.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਂਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(੬-ਗ) "ਅੰਮ੍ਰਿਤ ਨਾਮੁ" ਠਾਕੁਰ ਕਾ ਪਇਓ" - ਇਸ ਲਈ ਚੱਲਦੇ ਪ੍ਰਕਰਣ `ਚ ਅਸਾਂ ਪਹਿਲਾਂ ਪੱਕਾ ਕਰਕੇ ਇਹੀ ਸਮਝਣਾ ਹੈ ਆਖ਼ਿਰ ਗੁਰਬਾਣੀ ਮੁਤਾਬਕ "ਨਾਮ ਜਪੋ" ਦਾ ਅਸਲ ਅਰਥ ਹੈ ਕੀ? ਉਪ੍ਰੰਤ ਗੁਰਬਾਣੀ ਦੀ ਕਸਵੱਟੀ ਅਥਵਾ ਗੁਰਬਾਣੀ ਵਿਚਾਰਧਾਰਾ ਆਧਾਰਿਤ ਜਦੋਂ ਸਚਮੁਚ ਅਸੀਂ ‘ਨਾਮ ਜਪੋ’ ਵਾਲੇ ਜੀਵਨ `ਚ ਪ੍ਰਵੇਸ਼ ਕਰ ਜਾਂਦੇ ਹਾਂ ਤਾਂ ਸਾਡੇ ਜੀਵਨ ਅੰਦਰ ਇਲਾਹੀ ਗੁਣਾਂ ਪਖੋਂ ਕੀ ਲਾਭ ਹੁੰਦੇ ਹਨ? ਇਹ ਵੀ ਕਿ ‘ਨਾਮ ਜਪੋ’ ਵਾਲੇ ਉਸ ਸਰਬ ਉੱਤਮ ਜੀਵਨ ਦੌਰਾਨ "ਵਾਹਿਗੁਰੂ" "ਵਾਹਿਗੁਰੂ" ਦੇ ਰਟਣ ਦੀ ਸੀਮਾਂ ਕੀ ਹੈ?

ਜਦਕਿ ਹੁਣ ਤੀਕ ਇਹ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ‘ਨਾਮ ਜਪੋ’ ਦੇ ਅਰਥਾਂ ਨੂੰ ਜੇਕਰ ਅਸੀਂ ਸ਼ੁਧ ਗੁਰਬਾਣੀ ਦੇ ਪਰੀਪੇਖ `ਚ ਲਵੀਏ ਤਾਂ ਉਸਦੇ ਇਕੋ ਇੱਕ ਅਰਥ ਹਨ, ਨਿਰੋਲ "ਗੁਰਬਾਣੀ ਆਦੇਸ਼ਾਂ ਅਤੇ ਵਿਚਾਰਧਾਰਾ ਦੀ ਸੇਧ `ਚ ਕਰਤੇ ਪ੍ਰਭੂ ਦੀ ਸਿਫ਼ਿਤ ਸਲਾਹ ਰਾਹੀਂ ਜੀਵਨ ਨੂੰ ਕਰਤੇ ਦੇ ਰੰਗ `ਚ ਰੰਙਣਾ। ਉਂਝ ਗੁਰਬਾਣੀ `ਚ ਬੇਅੰਤ ਵਾਰ ਇਸ ਪ੍ਰਥਾਏ ਭਰਵੀਂ ਵਿਆਖਿਆ ਵੀ ਮੌਜੂਦ ਹੈ, ਤਾਂ ਫ਼ਿਰ ਇਸ ਸੰਬੰਧੀ ਇਸ ਤੋਂ ਵੱਡੀ ਪਹਿਚਾਣ ਹੋਰ ਕੀ ਹੋ ਸਕਦੀ ਹੈ।

ਇਥੋਂ ਤੀਕ ਕਿ ਪੰਜਵੇਂ ਪਾਤਸ਼ਾਹ ਨੇ ਜਦੋਂ "ਅਦਿ ਬੀੜ" ਦੀ ਸੰਪੂਰਣਤਾ ਕੀਤੀ ਤਾਂ ਗੁਰਦੇਵ ਨੇ ਅੰਤ `ਚ ਉਚੇਚੇ ਦੋ ਸਲੋਕ ਦਰਜ ਕੀਤੇ। ਉਨ੍ਹਾਂ `ਚੋਂ ਪਹਿਲਾ ਸਲੋਕ ਹੈ ਜਿਸ `ਚ ਗੁਰਦੇਵ ਨੇ ਸਪਸ਼ਟ ਕੀਤਾ ਕਿ ਇਸ "ਆਦਿ ਬੀੜ" (ਅਜੋਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ) ਵਾਲੀ ਇਸ ਇਲਾਹੀ ਰਚਨਾ ਦਾ ਨਿਚੋੜ ਕੀ ਹੈ? ਉਹ ਸਲੋਕ ਹੈ "ਥਾਲ ਵਿਚਿ ਤਿੰਨਿ ਵਸਤੂ ਪਈਓ." ਅਤੇ ਦੂਜਾ ਸਲੋਕ ਹੈ "ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ. ." ਜਿਸ `ਚ ਗੁਰਦੇਵ ਨੇ "ਆਦਿ ਬੀੜ" ਦੀ ਸੰਪੂਰਣਤਾ ਲਈ ਕਰਤਾਪੁਰਖ ਦਾ ਸ਼ੁਕਰਾਣਾ ਕੀਤਾ ਹੋਇਆ ਹੈ।

ਇਸ ਲਈ ਚਲਦੇ ਵਿਸ਼ੇ ਨਾਲ ਸ਼ੰਬੰਧਤ ਅਸਾਂ ਜਿਹੜਾ ਵਿਸ਼ੇਸ਼ ਨੁੱਕਤਾ ਵਾਚਣਾ ਹੈ ਉਹ ਇਹ ਹੈ, ਕਿ ਗੁਰਦੇਵ ਨੇ ਪਹਿਲੇ ਸਲੋਕ ਦੀ ਪਾਹਿਲੀ ਪੰਕਤੀ `ਚ "ਆਦਿ ਬੀੜ" ( "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ) ਲਈ ਸ਼ਬਦ ਵਰਤਿਆ ਹੈ "ਥਾਲ ਵਿਚਿ. ."। ਜਦਕਿ ਉਸ ਦੇ ਨਾਲ ਹੀ ਦੂਜੀ ਪੰਗਤੀ `ਚ ਗੁਰਦੇਵ ਨੇ ਉਸੇ "ਥਾਲ ਵਿਚਿ. ." ਬਦਲੇ ਲਫ਼ਜ਼ ਵਰਤਿਆ "ਅੰਮ੍ਰਿਤ ਨਾਮੁ" ਭਾਵ "ਸਦਾ ਥਿੱਰ ਰਹਿਣ ਵਾਲੇ ਅਕਾਲ ਪੁਰਖ ਦਾ ਨਾਮ" ਅਥਵਾ "ਪ੍ਰਭੂ ਦੀ ਸਿਫ਼ਤ ਸਲਾਹ ਦਾ ਖਜ਼ਾਨਾ"।

