.

ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਉਨੱਤੀਵਾਂ)

ਮੌਜੂਦਾ ਦੌਰ ਦੇ ਡੇਰੇਦਾਰ ਅਖੌਤੀ ਸੰਤ, ਬਾਬਿਆਂ ਦੀ ਸ਼ੁਰੂਆਤ ਕਿਥੋਂ ਹੋਈ?

ਜਿਸ ਵੇਲੇ ਅਸੀਂ ਮੋਜੂਦਾ ਦੌਰ ਦੇ ਸੰਤਵਾਦ ਦੀ ਸ਼ੁਰੂਆਤ ਦੀ ਖੋਜ ਕਰਦੇ ਹਾਂ ਤਾਂ ਇੱਕ ਬੜਾ ਖ਼ਾਸ ਤੱਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਮੌਜੂਦਾ ਦੌਰ ਦੇ ਬਹੁਤੇ ਪਹਿਲੇ ਅਖੌਤੀ ਸੰਤ ਅੰਗ੍ਰੇਜ਼ਾਂ ਦੀ ਫੌਜ ਵਿੱਚੋਂ ਨਿਕਲ ਕੇ ਆਏ ਸਨ। ਸਿੱਖ ਕੌਮ ਅੰਦਰ ਸਭ ਤੋਂ ਪਹਿਲਾਂ, ਗੈਰ ਸਿਧਾਂਤਕ ਸੰਤ ਦੀ ਪਦਵੀ ਪ੍ਰਾਪਤ ਕਰਨ ਵਾਲਾ ਮਸਤੂਆਣੇ ਡੇਰੇ ਦਾ ਪਹਿਲਾ ਮੁਖੀ ਭਾਈ ਅਤਰ ਸਿੰਘ ਫ਼ੌਜੀ ਸੀ। ਇਸ ਦੇ ਨਾਲ ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਰੇਰੂਵਾਲਾ ਤੇ ਅਤਰ ਸਿੰਘ ਘੁੰਨਸਵਾਲਾ ਸਾਰੇ ਫ਼ੌਜੀ ਸਨ। ਪੰਜਾਬ ਦੇ ਬਿਆਸਾ ਵਿਚਲੇ ਰਾਧਾ ਸੁਆਮੀ ਡੇਰੇ ਵਾਲਿਆਂ ਦਾ ਪਹਿਲਾ ਮੁਖੀ, ਭਾਈ ਜੈਮਲ ਸਿੰਘ ਫੌਜੀ ਸੀ। ਨਾਮਧਾਰੀਆਂ ਦਾ ਪਹਿਲਾ ਮੁਖੀ ਰਾਮ ਸਿੰਘ (ਕੂਕਾ) ਫੌਜੀ ਸੀ। ਨੌਰੰਗਾਬਾਦ ਵਾਲਾ ਭਾਈ ਬੀਰ ਸਿੰਘ ਫੌਜੀ ਸੀ। ਮੱਘਰ ਸਿੰਘ ਰਾਮਗੜ੍ਹ ਭੁੱਲਰ ਵਾਲਾ ਵੀ ਫੌਜੀ ਸੀ।
ਇੱਥੇ ਹੀ ਬਸ ਨਹੀਂ ਪਾਤਸ਼ਾਹ ਪੂਰਨ ਸਿੰਘ ਜੇਠੂਵਾਲ ਵਾਲਾ, ਜਵਾਲਾ ਸਿੰਘ ਹਰਖੋਵਾਲ, ਕਰਮ ਸਿੰਘ ਹੋਤੀ ਮਰਦਾਨ, ਵੀਰ ਸਿੰਘ ਨੌਰੰਗਾਬਾਦੀ, ਹਰਨਾਮ ਸਿੰਘ ਰਾਮਪੁਰ ਖੇੜਾ ਅਤੇ ਕਰਤਾਰ ਸਿੰਘ ਕਲਾਸ ਵਾਲਾ, “ਖੜਗਕੇਤ ਪ੍ਰਕਾਸ਼” ਇਹ ਸਾਰੇ ਫੋਜੀ ਸਨ। ਇਸ ਤਰ੍ਹਾਂ ਪ੍ਰਸਿੱਧ ਬਹੁਤੇ “ਅਖੌਤੀ ਸੰਤ” ਫੌਜ ਵਿਚੋਂ ਲਿਆ ਕੇ ਫਿੱਟ ਕੀਤੇ ਗਏ ਸਨ। ਇਨ੍ਹਾਂ ਵਿਚੋਂ ਪੈਨਸ਼ਨ ਲੈ ਕੇ ਸਾਧ ਕੋਈ ਨਹੀਂ ਬਣਿਆਂ ਸਗੋਂ ਦੋ ਤਿੰਨ ਸਾਲ ਨੌਕਰੀ ਕਰਕੇ ਇਹ ਸਾਰੇ ਸਾਧ ਬਣੇ ਸਨ। ਇਸਦਾ ਮਤਲਬ ਤੁਸੀਂ ਆਪ ਕੱਢੋ? ਕੀ ਇਹ ਸੰਜੋਗ ਹੋ ਸਕਦਾ ਹੈ?
