.

ਆਸਾ ਕੀ ਵਾਰ

(ਕਿਸ਼ਤ ਨੰ: 18)

ਪਉੜੀ ਸਤਾਰਵੀਂ ਅਤੇ ਸਲੋਕ

ਸਲੋਕੁ ਮਃ ੧।।

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ।।

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।।

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।।

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।। ੧।।

ਪਦ ਅਰਥ:- ਜੇ – ਜੇਕਰ। ਮੋਹਾਕਾ – ਚੋਰ, ਠੱਗ ਠੱਗਣ ਵਾਲਾ। ਘਰੁ ਮੁਹਿ – (ਚੋਰ, ਠੱਗਣ ਵਾਲੇ) ਦੇ ਘਰ ਦਾ ਜੀਅ ਮਰ ਜਾਏ ਤਾਂ। ਮੁਹਿ – ਠੱਗਿਆ ਹੋਇਆ ਮਾਲ, ਮੋਹਾਕਾ ਤੋਂ ਮੁਹਿ ਹੈ। ਪਿਤਰੀ ਦੇਹਿ – ਪਿੱਤਰਾਂ ਦੇ ਨਮਿਤ ਦੇਵੇ। ਅਗੈ ਵਸਤੁ ਸਿਞਾਣੀਐ – ਅਗੈ ਉਹ ਵਸਤ ਸਿਆਣੀ ਜਾਵੇ ਤਾਂ। ਪਿਤਰੀ ਚੋਰ ਕਰੇਇ – ਉਹ ਵਸਤ ਪਿੱਤਰਾਂ ਨੂੰ ਚੋਰ ਸਾਬਤ ਕਰ ਦੇਵੇਗੀ। ਵਢੀਅਹਿ ਹਥ ਦਲਾਲ ਕੇ – ਐਸੇ ਦਲਾਲ ਦੇ ਹੱਥ ਵੱਡ ਭਾਵ ਦਲਾਲ ਨੂੰ ਪਾਸੇ ਕਰ ਦੇਣਾ ਚਾਹੀਦਾ ਹੈ। ਮੁਸਫੀ – ਠੱਗੀ

ਅਰਥ:- ਜਿਹੜਾ (ਬਿਪਰ) ਪਿੱਤਰਾਂ ਦੇ ਨਾ `ਤੇ ਆਪ ਠੱਗੀ ਮਾਰਦਾ ਹੈ ਜਦੋਂ ਉਹ ਠੱਗਿਆ ਮਾਲ ਘਰ ਦੇ ਮੋਇਆਂ ਹੋਇਆਂ ਪਿੱਤਰਾਂ ਦੇ ਨਾ `ਤੇ ਦਾਨ ਦੇਵੇਗਾ ਤਾਂ ਉਹ ਵਸਤ ਜੇਕਰ ਅੱਗੇ ਜਾ ਕੇ ਸਿਆਣੀ ਜਾਏ ਤਾਂ ਉਹ ਵਸਤ ਤਾਂ ਉਸ ਦੇ ਆਪਣੇ ਹੀ ਪਿੱਤਰਾਂ ਨੂੰ ਚੋਰ ਸਾਬਤ ਕਰ ਦੇਵੇਗੀ। ਐਸੇ ਦਲਾਲ ਦੇ ਹੱਥ ਵੱਡ ਦੇਣੇ ਚਾਹੀਦੇ ਹਨ ਭਾਵ ਉਸ ਨੂੰ ਦਾਨ ਨਹੀਂ ਦੇਣਾ ਚਾਹੀਦਾ, ਉਸ ਨੂੰ ਕਿਸੇ ਕਿਸਮ ਦੀ ਦਲਾਲੀ ਨਹੀਂ ਦੇਣੀ ਚਾਹੀਦੀ ਉਸ ਨੂੰ ਰਸਤੇ ਵਿੱਚੋਂ ਹਟਾ ਦੇਣਾ ਚਾਹੀਦਾ ਹੈ, ਨਾਨਕ ਆਖਦਾ ਹੈ (ਇਸ ਠੱਗ ਦੇ ਕਹਿਣ ਮੁਤਾਬਕ) ਜੇਕਰ ਅੱਗੇ ਉਹ ਕੁੱਝ ਮਿਲਦਾ ਹੈ ਤਾਂ ਘੱਟ ਤੋਂ ਘੱਟ ਆਪਣੇ ਪਿੱਤਰਾਂ ਨੂੰ ਤਾਂ ਚੋਰ ਸਾਬਤ ਤਾ ਨਾ ਕਰੇ। ਉਹ ਤਾਂ ਆਪਣੀ ਘਾਲ/ਕਿਰਤ ਕਮਾਈ ਵਿੱਚੋ ਤਾਂ ਦੇਵੇ।

