.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸੈਂਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(੬-ੲ) "ਸਿਖੀ ਸਿਖਿਆ ਗੁਰ ਵੀਚਾਰਿ" -ਇਸ ਤਰ੍ਹਾਂ ਜਿਉਂ ਜਿਉਂ ਗੁਰਬਾਣੀ ਵਿਚਾਰਧਾਰਾ ਦੀ ਗਹਿਰਾਈ `ਚ ਜਾਂਦੇ ਜਾਵੀਏ ਤਾਂ ਉਸ ਰੱਬੀ ਸੱਚਾਈ ਨੂੰ ਸਮਝਦੇ ਦੇਰ ਨਹੀਂ ਲੱਗਦੀ ਕਿ ਬਿਨਾ ਸ਼ੱਕ, ਨਿਰੋਲ ਗੁਰਬਾਣੀ ਵਿਚਾਰਧਾਰਾ ਆਧਾਰਤ ਸਿੱਖ ਧਰਮ, ਸਿੱਖ ਰਹਿਣੀ ਅਥਵਾ ਸਿੱਖ ਲਹਿਰ ਹੀ ਆਪਣੇ ਆਪ `ਚ, ਅਕਾਲਪੁਰਖ ਵੱਲੋਂ ਸ਼ਥਾਪਤ ਅਤੇ ਨਿਯਤ ਕੀਤਾ ਹੋਇਆ ਸਮੂਚੀ ਮਾਨਵਤਾ ਲਈ ਇਕੋ ਇਕ, ਆਦਿ ਜੁਗਾਦੀ ਸੰਪੂਰਨ ਧਰਮ ਹੈ।

ਇਹ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਿੱਖ ਧਰਮ ਨੂੰ ਚਲਾਇਆ ਬਲਕਿ ਸੱਚ ਤਾਂ ਇਹ ਹੈ ਕਿ ਗੁਰੂ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ ਤੇ ੨੩੯ ਵਰ੍ਹੇ ਲਗਾ ਕੇ ਮਨੁੱਖ ਮਾਤ੍ਰ ਦੇ ਇਸ ਇਕੋ-ਇਕ ਇਲਾਹੀ ਤੇ ਸੱਚ ਧਰਮ ਨੂੰ "ਸਿਖ ਧਰਮ" ਦੇ ਨਾਮ ਨਾਲ ਸੰਸਾਰ `ਚ ਮੁੜ ਪ੍ਰਗਟ ਕੀਤਾ। ਉਸ ਸੱਚ ਧਰਮ ਨੂੰ ਜਿਹੜਾ ਸਮੇਂ ਨਾਲ ਸੰਸਾਰ `ਚ ਆਪਣੀ ਹੋਂਦ ਗੁਆ ਚੁੱਕਾ ਸੀ

ਇਸ ਵੇਰਵੇ ਤੋਂ ਇਹ ਵੀ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਆਦਿ ਗੁਰੂ-ਗੁਰੂ ਨਾਨਕ ਪਾਤਸ਼ਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ, ਦਸੋਂ ਹੀ ਗੁਰੂ ਜਾਮਿਆਂ ਦਾ ਮਕਸਦ, ਕਦੇ ਵੀ ਸੰਸਾਰ `ਚ ਪ੍ਰਚਲਤ ਧਰਮਾਂ ਦੀ ਗਿਣਤੀ `ਚ ਕਿਸੇ ਹੋਰ ਨਵੇਂ ਧਰਮ ਦਾ ਵਾਧਾ ਕਰਣਾ ਕਤੱਈ ਨਹੀਂ ਸੀ।

ਬਲਕਿ ਜਿਉਂ ਜਿਉਂ ਗੁਰਬਾਣੀ ਦਾ ਅਧਯੱਣ ਕਰੋ ਸਮਝ ਆਉਂਦੇ ਉੱਕਾ ਦੇਰ ਨਹੀਂ ਲਗਦੀ ਕਿ ਗੁਰਦੇਵ ਨੂੰ ਤਾਂ ਸੰਸਾਰ ਤਲ `ਤੇ ਮਨੁੱਖ ਵੱਲੋਂ, ਆਪ ਮੁਹਾਰੇ ਸਥਾਪਤ ਕੀਤੇ ਹੋਏ, ਭਿੰਨ-ਭਿੰਨ ਉਨ੍ਹਾਂ ਹਜ਼ਾਰਾਂ ਧਰਮਾਂ ਵਾਲਾ ਵਖ੍ਰੇਵਾਂ ਕੱਤਈ ਪ੍ਰਵਾਣ ਹੀ ਨਹੀਂ ਸੀ। ਸਪਸ਼ਟ ਹੈ ਤਾਂ ਫ਼ਿਰ, ਪਾਤਸ਼ਾਹ ਨੇ ਆਪ ਵੀ ਉਨ੍ਹਾਂ ਸੰਸਾਰਕ ਧਰਮਾਂ ਦੀ ਗਿਣਤੀ `ਚ ਇੱਕ ਹੋਰ ਨਵਾਂ ਧਰਮ ਪ੍ਰਚਲਤ ਕਰ ਕੇ, ਉਨ੍ਹਾਂ ਦੀ ਗਿਣਤੀ `ਚ ਇੱਕ ਨਵਾਂ ਤੇ ਹੋਰ ਵਾਧਾ ਕਰਣਾ ਹੀ ਕਿਉਂ ਸੀ?

ਗੁਰੂ ਪਾਤਸ਼ਾਹ ਨੇ ਸਿੱਖ ਧਰਮ, ਸਿੱਖ ਰਹਿਣੀ ਅਥਵਾ ਸਿੱਖ ਲਹਿਰ ਦੇ ਰੂਪ `ਚ ਤਾਂ ਸੰਸਾਰ ਤਲ `ਤੇ ਮਨੁੱਖ ਮਾਤ੍ਰ ਲਈ ਕਿਸੇ ਵੀ ਨਵੇਂ ਸ਼ੰਸਾਰਕ ਧਰਮ ਨੂੰ ਜਨਮ ਨਹੀਂ ਸੀ ਦਿੱਤਾ ਬਲਕਿ ਗੁਰਦੇਵ ਨੇ ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਧੁਰ-ਦਰਗਾਹੋਂ ਨਿਯਤ ਤੇ ਸਥਾਪਤ ਕੀਤੇ ਹੋਏ ਇਕੋ ਇੱਕ ਇਲਾਹੀ ਅਤੇ ਸ਼ੱਚ ਧਰਮ ਨੂੰ "ਗੁਰਬਾਣੀ ਦੇ ਪ੍ਰਕਾਸ਼ ਰਾਹੀਂ" ਕੇਵਲ "ਅੱਖਰ ਰੂਪ", "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ, ਸਮੂਚੀ ਮਾਨਵਤਾ ਦੇ ਦੁਰਲਭ ਮਨੁੱਖਾ ਜੂਨ ਦੀ ਸੰਭਾਲ ਅਤੇ ਉਸ ਦੇ ਕਲਿਆਣ ਲਈ ਉਜਾਗਰ ਹੀ ਕੀਤਾ ਸੀ।

ਇਸ ਲਈ ਪੱਕਾ ਕਰਕੇ ਸਮਝਣਾ ਹੈ ਕਿ ਦਸੋਂ ਹੀ ਗੁਰੂ ਹਸਤੀਆਂ ਨੇ ਨਿਰੋਲ ਗੁਰਬਾਣੀ ਦੀ ਸਿਖਿਆ ਆਧਾਰਤ ਚਲਣ ਵਾਲੇ ਬਿਨਾ ਵਿੱਤਕਰਾ ਸੰਸਾਰ ਭਰ ਦੇ ਹਰੇਕ ਮਨੁੱਖ ਲਈ ਲਫ਼ਜ਼ ਸਿੱਖ ਵਰਤ ਕੇ, ਪ੍ਰਭੂ ਵੱਲੋਂ ਸੰਸਾਰ ਤਲ ਦੇ ਸਮੂਚੇ ਮਨੁੱਖ ਮਾਤ੍ਰ ਲਈ ਨਿਯਤ ਕੀਤੇ ਹੋਏ ਕੇਵਲ ਤੇ ਕੇਵਲ ਆਦਿ-ਜੁਗਾਦੀ ਅਕਾਲਪੁਰਖੀ ਧਰਮ ਨੂੰ ਉਜਾਗਰ ਹੀ ਕੀਤਾ ਸੀ। ਉਂਝ ਵੀ ਗੁਰਬਾਣੀ ਅਨੁਸਾਰ ਸਿੱਖ ਦਾ ਇਕੋ ਹੀ ਅਰਥ ਹੈ ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣ ਵਾਲਾ ਮਨੁੱਖ।