ਇਤਨਾ ਹੀ ਨਹੀਂ ਇਨ੍ਹਾਂ ਨੂੰ ਸਿੱਖ ਕੌਮ ਵਿੱਚ ਸੰਤ ਦੇ ਤੌਰ `ਤੇ ਸਥਾਪਤ ਕਰਨ ਵਿੱਚ ਵੀ ਅੰਗ੍ਰੇਜ਼ ਸਰਕਾਰ ਨੇ ਵੱਡਾ ਹਿੱਸਾ ਪਾਇਆ। ਇਹ ਡਿਊਟੀ ਤੋਂ ਗੈਰਹਾਜ਼ਰ ਰਹਿਕੇ ਸਮਾਧੀਆਂ ਲਾਉਂਦੇ ਰਹੇ ਪਰ ਇਨ੍ਹਾਂ ਦੀਆਂ ਹਾਜ਼ਰੀਆਂ ਲਗਦੀਆਂ ਰਹੀਆਂ। ਅੱਜ ਇਸੇ ਨੂੰ ਕਰਾਮਾਤ ਦੇ ਤੌਰ `ਤੇ ਪੇਸ਼ ਕੀਤਾ ਜਾ ਰਿਹਾ ਹੈ ਕਿ ਮਹਾਪੁਰਖ ਭਗਤੀ ਕਰਦੇ ਸਨ ਤੇ ਪ੍ਰਮਾਤਮਾਂ ਉਨ੍ਹਾਂ ਦੀ ਜਗ੍ਹਾ ਡਿਊਟੀ ਦੇਂਦਾ ਸੀ। ਫੌਜ ਵਿੱਚੋਂ ਚਲੇ ਜਾਣ ਦੇ ਬਾਵਜੂਦ ਕਈ ਸਾਰੇ “ਸੰਤਾਂ” ਦੀ ਹਾਜ਼ਰੀ ਫੌਜ ਦੇ ਰਜਿਸਟਰਾਂ ਵਿੱਚ ਉਸੇ ਤਰ੍ਹਾਂ ਲੱਗਦੀ ਰਹੀ, ਤਨਖਾਹ ਘਰ ਪੁੱਜਦੀ ਰਹੀ। ਅੰਗਰੇਜ਼ ਅਫਸਰ ਇਨ੍ਹਾਂ ਦੀ ਮਾਨਤਾ ਵਧਾਉਣ ਲਈ ਇਨ੍ਹਾਂ ਨੂੰ ਵਿਸ਼ੇਸ਼ ਸਤਿਕਾਰ ਦੇਂਦੇ ਤਾਂ ਸਮੇਂ ਸਮੇਂ ਅੰਗਰੇਜ਼ ਅਫਸਰ ਅਤੇ ਵੱਡੇ ਫੌਜੀ ਜਰਨੈਲ ਭੀ ਇਨ੍ਹਾਂ “ਸਰਕਾਰੀ ਸੰਤਾਂ” ਦੇ ਚਰਨ ਪਰਸਣ ਆ ਜਾਂਦੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ। ਇਨ੍ਹਾਂ “ਸਰਕਾਰੀ ਸੰਤਾਂ” ਨੇ ਥੋੜ੍ਹੇ ਹੀ ਸਮੇਂ ਵਿੱਚ ਚੰਗਾ ਨਾਮ ਕਮਾ ਲਿਆ। ਲੋਕੀਂ ਵਹੀਰਾਂ ਘੱਤ ਕੇ ਇਨ੍ਹਾਂ ਦੇ “ਪਰਵਚਨ ਸਰਵਣ” ਕਰਨ ਲਈ ਡੇਰਿਆਂ ਦੀ ਸ਼ੋਭਾ ਵਧਾਉਣ ਲੱਗੇ। ਅੰਗਰੇਜ਼ ਸਰਕਾਰ ਵੱਲੋਂ, ਇਨ੍ਹਾਂ ਡੇਰਿਆਂ ਨੂੰ ਜ਼ਮੀਨਾਂ ਭੀ ਦਿੱਤੀਆਂ ਗਈਆਂ ਤੇ ਹਰ ਤਰ੍ਹਾਂ ਦੀ ਸੁਰੱਖਿਆ ਛਤਰੀ ਭੀ ਦਿੱਤੀ ਗਈ।
