.

ਮੰਨੈ-੩
ਡਾ:ਦਲਵਿੰਦਰ ਸਿੰਘ ਗ੍ਰੇਵਾਲ


ਪਉੜੀ ੧੩:

ਨਾਮ ਨੂੰ ਮੰਨ ਲੈਣ ਨਾਲ ਜਗਿਆਸੂ ਦੇ ਮਨ ਦੀ ਬੁਧੀ ਸੁਰਤ ਬਣ ਜਾਂਦੀ ਹੈ ਭਾਵ ਮਨ ਦੀ ਸੁਰਤੀ ਪਰਮਾਤਮਾ ਨਾਲ ਜੁੜ ਜਾਂਦੀ ਹੈ। ਜੇ ਕੋਈ ਨਾਮ ਨੂੰ ਮਨ ਵਿਚ ਵਸਾਉਂਦਾ ਹੈ ਤਾਂ ਉਸ ਨੂੰ ਤਿੰਨਾਂ ਭਵਨਾਂ ਦੀ ਜਾਣਕਾਰੀ ਹੋ ਜਾਂਦੀ ਹੈ, ਵਿਸ਼ਵ ਵਿਚ ਕਿੱਥੇ ਕੀ ਹੋ ਰਿਹਾ ਹੈ ਇਸ ਨੂੰ ਪਤਾ ਲੱਗ ਜਾਂਦਾ ਹੈ। ਜੇਕਰ ਕੋਈ ਨਾਮ ਨੂੰ ਮੰਨ ਲੈਂਦਾ ਹੈ ਮਨ ਵਿਚ ਵਸਾ ਲੈਂਦਾ ਹੈ ਤਾਂ ਉਸ ਨੂੰ ਸੰਸਾਰਕ ਮਾਰਾਂ-ਚੋਟਾਂ ਨਹੀਂ ਸਹਿਣੀਆਂ ਪੈਂਦੀਆਂ ਕਿਤੋਂ ਅਸਫਲਤਾ ਨਹੀਂ ਮਿਲਦੀ, ਸਫਲਤਾ ਹੀ ਸਫਲਤਾ ਪ੍ਰਾਪਤ ਹੁੰਦੀ ਹੈ।ਯਮ ਵੀ ਉਸ ਦੇ ਨੇੜੇ ਨਹੀਂ ਲਗਦੇ, ਧਰਮ ਰਾਜ ਦੀ ਕਚਿਹਰੀ ਵਿਚ ਉਸਨੂੰ ਯਮਦੂਤਾਂ ਨਾਲ ਨਹੀਂ ਜਾਣਾ ਪੈਂਦਾ ।ਨਿਰੰਜਨ ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ ਅਜਿਹਾ ਹੈ ਕਿ ਜੇ ਕੋਈ ਇਸ ਨੂੰ ਮੰਨ ਜਾਣੇ, ਇਸ ਦਾ ਜਪ ਕਰੇ ਉਹੀ ਮਨ ਵਿਚ ਇਸ ਬਾਰੇ ਜਾਣ ਸਕਦਾ ਹੈ। ਵਾਹਿਗੁਰੂ ਦੇ ਨਾਮ ਬਾਰੇ ੳਹ ਹੀ ਜਾਣ ਸਕਦਾ ਹੈ ਜੋ ਨਾਮ ਦਾ ਮਨ ਵਿਚ ਮਨਨ ਕਰੇ:

ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੩ ॥

ਸੋਚ ਸ਼ਕਤੀ ਦੇ ਦਰਜੇ ਹਨ (੧) ਸੁਰਤਿ (੨) ਮਤਿ (੩) ਮਨਿ (੪) ਬੁਧਿ (੫) ਸੁਧਿ। ਉਥੇ ਘੜੀਆਂ ਜਾਂਦੀਆਂ ਹਨ (੧) ਸੁਰਤਿ (੨) ਮਤਿ (੩) ਮਨਿ (੪) ਬੁਧਿ ਤੇ (੫) ਸੁਧਿ।ਪਰਮਾਤਮਾ ਦੇ ਨਾਮ ਨੂੰ ਮੰਨ ਲੈਣ ਤੇ ਮਨ ਵਸਾ ਲੈਣ ਨਾਲ ਧਿਆਨ ਦੀਆਂ ਅਵਸਥਾਵਾਂ ਸੁਰਤਿ, ਮਤਿ, ਮਨਿ ਤੇ ਬੁਧਿ
(Consciuiousness is converted into intelligence and then into reasoning out to chose the most suitable or right solution) ਵਿਚੋਂ ਦੀ ਹੁੰਦੀਆਂ ਹੋਈਆਂ ਅਗੇ ਵਧਦੀਆਂ ਹਨ।‘ਸੁਰਿਤਿ ਮਤਿ ਬੁਧਿ ਪਰਗਾਸੁ॥(ਰਾਮਕਲੀ ਮ: ੫, ਪੰਨਾ ੮੮੯)’ ਜਿਵੇਂ ਜਿਵੇਂ ਆਤਮਿਕ ਅਵਸਥਾ ਬਦਲਦੀ ਹੈ ਤਿਵੇਂ ਤਿਵੇਂ ਵਿਚਾਰਧਾਰਾ ਬਦਲਦੀ ਹੈ, ਦਿਮਾਗੀ ਸ਼ਕਤੀ ਵਿਚ ਤਬਦੀਲੀ ਆਉਂਦੀ ਹੈ।ਸੁਰਤ (ਬ੍ਰਿਤੀ, ਵਿਸ਼ੇਸ਼ ਪ੍ਰੀਤ, ਚੇਤਨਾ, ਸਮਰਣ, ਸੁਧ, ਧਿਆਨ) । ਮਨਿ ਬੁਧ ਦਾ ਅਰਥ ਮਨ ਵਿਚ ਬੁਧੀ ਵੀ ਲਿਆ ਜਾ ਸਕਦਾ ਹੈ। ਸੁਧਿ ਜਾਂ ਸਿਧਿ (just close to intuition) ਉਹ ਬੁਧੀ ਹੈ ਜੋ ‘ਕਾਰਣ ਕਾਰਜ ਜਾਣ ਕੇ ਸਿਧਾਂਤ ਤੇ ਅਪੜਣ ਦੀ ਥਾਂ ਸਿੱਧਾ ਹੀ ਸੱਚ ਤੇ ਸਿਧਾਂਤ ਦੀ ਗਿਆਨਵਾਨ ਹੋ ਜਾਂਦੀ ਹੈ।