ਇਸੇ ਤਰ੍ਹਾਂ ਗੁਰਬਾਣੀ ਫ਼ੁਰਮਾਨ "ਸਿਖੀ ਸਿਖਿਆ ਗੁਰ ਵੀਚਾਰਿ" ਦਾ ਵੀ ਅਰਥ ਹੈ ਬਿਨਾ ਵਿੱਤਕਰਾ ਰੰਗ-ਨਸਲ-ਧਰਮ, ਦੇਸ਼-ਵਿਦੇਸ਼, ਇਸਤ੍ਰੀ-ਪੁਰਖ, ਬੱਚਾ-ਬਿਰਧ, ਊਚ-ਨੀਚ, ਜਾਤ-ਵਰਣ ਜਿਹੜਾ ਮਨੁੱਖ ਕੇਵਲ ਤੇ ਕੇਵਲ ਗੁਰਬਾਣੀ-ਗੁਰੂ ਦੀ ਵਿਚਾਰਧਾਰਾ `ਤੇ ਆਧਰਤ, ਸਿਖਿਆ ਤੇ ਆਦੇਸ਼ਾਂ ਅਨੁਸਾਰ ਆਪਣੇ ਨਿਤਾਪ੍ਰਤੀ ਜੀਵਨ ਨੂੰ ਚਲਾਉਂਦਾ ਹੈ ਕੇਵਲ ਉਹ ਹੀ "ਸਿੱਖ" ਹੈ

ਦੂਜੇ ਲਫ਼ਜ਼ਾਂ `ਚ ਇਹ ਵੀ ਕਿ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਭਾਵ ਸੰਪੂਰਣ ਗੁਰਬਾਣੀ, ਸੰਸਾਰ ਤਲ `ਤੇ "ਗੁਰਪ੍ਰਸਾਦਿ" ਰਾਹੀਂ ਹਰੇਕ ਮਨੁੱਖ ਨੂੰ ਪੂਰੀ ਦ੍ਰਿੜਤਾ ਨਾਲ ਬਾਕੀ ਸਾਰੇ ਪਾਸਿਓ ਹਟਾ ਕੇ ਜ਼ਰੇ ਜ਼ਰੇ `ਚ ਵੱਸ ਰਹੇ ਇਕੋਇਕ ਕਰਤੇ ਅਕਾਲਪੁਰਖ ਨਾਲ ਹੀ ਜੋੜਦੀ ਹੈ।

ਇਸ ਤਰ੍ਹਾਂ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸਮੂਚੀ ਗੁਰਬਾਣੀ, ਬਿਨਾ ਵਿੱਤਕਰਾ ਰੰਗ-ਨਸਲ, ਦੇਸ਼-ਵਿਦੇਸ਼, ਇਸਤ੍ਰੀ-ਪੁਰਖ, ਬੱਚਾ-ਬਿਰਧ, ਊਚ-ਨੀਚ, ਜਾਤ-ਵਰਣ-ਧਰਮ ਆਦਿ ਇਕੋਇਕ ਮਨੁੱਖੀ ਭਰਾਤ੍ਰੀਭਾਵ ਆਧਾਰਤ ਬੇਅੰਤ ਫ਼ੁਰਮਾਣਾਂ ਨਾਲ ਵੀ ਭਰਪੂਰ ਹੈ।