ਇਕ ਵੱਡਾ ਸੁਆਲ ਸੂਝਵਾਨ ਪਾਠਕਾਂ ਦੇ ਦਿਮਾਗ਼ ਵਿੱਚ ਇਹ ਆ ਰਿਹਾ ਹੋਵੇਗਾ ਕਿ ਅੰਗ੍ਰੇਜ਼ ਸਰਕਾਰ ਨੂੰ ਇਹ ਸਭ ਕਰਨ ਦੀ ਕੀ ਲੋੜ ਸੀ? ਅਸਲ ਵਿੱਚ ਖਾਲਸਾ ਰਾਜ ਤੋਂ ਬਾਅਦ ਸਿੱਖ ਫਿਰ ਅਨਾਥ ਜਿਹਾ ਹੋ ਗਿਆ ਮਹਿਸੂਸ ਕਰਦਾ ਸੀ। ਗੋਰੇ ਨੂੰ ਪਤਾ ਸੀ ਕਿ ਜੇ ਕਰ ਮੈਂ ਭਾਰਤ `ਤੇ ਲੰਮਾ ਸਮਾ ਰਾਜ-ਭਾਗ ਕਾਇਮ ਰੱਖਣਾ ਚਾਹੁੰਦਾ ਹਾ ਤਾਂ ਮੈਨੂੰ ਸੱਭ ਤੋਂ ਪਹਿਲਾਂ ਸਿੱਖਾਂ ਵਿਚੋਂ ਸਿੱਖੀ ਖਤਮ ਕਰਨੀ ਪਵੇਗੀ। ਉਹ ਇਹ ਵੀ ਸਮਝਦਾ ਸੀ ਕਿ ਜਿਤਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਨਾ ਤਾਂ ਇਸ ਨੂੰ ਸਿੱਖੀ ਨਾਲੋਂ ਤੋੜਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਵਿੱਚ ਕੌਮੀ ਜਜ਼ਬਾ, ਜੋ ਇਸ ਦੀ ਤਾਕਤ ਦਾ ਮੂਲ ਅਧਾਰ ਹੈ, ਉਹ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਸਿੱਖੀ ਖਤਮ ਕਰਨ ਲਈ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਜ਼ਰੂਰੀ ਸੀ। ਇਹ ਕੰਮ ਬਹੁਤ ਔਖਾ ਸੀ ਕਿਉਂਕਿ ਸਿੱਖ ਦੀ ਤਾਂ ਆਤਮਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਵਸਦੀ ਹੈ। ਇਸ ਮਕਸਦ ਲਈ ਇਹ ਤਰੀਕਾ ਅਪਨਾਇਆ ਗਿਆ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਵੱਲ ਲੱਗ ਜਾਵੇ। ਬਾਹਰੋਂ ਵੇਖਣ ਨੂੰ ਆਪਣੇ ਵਲੋਂ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹੇਗਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਪੂਜਾ ਰੂਪੀ ਸਤਿਕਾਰ ਕਰੇਗਾ ਪਰ ਹੌਲੀ ਹੌਲੀ ਗੁਰਮਤਿ ਸਿਧਾਂਤ ਤੋਂ ਟੁੱਟ ਜਾਵੇਗਾ। ਭਾਵ ਸਰੀਰਕ ਢਾਂਚਾ ਤਾਂ ਖੜ੍ਹਾ ਰਹੇ ਪਰ ਅੰਦਰੋਂ ਗੁਰਮਤਿ ਦੀ ਰੂਹ ਮਰ ਜਾਵੇ। ਇਸੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਸਨੇ ਪੰਜਾਬ ਵਿੱਚ ਸੰਤ ਪੈਦਾ ਕੀਤੇ। ਇਨ੍ਹਾਂ “ਸਰਕਾਰੀ ਮਹਾਪੁਰਖਾਂ” ਨੇ ਇਹ ਮਹਾਨ ਕਾਰਜ ਬੜੇ ਭਾਵੁਕ ਤਰੀਕੇ ਨਾਲ, ਬੜੀ ਕਾਮਯਾਬੀ ਨਾਲ ਸਿਰੇ ਚਾੜ੍ਹਿਆ। ਇਸ ਦੇ ਵਾਸਤੇ ਇਨ੍ਹਾਂ ਨੇ ਸਿੱਖੀ ਪ੍ਰਚਾਰ ਦੇ ਨਾਂ `ਤੇ ਜੋ ਸਿੱਖੀ ਮਾਰੂ ਕਾਰਜ ਕੀਤੇ, ਉਨ੍ਹਾਂ ਵਿੱਚੋਂ ਕੁੱਝ ਇਸ ਤਰ੍ਹਾਂ ਹਨ:

ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰੇ ਵਿੱਚ ਹੁੰਦਾ ਹੈ ਅਤੇ ਗੁਰਦੁਆਰਿਆਂ ਰਾਹੀਂ ਹੀ ਪਾਵਨ ਗੁਰਬਾਣੀ ਅਤੇ ਉਸ ਦੁਆਰਾ ਦ੍ਰਿੜ ਕਰਾਈ ਤੱਤ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ, ਇਸ ਲਈ ਸਭ ਤੋਂ ਪਹਿਲਾਂ ਗੁਰਦੁਆਰੇ ਦਾ ਸਰੂਪ ਬਦਲਨਾ ਜ਼ਰੂਰੀ ਸੀ। ਸਿੱਖਾਂ ਨੂੰ ਗੁਰਦੁਆਰੇ ਦੀ ਸੰਸਥਾ ਨਾਲੋਂ ਤੋੜਨ ਅਤੇ ਗੁਰਦੁਆਰੇ ਦਾ ਨਿਰੋਲ ਗੁਰਮਤਿ ਪ੍ਰਚਾਰਕ ਸੰਸਥਾ ਦਾ ਨਿਰਮਲ ਸਰੂਪ ਬਦਲਣ ਲਈ, ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਗੁਰਦਵਾਰੇ ਨਾ ਰੱਖ ਕੇ, ਡੇਰੇ, ਠਾਠ, ਭੌਰੇ ਅਤੇ ਟਿਕਾਣੇ ਆਦਿ ਪ੍ਰਚਲਤ ਕੀਤੇ।
