.

ਗੁਰਬਾਣੀ ਵਿੱਚ ਖਿਮਾ ਦਾ ਸੰਕਲਪ

(Sawan Singh Principal (Retired) 10561 Brier Lane, Santa Ana 92705, California, US [email protected])

ਵਾਹਿਗੁਰੂ ਨੇ ਅਸਾਨੂੰ ਉਤਸ਼ਾਹ, ਪ੍ਰੇਮ, ਮਿਲਣਸਾਰਤਾ, ਦਲੇਰੀ, ਅਕਲ, ਨਿਮਰਤਾ ਤੇ ਸਿਮਰਨ ਦੇ ਗੁਣਾਂ ਦੇ ਨਾਲ ਖਿਮਾ ਕਰਨ ਦਾ ਇੱਕ ਹੋਰ ਅਨਮੋਲ ਗੁਣ ਵੀ ਬਖਸ਼ਿਆ ਹੈ। ਇਹ ਇੱਕ ਅਜਿਹਾ ਗੁਣ ਹੈ ਜੋ ਕਈ ਦਲੇਰ ਮਨੁੱਖਾਂ ਵਿੱਚ ਵੀ ਨਹੀਂ ਮਿਲਦਾ। ਕਸੂਰਵਾਰ ਨੂੰ ਬਖਸ਼ ਦੇਣਾ ਇੱਕ ਦੈਵੀ ਗੁਣ ਹੈ ਤੇ ਬਹਾਦਰਾਂ ਵਾਲਾ ਕੰਮ ਹੈ। ਬਦਲਾ ਲੈਣਾ ਪਸ਼ੂ ਬਿਰਤੀ ਹੈ ਤੇ ਅਸੀਂ ਅਕਸਰ ਇਸ ਦੀ ਵਰਤੋਂ ਕਰਦੇ ਹਾਂ। ਕਈ ਵੇਰ ਅਸਾਡੇ ਆਰਥਕ ਤੇ ਮਾਨਸਕ ਹਾਲਾਤ ਵੀ ਅਸਾਨੂੰ ਬਦਲਾ ਲੈਣ ਲਈ ਪ੍ਰੇਰਦੇ ਹਨ। ਖਿਮਾ ਕਰਨਾ ਇੱਕ ਰੱਬੀ ਗੁਣ ਹੈ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:-

ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ।। (ਪੰਨਾ ੩੫੯)

ਭਾਵ: ਜੇ ਜੀਵ ਇਸਤ੍ਰੀ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਆਪਣਾ ਸਿੰਗਾਰ ਬਣਾ ਕੇ ਅਪਣੇ ਸਰੀਰ ਉਤੇ ਪਹਿਨ ਲਵੇ, ਤਾਂ ਪਤੀ ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ।

ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ।। (ਪੰਨਾ੯੩੭)

ਭਾਵ: ਗੁਰੂ ਦੇ ਸ਼ਬਦ ਦੇ ਰਾਹੀਂ ਪਵਿੱਤਰ ਹੋ ਕੇ ਤੂੰ ਪ੍ਰਭੂ ਦੇ ਮੰਦਰ ਅੰਦਰ ਦਾਖਲ ਹੋ ਜਾਵੇਂਗਾ ਅਤੇ ਤੈਨੂੰ ਮਾਫ ਕਰਨ ਤੇ ਸੱਚ ਦੀ ਦਾਤ ਸੁਖੈਨ ਹੀ ਮਿਲ ਜਾਏ ਗੀ।

ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ।। (ਪੰਨਾ ੧੧੭੧)

ਭਾਵ: (ਨਾਮ ਜਪਣ ਵਾਲੇ ਦੇ) ਇਹ ਗੁਣ ਹਨ ਕਿ ਉਹ ਖਿਮਾ ਦੀ ਦੌਲਤ ਨੂੰ ਇਕੱਠਾ ਕਰਦਾ ਹੈ।

ਭਗਤ ਕਬੀਰ ਜੀ ਨਾ ਇਸੇ ਵਿਚਾਰ ਨੂੰ ਹੇਠ ਲਿਖੇ ਅਨੁਸਾਰ ਹੋਰ ਵਿਸਥਾਰ ਨਾਲ ਬਿਆਨ ਕੀਤਾ ਹੈ:-

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ਭਗਤ ਕਬੀਰ ਜੀ (ਪੰਨਾ ੧੩੭੨)

