਪੱਤੀ ਦੀ ਮਲਕੀਅਤ ਦਾ ਵਿਵਾਦ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਦਾ ਸਿਆਸੀ ਰੂਪ ਧਾਰਨ ਕਰ ਗਿਆ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਤੇ ਗੁਰਦੁਆਰਾ ਕਨੂੰਨ ਬਣਿਆ ਜਿਸ ਤਹਿਤ ਇਤਹਾਸਕ ਗੁਰਦੁਆਰੇ ਪੰਜਾਬ ਸਰਕਾਰ ਦੀ ਮਲਕੀਅਤ ਹੋ ਗਏ ਅਤੇ ਉਨ੍ਹਾਂ ਦਾ ਪ੍ਰਬੰਧ ਸਿੱਖਾਂ ਵਲੋਂ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਿਆ। ਸ੍ਰੋਮਣੀ ਕਮੇਟੀ ਇਤਹਾਸਕ ਗੁਰਦੁਆਰਿਆਂ ਦੀ ਪ੍ਰਬੰਧਕ ਬਣ ਕੇ ਇੱਕ ਬਹੁਤ ਵੱਡੇ ਡੇਰੇ ਵਾਂਗ ਵਿਚਰਣ ਲੱਗ ਪਈ। ਉਸ ਨੇ ਗੁਰੂ ਗ੍ਰੰਥ ਸਾਹਿਬ ਅਤੇ ਉਸ ਦੀ ਬਾਣੀ ਨੂੰ ਆਪਣੀ ਮਲਕੀਅਤ ਬਣਾ ਲਿਆ, ਗੁਰਗੱਦੀ ਨੂੰ ਇੱਕ ਜਥੇਦਾਰੀ ਸੰਸਥਾ ਵਿੱਚ ਬਦਲ ਦਿੱਤਾ ਅਤੇ ਆਪਣੀ ਸੰਪੱਤੀ ਅਤੇ ਆਮਦਨੀ ਵਿੱਚ ਵਾਧਾ ਕਰਨ ਲਈ ਇਤਹਾਸਕ ਗੁਰਦੁਆਰਿਆਂ ਦੇ ਨਾਲ ਵਧੇਰੀ ਆਮਦਨੀ ਵਾਲੇ ਗੁਰਦੁਆਰਿਆਂ ਨੂੰ ਅਧੀਨ ਕਰਨ ਲਈ ਗੁਰਦੁਆਰਾ ਕਨੂੰਨ ਵਿੱਚ ਸੋਧ ਕਰਵਾ ਲਈ। ਸ਼੍ਰੋਮਣੀ ਕਮੇਟੀ ਦੀਆਂ ਕਾਰਵਾਈਆਂ ਦੇ ਤੌਖਲੇ ਅਤੇ ਪ੍ਰਭਾਵ ਨੇ ਪੰਜਾਬ ਵਿੱਚ ਡੇਰਿਆਂ ਦੇ ਗੁਰਦੁਆਰੇ ਸਥਾਪਤ ਕਰਨ ਅਤੇ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਬਦਲਣ ਦੀ ਦੌੜ ਲਵਾ ਦਿੱਤੀ। ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਪੰਜਾਬ ਵਿੱਚ ਡੇਰਿਆਂ ਦਾ ਜਾਲ ਵਿਛ ਗਿਆ।