ਉਸੇ ਦਾ ਨਤੀਜਾ, ਸਿੱਖ ਧਰਮ `ਚ ਬਿਨਾ ਵਿੱਤਕਰਾ ਦੇਸ਼, ਰੰਗ-ਨਸਲ, ਇਸਤ੍ਰੀ-ਪੁਰਖ, ਬੱਚਾ-ਬਿਰਧ, ਊਚ-ਨੀਚ ਜਾਤ-ਵਰਣ-ਧਰਮ ਤੋਂ ਆਇਆ ਹੋਇਆ ਮਨੁੱ, ਅੱਜ ਵੀ ਤੇ ਕਦੇ ਵੀ ਸਹਿਜੇ ਹੀ ਮਿਲ ਜਾਂਦਾ ਹੈ ਤੇ ਨਿਤਾਪ੍ਰਤੀ ਸ਼ਾਮਲ ਵੀ ਹੁੰਦੇ ਰਹਿੰਦੇ ਹਨ। ਜਦਕਿ ਗੁਰਬਾਣੀ-ਗੁਰੂ ਦੀ ਸਿੱਖੀ ਤੇ "ਸਿੱਖ ਧਰਮ" `ਚ ਸ਼ਾਮਲ ਹੋਣ ਵਾਲਾ ਇਹ ਸਿਲਸਿਲਾ ਕਦੇ ਵੀ ਰੁਕਣ ਵਾਲਾ ਨਹੀਂ।

ਉਪ੍ਰੰਤ ਸੰਬੰਧਤ ਵਿਸ਼ੇ ਦੀ ਅਸਲੀਅਤ ਨੂੰ ਪਹਿਚਾਨਣ ਲਈ ਗੁਰਬਾਣੀ `ਚ ਜੁੜਵੇਂ ਤਿੰਨ ਪੱਖ ਅਜਿਹੇ ਵੀ ਹਨ ਜਿਹੜੇ ਵਿਸ਼ੇਸ਼ ਧਿਆਨ ਮੰਗਦੇ ਹਨ। ਤਾਂ ਤੇ ਉਹ ਤਿੰਨ ਪੱਖ ਹਨ:-

(੧) ਇਕੋ ਇੱਕ ਕਰਤੇ ਅਕਾਲਪੁਰਖ ਦੀ ਹੋਂਦ। ਉਪ੍ਰੰਤ ਉਸ ਪ੍ਰਭੂ ਦੀ ਸਮੂਚੀ ਰਚਨਾ `ਚ ਉਸ ਦੀ ਸਰਵ-ਵਿਆਪਕਤਾ ਵੀ ਫ਼ਿਰ ਉਸ `ਚ ਉਸਦੀ ਸਰਵ-ਵਿਆਪਕਤਾ ਦੇ ਨਾਲ ਨਾਲ ਉਸ ਰਾਹੀ ਆਪਣੀ ਰਚਨਾ ਦੀ ਸਮੂਚੀ ਸੰਭਾਲ ਤੇ ਸੱਚ ਨਿਆਂ ਵਾਲੀ ਪਰਕ੍ਰਿਆ, ਫ਼ਿਰ ਇਹੀ ਨਹੀ

ਉਪ੍ਰੰਤ ਉਸ ਇਕੋ ਇੱਕ ਕਰਤੇ, ਅਕਾਲ ਪੁਰਖ ਦਾ ਬਿਨਾ ਵਿੱਤਕਰਾ ਸਮੂਚੇ ਮਾਨਵ ਵਿੱਚਾਲੇ ਸੰਪੂਰਣ ਭਰਾਤ੍ਰੀ ਭਾਵ, ਮਨੁੱਖੀ ਬਰਾਬਰੀ ਤੇ ਏਕ ਪਿਤਾ ਵਾਲਾ ਅਕੱਟ ਸਿਧਾਂਤ।

(੨) ਗੁਰਬਾਣੀ ਅਨੁਸਾਰ ਗੁਰਦੇਵ ਨੇ "ਸ਼ਿੱਖ" ਕਿਸ ਨੂੰ ਕਿਹਾ ਅਤੇ ਕਿਸ ਨੂੰ ਮੰਨਿਆ ਹੈ ਤੇ ਕਿਸ ਨੂੰ ਨਹੀਂ ਮੰਨਿਆ ਭਾਵ ਗੁਰਬਾਣੀ ਆਧਾਰਤ "ਸਿੱਖ ਧਰਮ" ਦੀ ਅਸਲੀਅਤ ਕੀ ਹੈ?