ਭਾਵ: ਜਿਸ ਮਨੁੱਖ ਦੇ ਅੰਦਰ ਲੋਭ ਦਾ ਜ਼ੋਰ ਹੋਵੇ ਉਸ ਦੀ ਆਤਮਕ ਮੌਤ ਹੀ ਹੋ ਸਕਦੀ ਹੈ। ਪਰਮਾਤਮਾ ਦਾ ਨਿਵਾਸ ਸਿਰਫ ਉਸ ਹਿਰਦੇ ਵਿੱਚ ਹੁੰਦਾ ਹੈ ਜਿਥੇ ਖਿਮਾ ਦਾ ਗੁਣ ਹੋਵੇ।

ਗੁਰਬਾਣੀ ਕਿਸੇ ਦੀ ਭੁੱਲ ਨੂੰ ਬਖਸ਼ਣ ਦਾ ਕੀਮਤੀ ਗੁਣ ਸਿਖਾਂਦੀ ਹੈ:-

ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ।। ਗੁਰੂ ਨਾਨਕ ਦੇਵ (ਪੰਨਾ ੩੫੯)

ਭਾਵ: ਗੁਰੂ ਦੀ ਬਾਣੀ ਮੇਰੇ ਮਨ ਦੇ ਮੁੰਦਰਨੇ (ਵਾਲੇ) ਹਨ (ਮੈਂ ਗੁਰਬਾਣੀ ਨੂੰ ਮਨ ਵਿੱਚ ਟਿਕਾ ਲਿਆ ਹੈ)। ਮੈਂ ਖਿਮਾ ਦੀ ਗੋਦੜੀ ਪਹਿਨਦਾ ਹਾਂ (ਖਿਮਾ ਦਾ ਸੁਭਾਉ ਪੱਕਾ ਕਰ ਲਿਆ ਹੈ)।

ਸਤ ਸੰਤੋਖਿ ਰਹਹੁ ਜਨ ਭਾਈ।। ਖਿਮਾ ਗਹਹੁ ਸਤਿਗੁਰ ਸਰਣਾਈ।। ਗੁਰੂ ਨਾਨਕ ਦੇਵ (ਪੰਨਾ ੧੦੩੦)

ਭਾਵ: ਹੇ ਭਾਈ! ਸੇਵਾ ਤੇ ਸੰਤੋਖ ਵਿੱਚ ਜੀਵਨ ਬਿਤਾ। ਗੁਰੂ ਦੀ ਸ਼ਰਨ ਪੈ ਕੇ ਖਿਮਾ ਦਾ ਗੁਣ ਗ੍ਰਹਿਣ ਕਰ।

ਦੁਬਿਧਾ ਮੇਟਿ ਖਿਮਾ ਗਹਿ ਰਹਹੁ।। ਕਰਮ ਧਰਮ ਕੀ ਸੂਲ ਨ ਸਹਹੁ।। ਭਗਤ ਕਬੀਰ (ਪੰਨਾ ੩੪੩)

ਭਾਵ: ਹੇ ਭਾਈ! ਦੁਵੈਤ ਭਾਵ ਨੂੰ ਦੂਰ ਕਰਕੇ ਮਾਫ ਕਰਨ ਦੀ ਆਦਤ ਪਾ ਤੇ ਕਰਮਾਂ ਧਰਮਾਂ ਦਾ ਲੰਮਾ ਟੰਟਾ ਛੱਡ।

