.

ਜਪੁਜੀ ਸੋਲਵੀਂ ਪਉੜੀ (੧)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਚਿਆਰ ਬਣਨ, ਹੁਕਮ ਰਜ਼ਾ ਵਿਚ ਰਹਿਣ, (ਪਉੜੀ ੧-੨), ਵਡਿਆਈ ਵੀਚਾਰ ਕਰਨ, (ਪਉੜੀ ੩-੪), ਸਚ ਨਾਉ ਨੂੰ ਕਦੇ ਨਾ ਵਿਸਾਰਨ (ਪਉੜੀ ੪-੫), ਨਾਮ ਸੁਣਨ (ਪਉੜੀ ੮-੧੧) ਤੇ ਨਾਮ ਮੰਨਨ ਤੇ ਸਿਮਰਨ ਕਰਨ (ਪਉੜੀ ੧੨-੧੫) ਦੇ ਸਾਧਨਾਂ ਉਪਰੰਤ ਮਨੁਖ ਪੰਚ (ਸੰਤ) ਪਦ ਤੇ ਪਹੁੰਚਦਾ ਹੈ।
ਏਥੇ ਪੰਚ: ਪਰਧਾਨ, ਚੌਧਰੀ, ਆਗੂ; ਸਾਧੂ ਜਨ, ਸੰਤ, ਗੁਰਮੁਖ ਦੇ ਰੂਪ ਵਿਚ ਲਿਆ ਗਿਆ ਹੈ।
ਗੁਰੂ ਤੋਂ ਗਿਆਨ ਸੁਣਕੇ, ਮੰਨ ਕੇ ਈਸ਼ਵਰ ਵਿਚ ਧਿਆਨ ਟਿਕ ਜਾਂਦਾ ਹੈ।ਪੰਚਾਂ ਗੁਰਮੁਖਾਂ ਦਾ ਕੇਵਲ ਗੁਰੂ ਦੇ ਉਪਦੇਸ਼ ਰਾਹੀਂ ਇਕ ਪਰਮਾਤਮਾਂ ਵਿਚ ਹੀ ਧਿਆਨ ਰਹਿੰਦਾ ਹੈ ਇਸ ਲਈ ਉਹ ਪਰਮਾਤਮਾਂ ਨੂੰ ਭਾਉਂਦੇ ਹਨ ਚੰਗੇ ਲਗਦੇ ਹਨ ਤੇ ਪਰਮਾਤਮਾਂ ਦੇ ਦਰ ਤੇ ਪਰਵਾਣ ਹੁੰਦੇ ਹਨ ਭਾਵ ਪੰਚਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ । ਇਸੇ ਲਈ ਪੰਚ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਪਰਧਾਨ ਹੁੰਦੇ ਹਨ ਅਤੇ ਸਭ ਤੋਂ ਉੱਚੇ ਮੰਨੇ ਜਾਂਦੇ ਹਨ; ਵਾਹਿਗੁਰੂ ਦੀ ਦਰਗਹ ਵਿਚ ਜਾ ਕੇ ਮਾਣ ਸਤਿਕਾਰ ਪ੍ਰਾਪਤ ਕਰਦੇ ਹਨ ਤੇ ਪ੍ਰਮਾਤਮਾਂ ਦੇ ਦਰਬਾਰ ਵਿਚ ਇਸ ਤਰ੍ਹਾਂ ਸੋਂਹਦੇ ਹਨ ਜਿਵੇਂ ਦੁਨਿਆਵੀ ਦਰਬਾਰ ਵਿਚ ਰਾਜੇ ਸੋਂਹਦੇ ਹਨ ਪਰ ਪੰਚਾਂ ਦੇ ਦਰ ਤੇ ਤਾਂ ਇਹ ਦੁਨਿਆਵੀ ਰਾਜੇ ਵੀ ਝੁਕਦੇ ਹਨ:
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
ਪ੍ਰਭੂ ਨੂੰ ਸਿਮਰਨ ਵਾਲੇ ਧਨਵੰਤ ਹਨ, ਪਤਵੰਤ ਹਨ, ਪੰਚ ਹਨ ਸਹੀ ਸ਼ਬਦਾਂ ਵਿਚ। ਪ੍ਰਭੂ ਨੂੰ ਵੀ ਤੇ ਆਮ ਲੋਕਾਂ ਵਿਚ ਪਰਵਾਨ ਹਨ ਕਿਉਂਕਿ ਉਹ ਸਾਰਿਆਂ ਤੋਂ ਉਤਮ ਹਨ; ਸਾਰਿਆਂ ਵਿਚ ਪ੍ਰਧਾਨ ਹਨ, ਉਹ ਕਿਸੇ ਦੇ ਮੁਥਾਜ ਨਹੀਂ ਉਹ ਤਾਂ ਸਭਨਾਂ ਦੇ ਰਾਜੇ ਹੁੰਦੇ ਹਨ, ਹਮੇਸ਼ਾ ਸੁਖੀ ਵਸਦੇ ਹਨ ਅਤੇ ਅਵਿਨਾਸ਼, ਅਕਾਲ ਰਹਿਤ ਹੁੰਦੇ ਹਨ। ਸਿਮਰਨ ਕਰਨ ਉਹੀ ਲਗਦੇ ਹਨ ਜਿਨ੍ਹਾਂ ਉਤੇ ਪ੍ਰਮਾਤਮਾਂ ਆਪ ਦਿਆਲ ਹੋਵੇ ।ਉਨ੍ਹਾਂ ਦੀ ਚਰਨ ਧੂੜ ਮੰਗੀਏ:
ਪ੍ਰਭ ਕਉ ਸਿਮਰਹਿ ਸੇ ਧਨਵੰਤੇ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥ ੫ ॥ (ਸੁਖਮਨੀ ਮ:੫, ਪੰਨਾ ੨੬੩)
ਪੰਚ ਗੁਰੂ ਦੇ ਉਪਦੇਸ਼ ਰਾਹੀਂ ਕੇਵਲ ਇਕ ਕਰਤਾ ਪੁਰਖ ਵਿਚ ਧਿਆਨ ਰਖਦੇ ਹਨ; ਹਰ ਸਮੇਂ ਹਰ ਕਿਰਿਆ ਵਿਚ ਉਸ ਨਾਲ ਜੁੜੇ ਰਹਿੰਦੇ ਹਨ:
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ॥ (ਵਾਰ ਜੈਤਸਰੀ ਮ: ੫ ,ਪੰਨਾ ੭੧)
ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ॥ (ਪ੍ਰਭਾਤੀ ਮ: ੪, ਪੰਨਾ ੧੩੩੭)
ਪੰਚ (ਗੁਰਮੁਖ) ਲਗਾਤਾਰ ਸਿਮਰਨ ਨਾਲ ਧਿਆਨ ਪਰਪੱਕ ਹੋ ਜਾਂਦਾ ਹੈ ਤੇ ਸਹਿਜ ਸਮਾਧੀ ਦੇ ਰੂਪ ਵਿਚ ਨਿਰਯਤਨ ਉਸਦਾ ਹਿਰਦਾ ਪਰਮਾਤਮਾਂ ਨਾਲ ਜੁੜ ਜਾਂਦਾ ਹੈ।
‘ਗੁਰਮੁਖਿ ਲਾਗੈ ਸਹਜਿ ਧਿਆਨੁ॥ (ਸਿੱਧ ਗੋਸਟਿ, ਮ: ੧, ਪੰਨਾ ੯੪੨)
ਗੁਰੂ ਤੋਂ ਪ੍ਰਾਪਤ ਗਿਆਨ ਰਾਹੀਂ ਪੰਚ ਅਪਣਾ ਧਿਆਨ ਇਕੋ ਇਕ ਪ੍ਰਮਾਤਮਾਂ ਵਲ ਜੋੜ ਲੈਂਦੇ ਹਨ:
ਪੰਚਾ ਕਾ ਗੁਰੁ ਏਕੁ ਧਿਆਨੁ ॥
ਪੰਚ ਜਨਾਂ ਦੀ ਸੰਗਤ ਵਿਚ ਗੁਰੂ ਦੇ ਵਸ ਵਿਚ ਆਏ ਤਾਂ ਨਾਮ ਨਾਲ ਮਨ ਜੁੜ ਗਿਆ:
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ॥ (ਸਾਰੰਗ ਮ:੪, ਪੰਨਾ ੧੨੦੦)