(੩) ਇਸ ਸਾਰੇ ਦਾ ਮੁੱਢ ਹੈ ਗੁਰਬਾਣੀ ਦੀ ਦੀਰਘ ਵਿਚਾਰ, ਸੋਝੀ; ਉਪ੍ਰੰਤ ਉਨ੍ਹਾਂ ਗੁਰਬਾਣੀ ਸਿਧਾਂਤਾਂ ਅਤੇ ਆਦੇਸ਼ਾ `ਤੇ ਮਨ ਕਰਕੇ ਜੀਵਨ ਭਰ ਅਮਲ ਵਾਲਾ ਪੱਖ।

ਤਾਂ ਤੇ ਗੁਰਬਾਣੀ ਵਿੱਚਲੇ ਨੰਬਰਵਾਰ ਇਹ ਤਿੰਨ ਜੁੜਵੇਂ ਪੱਖ ਹਨ:-

(੧) ਇਕੋ ਇੱਕ ਕਰਤਾ-ਅਕਾਲਪੁਰਖ, ਉਪ੍ਰੰਤ ਉਸ ਤੋਂ ਪ੍ਰਗਟ ਸੱਚਾ ਮਾਨਵ-ਵਾਦ ਭਾਵ ਬਿਨਾ ਵਿੱਤਕਰਾ ਸਮੂਚਾ ਮਨੁੱਖੀ ਭਾਈਚਾਰਾ ਤੇ ਭਰਾਤ੍ਰੀਵਾਦ। ਤਾਂ ਤੇ ਵਿਸ਼ੇ ਨਾਲ ਸੰਬੰਧਤ ਕੁੱਝ ਗੁਰਬਾਣੀ ਫ਼ੁਰਮਾਣ:-

() "ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ" (ਪੰ: ੪੪) ਹੋਰ

() "ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥ ੨ ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰ ਹੈ ਵੁਠਾ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" (ਪੰ: ੯੭)

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧)

() "ਸਭੁ ਅੰਤਰਜਾਮੀ ਬ੍ਰਹਮੁ ਹੈ, ਬ੍ਰਹਮੁ ਵਸੈ ਸਭ ਥਾਇ॥ ਮੰਦਾ ਕਿਸ ਨੋ ਆਖੀਐ, ਸਬਦਿ ਵੇਖਹੁ ਲਿਵ ਲਾਇ॥ ੬ ਬੁਰਾ ਭਲਾ ਤਿਚਰੁ ਆਖਦਾ, ਜਿਚਰੁ ਹੈ ਦੁਹੁ ਮਾਹਿ॥ ਗੁਰਮੁਖਿ ਏਕੋ ਬੁਝਿਆ, ਏਕਸੁ ਮਾਹਿ ਸਮਾਇ" (੭੫੭)

() "ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ" (ਪੰ: ੨੫੯)

() "ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ" (ਪੰ: ੭੪੭)

() "ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ" (ਪੰ: ੭੨੮)

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧)

() "ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ" (ਪੰ: ੧੧੯੮) ਆਦਿ

(੨) ਸਿੱਖ ਕੌਣ ਹੈ ਅਤੇ ਗੁਰਬਾਣੀ ਅਨੁਸਾਰ ਕਦੋਂ ਕੋਈ ਮਨੁੱਖ ਜੀਵਨ ਰਹਿਣੀ ਕਰਕੇ ਸਿੱਖ ਹੈ?

() "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (ਪੰ: ੪੬੫)

() "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧)

() "ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ" (ਪੰ: ੨੮੮-੮੯)

() "ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਸੋ ਗੁਰਸਿਖੁ ਗੁਰੂ ਮਨਿ ਭਾਵੈ" (ਪੰ: ੩੦੫)

() "ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ॥ ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ॥ ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ॥ ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ" (ਪੰ: ੩੭)

() "ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ" (ਪੰ: ੭੬੩)

() "ਮਨ ਕੀ ਮਤਿ ਤਿਆਗਹੁ ਹਰਿ ਜਨ, ਏਹਾ ਬਾਤ ਕਠੈਨੀ॥ ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ" (ਪੰ: ੮੦੦)

() "ਝਾਲਾਘੇ ਉਠਿ ਨਾਮੁ ਜਪਿ, ਨਿਸਿ ਬਾਸੁਰ ਆਰਾਧਿ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ" (ਪੰ: ੨੫੫) ਆਦਿ