ਮੰਨੈ ਸੁਰਤਿ ਹੋਵੈ ਮਨਿ ਬੁਧਿ ॥

ਆਤਮਿਕ ਮੰਡਲ ਵਿਚ ਸਭ ਤੋਂ ਪਹਿਲਾਂ ਬੰਦੇ ਨੂੰ ਅਪਣੀ ਸੁਰਤੀ ਟਿਕਾਉਣੀ ਪਵੇਗੀ, ਸੁਰਤ ਟਿਕ ਜਾਵੇ ਤਾਂ ਜਿਸ ਵਲ ਵਲ ਮੁੜ ਮੁੜ ਸੁਰਤੀ ਦਿਉ ਤਾਂ ਉਹ ਵਸਤੂ ਸੁਰਤ ਤੋਂ ਅੱਗੇ ਮਤ ਵਿਚ ਬੈਠ ਜਾਵੇਗੀ। ਜਦ ਬੰਦੇ ਨੂੰ ਸਮਝ ਪੈ ਜਾਵੇ ਤਾਂ ਅਸੀਂ ਕਹਿੰਦੇ ਹਾਂ ਇਸ ਨੂੰ ਹੁਣ ਮੱਤ ਆਈ ਹੈ। ਸੁਰਤੀ ਦਿੰਦਿਆਂ ਦਿੰਦਿਆਂ ਜੋ ਵਸਤੂ ਅੰਦਰ ਬੈਠ ਜਾਵੇ ਉਹ ਮੱਤ ਵਿਚ ਚਲੀ ਜਾਂਦੀ ਹੈ। ਜਿਵੇਂ ਕੋਈ ਪਾਠ ਪੰਦਰਾਂ ਵੀਹ ਵਾਰ ਪੜ੍ਹਿਆਂ ਯਾਦ ਹੋ ਜਾਦਾ ਹੈ, ਅੰਦਰ ਬੈਠ ਜਾਦਾ ਹੈ, ਸੁਰਤ ਤੋਂ ਮੱਤ ਵਿਚ ਚਲਾ ਜਾਂਦਾ ਹੈ। ਅਗਲੀ ਅਵਸਥਾ ਹੈ ਪਰਖ ਕਰਨ ਦੀ ਨਿਰਣਾ ਕਰਨ ਦੀ ਕਿ ਇਹ ਜੋ ਮੱਤ ਵਿਚ ਸਮਝ ਪਿਆ ਹੈ ਇਹ ਠੀਕ ਹੈ ਜਾਂ ਨਹੀਂ। ਚੰਗੇ ਮਾੜੇ ਦੀ ਪਛਾਣ ਕਰਨ ਵਾਲੀ ਬੁਧੀ ਨੂੰ ਨਿਰਣਾ ਬੁਧੀ ਕਹਿੰਦੇ ਹਨ ਜੋ ਚੰਗਿਆਈਆਂ ਬੁਰਿਆਈਆਂ ਦਾ ਨਿਰਣਾ ਕਰਦੀ ਹੈ, ਨਿਰਣਾ ਕਰਨ ਵਾਲ ਸੁਰਤ ਦਾ ਕੇਂਦਰ ਹੈ ਮਨ। ਬੁਧ ਉਹ ਅਵਸਥਾ ਹੈ ਜਿੱਥੇ ਸੁਰਤ ਨਿਰਣਾ ਕਰਨ ਤੋਂ ਬਾਦ ਬੁਰਾਈ, ਚੰਗਿਆਈ ਦੀ ਪਛਾਣ ਕਰਕੇ ਬੁਰਾਈ ਦਾ ਤਿਆਗ ਕਰੇ ਤੇ ਚੰਗਿਆਈ ਗ੍ਰਹਿਣ ਕਰੇ, ਬੁਰਾਈ ਨੂੰ ਬੁਰਾਈ ਸਮਝ ਕੇ ਅੰਦਰੋਂ ਤਿਆਗ ਦੇਵੇ ਕਿ ਇਹ ਠੀਕ ਨਹੀਂ ਹੈ:

ਸੁਰਤਿ ਮਤਿ ਬੁਧਿ ਪਰਗਾਸੁ ॥ (ਰਾਮਕਲੀ ਮ: ੫, ਪੰਨਾ ੮੯੫)

ਸੁਰਤਿ ਸਭ ਜੀਵ ਜੰਤੂਆਂ ਵਿਚ ਇਕ ਸੁਭਾਵਿਕ ਅਵਸਥਾ ਵਿਚ ਅਚੇਤਨ ਹੈ ਅਤੇ ਅਪਣੀ ਅਗਿਆਤ ਸੂਝ ਦੁਆਰਾ ਹੀ ਸਾਰੇ ਕੰਮ ਸਵਾਰਦੀ ਹੈਞ ਸੂਝ, ਤਰਕ ਤੇ ਦਲੀਲ ਇਸ ਵਿਚ ਨਹੀਂ; ਸੁਭਾੳੇ ਅਨੁਸਾਰ ਹੀ ਸਾਰੇ ਕੰਮ ਸਾਰਦੀ ਹੈ। ਇਸਦਾ ਟਿਕਾਣਾ ਹਿਰਦੇ ਦੀ ਉਸ ਗੁਫਾ ਦੇ ਨੇੜੇ ਹੈ ਜਿੱਥੇ ‘ਨਾਮ ਨਿਰੰਜਨ’ ਵਸਦਾ ਹੈ। ਮਨੁਖੀ ਅੰਤਹਕਰਨ ਵਿਚ ਇਸਦੇ ਨਾਲ ਹੀ ਬੁਧੀ ਤੇ ਮਨ ਵੀ ਹਨ। ਮਨ ਸਮੂਹ ਇਛਾਵਾਂ, ਕਾਮਨਾਵਾਂ ਤੇ ਲਾਲਸਾਵਾਂ ਦਾ ਮੰਬਾ, ਸੰਕਲਪਾਂ ਵਿਕਲਪਾਂ ਦਾ ਪਲੰਦਾ ਹੈ ਅਤੇ ਦੁੱਕ ਦਰਦ, ਖੁਸ਼ੀ, ਗਮੀ ਆਦਿ ਨੂੰ ਮਹਿਸੂਸ ਕਰਦਾ ਹੈ। ਇਸ ਤੋਂ ਉਪਰ ਦਾ ਇੰਦਰਾ ਹੈ ਬੁਧੀ।ਬੁਧੀ ਵਿਚ ਵਿਵੇਕ, ਵਿਚਾਰ ਤੇ ਸੋਝੀ ਵੀ ਹੈ। ਇਹ ਭਲੇ ਬੁਰੇ ਦੀ ਪਛਾਣ ਕਰਕੇ ਨਿਸਚੇ ਕਰਨ ਦੀ ਸਮਰਥਾ ਰਖਦੀ ਹਪਰ ਇਸਦੀ ਪਹੁੰਚ ਵੀ ਸੀਮਿਤ ਹੈ ਇਸ ਦਾ ਨਿਰਣੈ ਪੰਜ ਇੰਦਰੀਆਂ ਤੋਂ ਪ੍ਰਾਪਤ ਸੂਚਨਾ ਤੇ ਹੀ ਆਧਾਰਿਤ ਹੈ ਤੇ ਇਸ ਤੋਂ ਉਤੇ ਇਸ ਦੀ ਸੋਚ ਉਡਾਰੀ ਮੁਕ ਜਾਂਦੀ ਹੈ। ਬੁਧੀ ਪੰਜਾਂ ਤੱਤਾਂ ਦੀ ਉਪਜ ਹੋਣ ਕਰਕੇ ਤਰਕ ਵਿਤਰਕ ਵੀ ਇਨ੍ਹਾਂ ਪੰਜ ਤੱਤਾਂ ਰਾਹੀਂ ਪ੍ਰਾਪਤ ਸੂਚਨਾ ਤੇ ਗਿਆਨ ਤਕ ਹੀ ਸੀਮਿਤ ਹਨ।

