.

ਅੰਮ੍ਰਿਤ ਵੇਲਾ ਅਤੇ ਬਾਬੀਹਾ

ਅੰਮ੍ਰਿਤ ਵੇਲੇ ਬਾਰੇ ਵਿਚਾਰ ਚਰਚਾ ਆਮ ਹੀ ਹੁੰਦੀ ਰਹਿੰਦੀ ਹੈ। ਅੱਜ ਤੋਂ ਦੋ ਹਫਤੇ ਪਹਿਲਾਂ ਸ: ਦਰਸ਼ਨ ਸਿੰਘ ਵੁਲਵਰਹੈਂਪਟਨ ਦਾ ਇੱਕ ਖੋਜ ਭਰਪੂਰ ਲੇਖ ਇੱਥੇ ‘ਸਿੱਖ ਮਾਰਗ’ ਤੇ ਛਪਿਆ ਸੀ। ਜਿਹੜਾ ਕਿ ਲੇਖ ਲੜੀ ਚੌਥੀ ਵਿੱਚ ਪੜ੍ਹਿਆ ਜਾ ਸਕਦਾ ਹੈ। ਅੱਜ ਦੇ ਇਸ ਲੇਖ ਵਿੱਚ ਬਹੁਤਾ ਕਰਕੇ ਬਾਬੀਹੇ ਨਾਲ ਸੰਬੰਧਿਤ ਗੁਰਬਾਣੀ ਸ਼ਬਦਾਂ ਬਾਰੇ ਵਿਚਾਰ ਕੀਤੀ ਜਾਵੇਗੀ। ਬਾਬੀਹੇ ਬਾਰੇ ਇੱਕ ਸ਼ਬਦ ਬਹੁਤ ਮਸ਼ਹੂਰ ਹੈ ਕਿ ਜਦੋਂ ਉਹ ਅੰਮ੍ਰਿਤ ਵੇਲੇ ਪੁਕਾਰ ਕਰਦਾ ਹੈ ਤਾਂ ਉਸ ਦੀ ਪੁਕਾਰ ਦਰਗਾਹ ਵਿੱਚ ਸੁਣੀ ਜਾਂਦੀ ਹੈ ਅਤੇ ਮੀਂਹ ਪੈ ਜਾਂਦਾ ਹੈ। ਅੱਜ ਤੋਂ ਕੋਈ 35-40 ਸਾਲ ਪਹਿਲਾਂ ਕਨੇਡਾ ਵਿੱਚ ਰੈਣ-ਸਵਾਈਆਂ ਦਾ ਬੜਾ ਜੋਰ ਹੁੰਦਾ ਸੀ। ਜਿੱਥੋਂ ਤੱਕ ਹੋ ਸਕੇ ਅਸੀਂ ਵੀ ਇਹ ਸੁਣਨ ਲਈ ਜਾਂਦੇ ਰਹੇ ਹਾਂ। ਤੜਕੇ ਜਿਹੇ ਜਾ ਕੇ ਇਹ ਬਾਬੀਹੇ ਵਾਲਾ ਸ਼ਬਦ ਵੀ ਕਈ ਵਾਰੀ ਸੁਣਨ ਨੂੰ ਮਿਲਦਾ ਸੀ। ਹੁਣ ਵੀ ਬਹੁਤ ਸਾਰੇ ਇਸ ਸ਼ਬਦ ਦਾ ਹਵਾਲਾ ਦਿੰਦੇ ਹਨ। ਉਹ ਸ਼ਬਦ ਇਹ ਹੈ:

ਸਲੋਕ ਮਃ ੩॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ॥ ੧॥ (ਪੰਨਾ ੧੨੮੫)

ਅਰਥ: — (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ (ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ( ‘ਨਾਮ’ ਦੀ) ਵਰਖਾ ਕਰੋ।

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ( ‘ਨਾਮ’ ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) ‘ਨਾਮ’ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ। ੧।

ਇਸ ਉਪਰ ਵਾਲੇ ਸ਼ਬਦ ਵਿੱਚ ਸਵੇਰੇ ਅੰਮ੍ਰਿਤ ਵੇਲੇ ਬੋਲਣ ਨਾਲ ਪੁਕਾਰ ਸੁਣਨ ਦੀ ਗੱਲ ਕੀਤੀ ਹੈ ਪਰ ਨਾਲ ਹੀ ਅਗਲੇ ਸ਼ਬਦ ਵਿੱਚ ਕਹਿ ਦਿੱਤਾ ਹੈ ਕਿ ਇਸ ਤਰਹਾਂ ਦੇ ਸੈਂਕੜੇ ਤਰਲਿਆਂ ਨਾਲ ਵੀ ਤੇਰੀ ਪਿਆਸ ਨਹੀਂ ਮਿਟਣੀ। ਲਓ ਪੜ੍ਹ ਲਓ ਉਹ ਸ਼ਬਦ ਬਾਕੀ ਵਿਚਾਰ ਫਿਰ ਕਰਦੇ ਹਾਂ:

ਮਃ ੩॥ ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ॥ ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ॥ ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ॥ ੨॥ (ਪੰਨਾ ੧੨੮੫)

ਅਰਥ: — ਹੇ (ਜੀਵ-) ਪਪੀਹੇ! ਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਨਹੀਂ ਸਕਦੀ, (ਕੇਵਲ) ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿੱਚ ਪਿਆਰ ਪੈਦਾ ਹੁੰਦਾ ਹੈ। ਹੇ ਨਾਨਕ! (ਜਦੋਂ ਆਪਣੀ ਮੇਹਰ ਨਾਲ) ਮਾਲਕ-ਪ੍ਰਭੂ (ਜੀਵ ਦੇ) ਮਨ ਵਿੱਚ ਆ ਵੱਸਦਾ ਹੈ ਤਾਂ (ਉਸ ਦੇ ਅੰਦਰੋਂ) ਸਾਰੇ ਵਿਕਾਰ ਨਾਸ ਹੋ ਜਾਂਦੇ ਹਨ। ੨।

