.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਵੀਰ ਭੁਪਿੰਦਰ ਸਿੰਘ

ਗੁਰਬਾਣੀ ਦੀ ਬਣਤਰ

ਸਲੋਕ ਮਹਲਾ 9 ਦੇ ਸਲੋਕਾਂ ਨੂੰ ਪੜ੍ਹਨ ਵੇਲੇ ਇਸ ਤਰ੍ਹਾਂ ਲਗਦਾ ਹੈ ਕਿ ਬਹੁਤ ਆਸਾਨ ਹੈ ਪਰ ਜਦੋਂ ਇਸ ਦੀ ਲੜੀਵਾਰ ਵਿਚਾਰ ਸਾਂਝ ਕਰਨ ਲਈ ਇਸ ਦੀ ਗਹਿਰਾਈ ਤਕ ਗਏ ਤਾਂ ਪਤਾ ਲਗਿਆ ਕਿ ਵਿਚਾਰਨ ਨੂੰ ਬਹੁਤ ਕੁਝ ਹੈ।

ਮੇਰਾ ਚਿੱਤ ਇਹ ਕਰਦਾ ਹੈ ਕਿ ਗੁਰਬਾਣੀ ਦੇ ਅਰਥ ਇਸ ਪੱਖੋਂ ਕਰਨੇ ਚਾਹੀਦੇ ਹਨ ਕਿ ਹਰ ਇਨਸਾਨ ਛੋਟਾ-ਵੱਡਾ, ਇਸਤਰੀ-ਮਰਦ, ਅਮੀਰ-ਗਰੀਬ, ਕਮਾਊ-ਵਿਹਲਾ, ਕਿਸੇ ਮਜ਼ਹਬ ਨੂੰ ਮੰਨਣ ਵਾਲਾ ਜਾਂ ਨਾ ਮੰਨਣ ਵਾਲਾ, ਕੋਈ ਵੀ ਮਨੁੱਖ ਆਪਣੇ ਨਾਲ ਢੁਕਾਕੇ ਇਨ੍ਹਾਂ ਅਰਥਾਂ ਨੂੰ ਇਸ ਪੱਖੋਂ ਸੋਚਣ ਲਗ ਪਵੇ ਕਿ ਮੈਂ ਇਸਨੂੰ ਆਪਣੇ ਅਮਲੀ ਜੀਵਨ ਵਿਚ ਜਿਊਣਾ ਹੈ। ਜੇ ਕੇਵਲ ਗਾਇਨ ਕਰਦੇ ਰਹਿ ਜਾਈਏ ਤਾਂ ਉਹ ਗਾਇਕੀ ਤਕ ਮਹਿਦੂਦ ਰਹਿ ਜਾਂਦਾ ਹੈ। ਸਾਡੇ ਅੰਤਰ-ਆਤਮੇ ਨੂੰ ਨਹੀਂ ਛੂੰਹਦਾ। ਸਾਰੇ ਹੀ ਸਲੋਕਾਂ ਵਿਚ ਮਨੁੱਖੀ ਮਨ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਲਈ ਸਲੋਕਾਂ ਨੂੰ ਖੋਜਣ ਲਈ ਮਨ ਦੇ ਤਲ ਤੇ ਜਾਕੇ ਸਮਝਣ ਦਾ ਜਤਨ ਕਰਨਾ ਹੈ। ਇਸ ਲਈ ਗੁਰਬਾਣੀ ਦੀ ਵਿਚਾਰ ਥੋੜੀ ਗਹਰਾਈ ਨਾਲ ਕਰਨੀ ਪੈਂਦੀ ਹੈ ਤਾਂਜੋ ਮਨ ਤਕ ਸੰਦੇਸ਼ ਪਹੁੰਚ ਸਕੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਲੋਕ ਮਹਲਾ 9 ਦੀ ਬਾਣੀ ਬਹੁਤ ਪ੍ਰਚਲਿਤ ਅਤੇ ਸੌਖੀ ਹੈ। ਖੁਸ਼ੀ-ਗਮੀ ਦੇ ਮੌਕੇ ’ਤੇ ਸਿੱਖ ਪਰਿਵਾਰਾਂ ਦੇ ਘਰਾਂ ਵਿਚ ਪਾਠ ਰਖਾਇਆ ਜਾਂਦਾ ਹੈ ਅਤੇ ਪਾਠ ਦੇ ਭੋਗ ਸਮੇਂ ਨੌਵੇਂ ਮਹਲੇ ਦੇ ਸਲੋਕ ਗਾਏ ਜਾਂਦੇ ਹਨ, ਇਸ ਲਈ ਹਰ ਕਿਸੇ ਦੀ ਜ਼ੁਬਾਨ ਉੱਤੇ ਵੀ ਹਨ।

