.

ਆਸਾ ਕੀ ਵਾਰ

(ਕਿਸ਼ਤ ਨੰ: 19)

ਪਉੜੀ ਅਠਾਰਵੀਂ ਅਤੇ ਸਲੋਕ

ਸਲੋਕੁ ਮਃ ੧।।

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ।।

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।।

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ।।

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ।।

ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ।। ੧।।

ਪਦ ਅਰਥ:- ਜੇ ਕਰਿ ਸੂਤਕਿ ਮੰਨੀਐ – ਜੇਕਰ ਸੂਤਕ ਨੂੰ ਮੰਨੀਆ ਜਾਵੇ। ਸਭ ਤੈ ਸੂਤਕੁ ਹੋਇ – ਸੂਤਕ ਤਾਂ ਹਰ ਜਗ੍ਹਾ ਹੈ। ਗੋਹੇ ਅਤੈ ਲਕੜੀ – ਗੋਹੇ ਅਤੇ ਲੱਕੜੀ। ਅੰਦਰਿ ਕੀੜਾ ਹੋਇ – ਅੰਦਰ ਵੀ ਕੀੜਾ ਹੁੰਦਾ ਹੈ। ਜੇਤੇ ਦਾਣੇ ਅੰਨ ਕੇ – ਜਿੰਨੇ ਅੰਨ ਦੇ ਦਾਣੇ ਹਨ। ਜੀਆ ਬਾਝੁ ਨ ਕੋਇ – ਜੀਵਾਂ ਤੋਂ ਬਗੈਰ ਕੋਈ ਵੀ ਨਹੀਂ। ਪਹਿਲਾ ਪਾਣੀ ਜੀਉ ਹੈ – ਪਹਿਲਾ ਤਾਂ ਪਾਣੀ ਵਿੱਚ ਵੀ ਜੀਵ ਹਨ। ਜਿਤੁ ਹਰਿਆ ਸਭ ਕੋਇ – ਜਿਸ ਨਾਲ ਹਰ ਕੋਈ ਹਰਿਆ ਹੈ। ਸੂਤਕੁ ਕਿਉ ਕਰਿ ਰਖੀਐ – ਇਸ ਕਰ ਕੇ ਸੂਤਕ ਦਾ (ਭਰਮ) ਕਿਹੜੇ ਕਰ ਕੇ ਰੱਖੀਏ। ਸੂਤਕੁ ਪਵੈ ਰਸੋਇ – ਸੂਤਕ ਤਾਂ ਰਸੋਈ ਵਿੱਚ ਹੀ ਪਿਆ ਹੈ। ਨਾਨਕ ਸੂਤਕੁ ਏਵ ਨ ਉਤਰੈ – ਨਾਨਕ ਆਖਦਾ ਹੈ ਕਿ ਇਸ ਤਰ੍ਹਾਂ (ਭਰਮ ਕਰਨ ਨਾਲ) ਸੂਤਕ ਨਹੀਂ ਉਤਰਦਾ। ਗਿਆਨੁ ਉਤਾਰੇ ਧੋਇ – ਗਿਆਨ ਹੀ (ਸੂਤਕ ਦੇ ਭਰਮ) ਧੋ ਕੇ ਉਤਾਰ ਸਕਦਾ ਹੈ।