ਗੁਰਬਾਣੀ ਵਿੱਚ ਬਬੀਹਾ, ਪਪੀਹਾ ਅਤੇ ਚਾਤ੍ਰਿਕ ਇਕੋ ਅਰਥਾਂ ਵਿੱਚ ਵਰਤੇ ਗਏ ਹਨ। ਜਾਂ ਇਉਂ ਕਹਿ ਲਓ ਕਿ ਇਹ ਇਕੋ ਪੰਛੀ ਦੇ ਵੱਖ-ਵੱਖ ਨਾਮ ਹਨ। ਇਹਨਾ ਬਾਰੇ ਇੱਕ ਕਹਾਣੀ ਪ੍ਰਚੱਲਤ ਹੈ ਕਿ ਇਹਨਾ ਦੀ ਧੌਣ ਵਿੱਚ ਇੱਕ ਛੇਕ (ਮੋਰੀ) ਹੁੰਦੀ ਹੈ। ਇਹ ਹੋਰ ਪਾਣੀ ਨਹੀਂ ਪੀ ਸਕਦੇ ਸਿਰਫ ਮੀਂਹ ਦੇ ਪਾਣੀ ਨਾਲ ਹੀ ਇਹਨਾ ਦੀ ਪਿਆਸ ਬੁਝ ਸਕਦੀ ਹੈ। ਜਦੋਂ ਇਹਨਾ ਨੂੰ ਜ਼ਿਆਦਾ ਪਿਆਸ ਲਗਦੀ ਹੈ ਤਾਂ ਇਹ ਅੰਮ੍ਰਿਤ ਵੇਲੇ ਰੱਬ ਅੱਗੇ ਅਰਜੋਈ ਕਰਦੇ ਹਨ। ਰੱਬ ਇਹਨਾ ਦੀ ਪੁਕਾਰ ਸੁਣ ਕੇ ਮੀਂਹ ਵਰਸਾਹ ਦਿੰਦਾ ਹੈ। ਜਦੋਂ ਮੈਂ ਇੰਟਰਨੈੱਟ ਤੇ ਸਰਚ ਕੀਤੀ ਤਾਂ ਇਹ ਧੌਣ ਵਿੱਚ ਛੇਕ ਵਾਲੀ ਗੱਲ ਮੈਨੂੰ ਤਾਂ ਲੱਭੀ ਨਹੀਂ ਪਰ ਜੇ ਕਰ ਹੋਰ ਕਿਸੇ ਪਾਠਕ ਨੂੰ ਲੱਭ ਪਵੇ ਤਾਂ ਉਹ ਇੱਥੇ ਲਿਖ ਕੇ ਸਾਂਝੀ ਕਰ ਸਕਦਾ ਹੈ। ਵਿਕੀ ਪੀਡੀਆ ਅਤੇ ਹੋਰ ਥਾਵਾਂ ਤੋਂ ਜੋ ਜਾਣਕਾਰੀ ਮਿਲੀ ਹੈ ਉਹ ਇਸ ਤਰ੍ਹਾਂ ਹੈ:

1-ਚਾਤ੍ਰਿਕ (ਪਪੀਹਾ) ਦੱਖਣ ਏਸ਼ੀਆ ਵਿੱਚ ਆਮ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਸ਼ਕਲ ਪੱਖੋਂ ਸ਼ਿਕਰੇ ਵਰਗੇ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁੱਲ ਸ਼ਿਕਰੇ ਵਰਗਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿੱਚ ਇਸਨੂੰ Common Hawk - Cuckoo ਕਹਿੰਦੇ ਹਨ। ਇਹ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਹੈ ਅਤੇ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿੱਚ ਆਪਣੇ ਆਂਡੇ ਦਿੰਦਾ ਹੈ। ਪ੍ਰਜਨਨ ਕਾਲ ਵਿੱਚ ਨਰ ਤਿੰਨ ਸਵਰ ਵਾਲੀ ਅਵਾਜ ਦੁਹਰਾਉਂਦਾ ਰਹਿੰਦਾ ਹੈ ਜਿਸ ਵਿੱਚ ਦੂਜਾ ਸਵਰ ਸਭ ਤੋਂ ਲੰਮਾ ਅਤੇ ਜ਼ਿਆਦਾ ਤੇਜ ਹੁੰਦਾ ਹੈ। ਇਹ ਸਵਰ ਹੌਲੀ-ਹੌਲੀ ਤੇਜ ਹੁੰਦੇ ਜਾਂਦੇ ਹਨ ਅਤੇ ਇੱਕਦਮ ਬੰਦ ਹੋ ਜਾਂਦੇ ਹਨ ਅਤੇ ਕਾਫ਼ੀ ਦੇਰ ਤੱਕ ਇਵੇਂ ਚੱਲਦਾ ਰਹਿੰਦਾ ਹੈ; ਸਾਰਾ ਦਿਨ, ਸ਼ਾਮ ਨੂੰ ਦੇਰ ਤੱਕ ਅਤੇ ਸਵੇਰੇ ਪਹੁ ਫਟਣ ਤੱਕ।