ਇਸ ਬਾਣੀ ਦੇ ਵਿਸ਼ੇ ਨੂੰ ਸਮਝਣ ਲਈ ਇਸਦੇ ਸਿਰਲੇਖ ਤੋਂ ਸਾਨੂੰ ਬਹੁਤ ਸਹਾਇਤਾ ਮਿਲੇਗੀ। ਇਸ ਪਰਕਰਣ ਦੇ ਸਿਰਲੇਖ ਅਤੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਲਿਆ ਤਾਂ ਸਾਨੂੰ ਇਹ ਬਾਣੀ ਸਮਝਣੀ ਸੌਖੀ ਹੋ ਜਾਵੇਗੀ।

ਇਸ ਬਾਣੀ ਨੂੰ ਗੁਰਮਤ ਸਿਧਾਤਾਂ ਪੱਖੋਂ ਵਿਚਾਰਿਆ ਨਹੀਂ ਗਿਆ ਤਾਂ ਹੀ ਅਸੀਂ ਇਸ ਬਾਣੀ ਨੂੰ ਬਹੁਤ ਉਦਾਸੀਨ ਵਿਸ਼ੇ ਹੇਠ ਰੱਖ ਲਿਆ। ਅਗਿਆਨਤਾ ਵਸ ਇਸ ਬਾਣੀ ਨੂੰ ਅਸੀਂ ਵਿਆਹ ਜਾਂ ਹੋਰ ਖੁਸ਼ੀ ਦੇ ਮੌਕੇ ਤੇ ਨਹੀਂ ਪੜ੍ਹਦੇ ਹਾਂ। ਭਰਮ ਵਸ ਕੇਵਲ ਪਾਠ ਦੇ ਭੋਗ ਸਮੇ੍ਹਂ ਜਾਂ ਉਦਾਸੀਨ ਮੌਕੇ ਤੇ ਹੀ ਪੜ੍ਹਦੇ ਹਾਂ। ਇਨ੍ਹਾਂ ਸਲੋਕਾਂ ਵਿਚ ਆਈ ਸ਼ਬਦਾਵਲੀ ਜਿਵੇਂ ਕਿ ‘ਧਨੁ ਦਾਰਾ ਸੰਪਤਿ ਸਗਲ’... ‘ਇਨ ਮੈ ਕਛੁ ਸੰਗੀ ਨਹੀ’, ‘ਤਰਨਾਪੋ ਇਉ ਹੀ ਗਇਓ’, ‘ਬਿਰਧਿ ਭਇਓ ਸੂਝੈ ਨਹੀ’ ਜੈਸੀਆਂ ਪੰਕਤੀਆਂ ਨੂੰ ਗੁਰਮਤਿ ਦੀ ਕਸੌਟੀ ਤੇ ਨਾ ਸਮਝਣ ਕਾਰਨ ਸਾਨੂੰ ਭੁਲੇਖਾ ਪੈ ਗਿਆ ਕਿ ਗੁਰੂ ਸਾਹਿਬ ਉਦਾਸੀਨਤਾ ਜਾਂ ਤਿਆਗ ਸਿਖਾ ਰਹੇ ਹਨ। ਇਨ੍ਹਾਂ ਕਿਸੇ ਵੀ ਲਫ਼ਜ਼ਾਂ ਉਪਰ ਅਸੀਂ ਪੂਰੇ ਨਹੀਂ ਉਤਰ ਪਾਂਦੇ ਹਾਂ। ਇਸ ਲਈ ਸੋਚਦੇ ਹਾਂ ਕਿ ਇਹ ਬੜੀ ਉਦਾਸੀਨ ਅਵਸਥਾ ਹੈ ਅਤੇ ਇਹ ਜਵਾਨੀ ਮਗਰੋਂ ਪੜ੍ਹਨ ਵਾਲੀ ਬਾਣੀ ਹੈ ਜਾਂ ਕਿਸੇ ਦੇ ਚਲਾਣੇ ਸਮੇ ਪੜ੍ਹਨ ਵਾਲੀ ਬਾਣੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੱਖ-ਵੱਖ ਮੌਕਿਆਂ ਤੇ ਕੁਝ ਨਿਰਧਾਰਤ ਚੋਣਵੇ ਸ਼ਬਦ ਹੀ ਗਾਏ ਜਾਂ ਪੜੇ੍ਹ ਜਾਣ ਦਾ ਰਿਵਾਜ਼ ਪੈ ਗਿਆ ਹੈ। ਜਿਵੇਂ ਕਿ -