ਇਸ ਤੋਂ ਬਾਅਦ ਤਾਂ ਅਜਿਹਾ ਭੁਲੇਖਾ ਰਹਿਣਾ ਹੀ ਨਹੀਂ ਚਾਹੀਦਾ, ਕਿ ਗੁਰਬਾਣੀ `ਚ "ਨਾਮ" ਜਾਂ "ਨਾਮ ਜਪੋ" ਦੇ ਅਰਥ ਕਿਸੇ ਵਿਸ਼ੇਸ਼ ਲਫ਼ਜ਼ ਦੀ ਰਟੌਣੀ ਨਹੀਂ। ਬਲਕਿ ਗੁਰਬਾਣੀ ਅਨੁਸਾਰ "ਨਾਮ ਜਪੋ" ਦੇ ਅਰਥ ਸੰਪੂਰਣ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀ "ਗੁਰਬਾਣੀ" ਹੀ ‘ਨਾਮ’ ਅਥਵਾ "ਅੰਮ੍ਰਿਤ ਨਾਮੁ" ਦਾ ਖਜ਼ਾਨਾ ਅਤੇ ਪ੍ਰਕਾਸ਼ ਹਨ। ਇਸ ਤਰ੍ਹਾਂ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ, ਸੰਪੂਰਣ ਗੁਰਬਾਣੀ ਰਾਹੀਂ ਪ੍ਰਗਟ ਜੀਵਨ ਜਾਚ `ਚ ਪ੍ਰਪੱਕ ਹੋਣਾ ਹੀ "ਗੁਰੂ ਕੀਆਂ ਸੰਗਤਾਂ" ਲਈ "ਨਾਮ ਜਪਨਾ" ਤੇ "ਨਾਮ ਜਪੋ" ਦੀ ਪ੍ਰੀਭਾਸ਼ਾ ਹੈ।

ਇਸ ਤਰ੍ਹਾਂ "ਗੁਰਬਾਣੀ" ਅਨੁਸਾਰ ‘ਨਾਮ ਜਪੋ’ ਦੇ ਅਰਥ ਹੀ "ਗੁਰਬਾਣੀ ਸੋਝੀ ਰਾਹੀਂ ਸੁਰਤ ਕਰਕੇ ਸੁਆਸ-ਸੁਆਸ" - "ਪ੍ਰਭੂ ਦਾ ਗੁਣ-ਗਾਣ", "ਪ੍ਰਭੂ ਦੀ ਸਿਫ਼ਤ-ਸਲਾਹ" ਅਥਵਾ "ਕਰਤੇ ਪ੍ਰਭੂ ਦੀਆਂ ਬਾਤਾਂ" ਰਾਹੀਂ ਆਪਣੇ ਮਨੁੱਖਾ ਜਨਮ ਦੀ ਸੰਭਾਲ। ਕੇਵਲ ਇਹੀ ਤਰੀਕਾ ਹੈ ਜਿਸ ਨਾਲ ਸਾਡੇ ਜੀਵਨ ਅੰਦਰ ਦਇਆ, ਸਦਾਚਾਰ, ਉਚਾ ਆਚਰਣ, ਧੀਰਜ, ਸਹਿਣ-ਸ਼ੀਲਤਾ, ਸੰਤੋਖ, ਦ੍ਰਿੜ੍ਹਤਾ, ਕਰਣ-ਕਾਰਣ ਪ੍ਰਭੂ ਪ੍ਰਤੀ ਅਟੁੱਟ ਵਿਸ਼ਵਾਸ, "ਗੁਰਬਾਣੀ ਜੀਵਨ ਜੁਗਤ", ਦੁਬਿਧਾ ਤੋਂ ਛੁਟਕਾਰਾ, ਨਿਰਭੈਤਾ, ਅਡੋਲਤਾ, ਨਿਰਵੈਰਤਾ, ਕਾਦਿਰ ਦੀ ਪਹਿਚਾਣ, ਮਾਨਸਿਕ ਟਿਕਾਅ ਤੇ ਸ਼ਾਂਤੀ ਆਦਿ ਅਨੇਕਾਂ ਰੱਬੀ ਤੇ ਇਲਾਹੀ ਗੁਣ ਸਾਡੀ ਜੀਵਨ ਰਹਿਣੀ `ਚ ਪ੍ਰਵੇਸ਼ ਕਰਦੇ ਹਨ।

ਕੇਵਲ ਇਹੀ ਤਰੀਕਾ ਹੈ ਜਿਸ ਤੋਂ ਅਸੀਂ ਅਪਣੇ ਵਿਕਾਰਾਂ `ਚ ਲੁਪਤ, ਕੁਰਾਹੇ ਪਏ, ਮੋਹ-ਮਾਇਆ ਦੀ ਅਗਿਆਣਤਾ `ਚ ਠੋਕਰਾਂ ਖਾ ਰਹੇ ਮਨਮੁੱਖੀ ਜੀਵਨ ਤੋਂ ਛੁੱਟਕਾਰਾ ਪਾ ਸਕਦੇ ਹਾਂ। , ਆਪਣੇ ਜੀਵਨ ਨੂੰ ਕਰਤੇ ਪ੍ਰਭੂ ਦੀ ਰਜ਼ਾ ਤੇ ਭਾਣੇ `ਚ ਤਿਆਰ ਕਰ ਸਕਦੇ ਹਾਂ। ਇਸ ਤੋਂ ਅਸੀੇਂ ਕਰਤੇ ਪ੍ਰਭੂ ਦੀ ਬਖਸ਼ਿਸ਼ ਤੇ ਰਹਿਮਤ ਦੇ ਪਾਤ੍ਰ ਬਣ ਸਕਦੇ ਹਾਂ। ਸਾਡੇ ਪ੍ਰਾਪਤ ਦੁਰਲਭ ਮਨੁੱਖਾ ਜਨਮ ਦੀ ਇਹੀ ਉਹ ਉੱਤਮ ਆਤਮਕ ਅਵਸਥਾ ਹੈ ਜਦੋਂ ਸਾਡੇ ਜੀਵਨ ਅੰਦਰੋਂ ਸੰਸਾਰ ਤਲ ਦੇ ਇਕੋਇਕ ਗੁਰੂ, ਸ਼ਬਦ-ਗੁਰੂ ਅਥਵਾ ਸਤਿਗੁਰੂ ਦੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਸਕਦਾ ਹੈ।

ਦਰਅਸਲ ਸਾਡੇ ਜੀਵਨ ਅੰਦਰ ਅਜਿਹੇ ਇਲਾਹੀ ਗੁਣਾਂ ਦੀ ਅਣਹੋਂਦ ਹੀ ਹੁੰਦੀ ਹੈ ਪਰ ਸਾਨੂੰ ਸਮਝ ਨਹੀਂ ਆ ਰਹੀ ਹੁੰਦੀ ਜਿਸ ਤੋਂ ਸਾਡਾ ਜੀਵਨ ਹਊਮੈ ਆਦਿ ਵਿਕਾਰਾਂ ਦੀ ਮਾਰ `ਚ ਹੀ ਨਸ਼ਟ ਹੋ ਰਿਹਾ ਹੁੰਦਾ ਹੈ। ਕੁਰਾਹੇ ਪਏ ਹੋਏ ਅਸੀਂ ਜ਼ਿੰਦਗੀ ਦੇ ਹਨੇਰੇ `ਚ ਠੋਕਰਾਂ ਖਾ ਰਹੇ, ਪ੍ਰਭੂ ਵੱਲੋਂ ਸ਼ਭ ਕੁੱਝ ਪਾ ਕੇ ਵੀ ਖੁਆਰ ਹੋ ਰਹੇ ਹੁੇੰਦੇ ਹਾਂ। ਤ੍ਰਿਸ਼ਨਾ ਦੀ ਅੱਗ `ਚ ਸੜਦੇ ਜੀਵਨ ਭਰ ਭਟਕਦੇ, ਖੁਆਰੀਆਂ ਭੋਗਦੇ ਅਤੇ ਜੀਂਦੇ ਜੀਅ ਹੀ ਆਪਣੇ ਲਈ ਆਤਮਕ ਮੌਤ ਸਹੇੜੀ ਰਖਦੇ ਹਾਂ।