ਇਨ੍ਹਾਂ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੂਰਤੀਆ ਵਾਂਗ ਜਾਂ ਵਿਅਕਤੀਆਂ ਵਾਂਗ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਗੁਰਬਾਣੀ ਦਾ ਸਹੀ ਗਿਆਨ ਦੇਣ ਦੀ ਥਾਵੇਂ ਇਕੌਤਰੀਆਂ, ਮੰਤਰ ਪਾਠ, ਅਖੰਡ ਪਾਠ, ਸੰਪਟ ਪਾਠ ਅਤੇ ਹੋਰ ਕਈ ਤਰ੍ਹਾਂ ਦੇ ਪਾਠ ਪ੍ਰਚਲਤ ਕਰ ਦਿੱਤੇ।
ਸਿੱਖ ਕੌਮ ਵਿੱਚੋਂ ਗੁਰਬਾਣੀ ਦੀ ਮਹੱਤਤਾ ਘਟਾਉਣ ਲਈ, ਗੁਰਬਾਣੀ ਦੀ ਥਾਵੇਂ ਆਪਣੀਆਂ “ਕਵਿਤਾਵਾਂ” (ਧਾਰਨਾਵਾਂ) ਦਾ ਕੀਰਤਨ ਪ੍ਰਚਲਤ ਕਰ ਦਿੱਤਾ ਅਤੇ ਸੂਰਮਗਤੀ ਵਾਲਾ ਸਿੱਖ ਇਤਿਹਾਸ ਨਾ ਸੁਣਾ ਕੇ, ਆਪਣੇ ਮਹਪੁਰਖਾਂ ਦੀਆਂ ਮਨ ਘੜਤ ਝੂਠੀਆਂ ਕਰਿਸ਼ਮਾਈ ਕਹਾਣੀਆਂ ਸੁਨਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਇੱਕ ਸਾਕਤੀ ਅਤੇ ਅਸਲੀਲ ਕਿਤਾਬ ਬਚਿੱਤ੍ਰ ਨਾਟਕ, ਜਿਸ ਨੂੰ ਬਾਅਦ ਵਿੱਚ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਾਰਿਆ ਗਿਆ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਕਹਿ ਕੇ ਪ੍ਰਚਾਰਿਆ।
ਉਹ ਬ੍ਰਾਹਮਣੀ ਕਰਮਕਾਂਡ ਜਿਨ੍ਹਾਂ ਤੋਂ ਸਤਿਗੁਰੂ ਨੇ ਲੰਬੇ ਸੰਘਰਸ਼ ਤੋਂ ਬਾਅਦ ਮਨੁੱਖਤਾ ਨੂੰ ਮੁਕਤ ਕਰਾਇਆ ਸੀ ਅਤੇ ਜਿਨ੍ਹਾਂ ਨੂੰ ਰੱਦ ਕਰਦੀ ਹੋਈ ਗੁਰਬਾਣੀ, ਗੁਰਮਤਿ ਦੇ ਇਸ ਇਨਕਲਾਬ ਨੂੰ ਜਾਰੀ ਰੱਖ ਰਹੀ ਹੈ, ਉਨ੍ਹਾਂ ਕਰਮਕਾਂਡਾਂ ਦਾ ਥੋੜ੍ਹਾ ਬਹੁਤਾ ਰੂਪ ਬਦਲ ਕੇ ਭਾਵ ਉਨ੍ਹਾਂ ਦਾ ਸਿੱਖੀ ਕਰਨ ਕਰ ਕੇ, ਇਨ੍ਹਾਂ ਡੇਰਿਆਂ ਰਾਹੀਂ ਸਿੱਖ ਸਮਾਜ ਵਿੱਚ ਮੁੜ ਤੋਂ ਜ਼ੋਰ ਸ਼ੋਰ ਨਾਲ ਚਾਲੂ ਕਰਵਾ ਦਿੱਤਾ। ਇਸ ਤਰ੍ਹਾਂ ਗੁਰਦੁਆਰਾ ਗੁਰਮਤਿ ਪ੍ਰਚਾਰ ਦੇ ਕੇਂਦਰ ਤੋਂ ਬਦਲ ਕੇ ਪੂਜਾ ਦਾ ਸਥਾਨ ਬਣ ਗਿਆ।