2-ਪਪੀਹਾ ਕੀੜੇ ਖਾਣ ਵਾਲਾ ਇੱਕ ਪੰਛੀ ਹੈ ਜੋ ਬਸੰਤ ਅਤੇ ਵਰਖਾ ਵਿੱਚ ਅਕਸਰ ਅੰਬ ਦੇ ਬੂਟੇ ਉੱਤੇ ਬੈਠਕੇ ਬੜੀ ਸੁਰੀਲੀ ਆਵਾਜ ਵਿੱਚ ਬੋਲਦਾ ਹੈ। ਭੂਗੋਲਿਕ ਵਭਿੰਨਤਾ ਤੋਂ ਇਹ ਪੰਛੀ ਕਈ ਰੰਗ, ਰੂਪ ਅਤੇ ਸ਼ਕਲ ਦਾ ਮਿਲਦਾ ਹੈ। ਉੱਤਰ ਭਾਰਤ ਵਿੱਚ ਇਸ ਦਾ ਡੀਲ ਡੌਲ ਅਕਸਰ ਕਬੂਤਰ ਦੇ ਬਰਾਬਰ (ਲਗਪਗ 34 ਸਮ) ਅਤੇ ਰੰਗ ਹਲਕਾ ਕਾਲ਼ਾ ਜਾਂ ਮਟਮੈਲਾ ਹੁੰਦਾ ਹੈ। ਦੱਖਣ ਭਾਰਤ ਦਾ ਪਪੀਹਾ ਸ਼ਕਲ ਪਖੋਂ ਇਸ ਤੋਂ ਕੁੱਝ ਵੱਡਾ ਅਤੇ ਰੰਗ ਵਿੱਚ ਰੰਗ ਬਰੰਗਾ ਹੁੰਦਾ ਹੈ। ਵੱਖ ਵੱਖ ਸਥਾਨਾਂ ਤੇ ਹੋਰ ਵੀ ਅਨੇਕ ਪ੍ਰਕਾਰ ਦੇ ਪਪੀਹੇ ਮਿਲਦੇ ਹਨ, ਜੋ ਕਦਾਚਿਤ ਉੱਤਰ ਅਤੇ ਦੱਖਣ ਦੇ ਪਪੀਹੇ ਦੇ ਬੇਰੜਾ ਬੱਚੇ ਹਨ। ਮਾਦਾ ਦਾ ਰੰਗਰੂਪ ਅਕਸਰ ਸਭਨੀ ਥਾਂਈਂ ਇੱਕ ਹੀ ਜਿਹਾ ਹੁੰਦਾ ਹੈ। ਪਪੀਹਾ ਦਰਖਤ ਤੋਂ ਹੇਠਾਂ ਅਕਸਰ ਬਹੁਤ ਘੱਟ ਉਤਰਦਾ ਹੈ ਅਤੇ ਉਸ ਉੱਤੇ ਵੀ ਇਸ ਪ੍ਰਕਾਰ ਛਿਪ ਕੇ ਬੈਠਾ ਰਹਿੰਦਾ ਹੈ ਕਿ ਮਨੁੱਖ ਦੀ ਨਜ਼ਰ ਕਦੇ ਹੀ ਉਸ ਉੱਤੇ ਪੈਂਦੀ ਹੈ। ਇਸ ਦੀ ਬੋਲੀ ਬਹੁਤ ਹੀ ਰਸੀਲੀ ਹੁੰਦੀ ਹੈ ਅਤੇ ਉਸ ਵਿੱਚ ਕਈ ਸਵਰਾਂ ਦਾ ਸਮਾਵੇਸ਼ ਹੁੰਦਾ ਹੈ। ਕਈਆਂ ਦੇ ਖਿਆਲ ਅਨੁਸਾਰ ਇਸ ਦੀ ਬੋਲੀ ਵਿੱਚ ਕੋਇਲ ਦੀ ਬੋਲੀ ਤੋਂ ਵੀ ਜਿਆਦਾ ਮਿਠਾਸ ਹੈ। ਹਿੰਦੀ ਕਵੀਆਂ ਵਿਸ਼ਵਾਸ਼ ਹੈ ਕਿ ਉਹ ਆਪਣੀ ਬੋਲੀ ਵਿੱਚ ਪੀ ਕਹਾਂ।। ।। ? ਪੀ ਕਹਾਂ।। ।। ? ਅਰਥਾਤ ਪਤੀ ਕਿੱਥੇ ਹੈ? ਬੋਲਦਾ ਹੈ। ਵਾਸਤਵ ਵਿੱਚ ਧਿਆਨ ਦੇਣ ਤੋਂ ਇਸ ਦੀ ਰਾਗਮਈ ਬੋਲੀ ਰਾਹੀਂ ਇਸ ਵਾਕ ਦੇ ਉੱਚਾਰਣ ਦੇ ਸਮਾਨ ਹੀ ਆਵਾਜ ਨਿਕਲਦੀ ਲੱਗਦੀ ਹੈ। ਇਹ ਵੀ ਪ੍ਰਚਲਿਤ ਹੈ ਕਿ ਇਹ ਕੇਵਲ ਵਰਖਾ ਦੀ ਬੂੰਦ ਦਾ ਹੀ ਜਲ ਪੀਂਦਾ ਹੈ, ਪਿਆਸ ਹਥੋਂ ਮਰ ਰਿਹਾ ਵੀ ਨਦੀ, ਤਾਲਾਬ ਆਦਿ ਦੇ ਪਾਣੀ ਵਿੱਚ ਚੁੰਜ ਨਹੀਂ ਡੁਬੋਂਦਾ। ਜਦੋਂ ਅਕਾਸ਼ ਵਿੱਚ ਮੇਘ ਛਾ ਰਹੇ ਹੋਣ, ਉਸ ਸਮੇਂ ਇਹ ਮੰਨਿਆ ਜਾਂਦਾ ਹੈ ਕਿ ਇਹ ਇਸ ਆਸ ਨਾਲ ਕਿ ਕਦਾਚਿਤ ਕੋਈ ਬੂੰਦ ਮੇਰੇ ਮੂੰਹ ਵਿੱਚ ਪੈ ਜਾਵੇ, ਬਰਾਬਰ ਚੁੰਜ ਖੋਲ੍ਹੇ ਉਨ੍ਹਾਂ ਵੱਲ ਇੱਕ ਲਗਾਏ ਰਹਿੰਦਾ ਹੈ। ਬਹੁਤਿਆਂ ਨੇ ਤਾਂ ਇੱਥੇ ਤਕ ਮੰਨ ਰੱਖਿਆ ਹੈ ਕਿ ਇਹ ਕੇਵਲ ਸਵਾਤੀ ਨਛੱਤਰ ਤੋਂ ਹੋਣ ਵਾਲੀ ਵਰਖਾ ਦਾ ਹੀ ਪਾਣੀ ਪੀਂਦਾ ਹੈ, ਅਤੇ ਅਗਰ ਇਹ ਨਛੱਤਰ ਨਾਂ ਵਰ੍ਹੇ ਤਾਂ ਸਾਲ ਭਰ ਪਿਆਸਾ ਰਹਿ ਜਾਂਦਾ ਹੈ।

3-ਪੁਰਾਣੇ ਸਮਿਆਂ ਤੋਂ ਲੋਕਾਂ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਬਰਸਾਤੀ ਪਪੀਹੇ ਅਤੇ ਮੀਂਹ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ। ਇਸ ਪੰਛੀ ਨੂੰ ‘ਬਰਸਾਤੀ ਪਪੀਹਾ’ ਇਸ ਕਰਕੇ ਕਹਿੰਦੇ ਹਨ ਕਿਉਂਕਿ ਇਹ ਮੌਨਸੂਨ ਦੀਆਂ ਹਵਾਵਾਂ ਦੇ ਅੱਗੇ ਅੱਗੇ ਉੱਤਰੀ ਭਾਰਤ ਦੇ 2, 500 ਮੀਟਰ ਦੀ ਉਚਾਈ ਤਕ ਵਾਲੇ ਇਲਾਕਿਆਂ ਵਿੱਚ ਅਫ਼ਰੀਕਾ ਤੋਂ ਆਉਂਦਾ ਹੈ ਅਤੇ ਸਾਰਾ ਬਰਸਾਤ ਦਾ ਮੌਸਮ ਇੱਥੇ ਹੀ ਰਹਿੰਦਾ ਹੈ। ਇਹ ਪੰਛੀ ਜ਼ਮੀਨ ਉੱਤੇ ਬਹੁਤ ਘੱਟ ਉੱਤਰਦਾ ਹੈ ਅਤੇ ਜ਼ਿਆਦਾਤਰ ਦਰੱਖਤਾਂ ‘ਤੇ ਹੀ ਰਹਿੰਦਾ ਹੈ। ਇਹ ਪਾਣੀ ਵੀ ਵੱਡੇ ਦਰੱਖਤਾਂ ਦੇ ਪੱਤਿਆਂ ਵਿੱਚ ਇਕੱਠਾ ਹੋਇਆ ਹੀ ਪੀਂਦਾ ਹੈ। ਇਸੇ ਕਰਕੇ ਇਸ ਨੂੰ ‘ਚਾਟਕ’ ਵੀ ਕਹਿੰਦੇ ਹਨ। ਇਸ ਦੇ ਕਾਲੇ-ਚਿੱਟੇ ਰੰਗ ਕਰਕੇ ਇਸ ਨੂੰ ‘ਕਾਲਾ ਪਪੀਹਾ’ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਨੂੰ ‘ਪਾਈਡ ਕੁੱਕੂ’ ਅਤੇ ‘ਜੈਕੋਬੀਅਨ ਕੁੱਕੂ’ ਕਹਿੰਦੇ ਹਨ। ਇਸ ਪਪੀਹੇ ਦੇ ਸਿਰ ਉੱਤੇ ਛੋਟੇ-ਛੋਟੇ ਖੰਭਾਂ ਨਾਲ ਬਣੀ ਚੁੰਝ ਦੀ ਸ਼ਕਲ ਦੀ ਬੋਦੀ ਜਿਹੀ ਹੋਣ ਕਰਕੇ ਅੰਗਰੇਜ਼ੀ ਵਿੱਚ ਇਸ ਨੂੰ ‘ਪਾਈਡ ਕਰੈਸਟਿਡ ਕੁੱਕੂ’ ਵੀ ਕਿਹਾ ਜਾਂਦਾ ਹੈ। ਇਸ ਪਪੀਹੇ ਦਾ ਤਕਨੀਕੀ ਨਾਮ ‘ਕਲੈਮੇਟੋਰ ਜੈਕੋਬੀਨਸ ਸੀਰੇਟਸ’ ਹੈ। ਇਨ੍ਹਾਂ ਪਪੀਹਿਆਂ ਦੇ ਕੋਇਲਾਂ ਨਾਲ ਰਲ ਕੇ ਬਣੇ ਸਾਂਝੇ ਪਰਿਵਾਰ ਨੂੰ ‘ਕੁੱਕੂਲੀਡੇਈ’ ਕਹਿੰਦੇ ਹਨ।