ਪਰਮਾਤਮਾ ਨੂੰ ਮਨ ਵਸਾਉਣ ਵਿਚ ਸੁਰਤ ਪਰਮਾਤਮਾ ਦੇ ਦੋਨੋਂ ਰੂਪ ਸਰਗੁਣ ਤੇ ਨਿਰਗੁਣ ਦੋਨਾਂ ਨਾਲ ਸਬੰਧਤ ਹੈ। ਸਰਗੁਣ ਰੂਪ ਤਾਂ ਮਨ ਬਾਣੀ ਦਾ ਵਿਸ਼ਾ ਹੈ ਪਰ ਨਿਰਗੁਣ ਅਗੰਮ ਤੇ ਅਗੋਚਰ ਹੈ। ਸੁਰਤ ਪਹਿਲਾਂ ਤਾਂ ਸੁੰਨ ਸ਼ਬਦ ਨੂੰ ਅਪਣੇ ਵਿਚ ਜ਼ਜ਼ਬ ਕਰਕੇ ਨਿਰਗੁਣ ਦੀ ਅਸ਼ਬਦ ਬਾਣੀ ਨੂੰ ਸਰਗੁਣ ਦੀ ਬੈਖਰੀ ਭਾਸ਼ਾ ਵਿਚ ਉਲਥਾ ਦਿੰਦੀ ਹੈ। ਸੁਰਤ ਇਸ ਤਰ੍ਹਾਂ ਦੋ ਭਾਸ਼ੀਏ ਦਾ ਕੰਮ ਕਰਦੀ ਹੈ ਜੋ ਸਰਗੁਣ ਤੇ ਨਿਰਗੁਣ ਦੋਨੋਂ ਭਾਸ਼ਾਵਾਂ ਨੂੰ ਜਾਣਦੀ ਬੁਝਦੀ ਹੈ ਅਤੇ ਅਪਣੀ ਅਲੌਕਿਕ ਸੂਝ ਸਦਕਾ ਨਿਰਗੁਣ ਦੇ ਅਨਾਹਦ ਨਾਦ ਨੂੰ ਸਰਗੁਣ ਦੀ ਰਾਗ ਸਰਗਮ ਵਿਚ ਪਲਟ ਦੇਂਦੀ ਹੈ ਅਤੇ ਆਖਰਕਾਰ ਅਪਣੀ ਉਲਟਾਂਵੀਂ ਤਾਕਤ ਨਾਲ ਸਰਗੁਣ ਨੂੰ ਨਿਰਗੁਣ ਵਿਚ ਬਦਲ ਦਿੰਦੀ ਹੈ।

ਪਰ ਇਹ ਸਭ ਕੁਝ ਹੁੰਦਾ ਹੈ ਸ਼ਬਦ-ਸੁਰਤ-ਸੰਜੋਗ ਰਾਹੀਂ ਜਿਸ ਬਾਰੇ ਉਪਰ ਸਮਝਾਇਆ ਗਿਆ ਹੈ ਸ਼ਬਦ-ਸਰਤਿ-ਸੰਜੋਗ ਮਾਰਗ ਨਾ ਧਿਆਨ ਮਾਰਗ ਹੈ ਤੇ ਨਾ ਹੀ ਗਿਆਨ ਮਾਰਗ। ਇਹ ਤਾਂ ਨਾਮ ਮਾਰਗ ਹੈ।ਇਸ ਮਾਰਗ ਤੇ ਚੱਲਣ ਨਮਾਲ ਅਨੁਭਵ (ਸੁਤੇ ਸਿਧ ਉਪਜਿਆ ਗਿਆਨ) ਤੇ ਟਿਕਾਉ ਅਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ।ਸਾਧਕ ਦਾ ਹੱਥ ਕਾਰ ਵਲ ਤੇ ਚਿੱਤ ਕਰਤਾਰ ਵਲ ਆਪ-ਮੁਹਾਰੇ ਹੀ ਲੱਗਾ ਰਹਿੰਦਾ ਹੈ। ਸਾਧਿਕ ਉਚਾ ਸੁਚਾ ਕਾਰ ਵਿਹਾ੍ਰ ਤੇ ਨਾਮੀ ਪਰਉੋਪਕਾਰi ਬਣ ਜਾਦਾ ਹੈ।ਧਿਆਨ ਮਾਰਗ ਮਨ ਦਾ ਵਿਸ਼ਾ ਹੈ ਤੇ ਗਿਆਨ ,ਮਾਰੲਗ ਬੁਧੀ ਦਾ।ਸ਼ਬਦ-ਸੁਰਤਿ ਸੰਜੋਗ ਮਾਰਗ ਇਨ੍ਹਾਂ ਦੋਹਾਂ ਤੋਂ ਵਿਲੱਖਣ ਹੈ।ਸੁਰਤਾ ਪ੍ਰੇਮ ਭਾਵਨਾ ਸਾਹਿਤ ਸ਼ਬਦ ਦਾ ਸੁਰਤਿ ਸੰਜੋਗੀ ਹੋ ਕੇ ਸਿੱਧਾ ਚਿੱਤ ਵਿਚ ਰਟਿਤ ਨਾਮ ਨੂੰ ਪਹੁੰਚਾ ਦਿੰਦਾ ਹੈ ਤੇ ਆਖਰਕਾਰ ਸੁਰਤਿ ‘ਨਾਮ-ਨਿਰੰਜਨ’ ਦੀ ਛੋਹ ਪ੍ਰਾਪਤ ਕਰਕੇ ਵਿਸਮਾਦ ਮਾਣਦੀ ਨਿਰੰਕਾਰੀ ਸਿਖਰਾਂ ਨੂੰ ਛੋਹ ਲੈਂਦੀ ਹੈ ਤੇ ਵਿਸ਼ਵ ਦੇ ਸਾਰੇ ਭਵਨਾਂ ਦੀ ਸੁਧ ਪਾ ਲੈਂਦੀ ਹੈ:

ਨਾਮ ਮੰਨ ਕੇ ਹੀ ਸੁਰਤੀ ਪ੍ਰਮਾਤਮਾਂ ਨਾਲ ਜੁੜਦੀ ਹੈ, ਦੁਰਮਤ ਖਤਮ ਹੋ ਜਾਂਦੀ ਹੈ ਤੇ ਉਸ ਸੱਚੇ ਪ੍ਰਮਾਤਮਾ ਦੀ ਸੂਝ ਹੋ ਜਾਦੀ ਹੈ:

ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ॥ (ਸਾਰੰਗ ਵਾਰ ਮ: ੪, ਪੰਨਾ ੧੨੪੨)
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ॥ (ਸਾਰੰਗ ਵਾਰ ਮ: ੪, ਪੰਨਾ ੧੨੪੨)

ਸੁਰਤ ਸੱਚੇ ਪਰਮਾਤਮਾ ਦੇ ਜਸ ਸੁਣਨ ਵਿਚ ਜੁੜੀ ਰਹਿਣੀ ਚਾਹੀਦੀ ਹੈ

ਸੁਰਤਿ ਸਤਿ ਸਤਿ ਜਸੁ ਸੁਨਤਾ॥ (ਗਉੜੀ ੫, ਪੰਨਾ ੨੮੫)

ਛੇ ਚੱਕਰਾਂ ਵਾਲੇ ਮਨੁਖੀ ਸਰੀਰ ਦੀ ਖਾਨਗਾਹ ਅੰਦਰ ਉਦਾਸ ਮਨੂਏ ਦਾ ਟਿਕਾਣਾ ਹੈ।ਨਾਮ ਦੇ ਸਿਮਰਨ ਦੀ ਪ੍ਰੀਤ ਇਸ ਦੇ ਅੰਦਰ ਜਾਗ ਉਠੀ ਹੈ। ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੇਰੀ ਆਤਮਾ ਉਸ ਅੰਦਰ ਲੀਨ ਹੋ ਗਈ ਹੈ।ਗੁਰਾਂ ਦੇ ਉਦੇਸ਼ ਦੁਆਰਾ ਮੇਰੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋ ਗਈ ਹੈ। ਹੇ ਪ੍ਰਾਣੀ ਪ੍ਰਮਾਤਮਾ ਦੀ ਭਗਤੀ ਤੇ ਸੇਵਾ ਰਾਹੀਂ ਸਦਾ ਸੁਖ ਮਿਲਦਾ ਹੈ।ਗੁਰੂ ਦੀ ਦਇਆ ਸਦਕਾ ਹਰੀ ਦਾ ਨਾਮ ਜਪਣਾ ਮਿਠਾ ਲਗਦਾ ਹੈ ਤੇ ਹਰੀ ਦਾ ਨਾਮ ਜਪਦੇ ਜਪਦੇ ਉਸ ਅੰਦਰ ਸਮਾ ਜਾਈਦਾ ਹੈ:

ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥ ੧ ॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥ ੧ ॥ ਰਾਮਕਲੀ ਮਹਲਾ ੧ , ਪੰਨਾ ੯੦੩)

ਗੁਰੂ ਨਾਨਕ ਦੇਵ ਜੀ ਸੁਰਤਿ ਸਬਦ ਦਾ ਜ਼ਿਕਰ ਕਰਦੇ ਫੁਰਮਾਉਂਦੇ ਹਨ ‘ਸੁਰਤ ਸ਼ਬਦ ਦੇ ਸੰਜੋਗ ਦੀ ਗਵਾਹੀ ਮੇਰੇ ਅੰਦਰੋਂ ਜੋ ਸੰਗੀਤ ਉਮਡ ਰਿਹਾ ਹੈ ਉਹ ਸਾਰੇ ਲੋਕ ਸੁਣਦੇ ਹਨ:

ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ (ਰਾਮਕਲੀ ਮਹਲਾ ੧, ਪੰਨਾ ੮੭੭)

ਗੁਰੂ ਜੀ ਫੁਰਮਾਉਂਦੇ ਹਨ : ਜਿਸ ਤਰ੍ਹਾਂ ਕੰਵਲ ਫੁੱਲ ਪਾਣੀ ਵਿਚ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਮਰਗਾਬੀ ਨਦੀ ਦੇ ਵਹਾ ਦੇ ਸਾਹਮਣੇ ਬਿਨ ਭਿਜਣੋਂ ਤਰਦੀ ਹੈ ਏਸੇ ਤਰ੍ਹਾਂ ਗੁਰਾਂ ਦੀ ਬਾਣੀ ਉਤੇ ਬਿਰਤੀ ਜੋੜਣ ਅਤੇ ਨਾਮ ਦੇ ਉਚਾਰਨ ਕਰਨ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ।ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮ ਵਖਾਣੇ॥(ਰਾਮਕਲੀ ਮ:੧, ਪੰਨਾ ੯੩੮)

ਮੰਨੈ ਸਗਲ ਭਵਣ ਕੀ ਸੁਧਿ ॥

ਸੁਧਿ, ਦੇਵ ਬੁਧਿ, ਆਤਮ-ਵਿਸ਼ੈਣੀ ਬੁਧਿ, ਵਿਵੇਕ ਬੁਧਿ। ਇਹ ਸੁਰਤ ਮੰਡਲਾਂ ਵਿਚ ਸਭ ਤੋਂ ਉੱਚੀ ੳਵਸਥਾ ਹੈ ਜਿਥੇ ਨਾ ਕੋਈ ਚੰਗਾ ਹੈ ਨਾ ਕੋਈ ਬੁਰਾ, ਨਾ ਕੋਈ ਦੋਸਤ ਹੈ ਨਾ ਕੋਈ ਦੁਸ਼ਮਣ।

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗ ਹਮ ਕਉ ਬਨਿ ਆਈ॥ (ਕਾਨੜਾ ਮ: ੫, ਪੰਨਾ ੧੨੯੯) ੱ
ਜੋ ਦੀਸੈ ਸੋ ਤੇਰਾ ਰੂਪੁ॥ (ਤਿਲੰਗ ਮ: ੫, ਪੰਨਾ ੭੨੪)
ਜੋ ਤੁਧੁ ਭਾਵੈ ਸੋ ਪਰਵਾਣੁ॥ ਤੇਰੇ ਭਾਣੇ ਨੋ ਕੁਰਬਾਣੁ॥ (ਧਨਾਸਰੀ ਮ: ੪, ਪੰਨਾ ੬੭੬)
ਜੋ ਤੁਧੁ ਭਾਵੈ ਸਾਈ ਭਲੀ ਕਾਰ॥ (ਜਪੁਜੀ,ਪੰਨਾ ੪)
ਨਾ ਕੋ ਮੂਰਖੁ ਨਾ ਕੋ ਇਆਣਾ॥ ਵਰਤੈ ਸਭ ਕਿਛ ਤੇਰਾ ਭਾਣਾ॥ (ਮਾਝ ਮ: ੫, ਪੰਨਾ ੯੮)

ਇਸ ਅਵਸਥਾ ਵਿਚ ਵਾਹਿਗੁਰੂ ਜੀ ਦਾ ਭਾਣਾ ਤੇ ਹੁਕਮ ਹੀ ਚਲਦਾ ਹੈ। ਜੋ ਹੋ ਰਿਹਾ ਹੈ ਉਸ ਦੇ ਹੁਕਮ ਵਿਚ, ਜੋ ਕਰ ਰਿਹਾ ਹੈ ਸਭ ਠੀਕ ਹੈ। ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ। ਜੋ ਕੁਝ ਵਰਤ ਰਿਹਾ ਹੈ ਸਭ ਕੁਝ ਭਾਣੇ ਵਿਚ ਹੈ ਰਜ਼ਾ ਵਿਚ ਹੋ ਰਿਹਾ ਹੈ। ਹਰ ਪਾਸੇ ਵਹਿਗੁਰੂ ਹੀ ਨਜ਼ਰ ਆਉਂਦਾ ਹੈ। ਉਸੇ ਦੀ ਖੇਡ ਖੇਡੀ ਨਜ਼ਰ ਆ ਰਹੀ ਹੈ। ਸਭ ਕੁਝ ਹੁਕਮ ਵਿਚ ਹੈ, ਭਾਣੇ ਵਿਚ ਹੈ।

ਉਥੇ ਘੜੀ ਜਾਦੀ ਹੈ ਦੇਵਤਿਆਂ ਤੇ ਸਿੱਧਾਂ ਪੁਰਖਾਂ ਵਾਲੀ ਸੁਧ ਭਾਵ ਦੇਵ-ਬੁਧੀ ਜੋ ਦੇਵਤਿਆਂ ਤੇ ਸਿੱਧਾਂ ਪੁਰਖਾਂ ਵਾਲੀ ਬੁੱਧੀ ਹੈ, ਜਿਸ ਨੂੰ ਅਸੀਂ ਬ੍ਰਹਮ ਗਿਆਨੀ ਵਾਲੀ ਅਵਸਥਾ ਕਹਿੰਦੇ ਹਾਂ:

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਜਪੁਜੀ ਪੰਨਾ ੮)
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ॥ (ਸਾਰੰਗ ੪, ਪੰਨਾ ੧੨੪੦)
ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ॥ (ਪ੍ਰਭਾ, ਪੰਨਾ ੧੩੨੯)

ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥

ਜਦ ਨਾਮ ਮਿਲ ਜਾਂਦਾ ਹੈ ਤਾਂ ਪਰਮਾਤਮਾ ਨਾਲ ਚਲਦਾ ਹੈ। ਨਾਮ ਤੋਂ ਬਿਨਾਂ ਸਭ ਕਾਲ ਨੂੰ ਫਾਥੇ ਹਨ:

ਨਾਮੁ ਮਿਲੈ ਚਲੈ ਮੈ ਨਾਲਿ ॥ ਬਿਨੁ ਨਾਵੈ ਬਾਧੀ ਸਭ ਕਾਲਿ ॥ ੧ ॥ (ਗਉੜੀ ਮਹਲਾ ੧, ਪੰਨਾ ੧੫੨)

ਪਰਮਾਤਮਾ ਦੇ ਨਾਮ ਮੁਕਤੀ ਦਾ ਮਾਰਗ ਹੈ ਜਿਸ ਤੋਂ ਯਮ ਦਾ ਮਾਰਗ ਦੂਰ ਹੋ ਜਾਂਦਾ ਹੈ:

ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ॥ (ਆਸਾ ਮ: ੫, ਪੰਨਾ ੩੯੩)

ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੩ ॥

ਪਉੜੀ ੧੪

ਨਾਮ ਨੂੰ ਮੰਨ ਕੇ ਮਨ ਵਸਾ ਕੇ ਪਰਮਾਤਮਾ ਵਲ ਵਧਣ ਦੇ ਰਸਤੇ ਤੇ ਕੋਈ ਰੁਕਾਵਟ ਨਹੀਂ ਆਉਂਦੀ।ਮੰਨਣ ਵਾਲਾ ਜਗ ਵਿਚ ਇਜ਼ਤ ਮਾਣ ਨਾਲ ਜਗ ਜ਼ਾਹਿਰ ਹੁੰਦਾ ਹੈ।ਨਾਮ ਮੰਨਣ ਵਾਲੇ ਨੂੰ ਮਨ ਵਸਾਉਣ ਵਾਲੇ ਨੂੰ ਨਰਕਾਂ ਦੇ ਰਸਤੇ ਨਹੀਂ ਜਾਣਾ ਪੈਂਦਾ ਕਿਉਂਕਿ ਉਸ ਦਾ ਧਰਮ ਰਾਜ ਨਾਲ ਨਾਤਾ ਜੁੜ ਗਿਆ ਹੈ ਪਰਮਾਤਮਾ ਨਾਲ ਨੇੜਤਾ ਸਦਕੇ।ਨਿਰੰਜਨ ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ ਅਜਿਹਾ ਹੈ ਕਿ ਜੇ ਕੋਈ ਇਸ ਨੂੰ ਮੰਨ ਜਾਣੇ, ਇਸ ਦਾ ਜਪ ਕਰੇ ਉਹੀ ਮਨ ਵਿਚ ਇਸ ਬਾਰੇ ਜਾਣ ਸਕਦਾ ਹੈ।ਵਾਹਿਗੁਰੂ ਦੇ ਨਾਮ ਬਾਰੇ ੳਹ ਹੀ ਜਾਣ ਸਕਦਾ ਹੈ ਜੋ ਨਾਮ ਦਾ ਮਨ ਵਿਚ ਮਨਨ ਕਰੇ:

ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੪ ॥

ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥

ਠਾਕ=ਰੁਕਾਵਟ, ਪਤਿ=ਇਜ਼ਤ, ਪਰਗਟੁ=ਜ਼ਾਹਿਰ

ਗੁਰਮੁਖ ਹਰੀ ਨਾਲ ਲਿਵ ਲਾਕੇ ਦੁਨਿਅਬੀ ਜੰਜਾਲਾਂ ਤੋਂ ਉਪਰ ਉਠ ਜਾਦਾ ਹੈ ਤੇ ਵਾਹਿਗੁਰੂ ਦੀ ਸ਼ਰਣੀ ਰਹਿ ਕੇ ਦੁਨੀਆਂ ਤੋਂ ਅਲਿਪਿਤ ਰਹਿੰਦਾ ਹੈ। ਉਹ ਗੁਰਮਤ ਮਾਰਗ ਤੇ ਚੱਲ ਕੇ ਸਦਾ ਖੁਸ਼ ਰਹਿੰਦੇਾ ਹੈ ਤੇ ਹਰੀ ਦੇ ਦਰ ਤੇ ਉਸ ਨੂੰ ਇਜ਼ਤ ਮਾਣ ਮਿਲਦਾ ਹੈ। ਗੁਰਮੁਖ ਨੂੰ ਪਰਮਾਤਮਾ ਦੇ ਦਰ ਤੇ ਇਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਗਲ ਲਾਉਂਦਾ ਹੈ ।