ਜੇ ਗੁਰੂ ਸਾਹਿਬਾਨ ਦੇ ਜੀਵਨ ਤੇ ਝਾਤ ਮਾਰੀਏ ਤਾਂ ਸਾਨੂੰ ਕਈ ਉਦਾਹਰਣਾਂ ਮਿਲਣ ਗੀਆਂ ਜਦੌਂ ਉਨ੍ਹਾਂ ਨੇ ਕਈ ਦੋਸ਼ੀਆਂ, ਪਾਖੰਡੀਆਂ ਤੇ ਜ਼ਾਲਮਾਂ ਨੂੰ ਸਿੱਖਿਆ ਦੇ ਕੇ ਮਾਫ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ। ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼ ਤੇ ਸਜਣ ਠੱਗ ਨੂੰ ਉਨ੍ਹਾਂ ਦੇ ਪਸ਼ਚਾਤਾਪ ਕਰਨ ਤੇ ਮਾਫ ਕਰ ਦਿੱਤਾ ਤੇ ਉਨ੍ਹਾਂ ਦਾ ਜੀਵਨ ਸਵਾਰ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਧੀਰ ਮਲ ਦੀ ਭੁੱਲ ਮਾਫ ਕਰ ਦਿੱਤੀ ਤੇ ਉਸ ਨੂੰ ਛਡਣ ਦਾ ਹੁਕਮ ਦਿੱਤਾ ਭਾਵੇਂ ਉਸ ਨੇ ਗੁਰੂ ਜੀ ਨੂੰ ਜਾਨੋਂ ਮਾਰਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਦੇ ਘਰ ਦਾ ਸਾਮਾਨ ਵੀ ਲੁਟ ਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਉਸ ਦਾ ਧਿਆਨ ਉਸ ਦੇ ਜ਼ੁਲਮਾਂ ਵਲ ਦਿਵਾਇਆ ਤਾਂ ਉਸ ਨੂੰ ਹੋਸ਼ ਆਈ ਤੇ ਉਸ ਨੇ ਗੁਰੂ ਜੀ ਨੂੰ ਮਿਲਣ ਦੀ ਇਛਿਆ ਪ੍ਰਗਟ ਕੀਤੀ। ਗੁਰੂ ਜੀ ਬਦਲੇ ਦੀ ਭਾਵਨਾ ਤਿਆਗ ਕੇ ਉਸ ਨੂੰ ਮਿਲਣ ਲਈ ਚਲ ਪਏ ਸਨ ਭਾਂਵੇਂ ਔਰੰਗਜ਼ੇਬ ਨੇ ਗੁਰੂ ਜੀ ਦੇ ਪਰਵਾਰ ਤੇ ਸਿੱਖਾਂ ਤੇ ਬਹੁਤ ਅਤਿਆਚਾਰ ਕੀਤੇ ਸਨ।

ਗੁਰੂ ਸਾਹਿਬਾਨ ਨੇ ਹਮੇਸ਼ਾ ਸਰਬਤ ਦਾ ਭਲਾ ਮੰਗਿਆ ਹੈ ਤੇ ਅਪਣੇ ਸਿੱਖਾ ਨੂੰ ਵੀ ਇਹੋ ਸਿੱਖਿਆ ਦਿਤੀ ਹੈ। ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ:-

ਨਾ ਕੋ ਦੂਤੁ ਨਹੀ ਬੈਰਾਈ।। ਗਲਿ ਮਿਲਿ ਚਾਲੇ ਏਕੈ ਭਾਈ।। (ਪੰਨਾ ੮੮੭)

ਭਾਵ:- ਕੋਈ ਮੇਰਾ ਦੁਸ਼ਮਨ ਨਹੀਂ, ਨਾ ਹੀ ਕੋਈ ਵੈਰੀ ਹੈ। ਭਰਾਵਾਂ ਵਾਂਗ ਜੱਫੀ ਪਾ ਕੇ ਹੁਣ ਮੈਂ ਸਾਰਿਆਂ ਦੇ ਨਾਲ ਤੁਰਦਾ ਹਾਂ।

ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ।। (ਪੰਨਾ੧੨੫੧)