ਲੋਕਾਈ ਨੂੰ ਸਮਝਾਉਣ ਲਈ ਗੁਰਬਾਣੀ ਵਿੱਚ ਬਹੁਤ ਥਾਂਵਾਂ ਤੇ ਪ੍ਰਚੱਲਿਤ ਕਹਾਣੀਆਂ ਅਤੇ ਮੁਹਾਵਰੇ ਵਰਤੇ ਗਏ ਹਨ। ਜਦੋਂ ਅਸੀਂ ਅਸਲੀ ਸਮਝਾਉਣ ਵਾਲੀ ਸਚਾਈ ਵਾਲੀ ਗੱਲ ਨੂੰ ਛੱਡ ਕੇ ਕਹਾਣੀਆਂ ਅਤੇ ਮੁਹਾਵਰਿਆਂ ਨੂੰ ਹੀ ਸੱਚ ਮੰਨਣ ਲੱਗ ਪੈਂਦੇ ਹਾਂ ਤਾਂ ਵੱਖਰੇਵੇਂ ਪੈਣੇ ਕੁਦਰਤੀ ਗੱਲ ਹੈ। ਡੇਰਿਆਂ ਵਾਲੇ ਸਾਰੇ ਸਾਧ, ਕਿਸੇ ਵਿਰਲੇ ਨੂੰ ਛੱਡ ਕੇ ਇਹੀ ਸਮਝਦੇ ਹਨ ਕਿ ਗੁਰਬਾਣੀ ਅੱਖਰ-ਅੱਖਰ ਸੱਚ ਹੈ। ਪਰ ਉਹ ਪ੍ਰਚੱਲਤ ਕਹਾਣੀਆਂ ਅਤੇ ਮੁਹਾਵਰਿਆਂ ਨੂੰ ਵੀ ਗੁਰੂ ਦੀ ਆਪਣੀ ਕਹੀ ਹੋਈ ਗੱਲ ਮੰਨਣ ਲੱਗ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਦੇ ਸਹੀ ਅਰਥਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਵੇਂ ਕਿ:

ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
ਜਲ ਕੀ ਮਾਛੁਲੀ ਚਰੈ ਖਜੂਰਿ ॥੧॥
ਕਾਂਇ ਰੇ ਬਕਬਾਦੁ ਲਾਇਓ ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥(ਪੰਨਾਂ ੭੧੮)

ਆਸਾ॥ ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ॥ ੧॥ ਰਾਜਾ ਰਾਮ ਕਕਰੀਆ ਬਰੇ ਪਕਾਏ॥ ਕਿਨੈ ਬੂਝਨਹਾਰੈ ਖਾਏ॥ ੧॥ ਰਹਾਉ॥ ਬੈਠਿ ਸਿੰਘੁ ਘਰਿ ਪਾਨ ਲਗਾਵੈ, ਘੀਸ ਗਲਉਰੇ ਲਿਆਵੈ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ, ਕਛੂਆ ਸੰਖੁ ਬਜਾਵੈ॥ ੨॥ ਬੰਸ ਕੋ ਪੂਤੁ ਬੀਆਹਨ ਚਲਿਆ, ਸੁਇਨੇ ਮੰਡਪ ਛਾਏ॥ ਰੂਪ ਕੰਨਿਆ ਸੁੰਦਰਿ ਬੇਧੀ, ਸਸੈ ਸਿੰਘ ਗੁਨ ਗਾਏ॥ ੩॥ ਕਹਤ ਕਬੀਰ ਸੁਨਹੁ ਰੇ ਸੰਤਹੁ, ਕੀਟੀ ਪਰਬਤੁ ਖਾਇਆ॥ ਕਛੂਆ ਕਹੈ ਅੰਗਾਰ ਭਿ ਲੋਰਉ, ਲੂਕੀ ਸਬਦੁ ਸੁਨਾਇਆ॥ ੪॥ ੬॥ {ਪੰਨਾ ੪੭੭}

ਹੁਣ ਜੇ ਸੋਚੀਏ ਤਾਂ ਕੀ ਜਲ ਵਿੱਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ੍ਹ ਸਕਦੀ ਹੈ? ਹਾਥੀ ਰਬਾਬ ਵਜਾ ਸਕਦਾ ਹੈ ਅਤੇ ਹੋਰ ਉਸ ਤਰ੍ਹਾਂ ਕਰ ਸਕਦੇ ਹਨ ਜਿਸ ਤਰ੍ਹਾਂ ਲਿਖਿਆ ਹੈ। ‘ਸਿੱਖ ਮਾਰਗ’ ਤੇ ਇਸ ਬਾਰੇ ਬਹੁਤ ਵਾਰੀ ਲਿਖਿਆ ਜਾ ਚੁੱਕਾ ਹੈ ਅਤੇ ਕੁੱਝ ਮਹੀਨੇ ਪਹਿਲਾਂ ਡਾ: ਗੁਰਮੀਤ ਸਿੰਘ ਬਰਸਾਲ ਦਾ ਇੱਕ ਲੇਖ ਵੀ ਛਪਿਆ ਸੀ ਜਿਸ ਦਾ ਸਿਰਲੇਖ ਸੀ, "ਕੀ ਗੁਰਬਾਣੀ ਦਾ ਅੱਖਰ-ਅੱਖਰ ਸੱਚ ਹੈ"। ਤੁਸੀਂ ਇਹ ਲੇਖ, ਲੇਖ ਲੜੀ ਚੌਥੀ ਵਿੱਚ ਪੜ੍ਹ ਸਕਦੇ ਹੋ।