ਜਿਥੇ ਹਰ ਗੁਰਦੁਆਰੇ ਵਿੱਚ ਸਿੱਖ ਕੌਮ ਦੀ ਅਜ਼ਾਦੀ ਅਤੇ ਸਵੈਮਾਨ ਦੇ ਪ੍ਰਤੀਕ ਨਗਾਰੇ ਗੂੰਜਦੇ ਸਨ, ਇਨ੍ਹਾਂ ਆਪਣੇ ਡੇਰਿਆਂ ਵਿੱਚ ਬ੍ਰਾਮਹਣੀ ਤਰਜ਼ `ਤੇ ਟੱਲ ਖੜਕਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਥਾਵਾਂ `ਤੇ ਕੌਮੀ ਅਜ਼ਾਦੀ ਦਾ ਪ੍ਰਤੀਕ ਨਿਸ਼ਾਨ (ਝੰਡਾ) ਝੁਲਾਉਣਾ ਬੰਦ ਕਰ ਦਿੱਤਾ।
ਸਿੱਖ ਦਾ ਸੰਤ-ਸਿਪਾਹੀ ਦਾ ਅਣਖੀਲਾ ਸਰੂਪ ਬਦਲਣ ਲਈ, ਸਿੱਖ ਸੂਰਮਤਾਈ ਦੇ ਪ੍ਰਤੀਕ ਨੀਲੇ ਅਤੇ ਸਹੀਦੀ ਜਾਮੇ ‘ਬਸੰਤੀ` ਪਹਿਰਾਵੇ ਤਿਆਗ ਕੇ, ਸਫੈਦ ਭਾਵ ਅਖੋਤੀ ਸ਼ਾਤੀ ਦੇ ਪ੍ਰਤੀਕ ਬਸਤਰ ਧਾਰਨ ਕਰ ਲਏ। ਸਿੱਖ ਦੀ ਆਨ ਬਾਨ ਸ਼ਾਨ ਦੀ ਨਿਸ਼ਾਨੀ ਦਸਤਾਰ ਅਤੇ ਦੁਮਾਲਿਆਂ ਦੀ ਜਗ੍ਹਾ `ਤੇ ਸਿਰ `ਤੇ ਨਿੱਕੇ-ਨਿੱਕੇ ਪਟਕੇ ਬੰਨ੍ਹਣੇ ਸ਼ੁਰੂ ਕਰ ਦਿੱਤੇ। ਤਿੰਨ ਫੁਟੀ ਕਿਰਪਾਨ ਦੀ ਬਜਾਏ ਗਲ ਵਿੱਚ ਗਾਤਰੇ ਵਾਲੀ ਛੋਟੀ ਜਾਂ ਤਵੀਤ ਨੁਮਾ ਕਿਰਪਾਨ ਪਾਉਣੀ ਸ਼ੁਰੂ ਕਰ ਦਿੱਤੀ। ਪੈਰਾਂ ਵਿੱਚ ਜੁੱਤੀ ਪਾਉਣ ਦੀ ਥਾਂ ਬ੍ਰਾਹਮਣੀ ਤਰਜ਼ `ਤੇ ਖੜਾਵਾਂ ਪਹਿਨਣੀਆਂ ਜਾਂ ਨੰਗੇ ਪੈਰੀਂ ਵਿਚਰਨਾ ਸ਼ੁਰੂ ਕਰ ਦਿੱਤਾ।
ਮਾਨਮਤੇ ‘ਸਿੰਘ` ਤੇ ‘ਖਾਲਸਾ` ਸ਼ਬਦਾਂ ਦੀ ਥਾਂ ਸੰਤ, ਬ੍ਰਹਮ ਗਿਆਨੀ, ਉਦਾਸੀ ਨਿਰਮਲੇ ਸੇਵਾ ਪੰਥੀ ਨਾਮ ਪ੍ਰਚਲਤ ਕਰ ਦਿੱਤੇ।