੩) "…ਜਿਚਰੁ ਸਬਦਿ ਨ ਕਰੇ ਵੀਚਾਰੁ" ਸ਼ੰਬੰਧਤ ਫ਼ੁਰਮਾਨ:-

() "ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ" (ਪੰ: ੯੩੬)

() "ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵਿਚਾਰੁ" (ਪੰ: ੫੮੮)

() "ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ"॥ ੧ ॥ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ" (ਪੰ: ੩੭)

() "ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ" (ਪੰ: ੫੯੦)

() "ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ" (ਪੰ: ੫੯੪) ਆਦਿ

ਸਰੂਪ ਵੀ ਜ਼ਰੂਰੀ ਹੈ, ਪਰ ਸਭਕੁਝ ਸਰੂਪ ਵੀ ਨਹੀਂ-ਦਰਅਸਲ ਅਜਿਹੀ ਲੋੜ ਉਨ੍ਹਾਂ ਨੂੰ ਹੋਰ ਵੀ ਵਧੇਰੇ ਹੈ ਜਿਹੜੇ ਦਿਨ ਤੇ ਰਾਤ, ਹਰ ਸਮੇਂ ਗੁਰਬਾਣੀ ਦੇ ਸਿੱਖ ਹੋਣ ਦਾ ਦਾਅਵਾ ਤਾਂ ਬਹੁਤ ਕਰਦੇ ਹਨ ਉਂਝ ਇਹ ਸੋਚ ਚੰਗੀ ਵੀ ਹੈ। ਪਰ ਉਸ ਦੇ ਨਾਲ ਆਪਣੇ-ਆਪ ਨੂੰ ਸਿੱਖ ਅਖਵਾਉਣ ਵਾਲੇ ਉਨ੍ਹਾਂ ਲੋਕਾਂ ਨੂੰ, ਆਪਣੇ-ਆਪਣੇ ਕਿਰਦਾਰ ਤੇ ਨਿੱਤ ਦੀ ਕਰਣੀ-ਰਹਿਣੀ ਨੂੰ ਵੀ ਹਰ ਸਮੇਂ ਗੁਰਬਾਣੀ ਦੀ ਕਸਵੱਟੀ `ਤੇ ਕੱਸ ਕੇ, ਘੋਖਣ ਦੀ ਲੋੜ ਵੀ ਹੁੰਦੀ ਹੈ।

ਅਸਾਂ ਆਪਣੇ ਆਪ ਨੂੰ ਕੇਵਲ ਸਿੱਖ ਕਹਿਣਾ ਜਾਂ ਅਖਵਾਉਣਾ ਹੀ ਨਹੀਂ ਬਲਕਿ ਆਪਣੀ-ਆਪਣੀ ਜੀਵਨ ਰਹਿਣੀ ਤੇ ਕਰਣੀ `ਚੋਂ ਗੁਰਬਾਣੀ ਰਾਹੀਂ ਪ੍ਰਗਟ ਸੱਚੇ ਧਰਮੀ ਤੇ ਸੱਚੇ ਸਿੱਖ ਹੋਣ ਦਾ ਸਬੂਤ ਵੀ ਸੰਸਾਰ ਨੂੰ ਪੇਸ਼ ਕਰਣਾ ਹੈ, ਜਿਹੜਾ ਕਿ ਉਸ ਤੋਂ ਵੀ ਵੱਧ ਜ਼ਰੂਰੀ ਹੈ।

ਵਿਚਾਰਣਾ ਹੈ ਕਿ ਜੋ ਕੁੱਝ ਵੀ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਮਨੁੱਖ ਨੂੰ ਆਦੇਸ਼ ਅਤੇ ਉਪਦੇਸ਼ ਕੀਤੇ ਹਨ, ਕੀ ਅੱਜ ਵੱਡੀ ਗਿਣਤੀ `ਚ ਮੌਜੂਦਾ ‘ਸਿੱਖ’ ਉਪ੍ਰੰਤ ਸਮੂਚਾ ਸਿੱਖ ਪੰਥ’ ਗੁਰਬਾਣੀ ਰਾਹੀਂ ਪ੍ਰਗਟ ਉਸ ‘ਸੱਚ ਧਰਮ’ ਦਾ ਪ੍ਰਗਟਾਵਾ ਹੈ ਵੀ, ਜਾਂ ਨਹੀਂ ਜਾਂ ਕੁੱਝ ਹੋਰ ਹੀ ਹੈ?