ਪੰਚ ਜਨਾ ਦੇ ਵਸ ਸੰਗਤ ਵਿਚ ਇਕ ਓਅੰਕਾਰ ਨੂੰ ਹਮੇਸ਼ਾ ਮਨ ਵਿਚ ਰਹਿੰਦਾ ਹੈ:
ਪੰਚ ਜਨਾ ਲੇ ਵਸਗਤਿ ਰਾਖੇ ਮਨ ਮਹਿ ਏਕੰਕਾਰੇ॥ (ਆਸਾ ਮ: ੫, ਪੰਨਾ ੩੮੧)
ਉਹ ਵਡਭਾਗੀ ਹਨ ਜਿਨ੍ਹਾਂ ਉਪਰ ਗੁਰੂ ਦੀ ਮਿਹਰ ਹੈ ਤੇ ਪਰਮਾਤਮਾ ਦੀ ਸਿਫਤ ਸਲਾਹ ਉਹ ਹੀ ਕਰ ਸਕਦੇ ਹਨ ਜਿਨ੍ਹਾਂ ਕੋਲ ਹਰੀ ਦੇ ਨਾਮ ਧਨ ਦੀ ਪੂੰਜੀ ਹੁੰਦੀ ਹੈ:
ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥ ੧ ॥ ਰਹਾਉ ॥ (ਭੈਰਉ ਮਹਲਾ ੫, ਪੰਨਾ ੧੧੫੬)
ਪਰਮਾਤਮਾ ਨੂੰ ਮੰਨੇ ਤੇ ਉਨ੍ਹਾਂ ਨੂੰ ਸਾਰੀ ਰਚਨਾ ਦੀ ਸੁੱਧ ਆ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ:
ਮੰਨੈ ਸਗਲ ਭਵਣ ਕੀ ਸੁਧਿ॥ (ਜਪੁਜੀ)
ਜਿਨ੍ਹਾਂ ਦੀ ਅਵਸਥਾ ਧਿਆਨ ਵਿਚ ਪ੍ਰਪੱਕ ਹੋ ਗਈ ਉਹ ਪਰਮਾਤਮਾ ਦੇ ਦਰ ਪ੍ਰਵਾਣ ਚੜ੍ਹ ਗਏ, ਵਾਹਿਗੁਰੂ ਦੀ ਗਿਣਤੀ ਵਿਚ ਆ ਗਏ।
ਪੰਚ ਲੋਕ ਹੀ ਪ੍ਰਮਾਤਮਾ ਦੇ ਦਰ ਪਰਵਾਣ ਹੁੰਦੇ ਹਨ ਤੇ ਉਸਦੇ ਦਰਬਾਰ ਵਿਚ ਉਚ ਪਦਵੀਆਂ ਤੇ ਬਿਰਾਜਮਾਨ ਹੁੰਦੇ ਹਨ; ਪਰਧਾਨਗੀ ਪਦ ਪ੍ਰਾਪਤ ਕਰਦੇ ਹਨ:
ਪੰਚ ਪਰਵਾਣ
ਨਾਮ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ ਉਹੀ ਪੁਰਖ ਪ੍ਰਮਾਤਮਾਂ ਦੇ ਦਰ ਪਰਵਾਣ ਹੁੰਦੇ ਹਨ;
ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ॥ (ਭੈਰਉ ਮ: ੫, ਪੰਨਾ ੧੧੫੬)
ਨਾਮ ਮਾਲ ਜੁੜੇ ਹੋਏ ਪਰਮਾਤਮਾਂ ਦਰ ਪਰਵਾਣ ਹੋਏ ਹੋਏ ਵਿਸ਼ਵ ਦੇ ਕਿਸੇ ਵੀ ਕੋਨੇ ਵਿਚ ਹੋਣ ਉਨ੍ਹਾਂ ਦੀ ਮਾਣ ਇਜ਼ਤ ਸਭ ਤੋਂ ਵੱਧ ਹੈ। ਉਨ੍ਹਾਂ ਸੰਤ ਪੁਰਸ਼ਾਂ ਦੀ ਹਰ ਗਲ ਮੰਨੀ ਜਾਂਦੀ ਹੈ ਉਨ੍ਹਾਂ ਨੂੰ ਉੱਤਮ ਜਾਣਕੇ ਪ੍ਰਧਾਨ ਮੰਨਿਆ ਜਾਂਦਾ ਹੈ:
ਪੰਚ ਪਰਧਾਨ
ਜਿਨ੍ਹਾਂ ਦੇ ਮਨ ਵਿਚ ਪਾਰਬ੍ਰਹਮ ਪਰਮਾਤਮਾਂ ਵਸ ਰਿਹਾ ਹੈ ਉਹ ਹੀ ਪਰਮੁੱਖ ਹਨ, ਸੱਚੇ ਮੁਖੀ ਹਨ:
ਜਿਨ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ (ਸਿਰੀ ਮ: ੫, ਪੰਨਾ ੪੫)
ਗੁਰੂ ਰਾਹੀਂ ਨਾਮ ਸੁਣਕੇ ਕਰਕੇ ਉਹ ਈਸ਼ਰ, ਬ੍ਰਹਮਾ, ਇੰਦਰ ਆਦਿ ਅਖਵਾਉਂਦੇ ਹਨ
ਸੁਣਿਐ ਈਸਰ, ਬਰਮਾ ਇੰਦ॥ ( ਜਪੁਜੀ, ਪੰਨਾ ੨)
ਜਿਨ੍ਹਾਂ ਨੂੰ ਪ੍ਰਭੂ ਦੇ ਰਾਜ ਸਿੰਘਾਸਨ ਤੇ ਟਿਕਾਣਾ ਮਿਲਣ ਦੀ ਪ੍ਰਭੁਤਾ ਪਰਾਪਤ ਹੋ ਜਾਂਦੀ ਹੈ ਗੁਰੂ ਦੇ ਮਿਹਰ ਸਦਕਾ ਉਹ ਗੁਰਮੁਖ ਮੁਖੀ ਬਣ ਜਾਂਦੇ ਹਨ:
ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ। (ਬਸੰਤ ਮ: ੧, ਪੰਨਾ ੧੧੭੨)
ਪੰਚਾਂ (ਸੰਤਾਂ) ਦੀ ਦੁਨੀਆਂ ਵਿਚ ਹੀ ਉਤਮ (ਪਰਧਾਨ) ਪੰਚ ਵਸਦੇ ਹਨ:
ਪੰਚ ਲੋਕ ਵਸਹਿ ਪਰਧਾਨਾ॥ (ਮਾਰੂ ਮ:੧, ਪੰਨਾ ੧੦੩੯)
ਜਿਨ੍ਹਾਂ ਨੂੰ ਸਾਹ ਲੈਂਦੇ ਮੂੰਹ ਵਿਚ ਬੁਰਕੀ ਪਾਉਂਦੇ ਨਾਮ ਹੀ ਮੂਹੋਂ ਨਿਕਲਦਾ ਹੈ ਉਹ ਪੁਰਖ ਪੂਰੇ ਪਰਧਾਨ ਹੁੰਦੇ ਹਨ:
ਜਿਨ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ॥ (ਗਉੜੀ ਮ: ੪, ਪੰਨਾ ੩੧੩)
ਪੰਚ ਜਨ (ਸੰਤ) ਦੇਹ ਦੇ ਉਤਮ ਅਸਥਾਨ ਵਿਚ ਮਨ ਟਿਕਾਉਂਦੇ ਹਨ।ਉਹ ਨਿਰਾਲੇ ਏਕੰਕਾਰ ਦੀ ਅਫੁਰ ਸਮਾਧੀ ਅੰਦਰ ਸਥਿਤ ਹੁੰਦੇ ਹਨ:
ਦੇਹੀ ਨਗਰੀ ਉਤਮ ਥਾਨਾ॥ ਪੰਚ ਲੋਕ ਵਸਹਿ ਪਰਧਾਨਾ॥ ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ॥ (ਮਾਰੂ ਮ:੧, ਪੰਨਾ ੧੦੩੯)