ਸਾਡੇ ਜੀਵਨ ਅੰਦਰ ਇਸੇ "ਨਾਮ ਜਪੋ" ਦੀ ਘਾਟ ਕਾਰਣ ਰੱਬੀ ਤੇ ਇਲਾਹੀ ਗੁਣਾਂ ਦੀ ਅਣਹੋਂਦ ਹੀ ਹੁੰਦੀ ਹੈ ਜਿਸ ਤੋਂ ਸਾਡੇ ਜੀਵਨ `ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰ ਭਾਰੂ ਰਹਿੰਦੇ ਹਨ। ਸਾਡਾ ਦੁਰਲਭ ਮਨੁੱਖਾ ਜਨਮ, ਕੇਵਲ ਤ੍ਰਿਸ਼ਨਾ-ਭਟਕਣਾ ਆਦਿ ਦੀ ਭੱਠੀ ਬਣਿਆ ਰਹਿੰਦਾ ਹੈ। ਸੰਸਾਰ ਦੀਆਂ ਬਿਨਸਨਹਾਰ (ਕੂੜ) ਪ੍ਰਾਪਤੀਆਂ ਲਈ ਹਰ ਸਮੇਂ ਸਾਡੀ ਵੱਧ ਰਹੀ ਦੌੜ-ਭੱਜ ਹੀ ਸਾਡੇ ਜੀਵਨ ਨੂੰ ਸੁਤਿਆਂ-ਜਾਗਦਿਆਂ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਉਠਦੇ-ਬੈਠਦੇ, ਸੁੱਤੇ-ਜਾਗਦੇ ਹਰ ਸਮੇਂ ਸਾਡੀਆਂ ਇਹ ਕਾਲਪਨਿਕ ਇਛਾਵਾਂ-ਆਸ਼ਾਵਾਂ-ਕਾਮਨਾਵਾਂ ਹੀ ਸਾਡੇ ਮਾਨਸਿਕ ਤਨਾਅ ਦਾ ਮੁੱਖ ਕਾਰਣ ਹੁੰਦੀਆਂ ਹਨ। ਇਸੇ ਤੋਂ ਅਸੀਂ ਅਕਾਰਣ ਹੀ ਜੀਵਨ ਭਰ ਭੱਟਕਨਾ-ਬੇਚੈਨੀਆਂ ਤੇ ਚਿੰਤਾਂਵਾਂ ਆਦਿ ਦਾ ਖਾਜ ਬਣੇ ਰਹਿੰਦੇ ਹਾਂ।

ਇਸ ਸਾਰੇ ਦੇ ਉਲਟ, ਜੇਕਰ ਮਨੁੱਖ "ਗੁਰਬਾਣੀ-ਗੁਰੂ" ਦੇ ਚਰਣਾਂ `ਚ ਆ ਕੇ ਆਪਣੇ ਆਪ ਨੂੰ ਘੋਖੇ ਤਾਂ ਮਨੁੱਖ ਦੇ 99% ਸਰੀਰਕ ਤੇ ਮਾਨਸਿਕ ਰੋਗਾਂ ਦਾ ਕਾਰਣ, ਉਸ ਦੇ ਮਾਨਸਿਕ ਤਨਾਅ ਦਾ ਅਗਲਾ ਪੜਾਅ ਹੀ ਹੁੰਦੇ ਹਨ। ਬਲਕਿ ਉਸ ਦੀਆਂ ਸਮਾਜਿਕ ਲੜਾਈਆਂ-ਖਿੱਚਾਤਾਣੀਆਂ-ਦੁਰਘਟਣਾਵਾਂ, ਮੁਕਦਮੇਬਾਜ਼ੀਆਂ-ਕਤਲੋਗ਼ਾਰਤ ਤੇ ਹੋਰ ਬਹੁਤ ਕੁਝ; ਅਸਲ `ਚ ਇਹ ਸਭ ਮਨੁੱਖਾ ਜੀਵਨ ਅੰਦਰ, ਗੁਰਬਾਣੀ ਆਧਾਰਤ ‘ਨਾਮ ਜਪੋ’ ਵਾਲੀ ਘਾਟ ਦਾ ਹੀ ਨਤੀਜਾ ਹੁੰਦੇ ਹਨ। ਹੋਰ ਤਾਂ ਹੋਰ, ਸਮਾਜਿਕ ਤਲ ‘ਡਕੈਤੀਆਂ, ਭਿਆਨਕ ਜੁਰਮ, ਵੱਡੇ-ਵੱਡੇ ਸਕੈਂਡਲ, ਕਿੱਡਨੈਪਿੰਗ, ਖੜਯੰਤ੍ਰ ਤੇ ਅੰਡਰਵਰਲਡ ਕਾਰਨਾਮੇ ਆਦਿ "ਨਾਮ ਜਪੋ" ਵਾਲੀ ਗੁਰਬਾਣੀ ਸੋਝੀ ਤੇ ਜੀਵਨ ਵੱਲੋਂ ਅਗਿਆਨਤਾ ਤੇ ਮਨੁੱਖਾ ਜੀਵਨ `ਚ ਉਸ ਦੀ ਅਣਹੋਂਦ ਦਾ ਹੀ ਪ੍ਰਗਟਾਵਾ ਹੁੰਦੇ ਹਨ।

ਉਸੇ ਦਾ ਨਤੀਜਾ ਮਨੁੱਖ ਜੀਵਨ ਭਰ ਮਾਨਸਿਕ ਸ਼ਾਂਤੀ ਅਤੇ ਆਤਮਕ ਅਨੰਦ ਨਹੀਂ ਮਾਨ ਸਕਦਾ ਅਤੇ ਨਾ ਹੀ ਮਨੁੱਖਾ ਜੀਵਨ `ਚ ਸਹਿਨਸ਼ੀਲਤਾ ਹੀ ਰਹਿੰਦੀ ਹੈ। ਇਸਦੇ ਉਲਟ ਮਨੁੱਖ ਹਰ ਸਮੇਂ ਆਪਣੀਆਂ ਕਲਪਿਤ ਇਛਾਵਾਂ ਤੇ ਮੰਗਾਂ ਦਾ ਗ਼ੁਲਾਮ ਉਪ੍ਰੰਤ ਇਨ੍ਹਾਂ ਕਲਪਿਤ ਮੰਗਾਂ ਤੇ ਅਸ਼ਾਵਾਂ ਦੀ ਪੂਰਤੀ ਲਈ ਭਟਕਦਾ, ਹਰ ਸਮੇਂ ਪ੍ਰੇਸ਼ਾਨ ਅਤੇ ਖੁਆਰੀਆਂ ਹੀ ਭੋਗਦਾ ਰਹਿੰਦਾ ਹੈ।