ਬੁਖਾਰ ਠੀਕ ਕਰਨਾ ਹੈ ਤਾਂ... ‘ਦੁਖਭੰਜਨੀ’ ਪੜ੍ਹੋ

ਸੁਖ ਲੈਣਾ ਹੋਵੇ ਤਾਂ ‘ਸੁਖਮਨੀ ਸਾਹਿਬ’ ਪੜ੍ਹੋ

ਵਿਆਹ ਵੇਲੇ ‘ਪਲੈ ਤੈਡੈ ਲਾਗੀ’ ਪੜ੍ਹੋ

ਜੇ ਖੁਸ਼ੀਆਂ ਦਾ ਸਮਾ ਹੈ ਤਾਂ, ‘ਲਖ ਖੁਸੀਆ ਪਾਤਿਸਾਹੀਆ’ ਪੜ੍ਹੋ

ਜੇ ਘਰ ਪੁੱਤਰ ਜੰਮਿਆ ਹੈ ਤਾਂ, ‘ਪਰਮੇਸਰਿ ਦਿਤਾ ਬੰਨਾ’ ਪੜ੍ਹੋ

ਜੇ ਕੁਝ ਮੰਗਣਾ ਹੈ ਤਾਂ, ‘ਜੋ ਮਾਗਹਿ ਠਾਕੁਰ ਅਪੁਨੇ ਤੇ’ ਪੜ੍ਹੋ

ਇਸ ਤਰ੍ਹਾਂ ਅਸੀਂ ਅਗਿਆਨਤਾ ਵਸ ਹਰ ਵਿਸ਼ੇ ਤੇ ਵਖਰੇ-ਵਖਰੇ ਸ਼ਬਦ ਗੁਰੂ ਗ੍ਰੰਥ ਸਾਹਿਬ ’ਚੋਂ ਲੈ ਕੇ ਢੁਕਾ ਲਏ। ਵਿਚਾਰਨ ਯੋਗ ਗਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੁਨੀਆ ਦੇ ਹਰ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਲਈ ਪਰੇਰਦੀ ਹੈ। ਇਸ ਵਿਚ ਦਰਜ ਕੀਤੇ ਸ਼ਬਦਾਂ ਦੇ ਸਿਰਲੇਖ ਵੀ ਗੁਰੂ ਸਾਹਿਬ ਜੀ ਵੱਲੋਂ ਹੀ ਲਿਖੇ ਗਏ ਹਨ। ਇਸ ਲਈ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਸਿਰਲੇਖਾਂ ਅਤੇ ਉਸ ਵਿਚ ਆਈ ਜਾਣਕਾਰੀ ਨੂੰ ਸਮਝੀਏ। ਕਿਸੇ ਵੀ ਮਨੁੱਖ ਨੂੰ ਇਹ ਹੱਕ ਨਹੀਂ ਕਿ ਗੁਰਬਾਣੀ ਦੇ ਚੋਣਵੇ ਸ਼ਬਦਾਂ ਦਾ ਜਾਂ ਉਨ੍ਹਾਂ ਦਾ ਸੰਗ੍ਰਹ ਕਰਕੇ ਉਨ੍ਹਾਂ ਦਾ ਵਿਸ਼ਾ ਆਪਣੀ ਮਨ ਮਰਜ਼ੀ ਨਾਲ ਰੱਖੇ।