ਗੁਰਮੁਖਾਂ ਨੂੰ ਮਾਲਿਕ ਦੇ ਰਾਹ ਦਾ ਪਤਾ ਲੱਗ ਜਾਦਾ ਹੈ ਤੇ ਉਨ੍ਹਾਂ ਨੂੰ ਪਰਮਾਤਮਾ ਦੇ ਦਰ ਪਹੁੰਚਣ ਤਕ ਕੋਈ ਰੋਕ ਨਹੀਂ ਆਉਂਦੀ।ਉਹ ਹਮੇਸ਼ਾ ਹਰੀ ਦੇ ਨਾਮ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ ਤੇ ਪੋਰਮਾਤਮਾ ਨਾਲ ਲਿਵ ਜੋੜੀ ਰਖਦੇ ਹਨ।ਉਨ੍ਹਾਂ ਨੂੰ ਬੁਲਾਵੇ ਲਈ ਅਨਹਤ ਨਾਦ (ਰਬੀ ਆਵਾਜ਼) ਦੀ ਧੁਨੀ ਸੁਣਾਈ ਦਿੰਦੀ ਹੇ ਤੇ ਉਹ ਪ੍ਰਮਾਤਮਾ ਦੇ ਦਰ ਪਹੁੰਚਦੇ ਹਨ ਤੇ ਸੱਚਾ ਇਜ਼ਤ ਮਾਣ ਪ੍ਰਾਪਤ ਕਰਦੇ ਹਨ:

ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥ ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥ ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥ ੨ ॥ ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ ਹਰਿ ਨਾਮੁ ਸਲਾਹਿਨ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥ ੩ ॥ (ਸਿਰੀ ਰਾਗ ਮ: ੪, ਪੰਨਾ ੪੨)

ਗਰਮੁਖ ਦੁਨੀਆਂ ਤੋਂ ਉਚੇ ਉਠ ਦੇ ਹਨ ਜਦਕਿ ਮਨਮੁਖ ਦੀ ਪੱਤ ਰੁਲਦੀ ਫਿਰਦੀ ਹੈ:

ਗੁਰਮੁਖ ਉਬਰੇ ਮਨਮੁਖ ਪਤਿ ਖੋਈ॥ (ਗਉੜੀ ੫, ਪੰਨਾ ੧੭੬)

ਹੇ ਪਰਮਾਤਮਾ! ਤੂੰ ਹੀ ਮੇਰਾ ਤਾਕਤ ਹੈ ਤੇ ਤੂ ਹੀ ਮੇਰਾ ਨਿਸ਼ਾਨ-ਦਰਬਾਰ-ਦੀਬਾਣ ਹੈ ਜਿਥੇ ਮੈਂ ਪਹੁੰਚਣਾ ਹੈ । ਗੁਰੂ ਤੋਂ ਪਰਾਪਤ ਸ਼ਬਦ (ਨਾਮ, ਗੁਰਬਾਣੀ) ਮੇਰੇ ਪਹੰਚਣ ਦਾ ਨਿਸ਼ਾਨਾ ਹੈ, ਮੇਰੀ ਮੰਜ਼ਿਲ ਹੈ।ਜੋ ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦਾ ਹੈ ਉਹ ਜ਼ਾਹਿਰ ਹੀ ਉਸ ਦੇ ਦਰਬਾਰ ਪਹੁੰਚ ਜਾਦਾ ਹੈ।ਜਦ ਉਸ ਦਾ ਨਿਸ਼ਾਨ ਸੱਚੇ ਦਾ ਦਰਬਾਰ ਹੈ ਤਾਂ ਉਸ ਨੂੰ ਦਰਬਾਰ ਤਕ ਵਧਣੋਂ ਕੋਈ ਰੁਕਾਵਟ ਨਹੀ ਆਵੇਗੀ:

ਤੇਰਾ ਤਾਣੁ ਤੂ ਹੈ ਦੀਬਾਣੁ।ਗੁਰ ਕਾ ਸਬਦੁ ਸਚਾ ਨੀਸਾਣੁ।ਮੰਨੈ ਹੁਕਮੁ ਸੁ ਪਰਗਟੁ ਜਾਇ॥ ਸ਼ਚੁ ਨੀਸਾਣੋ ਠਾਕ ਨ ਪਾਇ॥ (ਆਸਾ ਮ: ੧ ਪੰਨਾ ੩੫੫)

ਸੱਚਾ ਗੁਰੂ ਮਿਲ ਜਾਦਾ ਹੈ ਤਾਂ ਮਨੁਖ ਦੇ ਹਿਰਦੇ ਵਿਚ ਸੱਚ ਪੈਦਾ ਹੋ ਜਾਂਦਾ ਹੈ ਤੇ ਆਦਮੀ ਸਤਵਾਦੀ ਹੋ ਕੇ ਸੱਚੇ ਵਿਚ ਲੀਨ ਹੋ ਜਾਂਦਾ ਹੈ ਸਮਾ ਜਾਂਦਾ ਹੈ।ਜਦ ਗੁਰੂ ਦੇ ਉਪਦੇਸ਼ ਦੁਆਰਾ ਮਨੁਖ ਪ੍ਰਮਾਤਮਾ ਦਾ ਭਉ ਮਨ ਵਿਚ ਉਪਜਦਾ ਹੈ ਤਾਂ ਉਹ ਅਪਣੀ ਸੁਰਤ ਪ੍ਰਮਾਤਮਾ ਨਾਲ ਜੋੜ ਲੈਂਦਾ ਹੈ ਤੇ ਇਜ਼ਤ ਮਾਣ ਪਰਾਪਤ ਕਰਦਾ ਹੈ:

ਸਚਿ ਮਿਲੈ ਸਚੁ ਉਪਜੈ ਸਚੁ ਮਹਿ ਸਾਚਿ ਸਮਾਰਿ॥ ਸੁਰਤਿ ਹੋੋਵੈ ਪਤਿ ਉਗਵੈ ਗਰਬਚਨੀ ਭਉ ਖਾਇ॥(ਸਿਰੀ ੧, ਪੰਨਾ ੧੮)