ਪੰਚਾਂ ਵਿਚੋਂ ਉਹੀ ਪੰਚ ਪਰਧਾਨ ਹਨ ਜਿਨ੍ਹਾਂ ਨੇ ਜਗਤ ਛਲਾਵੇ ਨੂੰ ਪਛਾਣ ਲਿਆ ਹੈ ।ਜਿਨ੍ਹਾਂ ਨੇ ਫੁਲਾਂ ਦੀ ਵਾਸ਼ਨਾ, ਬਹੁਰੰਗੀ ਦੁਨੀਆਂ ਸਭ ਮਾਇਆ ਦੀ ਖੇਡ ਸਮਝਕੇ ਅੱਖੋਂ ਪਰੋਖੇ ਕਰ ਦਿਤੀ:
ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਉ ਪਰਪੰਚ॥ ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ॥(ਗਉੜੀ ਮ: ੫, ਪੰਨਾ ੨੯੭)
(ਪਰਪੰਚ= ਛਲ, ਧੋਖਾ, ਕਪਟ, ਪੰਜਾਂ ਤੱਤਾਂ ਦਾ iੋਵਸਥਾਰ, ਸੰਸਾਰ, ਜਗਤ)
ਜਗਤ ਵਿਚ ਵਿਰਲੇ ਹੀ ਹਨ ਜੋ ਛਲ, ਧੋਖੇ ਨਹੀਂ ਕਰਦੇ। ਅਪਣਾ ਪੇਟ ਭਰਨ ਲਈ ਜਗਤ ਨੂੰ ਛਲਦੇ ਨਹੀਂ। ਛਲ ਕਪਟ ਨਾਲ ਪੇਟ ਭਰ ਕੇ ਪਸ਼ੂ ਵਾਂਗ ਸੌਂ ਜਾਂਦੇ ਹਨ।
ਬਿਰਲੇ ਪਾਈਅਹਿ ਜੋ ਨ ਰਚਹਿਂ ਪਰਪੰਚ॥ (ਗਉੜੀ ਥਿਤੀ ਮ: ੫)
ਕਰਿ ਪਰਪੰਚ ਜਗਤ ਕੋ ਡਹਿਕੈ ਅਪਨੇ ਉਦਰੁ ਭਰੈ॥ (ਦੇਵ ਮ: ੫, ਪੰਨਾ ੫੩੬)
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ॥ (ਸੋਰਟ ਮ: ੯, ਪੰਨਾ ੬੩੩)
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੇਈ॥(ਸੂਹੀ ੧, ਪੰਨਾ ੭੬੬)
ਗੁਰੂ ਜੀ ਸਭ ਛਲ, ਕਪਟ, ਧੋਖੇ ਤਿਆਗਣ ਲਈ ਕਹਿੰਦੇ ਹਨ ਤੇ ਪਰਮਾਤਮਾਂ ਦੇ ਨਾਮ ਸਿਮਰਨ ਰਾਹੀਂ ਧਿਆਨ ਧਰ ਕੇ ਸਹਿਜ ਅਵਸਥਾ ਦਾ ਸੁੱਖ ਮਾਨਣ ਦੀ ਹਦਾਇਤ ਕਰਦੇ ਹਨ। ਜੋ ਸਹਿਜ ਅਵਸਥਾ ਵਿਚ ਹੈ ਉਸ ਨੂੰ ਝੂਠਾ ਕੋਈ ਨਹੀਂ ਕਹਿ ਸਕੲਾ:
ਪਰਪੰਚ ਬਿਆਧਿ ਤਿਆਗੈ ਕਵਰੇ॥ (ਗਉੜੀ ੧, ਪੰਨਾ ੨੨੫)
ਪਰਪੰਚ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ॥ (ਰਾਮਕਲੀ ਮ;੫, ਪੰਨਾ ੮੮੩)
ਦੁਨਿਆਵੀ ਪੰਚ ਬਣਨ ਨੂੰ ਹਰ ਦੁਨਿਆਵੀ ਮਨੁੱਖ ਇਛੁਕ ਹੈ ਪਰ ਪੰਜਾਂ ਨੂੰ ਘਰੋਂ ਕੱਢੇ ਬਿਨਾਂ ਤੇ ਪੰਜਾਂ ਨੂੰ ਘਰ ਬੁਲਾਏ ਬਿਨਾਂ ਨਾ ਹੀ ਕੋਈ ਸੰਤ ਰੂਪ; ਗੁਰਮੁਖ ਰੂਪ ਪੰਚ ਬਣਿਆ ਹੈ ਤੇ ਨਾਂ ਹੀ ਬਣੇਗਾ। ਪੰਚ ਬਨਣ ਲਈ ਪੰਜਾਂ ਨੂੰ ਮਨਾਉਣਾ ਪੈਂਦਾ ਹੈ ਤੇ ਪੰਜਾਂ ਨੂੰ ਰੁਸਾਉਣਾ; ਪੰਜਾਂ ਨੂੰ ਵਸਾਉਣਾ ਤੇ ਪੰਜਾਂ ਨੂੰ ਗਵਾਉਣਾ ਹੁੰਦਾ ਹੈ।ਜਿਨ੍ਹਾਂ ਨੇ ਪੰਜ ਮਨਾ ਲਏ, ਪੰਜਾਂ ਤੋਂ ਕਿਨਾਰਾ ਕਰ ਲਿਆ, ਪੰਜ ਵਸਾ ਲਏ ਤੇ ਪੰਜਾਂ ਤੋਂ ਪਿੱਛਾ ਛੁਡਾ ਲਿਆ ਉਹ ਹੀ ਅਸਲੀ ਪੰਚ ਹਨ।
ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥ ੧ ॥ (ਆਸਾ ਮਹਲਾ ੫ ਅਸਟਪਦੀਆ, ਪੰਨਾ ੪੩੦)
ਅਪਿ ਤੇਜ ਵਾਇ ਪ੍ਰਿਥਮੀ ਆਕਾਸਾ॥ਤਿਨ ਮਹਿ ਪੰਚ ਘਰਿ ਵਾਸਾ॥ (ਮ: ੧, ਪੰਨਾ ੧੦੩੧)
ਮਨੁੱਖ ਪੰਜਾਂ ਤੱਤਾਂ ਦਾ ਪੁਤਲਾ ਹੈ। ਸਮੂਹ ਬ੍ਰਹਿਮੰਡ ਕਰਤੇ ਨੇ ਪੰਜਾਂ ਤੱਤਾਂ ਤੋਂ ਸਿਜਿਆ ਹੈ। ਸਾਰੀ ਬਨਾਵਟ ਪੰਜਾਂ ਤੱਤਾਂ ਤੋਂ ਹੈ:
ਪੰਚ ਤੱਤ ਕਰਿ ਤੁਧੁ ਸ੍ਰਿਸਟਿ ਸਾਜੀ, ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥ (ਸੂਹੀ ਮ: ੪, ਪੰਨਾ ੭੩੬)
ਪੰਚਾਂ ਦੇ ਮਿਲੇ ਤੇ ਸੁੱਖ ਪ੍ਰਾਪਤ ਹੁੰਦਾ ਹੈ
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੈ ਸੁਖ ਪਾਇਆ॥ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥ (ਸੂਹੀ ਛੰਤ, ਮ: ੧, ਪੰਨਾ ੭੬੩)
ਪੰਜ ਤੱਤਾਂ ਦੇ ਚੰਗੇ ਲੱਛਣ ਧਾਰਕੇ ਗੁਰੂ ਦੀ ਚਰਨੀਂ ਲੱਗਕੇ ਸੱਤ ਦੇ ਮਾਰਗ, ਪਰਮਾਤਮਾਂ ਵਲ ਧਿਆਨ ਲਾਉਣਾ ਹੀ ਪੰਚਾਂ ਦਾ ਮਾਰਗ ਹੈ:
ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਲੈ॥ (ਆਸਾ ਕਬੀਰ, ਪੰਨਾ ੪੭੭)