ਬਾਬੀਹੇ ਬਾਰੇ ਗੁਰਬਾਣੀ ਵਿੱਚ ਕੁੱਝ ਹੋਰ ਸ਼ਬਦ:

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥ ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ॥ ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ॥ ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ॥ ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ॥ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ॥ ੨॥ {ਪੰਨਾ ੧੧੦੭}

ਮਲਾਰ ਮਹਲਾ ੧॥ ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ॥ ੧॥ ਰੈਨਿ ਬਬੀਹਾ ਬੋਲਿਓ ਮੇਰੀ ਮਾਈ॥ ੧॥ ਰਹਾਉ॥ ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ॥ ੨॥ ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ॥ ੩॥ ਰੂਖੀ ਬਿਰਖੀ ਊਡਉ ਭੂਖਾ ਪੀਵਾ ਨਾਮੁ ਸੁਭਾਈ॥ ੪॥ ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ॥ ੫॥ ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ॥ ੬॥ ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨੀਦ ਨ ਪਾਈ॥ ੭॥ ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ॥ ੮॥ ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ॥ ੯॥ ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ॥ ੧੦॥ ੩॥ (ਪੰਨਾ ੧੨੭੪)

ਸਲੋਕ ਮਃ ੩॥ ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ॥ ਅਪਣੀ ਕਿਰਪਾ ਕਰਿ ਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇ॥ ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ॥ ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ॥ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ, ਗੁਰਮੁਖਿ ਦੇਵੈ ਹਰਿ ਸੋਇ॥ ੧॥ (ਪੰਨਾ ੧੨੮੧)

ਸਲੋਕ ਮਃ ੩॥ ਬਾਬੀਹਾ, ਨਾ ਬਿਲਲਾਇ, ਨਾ ਤਰਸਾਇ ਏਹੁ ਮਨੁ, ਖਸਮ ਕਾ ਹੁਕਮੁ ਮੰਨਿ॥ ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ॥ ੧॥ (ਪੰਨਾ ੧੨੮੨)

ਮਃ ੩॥ ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ॥ ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ॥ ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ॥ ਏਤੈ ਜਲਿ ਵਰਸਦੈ ਤਿਖ ਮਰਹਿ, ਭਾਗ ਤਿਨਾ ਕੇ ਨਾਹਿ॥ ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ॥ ੨॥ (ਪੰਨਾ ੧੨੮੨)

ਸਲੋਕ ਮਃ ੩॥ ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ॥ ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥ ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ॥ ੧॥ (ਪੰਨਾ ੧੨੮੩)

ਜਿਸ ਵੇਲੇ ਗੁਰਬਾਣੀ ਉਚਾਰੀ ਗਈ ਸੀ ਉਸ ਵੇਲੇ ਨਾ ਤਾਂ ਬਿਜਲੀ ਸੀ ਅਤੇ ਨਾ ਹੀ ਸਿੱਖ ਸਾਰੀ ਦੁਨੀਆ ਵਿੱਚ ਜਾ ਕੇ ਵਸੇ ਹੋਏ ਸਨ। ਜੇ ਕਰ ਉਸ ਵੇਲੇ ਵੱਲ ਝਾਤੀ ਮਾਰੀਏ ਤਾਂ ਇਹ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਆ ਸਕਦੀ ਕਿ ਲੋਕ ਸੁਰਜ ਚੜ੍ਹਨ ਵੇਲੇ ਕੰਮਾਂ ਤੇ ਲੱਗ ਜਾਂਦੇ ਸਨ ਅਤੇ ਸੂਰਜ ਛਿਪਣ ਵੇਲੇ ਕੰਮ ਕਾਰ ਬੰਦ ਕਰ ਦਿੰਦੇ ਸਨ। ਜਦ ਕੁੱਝ ਕਰਨ ਲਈ ਹੀ ਨਹੀਂ ਸੀ ਤਾਂ ਰਾਤ ਨੂੰ ਕੋਈ ਕਿੰਨਾ ਕੁ ਚਿਰ ਜਾਗ ਸਕਦਾ ਸੀ। ਉਸ ਵੇਲੇ ਕਿਹੜਾ ਇੰਟਰਨੈੱਟ, ਟੀ. ਵੀ. ਰੇਡੀਓ, ਫੂਨ ਜਾਂ ਹੋਰ ਕੋਈ ਸਾਧਨ ਸਨ ਜਿਹਨਾ ਆਸਰੇ ਕੋਈ ਜਾਗਦਾ ਰਹਿੰਦਾ। ਦੀਵੇ ਦੀ ਲੋਅ ਵਿੱਚ ਗੱਲਾਂ ਬਾਤਾਂ ਹੀ ਕੀਤੀਆਂ ਜਾ ਸਕਦੀਆਂ ਸਨ ਅਤੇ ਜਾਂ ਫਿਰ ਥੋੜਾ ਬਹੁਤਾ ਕੋਈ ਪੜ੍ਹ ਲਿਖ ਸਕਦਾ ਸੀ। ਇਸ ਲਈ ਸੁਵਖਤੇ ਸੌਣਾ ਅਤੇ ਉਠਣਾ ਆਮ ਗੱਲ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਬਾਣੀ ਪੜ੍ਹਨੀ ਪੰਜਾਬ ਦੇ ਲੋਕਾਂ ਲਈ ਅੰਮ੍ਰਿਤ ਵੇਲਾ ਠੀਕ ਸੀ ਕਿਉਂਕਿ ਸਾਰਿਆਂ ਨੇ ਦਿਨ ਨੂੰ ਹੀ ਸੂਰਜ ਦੀ ਰੋਸ਼ਨੀ ਵਿੱਚ ਕੰਮ ਕਰਨਾ ਹੁੰਦਾ ਸੀ। ਹੁਣ ਸਮਾ ਬਦਲ ਗਿਆ ਹੈ। ਸਿੱਖ ਸਾਰੀ ਦੁਨੀਆ ਵਿੱਚ ਵਸਦੇ ਹਨ ਅਤੇ ਕੰਮ ਵੀ ਦਿਨ ਰਾਤ ਚਲਦੇ ਹਨ। ਇਸ ਲਈ ਗੁਰਬਾਣੀ ਦਾ ਯੂਨੀਵਰਸਲ ਟਰੁੱਥ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਕਰ ਉਹ ਸਾਰੀ ਦੁਨੀਆ ਵਿੱਚ ਇਕੋ ਜਿਹਾ ਲਾਗੂ ਹੋਵੇ ਨਾ ਕਿ ਕਿਸੇ ਖਾਸ ਛੋਟੇ ਜਿਹੇ ਖਿੱਤੇ ਵਿਚ।