ਇਨ੍ਹਾਂ ਦਾ ਮਕਸਦ ਸਿੱਖਾਂ ਅੰਦਰੋਂ ਸਵੈਮਾਣ ਭਰਿਆ ਅਣਖੀਲਾ ਤੇ ਜੁਝਾਰੂ ਸੁਭਾਅ ਖ਼ਤਮ ਕਰ ਕੇ, ਗ਼ੁਲਾਮ ਮਾਨਸਿਕਤਾ ਵਾਲੇ ਬਣਾਉਣਾ ਸੀ। ਗ਼ੈਰਤਮੰਦ ਨੌਜੁਆਨ ਤਿਆਰ ਕਰਨ ਦੀ ਥਾਵੇਂ, ਇਨ੍ਹਾਂ ਗ੍ਰੰਥੀ ਤਿਆਰ ਕਰਨ ਦੇ ਨਾਂ `ਤੇ ਗ਼ੁਲਾਮ ਜਹਿਨੀਅਤ ਵਾਲੇ, ਜੀ ਹਜ਼ੂਰੀਏ ਟੁਕੜਬੋਚ, ਗਿਆਨ ਤੋਂ ਕੋਰੇ, ਵਿਹਲੜਾਂ ਦੀਆਂ ਧਾੜਾਂ ਖੜੀਆਂ ਕਰ ਦਿੱਤੀਆਂ।
ਸਰਕਾਰ ਦੀ ਕਿਸੇ ਵਧੀਕੀ ਵਿਰੁੱਧ ਨਾ ਕਦੇ ਖੁਦ ਜਬਾਨ ਖੋਹਲੀ ਅਤੇ ਨਾ ਆਪਣੇ ਚੇਲਿਆਂ ਨੂੰ ਕਦੇ ਇਸ ਪਾਸੇ ਸੋਚਣ ਦਿੱਤਾ। ਆਪਣੇ ਡੇਰਿਆਂ ਵਿੱਚ ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਬੰਦ ਕਰਵਾ ਦਿੱਤਾ, ਇਥੋਂ ਤੱਕ ਕਿ ਦਰਬਾਰ ਸਾਹਿਬ ਅੰਦਰ ਅਰਦਾਸ ਮਗਰੋਂ ਗਜਾਇਆ ਜਾਣ ਵਾਲਾ “ਬੋਲੇ ਸੋ ਨਿਹਾਲ, ਸਤਿ ਸਿਰੀ ਅਕਾਲ”, ਵਾਲਾ ਜੈਕਾਰਾ ਵੀ ਬੰਦ ਕਰਵਾ ਦਿੱਤਾ।
ਗੁਰਬਾਣੀ ਦੀਆਂ ਕੁੱਝ ਪੰਕਤੀਆਂ ਦੀ ਗਲਤ ਵਿਆਖਿਆ ਕਰਕੇ ਅਤੇ ਝੂਠੀਆਂ ਕਹਾਣੀਆਂ (ਅਖੌਤੀ ਸਾਖੀਆਂ) ਘੜ ਕੇ, ਗੁਰਮਤਿ ਸਿਧਾਂਤਾਂ ਦੇ ਉਲਟ ਮਾਸ ਦਾ ਬੇਲੋੜਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਰਾਹੀਂ ਜਿਥੇ ਸਿੱਖਾਂ ਨੂੰ ਕਾਇਰਤਾ ਦੇ ਰਾਹ ਤੋਰ ਦਿੱਤਾ, ਨਾਲ ਹੀ ਕੌਮ ਅੰਦਰ ਇੱਕ ਬੇਲੋੜਾ ਵਿਵਾਦ ਸ਼ੁਰੂ ਕਰਾ ਦਿੱਤਾ ਤਾਂ ਜੋ ਸਿੱਖ ਆਪਸ ਵਿੱਚ ਹੀ ਝਗੜਦੇ ਅਤੇ ਉਲਝਦੇ ਰਹਿਣ।