ਕੁਝ ਸਮਾਂ ਪਹਿਲਾਂ ‘ਸੋਹਿਲਾ’ ਬਾਣੀ ਦੀ ਵਿਚਾਰ ਕਰਨ ਦਾ ਨਿਮਾਣਾ ਜਿਹਾ ਜਤਨ ਕੀਤਾ ਸੀ। ਇਸ ਬਾਣੀ ਬਾਰੇ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਰਾਤ ਨੂੰ ਸੌਣ ਵੇਲੇ, ਹਨੇਰਾ ਪੈਣ ਤੇ ਸੋਦਰ ਪਿੱਛੋਂ ਜਾਂ ਦੇਹ-ਸਸਕਾਰ ਕਰਨ ਵੇਲੇ ਹੀ ਪੜ੍ਹੀ ਜਾਂਦੀ ਹੈ। ਇਸ ਕਿਸਮ ਦੇ ਬੜੇ ਸਾਰੇ ਭੁਲੇਖੇ ਪਏ ਹੋਏ ਹਨ। ਸੋਹਿਲਾ ਬਾਣੀ ਦੀ ਵਿਚਾਰ ਕਰਨ ਤੇ ਪਤਾ ਲੱਗਾ ਕਿ ਇਸ ਬਾਣੀ ਦਾ ਮਿਰਤਕ ਪ੍ਰਾਣੀ ਨਾਲ ਕੋਈ ਤੱਲਕ ਹੀ ਨਹੀਂ ਹੈ। ਸੋਹਿਲਾ ਨਾ ਤੇ ਦੁਖ, ਨਾ ਬੈਰਾਗਮਈ ਅਤੇ ਨਾ ਹੀ ਉਦਾਸੀਨਤਾ ਦਾ ਵਿਸ਼ਾ ਹੈ। ਇਸ ਬਾਣੀ ਵਿਚ ਤਾਂ ਦਸਿਆ ਹੈ ਕਿ, ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ’। ਇਹ ਤਾਂ ਸਾਨੂੰ ਨਿਰਭਉ ਬਣਾਉਣ ਲਈ ਹੈ, ਡਰ ਮੁਕਾਉਣ ਲਈ ਹੈ ਅਤੇ ਰੱਬੀ ਇੱਕਮਿਕਤਾ ਸਿਖਾਉਂਦੀ ਹੈ, ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥’

ਸੋਹਿਲਾ ਬਾਣੀ ਦਾ ਵਿਸ਼ਾ ਜਿਊਂਦਿਆਂ ਰੱਬੀ ਇੱਕਮਿਕਤਾ ਦਾ, ਮਿਲਾਪ ਦਾ, ਹਰ ਮਨੁੱਖ ਦਾ ਰੱਬ ਨਾਲ ਵਿਆਹ ਕਰਵਾਉਣ ਦਾ ਅਤੇ ਖੁਸ਼ੀ ਦਾ ਵਿਸ਼ਾ ਹੈ।

ਕਿਸੇ ਭੈਣ ਜੀ ਨੇ ਇਸਤਰੀ ਸਤਸੰਗ ਵਿਚ ਖੁਸ਼ੀ ਵੇਲੇ ਸੋਹਿਲਾ ਬਾਣੀ ਦਾ ਸ਼ਬਦ ਦੇਹੁ ਸਜਣ ਅਸੀਸੜੀਆ’ ਗਾਇਆ। ਉਸੇ ਸ਼ਾਮ ਉਨ੍ਹਾਂ ਨੂੰ ਫੋਨ ਕਰ ਕੇ ਘਰ ਵਾਲਿਆਂ ਨੇ ਕਿਹਾ ਕਿ - ‘ਤੁਸੀਂ ਸਾਡੇ ਘਰ ਸੋਹਿਲੇ ਦਾ ਸ਼ਬਦ ਕਿਉਂ ਪੜ੍ਹਿਆ ਸੀ? ਤੁਹਾਨੂੰ ਪਤਾ ਹੈ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਇਸ ਦੇ ਜ਼ਿੰਮੇਵਾਰ ਤੁਸੀਂ ਹੋ।’।