ਫਿਰ ਮੇਰਾ ਕਿਹੜਾ ਅੰਮ੍ਰਿਤ ਵੇਲਾ ਹੋਇਆ:- ਕੋਈ 35 ਕੁ ਸਾਲ ਮੈਂ ਦਿਨ ਅਤੇ ਸ਼ਾਮ ਦੀ ਸ਼ਿਫਟ ਵਿੱਚ ਕੰਮ ਕੀਤਾ ਹੈ ਅਤੇ ਹੁਣ 7 ਕੁ ਸਾਲਾਂ ਤੋਂ ਰਾਤ ਦਾ ਕੰਮ ਕਰਦਾ ਹਾਂ। ਜਦੋਂ ਦਿਨ ਦੀ ਸ਼ਿਫਟ ਹੁੰਦੀ ਸੀ ਤਾਂ ਸਵੇਰੇ 4: 30 ਤੋਂ 5: 00 ਦੇ ਦਰਮਿਆਨ ਉਠਦਾ ਸੀ ਜਿਸ ਨੂੰ ਕਿ ਅੰਮ੍ਰਿਤ ਵੇਲਾ ਗਿਣਿਆ ਜਾ ਸਕਦਾ ਹੈ। ਸ਼ਾਮ ਦੀ ਸ਼ਿਫਟ ਵੇਲੇ ਰਾਤ ਨੂੰ ਇੱਕ ਵਜੇ ਕੰਮ ਤੋਂ ਹਟ ਕੇ ਘਰੇ ਆ ਕੇ ਨਹਾਉਣ ਅਤੇ ਕੁੱਝ ਖਾਣ ਤੋਂ ਬਾਅਦ ਢਾਈ ਕੁ ਵੱਜ ਜਾਂਦੇ ਸਨ। ਫਿਰ ਅੱਖਾਂ ਮਿਟਣ ਲੱਗ ਜਾਂਦੀਆਂ ਸਨ। ਕੀ ਉਸ ਵੇਲੇ ਹਠ ਕਰਕੇ ਅੰਮ੍ਰਿਤ ਵੇਲਾ ਬਣਾਇਆ ਜਾ ਸਕਦਾ ਸੀ ਅਤੇ ਜਾਂ ਫਿਰ ਦੋ ਘੰਟੇ ਸੌਂ ਕੇ ਫਿਰ ਉਠ ਕੇ? ਹੁਣ ਮੈਂ ਰਾਤ ਦਾ ਕੰਮ ਕਰਦਾ ਹਾਂ। ਇੱਕ ਦਿਨ ਰਾਤ ਨੂੰ ਬਾਰ੍ਹਾਂ ਵਜੇ ਅਤੇ ਚਾਰ ਦਿਨ ਇੱਕ ਵਜੇ ਕੰਮ ਤੇ ਲੱਗਣਾ ਹੁੰਦਾ ਹੈ। ਹੁਣ ਦੱਸੋ ਮੈਂ ਕਿਹੜੇ ਵੇਲੇ ਨੂੰ ਅੰਮ੍ਰਿਤ ਵੇਲਾ ਬਣਾਵਾਂ? ਉਂਜ ਵੀ ਜੱਥੇ ਮੈਂ ਰਹਿੰਦਾ ਹਾਂ ਇਹ ਵੈਨਕੂਵਰ ਤੋਂ ਨੌਰਥ ਵੱਲ 650 ਕਿ: ਮੀ: ਦੇ ਲੱਗ ਭੱਗ ਹੈ। ਇੱਥੇ ਜੂਨ ਦੇ ਮਹੀਨੇ ਸੂਰਜ ਸਾਢੇ ਨੌਂ ਤੋਂ ਬਾਅਦ ਛਿਪਦਾ ਹੈ ਅਤੇ ਸਵੇਰੇ ਤਿੰਨ ਕੁ ਵਜੇ ਫਿਰ ਲੋਅ ਹੋ ਜਾਂਦੀਂ ਹੈ। ਇਸ ਤੋਂ ਅੱਗੇ ਜਿਵੇਂ ਜਿਵੇਂ ਨੌਰਥ ਪੋਲ ਵੱਲ ਨੂੰ ਜਾਈਏ ਤਾਂ ਜੂਨ ਵਿੱਚ ਦਿਨ ਹੋਰ ਵੀ ਵੱਡੇ ਹੁੰਦੇ ਜਾਂਦੇ ਹਨ। ਫਿਰ ਅਖੀਰ ਤੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਵਾਲੀ ਜਗਾਹ ਆ ਜਾਂਦੀ ਹੈ। ਹੁਣ ਤੁਸੀਂ ਦੱਸੋ ਕਿ ਜੇ ਕਰ ਕੋਈ ਸਿੱਖ ਉਥੇ ਰਹੇ ਤਾਂ ਉਸ ਦਾ ਕਿਹੜਾ ਅੰਮ੍ਰਿਤ ਵੇਲਾ ਹੋਵੇਗਾ ਅਤੇ ਕਿਹੜਾ ਸੂਰਜ ਡੁੱਬਣ ਤੋਂ ਬਾਅਦ ਸੋਦਰੁ ਦਾ?