ਨੋਟ:- ਅੱਗੇ ਮਿਲਦਾ ਤਾਂ ਕੁੱਝ ਵੀ ਨਹੀਂ ਇਹ ਇੱਕ ਵਿਅੰਗ ਹੈ।

ਮਃ ੧।।

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ।।

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ।।

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ।।

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ।। ੨।।

ਪਦ ਅਰਥ:- ਜਿਉ – ਜਿਵੇਂ, ਕਿਵੇਂ। ਜੋਰੂ – ਇਸਤ੍ਰੀ। ਸਿਰਨਾਵਣੀ – ਮਹਾਵਾਰੀ, ਇੱਕ ਕੁਦਰਤੀ ਪਵਿੱਤਰ ਕਿਰਿਆ ਹੈ, ਜਿਸ ਨੂੰ ਝੂਠੇ, ਕਪਟੀ, ਫਰੇਬੀ, ਸੱਚ ਤੋਂ ਭਟਕੇ ਹੋਏ ਲੋਕ ਅਪਵਿੱਤਰ ਦੱਸਦੇ ਹਨ। ਆਵੈ ਵਾਰੋ ਵਾਰ – ਇਹ ਕੁਦਰਤੀ ਪਵਿੱਤਰ ਕਿਰਿਆ ਦੇ ਕ੍ਰਮ ਵਾਰ ਆਉਣ ਨੂੰ। ਜੂਠੇ ਜੂਠਾ – ਜੂਠੇ, ਝੂਠੇ, ਫਰੇਬੀ, ਕਪਟੀ। ਮੁਖਿ ਵਸੈ – ਜਿਨ੍ਹਾਂ ਦੇ ਆਪਣੇ ਮੂੰਹ ਵਿੱਚ ਜੂਠ ਵੱਸਦੀ ਹੈ। ਨਿਤੁ ਨਿਤੁ – ਹਮੇਸ਼ਾਂ, ਹਰ ਵਕਤ। ਹੋਇ ਖੁਆਰੁ – ਭਟਕੇ ਹੋਏ ਕਪਟੀ ਮਨੁੱਖ, ਜਿਨ੍ਹਾਂ ਦਾ ਆਪਣਾ ਕੋਈ ਦੀਨ ਮਜ਼੍ਹਬ ਨਹੀਂ। ਸੂਚੇ ਇਹ ਨ ਆਖੀਅਹਿ – ਇਨ੍ਹਾਂ ਨੂੰ ਸੁੱਚੇ ਨਹੀਂ ਆਖਣਾ ਚਾਹੀਦਾ। ਬਹਨਿ ਜਿ ਪਿੰਡਾ ਧੋਇ – ਜੋ ਪਿੰਡਾ ਧੋ ਕੇ ਬਹਿਣ ਨਾਲ ਆਪਣੇ ਆਪ ਨੂੰ ਸੁੱਚਾ ਸਮਝਦੇ ਹਨ। ਸੂਚੇ ਸੇਈ ਨਾਨਕਾ – ਨਾਨਕ ਆਖਦਾ ਹੈ ਸੁੱਚੇ ਤਾਂ ਦਰਅਸਲ ਉਹ ਹਨ। ਜਿਨ ਮਨਿ ਵਸਿਆ ਸੋਇ – ਜਿਨ੍ਹਾਂ ਦੇ ਹਿਰਦੇ ਅੰਦਰ ਸਰਬਵਿਆਪਕ ਸੱਚ ਹੋਇਆ ਹੈ। ਸੋਇ – ਸਰਬਵਿਆਪਕ ਸੱਚ।