ਅਰਥ:- ਜੇਕਰ ਸੂਤਕ (ਵਰਗੇ ਭਰਮ ਨੂੰ) ਮੰਨੀਏ ਤਾਂ ਸੂਤਕ ਤਾਂ ਹਰ ਜਗ੍ਹਾ ਹੈ। ਕਿਉਂਕਿ ਗੋਹੇ ਅਤੇ ਲੱਕੜੀ ਦੇ ਅੰਦਰ ਵੀ ਕੀੜਾ ਹੁੰਦਾ ਹੈ। (ਭਾਵ ਜੇਕਰ ਜੰਮਣ ਮਰਨ ਨਾਲ ਸੂਤਕ ਹੁੰਦਾ ਹੈ ਤਾਂ ਜਦੋਂ ਬਿਪਰ ਜੀ ਚੌਂਕੇ ਅੰਦਰ ਪੋਚਾ ਲਗਾਉਂਦੇ ਜਾਂ ਅੱਗ ਬਾਲਦੇ ਹਨ, ਤਾਂ ਜੀਵ ਤਾਂ ਉਦੋਂ ਵੀ ਮਰਦੇ ਹਨ, ਇਸ ਕਰ ਕੇ ਇਹ ਆਪ ਪਾਖੰਡ ਰੂਪੀ ਭਰਮ ਤੋਂ ਬਚ ਹੀ ਨਹੀਂ ਸਕਦੇ ਭਾਵ ਆਪ ਭ੍ਰਿਸ਼ਟੇ ਹੋਏ ਲੋਕ ਹਨ)। ਜਿੰਨੇ ਵੀ ਅੰਨ ਦੇ ਦਾਣੇ ਹਨ, ਜੀਵਾਂ/ਜੀਵਨ ਤੋਂ ਬਗੈਰ ਕੋਈ ਨਹੀਂ। ਪਹਿਲਾਂ ਤਾਂ ਪਾਣੀ ਵਿੱਚ ਹੀ ਜੀਵ ਹਨ, ਜਿਸ ਨਾਲ ਹਰੇਕ ਜੀਵ ਜਿੰਦਾ ਹੈ। ਇਸ ਕਰ ਕੇ ਭਾਈ! ਸੂਤਕ ਦਾ ਭਰਮ ਕਿਉਂ ਰੱਖੀਏ, ਜਦੋਂ ਕਿ ਸੂਤਕ ਤਾਂ ਤੁਹਾਡੀ ਰਸੋਈ ਵਿੱਚ ਹੀ ਪਿਆ ਹੈ (ਇਹ ਸੋਚੋ ਕਿ ਇਸ ਪਾਖੰਡ ਦੇ ਭਰਮ) ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਹੇ ਭਾਈ! ਨਾਨਕ ਆਖਦਾ ਹੈ ਇਹ ਭਰਮ, ਗੱਲਾਂ ਨਾਲ ਨਹੀਂ ਉੱਤਰ ਸਕਦਾ, ਇਸ ਭਰਮ ਨੂੰ ਗਿਆਨ ਨਾਲ ਧੋ ਕੇ ਉਤਾਰਿਆ ਜਾ ਸਕਦਾ ਹੈ।

ਮਃ ੧।।

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ।।

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।।

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।। ੨।।

ਪਦ ਅਰਥ:- ਮਨ ਕਾ ਸੂਤਕੁ ਲੋਭੁ – ਮਨ ਦਾ ਸੂਤਕ ਲੋਭ ਹੈ। ਜਿਹਵਾ ਸੂਤਕੁ ਕੂੜੁ – ਜੀਭ ਤੋਂ ਝੂਠ ਬੋਲਣਾ ਵੀ ਸੂਤਕ ਹੈ। ਪਰ ਤ੍ਰਿਅ – ਪਰਾਈ ਇਸਤ੍ਰੀਆਂ। ਪਰ ਧਨ ਰੂਪੁ – ਪਰਾਇਆ ਧਨ ਪਰਾਇਆ ਰੂਪ। ਕੰਨੀ ਸੂਤਕੁ – ਕੰਨੀ ਵੀ ਸੂਤਕ ਹੈ। ਕੰਨਿ ਪੈ – ਜਿਹੜੇ ਇਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਲਾਇਤਬਾਰੀ ਖਾਹਿ - ਇਨ੍ਹਾਂ `ਤੇ ਇਤਬਾਰ ਕਰਦੇ ਹਨ, ਉਨ੍ਹਾਂ ਨੂੰ (ਲੁੱਟ ਕੇ) ਖਾ ਜਾਂਦੇ ਹਨ। ਨਾਨਕ ਹੰਸਾ ਆਦਮੀ – ਨਾਨਕ ਆਖਦਾ ਹੈ ਅਜਿਹੇ ਚਿੱਟ ਕੱਪੜੀਏ ਜੋ ਵੇਖਣ ਨੂੰ ਹੰਸਾਂ ਵਰਗੇ ਹਨ। ਬਧੇ – ਜਕੜੇ। ਜਮ – ਜਮ। ਪੁਰਿ – ਦੇਹ, ਸਰੀਰ (ਮ: ਕੋਸ਼)। ਸੂਤਕੁ – ਅਪਵਿੱਤਰ, ਭ੍ਰਿਸ਼ਟ। ਜਾਹਿ – ਜਾਂਦੇ ਹਨ।