ਜੇ ਉਹ ਉਸ ਮੁਤਾਬਕ ਨਹੀਂ ਤਾਂ ਫ਼ਿਰ ਅੱਜ ਸਿੱਖ ਅਖਵਾਉਣ ਵਾਲੇ, ਅਸੀਂ ਖੜੇ ਕਿੱਥੇ ਹਾਂ? ਕੀ ਸਾਨੂੰ, ਇਸ ਪੱਖੋਂ ਆਪਣੇ ਆਪ ਨੂੰ ਘੋਖਣ ਅਤੇ ਜਾਗਣ ਦੀ ਲੌੜ ਨਹੀਂ?

ਪਾਤਸ਼ਾਹ ਨੇ "ਨਾਨਕ ਸਚੁ ਧਿਆਇਨਿ ਸਚੁ" (ਪੰ: ੪੬੩) ਅਨੁਸਾਰ ਗੁਰਬਾਣੀ ਆਦੇਸ਼ਾਂ ਰਾਹੀਂ ਸੰਸਾਰ ਤਲ ਦੇ ਹਰੇਕ ਮਨੁੱਖ ਦੇ ਸਰੂਪ ਤੇ ਉਸ ਦੇ ਸੁਭਾਅ ਭਾਵ ਦੋਨਾਂ ਨੂੰ ਸਵਾਰਿਆ।

(੧) ਗੁਰਦੇਵ ਨੇ ਮਨੁੱਖ ਨੂੰ ਉਸ ਦੇ ਸੰਪੂਰਣ ਕੇਸਾਧਾਰੀ ਰੱਬੀ ਤੇ ਇਲਾਹੀ ਸਰੂਪ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ ਅਤੇ

(੨) ਉਸ ਦੇ ਨਾਲ ਨਾਲ, ਲੰਮੇ ਸਮੇ ਤੋਂ ਉਸ ਅੰਦਰ ਪੈਦਾ ਹੋ ਚੁੱਕੀ ਤੇ ਨਿਤ ਪੈਦਾ ਹੁੰਦੀ ਜਾ ਰਹੀ "ਜੋ ਮਰਿ ਜੰਮੇ ਸੁ ਕਚੁ ਨਿਕਚੁ" (ਪੰ: ੪੬੩) ਵਾਲੀ ਉਸ ਦੀ ਹਰ ਪੱਖੌਂ ਕੁਰੂਪਤਾ ਵੱਲੋਂ ਵੀ ਮਨੁੱਖ ਨੂੰ ਸੁਚੇਤ ਕੀਤਾ, ਵਰਜਿਆ ਅਤੇ ਨਾਲ-ਨਾਲ ਉਸ ਦਾ ਆਤਮਕ ਇਲਾਜ ਵੀ ਕੀਤਾ।

ਇਸ ਤਰ੍ਹਾਂ ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਦੇ ਸਰੂਪ ਦੇ ਨਾਲ ਨਾਲ ਉਸ ਦੇ ਅੰਦਰਲੇ ਸੁਭਾਅ ਤੇ ਸੀਰਤ ਨੂੰ ਵੀ ਘੜਿਆ। ਇਸ ਤੋਂ ਬਾਅਦ ਵੀ ਜੇ ਕਹਿਣ ਨੂੰ ਅਸੀ ਕੇਵਲ ਉਸ ਇਲਾਹੀ ਤੇ ਰੱਬੀ ਕੇਸਾਧਾਰੀ ਸਰੂਪ ਦੇ ਵਾਰਿਸ ਤਾਂ ਬਣੇ ਰਹੇ ਪਰ ਅੰਦਰੋਂ ਗੁਰਬਾਣੀ ਰਾਹੀਂ ਪ੍ਰਗਟ ਇਕੋ- ਇੱਕ ਸੱਚ ਧਰਮ ਨੂੰ ਆਪਣੇ ਜੀਵਣ `ਚ ਨਾ ਅਪਣਾਇਆ ਤਾਂ:-