ਅਰਥ:- ਹੇ ਭਾਈ! ਇਸ ਤਰ੍ਹਾਂ ਜਿਹੜੇ ਲੋਕ ਆਪ ਝੂਠੇ, ਜੂਠੇ, ਫਰੇਬੀ, ਕਪਟੀ ਅਤੇ ਭਟਕੇ ਹੋਏ ਮਨੁੱਖ ਹਨ, ਜਿਨ੍ਹਾਂ ਦੇ ਆਪਣੇ ਮੂੰਹ ਵਿੱਚ ਨਿਤਾ ਪ੍ਰਤੀ ਜੂਠ ਵੱਸਦੀ ਹੈ ਭਾਵ ਜਿਨ੍ਹਾਂ ਦਾ ਆਪਣਾ ਕੋਈ ਦੀਨ ਮਜ਼੍ਹਬ ਨਹੀਂ ਹੈ, ਉਹ ਕਿਵੇਂ ਇਸਤ੍ਰੀ ਦੇ ਕੁਦਰਤੀ ਕਿਰਿਆ ਦੇ ਕ੍ਰਮਵਾਰ ਆਉਣ ਨੂੰ ਅਪਵਿੱਤਰ ਦੱਸਦੇ ਹਨ? ਅਜਿਹੇ ਫਰੇਬੀ ਲੋਕ ਜੋ ਆਪਣਾ ਪਿੰਡਾ ਧੋ ਕੇ ਬਹਿਣ ਨਾਲ ਆਪਣੇ ਆਪ ਨੂੰ ਸੁੱਚੇ/ਪਵਿੱਤਰ ਅਤੇ ਇਸਤ੍ਰੀ ਨੂੰ ਅਪਵਿੱਤਰ ਸਮਝਦੇ ਹਨ, ਇਨ੍ਹਾਂ ਨੂੰ ਸੁੱਚੇ ਨਹੀਂ ਆਖਣਾ ਚਾਹੀਦਾ ਭਾਵ ਇਨ੍ਹਾਂ ਨੂੰ ਜੂਠੇ, ਝੂਠੇ, ਫਰੇਬੀ ਅਤੇ ਕਪਟੀ ਸਮਝਣਾ ਚਾਹੀਦਾ ਹੈ। ਨਾਨਕ ਆਖਦਾ ਹੈ ਸੁੱਚੇ/ਪਵਿੱਤਰ ਤਾਂ ਦਰਅਸਲ ਉਹ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਸਰਬਵਿਆਪਕ ਸੱਚ (universal truth) ਵੱਸਿਆ/ਸਵੀਕਾਰਿਆ ਹੋਇਆ ਹੈ ਭਾਵ ਜੋ ਸਰਬਵਿਆਪਕ ਸੱਚ ਵਿੱਚ ਯਕੀਨ ਰੱਖਦੇ ਹੋਏ ਲਿੰਗ ਭੇਦ ਦਾ ਵਿਤਕਰਾ ਨਹੀਂ ਕਰਦੇ, ਔਰਤ ਦੇ ਇਸ ਕੁਦਰਤੀ ਕਿਰਿਆ ਦੇ ਆਉਣ ਕਰ ਕੇ ਉਸ ਨੂੰ ਅਪਵਿੱਤਰ ਨਹੀਂ ਸਮਝਦੇ।