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥ (ਰਾਮਕਲੀ ਕਬਰਿ ਪੰਨਾ ੯੭੦)
ਸਾਰੇ ਜਗਤ ਦਾ ਵਿਸਥਾਰ ਇਨ੍ਹਾਂ ਪੰਜਾਂ ਤੱਤਾਂ ਤੋਂ ਹੀ ਹੋਇਆ ਹੈ ਸੋ ਪੰਜਾਂ ਤੱਤਾਂ ਦੇ ਲੱਛਣ ਜਾਨਣਾ ਤੇ ਅਪਣਾਉਣਾ ਜੀਵ ਦੀ ਸੁਭਾਵਕ ਲੋੜ ਹੈ:
ਪਾਂਚੈ ਪੰਚ ਤਤ ਬਿਸਥਾਰ॥ (ਗਉੜੀ ਕਬੀਰ ਪੰਨਾ ੩੪੩)
ਇਹੋ ਪੰਜ ਤੱਤ ਹਨ ਜੋ ਅਸੀਂ ਮਨਾ ਕੇ ਉਨ੍ਹਾਂ ਨੂੰ ਨਾਲ ਲੈ ਕੇ ਉਨ੍ਹਾਂ ਤੋਂ ਮਿਲੀਆਂ ਸਿਖਿਆਵਾਂ ਅਨੁਸਾਰ ਚਲਣਾ ਹੈ। ਪੰਜ ਤੱਤ ਹਨ ਜਲ, ਹਵਾ, ਅਗਨੀ, ਆਕਾਸ਼ ਤੇ ਧਰਤੀ ਜਿਨ੍ਹਾਂ ਦੀ ਰਹਿਤ ਰਹਿ ਕੇ ਪਵਿਤਰ ਪਰਮਾਤਮਾਂ ਨੂੰ ਸਦਾ ਧਿਆ ਕੇ ਪਰਮਾਤਮਾਂ ਦੇ ਘਰ ਇਸ ਤਰ੍ਹਾਂ ਪਹੁੰਚਦਾ ਹੈ ਕਿ ਉਸ ਨੂੰ ਬਾਹਰ ਆਉਣ ਦੀ ਕਦੇ ਲੋੜ ਨਹੀਂ ਰਹਿੰਦੀ ਭਾਵ ਪੱਕਾ ਵਾਸਾ ਪਰਮਾਤਮਾਂ ਦੇ ਘਰ ਵਿਚ ਹੋ ਜਾਦਾ ਹੈ :
ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥ ਕਹੈ ਕਬੀਰ ਨਿਰੰਜਨ ਧਿਆਵਉ ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥ ੪ ॥ ੧੮ ॥(ਗਉੜੀ ਕਬੀਰ ਪੰਨਾ ੩੨੭)
ਕਾਇਆ ਅੰਦਰ ਪੰਜ ਤੱਤਾਂ ਦਾ ਸੰਤੁਲਨ ਇੱਕ ਅਜੂਬਾ ਹੈ। ਪੰਜੇ ਤੱਤ ਵਿਰੋਧੀ ਸੁਭਾ ਦੇ ਹੁੰਦੇ ਹੋਏ ਵੀ ਇਕ ਦੂਜੇ ਦੇ ਸਹਾਇਕ ਹੋ ਨਿਬੜਦੇ ਹਨ।ਵਿਰੋਧੀ ਸੁਭਾਵ ਵੀ ਸਹਿਯੋਗ ਦਿੰਦੇ ਹਨ, ਵਿਰੋਧ ਨਹੀਂ ਕਰਦੇ।ਪਾਣੀ ਤੇ ਅੱਗ, ਅੱਗ ਤੇ ਹਵਾ, ਮਿੱਟੀ ਤੇ ਅੱਗ, ਆਕਾਸ਼ ਤੇ ਹਵਾ ਸਭ ਵਿਰੋਧ ਵਿਚ ਵੀ ਹਨ ਸਹਾਇਕ ਵੀ। ਇਹੋ ਸੁਭਾ ਹੈ ਜੋ ਪੰਜਾਂ ਤੱਤਾਂ ਤੋਂ ਜੀਵ ਨੇ ਅਪਨਾਉਣਾ ਹੈ। ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ ॥ (ਜਪੁਜੀ)’। ਰੰਗ, ਨਸਲ, ਜਾਤ, ਜਮਾਤ, ਭਾਸ਼ਾ, ਮੁਲਕ, ਪ੍ਰਾਂਤ, ਮਜ਼ਹਬ ਦੀ ਭਿੰਨਤਾ ਇਨਸਾਨ ਵਿਚ ਪਾੜੇ ਪਾਉਂਦੀ ਹੈ ਜਦ ਕਿ ਤੱਤਾਂ ਤੋਂ ਲਈ ਸਿੱਖਿਆ ਭਿੰਨਤਾ ਵਿਚ ਵੀ ਸਹਿਯੋਗ ਦਾ ਸਬਕ ਦਿੰਦੀ ਹੈ।ਜੇ ਇਨ੍ਹਾਂ ਤੱਤਾਂ ਦਾ ਸੁਭਾਵ ਧਾਰਨ ਕਰਨਾ ਮਨੁੱਖ ਨੂੰ ਆ ਗਿਆ ਪੁਰਸ਼ ਤੇ ਪ੍ਰi੍ਰਕਤੀ ਦੇ ਮੇਲ ਸਮਝ ਆ ਗਿਆ ਤਾਂ ਅਕਾਲ ਪੁਰਖ ਦਾ ਮਿਲਣ ਹੋ ਗਿਆ, ਜੀਵਨ ਝੰਝਟ ਮੁਕਤ ਹੋ ਗਿਆ।ਹਵਾ, ਪਾਣੀ, ਜਲ, ਆਕਾਸ਼ ਤੇ ਧਰਤੀ ਤੋਂ ਕਰੁਣਾ, ਮੁਦਤਾ, ਮੈਤ੍ਰੀ, ਸਤ, ਸੰਤੋਖ, ਪਰਉਪਕਾਰ, ਦਿਆਲਤਾ ਸਿਖਣੀ ਚਾਹੀਦੀ ਹੈ। ਪੰਜ ਤੱਤ ਆਪਸੀ ਵੈਰ ਵਿਰੋਧ ਹੁੰਦੇ ਹੋਏ ਵੀ ਮਿਲ ਰਹਿਣ ਦਾ ਸੁਨੇਹਾ ਦਿੰਦੇ ਹਨ:
ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥…
ਵਾਦਿ ਵਿਰੋਧਿ ਨ ਪਾਇਆ ਜਾਇ॥(ਗਉੜੀ ਮ: ੩ ਪੰਨਾ ੨੩੦)
ਵੈਰ ਵਿਰੋਧ ਮਿਟੇ ਤਿਹ ਮਨ ਤੇ॥ ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ॥
(ਗਉੜੀ ਮ: ੫, ਬਾਵਨ ਅਖਰੀ ੪੬, ਪੰਨਾ ੨੫੯)
ਬੀਰਾ ਆਪਨੁ ਬੁਰਾ ਮਿਟਾਵੈ॥ ਤਾਹੂ ਬੁਰਾ ਨਿਕਟਿ ਨ ਆਵੈ॥ (ਬਾਵਨ ਅਖਰੀ ੩੯, ਪੰਨਾ ੨੫੮)
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਕਾਨੜਾ ਮ: ੫, ਪੰਨਾ ੧੨੯੯)
ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਧਨਾਸਰੀ ਮ: ੫, ਪੰਨਾ ੬੭੧)