ਜਦੋਂ ਤਕ ਬਾਣੀ ਬਾਬਤ ਸਾਡੇ ਇਹ ਭੁਲੇਖੇ ਨਾ ਲੱਥਣ ਤਾਂ ਤਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਭਾਵ-ਅਰਥਾਂ ਨੂੰ ਸਮਝਣਾ ਔਖਾ ਹੈ। ਅਸੀਂ ਅਗਿਆਨਤਾ ਕਾਰਨ, ਬਾਣੀ ਦੀ ਗਹਿਰਾਈ ਨਾ ਸਮਝਣ ਕਾਰਨ ਇਸ ਦੇ ਅਰਥਾਂ ਨੂੰ ਸਹੀ ਅਤੇ ਸੱਚ ਦੀ ਵਿਚਾਰ ਪੱਖੋਂ ਨਹੀਂ ਸਮਝ ਪਾਂਦੇ। ਇਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਸਾਡਾ ਸਭ ਦਾ ਹੀ ਫਰਜ਼ ਬਣਦਾ ਹੈ ਕਿ ਗੁਰਬਾਣੀ ਦੀ ਗਹਿਰਾਈ ਵਿਚ ਜਾਈਏ ਅਤੇ ਸਮਝੀਏ।

ਇੱਥੇ ਮੈਂ ਆਪ ਸਭ ਜੀ ਨਾਲ ਇਕ ਹੋਰ ਗਲ ਸਾਂਝੀ ਕਰ ਲਵਾਂ ਕਿ ਸ਼ਬਦਾਂ ਦੇ ਭਾਵ ਅਰਥਾਂ ਨੂੰ ਸਮਝਣ ਲਈ ਸ਼ਬਦਾਵਲੀ ਨੂੰ ਗੁਰਮਤਿ ਪੱਖੋਂ ਸਮਝਣਾ ਬਹੁਤ ਜ਼ਰੂਰੀ ਹੈ। ਆਓ ਵਿਚਾਰੀਏ ਕਿ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਗਈ ਸ਼ਬਦਾਵਲੀ ਅਤੇ ਦੁਨੀਆਵੀ ਸ਼ਬਦਾਵਲੀ ਵਿਚ ਕੀ ਅੰਤਰ ਹੈ -

  1. ਦੁਨੀਆਵੀ ਬੋਲੀ ਵਿਚ ਅਸੀਂ ਆਤਮ-ਘਾਤੀ ਉਸ ਨੂੰ ਕਹਿੰਦੇ ਹਾਂ ਜਦੋਂ ਕੋਈ ਇਨਸਾਨ ਗਲੇ ’ਚ ਰੱਸੀ ਪਾ ਕੇ ਜਾਂ ਜ਼ਹਿਰ ਖਾਕੇ ਮਰ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਵਿਚ ਆਤਮ-ਘਾਤੀ ਉਸਨੂੰ ਕਹਿੰਦੇ ਹਨ ਜੋ ਰੱਬੀ ਗੁਣਾਂ ਭਰਪੂਰ ਜੀਵਨ ਨਹੀਂ ਜਿਊ ਰਿਹਾ -‘ਨਾਮੁ ਨ ਜਪਹਿ ਤੇ ਆਤਮ ਘਾਤੀ ॥’ (188)

  2. ਇਹ ਅੰਨੇ ਅਤੇ ਬੋਲੇ ਦੀ ਦੁਨੀਆਵੀ ਪਰਿਭਾਸ਼ਾ ਹੈ ਕਿ ਜੋ ਅੱਖਾਂ ਨਾਲ ਵੇਖ ਨਹੀਂ ਸਕਦਾ ਉਹ ਅੰਨਾ ਹੈ ਅਤੇ ਜੋ ਕੰਨਾਂ ਨਾਲ ਸੁਣ ਨਹੀਂ ਸਕਦਾ ਉਹ ਬੋਲਾ ਹੈ। ਪਰ ਗੁਰਬਾਣੀ ਅਨੁਸਾਰ ‘ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ (313)। ਜੋ ਮਨੁੱਖ ਮਨ ਕੀ ਮੱਤ ਰੂਪੀ ਮਾਇਆ ਵਿਚ ਖਚਿਤ ਹੈ, ਸੱਚ ਵੇਖ ਅਤੇ ਸੁਣ ਨਹੀਂ ਸਕਦਾ ਉਹ ਅੰਨਾ ਅਤੇ ਬੋਲਾ ਹੈ।