ਸ਼੍ਰੋਮਣੀ ਕਮੇਟੀ ਅਤੇ ਡੇਰਿਆਂ ਵਲੋਂ ਪ੍ਰਚਾਰੇ ਜਾਂਦੇ ਸਿੱਖ ਧਰਮ ਅਤੇ ਗੁਰਮਤ ਵਿੱਚ ਮੂਲ ਅੰਤਰ ਹੈ। ਗੁਰਮਤ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਸਾਰ ਕਰਦੀ ਹੈ। ਡੇਰੇ ਗੁਰਬਾਣੀ ਦੀ ਵਿਆਖਿਆ ਸਿੱਖ ਇਤਹਾਸ ਆਖੀਆਂ ਜਾਂਦੀਆਂ ਕਹਾਣੀਆਂ ਨਾਲ ਕਰਦੇ ਹਨ, ਜਿਸ ਨੂੰ ਉਹ ਸਿੱਖ ਧਰਮ ਦਾ ਨਾਂ ਦਿੰਦੇ ਹਨ। ਅਸਲ ਵਿੱਚ ਉਹ ਗੁਰਬਾਣੀ ਦੀ ਵਿਆਖਿਆ ਨਹੀਂ ਕਰਦੇ ਬਲਕਿ ਸਿੱਖ ਇਤਹਾਸ ਨੂੰ ਇੱਕ ਪ੍ਰਭਾਵਸ਼ਾਲੀ ਧਾਰਮਕ ਲਹਿਰ ਦਾ ਰੂਪ ਦੇਣ ਅਤੇ ਸਰੋਤਿਆਂ ਨੂੰ ਭਾਵਕ ਕਰਕੇ ਸਿੱਖ ਇਤਹਾਸ ਅਤੇ ਡੇਰਾ ਸਭਿਆਚਾਰ ਪ੍ਰਤੀ ਸ਼ਰਧਾ ਉਤੇਜਤ ਕਰਨ ਲਈ ਗੁਰਬਾਣੀ ਦੀ ਵਰਤੋਂ ਕਰਦੇ ਹਨ। ਡੇਰਿਆ ਦਾ ਸਿੱਖ ਇਤਹਾਸ ਸਹੀ ਅਤੇ ਯਥਾਰਥਕ ਤੱਥਾਂ ਤੇ ਆਧਾਰਤ ਨਹੀਂ ਹੁੰਦਾ। ਉਹ ਤੇ ਕਰਾਮਾਤਾਂ, ਮਿਥਹਾਸਕ ਵਾਰਦਾਤਾਂ ਅਤੇ ਇਤਹਾਸਕ ਤੱਥਾਂ ਦਾ ਡੇਰੇ ਦੇ ਬਾਬੇ ਦੀ ਪ੍ਰਸਿੱਧੀ ਵਧਾਉਣ ਵਾਲਾ ਮਿਲਗੋਭਾ ਹੁੰਦਾ ਹੈ।
ਜਦੋਂ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਤਾਂ ਅਕਾਲੀ ਦਲ ਸਿੱਖ ਪੰਥ ਦੀ ਰਾਜਸੀ ਪਾਰਟੀ ਵਜੋਂ ਸਥਾਪਤ ਕੀਤਾ ਗਿਆ ਸੀ। ਉਸ ਵੇਲੇ ਸਿੱਖ ਜਗਤ ਵਿੱਚ ਇਹ ਵਿਸ਼ਵਾਸ ਪ੍ਰਚਲਤ ਕੀਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਸੇਧ ਦੇਵੇਗੀ ਕਿਊਂਕੇ ਸਿੱਖ ਧਰਮ ਵਿੱਚ ਮੀਰੀ ਪੀਰੀ ਦੇ ਅਧੀਨ ਹੁੰਦੀ ਹੈ। ਪਰ ਇਹ ਨਿਰਾ ਭਰਮਾਊ ਅਤੇ ਗੁਮਰਾਹਕੁਨ ਪ੍ਰਚਾਰ ਸੀ ਕਿਊਂਕੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਗਿਆ ਅਤੇ ਕਮੇਟੀ ਨੂੰ ਆਪਣੀਆਂ ਸਿਆਸੀ ਚਾਲਾਂ ਲਈ ਵਰਤਣ ਲੱਗ ਪਿਆ।