ਹੋਰ ਤਾਂ ਹੋਰ ਧਰਮ ਦੇ ਪਰਦੇ ਹੇਠ ਉਹ ਬੇਅੰਤ ਅਨਮੱਤੀ ਤੇ ਬ੍ਰਾਹਮਣੀ ਫੋਕਟ ਕਰਮ ਕਾਂਡ, ਹਸਤ-ਰੇਖਾਵਾਂ, ਸਗਨਾਂ-ਅਪਸਗਨਾਂ-ਟੇਵੇ-ਮਹੂਰਤਾਂ-ਜਨਮਪਤ੍ਰੀਆਂ-ਹਾਰੋਸਕੋਪਾਂ, ਗ੍ਰਿਹ-ਨਖਤ੍ਰਾਂ, ਸੁਰਗ-ਨਰਕ-ਧਰਮਰਾਜ-ਜਮਰਾਜ-ਪਿਤ੍ਰ ਲੋਕ, ਪ੍ਰੇਤ ਆਤਮਾਵਾਂ ਆਦਿ ਦੇ ਨਿਰਮੂਲ ਡੱਰਾਂ ਤੇ ਸਹਿਮਾਂ `ਚ ਹੀ ਉਲਝਿਆ ਰਹਿੰਦਾ ਹੈ। ਉਸੇ ਤੋਂ ਉਸਦੇ ਜੀਵਨ ਅੰਦਰਲੇ ਬੇਸਿਰਪੈਰ ਉਨ੍ਹਾਂ ਵਹਿਮਾਂ ਸਹਿਮਾਂ ਆਦਿ ਨੂੰ ਹਵਾ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਪੈਦਾ ਹੋ ਜਾਂਦੇ ਹਨ ਬੇਅੰਤ ਢੋਂਗੀ –ਤਾਂਤ੍ਰਿਕ, ਆਸ਼ੂਤੋਸ਼, ਭਨਿਆਰੇ ਆਦਿ। ਦਰਅਸਲ ਗੁਰਬਾਣੀ ਅਨੁਸਾਰ ਇਸ ਸਾਰੇ ਦਾ ਮੂਲ ਹੀ:-

() "ਬਾਝੁ ਗੁਰੂ ਹੈ ਅੰਧ ਅਧੰਾਰਾ॥ ਜਮਕਾਲਿ ਗਰਠੇ ਕਰਹਿ ਪੁਕਾਰਾ॥ ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ" (ਪੰ: ੧੨੫)

() "ਮਨਮੁਖ ਸਦਾ ਕੂੜਿਆਰ ਭਰਿਮ ਭੁਲਾਣਿਆ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ॥ ਵਿਣੁ ਨਾਵੈ ਦੁਖਿ ਪਾਇ ਆਵਣ ਜਾਣਿਆ" (ਪੰ: ੧੪੪)

() "ਲਖ ਚਉਰਾਸੀਹ ਆਪਿ ਉਪਾਏ॥ ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ॥ ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ" (ਪੰ: ੧੦੬੧) ਆਦਿ।

ਇਸ ਤਰ੍ਹਾਂ ਸਮੂਚੇ ਤੌਰ `ਤੇ ਉਹ ਸਭ ਮਨੁੱਖਾ ਜੀਵਨ ਅੰਦਰ ਗੁਰਬਾਣੀ ਆਧਾਰਤ "ਨਾਮ ਜਪੋ" ਦੀ ਘਾਟ ਦੀ ਹੀ ਦੇਣ ਹੁੰਦੇ ਹਨ। ਤਾਂ ਤੇ ਕੇਵਲ ਅਤੇ ਕੇਵਲ:-

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਹੀ ਸਮੂਚੇ ਇਲਾਹੀ ਤੇ ਰੱਬੀ ਗੁਣਾਂ, ਬਲਕਿ ਮਨੁੱਖੀ ਕੱਦਰਾਂ ਕੀਮਤਾਂ ਦਾ ਸਮੂਹ ਬਲਕਿ ਸ੍ਰੋਤ ਵੀ ਹਨ। ਇਸ ਲਈ "ਗੁਰਬਾਣੀ-ਗੁਰੂ" ਦੀ ਆਗਿਆ ਅਤੇ ਆਦੇਸ਼ਾਂ ਅਨੁਸਾਰ ਚੱਲਣ ਵਾਲਾ ਮਨੁੱਖ ਦਿਨੋ ਦਿਨ ਉਚੇਰੇ ਤੋਂ ਵੀ ਉਚੇਰੇ ਆਤਮਕ ਜੀਵਨ ਨੂੰ ਪ੍ਰਾਪਤ ਹੁੰਦਾ ਹੈ। ਉਸ ਦਾ ਜੀਵਨ ਦਿਨੋਂ ਦਿਨ ਆਪਣੇ ਆਪ ਰਜ਼ਾ ਤੇ ਭਾਣੇ ਵਾਲਾ ਤਿਆਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹੀ ਮਨੁੱਖ ਅੰਤ ਇੱਕ ਦਿਨ, "ਨਾਨਕ ਸਚੁ ਧਿਆਇਨਿ ਸਚੁ" (ਪੰ: ੪੬੩) ਭਾਵ ਜੀਵਨ `ਚ ਸਰੂਪ ਤੇ ਸੁਭਾਅ ਮਨੁੱਖਾ ਜੀੜਨ ਦੇ ਇਨ੍ਹਾਂ ਦੋਨਾਂ ਪੱਖਾ `ਤੇ ਆਧਾਰਤ ਪ੍ਰਭੂ ਵੱਲੋਂ ਨਿਯਤ ਇਕੋ ਇੱਕ ਸੱਚ ਧਰਮ ਦਾ ਹੀ ਪਾਂਧੀ ਹੋ ਨਿੱਬੜਦਾ ਹੈ।

ਜਿਸ ਤਰ੍ਹਾਂ ਪ੍ਰਭੂ ਦੀ ਸਮੂਚੀ ਰਚਨਾ, ਕਰਤੇ ਦੇ ਹੁਕਮ `ਚ "ਬਾਹਰੋਂ ਸਰੂਪ ਤੇ ਸ਼ਕਲ ਉਪ੍ਰੰਤ ਅੰਦਰੋਂ "ਸੁਭਾਅ ਤੇ ਸੀਰਤ ਕਰਕੇ" "ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ" (ਪੰ: ੪੬੩) ਆਪ ਮੁਹਾਰੇ ਪ੍ਰਭੂ ਬਖ਼ਸੇ ਨਿਜ ਸਰੂਪ ਤੇ ਸੁਭਾਅ ਦੋਨਾਂ `ਚ ਕਾਇਮ ਰਹਿੰਦੀ ਹੈ। ਦਰਅਸਲ ਉਸੇ ਤਰ੍ਹਾਂ, ਸਮੂਚੇ ਮਨੁੱਖ ਮਾਤ੍ਰ ਨੂੰ ਵੀ "ਗੁਰਬਾਣੀ-ਗੁਰੂ" ਰਾਹੀਂ, ਅਕਾਲਪੁਰਖ ਵੱਲੋਂ ਨਿਯਤ ਉਸ ਇਕੋ-ਇਕ ਮਾਨਵਵਾਦੀ ਸੱਚ ਧਰਮ ਦੀ ਪਛਾਣ ਵੀ ਕਰਵਾਈ ਹੋਈ ਹੈ।