ਅਰਥ:- ਹੇ ਭਾਈ! ਜਿਹੜੇ ਲੋਕ ਇਹ ਭਰਮ ਕਰਦੇ ਹਨ ਜਾਂ ਹੋਰਨਾਂ ਨੂੰ ਇਸ ਭਰਮ ਵਿੱਚ ਪਾਉਂਦੇ ਹਨ ਉਹ ਆਪ ਭ੍ਰਿਸ਼ਟ ਹਨ। ਇਨ੍ਹਾਂ ਦਾ ਲੋਭ ਨਾਲ ਮਨ ਭ੍ਰਿਸ਼ਟ ਹੈ, ਝੂਠ ਨਾਲ ਇਨ੍ਹਾਂ ਦੀ ਜੀਭ ਭ੍ਰਿਸ਼ਟ ਹੈ। ਅੱਖਾਂ ਇਨ੍ਹਾਂ ਦੀਆਂ ਪਰਾਈਆਂ ਇਸਤ੍ਰੀ ਰੂਪ ਅਤੇ ਧਨ ਤੱਕਣ ਕਰ ਕੇ ਭ੍ਰਿਸ਼ਟ ਹਨ। ਇਨ੍ਹਾਂ ਦੇ ਕੰਨੀ ਵੀ ਸੂਤਕ ਹੈ ਅਤੇ ਜੋ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਇਤਬਾਰ ਕਰਦੇ ਹਨ, ਉਨ੍ਹਾਂ ਨੂੰ ਹੀ ਇਹ ਲੁੱਟ ਕੇ ਖਾਂਦੇ ਹਨ। ਨਾਨਕ ਆਖਦਾ ਹੈ, ਲੋਕ ਚਿੱਟ ਕੱਪੜੀਏ ਆਦਮੀ ਨੂੰ ਹੰਸ ਸਮਝ ਕੇ ਇਨ੍ਹਾਂ ਜਮ ਰੂਪੀ ਸਰੀਰਾਂ ਨਾਲ ਜੁੜ ਜਾਂਦੇ ਹਨ।

ਮਃ ੧।।

ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ।।

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।।

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ।।

ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ।। ੩।।

ਪਦ ਅਰਥ:- ਸਭੋ ਸੂਤਕੁ ਭਰਮ ਹੈ – ਤਮਾਮ ਸੂਤਕ ਇੱਕ ਭਰਮ ਹੈ। ਦੂਜੈ ਲਗੈ ਜਾਇ – (ਕਰਮਕਾਂਡੀ ਸੱਚ ਤੋਂ ਉੱਲਟ) ਦੂਜੇ ਪਾਸੇ ਇਸ ਨਾਲ ਜਾ ਜੁੜੇ ਹਨ। ਜੰਮਣੁ ਮਰਣਾ ਹੁਕਮੁ ਹੈ – ਜੰਮਣਾ ਮਰਨਾ ਇੱਕ ਰਜ਼ਾ ਹੈ। ਭਾਣੈ ਆਵੈ ਜਾਇ – ਰਜ਼ਾ ਅਨੁਸਾਰ (ਮਨੁੱਖ) ਆਉਂਦਾ ਅਤੇ ਜਾਂਦਾ ਹੈ। (ਭਾਵ ਇਹ ਇੱਕ ਕੁਦਰਤੀ ਵਰਤਾਰਾ)। ਖਾਣਾ ਪੀਣਾ ਪਵਿਤ੍ਰ ਹੈ – ਖਾਣਾ ਪੀਣਾ ਪਵਿੱਤਰ ਹੈ। ਦਿਤੋਨੁ ਰਿਜਕੁ ਸੰਬਾਹਿ – ਰਿਜ਼ਕ ਸਾਰਿਆਂ ਨੂੰ ਦਿੱਤਾ ਜਾਂਦਾ ਹੈ। ਨਾਨਕ ਜਿਨੀੑ ਗੁਰਮੁਖਿ – ਨਾਨਕ ਆਖਦਾ ਹੈ ਜਿਨ੍ਹਾਂ ਨੇ ਕਰਤੇ ਦੇ ਸਿਧਾਂਤ ਨੂੰ ਬੁੱਝਿਆ (ਗਿਆਨ ਨਾਲ) ਜਾਣਿਆ ਹੈ। ਤਿਨਾੑ ਸੂਤਕੁ ਨਾਹਿ – ਉਨ੍ਹਾਂ ਨੂੰ ਕੋਈ ਸੂਤਕ ਦਾ ਕਿਸੇ ਕਿਸਮ ਦਾ ਭਰਮ ਨਹੀਂ ਹੈ।