ਭਾਵ:- ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ।

ਸ਼ੇਖ ਫਰੀਦ ਨੇ ਵੀ ਇਹੋ ਸਿੱਖਿਆ ਦਿੱਤੀ ਹੈ ਕਿ ਬਦਲੇ ਦੀ ਭਾਵਨਾ ਦਾ ਤਿਆਗ ਕਰ ਕੇ ਖਿਮਾ ਕਰੌ:-

ਫਰੀਦਾ ਜੋ ਤੈ ਮਾਰਨਿ ਮੁੱਕੀਆਂ ਤਿਨਾੑ ਨ ਮਾਰੇ ਘੁੰਮਿ।।

ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ।। (ਪੰਨਾ ੧੩੭੮)

ਭਾਵ:- ਹੇ ਫਰੀਦ! ਜੋ ਤੈਨੂੰ ਮੁੱਕੀਆਂ ਮਾਰਨ (ਦੁਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਬਦਲਾ ਨਾ ਲਈਂ), ਸਗੋਂ ਉਹਨਾਂ ਦੇ ਪੈਰ ਚੁੰਮ ਕੇ ਅਪਣੇ ਘਰ ਵਿੱਚ (ਸ਼ਾਂਤ ਅਵਸਥਾ ਵਿਚ) ਰਹੋ।

ਗੁਰਬਾਣੀ ਸਿਖਾਉਂਦੀ ਹੈ ਕਿ ਖਿਮਾ ਕਰਨ ਵਾਲੇ ਵਿੱਚ ਕਈ ਹੋਰ ਗੁਣ ਜਿਵੇਂ ਸਹਿਣ ਸ਼ੀਲਤਾ, ਦਲੇਰੀ, ਸਬਰ ਤੇ ਨਿਮਰਤਾ ਆਪਣੇ ਆਪ ਆ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:-

ਖਿਮਾ ਗਹੀ ਬ੍ਰਤੁ ਸੀਲ ਸੰਤੋਖੰ।। ਰੋਗੁ ਨ ਬਿਆਪੈ ਨਾ ਜਮ ਦੋਖੰ।। (ਪੰਨਾ ੨੨੩)

ਭਾਵ:- ਜਿਹੜਾ ਮਨੁੱਖ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣਾਂਦਾ ਹੈ ਮਿੱਠਾ ਸੁਭਾਉ ਤੇ ਸੰਤੋਖ ਉਸ ਦੇ ਨਿੱਤ ਦੇ ਕਰਮ ਹਨ। ਅਜੇਹੇ ਮਨੁੱਖ ਨੂੰ ਕੋਈ ਦੁਖ ਅਤੇ ਮੌਤ ਦਾ ਡਰ ਨਹੀਂ ਲਗਦਾ।

ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ।। (ਪੰਨਾ੧੨੪੫)

ਭਾਵ:- ਦਇਆ ਜਿੰਨ੍ਹਾਂ ਮਨੁੱਖਾਂ ਲਈ ਦੇਵਤਾ ਹੈ ਤੇ ਖਿਮਾ ਕਰਨ ਦੀ ਆਦਤ ਨੂੰ ਜਿੰਨ੍ਹਾਂ ਨੇ ਆਪਣੀ ਮਾਲਾ ਬਣਾ ਰਖਿਆ ਹੈ ਉਹ ਮਨੁੱਖ ਸਭ ਤੋਂ ਚੰਗੇ ਹਨ।

ਬਿਨਸੇ ਕ੍ਰੋਧ ਖਿਮਾ ਗਹਿ ਲਈ।। ਗੁਰੂ ਅਮਰ ਦਾਸ ਜੀ (ਪੰਨਾ ੨੩੩)

ਭਾਵ:- ਖਿਮਾ ਦਾ ਗੁਣ ਧਾਰਨ ਕਰਨ ਵਾਲੇ ਦੇ ਅੰਦਰੋਂ ਕ੍ਰੋਧ ਮੁੱਕ ਜਾਂਦਾ ਹੈ।

ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ।। ਗੁਰੂ ਰਾਮ ਦਾਸ ਜੀ (ਪੰਨਾ ੮੩੬)

ਭਾਵ:- ਜਿਹੜੀ ਜੀਵ ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ ਉਸ ਉਤੇ ਪ੍ਰਭੂ-ਪਤੀ ਪ੍ਰਸਨ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੀਵਾ ਜਾਗ ਪੈਂਦਾ ਹੈ। ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ।। ਗੁਰੂ ਅਰਜਨ ਦੇਵ (ਪੰਨਾ ੨੫੩)