ਕੇਸ ਅਤੇ ਸਿੱਖੀ ਸਰੂਪ- ਸਪਸ਼ਟ ਹੈ, ਕਰਤੇ ਦੀ ਸਮੂਚੀ ਰਚਨਾ `ਚ ਇੱਕ ਵੀ ਸ਼੍ਰੇਣੀ ਅਜਿਹੀ ਨਹੀਂ, ਜਿਸ ਦੀ ਸ਼ਕਲ ਪ੍ਰਭੂ ਵੱਲੋਂ ਨੀਯਤ ਨਾ ਕੀਤੀ ਹੋਈ ਹੋਵੇ। ਇਸ ਤਰ੍ਹਾਂ ਜੇ ਪੁੱਛਿਆ ਜਾਵੇ ਕਿ ਪ੍ਰਭੂ ਨੇ ਮਨੁੱਖ ਦੇ ਸਰੂਪ ਨੂੰ ਕਿਹੋ ਜਿਹਾ ਘੜਿਆ ਹੈ? ਤਾਂ ਉਸ ਦਾ ਸਬੂਤ ਵੀ ਕੇਵਲ ਉਹੀ ਮਨੁੱਖ ਹੈ, ਜਿਸ ਨੇ ਜਨਮ ਤੋਂ ਹੀ ਆਪਣੇ ਅਕਾਲਪੁਰਖੀ ਸਰੂਪ ਦੀ ਸੰਭਾਲ ਕੀਤੀ ਹੋਵੇ। ਇਸ ਦੇ ਉਲਟ, ਜਿਸ ਨੇ ਪ੍ਰਭੂ ਬਖਸ਼ੀ ਆਪਣੀ ਸੂਰਤ `ਚ ਕੱਟ ਵੱਢ ਕੀਤੀ ਜਾਂ ਉਸ ਨੂੰ ਭੇਖਾਂ ਆਦਿ ਦੀ ਪਾਣ ਚੜ੍ਹਾਈ ਹੋਵੇ, ਅਸਲ `ਚ ਉਹ ਮਨੁੱਖ, ਆਪਣੇ ਰੱਬੀ ਸਰੂਪ `ਚ ਨਹੀਂ ਹੁੰਦਾ।

ਇਸ ਲਈ ਇਹ ਕਹਿਣਾ ਮੂਲੋਂ ਹੀ ਗ਼ਲਤ ਹੈ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਕੇਸ ਰਖਵਾਏ ਜਾਂ ਕੇਸਾਂ ਦੀ ਸੰਭਾਲ ਲਈ ਉਚੇਚੇ ਹਿਦਾਇਤ ਕੀਤੀ। ਕਿਉਂਕਿ ਮਨੁੱਖ ਦੇ ਬਾਹਰੋਂ ਇਲਾਹੀ ਸਰੂਪ (ਸ਼ਕਲ) ਅਤੇ ਅੰਦਰੋਂ ਇਲਾਹੀ ਸੁਭਾਅ (ਸੀਰਤ) ਵਾਲਾ ਵਿਸ਼ਾ ਤਾਂ, ਚੱਲ ਰਹੀ ਇਸ ਗੁਰਮੱਤ ਵਿਚਾਰ ਲੜੀ `ਚ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (ਪੰ: ੪੬੫) ਅਤੇ "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" (ਬਾਣੀ ਜਪੁ) ਆਦਿ ਗੁਰਬਾਣੀ ਫ਼ੁਰਮਾਨਾ ਅਨੁਸਾਰ ਮੂਲ ਵਿਸ਼ਾ ਹੈ ਅਤੇ ਅਸੀਂ ਇਸ ਨੂੰ ਅਰੰਭ ਤੋਂ ਹੀ ਘੌਖਦੇ ਵੀ ਆ ਰਹੇ ਹਾਂ।

ਇਸ ਲਈ ਮਨੁੱਖ ਦਾ ਪੂਰਨ ਕੇਸਾਧਾਰੀ ਸਰੂਪ? ਸਮਝਣਾ ਹੈ ਕਿ ਰਖਵਾਈ ਤਾਂ ਉਹ ਚੀਜ਼ ਜਾਂਦੀ ਹੈ ਜਿਹੜੀ ਓਪਰੀ ਜਾਂ ਬਾਹਰ ਦੀ ਹੋਵੇ। ਕੇਸ ਮਨੁੱਖਾ ਸਰੀਰ ਦਾ ਉੇਸੇ ਤਰ੍ਹਾਂ ਅੰਗ ਹਨ ਜਿਵੇਂ ਕਿਸੇ ਮਨੁੱਖ ਦੀਆਂ ਲੱਤਾਂ-ਬਾਹਵਾਂ-ਕੰਨ-ਨੱਕ-ਅੱਖਾਂ ਆਦਿ।

ਕੀ ਕਦੇ ਕਿਸੇ ਮਨੁੱਖ ਨੇ ਕਿਸੇ ਦੂਜੇ ਮਨੁੱਖ ਤੋਂ ਕਦੇ ਪੁੱਛਿਆ ਹੈ ਕਿ ਤੂੰ "ਲੱਤਾਂ, ਬਾਹਵਾਂ ਆਦਿ ਕਿਉਂ ਰੱਖੀਆਂ ਹੋਈਆਂ ਹਨ" ? ਕਦੇ ਵੀ ਨਹੀਂ। ਫ਼ਿਰ ਡਾਕਟਰੀ ਉਸੂਲਾਂ ਅਨੁਸਾਰ ਵੀ ਸਾਡੀ ਸਰੀਰਕ ਖੁਰਾਕ ਚੋਂ ਬਰਾਬਰ ਦਾ ਹਿੱਸਾ ਸਾਡੇ ਕੇਸਾਂ ਨੂੰ ਵੀ ਉਸੇ ਤਰ੍ਹ੍ਹਾਂ ਪੁੱਜਦਾ ਹੈ, ਜਿਵੇਂ ਸਰੀਰ ਦੇ ਬਾਕੀ ਸਾਰੇ ਅੰਗਾਂ ਨੂੰ। ਉਪ੍ਰੰਤ ਸਮੇਂ ਸਮੇਂ ਨਾਲ ਮਨੁੱਖਾ ਸਰੀਰ ਦੇ ਕੇਸ ਵੀ ਕਾਲੇ ਤੋਂ ਚਿੱਟੇ ਭਾਵ ਬੇਢਾਪੇ ਦਾ ਸ਼ਿਕਾਰ ਹੁੰਦੇ ਹਨ; ਇਹ ਵੀ ਮਨੁੱਖਾ ਸਰੀਰ ਦਾ ਬੇ-ਜਾਨ ਅੰਗ ਨਹੀਂ ਹਨ।

ਉਂਝ ਵੀ, ਜਿਹੜੇ ਲੋਕ ਕੇਸਾਂ ਦੀ ਕੱਟ-ਵੱਢ `ਚ ਉਲਝੇ ਰਹਿੰਦੇ ਹਨ, ਉਨ੍ਹਾਂ ਦੇ ਕੇਸ ਵੀ ਉਮਰ ਭਰ ਨਿਰੰਤਰ ਉੱਗਦੇ ਤੇ ਵੱਧਦੇ ਰਹਿੰਦੇ ਹਨ। ਉਹ ਵੀ ਉਦੋਂ ਹੀ ਉੱਗਣਾ ਬੰਦ ਹੁੰਦੇ ਹਨ, ਜਦੋਂ ਉਨ੍ਹਾਂ ਕੇਸਾਂ ਦੀਆਂ ਜੜ੍ਹਾਂ ਹੀ ਖਤਮ ਕਰ ਦਿੱਤੀਆਂ ਜਾਣ; ਠੀਕ ਉਸੇ ਤਰ੍ਹਾਂ, ਜਦੋਂ ਕਿਸੇ ਦੀਆਂ ਲੱਤਾਂ-ਬਾਹਵਾਂ ਆਦਿ। ਇਸ ਲਈ ਕੇਸਾਂ ਦੀ ਅਸਲ ਕੀਮਤ ਤਾਂ ਕਿਸੇ ਖੋਦੇ-ਗੰਜੇ ਜਾਂ ਅਜਿਹੀ ਇਸਤ੍ਰੀ ਜਾਂ ਪੁਰਖ-ਜਿਸ ਦੇ ਕੇਸ ਝੜਦੇ ਹੋਣ, ਦਰਅਸਲ ਉਨ੍ਹਾਂ ਕੋਲੋਂ ਵੀ ਪੁੱਛੀ ਜਾ ਸਕਦੀ ਹੈ।