  3. ਜੋ ਮਨੁੱਖ ਸਾਹ ਨਹੀਂ ਲੈ ਰਿਹਾ, ਡਾਕਟਰਾਂ ਨੇ ਵੀ ਮਿਰਤਕ ਘੋਸ਼ਿਤ ਕਰ ਦਿੱਤਾ ਹੈ, ਦੁਨਿਆਵੀ ਬੋਲੀ ਵਿਚ ਉਸਨੂੰ ਮਿਰਤਕ ਹੀ ਕਹਿੰਦੇ ਹਾਂ। ਪਰ ਗੁਰਬਾਣੀ ਅਨੁਸਾਰ ਜੇ ਕੋਈ ਆਪਣੇ ਆਪ ਨੂੰ ਬਹੁਤ ਸੁੰਦਰ ਸਮਝਦਾ ਹੈ, ਚਤੁਰ ਸਮਝਦਾ ਹੈ, ਉੱਚੇ ਕੁਲ ਦਾ ਸਮਝਦਾ ਹੈ, ਗਿਆਨ ਦੀਆਂ ਗੱਲਾਂ ਵੀ ਕਰਦਾ ਹੈ, ਪਰ ਰੱਬੀ ਗੁਣਾਂ ਭਰਪੂਰ ਜੀਵਨ ਜਿਊਣ ਦੀ ਤੜਪ ਨਹੀਂ ਹੈ ਤਾਂ ਮਿਰਤਕ ਹੈ। ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥ (253)।

ਇਨ੍ਹਾਂ ਉਦਾਹਰਨਾਂ ਤੋਂ ਸਾਫ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਸ਼ਬਦਾਵਲੀ ਰੁਹਾਨੀ ਕਾਵ ਹੈ ਅਤੇ ਇਸਨੂੰ ਸਮਝਣ ਲਈ ਗੁਰਬਾਣੀ ਵਿਚੋਂ ਹੀ ਵੱਖ-ਵੱਖ ਸ਼ਬਦਾਂ ਦਾ ਸਹਾਰਾ ਲੈਣਾ ਲਾਹੇਵੰਦ ਹੈ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ‘ਸਲੋਕ ਮਹਲਾ 9’ ਦੀ ਵਿਚਾਰ ਕਰਦੇ ਹੋਏ ਵੀ ਐਸੀ ਸ਼ਬਦਾਵਲੀ ਆਏਗੀ ਜਿਵੇਂ ਕਿ - ਧਨੁ, ਦਾਰਾ, ਸੰਪਤਿ, ਜਮ, ਫਾਸ ਆਦਿ। ਜੇ ਅਸੀਂ ਇਨ੍ਹਾਂ ਸ਼ਬਦਾਂ ਦੇ ਦੁਨੀਆਵੀ ਅਰਥ ਕੀਤੇ ਤਾਂ ਅਸੀਂ ਇਸ ਬਾਣੀ ਦੇ ਉਦਾਸੀਨ ਅਤੇ ਬੈਰਾਗਮਈ ਅਰਥ ਕਰਾਂਗੇ। ਪਰ ਜੇ ਇਸ ਸ਼ਬਦਾਵਲੀ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਸਮਝਾਂਗੇ ਤਾਂ ਪਤਾ ਲਗੇਗਾ ਕਿ ਇਹ ਤਾਂ ਸਾਡੇ ਜੀਵਨ ਨੂੰ ਉੱਚਾ ਕਰਨ ਲਈ ਸੇਧ ਹੈ। ਇਸ ਦਾ ਸਰੀਰਕ ਮੌਤ ਨਾਲ ਤਾਂ ਕੋਈ ਤੱਲਕ ਹੀ ਨਹੀਂ ਹੈ। ਇਹ ਬਾਣੀ ਮੈਨੂੰ ਸਮਝਾ ਰਹੀ ਹੈ ਕਿ ਮੈਂ ਆਪਣੇ ਜੀਵਨ ਦਾ ਮਿਆਰ ਉੱਚਾ ਕਿਵੇਂ ਕਰਨਾ ਹੈ! ਮੈਂ ਧਾਰਮਕ ਜੀਵਨ ਕਿਸ ਤਰ੍ਹਾਂ ਜਿਊਣਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਨੂੰ ਸਮਝਣਾ ਸਾਡਾ ਫਰਜ਼ ਹੈ।

ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਸਮਝਣ ਦਾ ਬੜਾ ਸੌਖਾ ਢੰਗ ਹੈ। ਉਸਦੇ ਰਹਾਉ ਨੂੰ ਧਿਆਨ ਨਾਲ ਸਮਝੋ ਅਤੇ ਉਸਤੋਂ ਮਗਰੋਂ ਬਾਕੀ ਪਦਿਆਂ ਨੂੰ ਵਿਚਾਰੋ ਅਤੇ ਰਹਾਉ ਨਾਲ ਢੁਕਾਓ। ਜੇ ਫਿਰ ਵੀ ਸ਼ਬਦ ਦਾ ਭਾਵ ਅਰਥ ਸਮਝ ਨਾ ਆਏ ਤਾਂ ਉਸੇ ਲੜੀ ਵਿੱਚ ਕੁਝ ਅਗਲੇ-ਪਿਛਲੇ ਸ਼ਬਦਾਂ ਦੇ ਭਾਵ ਅਰਥ ਸਮਝਣ ਦਾ ਜਤਨ ਕਰੋ ਤਾਂ ਬਾਣੀ ਦਾ ਪਰਕਰਣ ਸਮਝ ਆ ਜਾਂਦਾ ਹੈ। ਇਸ ਤਰ੍ਹਾਂ ਕਿਸੇ ਵੀ ਸ਼ਬਦ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ। ਪਰ ਸਲੋਕ ਮਹਲਾ ੯ ਵਿਚ ਰਹਾਉ ਨਹੀਂ ਹੈ ਇਸ ਲਈ ਜਿੱਥੋਂ ਇਹ ਪਰਕਰਣ ਸ਼ੁਰੂ ਹੋ ਰਿਹਾ ਹੈ ਅਸੀਂ ਉੱਥੋਂ ਇਸਨੂੰ ਸਮਝਣ ਦਾ ਜਤਨ ਕਰਦੇ ਹਾਂ।

ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਨਵਾਂ ਪਰਕਰਣ ਸ਼ੁਰੂ ਹੁੰਦਾ ਹੈ ਤਾਂ ਉੱਥੇ ਲਿਖਿਆ ਹੁੰਦਾ ਹੈ -

‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’ ਇਹ ਗੁਰਮਤਿ ਦਾ ਮੂਲ ਸਿਧਾਂਤ ਹੈ।

ਕਈ ਥਾਵਾਂ ਤੇ ਇਹ ਸਰੂਪ ਪੂਰਾ ਨਾ ਲਿਖਕੇ ਕੇਵਲ ‘ੴ ਸਤਿਗੁਰ ਪ੍ਰਸਾਦਿ ॥’ ਲਿਖਿਆ ਮਿਲਦਾ ਹੈ। ਜਦੋਂ ਪੂਰਾ ਨਾ ਹੋਵੇ ਤਾਂ ਇਸ ਦਾ ਮਤਲਬ ਪਰਕਰਣ ਇਸ ਤੋਂ ਪਿੱਛੋਂ ਸ਼ੁਰੂ ਹੁੰਦਾ ਹੈ। ਨੌਵੇਂ ਮਹਲੇ ਦੇ ਸਲੋਕਾਂ ਦਾ ਸਿਰਲੇਖ ਹੈ ‘ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥’ ਇੱਥੇ ਪੂਰਾ ਸਰੂਪ ਨਾ ਹੋਣ ਕਾਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਕੁਝ ਪੰਨੇ ਪਿੱਛੇ ਜਾਣਾ ਪਵੇਗਾ ਕਿਉਂਕਿ ਪਰਕਰਣ ਪਿੱਛੋਂ ਸ਼ੁਰੂ ਹੋ ਰਿਹਾ ਹੈ।