ਧਰਤੀ ਧੀਰਜ, ਖਿਮਾ ਧਾਰਨੀ ਸਭ ਨੂੰ ਸਹਿਣਾ, ਨਿਵਾਸ ਦੇਣਾ ਸਿਖਾਉਂਦੀ ਹੈ।ਧਰਤੀ ਤੋਂ ਪ੍ਰੇਰਨਾ ਲਈਏ ਨਿਰਮਾਣਤਾ ਦੀ, ਸਿਰ ਚੜ੍ਹ ਕੇ ਬੈਠਣ ਬੋਲਣ ਦੀ ਥਾਂ ਪ੍ਰਮਾਤਮਾਂ, ਗੁਰੂਆਂ, ਸੰਤਾਂ, ਗੁਰਮੁਖਾਂ ਦੇ ਚਰਨਾਂ ਦੀ ਖਾਕ (ਨਿਰਮਾਣਤਾ ਦਾ ਪ੍ਰਤੀਕ) ਬਣੀਏ।ਧਰਤੀ ਜੋ ਪਵਨ, ਪਾਣੀ, ਅਗਨੀ ਤੇ ਆਕਾਸ਼ ਦਾ ਆਧਾਰ ਹੈ ਸਾਨੂੰ ਧਰਮ ਨਿਭਾਉਣ ਦੀ ਵੀ ਸਿਖਿਆ ਦਿੰਦੀ ਹੈ ਭਾਵ ਸਾਨੂੰ ਪਰਮਾਤਮਾਂ ਦੀ ਪ੍ਰਬੰਧ ਅਵਸਥਾ ਵਿਚ ਅਪਣਾ ਫਰਜ਼ ਯੋਗਤਾ ਨਾਲ ਨਿਭਾਉਣ ਤੇ ਉਸ ਪਰਮ ਪੁਰਖ ਪਰਮਾਤਮਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਤਾਕੀਦ ਕਰਦੀ ਹੈ:
ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚੁ ਧਰਤੀ ਥਾਪੁ ਰਖੀ ਧਰਮਸਾਲੁ॥ (ਜਪੁਜੀ ਪੰਨਾ ੭)
ਅਗਨ ਜੋਤ ਹੈ, ਪ੍ਰਕਾਸ਼ ਹੈ, ਜੋ ਮਿਲੇ ਉਸੇ ਤੇ ਸੰਤੋਖ ਕਰਨ ਦਾ ਸਬਕ ਦਿੰਦੀ ਹੈ। ਅਗਨੀ ਜੀਵਨ ਹੈ, ਭਲਾ ਮਰੇ ਹੋਏ ਮਨੁੱਖ ਵਿਚ ਗਰਮੀ ਹੁੰਦੀ ਹੈ? ਜੀਵਨ ਜੀਣ ਲਈ ਤੇ ਕਿਸੇ ਸਿਰ ਚੜ੍ਹਦੇ ਨੂੰ ਉਸ ਦੀ ਅਸਲੀ ਥਾਂ ਵਿਖਾਉਣ ਲਈ ਅੰਦਰ ਅਗਨੀ ਦੀ ਜ਼ਰੂਰਤ ਹੈ।ਅਗਨੀ ਸੁਰਖਿਆ ਕਵਚ ਹੈ। ਅੱਗ ਪਾਣੀ ਅਤੇ ਜੀਵਾਂ ਅੰਦਰ ਪ੍ਰਮਾਤਮਾਂ ਦਾ ਨੂਰ ਹੈ ਤੇ ਪ੍ਰਮਾਤਮਾਂ ਅੰਦਰ ਰਚਨਾ ਦੀ ਅਥਾਹ ਸ਼ਕਤੀ ਟਿਕੀ ਹੋਈ ਹੈ।ਅਗਨੀ ਪਾਣੀ ਮਿਲ ਕੇ ਜੀਵ ਦੀ ਜੀਵਨ-ਜੋਤ ਬਣ ਜਾਦੇ ਹਨ, ਇਹ ਪ੍ਰਮਾਤਮਾਂ ਦੀ ਹੀ ਖਾਸ ਕਲਾ ਹੈ:
ਅਗਨਿ ਪਾਣੀ ਜੀਉ ਜੋਤਿ ਤਮਾਰੀ ਸੁੰਨੇ ਕਲਾ ਰਹਾਇੰਦਾ॥ (ਮਾਰੂ ਮ: ੧, ਪੰਨਾ ੧੦੩੭)
ਅਗਨੀ ਤੋਂ ਵੱਖਰਾ ਪਾਣੀ ਪਵਿਤਰਤਾ ਦਾ ਪ੍ਰਤੀਕ ਹੈ; ਬਨਸਪਤ ਤੇ ਜੀਵਾਂ ਨੂੰ ਪੈਦਾ ਕਰਦਾ ਹੈ ਜ਼ਿੰਦਗੀ ਦਿੰਦਾ ਹੈ:
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (ਆਸਾ ਦੀ ਵਾਰ, ਪੰਨਾ ੪੭੨)
ਪਾਣੀ ਹੀ ਹੈ ਜਿਸ ਧੋਤਿਆਂ ਸਰੀਰਕ ਮਲ ਲਾਹ ਕੇ ਬੰਦਾ ਸਰੀਰਕ ਸੁੱਚ ਪ੍ਰਾਪਤ ਕਰਦਾ ਹੈ:
ਪਾਣੀ ਧੋਤੈ ਉਤਰਸਿ ਖੇਹ॥ (ਜਪੁ ਮ:੧, ਪੰਨਾ ੪)
ਸ਼ੁਧਤਾ, ਸੁੱਚਤਾ, ਨਿਰਮਲਤਾ, ਅਡੋਲਤਾ, ਪਵਿਤਰਤਾ, ਜੀਵਨ, ਹਰਿਆਲੀ, ਸੁੱਖ ਦੇਣਾ ਪਾਣੀ ਦਾ ਸੁਭਾ ਹੈ ਜੋ ਮਨੁੱਖ ਦਾ ਪ੍ਰੇਰਕ ਹੈ।
ਆਕਾਸ਼ ਵਿਲੱਖਣਤਾ ਦਾ ਪ੍ਰਤੀਕ ਹੈ: ਧਰਤੀ, ਹਵਾ ਪਵਨ, ਅਗਨ ਸਭ ਦੇ ਨਾਲ ਪਰ ਸਭ ਤੋਂ ਅਲੱਗ ਰਹਿਣਾ।ਆਕਾਸ਼ ਤੋਂ ਵਿਆਪਕ ਦ੍ਰਿਸ਼ਟੀ ਲੈਣੀ ਹੈ: ਸਭ ਨੂੰ ਸਮਾਨ ਸਮਝਣਾਂ ਤੇ ਸਾਰਿਆਂ ਨਾਲ ਅਪਣੱਤ ਰੱਖਣੀ ਇਹੋ ਸਿਖਿਆ ਆਕਾਸ਼ ਤੋਂ ਲੈਣੀ ਹੈ।ਸ਼ਬਦ ਆਕਾਸ਼ ਨਾਲ ਟਕਰਾ ਕੇ ਵਾਪਸ ਆਉਂਦਾ ਹੈ ਜੋ ਸਾਨੂੰ ਮਿਲੇ ਉਹ ਜਗਤ ਨੂੰ ਮੋੜੀਏ ਤੇ ਸਾਰਿਆਂ ਦੇ ਸਿਰਤਾਜ ਬਣੀਏ।
ਪਵਨ ਸਭ ਲਈ ਬਰਾਬਰਤਾ ਦਾ ਸੰਦੇਸ਼ਾ ਦਿੰਦੀ ਹੈ: ਜੀਵਨ ਦਾਨ ਤੇ ਰਵਾਨੀ ਦਿੰਦੀ ਹੈ। ਸਦਾ ਵਗਦੀ ਹੈ ਸਦਾ ਬਦਲਦੀ ਹੈ। ਗਤੀਮਾਨ ਜੀਵਨ ਦਾ ਨਿਸ਼ਾਨਾ ਰੱਖਣ, ਆਲਸ ਨਿੰਦ੍ਰਾ ਇਕ ਪਾਸੇ ਰੱਖ ਉਦਮੀ, ਫੁਰਤੀਲੇ ਬਣਨ ਦਾ ਸੰਦੇਸ਼ ਦਿੰਦੀ ਹੈ। ਪਵਨ ਨੂੰ ਗੁਰੂ ਵੀ ਕਿਹਾ ਗਿਆ ਹੈ ਕਿਉਂਕਿ ਮਨ ਰਾਹੀਂ ਹੀ ਸਾਰੀ ਸਿਖਿਆ ਪ੍ਰਾਪਤ ਹੁੰਦੀ ਹੈ ਤੇ ਸਾਰੀ ਸੋਚ ਵਿਚਾਰ ਸੂਝ ਮਨ ਤੇ ਨਿਰਧਾਰਿਤ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਜਪੁਜੀ ਪੰਨਾ ੮)
ਪਾਣੀ ‘ਪਿਤਾ ਜਗਤੁ ਕਾ’ (ਪੰਨਾ ੧੨੪੦) ਭਾਵ ਪਾਣੀ ਤੋਂ ਜਗਤ ਜੀਵ ਰਚਨਾ ਸ਼ੁਰੂ ਹੋਈ ਇਸ ਲਈ ਪਾਣੀ ਨੂੰ ਪਿਤਾ ਕਿਹਾ ਗਿਆ ਹੈ
ਪੰਜ ਤੱਤਾਂ (ਜਲ, ਹਵਾ, ਅਗਨੀ, ਆਕਾਸ਼ ਤੇ ਧਰਤੀ) ਨੂੰ ਮਿਲਾਕੇ ਇਨਸਾਨੀ ਦੇਹ ਬਣੀ ਹੈ, ਜਿਸ ਨੂੰ ਸਾਰੀ ਭਟਕਣ ਤੋਂ ਆਰਾਮ ਪਰਮਾਤਮਾ ਨੂੰ ਮਿਲਣ ਪਿਛੋਂ ਹੀ ਆਉਂਦਾ ਹੈ:
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ॥ ( ਰਾਮਕਲੀ ਮ: ੧, ਪੰਨਾ ੮੭੭)
ਪੰਚ ਤਤੁ ਮਿਲਿ ਇਹੁ ਤਨੁ ਕੀਆ॥ ਆਤਮ ਰਾਮ ਪਾਏ ਸੁਖੁ ਥੀਆ॥(ਮਾਰੂ ਮ:੧, ਪੰਨਾ ੧੦੩੯)
ਇਸਤਰ੍ਹਾਂ ਪੰਜ ਤਤਾਂ ਤੋਂ ਸਤੋਗੁਣੀ ਸੁਭਾਉ ਧਾਰਨ ਕੀਤੇ ਜਾ ਸਕਦੇ ਹਨ।ਪੰਜਾਂ ਤੱਤਾਂ ਦੀਆਂ ਇਹ ਰੁਚੀਆਂ ਜੋ ਜੀਵ ਧਾਰਨ ਕਰਦਾ ਹੈ ਉਹ ਪਰਮਾਤਮਾਂ ਦੇ ਸੁਭਾਉ ਨੂੰ ਜਾਣ ਪਰਮਾਤਮਾਂ ਵਿਚ ਲੀਨ ਹੋ ਜਾਂਦਾ ਹੈ। ਧਰਤੀ ਤੋਂ ਨਿਰਮਾਣਤਾ, ਪਾਣੀ ਤੋਂ ਪਵਿਤਰਤਾ, ਅਗਨੀ ਤੋਂ ਜਲਾਲ, ਬੀਰ ਰਸ ਤੇ ਅਣਖ ਤੇ ਪਵਨ ਤੋਂ ਲਗਾਤਾਰ ਵਧਣਾ ਤੇ ਫੁਰਤੀਲਾਪਣ ਅਤੇ ਆਕਾਸ਼ ਤੋਂ ਵਿਆਪਕ ਦ੍ਰਿਸ਼ਟੀ ਲੈ ਕੇ, ਈਸ਼ਵਰੀ ਸੁਭਾਉ ਪਰਾਪਤ ਕਰ, ਈਸ਼ਵਰ ਸਰੂਪ ਪੰਚ ਬਣੀਦਾ ਹੈ।
ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਆਕਾਰ॥ (ਗੂਜਰੀ ਮ:੧, ਪੰਨਾ ੫੦੪)
ਪੰਚ ਜੋ ਮਨਾਉਣੇ ਪੈਂਦੇ ਹਨ: ਉਨ੍ਹਾਂ ਦੇ ਗੁਣ ਪੰਜ ਤੱਤ (ਜਲ, ਹਵਾ, ਅਗਨੀ, ਆਕਾਸ਼ ਤੇ ਧਰਤੀ) ਤੇ ਪਾਉਣੇ ਹਨ।
ਪੰਜਾਂ ਤੱਤਾਂ ਦੇ ਗੁਣ ਜੋ ਰੁਸਾਉਣੇ ਪੈਂਦੇ ਹਨ ਉਹ ਹਨ ਸਪਰਸ਼ (ਹਵਾ), ਰੂਪ (ਅਗਨ), ਰਸ (ਜਲ), ਗੰਧ (ਧਰਤੀ) ਸ਼ਬਦ (ਆਕਾਸ਼), ਤੇ ਸਾਂਝਾ ਗੁਣ ਵੈਰ ਵਿਰੋਧ ਗਵਾਉਣਾ ਜੋ ਪੰਚ ਗਵਾ ਦਿੰਦੇ ਹਨ; ਦੂਰ ਕਰਦੇ ਹਨ, ਤਿਆਗਦੇ ਹਨ ।ਵਾਹਿਗੁਰੂ ਦੇ ਹੁਕਮ ਦੇ ਸੰਯੋਗ ਦਸਾਂ ਦਰਵਾਜਿਆਂ ਵਾਲਾ ਗੜ੍ਹ ਮਨੁਖੀ ਸਰੀਰ ਹੋਂਦ ਵਿਚ ਆਇਆ ਉਸ ਵਿਚ ਪੰਜ ਵਿਕਾਰ ਰਬੀ ਜੋਤ ਦੇ ਨਾਲ ਹੀ ਰੱਖ ਦਿਤੇ ਗਏ:
ਹੁਕਮਿ ਸੰਜੋਗੀ ਗੜਿ ਦਸ ਦੁਆਰ॥ ਪੰਚ ਵਸਹਿ ਮਿਲਿ ਜੋਤਿ ਅਪਾਰ॥ (ਗਉੜੀ ਮ: ੧, ਪੰਨਾ ੧੫੨)
ਗੁਰੂ ਤੋਂ ਮਤ ਪਾਕੇ ਪੰਚ ਪੰਜਾਂ ਅਵਰੋਧਕਾਂ ਨੂੰ ਕਾਬੂ ਕਰ ਲੈਂਦਾ ਹੈ:
ਪੰਚ ਸਮਾਏ ਗੁਰਮਤਿ ਪਾਇਕ॥ (ਮ:੧, ਪੰਨਾ ੧੦੩੯)
ਪੰਚ ਮਾਰਿ ਸੁਖ ਪਾਇਆ ਐਸਾ ਬ੍ਰਹਮ ਵੀਚਾਰਿ॥ (ਪ੍ਰਭਾ ਮ:੧, ਪੰਨਾ ੧੩੩੦)
ਪੰਚ ਮਾਰਿ ਸਾਚੁ ਉਰਿ ਧਾਰੇ॥ ਗਉੜੀ ਮ: ੧, ਪੰਨਾ ੨੨੩)
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥ ੧ ॥ (ਆਸਾ ਮਹਲਾ ੫ ,ਪੰਨਾ ੪੦੪)
ਆਕਾਸ਼ ਤੋਂ ਮਨ ਵਿਚ ਵਿਚਾਰਾਂ ਦਾ ਵਹਾ ਹੁੰਦਾ ਹੈ। ਚੰਗੇ ਵੀਚਾਰ ਆਦਮੀ ਨੂੰ ਸ਼ੁਭ ਕਰਮ ਕਰਨ, ਸਚਿਆਰ ਹੋਣ, ਨਾਮ ਧਿਆਉਣ, ਪ੍ਰਮਾਤਮਾ ਨਾਲ ਜੁੜਣ ਵਲ ਮੋੜਦੇ ਹਨ ਜਦ ਕਿ ਬੁਰੇ ਵੀਚਾਰ ਮਨ ਨੂੰ ਮੈਲਾ ਕਰਦੇ ਹਨ ਤੇ ਵੈਰ, ਡਰ, ਦੂਈ, ਤ੍ਰਿਸ਼ਨਾ, ਹਉਮੈ ਆਦਿ ਜਗਾਉਂਦੇ ਵਧਾਉਂਦੇ ਹਨ। ਸੋ ਇਨ੍ਹਾਂ ਬੁਰੇ ਵੀਚਾਰਾਂ ਨੂੰ ਮਾਰਨ ਨਾਲ ਹੀ ਚੰਗੇ ਵੀਚਾਰਾਂ ਦਾ ਪ੍ਰਭਾਵ ਵਧੇਗਾ ਤੇ ਮਨੁਖ ਨਾਮ ਨਾਲ ਜੁੜੇਗਾ।
ਰੰਗ ਰੂਪ ਰਸ ਬਾਦ ਹਨ ਜਿਨ੍ਹਾਂ ਦੀ ਖਿੱਚ ਤੋਂ ਆਦਮੀ ਨੂੰ ਬਚਣਾ ਚਾਹੀਦਾ ਹੈ
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ॥ ਗਉੜੀ ਮ:੫, ਪੰਨਾ ੩੨੨)
ਮਾਇਆ ਰੂਪੀ ਵਿਹੁ ਨੁੰ ਰਸਦਾਇਕ ਤੇ ਪਵਿਤਰ ਸਮਝ ਕੇ ਜਦ ਜੀਵ ਚਖਦਾ ਹੈ ਤਾਂ ਉਸਨੂੰ ਪੰਜੇ ਵਿਕਾਰ ਖੁਲ੍ਹ ਤੌਰ ਤੇ ਸਤਾਉਂਦੇ ਹਨ। ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧੀ ਛੱਡ ਦਿੰਦਾ ਹੈ ਤੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ:
ਰਸੁ ਮਿਸੁ ਮੇਧੁ ਅੰਮ੍ਰਿਤ ਬਿਖੁ ਚਾਖੀ, ਤਉ ਪੰਚ ਪਰਗਟ ਸੰਤਾਪੈ॥ ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮ ਨ ਅਰਾਧਿਆ॥(ਸ੍ਰੀ ਬੇਣੀ, ਪੰਨਾ ੯੩)
ਸੋਨਾ, ਰੁਪਈਆ, ਸੁੰਦਰਤਾ ਸਾਰੇ ਅਜਿਹੇ ਰਸ ਹਨ ਜੋ ਪਰਮਲ ਦੀ ਸੁਗੰਧ ਵਾਗ ਖਿੱਚ ਤਾਂ ਪੈਦਾ ਤਾਂ ਕਰਦੇ ਹਨ ਪਰ ਸਰੀਰ ਵਿਚ; ਮਨ ਵਿਚ ਬਾਦ ਫੈਲਾਉਂਦੇ ਹਨ:
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ (ਸਿਰੀ ਰਾਗ ਮ: ੧, ਪੰਨਾ ੧੫)
ਘੋੜੇ, ਸੇਜ, ਮਿਠਾ ਖਾਣਾ ਸਭ ਜਿਸਮਾਨੀ ਸਵਾਦ ਤਾਂ ਦਿੰਦੇ ਹਨ ਪਰ ਇਨ੍ਹਾਂ ਵਲ ਖਿੱਚ ਤੇ ਇਨ੍ਹਾਂ ਦੀ ਵਰਤੋਂ ਰੋਗ ਪੈਦਾ ਕਰਦੀ ਹੈ:
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ (ਸਿਰੀ ਰਾਗ ਮ: ੧, ਪੰਨਾ ੧੫)
ਜੋ ਗੁਰੂ ਦੀ ਨਾ ਮੰਨਕੇ ਮਨ ਦੀ ਹੀ ਮੰਨਦਾ ਹੈ ਉਹ ਇਨ੍ਹਾਂ ਵਿਕਾਰੀ ਗੁਣਾਂ ਨੂੰ ਪ੍ਰਾਪਤ ਕਰਨ ਵਿਚ ਰੁੱਝ ਜਾਦਾ ਹੈ। ਰਸ ਕਸ ਖਾਕੇ ਸਰੀਰ ਵਧਾਈ ਜਾਂਦਾ ਹੈ, ਅਪਣੇ ਮਨੁਖੀ ਸਵਾਦਾਂ ਦੀ ਤ੍ਰਿਸ਼ਨਾ ਵਧਾਈ ਜਾਂਦਾ ਹੈ:
ਰਸ ਚੂਗਹਿ ਮਨਮੁਖਿ ਗਾਵਾਰਿ॥(ਮਲਾਰ ਮ:੧ , ਪੰਨਾ ੧੨੭੫)
ਰਸ ਕਸ ਖਾਏ ਪਿੰਡੁ ਵਧਾਏ॥ (ਮਾਰੂ ਮ:੩, ਪੰਨਾ ੧੦੪੮)
ਰਸ ਕਸ ਖਾਹਿ ਸਾਦੁ ਗਵਾਏ॥ ((ਬਿਲਾਵਲ ਮ:੧, ਪੰਨਾ ੮੪੦)
ਰੂਪ ਰਸ ਮੱਤੇ ਜੋ ਰਸ ਭੋਗਣ ਲੱਗੇ ਹੋਏ ਹਨ ਉਨ੍ਹਾਂ ਨੂੰ ਅਸਲ ਸੁੱਖ ਪ੍ਰਾਪਤ ਨਹੀਂ ਹੁੰਦਾ:
ਰਸਿ ਭੋਗਿਣ ਅਤਿ ਰੂਪ ਰਸ ਮਾਤੇ ਇਨਿ ਸੰਗਿ ਸੁਖ ਨ ਪਾਇਆ। (ਬਿਲਾਵਲ ਮ:੫ , ਪੰਨਾ ੮੦੩)
ਸੁੰਦਰਤਾ ਤੇ ਕਾਮਚੇਸ਼ਟਾ ਵਿਚਕਾਰ ਯਾਰੀ ਹੈ ਜਿਵੇਂ ਭੁੱਖ ਤੇ ਸੁਆਦ ਦਾ ਗੰਢ ਜੋੜ ਹੈ:
ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ॥(ਮਲਾਰ ੧, ਪੰਨਾ ੧੨੮੮)
ਪੰਜ ਚੰਗੇ ਗੁਣ ਜੋ ਵਸਾਉਣੇ ਪੈਂਦੇ ਹਨ: ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ।
ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ
॥ ੪ ॥ ੧੫ ॥ ੪੫ ॥ (ਬਿਲਾਵਲੁ ਮਹਲਾ ੫, ਪੰਨਾ ੮੧੨)
ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ॥(ਆਸਾ ਮ: ੫, ਪੰਨਾ ੩੭੯)
ਸਤੁ ਸੰਤੋਖੁ ਦਇਆ ਧਰਮੁ ਸਚਿ ਸੰਤਨ ਤੇ ਇਹੁ ਮੰਤੁ ਲਈ॥ (ਬਿਲਾਵਲੁ ਮ: ੫, ਪੰਨਾ ੮੨੨)
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ (ਆਸਾ ਮ:੧, ਪੰਨਾ ੪੭੧)
ਸੰਤੋਖੁ ਆਇਆ ਮਨਿ ਪੂਰਾ ਪਾਇ॥ (ਰਾਮਕਲੀ ਮ: ੫, ਪੰਨਾ ੮੯੧)
ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ॥ (ਸਿਰੀ ਮ: ੫, ਪੰਨਾ ੫੨੯)
ਸਤ ਸੰਤੋਖ ਕਾ ਧਰਹੁ ਧਿਆਨ॥ (ਗਉੜੀ ਕਬੀਰ, ਪੰਨਾ ੩੪੪)
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥(ਮਾਰੂ ਮ: ੧, ਪੰਨਾ ੧੦੩੮)
ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥(ਸਵ ਮ: ੫ , ਪੰਨਾ ੧੪੦੮)
ਸਤ ਸੰਤੋਖ ਗਿਆਨ ਧਿਆਨ ਉਹੀ ਗੁਰਮੁਖ ਪਿਆਰੇ ਪ੍ਰਾਪਤ ਕਰਦੇ ਹਨ ਜਿਨ੍ਹਾਂ ਉਪਰ ਪ੍ਰਮਾਤਮਾਂ ਦੀ ਮਿਹਰ ਹੈ:
ਸਤੁ ਸੰਤੋਖ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ॥ ਸੋਰਠ ਮ: ੫, ਪੰਨਾ ੬੪੧)
ਸਚੇ ਪ੍ਰਮਾਤਮਾਂ ਦਾ ਨਾਮ ਸਿਮਰਨ ਸਦਾ ਸੁਖਦਾਈ ਹੁੰਦਾ ਹੈ। ਜਿਨ੍ਹਾਂ ਦੇ ਮਨ ਵਿਚ ਸਚ ਵਸ ਗਿਆ ਉਹ ਭਰਮਾਂ ਵਿਚ ਕਦੇ ਨਹੀਂ ਭਟਕਦੇ:
ਸਤਿ ਨਾਮੁ ਪ੍ਰਭ ਕਾ ਸੁਖਦਾਈ॥(ਗਉੜੀ ਮ: ੫, ਪੰਨਾ ੨੮੪)
ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ॥ (ਗਉੜੀ ੫, ਪੰਨਾ ੨੮੪)
ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ॥ (ਸਾਰੰਗ ਮ: ੫, ਪੰਨਾ ੧੨੨੬)
ਪ੍ਰਭੂ ਦਾ ਨਾਮ ਸੁਣ ਕੇ ਮਨ ਵਿਚ ਧੀਰਜ ਪੈਂਦੀ ਹੈ। ਜਿਸ ਨੇ ਨਾਮ ਰਾਹੀਂ ਧੀਰਜ ਮਨ ਵਸਾ ਲਈ ਉਸ ਦੀ ਸ਼ੋਭਾ ਤੇ ਜਸ ਫੈਲਦਾ ਹੈ। ਧੀਰਜ ਤੇ ਧਰਮ ਗੁਰੂ ਦੀ ਦਿਤੀ ਮਤ ਰਾਹੀਂ ਰਾਹੀਂ ਪਰਾਪਤ ਹੁੰਦੇ ਹਨ ਜੋ ਪ੍ਰਮਾਤਮਾ ਮਿਲਣ ਵਿਚ ਸਹਾਈ ਹੁੰਦੇ ਹਨ ਇਸ ਲਈ ਹਰ ਰੋਜ਼ ਹਰੀ ਦੇ ਨਾਮ ਵਿਚ ਅਪਣਾ ਚਿੱਤ ਲਾ ਕੇ ਰੱਖਣਾ ਚਾਹੀਦਾ ਹੈ:
ਧੀਰਜ ਸੁਨਿ ਧਰਿਉ ਪ੍ਰਭ ਕਉ॥ (ਜੈਤਸਰੀ ਮ: ੫, ਪੰਨਾ ੭੦੦)
ਧੀਰਜ ਜਸੁ ਸੋਭਾ ਤਿਹ ਬਨਿਆ॥ (ਆਸਾ ਮ:੫, ਪੰਨਾ ੪੧੦)
ਧੀਰਜ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰ ਨਾਮੈ ਹਰਿ ਸਿਉ ਚਿਤੁ ਲਾਵੈ॥(ਗੂਜਰੀ ਮ: ੪, ਪੰਨਾ ੪੯੪)
ਪੰਜ ਵਿਕਾਰ ਜੋ ਮਾਰਨੇ ਪੈਂਦੇ ਹਨ: ਕਾਮ, ਕ੍ਰੋਧ, ਲੋਭ, ਮੋਹ ਹੰਕਾਰ। ਇਨ੍ਹਾਂ ਵਿਚੋਂ ਹੀ ਹਉਮੈ, ਚਤੁਰਤਾ, ਚਲਾਕੀ, ਝੂਠ ਤੇ ਬੇਈਮਾਨੀ ਉਪਜਦੇ ਹਨ ਜਿਨ੍ਹਾਂ ਨੂੰ ਪੰਚ, ਸੰਤ ਲੋਕ ਗੁਰੂ ਤੋਂ ਪ੍ਰਾਪਤ ਨਾਮ ਦੇ ਜ਼ਰੀਏ ਵਸ ਕਰਦੇ ਹਨ ਤੇ ਪ੍ਰਮਾਤਮਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ:
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥ ੨ ॥ ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥ ੩ ॥ (ਸੋਰਠਿ ਮ:੩, ਪੰਨਾ ੬੦੦)
ਇਨ੍ਹਾਂ ਪੰਜਾਂ ਵਿਕਾਰਾਂ ਨੇ ਸਾਰਾ ਸੰਸਾਰ ਮੋਹ ਵਿਚ ਫਸਾਇਆ ਹੋਇਆ ਹੈ ।ਜੋ ਗੁਰੂ ਦੀ ਨਹੀਂ ਅਪਣੇ ਮਨ ਦੀ ਮੰਨਦੇ ਹਨ ਉਹ ਅੰਨਿ੍ਹਆਂ ਬਰਾਬਰ ਹਨ ਅਗਿਆਨੀ ਹਨ ਜਿਨ੍ਹਾਂ ਨੂੰ ਕੋਈ ਸੁੱਧ ਸਾਰ ਨਹੀਂ ਹੈ ਕਿ ਸਾਹਮਣੇ ਕੀ ਵਾਪਰ ਰਿਹਾ ਹੈ। ਕਾਮ ਕ੍ਰੋਧ ਉਸ ਦੇ ਸਰੀਰ ਨੂੰ ਇਉਂ ਢਾਲ ਦਿੰਦੇ ਹਨ ਜਿਵੇਂ ਸੋਹਾਗਾ ਸ਼ੀਸ਼ੇ ਨੂੰ ਢਾਲ ਦਿੰਦਾ ਹੈ:
ਪੰਚ ਦੂਤ ਮੁਹਹਿ ਸੰਸਾਰਾ।॥ ਮਨਮੁਖ ਅੰਧੇ ਸੁਧਿ ਨ ਸਾਰਾ॥ ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ, ਪੰਚ ਦੂਤ ਸਬਦਿ ਪਚਾਵਣਿਆ॥ (ਮਾਝ ਮ: ੩ ਅਸਟਪਦੀ, ਪੰਨਾ ੧੧੩)
ਕਾਮ ਕ੍ਰੋਧ ਕਾਇਆ ਕਉ ਗਾਲੈ॥ਜਿਉ ਕੰਚਨ ਸੋਹਾਗਾ ਢਾਲੈ॥ (ਰਾਮਕਲੀ ਮ: ੧, ਪੰਨਾ ੯੩੨)
ਪੰਜਾਂ ਵਿਕਾਰਾਂ ਨੂੰ ਮਾਰ ਕੇ ਚਿੱਤ ਥਾਂ ਸਿਰ ਰਹਿੰਦਾ ਹੈ ਭਾਵ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ। ਇਨ੍ਹਾਂ ਤਾਕਤਵਰ ਵਿਕਾਰਾਂ ਨੂੰ ਬੰਨ੍ਹ ਕੇ ਹੀ ਸੱਚੇ ਦਾ ਸੰਦੇਸ਼ਾ ਮਨ ਵਿਚ ਵਸਦਾ ਹੈ ਜਿਸ ਨੂੰ ਪ੍ਰਾਪਤ ਕਰਕੇ ਉਸ ਦੇ ਨਾਲ ਜੁੜੀਦਾ ਹੈ
ਪੰਚ ਮਾਰਿ ਚਿਤੁ ਰਖਹੁ ਥਾਇ॥ ਬਸੰਤ ਮ:੧, ਪੰਨਾ ੧੧੮੯)
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥(ਬਸੰਤਰ, ਮ:੫, ਪੰਨਾ ੧੧੯੩)
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ॥ (ਰਾਮਕਲੀ ਮ:੩, ਅਨੰਦੁ, ਪੰਨਾ ੯੧੭)
ਜਿਸ ਨੇ ਪੰਚ ਬਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰ ਦਿਤਾ ਹੈ ਅਜਿਹਾ ਬਲੀ ਕੌਣ ਹੈ? ਕਿਸ ਨੇ ਪੰਜ ਮਾਰ ਗੁਜ਼ਾਰੇ ਹਨ ਉਸ ਦੇ ਹੱਥ ਨਾਮ ਦੀ ਕਲਾ ਹੈ:
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥ ੧ ॥ (ਆਸਾ ਮਹਲਾ ੫, ਪੰਨਾ ੪੦੪)




.