ਟਰੱਕਾਂ ਵਾਲੇ ਵੀਰ 10-14 ਘੰਟੇ ਤੱਕ ਆਮ ਹੀ ਟਰੱਕ ਚਲਾਉਂਦੇ ਹਨ ਅਤੇ ਬਹੁਤੇ ਚਲਾਉਂਦੇ ਵੀ ਰਾਤ ਨੂੰ ਹਨ। ਜੇ ਕਰ ਉਹ ਮਿੱਥੇ ਗਏ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਲੱਗ ਜਾਣ ਤਾਂ ਕੀ ਉਹ ਆਪਣੇ ਲੋਡ ਨੂੰ ਸਮੇ ਸਿਰ ਪਹੁੰਚਾ ਸਕਦੇ ਹਨ? ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਸਵੇਰ ਦੇ ਚਾਰ ਕੁ ਵਜੇ ਵਾਲੇ ਮਿੱਥੇ ਹੋਏ ਸਮੇ ਨੂੰ ਹੀ ਅੰਮ੍ਰਿਤ ਵੇਲਾ ਗਿਣਦੇ ਹਨ ਕੀ ਉਹਨਾ ਦਾ ਜੀਵਨ ਹੋਰਨਾ ਨਾਲੋਂ ਕੋਈ ਜ਼ਿਆਦਾ ਉਚਾ ਹੋ ਗਿਆ ਹੈ? ਹਫਤਾ ਕੁ ਪਹਿਲਾਂ 21 ਅਕਤੂਬਰ 2017 ਨੂੰ ਅਜੀਤ ਅਖਬਾਰ ਵਿੱਚ ਇੱਕ ਖਬਰ ਛਪੀ ਸੀ। ਇੱਕ ਚੌੜੇ ਗਾਤਰੇ ਵਾਲੇ ਭਾਈ ਨੇ ਜਿਹੜਾ ਕਿ ਐਬਟਸਫੋਰਡ ਸ਼ਹਿਰ ਦਾ ਰਹਿਣ ਵਾਲਾ ਸੀ ਨੇ ਆਪਣੀ ਘਰ ਵਾਲੀ ਦਾ ਕਤਲ ਆਪਣੇ ਸਾਥੀਆਂ ਨਾਲ ਇਸ ਤਰ੍ਹਾਂ ਕਰਵਾਇਆ ਕਿ ਉਹ ਇੱਕ ਹਾਦਸਾ ਲੱਗੇ। ਛਪੀ ਖਬਰ ਮੁਤਾਬਕ, ਕੋਈ 20 ਕੁ ਸਾਲ ਪਹਿਲਾਂ ਇਹ ਨਿਊਯਾਰਕ ਵਿੱਚ ਡਰੱਗ ਦਾ ਧੰਦਾ ਵੀ ਕਰਦਾ ਰਿਹਾ ਸੀ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਹਨ ਜਿਹੜੇ ਕਿ ਉਥੇ ਦੇ ਇੱਕ ਖਾਸ ਗੁਰਦੁਆਰੇ ਨਾਲ ਸੰਬੰਧਿਤ ਹਨ ਅਤੇ ਉਹ ਵੀ ਬਹੁਤ ਬਾਣੀ ਪੜ੍ਹਨ ਅਤੇ ਅੰਮ੍ਰਿਤ ਵੇਲੇ ਦੀ ਦੁਹਾਈ ਦਿੰਦੇ ਹਨ, ਪਰ ਚੌਧਰ ਦੀ ਖਾਤਰ ਇੱਕ ਦੂਸਰੇ ਤੇ ਕੇਸ ਵੀ ਕੋਰਟਾਂ ਵਿੱਚ ਕੀਤੇ ਹੋਏ ਹਨ।

ਜਿਤਨੇ ਵੀ ਡੇਰਿਆਂ ਵਾਲੇ ਸਾਧ ਅਤੇ ਉਹਨਾ ਦੇ ਚੇਲੇ ਹਨ ਉਹ ਵੀ ਬਹੁਤ ਅੰਮ੍ਰਿਤ ਵੇਲੇ ਦੀ ਦੁਹਾਈ ਦਿੰਦੇ ਹਨ। ਕੀ ਉਹਨਾ ਸਾਰਿਆਂ ਦਾ ਜੀਵਨ ਬਾਕੀਆਂ ਨਾਲੋਂ ਕੋਈ ਬਹੁਤਾ ਚੰਗਾ ਬਣ ਗਿਆ ਹੈ? ਸਾਧ ਖੁਦ ਅਤੇ ਉਹਨਾ ਦੇ ਸ਼ਰਧਾਲੂਆਂ ਤੇ ਆਮ ਹੀ ਬਲਾਤਕਾਰ ਦੇ ਦੋਸ਼ ਲਗਦੇ ਰਹਿੰਦੇ ਹਨ। ਇਹ ਤਕਰੀਬਨ ਸਾਰੇ ਹੀ ਅੱਖਰੀ ਅਰਥਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਾਰੇ ਹੀ ਧਰਮ ਰਾਜ, ਚਿਤਰ ਗੁਪਤ, ਜਮਦੂਤ, ਨਰਕ ਸੁਰਗ ਅਤੇ ਹੋਰ ਸਾਰੀ ਹਿੰਦੂ ਮਥਿਔਲੌਜੀ ਨੂੰ ਮੰਨਦੇ ਹਨ। ਇਸੇ ਕਰਕੇ ਇਹ ਸਾਰੇ ਦਸਮ ਗ੍ਰੰਥ ਦੇ ਹਮਾਇਤੀ ਵੀ ਹਨ। ਉਹ ਗ੍ਰੰਥ ਭਾਵੇਂ ਗੁਰੂ ਨੂੰ ਪੱਗਾਂ ਲਾਹ ਕੇ ਸਰੋਪੇ ਦੇਣ ਅਤੇ ਵੇਚਣ ਵਾਲਾ ਕਹੇ, ਰਾਤ ਨੂੰ ਪਰਾਈਆਂ ਇਸਤਰੀਆਂ ਕੋਲ ਭੇਜਦਾ ਫਿਰੇ ਅਤੇ ਜਾਂ ਫਿਰ ਲਓ ਕੁਸ਼ੂ ਦੀ ਔਲਾਦ ਦੱਸੇ। ਇਹਨਾ ਨੇ ਉਹ ਸਾਰਾ ਕੁੱਝ ਮੰਨਣਾ ਹੀ ਮੰਨਣਾ ਹੈ। ਜਿਹੜਾ ਸਾਧ ਧਰਮ ਦੇ ਨਾਮ ਤੇ ਸਭ ਤੋਂ ਵੱਧ ਝੂਠ ਬੋਲ ਕੇ ਗੁਮਰਾਹ ਕਰੇ ਉਹੀ ਇਹਨਾ ਲਈ ਸਭ ਤੋਂ ਵੱਡਾ ਬ੍ਰਹਮਗਿਆਨੀ ਹੈ।

ਗੁਰਬਾਣੀ ਦਾ ਇੱਕ ਹੋਰ ਸ਼ਬਦ ਵੀ ਅੰਮ੍ਰਿਤ ਵੇਲੇ ਨਾਲ ਸੰਬੰਧਿਤ ਆਮ ਹੀ ਪੜ੍ਹਿਆ ਜਾਂਦਾ ਹੈ। ਉਹ ਇਹ ਹੈ:

ਮ: ੪॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ {ਪੰਨਾ ੩੦੫}

ਇਸ ਸ਼ਬਦ ਵਿੱਚ ਅੰਮ੍ਰਿਤਸਰ ਨਹਾਉਣ ਦਾ ਵੀ ਜ਼ਿਕਰ ਹੈ। ਭਾਂਵੇਂ ਕਿ ਪ੍ਰੋ: ਸਾਹਿਬ ਸਿੰਘ ਨੇ ਅੰਮ੍ਰਿਤਸਰ ਨਾਮ ਨੂੰ ਕਿਹਾ ਹੈ ਪਰ ਫਿਰ ਵੀ ਬਹੁਤੇ ਡੇਰੇਦਾਰ ਇਸ ਨੂੰ ਸਰੋਵਰ ਨਾਲ ਜੋੜਦੇ ਹਨ। ਕੀ ਇਹ ਸੰਭਵ ਹੈ ਕਿ ਸਾਰੇ ਦੁਨੀਆ ਦੇ ਸਿੱਖ ਸਵੇਰੇ ਵੇਲੇ ਉਥੇ ਜਾ ਕੇ ਇਸ਼ਨਾਨ ਕਰ ਸਕਣ? ਇਸੇ ਤਰ੍ਹਾਂ ਹੀ ਪੰਨਾ 624 ਤੇ ਇੱਕ ਸ਼ਬਦ ਦੀਆਂ ਪੰਗਤੀਆਂ ਹਨ: ਰਾਮਦਾਸਿ ਸਰੋਵਰ ਨਾਤੇ॥ ਸਭ ਲਾਥੇ ਪਾਪ ਕਮਾਤੇ॥ ੨॥ ਕੀ ਸਰੋਵਰ ਵਿੱਚ ਇਸਨਾਨ ਕਰਨ ਨਾਲ ਸਾਰੇ ਪਾਪ ਲਹਿ ਜਾਂਦੇ ਹਨ? ਜੇ ਕਰ ਇਸ ਤਰ੍ਹਾਂ ਹੁੰਦਾ ਹੋਵੇ ਫਿਰ ਤਾਂ ਉਥੇ ਰਹਿਣ ਵਾਲਿਆਂ ਲਈ ਮੌਜਾਂ ਹੀ ਮੌਜਾਂ। ਸਾਰੀ ਦਿਹਾੜੀ ਜਿਤਨਾ ਮਰਜੀ ਝੂਠ ਬੋਲਣ ਘੱਟ ਤੋਲਣ ਅਤੇ ਜਾਂ ਫਿਰ ਗੋਲਕਾਂ ਲੁੱਟਣ। ਕਿਉਂਕ ਪਾਪ ਤਾਂ ਲਹਿ ਹੀ ਜਾਣੇ ਹਨ ਇਸ ਲਈ ਇਹ ਸਾਰਾ ਕੁੱਝ ਕਰਨ ਤੋਂ ਬਾਅਦ ਇਸ਼ਨਾਨ ਕਰ ਲਿਆ ਕਰਨ। ਵਾਹ ਜੀ ਵਾਹ ਕੈਸਾ ਸਿੱਖੀ ਦਾ ਕਿਰਦਾਰ ਹੈ?

ਜੇ ਕਰ ਲੰਮਾ ਸਮਾ ਮੀਂਹ ਨਾ ਪਵੇ ਤਾਂ ਕਾਲ ਪੈ ਜਾਂਦੇ ਹਨ ਅੱਗਾਂ ਲੱਗ ਜਾਂਦੀਆਂ ਹਨ ਅਤੇ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਸਾਰੀ ਦੁਨੀਆ ਤੇ ਇਹ ਤਕਰੀਬਨ ਹਰੇਕ ਸਾਲ ਹੀ ਹੁੰਦਾ ਹੈ। ਇਸ ਸਾਲ ਵੀ ਬਹੁਤ ਹੋਇਆ ਹੈ। ਸਾਡੇ ਆਪਣੇ ਇਲਾਕੇ ਵਿਚ, ਇਸ ਗਰਮੀ ਦੇ ਮੌਸਮ ਵਿੱਚ ਮੀਂਹ ਘੱਟ ਪੈਣ ਦੇ ਕਾਰਨ ਲੱਕੜ ਦੇ ਜੰਗਲਾਂ ਨੂੰ ਅੱਗ ਲੱਗਣ ਦੇ ਕਾਰਨ 10 ਲੱਖ ਏਕੜ ਤੋਂ ਵੀ ਵੱਧ ਲੱਕੜ ਵਾਲਾ ਜੰਗਲ ਜਲ ਗਿਆ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਕੈਲੇਫੋਰਨੀਆਂ ਵਿੱਚ ਅੱਗ ਲੱਗਣ ਦੇ ਕਾਰਨ ਹਜ਼ਾਰਾਂ ਹੀ ਘਰ ਜਲ ਕੇ ਰਾਖ ਹੋ ਗਏ ਹਨ ਅਤੇ ਕਈ ਮੌਤਾਂ ਵੀ ਹੋ ਗਈਆਂ ਹਨ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਮੀਂਹ ਨਾ ਪੈਣ ਦੇ ਕਾਰਨ ਹਾਲੇ ਵੀ ਕਾਲ ਪੈ ਜਾਂਦਾ ਹੈ ਅਤੇ ਭੁੱਖਮਰੀ ਹੋ ਜਾਂਦੀ ਹੈ। ਗੁਰੂ ਸਾਹਿਬ ਦੇ ਵੇਲੇ ਵੀ ਮੀਂਹ ਨਾ ਪੈਣ ਦੇ ਕਾਰਨ ਕਾਲ ਪੈਂਦਾ ਰਿਹਾ ਹੈ। ਕੀ ਇਸ ਸਾਰੇ ਦਾ ਇਲਾਜ ਇੱਕ ਪੰਛੀ ਬਾਬੀਹੇ ਨਾਲ ਨਹੀਂ ਕੀਤਾ ਜਾ ਸਕਦਾ? ਜੇ ਕਰ ਉਸ ਦੇ ਅੰਮ੍ਰਿਤ ਵੇਲੇ ਬੋਲਣ ਨਾਲ ਮੀਂਹ ਪੈ ਸਕਦਾ ਹੋਵੇ ਤਾਂ ਹੁਣ ਤੱਕ ਸਾਰੀ ਦੁਨੀਆ ਬੇਵਕੂਫ ਕਿਉਂ ਬਣੀ ਰਹੀ ਹੈ? ਕਿਉਂ ਨਹੀਂ ਬਾਬੀਹੇ ਇਕੱਠੇ ਕਰਕੇ ਉਹਨਾ ਤੋਂ ਮੀਂਹ ਪਵਾਉਣ ਦਾ ਕੰਮ ਲਿਆ ਜਾਂਦਾ? ਗੁਰੂ ਜੀ ਵੀ ਲੋਕਾਈ ਲਈ ਐਵੇਂ ਹੀ ਛੇ-ਹਰਟੇ ਖੂਹ ਲਵਾਉਂਦੇ ਰਹੇ ਹਨ। ਇਹ ਕੰਮ ਬਾਬੀਹਿਆਂ ਤੋਂ ਕਿਉਂ ਨਹੀਂ ਲਿਆ ਗਿਆ? ਕੀ ਕੋਈ ਪਾਠਕ ਵਿਸਥਾਰ ਨਾਲ ਇਸ ਤੇ ਚਾਨਣਾ ਪਾ ਸਕਦਾ ਹੈ?

ਮੱਖਣ ਸਿੰਘ ਪੁਰੇਵਾਲ,

ਅਕਤੂਬਰ 29, 2017.




.