ਨਾਮ ਮੰਨਣ ਨਾਲ ਸੁਖ ਪੈਦਾ ਹੁੰਦਾ ਹੈ ਤੇ ਨਾਮ ਰਾਹੀਂ ਹੀ ਮੁਕਤੀ ਪ੍ਰਾਪਤ ਹੋਣੀ ਹੈ। ਨਾਮ ਮੰਨਣ ਨਾਲ ਹਿਰਦੇ ਵਿਚ ਉਹੀ ਇਕ ਪ੍ਰਮਾਤਮਾ ਹਮੇਸ਼ ਰਹਿੰਦਾ ਹੈ ਤੇ ਇਜ਼ਤ ਪਾਈਦੀ ਹੈ। ਨਾਮ ਮੰਨਣ ਨਾਲ ਸੰਸਾਰ ਭਵ ਸਾਦਰ ਪਾਰ ਕਰ ਲਈਦਾ ਹੈ ਤੇ ਰੱਬ ਕੋਲ ਪੁਜਣ ਵਿਚ ਕੋਈ ਵਿਘਨ ਨਹੀਂ ਪੈਂਦਾ ਰੁਕਾਵਟ ਨਹੀਂ ਆਉਂਦੀ।ਨਾਮ ਨੂੰ ਮੰਨਣ ਸੱਚੇ ਦੇ ਦਰ ਦਾ ਮਾਰਗ ਜ਼ਹਿਰ ਹੋ ਜਾਦਾ ਹੈ ਤੇ ਨਾਮ ਨਾਲ ਚਾਰੇ ਪਾਸੇ ਰੋਸ਼ਨੀ ਫੈਲ ਜਾਦੀ ਹੈ। ਗੁਰੂ ਜੀ ਫੁਰਮਾਉਂਦੇ ਹਨ: ਸਤਿਗੁਰ ਮਿਲਣ ਨਾਲ ਨਾਮ ਮਿਲਦਾ ਹੈ ਤੇ ਅਸੀਂ ਨਾਮ ਨੂੰ ਉਸੇ ਤਰ੍ਹਾਂ ਮੰਨਣ ਲੱਗ ਜਾਂਦੇ ਹਾਂ ਜਿਸਤਰ੍ਹਾਂ ਸਤਿਗੁਰੂ ਸਾਨੂੰ ਨਾਮ ਦਿੰਦਾ ਹੈ:

ਨਾਇ ਮੰਨਿਐ ਸੁਖੁ ਉਪਜੈ ਨਾਮੇ ਗਤਿ ਹੋਈ ॥ ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥ ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥ ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥ ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥ ੯ ॥ (ਮਃ ੪, ਪੰਨਾ ੧੨੪੧)

ਨਾਮ ਮੰਨਣ ਨਾਲ ਇਜ਼ਤ ਮਿਲਦੀ ਹੈ: ਨਾਮ ਨੂੰ ਸਲਾਹੁਣਾ ਪ੍ਰਮਾਤਮਾ ਨਾਲ ਅਪਣੇ ਆਪ ਨੂੰ ਇਕ ਧਾਗੇ ਪਰੋਣਾ ਹੈ। ਨਾਮ ਮੰਨਣਜ਼ ਵਾਲਾ ਇਜ਼ਤ ਨਾਲ ਪਰਮਾਤਮਾ ਦੇ ਦਰ ਜਾਂਦਾ ਹੈ ਸਹਿਜ ਹੀ ਉਸ ਵਿਚ ਸਮਾ ਜਾਦਾ ਹੈ ਤੇ ਉਸ ਦੇ ਸਾਰੇ ਦੁਖ ਖਤਮ ਹੋ ਜਾਦੇ ਹਨ ਤੇ ਰਾਮ ਨਾਮ ਦਾ ਹਿਰਦੇ ਵਿਚ ਪ੍ਰਕਾਸ਼ ਹੋ ਜਾਣ ਸਦਕਾ ਉਸ ਦਾ ਲੇਖਾ ਇਜ਼ਤ ਨਾਲ ਨਿਬੜਦਾ ਹੈ

ਨਾਇ ਮੰਨਿਐ ਪਤਿ ਉਪਜੈ ਸਾਲਾਹੀ ਸਚੁ ਸੂਤੁ॥ (ਵਾਰ ਆਸਾ ਮ: ੧, ਪੰਨਾ ੪੭੧)
ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ॥ (ਮਲਾਰ ਮ: ੧, ਪੰਨਾ ੧੨੮੮)
ਪਤਿ ਸੇਤੀ ਅਪੁਨੈ ਘਰਿ ਜਾਹੀ॥ ਗਉੜੀ ਮ: ੫, ਪੰਨਾ ੨੫੩)
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ॥(ਸਿਰੀ ਮ:੧, ਪੰਨਾ ੭੬)
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ॥ (ਸਰੀ ਮ:3, ਪੰਨਾ ੫੫)

ਜੋ ਨਾਮ ਧਿਆਉਂਦੇ ਹਨ ਉਹ ਹਮੇਸ਼ਾ ਸੁਖੀ ਰਹਿੰਦੇ ਹਨ ਤੇ ਉਨ੍ਹਾ ਦੇ ਪਵਿਤਰ ਮੁਖੜੇ ਦਮਕਦੇ ਰਹਿੰਦੇ ਹਨ। ਪੂਰੇ ਗੁਰੂ ਤੋਂ ਜਿਨ੍ਹਾਂ ਨੇ ਨਾਮ ਪਾਇਆ ਉਨ੍ਹਾ ਸਭ ਦੇ ਅੰਦਰੋਂ ਸੱਚੇ ਦੀ ਲੋਅ ਰੋਸ਼ਨੀ ਪ੍ਰਗਟ ਹੁੰਦੀ ਹੈ:

ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥ ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥ (ਸ੍ਰੀਰਾਗੁ ਮਹਲਾ ੫, ਪੰਨਾ ੪੪)

ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥
ਮਗੁ=ਰਸਤਾ, ਮਾਰਗ, ਰਾਹ, ਪਥ, ਪੰਥ=ਮਾਰਗ, ਰਸਤਾ, ਮਗ=ਮਾਰਗ, ਰਸਤਾ, ਰਾਹ

ਜੋ ਨਾਮ ਮਾਰਗ ਤੇ ਚੱਲ ਪੈਂਦਾ ਹੈ ਉਹ ਹੋਰ ਕਿਸੇ ਰਸਤੇ ਨਹੀਂ ਪੈਂਦਾ ਵਖਰੇ ਵਖਰੇ ਰਾਹ, ਸੰਪਰਦਾਵਾਂ ਧਰਮਾ ਦੇ ਰਸਤੇ ਤੇ ਨਹੀਂ ਪੈਂਦਾ। ਜੋ ਨਾਮ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ ਹੈ ਉਸ ਦਾ ਸਬੰਧ ਸਿਧਾ ਪਰਮਾਤਮਾ ਦੇ ਸੱਚੇ ਨਾਮ ਧਰਮ ਨਾਲ ਜੁੜ ਜਾਂਦਾ ਹੈ। ਪ੍ਰਮਾਤਮਾ ਆਪ ਪ੍ਰਗਟ ਹੋ ਕੇ ਨਾਮ ਮਾਰਗ ਵਿਖਾਉਂਦਾ ਹੈ।