ਇਹ ਵੀ ਸਮਝਣਾ ਹੈ ਕਿ ਗੁਰੂ ਪਾਤਸ਼ਾਹ ਨੇ ਸੰਪੂਰਣ ਗੁਰਬਾਣੀ `ਚ ਅਜਿਹੇ ਲੋਕਾਂ ਨੂੰ, ਉੱਕਾ ਹੀ ਗੁਰਬਾਣੀ ਅਥਵਾ ਗੁਰੂ ਕੇ ਸਿੱਖ ਵੀ, ਪ੍ਰਵਾਣ ਨਹੀਂ ਕੀਤਾ।

ਇਸ ਲਈ ਸੱਚ ਇਹੀ ਹੈ, ਬੰਦਾ ਜਿਉਂ-ਜਿਉਂ ਗੁਰਬਾਣੀ ਆਦੇਸ਼ਾ ਤੇ ਗੁਰਬਾਣੀ ਰਾਹੀਂ ਪ੍ਰਗਟ ਜੀਵਨ ਜਾਚ ਦੇ ਨੇੜੇ ਆਉਂਦਾ ਜਾਂਦਾ ਹੈ ਉਸ ਦੇ ਜੀਵਨ ਅੰਦਰ ਕਰਤੇ ਦਾ ਨਿਰਮਲ ਭਉ, ਸਤ-ਸੰਤੋਖ-ਦਇਆ, ਧਰਮ-ਧੀਰਜ ਪੰਜੇ ਦੈਵੀ ਗੁਣ, ਸਮੂਚੇ ਮਨੁੱਖ ਮਾਤ੍ਰ ਲਈ ਹਮਦਰਦੀ, ਸਤਿਕਾਰ ਤੇ ਪਿਆਰ ਉਪ੍ਰੰਤ ਪਰ-ਉਪਕਾਰ ਆਦਿ ਦੀ ਭਾਵਨਾ, ਸਦਾਚਾਰ, ਨਿਮ੍ਰਤਾ ਆਦਿ ਸਦਗੁਣ ਆਪਣੇ ਆਪ ਪੈਦਾ ਹੁੰਦੇ ਜਾਂਦੇ ਹਨ।

ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ ਅੰਤ ੬ ਅਕਤੂਬਰ ਸੰਨ ੧੭੦੮ ਨੂੰ ਜਿਸ ਸੱਚ ਅਥਵਾ "ਸਿੱਖ ਧਰਮ" ਨੂੰ "ਅੱਖਰ ਰੂਪ" "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ, ਸਮੂਚੀ ਮਾਨਵਤਾ ਦੇ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਤੇ ਉਸ ਦੇ ਕਲਿਆਣ ਲਈ ਸੰਸਾਰ ਸਾਹਮਣੇ ‘ਸਿੱਖ’ ਦੇ ਰੂਪ `ਚ ਪ੍ਰਗਟ ਕੀਤਾ,

ਅਸਲ `ਚ ਇਹੀ ਧਰਮ, ਸੰਸਾਰ `ਚ ਵੱਸਣ ਵਾਲੇ ਹਰੇਕ ਮਨੁੱਖ ਲਈ ਪ੍ਰਭੂ ਵੱਲੋਂ ਨਿਯਤ ਮੂਲ ਮੁੱਢ ਕਦੀਮੀ ਤੇ ਅਦਿ-ਜੁਗਾਦੀ ਧਰਮ ਹੈ। ਇਸ ਤਰ੍ਹਾਂ ਗੁਰਦੇਵ ਨੇ ਅਣਥੱਕ ਘਾਲਣਾਵਾ ਘਾਲ ਕੇ ਮਨੁੱਖ ਨੂੰ ਅੰਦਰੋਂ-ਬਾਹਰੋਂ ਸੱਚਾ ਧਰਮੀ ਬਨਾਇਆ ਸੀ, ਇਸ ਨੂੰ ਅੰਦਰੋਂ-ਬਾਹਰੋਂ ‘ਬੰਦਾ’ ਬਨਾਇਆ ਸੀ, ਇਨਸਾਨ ਬਨਾਇਆ ਸੀ। (ਚਲਦਾ) #234P-XXXVII,-02.17-0217#P37v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXVII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸੈਂਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.