ਪ੍ਰਭੂ ਦੀ ਵਿਗਿਆਨਕ ਦੇਣ ਵੀ ਹਣ, ਮਨੁਖਾ ਸਰੀਰ ਦੇ ਕੇਸ-ਪ੍ਰਭੂ ਦੀਆਂ ਬੇਅੰਤ ਬਖਸ਼ਿਸ਼ਾਂ ਤੇ ਦਾਤਾਂ `ਚੋਂ ਕੇਸ ਵੀ ਅਜਿਹੀ ਵਿਗਿਆਨਕ ਦੇਣ ਹਨ, ਜਿਸ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ। ਅਸੀਂ ਆਪਣੀਆਂ ਗਡੀਆਂ `ਚ ਪੁਰੋਲੇਟਰ ਲਗਾਂਦੇ ਹਾਂ ਕਿਉਂਕਿ ਜੇ ਬਾਹਰ ਦੀ ਹਵਾ ਵਿੱਚਲੀ ਗੰਦਗੀ ਗੱਡੀਆਂ `ਚ ਚਲੀ ਗਈ ਤਾਂ ਸਾਡੀ ਗੱਡੀ ਦਾ ਇੰਜਣ ਬੈਠ ਜਾਵੇਗਾ। ਸਾਡੇ ਨੱਕ ਤੇ ਕੰਨਾਂ `ਚ ਛੋਟੇ-ਛੋਟੇ ਕੇਸ ਹੁੰਦੇ ਹਨ। ਪੁਰੋਲੇਟਰ ਦੀ ਨਿਆਈ, ਸਾਡੇ ਸਰੀਰ ਅੰਦਰ ਜੋ ਹਵਾ ਜਾਂਦੀ ਹੈ, ਉਹ ਇਨ੍ਹਾਂ ਛੋਟੇ ਛੋਟੇ ਕੇਸਾਂ ਰਾਹੀਂ ਪੁਣ-ਛਾਣ ਕੇ ਜਾਂਦੀ ਹੈ ਜਿਸ ਤੋਂ ਸਾਡੀ ਸੁਨਣ, ਸੁੰਘਣ ਦੀ ਤਾਕਤ ਅਤੇ ਸਾਡੀ ਸੁਆਸ ਕਿਰਿਆ ਆਦਿ ਨਿਯਮਿਤ ਢੰਗ ਨਾਲ ਚਲਦੀਆਂ ਹਨ। ਉਪ੍ਰੰਤ ਜਿਹੜੀਆਂ ਬੀਬੀਆਂ ਆਪਣੀਆਂ ਅੱਖਾਂ ਦੇ ਭਰਵੱਟੇ ਕਟਵਾਉਂਦੀਆਂ ਰਨ, ਉਹ ਆਪਣੀਆਂ ਅੱਖਾਂ ਬਲਕਿ ਸਰੀਰਾਂ ਲਈ ਵੀ ਅਚਣਚੇਤ ਕਿਤਨੀਆਂ ਹੀ ਨਵੀਆਂ ਬੀਮਾਰੀਆਂ ਨੂੰ ਸੱਦਾ ਦਿੰਦੀਆਂ ਹਨ, ਇਹ ਅੱਖਾਂ ਦੇ ਹਸਪਤਾਲਾਂ `ਚੋਂ ਜਾ ਕੇ ਪਤਾ ਕੀਤਾ ਜਾ ਸਕਦਾ ਹੈ।

ਮਨੁੱਖਾ ਸਰੀਰ ਅੰਦਰ ਦਿਮਾਗ਼ ਅਤੇ ਕੇਸਾਂ ਵਾਲਾ ਵਿਸ਼ਾ- ਕੋਈ ਮਸ਼ੀਨ ਵੀ ੨੪ ਘੰਟੇ ਨਹੀਂ ਚੱਲ ਸਕਦੀ। ਮਨੁੱਖਾ ਸਰੀਰ ਵੀ ਸਮੇਂ-ਸਮੇਂ ਨਾਲ ਆਰਾਮ ਮੰਗਦਾ ਹੈ ਪਰ ਮਨੁੱਖ ਦਾ ਦਿਮਾਗ, ਸੁੱਤੇ ਸਮੇਂ ਵੀ ਚਲਦਾ ਰਹਿੰਦਾ ਹੈ ਤੇ ਸੁਪਨੇ ਉਸੇ ਦਾ ਨਤੀਜਾ ਹੁੰਦੇ ਹਨ। ਮਨੁੱਖ ਦੇ ਸਿਰ `ਤੇ ਭਾਰੀ ਵਾਲ, ਦਿਮਾਗ ਨੂੰ ਠੰਢਾ ਰੱਖਣ ਤੇ ਉਸ ਨੂੰ ਚੋਟਾਂ ਤੋਂ ਬਚਾਉਣ `ਚ ਵੀ ਵੱਡੀ ਮਦਦ ਕਰਦੇ ਹਨ। ਸਨ-ਸਟ੍ਰੋਕ, ਕਦੇ ਕਿਸੇ ਕੇਸਾਧਾਰੀ ਨੂੰ ਨਹੀਂ ਹੁੰਦਾ। ਲੋਹਟੋਪਾਂ (Helmets) ਤੇ ਗਿੱਲੇ ਤੌਲੀਏ ਦੀ ਲੋੜ, ਕੇਵਲ ਕੇਸਹੀਣਾਂ ਨੂੰ ਹੀ ਹੁੰਦੀ ਹੈ, ਕੇਸਾਧਾਰੀ-ਦਸਤਾਰ ਧਾਰੀਆਂ ਨੂੰ ਨਹੀਂ। ਉਪ੍ਰੰਤ ਸਰੀਰਾਂ ਦੇ ਅੰਗਾਂ `ਤੇ ਬੇਅੰਤ ਰੋਮ, ਪਸੀਨੇ ਆਦਿ ਰਾਹੀਂ ਮਨੁੱਖਾ ਸਰੀਰ ਦੇ ਅੰਦਰ ਦੀ ਗੰਦਗੀ ਬਾਹਰ ਕੱਢਦੇ ਅਤੇ ਮਨੁੱਖ ਨੂੰ ਬੇਅੰਤ ਰੋਗਾਂ ਤੋਂ ਬਚਾਉਂਦੇ ਹਨ।

ਸਮੇਂ ਸਮੇਂ ਨਾਲ ਕੇਸ-ਸਰੀਰ ਦੇ ਜਿਸ ਅੰਗ `ਤੇ ਉਮਰ ਦੇ ਹਿਸਾਬ ਜਿਸ ਸਮੇਂ ਜਿੰਨੇਂ ਤੇ ਜਿਸ ਸੀਮਾ ਤੇ ਲੰਬਾਈ `ਚ ਕੇਸਾਂ ਦੀ ਲੋੜ ਹੁੰਦੀ ਹੈ, ਇਸਤ੍ਰੀ-ਪੁਰਖ ਦੇ ਫ਼ਰਕ ਨਾਲ ਉਦੋਂ ਅਤੇ ਉਤਨੇ ਹੀ ਉੱਗਦੇ ਹਨ। ਜਿਨੇ ਲੰਮੇਂ ਕੇਸ ਸਿਰ `ਤੇ ਹੁੰਦੇ ਹਨ। ਮਨੁੱਖਾ ਸਰੀਰ ਦੇ ਕਿਸੇ ਹੋਰ ਅੰਗ `ਤੇ ਆਪਣੀ ਮਰਜ਼ੀ ਨਾਲ ਨਹੀਂ ਉਗਾਏ ਜਾ ਸਕਦੇ।

ਇਨਾਂ ਹੀ ਨਹੀਂ, ਸਰੀਰ ਦੇ ਜਿਨ੍ਹਾਂ ਅੰਗਾਂ `ਤੇ ਕੇਸਾਂ ਦੀ ਲੋੜ ਨਹੀਂ ਹੁੰਦੀ ਉਥੇ ਕੇਸ ਨਾ ਉੱਗਦੇ ਤੇ ਨਾ ਕੋਈ ਉਗਾਅ ਸਕਦਾ ਹੈ। ਕੇਵਲ ਮਨੁੱਖ ਹੀ ਨਹੀਂ, ਸਾਰੀ ਜੀਵ ਸ਼੍ਰੇਣੀ, ਫੁੱਲ ਬਨਸਪਤੀ `ਚ ਕੇਸਾਂ-ਰੋਮਾਂ ਵਾਲੇ ਇਸ ਰੱਬੀ ਨਿਯਮ ਨੂੰ ਦੇਖਿਆ ਜਾ ਸਕਦਾ ਹੈ। ਸ਼ੇਰ-ਸ਼ੇਰਨੀ, ਚਿੜਾ-ਚਿੜੀ, ਮੋਰ-ਮੋਰਣੀ, ਗੋਭੀ-ਗੁਲਾਬ ਭਾਵ ਕੇਸਾਂ ਵਾਲੀ ਲੀਲਾ, ਨਰ-ਮਾਦਾ ਦੇ ਫਰਕ ਨਾਲ, ਪ੍ਰਭੂ ਦੀ ਵਡਮੁੱਲੀ ਦਾਤ ਨੂੰ ਕੇਵਲ ਪਛਾਣਨ ਤੇ ਸਮਝਣ ਲੋੜ ਹੈ।

ਸਿੱਖ ਧਰਮ `ਚ ਸੰਪੂਰਣ ਕੇਸਾਧਾਰੀ ਪਹਿਲੇ ਜਾਮੇ ਤੋ ਹੀ ਸੀ- ਦੌਰਾਅ ਦੇਵੀਏ ਕਿ ਗੁਰਬਾਣੀ ਦੇ ਸਿੱਖ ਦਾ ਸੰਪੂਰਣ ਕੇਸਾਧਾਰੀ ਸਰੂਪ ਦਰਅਸਲ ਪਹਿਲੇ ਜਾਮੇ ਤੋਂ ਹੀ ਹੈ ਬਾਕੀ ਤਾਂ ਕੇਵਲ ਇਤਿਹਾਸਕ ਮਿਲਾਵਟਾਂ ਹੀ ਹਨ। ਗਿਆਨ ਰਤਨਾਵਲੀ `ਚ, ਭਾਈ ਮਨੀ ਸਿੰਘ ਲਿਖਦੇ ਹਨ ਜਦੋਂ ਗੁਰੂ ਨਾਨਕ ਪਾਤਸ਼ਾਹ ਤੋਂ ਭਾਈ ਮਰਦਾਨੇ ਨੇ `ਚਰਨ ਪਾਹੁਲ’ ਪ੍ਰਾਪਤ ਕੀਤੀ ਤਾਂ ਮਰਦਾਨੇ ਨੂੰ ਤਿੰਨ ਉਪਦੇਸ਼ ਮਿਲੇ ਸਨ। ਜਿਨ੍ਹਾਂ `ਚੋਂ ਪਹਿਲਾ ਹੀ ਉਪਦੇਸ਼ ਸੀ ‘ਕੇਸਾਂ ਨੂੰ ਕੱਤਲ ਨਹੀਂ ਕਰਵਾਉਣਾ’। ਇਸ ਤੋਂ ਬਾਅਦ ਇਹ ਵੀ ਧਿਆਂਨ ਦੇਨਾ ਹੈ ਕਿ ਗੁਰਬਾਣੀ ਚ ਵੀ ਕੇਸਾਂ ਵਾਲੇ ਪੂਰਨ ਸਰੂਪ ਸੰਬੰਧੀ ਵੀ ਬਹੁਤੇਰੇ ਸਬੂਤ ਹਨ, ਜਿਵੇਂ:-

(ੳ) "ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ" (ਪੰ: ੧੩੬੯)

(ਅ) "ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ" (ਰਵਦਿਾਸ ਜੀ ਪੰ: ੬੮੦)

(ੲ) "ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ" (ਪੰ: ੮੧੦)

(ਸ) "ਸਤਿਗੁਰੁ ਅਪਨਾ ਸਦ ਸਦਾ ਸਮਾੑਰੇ॥ ਗੁਰ ਕੇ ਚਰਨ ਕੇਸ ਸੰਗਿ ਝਾਰੇ" (ਪੰ: ੩੮੭)

(ਹ) "ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ" (ਪੰ: ੫੦੦)

(ਕ) "ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ" (ਪੰ: ੭੪੫)

(ਖ) "ਕੇਸਾਂ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ" (ਪੰ: ੭੪੯)

(ਗ) "ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ" (ਪੰ: ੬੨੨)

(ਘ) "ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ" (ਪੰ: ੧੪੧੯)

(ਙ) "ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ (ਪੰ: ੧੪੧੯)

(ਚ) "ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ" (ਨਾਮਦੇਵ ਪੰ: ੭੨੭)

(ਛ) "ਕੇਸ ਜਲੇ ਜੈਸੇ ਘਾਸ ਕਾ ਪੂਲਾ" (ਕਬੀਰ ਪੰ: ੮੭੦)।

ਜਦਕਿ ਅਜਿਹੀ ਸ਼ਬਦਾਵਲੀ ਤੇ ਅਜਿਹੀਆਂ ਕੇਸਾਂ ਵਾਲੇ ਸਰੂਪ ਦੀਆਂ ਮਿਸਾਲਾਂ ਕੇਵਲ ਉਹੀ ਵਰਤੇਗਾ ਜਿਹੜਾਂ ਆਪ ਵੀ ਕੇਸਾਧਾਰੀ ਹੋਵੇ। ਇਥੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚਲੇ ਸਾਰੇ ਭਗਤ ਵੀ ਸੰਪੂਰਣ ਕੇਸਾਧਾਰੀ ਸਨ। ਅਜਿਹੇ ਗੁਰ ਪ੍ਰਮਾਣਾਂ ਤੋਂ ਬਾਅਦ ਇਹ ਕਿਵੇਂ ਸੰਭਵ ਹੈ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖ ਵੀ ਪਹਿਲੇ ਜਾਮੇ ਤੋਂ ਹੀ ਸੰਪੂਰਣ ਕੇਸਾਧਾਰੀ ਨਾ ਹੋਣ।