ਜੋ ਨਾਮ ਨੂੰ ਮੰਨਦੇ ਹਨ ਉਨ੍ਹਾਂ ਨੂੰ ਪਰਮਾਤਮਾ ਆਪ ਪਰਗਟ ਹੋ ਸਹੀ ਰਸਤਾ ਵਿਖਾਉਂਦਾ ਹੈ:

ਪ੍ਰਗਟੁ ਮਗੁ ਦਿਖਾਇਆ (ਆਸਾ ਛੰਤ ਮ: ੫)

ਪਉੜੀ ੧੫

ਮੰਨ ਲੈਣ ਨਾਲ ਮੰਨਣ ਵਾਲਾ ਮੁਕਤੀ ਦਾ ਦੁਆਰਾ ਪਾ ਲੈਂਦਾ ਹੈ; ਪਰਿਵਾਰ ਨੂੰ ਵੀ ਸੁਧਾਰ ਕੇ ਨਾਮ ਨਾਲ ਜੋੜ ਲੈਂਦਾ ਹੈ ਤੇ ਆਪ ਵੀ ਤਰਦਾ ਹੈ ਤੇ ਗੁਰਸਿੱਖਾਂ ਨੂੰ ਵੀ ਤਾਰਦਾ ਹੈ।ਉਸਨੂੰ ਫਿਰ ਭੀਖ ਮੰਨਣ ਲਈ (ਜਿਵੇਂ ਕਈ ਜੋਗੀ ਦਰ ਦਰ ਭੀਖ ਮੰਗਦੇ ਫਿਰਦੇ ਹਨ) ਨਹੀਂ ਜਾਣਾ ਪਵੇਗਾ।

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੫ ॥

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥

ਨਾਮਮੰਨੇ ਤੇ ਆਪ ਵੀ ਤਰਦਾ ਹੈ, ੳਪਣਾ ਸਾਰਾ ਪਰਿਵਾਰ ਵੀ ਤਾਰਦਾ ਹੈ, ਅਪਣੀਆਂ ਕੁਲਾਂ ਵੀ ਤਾਰਦਾ ਹੈ, ਜਿਸ ਸੰਗਤ ਜਿਦ ਨੇ ਰਬ ਹਿਰਦੇ ਵਿਚ ਵਸਾ ਲਿਆ ਹੈ ਤੇ ਜਿਨ੍ਹਾਂ ਵਿਚ ਉਠਦਾ ਬੈਠਦਾ ਨਾਮ ਜਪਦਾ ਹੈ ਉਸ ਨੂੰ ਵੀ ਤਾਰਦਾ ਹੈ ਤੇ ਉਹ ਸਭ ਮਿਲਦੇ ਗਿਲਦੇ ਜਿਨ੍ਹਾਂ ਦੇ ਪਰਮਾਤਮਾ ਦਾ ਨਾਮ ਜੀਭ ਤੇ ਆਉਂਦਾ ਹੈ (ਸਤਿ ਸ੍ਰੀ ਅਕਾਲ ਬੁਲਾਉਣਾ ਰਾਮ ਰਾਮ ਬੁਲਾਉਣਾ,ਆਦਿ) ਲੋਕਾਂ ਨੂੰ ਵੀ ਤਾਰਦਾ ਹੈ। ਪਰਮਾਤਮਾ ਦੇ ਦਰ ਪਹੰਚਣ ਦੇ ਮਾਰਗ ਵਿਚ ਉਸ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਤੇ ਇਜ਼ਤ ਨਾਲ ਰਬ ਦੇ ਦਰ ਪਹੁੰਚਦਾ ਹੈ।

ਆਪ ਤਰੈ ਕੁਲ ਸਗਲੇ ਤਾਰੇ ਨਾਮ ਮੰਨਿ ਵਸਾਵਣਿਆ॥ (ਮਾਝ ਮ:੩, ਪੰਨਾ ੧੨੫)
ਆਪ ਤਰੈ ਸਭ ਕੁਟੁੰਬੁ ਤਰਾਈਐ॥ (ਪ੍ਰਭਾਤੀ ਮ: ੫, ਪੰਨਾ ੧੩੪੮)
ਆਪ ਤਰੈ ਲੋਕਾ ਨਿਸਤਾਰੇ॥ (ਗਉੜੀ ਮ: ੧, ਪੰਨਾ ੨੨੩)
ਆਪ ਤਰੈ ਸਗਲੇ ਕੁਲ ਤਾਰੇ॥ (ਗਉੜੀ ਮ: ੩, ਪੰਨਾ ੧੬੦)
ਆਪ ਤਰੈ ਸੰਗਤਿ ਕੁਲ ਤਾਰੇ॥ (ਆਸਾ ਮ: ੧, ਪੰਨਾ ੩੫੩)
ਆਪ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ॥ (ਮਾਝ ੫, ਪੰਨਾ ੧੩੦)
ਆਪ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ॥ (ਮਾਰੂ ਮ: ੫, ਪੰਨਾ ੧੦੭੬)
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥ ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥ ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥ (ਸਲੋਕ ਮਃ ੧, ਪੰਨਾ ੧੨੪੧)

ਜਿਸ ਨੇ ਨਾਮ ਚਿੱਤ ਲਾਇਆ ਹੈ ਉਸ ਨਾਮ ਮੰਨਣ ਵਾਲੇ ਦੀ ਦੁੱਖ ਤੇ ਭੁੱਖ ਖਤਮ ਹੋ ਜਾਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਜਿਨ੍ਹਾਂ ਨੂੰ ਗੁਰੂ ਮਿਲਿਆ ਗੁਰੂ ਨੇ ਨਾਮ ਨਾਲ ਜੋੜਿਆ, ਜਿਨ੍ਹਾ ਨੇ ਨਾਮ ਜਪਿਆ ਤੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਉਹ ਪਰਮਾਤਮਾ ਨੂੰ ਜਾ ਮਿਲਦੇ ਹਨ:

ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥ ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ॥ ੧੦ ॥

ਨਿਰੰਜਨ ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ ਅਜਿਹਾ ਹੈ ਕਿ ਜੇ ਕੋਈ ਇਸ ਨੂੰ ਮੰਨ ਜਾਣੇ, ਇਸ ਦਾ ਜਪ ਕਰੇ ਉਹੀ ਮਨ ਵਿਚ ਇਸ ਬਾਰੇ ਜਾਣ ਸਕਦਾ ਹੈ।ਵਾਹਿਗੁਰੂ ਦੇ ਨਾਮ ਬਾਰੇ ੳਹ ਹੀ ਜਾਣ ਸਕਦਾ ਹੈ ਜੋ ਨਾਮ ਦਾ ਮਨ ਵਿਚ ਮਨਨ ਕਰੇ:

ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੫ ॥




.