ਇਹ ਸਨ ਕੁੱਝ ਵਿਸ਼ੇਸ਼ ਨੁਕਤੇ ਜਿਨ੍ਹਾਂ ਨੂੰ ਅੰਗਰੇਜ਼ੀਂ ਸਰਕਾਰ ਦਾ ਸਿੱਖੀ ਖ਼ਤਮ ਕਰਨ ਦਾ ਮਕਸਦ ਪੂਰਾ ਕਰਨ ਲਈ ਇਨ੍ਹਾਂ “ਸਰਕਾਰੀ ਸੰਤਾਂ” ਨੇ ਸਿੱਖਾਂ ਵਿੱਚ ਲਾਗੂ ਕਰਨ ਦੀ “ਤਨੋ ਮਨੋ ਸੇਵਾ” ਕੀਤੀ। ਅੱਜ ਬੇਸ਼ਕ ਸਰਕਾਰ ਬਦਲ ਚੁੱਕੀ ਹੈ, ਕਹਿਣ ਨੂੰ ਭਾਰਤ ਆਜ਼ਾਦ ਹੋ ਚੁੱਕਾ ਹੈ ਪਰ ਸਮੇਂ ਦੀਆਂ ਸਰਕਾਰਾਂ ਦੀ ਸੋਚ ਅਤੇ ਪਹੁੰਚ ਵੀ ਸਿੱਖਾਂ ਪ੍ਰਤੀ ਉਹੀ ਹੈ। ਇਸ ਲਈ ਉਹੀ ਨੀਤੀਆਂ ਅੱਜ ਵੀ ਜਾਰੀ ਹਨ, ਬਲਕਿ ਹੁਣ ਵਧੇਰੇ ਤਾਕਤ ਅਤੇ ਸਰਗਰਮੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ।
ਜਿਵੇਂ ਕਿ ਉਪਰ ਵੀ ਲਿਖਿਆ ਜਾ ਚੁੱਕਾ ਹੈ, ਇਸ ਕਿਤਾਬ ਦਾ ਮਕਸਦ ਇੱਕ ਇੱਕ ਡੇਰੇ ਦਾ ਸਰਵੇਖਣ ਕਰਨਾ ਨਹੀਂ, ਬਲਕਿ ਇਸ ਸੰਤਵਾਦ ਅਤੇ ਡੇਰਾਵਾਦ ਦੀ ਵਿਵਸਥਾ ਨੂੰ ਗੁਰਮਤਿ ਦੀ ਕਸਵੱਟੀ `ਤੇ ਪਰਖ ਕੇ ਉਸ ਦੇ ਕੌਮੀ ਅਤੇ ਸਮਾਜਕ ਪ੍ਰਭਾਵਾਂ ਨੂੰ ਵਿਚਾਰਨਾ ਹੈ, ਇਸ ਲਈ ਇਥੇ ਕੇਵਲ ਕੁੱਝ ਇੱਕ ਪ੍ਰਮੁਖ ਡੇਰਿਆਂ ਬਾਰੇ ਸੰਕੇਤਕ ਵਿਚਾਰ ਹੀ ਕੀਤੀ ਜਾਵੇਗੀ। ਜਿਵੇਂ ਕਿ ਉਪਰ ਲਿਖਿਆ ਜਾ ਚੁੱਕਾ ਹੈ, ਬਹੁਤ ਸਾਰੇ ਪਖੰਡੀ ਬਾਬੇ ਆਪਣੇ ਡੇਰਿਆਂ ਦੀ ਸਥਾਪਨਾ ਗੁਰੂ ਕਾਲ ਨਾਲ ਜੋੜਦੇ ਹਨ, ਪਰ ਅਸਲ ਵਿੱਚ ਮੌਜੂਦਾ ਦੌਰ ਦੇ ਸੰਤਵਾਦ ਦੀ ਸ਼ੁਰੂਆਤ, ਮਸਤੁਆਣਾ ਜ਼ਿਲਾ ਸੰਗਰੂਰ ਦੇ ਅਤਰ ਸਿੰਘ ਤੋਂ ਹੋਈ, ਇਸ ਲਈ ਅਸੀਂ ਵੀ ਵਿਚਾਰ ਦੀ ਸ਼ੁਰੂਆਤ ਇਸੇ ਦੇ ਡੇਰੇ ਤੋਂ ਹੀ ਕਰਾਂਗੇ ਪਰ ਪਹਿਲਾਂ ਹੇਠ ਦਿੱਤਾ ਇੱਕ ਸਿਧਾਂਤਕ ਨੁਕਤਾ ਸਮਝ ਲੈਣਾ ਜ਼ਰੂਰੀ ਹੈ।

(ਦਾਸ ਦੀ ਨਵੀਂ ਕਿਤਾਬ “ਖਾਲਸਾ ਪੰਥ ਬਨਾਮ ਡੇਰਾਵਾਦ” ਵਿਚੋਂ)

ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]




.