ਅਰਥ:- ਹੇ ਭਾਈ! ਤਮਾਮ ਭਾਵ ਹਰੇਕ ਕਿਸਮ ਦਾ ਸੂਤਕ ਇੱਕ ਭਰਮ ਹੈ (ਕਰਮਕਾਂਡੀ ਲੋਕ, ਸੱਚ ਤੋਂ ਉਲਟ) ਦੂਸਰੇ ਪਾਸੇ ਸੂਤਕ ਦੇ ਭਰਮ ਨਾਲ ਜਾ ਜੁੜੇ ਹਨ। ਖਾਣਾ ਪੀਣਾ ਪਵਿੱਤਰ ਹੈ (ਸੂਤਕ ਵਰਗੇ ਭਰਮ ਨਾਲ ਖਾਣ ਪੀਣ ਦੇ ਪਵਿੱਤਰ ਅਪਵਿੱਤਰ ਹੋ ਜਾਣ ਨਾਲ ਕੋਈ ਸੰਬੰਧ ਨਹੀਂ ਹੈ)। ਖਾਣ ਪੀਣ ਜਨਮ ਮਰਨ ਸਮੇਂ ਵੀ ਸਾਰਿਆਂ ਨੂੰ ਦਿੱਤਾ ਜਾਂਦਾ ਹੈ। ਨਾਨਕ ਆਖਦਾ ਹੈ, ਜਿਨ੍ਹਾਂ ਨੇ ਕਰਤੇ ਦੇ (ਬਣਾਏ ਜਨਮ ਮਰਨ ਦੇ ਨਿਯਮ) ਨੂੰ ਜਾਣਿਆ ਉਨ੍ਹਾਂ ਨੂੰ (ਜਨਮ ਮਰਨ) ਸਮੇਂ ਖਾਣੇ ਦੇ ਸੂਤਕੇ ਜਾਣ ਦਾ ਕੋਈ ਭਰਮ ਨਹੀਂ ਹੈ। ਭਾਵ ਉਹ ਇਸ ਕਰਮਕਾਂਡੀ ਭਰਮ ਤੋਂ ਨਿਰਲੇਪ ਹਨ।