ਭਾਵ:- (ਭਗਤ) ਗੁਣਾਂ ਦੇ ਖਜ਼ਾਨੇ, ਪ੍ਰਭੂ, ਨੂੰ ਸਿਮਰਦੇ ਹਨ ਅਤੇ ਉਹਨਾਂ ਦੇ ਅੰਦਰ ਖਿਮਾ, ਨਿਮ੍ਰਤਾ, ਆਨੰਦ ਤੇ ਅਡੋਲਤਾ ਦੇ ਗੁਣ ਪੈਦਾ ਹੋ ਜਾਂਦੇ ਹਨ।

ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ।। ਗੁਰੂ ਅਰਜਨ ਦੇਵ (ਪੰਨਾ ੨੬੧)

ਭਾਵ:- ਜਿਸ ਨੇ ਖਿਮਾ ਦਾ ਸੁਭਾਉ ਗ੍ਰਹਿਣ ਕਰ ਲਿਆ ਅਤੇ ਨਾਮ-ਧਨ ਇਕੱਠਾ ਕੀਤਾ ਉਹ ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖੁਰਾਕ ਬਣਾ ਲੈਂਦਾ ਹੈ।

ਖਸਮਹਿ ਜਾਣਿ ਖਿਮਾ ਕਰਿ ਰਹੈ।।

ਤਉ ਹੋਇ ਨਿਖਿਅਉ ਅਖੈ ਪਦੁ ਲਹੈ।। ਭਗਤ ਕਬੀਰ (ਪੰਨਾ੩੪੦)

ਭਾਵ:- ਜਿਹੜਾ ਮਨੁੱਖ ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦਾ ਗੁਣ ਅਪਨਾਉਂਦਾ ਹੈ ਉਹ ਅਵਿਨਾਸ਼ੀ ਪ੍ਰਭੂ ਨਾਲ ਇੱਕ ਰੂਪ ਹੋ ਕੇ ਨਾਸ-ਰਹਿਤ ਪਦਵੀ ਪ੍ਰਾਪਤ ਕਰ ਲੈਂਦਾ ਹੈ।

ਕੇਵਲ ਬਹਾਦਰ ਹੀ ਕਿਸੇ ਐਸੇ ਆਦਮੀ ਨੂੰ ਜਿਸ ਨੇ ਉਸ ਦੀ ਲੋਕਾਂ ਦੇ ਸਾਹਮਣੇ ਬੇਇਜ਼ਤੀ ਕੀਤੀ ਹੋਵੇ ਮਾਫ ਕਰਨ ਦਾ ਹੌਸਲਾ ਕਰਦਾ ਹੈ। ਕਮਜ਼ੋਰ ਦਿਲ ਤੇ ਹੰਕਾਰੀ ਤਾਂ ਇਹ ਸਮਝਦਾ ਹੈ ਕਿ ਮਾਫ ਕਰ ਦੇਣ ਨਾਲ ਉਸ ਦੀ ਬੇਇਜ਼ਤੀ ਹੋ ਜਾਏਗੀ, ਲੋਕ ਉਸ ਨੂੰ ਕਮਜ਼ੋਰ ਸਮਝਣਗੇ ਅਤੇ ਉਹ ਸਮਾਜ ਵਿੱਚ ਮੂੰਹ ਨਹੀਂ ਦਿੱਖਾ ਸਕੇ ਗਾ। ਕੋਈ ਧਰਮ ਜਿਹੜਾ ਸ੍ਰਬਤ ਦਾ ਭੱਲਾ ਚਾਹੁੰਦਾ ਹੈ ਬਦਲੇ ਲੈਣ ਨੂੰ ਚੰਗਾ ਨਹੀਂ ਸਮਝਦਾ ਕਿਉਂਕਿ ਬਦਲਾ ਲੈਣ ਨਾਲ ਨਫਰਤ ਪੈਦਾ ਹੁੰਦੀ ਹੈ ਤੇ ਖਿਮਾ ਕਰਨ ਨਾਲ ਪਿਆਰ ਵਧਦਾ ਹੈ। ਬਦਲਾ ਲੈਣ ਨਾਲ ਜੋ ਖੁਸ਼ੀ ਮਿਲਦੀ ਹੈ ਉਹ ਆਰਜ਼ੀ ਹੁੰਦੀ ਹੈ, ਪਰ ਮਾਫ ਕਰ ਦੇਣ ਨਾਲ ਜੋ ਮਾਣ ਤੇ ਸਤਿਕਾਰ ਪ੍ਰਾਪਤ ਹੁੰਦਾ ਹੈ ਉਹ ਸਦੀਵੀ ਹੁੰਦਾ ਹੈ। ਮੁਗਲ ਬਾਦਸ਼ਾਹ ਔਰੰਹਜ਼ੇਬ ਜਿਸ ਨੇ ਆਪਣੇ ਪਿਤਾ ਤੇ ਭਿਰਾਵਾਂ ਤੋਂ ਬਦਲਾ ਲਿਆ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਨੂੰ ਸਮਾਜ ਚੰਗਾ ਨਹੀਂ ਸਮਝਦਾ, ਪਰ ਗੁਰੂ ਤੇਗ ਬਹਾਦਰ ਨੂੰ ਜਿਨ੍ਹਾਂ ਨੇ ਧੀਰ ਮਲ ਦੇ ਪਾਪਾਂ ਨੂੰ ਬਖਸ਼ ਦਿੱਤਾ ਹਮੇਸ਼ਾ ਮਾਣ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਠੀਕ ਹੀ ਕਿਹਾ ਹੈ: -

ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ।।

ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ।। (ਪੰਨਾ੯੩੭)

ਭਾਵ: ਬਦਲਾ ਲੈਣ ਵਾਲੇ ਖਿਮਾ ਹੀਣ ਹੋ ਕੇ ਬੇਅੰਤ ਤੇ ਅਣਗਿਣਤ ਜੀਵ ਖਪ ਮੁਏ ਹਨ। ਉਨ੍ਹਾਂ ਦੀ ਗਿਣਤੀ ਵੀ ਨਹੀਂ ਕਤਿੀ ਜਾ ਸਕਦੀ। ਉਹ ਖੁਆਰ ਹੋਏ ਹਨ।

ਬਦਲਾ ਲੈਣਾ ਇੱਕ ਪਸ਼ੂ ਬਿਰਤੀ ਹੈ ਜਿਸ ਦੇ ਕਾਰਨ ਅਨੇਕ ਜੀਵ ਤਬਾਹ ਹੋ ਹਏ ਹਨ, ਪਰ ਖਿਮਾ ਕਰਨਾ ਇੱਕ ਅਜਿਹਾ ਗੁਣ ਹੈ ਜਿਸ ਨਾਲ ਖਿਮਾ ਕਰਨ ਵਾਲੇ ਤੇ ਬਖਸ਼ੇ ਜਾਣ ਵਾਲੇ ਦੋਹਾਂ ਨੂੰ ਲਾਭ ਹੁੰਦਾ ਹੈ ਤੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਖਿਮਾ ਕਰਨ ਜਾਂ ਬਖਸ਼ ਦੇਣ ਦੀ ਭਾਵਨਾ ਦਾ ਕਾਰਨ ਖਿਮਾ ਕਰਨ ਵਾਲੇ ਦੀ ਕਮਜ਼ੋਰੀ ਨਹੀਂ ਹੋਣਾ ਚਾਹੀਦਾ। ਕਸੂਰਵਾਰ ਨੂੰ ਸੁਧਾਰਣ ਲਈ ਉਸ ਨੂੰ ਖੁਸ਼ੀ ਖੁਸ਼ੀ ਮਾਫ ਕਰ ਦੇਣਾ ਦਲੇਰੀ ਦੀ ਨਿਸ਼ਾਨੀ ਹੈ ਤੇ ਗੁਰਬਾਣੀ ਵੀ ਇਹੋ ਸਿਖਾਉਂਦੀ ਹੈ।




.