ਗੁਰਦੇਵ ਤਾਂ ਦ੍ਰਿੜ ਕਰਵਾ ਰਹੇ ਹਨ "ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੈ" (ਪੰ: ੧੩੪੪) ਜਾਂ "ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ॥ ਗੁਰਮਤਿ ਮਨੁ ਸਮਝਾਇਆ, ਲਾਗਾ ਤਿਸੈ ਪਿਆਰੁ" (ਪੰ: ੬੧) ਗੁਰਬਾਣੀ `ਚ ਪ੍ਰਭੂ ਅਤੇ ਗੁਰੂ ਦੋਨਾਂ ਨੂੰ ਅਭੁੱਲ ਦੱਸਿਆ ਹੈ। ਮਨੁੱਖ ਦਾ ਸੰਪੂਰਨ ਕੇਸਾਧਾਰੀ ਸਰੂਪ ਵੀ ਉਸ ਅਭੁੱਲ ਕਰਤੇ ਨੇ ਘੜਿਆ ਹੈ, ਕਿਸੇ ਮਨੁੱਖ ਨੇ ਨਹੀਂ। ਇਸ ਲਈ ਕੇਸਾਧਾਰੀ ਹੋਣਾ ਤਾਂ ਸਿੱਖ ਲਈ "ਰਜ਼ਾ ਤੇ ਭਾਣੇ `ਚ’ ਜੀਵਨ ਜੀਊਣ ਦੀ ਪਹਿਲੀ ਪਉੜੀ ਹੈ

ਹੋਰ ਤਾਂ ਹੋਰ, ਜਦੋਂ ਰੂਪ, ਰੰਗ, ਰੇਖ ਤੋਂ ਨਿਆਰੇ ਅਕਾਲਪੁਰਖ ਦੀ ਬੇਅੰਤ ਰਚਨਾ ਚੋਂ ਗੁਰਦੇਵ, ਮਨੁੱਖ ਨੂੰ ਪ੍ਰਭੂ ਦੀ ਸਭ ਤੋਂ ਪਿਆਰੀ ਸ਼ਕਲ ਦਸਦੇ ਹਨ ਤਾਂ ਵਜਦ `ਚ ਆ ਕੇ ਇਸੇ ਨੂੰ ਕਰਤੇ ਦਾ ਹੀ ਨਿਜ ਸਰੂਪ ਤੀਖ ਕਹਿਕੇ ਵੀ ਬਿਆਣਦੇ ਹਨ ਜਿਵੇਂ "ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ" (ਪੰ: ੫੬੭) ਫ਼ਿਰ ਇਸ ਤੋਂ ਬਾਅਦ ਤਾਂ ਇਸ ਵਿਸ਼ੇ ਸੰਬੰਧੀ ਕਿ ਭਰਮ-ਅਵਿਸ਼ਵਾਸ ਲਈ ਕਿਸੇ ਤਰ੍ਹ੍ਹਾਂ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਇਸ ਲਈ:-

ਜਿਹੜੇ ਕਹਿੰਦੇ ਹਨ, ‘ਕੇਸਾਧਾਰੀ ਸਰੂਪ ਦੀ ਗੱਲ ਦਸਵੇਂ ਜਾਮੇ `ਚ, ਵਿਸਾਖੀ ਸੰਨ ੧੬੯੯ ਤੋਂ ਹੋਈ, ਦਰਅਸਲ ਉਹ ਸਿੱਖੀ ਸਿਧਾਂਤ, ਗੁਰਬਾਣੀ ਵਿਚਾਰਧਾਰਾ ਤੋਂ ਅਨਜਾਣ ਹਨ ਤੇ ਸਚਾਈ ਨੂੰ ਬਿਨਾ ਘੋਖੇ `ਚਲਤੇ ਪਾਛੇ ਜਗ ਚਲੇ’ ਵਾਲੀ ਹੀ ਬਾਤ ਕਰਦੇ ਹਨ। ਅਸਲ `ਚ ਧਰਮਾਂ ਦੇ ਨਾਮ ਹੇਠ ਬੈਰਾਗੀ, ਸਨਿਆਸੀ, ਜੋਗੀ ਆਦਿ ਭੇਖ ਤਾਂ ਮਨੁੱਖ ਦੇ ਮਨ ਦੀ ਉਪਜ ਹਨ ਜਦਕਿ ਗੁਰਬਾਣੀ ਰਾਹੀਂ ਪ੍ਰਗਟ ਸਿੱਖੀ ਸਰੂਪ ਕੁੱਦਰਤੀ ਹੈ, ਇਹ ਨਾ ਤਾਂ ਭੇਖ ਹੈ ਤੇ ਨਾ ਹੀ ਮਨੁੱਖੀ ਮਨ ਦੀ ਕਾਢ।

ਭਾਈ ਗੁਰਦਾਸ ਜੀ ਅਤੇ ਮਨੁੱਖਾ ਸਰੀਰ ਦਾ ਕੇਸਾਂ ਵਾਲਾ ਵਿਸ਼ਾ- ਇਥੋਂ ਤੀਕ ਕਿ ਭਾਈ ਗੁਰਦਾਸ ਜੀ ਵੀ ਆਪਣੀ ਪੰਦ੍ਰਵੀਂ ਵਾਰ ਦੀ ਅਠਾਰਵੀਂ ਪਉੜੀ `ਚ ਮਨੁੱਖਾ ਸਰੀਰ ਦੇ ਕੇਸਾਂ ਨੂੰ ਵੀ, ਸਰੀਰ ਦੇ ਬਾਕੀ ਅੰਗਾਂ ਦੀ ਗਿਣਤੀ ‘ਸ ਮਨੁੱਖਾ ਸਰੀਰ ਦਾ ਅਣਿਖੜਵਾਂ ਅੰਗ ਹੀ ਦਸਦੇ ਹਨ, ਉਸ ਤੋਂ ਵੱਖਰੇ ਨਹੀਂ ਜਿਵੇਂ:-

ਰਕਤ ਬਿੰਦ ਕਰ ਨਿੰਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਯਾ॥

ਗਰਭ ਕੁੰਡ ਵਿੱਚ ਰਖਿਆ ਜੀਉ ਪਾਇ ਤਨੁ ਸਾਹ ਸੁਹਾਯਾ॥

ਮੂੰਹ ਅਖੀਂ ਤੈ ਨਕ ਕੰਨ ਹਥ ਪੈਰ ਦੰਦ ਵਾਲ ਗਣਾਯਾ॥

ਦਿਸ਼ ਸ਼ਬਦ ਗਤ ਸੁਰਤ ਲਿਵ ਰਾਗਰੰਗ ਰਸ ਪਰਸ ਲੁਭਾਯਾ

ਉਤਮ ਕੁਲ ਉਤਮ ਜਨਮ ਰੋਮ ਰੋਮ ਗੁਣ ਅੰਗ ਸਬਾਯਾ॥

ਬਾਲ ਬੁਧਿ ਮੁਹਿੰ ਦੁਧ ਦੇ ਮਲ ਮੂਤਰ ਸੂਤਰ ਵਿੱਚ ਆਯਾ॥

ਹੋਇ ਸਿਆਣਾ ਸਮਝਿਆ ਕਰਤਾ ਛਡ ਕੀਤੇ ਲਪਟਾਯਾ॥

ਗੁਰ ਪੂਰੇ ਵਿਣ ਮੋਹਯਾ ਮਾਯਾ ॥੧੮॥ (ਭਾ: ਗੁ: ੧੫/੧੮)

(ਚਲਦਾ) #234P-XXXVII,-02.17-0217#P39v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXVIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਂਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.