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ, ਕਾਲਜ ਅਤੇ ਹਸਪਤਾਲ ਖੋਲੇ ਹੋਏ ਹਨ। ਕਮੇਟੀ ਵਾਂਗ ਡੇਰੇ ਵੀ ਸਮਾਜ ਸੇਵਾ ਕਰਦੇ ਹਨ। ਉਹ ਆਪਣੇ ਸ਼ਰਧਾਲੂਆਂ ਦੇ ਪ੍ਰਵਾਰਕ ਝਗੜੇ ਨਿਪਟਾਉਂਦੇ ਹਨ, ਰਿਸ਼ਤੇ ਤਹਿ ਕਰਵਾਉਂਦੇ ਹਨ, ਬੀਮਾਰੀਆਂ ਦੂਰ ਕਰਨ, ਨੌਕਰੀਆਂ ਦਿਵਾਉੇਣ, ਬਦਲੀਆਂ ਕਰਵਾਉਣ, ਵਿਦੇਸ਼ਾਂ ਵਿੱਚ ਜਾਣ ਵਿੱਚ ਸ਼ਰਧਾਲੂਆਂ ਦੀ ਸਹਾਇਤਾ ਕਰਦੇ ਹਨ। ਆਪਣੇ ਵੋਟ ਬੈਂਕਾਂ ਰਾਹੀਂ ਸਰਕਾਰ ਵਿੱਚ ਰਸੂਖ ਵਧਾਉਂਦੇ ਹਨ ਅਤੇ ਸਰਕਾਰ ਤੋਂ ਆਪਣੇ ਸ਼ਰਧਾਲੂਆਂ ਦੇ ਕੰਮ ਕਰਵਾਉਂਦੇ ਹਨ।
ਅਜੋਕਾ ਸਿੱਖ ਧਰਮ ਡੇਰਿਆਂ ਦੇ ਨਾਲ ਨਾਲ ਬੁਹਤ ਸਾਰੀਆਂ ਸੰਪ੍ਰਦਾਵਾਂ ਅਤੇ ਸੰਸਥਾਵਾਂ ਵਿੱਚ ਵੀ ਵੰਡਿਆ ਹੋਇਆ ਹੈ। ਮੁੱਖ ਸੰਪ੍ਰਦਾਵਾਂ ਵਿੱਚ ਉਦਾਸੀ, ਸੇਵਾਪੰਥੀ, ਨਿਰਮਲੇ, ਗਿਆਨੀ ਸੰਪ੍ਰਦਾ, ਨਿਹੰਗ ਸਿੰਘ, ਨਾਮਧਾਰੀ, ਰਾਧੇ ਸੁਆਮੀ, ਨਿਰੰਕਾਰੀ, ਸਹਿਜਧਾਰੀ, ਦਮਦਮੀ ਟਕਸਾਲ, ਦਲ ਖਾਲਸਾ, ਰਾਸ਼ਟਰੀ ਸਿੱਖ ਸੰਗਤ, ਮਿਸ਼ਨਰੀ, ਆਦਿ ਆਉਂਦੇ ਹਨ। ਕਈ ਧਾਰਮਕ ਸੰਸਥਾਵਾਂ, ਵਿਦਿਅਕ ਸੰਸਥਾਵਾਂ ਦੇ ਧਾਰਮਕ ਵਿਭਾਗ ਅਤੇ ਜਾਗਰੂਕ ਵਿਅਕਤੀ ਵੀ ਸਿੱਖ ਧਰਮ ਨਾਲ ਸਬੰਧਤ ਹਨ। ਸਾਰੀਆਂ ਸੰਪ੍ਰਦਾਵਾਂ, ਡੇਰੇ ਅਤੇ ਸੰਸਥਾਵਾਂ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨਦੇ ਹਨ ਜਾਂ ਉਸ ਦਾ ਪੂਰਾ ਸਤਕਾਰ ਕਰਦੇ ਹਨ ਅਤੇ ਇਨ੍ਹਾਂ ਦੇ ਪੈਰੋਕਾਰ ਸਿੱਖ ਅਖਵਾਉਂਦੇ ਹਨ। ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਇਨ੍ਹਾਂ ਸਾਰੇ ਸਿੱਖਾਂ ਨੂੰ ਮਿਲਾ ਕੇ ਹੀ ਬਣਦਾ ਹੈ।
ਡੇਰਿਆਂ ਦੇ ਸਾਰੇ ਬਾਬੇ ਦੰਭੀ ਅਤੇ ਪਾਖੰਡੀ ਨਹੀਂ ਹਨ। ਕਈ ਇੱਕ ਗੁਰਮਤ ਨੂੰ ਸਮ੍ਰਪਤ ਵੀ ਹਨ ਅਤੇ ਗੁਰਬਾਣੀ ਦਾ ਸਹੀ ਪ੍ਰਚਾਰ ਕਰਨ ਦਾ ਯਤਨ ਕਰਦੇ ਹਨ। ਪਰ ਡੇਰਿਆਂ ਵਿੱਚ ਬਾਬਾਵਾਦੀ ਸਭਿਆਚਾਰ ਦਾ ਪ੍ਰਬਲ ਪ੍ਰਭਾਵ ਹੋਣ ਕਾਰਨ ਗੁਰਬਾਣੀ ਦਾ ਪ੍ਰਚਾਰ ਅਕਸਰ ਵਿਅਕਤੀਗਤ ਪੂਜਾ ਨਾਲ ਰਲਗੱਡ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਡੇਰੇ ਹੀ ਗੁਰਬਾਣੀ ਨੂੰ ਬਾਬਾਵਾਦ ਵਿੱਚ ਰਲਗੱਡ ਕਰਕੇ ਲੋਕਾਂ ਨੂੰ ਗੁਮਰਾਹ ਨਹੀਂ ਕਰਦੇ ਸਾਰੀਆਂ ਹੀ ਧਾਰਮਕ ਸੰਸਥਾਵਾਂ ਨੂੰ ਐਸਾ ਕਰਨਾ ਪੈ ਜਾਂਦਾ ਹੈ। ਅਸਲ ਵਿੱਚ ਕੋਈ ਵੀ ਸੰਸਥਾ ਅਤੇ ਸਮਾਜਕ ਇੱਕਾਈ ਗੁਰਮਤ ਦਾ ਸਹੀ ਪ੍ਰਸਾਰ ਕਰਨਯੋਗ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਗੁਰਮਤ ਪ੍ਰਸਾਰ ਲਈ ਬਣਾਈ ਹਰ ਸੰਸਥਾ ਦੀ ਹੋਂਦ, ਉਸ ਦੀ ਰਖਿੱਆ, ਬੇਹਤਰੀ, ਪ੍ਰਸਿੱਧੀ ਅਤੇ ਬੜ੍ਹਾਵਾ ਉਸ ਲਈ ਪਹਿਲੀ ਕੁਦਰਤੀ ਲੋੜ ਹੁੰਦੇ ਹਨ, ਜਿਸ ਲਈ ਬਹੁਤ ਵੇਰ ਉਸ ਨੂੰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ। ਗੁਰਮਤ ਦਾ ਪ੍ਰਸਾਰ ਸੰਸਥਾ ਦੀਆਂ ਕੁਦਰਤੀ ਲੋੜਾਂ ਦੀ ਪੂਰਤੀ ਤੇ ਨਿਰਭਰ ਹੋਣ ਕਾਰਨ ਉਨ੍ਹਾਂ ਦੇ ਅਧੀਨ ਹੁੰਦਾ ਹੈ। ਉਨ੍ਹਾਂ ਲੋੜਾਂ ਵਿੱਚ ਧਨ, ਇਮਾਰਤਾਂ, ਅਮਲਾ ਅਤੇ ਪ੍ਰਚਾਰ ਦੇ ਸਾਧਨ ਆਉਂਦੇ ਹਨ। ਗੁਰਮਤ ਦੇ ਪ੍ਰਸਾਰ ਅਤੇ ਸੰਸਥਾ ਦੀਆਂ ਕੁਦਰਤੀ ਲੋੜਾਂ ਵਿੱਚ ਕੋਈ ਸਾਂਝ ਨਾ ਹੋਣ ਕਾਰਨ ਉਨ੍ਹਾਂ ਵਿੱਚ ਟਕਰਾ ਦੀ ਸੰਭਾਵਨਾ ਬਣੀ ਰਹਿੰਦੀ ਹੈ। ਟਕਰਾ ਦੀ ਸਥਿਤੀ ਪੈਦਾ ਹੋਣ ਤੇ ਸੰਸਥਾ ਨੂੰ ਗੁਰਮਤ ਪ੍ਰਸਾਰ ਨੂੰ ਨਜ਼ਰ ਅੰਦਾਜ਼ ਕਰਨ ਜਾਂ ਗੁਰਮਤ ਦਾ ਵਿਰੋਧ ਕਰਨ ਨੂੰ ਤਰਜੀਹ ਦੇਣੀ ਪੈਂਦੀ ਹੈ। ਗੁਰਦੁਆਰੇ ਅਤੇ ਸਿੱਖ ਧਰਮ ਦੀਆਂ ਦੂਜੀਆਂ ਸੰਸਥਾਵਾਂ ਇਹੋ ਕੁੱਝ ਕਰਦੀਆਂ ਆ ਰਹਿਆਂ ਹਨ। ਇਹ ਕੋਈ ਅਨੋਖੀ ਗੱਲ ਵੀ ਨਹੀਂ ਹੈ ਕਿਊਂਕੇ ਗੁਰਬਾਣੀ ਨੇ ਤੇ ਪਹਿਲੋਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਸੰਸਾਰਕ ਵਿਊਂਤਾਂ ਰਾਹੀਂ ਗੁਰਮਤ ਪ੍ਰਸਾਰ ਕਰਨਾ ਸੰਭਵ ਨਹੀਂ ਹੁੰਦਾ। ਗੁਰਵਾਕ ਹਨ: “ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ॥ ਪਾਖੰਿਡ ਮੈਲੁ ਨ ਚੁਕਈ ਭਾਈ ਅੰਤਰਿ ਮੈਲੁ ਵਿਕਾਰੀ॥” (ਪੰ: ੬੩੫); “ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥” (ਪੰ: ੭੪੭) ਅਤੇ “ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ॥” (ਪੰ: ੪੧੯)। ਗੁਰਬਾਣੀ ਵਿੱਚ ਸਿੱਖ ਧਰਮ ਦੇ ਸੰਸਥਾਗਤ ਗੁਰਦੁਆਰਿਆਂ ਅਤੇ ਸਮਾਜਕ ਪੰਥ ਦਾ ਕੋਈ ਸੰਕਲਪ ਨਹੀਂ ਹੈ। ਗੁਰਬਾਣੀ ਵਿੱਚ ਤੇ ਧਰਮਸਾਲ ਅਤੇ ਸਤ ਸੰਗਤਿ ਦੇ ਸੰਕਲਪ ਹਨ। ਧਰਮਸਾਲ ਕੋਈ ਇਮਾਰਤ ਜਾਂ ਸੰਸਥਾਗਤ ਗੁਰਦੁਆਰਾ ਨਹੀਂ ਹੁੰਦੀ ਅਤੇ ਨਾ ਹੀ ਸੰਗਤ ਕੋਈ ਸੰਗਠਤ ਸੰਸਥਾ ਹੁੰਦੀ ਹੈ। ਧਰਮਸਾਲ ਬਾਰੇ ਗੁਰਬਾਣੀ ਦਾ ਫਰਮਾਨ ਹੈ: “ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿੱਚ ਧਰਤੀ ਥਾਪ ਰਖੀ ਧਰਮਸਾਲ॥” (ਪੰ: ੩੪) ਅਤੇ “ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥ ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨ ਗਾਵਹੇ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥” (ਪੰ: ੨੪੮) ਅਤੇ ਸਤ ਸੰਗਤਿ ਬਾਰੇ ਫਰਮਾਨ ਹੈ: “ਸਤ ਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ॥” (ਪੰ: ੧੨੪੪)। ਗੁਰੂ ਸਾਹਿਬਾਨ ਨੇ ਵੀ ਕੋਈ ਪੱਕੀ ਸੰਸਥਾ ਸਥਾਪਤ ਨਹੀਂ ਕੀਤੀ ਸੀ। ਉਹ ਤੇ ਆਪਣੇ ਟਿਕਾਣੇ ਬਦਲਦੇ ਰਹੇ ਸਨ ਤਾਂ ਜੋ ਸੰਪੱਤੀ ਅਤੇ ਧਨ ਦੇ ਪ੍ਰੇਮੀ ਉਨ੍ਹਾਂ ਤੇ ਕਬਜ਼ੇ ਕਰਕੇ ਆਪਣੀਆਂ ਇੱਛਾਵਾਂ ਦੀ ਪੂਰਤੀ ਦਾ ਆਨੰਦ ਮਾਨ ਸਕਣ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਗੁਰਬਾਣੀ ਦੇ ਲੜ ਲਾ ਕੇ ਸਵੈਰਖਿੱਆ ਦੇ ਯੋਗ ਬਨਾਉਣ ਦਾ ਯਤਨ ਕੀਤਾ ਸੀ ਕੋਈ ਸੰਸਥਾ
(Institution) ਕਾਇਮ ਨਹੀਂ ਕੀਤੀ ਸੀ। ਗੁਰੂ ਸਾਹਿਬਾਨ ਗੁਰਬਾਣੀ ਉਪਦੇਸ਼ ਅਨੁਸਾਰ ਮਨੁੱਖੀ ਏਕਤਾ ਅਤੇ ਸੁਤੰਤਰਤਾ ਦਾ ਉਪਦੇਸ਼ ਕਰਦੇ ਸਨ।
ਇਹ ਪ੍ਰਸ਼ਨ ਉਠਣਾ ਸੁਭਾਵਕ ਹੈ ਕਿ ਜੇਕਰ ਕੋਈ ਵੀ ਸਮਾਜਕ ਇੱਕਾਈ ਗੁਰਮਤ ਦਾ ਪ੍ਰਸਾਰ ਕਰਨਯੋਗ ਨਹੀਂ ਹੁੰਦੀ ਤਾਂ ਫਿਰ ਸਿੱਖ ਧਰਮ ਦੀ ਕੀ ਪ੍ਰਾਸੰਗਕਤਾ ਹੋਈ? ਸਿੱਖ ਧਰਮ ਦੀ ਪ੍ਰਾਸੰਗਕਤਾ ਹੈ ਕਿਊਂਕੇ ਸਿੱਖ ਧਰਮ ਗੁਰਬਾਣੀ ਨੂੰ ਆਧਾਰ ਮੰਨਦਾ ਹੈ ਅਤੇ ਪੰਜਾਬੀ ਸਭਿਆਚਾਰ ਵਿੱਚ ਐਹਮ ਰੋਲ ਅਦਾ ਕਰਦਾ ਹੈ। ਸਿੱਖ ਸਭਿਆਚਾਰ ਸਿੱਖ ਧਰਮ ਦੀ ਦੇਣ ਹੈ ਅਤੇ ਉਹ ਹੀ ਲੋਕਾਂ ਦੀ ਸਿੱਖ ਇਤਹਾਸ, ਸਿੱਖ ਧਰਮ ਅਤੇ ਗੁਰਬਾਣੀ ਨਾਲ ਜਾਣ ਪਛਾਣ ਕਰਾਉਂਦਾ ਹੈ। ਉਹ ਸਿੱਖ ਧਰਮ ਦੀ ਚਟਸਾਲ ਬਣਿਆ ਹੋਇਆ ਹੈ। ਉਸ ਵਿੱਚ ਹੀ ਮਨੁੱਖ ਦੀ ਅਗਵਾਈ ਕਰਨ ਵਾਲਾ ਗੁਰ ਉਪਦੇਸ਼, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਪ੍ਰਚਲਤ ਹੈ। ਕਈ ਥਾਵਾਂ ਤੇ ਭਾਣਾ ਮੰਨਣ ਵੀ ਪ੍ਰਚਲਤ ਹੈ। ਸਿੱਖਾਂ ਦੀ ਬਹੁ-ਗਿਣਤੀ ਧਾਰਮਕ ਆਖੀਆਂ ਜਾਂਦੀਆਂ ਸਮਾਜਕ ਗਤੀਵਿਧੀਆਂ ਅਤੇ ਡੇਰਿਆਂ ਤੋਂ ਗੁਰਬਾਣੀ ਬਾਰੇ ਜਾਣਕਾਰੀ ਪ੍ਰਾਪਤ ਕਰਦੀ ਹੈ। ਉਨ੍ਹਾਂ ਵਿਚੋਂ ਬਹੁਤੇ ਸਿੱਖ ਆਪਣੀਆਂ ਸੰਸਾਰਕ ਇਛਾਵਾਂ ਦੀ ਪੂਰਤੀ ਦੀ ਕਾਮਨਾ ਕਰਨ ਵਾਲੇ ਹੁੰਦੇ ਹਨ। ਕੁੱਝ ਲੋਕ ਸਿੱਖ ਸੰਪ੍ਰਦਾਵਾਂ ਦੀਆਂ ਸਿਖਿਆਵਾਂ ਤੋਂ ਪ੍ਰਭਾਵਤ ਹਨ ਅਤੇ ਕਈ ਸਿੱਖ ਇਤਹਾਸ ਦੇ ਪ੍ਰਸੰਸਕ ਹਨ। ਬਹੁਤੇ ਸਿੱਖ ਸ਼ਰਧਾਲੂ ਗੁਰਬਾਣੀ ਅਤੇ ਗੁਰਦੁਆਰਿਆ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਵਖੋ ਵਖਰੇ ਢੰਗਾਂ ਦੁਆਰਾ ਕਰਦੇ ਹਨ, ਜਿਵੇਂ ਨਿਤਨੇਮ ਕਰਕੇ, ਗੁਰਦੁਆਰਿਆਂ ਦੇ ਦਰਸ਼ਨ ਕਰਕੇ, ਕੀਰਤਨ, ਪਾਠ ਜਾਂ ਗੁਰਬਾਣੀ ਦੀ ਵਿਆਖਿਆ ਸੁਣ ਕੇ ਅਤੇ ਗੁਰਬਾਣੀ ਉਪਦੇਸ਼ ਨੂੰ ਸਮਝਣ ਦੇ ਯਤਨਾਂ ਰਾਹੀਂ। ਬਹੁਤਿਆਂ ਨੇ ਖੰਡੇ ਦੀ ਪਾਹੁਲ ਛੱਕੀ ਹੁੰਦੀ ਹੈ। ਸਿੱਖ ਸ਼ਰਧਾਲੂਆਂ ਵਿੱਚ ਪਰੰਪਰਾ ਦੇ ਉਪਾਸ਼ਕ ਵੀ ਹਨ ਅਤੇ ਜਾਗਰੂਕ ਵਿਅਕਤੀ ਵੀ। ਬਹੁਤ ਥੋੜ੍ਹੇ ਵਿਅਕਤੀ ਹਉਮੈ ਅਤੇ ਸੰਸਾਰਕ ਇੱਛਾਵਾਂ ਦਾ ਤਿਆਗ ਕਰਕੇ ਗੁਰਮਤ ਗਾਡੀ ਰਾਹ ਦੇ ਪਾਂਧੀ ਬਨਣ ਦੇ ਇਛੱਕ ਹੁੰਦੇ ਹਨ। ਜੋ ਵਿਰਲੇ ਇਸ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ ਉਹ ਗੁਰਮਤ ਦਾ ਮਾਰਗ ਅਪਨਾਉਣ ਵਿੱਚ ਸਫਲ ਹੋ ਜਾਂਦੇ ਹਨ।
ਸਿੱਖ ਧਰਮ ਵਿੱਚ ਡੇਰਿਆਂ ਦੀ ਬਹੁਤ ਆਲੋਚਨਾ ਕੀਤੀ ਜਾਂਦੀ ਹੈ। ਮਿਸ਼ਨਰੀ ਸੰਸਥਾਵਾਂ ਦਾ ਇੱਕ ਮੁੱਖ ਉਦੇਸ਼ ਡੇਰਿਆਂ ਦੀਆਂ ਰਹਿਤ ਮਰਿਆਦਾਵਾਂ ਨੂੰ ਅਪ੍ਰਮਾਣਤ ਪ੍ਰਚਾਰ ਕੇ ਸ਼੍ਰੋਮਣੀ ਕਮੇਟੀ ਦੀ ‘ਸਿੱਖ ਰਹਿਤ ਮਰਯਾਦਾ’ ਨੂੰ ਸਿੱਖ ਧਰਮ ਦਾ ਮੂਲ ਸਿੱਧ ਕਰਨਾ ਸੀ। ਮਿਸ਼ਨਰੀ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਸਿੱਖ ਧਰਮ ਦੀ ਮੁੱਖ ਸੰਸਥਾ ਸਮਝਦੀਆਂ ਸਨ ਅਤੇ ਉਸ ਦੀ ਰਹਿਤ ਮਰਯਾਦਾ ਨੂੰ ਸਿੱਖ ਧਰਮ ਦਾ ਆਧਾਰ। ਪਰ ਡੇਰੇ ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਤ ਨਾ ਹੋਏ।