ਪਉੜੀ।।

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ।।

ਸਹਿ ਮੇਲੇ ਤਾ ਨਦਰੀ ਆਈਆ।।

ਜਾ ਤਿਸੁ ਭਾਣਾ ਤਾ ਮਨਿ ਵਸਾਈਆ।।

ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ।।

ਸਹਿ ਤੁਠੈ ਨਉ ਨਿਧਿ ਪਾਈਆ।। ੧੮।।

ਪਦ ਅਰਥ:- ਸਤਿਗੁਰੁ – ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖਸ਼ਿਸ਼ ਗਿਆਨ। ਵਡਾ – ਵੱਡਾ। ਕਰਿ ਸਾਲਾਹੀਐ – ਕਰ ਕੇ ਸਲਾਹੁਣਾ ਚਾਹੀਦਾ ਹੈ। ਜਿਸੁ ਵਿਚਿ ਵਡੀਆ ਵਡਿਆਈਆ – ਜਿਸ ਵਿੱਚ ਵਡੀਆਂ ਵਡਿਆਈਆਂ ਹਨ। ਸਹਿ – ਨਾਲ। ਸਹਿ ਮੇਲੇ - ਨਾਲ ਜੋੜਿਆ। ਤਾ ਨਦਰੀ ਆਈਆ - ਤਾਂ ਨਦਰੀ ਦੀ ਨਦਰ, ਬਖਸ਼ਿਸ਼ ਪ੍ਰਾਪਤ ਹੋਈ। ਜਾ – ਜਿਨ੍ਹਾਂ। ਤਿਸੁ ਭਾਣਾ - ਉਸ ਦਾ ਭਾਣਾ ਹੈ। ਤਾ – ਤਿਸ, ਜਿਸ, ਉਸ ਨੂੰ। ਮਨਿ ਵਸਾਇਆ – ਮਨ ਅੰਦਰ ਵਸਾਇਆ ਭਾਵ ਅਪਣਾਇਆ। ਨਉ ਨਿਧਿ – ਨਾਮ ਧਨ, ਗਿਆਨ ਦਾ ਖਜ਼ਾਨਾ। ਪਾਈਆ – ਪਾਇਆ ਭਾਵ ਪ੍ਰਾਪਤ ਕੀਤਾ।

ਅਰਥ:- ਹੇ ਭਾਈ! ਉਹ (ਜਿਨ੍ਹਾਂ ਨੇ ਕਰਮਕਾਂਡੀ ਸੂਤਕ ਦੇ ਭਰਮ ਤੋਂ ਨਿਰਲੇਪ ਹੋ ਕੇ) ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਨਾਲ ਜਿਨ੍ਹਾਂ ਜੋੜਿਆ, ਤਾਂ ਉਨ੍ਹਾਂ ਨੂੰ ਉਸ ਨਦਰੀ ਦੀ ਨਦਰ, ਬਖਸ਼ਿਸ਼ ਪ੍ਰਾਪਤ ਹੋਈ ਹੈ, ਜਿਸ ਵਿੱਚ ਵੱਡੀਆਂ ਵਡਆਈਆਂ ਹਨ, ਇਸ ਲਈ ਉਸ ਨੂੰ ਹੀ ਵੱਡਾ ਕਰ ਕੇ ਸਲਾਹੁਣਾ ਚਾਹੀਦਾ ਹੈ। ਜਿਨ੍ਹਾਂ ਨੇ ਉਸ ਦੇ ਭਾਣੇ/ਬਖਸ਼ਿਸ਼ ਨੂੰ ਅਪਣਾਇਆ ਅਤੇ ਉਸ ਦੇ ਹੁਕਮ/ਬਖਸ਼ਿਸ ਗਿਆਨ ਰੂਪ ਹੱਥ ਨੂੰ ਪ੍ਰਵਾਨ ਕਰ ਕੇ ਆਪਣੇ ਮਸਤਕ/ਸਿਰ ਉੱਪਰ ਧਰਿਆ ਅਤੇ ਉਸ ਗਿਆਨ ਨੇ ਉਨ੍ਹਾਂ ਦੇ ਅੰਦਰੋਂ (ਸੂਤਕ ਪਾਤਕ ਸੁੱਚ ਭਿਟ ਊਚ-ਨੀਚ ਵਰਗੀਆਂ) ਬੁਰਿਆਈਆਂ ਕੱਢ ਦਿੱਤੀਆਂ ਅਤੇ ਉਹ ਗਿਆਨ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਕੇ (ਆਪਣੇ ਜੀਵਨ ਵਿੱਚ) ਪ੍ਰਸੰਨ ਹੋਏ।

ਬਲਦੇਵ ਸਿੰਘ ਟੌਰਾਂਟੋ।
.