ਸਲੋਕ ਮਹਲਾ ੯ ਦੇ ਕੁੱਲ 57 ਸਲੋਕ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1426 ਤੋਂ ਸ਼ੁਰੂ ਹੁੰਦੇ ਹਨ। ਇਸ ਤੋਂ ਪਿਛਲੇ ਪੰਨੇ 1425 ਉੱਤੇ ਮਹਲਾ ੫ ਦੇ ਸਲੋਕ ਹਨ। ਇਸ ਦੇ ਸਿਰਲੇਖ ਤੇ ਵੀ ਕੇਵਲ ‘ੴ ਸਤਿਗੁਰ ਪ੍ਰਸਾਦਿ ॥’ ਲਿਖਿਆ ਮਿਲਦਾ ਹੈ ਅਤੇ ਇਹ ਕੁੱਲ 22 ਸਲੋਕ ਹਨ ਭਾਵ ਕਿ ਇੱਥੋਂ ਵੀ ਪਰਕਰਣ ਆਰੰਭ ਨਹੀਂ ਹੁੰਦਾ। ਸਾਨੂੰ ਕੁਝ ਪੰਨੇ ਹੋਰ ਪਿੱਛੇ ਜਾਣਾ ਪਵੇਗਾ। ਪੰਨਾ ਨੰਬਰ 1421 ਤੇ ‘ਸਲੋਕ ਮਹਲਾ ੪’ ਦੇ ਸਲੋਕ ਦਰਜ ਹਨ ਜਿਨ੍ਹਾਂ ਦੀ ਗਿਣਤੀ 30 ਹੈ ਅਤੇ ਇਸ ਦੀ ਆਰੰਭਤਾ ਵੀ ‘ੴ ਸਤਿਗੁਰ ਪ੍ਰਸਾਦਿ ॥’ ਤੋਂ ਹੁੰਦੀ ਹੈ। ਫਿਰ ਪੰਨਾ ਨੰਬਰ 1413 ਤੇ ‘ਸਲੋਕ ਮਹਲਾ ੩’ ਦਾ ਆਰੰਭ ਵੀ ‘ੴ ਸਤਿਗੁਰ ਪ੍ਰਸਾਦਿ’ ਹੈ ਜੋ ਕਿ ਕੁੱਲ 67 ਸਲੋਕ ਹਨ। ਇਸ ਤੋਂ ਹੋਰ ਪਿੱਛੇ ਪੰਨਾ ਨੰਬਰ 1410 ਤੇ ਸਿਰਲੇਖ ਹੈ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥’ ਇੱਥੇ ਮੁਕੱਮਲ ੴ ਤੋਂ ਗੁਰ ਪ੍ਰਸਾਦਿ ਤਕ ਲਿਖਿਆ ਹੈ। ਗੁਰੂ ਨਾਨਕ ਸਾਹਿਬ ਦੇ ਸਲੋਕਾਂ ਦੀ ਗਿਣਤੀ 30 ਹੈ। ਇੱਥੋਂ ਇਹ ਗਲ ਸਪਸ਼ਟ ਹੁੰਦੀ ਹੈ ਕਿ ‘ਸਲੋਕ ਮਹਲਾ 9’ ਦੀ ਬਾਣੀ ਦਾ ਪਰਕਰਣ ਇੱਥੋਂ ਸ਼ੁਰੂ ਹੁੰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਜਦੋਂ ਵੀ ਨਵਾਂ ਪਰਕਰਣ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਹਲਾ ੧ ਭਾਵ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ। ਕੁਝ ਰਾਗ ਜਿਵੇਂ ਕਿ ਦੇਵਗੰਧਾਰੀ, ਬਿਹਾਗੜਾ, ਜੈਤਸਰੀ ਆਦਿ ਰਾਗਾਂ ਵਿਚ ਮਹਲੇ ਪਹਿਲੇ ਦੀ ਬਾਣੀ ਨਾ ਹੋਣ ਕਾਰਨ ਲੜੀਵਾਰ ਅਗਲੇ ਮਹਲੇ ਦੀ ਬਾਣੀ ਦਰਜ ਹੈ।
.