ਡੇਰਿਆਂ ਦੀ ਆਲੋਚਨਾ ਤੇ ਕੀਤੀ ਜਾਂਦੀ ਹੈ ਪਰ ਉਨ੍ਹਾਂ ਦਾ ਕੋਈ ਕਾਰਗਰ ਅਤੇ ਮੰਨਣਯੋਗ ਬਦਲ ਪੇਸ਼ ਨਹੀਂ ਕੀਤਾ ਜਾਂਦਾ। ਜੇਕਰ ਡੇਰੇ ਏਨੇ ਹੀ ਬੁਰੇ ਹਨ ਤਾਂ ਲੋਕ ਡੇਰਿਆਂ ਵਲ ਕਿਊਂ ਆਕਰਸ਼ਤ ਹੋ ਜਾਂਦੇ ਹਨ ਅਤੇ ਡੇਰਿਆਂ ਦੇ ਸ਼ਰਧਾਲੂ ਆਲੋਚਕਾਂ ਨੂੰ ਸੁਨਣ ਅਤੇ ਪੜ੍ਹਣ ਤੋਂ ਇਨਕਾਰੀ ਕਿਊਂ ਹਨ? ਇਸ ਪੱਖੋਂ ਤੇ ਆਲੋਚਕ ਆਪਣਾ ਕੀਮਤੀ ਸਮਾਂ ਅਤੇ ਮਿਹਨਤ ਹੀ ਬਰਬਾਦ ਕਰ ਰਹੇ ਹੁੰਦੇ ਹਨ ਜਦੋਂ ਕਿ ਡੇਰਿਆਂ ਦੇ ਬਾਬੇ ਆਲੋਚਕਾਂ ਨੂੰ ਨਿੰਦਕ ਗਰਦਾਨ ਕੇ ਗੁਰਬਾਣੀ ਵਿਚੋਂ ਨਿੰਦਕਾਂ ਬਾਰੇ ਉਦਾਹਰਣਾਂ ਰਾਹੀਂ ਸ਼ਰਧਾਲੂਆਂ ਤੋਂ ਪ੍ਰਸਿਧੀ ਖੱਟ ਲੈਂਦੇ ਹਨ।
ਸਿੱਖ ਧਰਮ ਵਿੱਚ ਡੇਰਾਵਾਦ ਦੀ ਆਲੋਚਨਾ ਅਤੇ ਖੋਜ ਬਹੁਤੀ ਗੁਣਕਾਰੀ ਸਿੱਧ ਨਹੀਂ ਹੋ ਰਹੀ ਹੈ। ਇਸ ਸਮੱਸਿਆ ਦਾ ਕੋਈ ਹੋਰ ਕਾਰਗਰ ਹੱਲ ਹੋਣਾ ਚਾਹੀਦਾ ਹੈ। ਡੇਰਿਆਂ ਦੇ ਸੰਦਰਭ ਵਿੱਚ ਦੋ ਤੱਥ ਧਿਆਨਯੋਗ ਹਨ: ਇੱਕ, ਡੇਰਿਆਂ ਦੇ ਸ਼ਰਧਾਲੂ ਆਪਣੇ ਆਪ ਨੂੰ ਸਿੱਖ ਸਮਝਦੇ ਹਨ, ਅਤੇ ਦੂਜਾ, ਉਨ੍ਹਾਂ ਨੇ ਸਿੱਖ ਸਮਝੇ ਜਾਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਨਿਗਰ ਵਾਧਾ ਕੀਤਾ ਹੈ। ਡੇਰਿਆਂ ਦੀ ਆਲੋਚਨਾ ਬਾਰੇ ਗੁਰਬਾਣੀ ਦਾ ਇਹ ਉਪਦੇਸ਼ ਉਚਿੱਤ ਹੈ: “ਕਲਹਿ ਬੁਰੀ ਸੰਸਾਰਿਐ ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥” (ਪੰ: ੧੪੨); “ਕਤ ਝਖਿ ਝਖਿ ਅਉਰਨ ਸਮਝਾਵਾ॥ ਝਗਰੁ ਕੀਏ ਝਗਰਉ ਹੀ ਪਾਵਾ॥” (ਪੰ: ੩੪੧) ਅਤੇ “ਗੁਰਮੁਖਿ ਵੈਰ ਵਿਰੋਧ ਗਵਾਵੈ॥ ਗੁਰਮੁਖਿ ਸਗਲੀ ਗਣਤ ਮਿਟਾਵੈ॥” (ਪੰ: ੯੪੨)।




.