ਪਉੜੀ।।

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ।।

ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ।।

ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ।।

ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ।।

ਜਰੁ ਆਈ ਜੋਬਨਿ ਹਾਰਿਆ।। ੧੭।।

ਪਦ ਅਰਥ:- ਤੁਰੇ – ਤੁਰਨਾ, ਚੱਲਣਾ। ਪਲਾਣੇ – ਪੁੱਠੇ। ਪਉਣ – ਹਵਾ। ਵੇਗ - ਹਵਾ ਦਾ ਰੁਖ। ਹਰ ਰੰਗੀ - ਹਰੇਕ ਢੰਗ। ਹਰਮ – ਵਿਆਹੀ ਹੋਈ ਇਸਤ੍ਰੀ (ਮ: ਕੋਸ਼)। ਸਵਾਰਿਆ – ਸਵੀਕਾਰਿਆ। ਲਾਇ ਬੈਠੇ – ਉਸਾਰੀ ਬੈਠੇ। ਪਾਸਾਰਿਆ – ਪਸਾਰਾ ਕਰਨਾ, ਪ੍ਰਚਾਰਨਾ, ਪ੍ਰਚਾਰਿਆ। ਚੀਜ – ਵਸਤੂ। ਕਰਨਿ ਮਨਿ ਭਾਵਦੇ – ਮਨਭਾਉਂਦੀਆਂ ਮਨਮਾਨੀਆਂ ਕਰਦੇ ਹਨ। ਹਰਿ – ਸੱਚ। ਬੁਝਨਿ ਨਾਹੀ – ਬੁਝਦੇ ਨਹੀਂ। ਹਾਰਿਆ – ਹਾਰਿਆ, ਠੱਗਿਆ ਭਾਵ ਜੀਵਨ ਪੱਖ ਤੋਂ ਹਾਰਿਆ। ਕਰਿ ਫੁਰਮਾਇਸ – ਫੁਰਮਾਇਸ਼ ਕਰਨਾ, ਗਵਾਹੀ ਦੇਣੀ। ਖਾਇਆ – ਖਾਂਦੇ ਹਨ। ਵੇਖਿ ਮਹਲਤਿ – ਮਲਕੀਅਤ, ਦੌਲਤ ਵੇਖ ਕੇ। ਜਰੁ – ਦੌਲਤ। ਆਈ – ਆਈ। ਜੋਬਨਿ – ਜੋਬਨ। ਹਾਰਿਆ – ਹਾਰਿਆ, ਠੱਗਿਆ ਜੀਵਨ ਪੱਖ ਤੋਂ ਹਾਰਿਆ।

ਅਰਥ:- ਇੱਕ ਪਾਸੇ ਇਨ੍ਹਾਂ ਫਰੇਬੀਆਂ ਲਈ ਔਰਤ ਅਪਵਿੱਤਰ ਹੈ, ਦੂਸਰੇ ਪਾਸੇ ਇਨ੍ਹਾਂ ਔਰਤ ਨੂੰ ਅਪਵਿੱਤਰ ਕਹਿਣ ਵਾਲਿਆਂ ਨੇ ਆਪਣੀ ਹੀ (ਔਰਤ ਦੇ ਅਪਵਿੱਤਰ ਹੋਣ ਦੀ) ਵਗਾਈ ਹੋਈ ਹਵਾ ਦੇ ਵੇਗ ਦੇ ਵਿਰੁੱਧ ਹਰੇਕ ਤਰੀਕੇ ਆਪਣੇ ਹਰਮਾਂ ਨੂੰ (ਔਰਤਾਂ ਨਾਲ) ਸ਼ਿੰਗਾਰਿਆ ਵੀ ਹੋਇਆ ਹੈ। ਝੂਠ ਦੇ ਕੋਠੇ ਮੰਡਪ ਮਾੜੀਆਂ ਉਸਾਰੀ ਬੈਠੈ ਇਨ੍ਹਾਂ ਲੋਕਾਂ ਨੇ (ਔਰਤ ਦੇ ਅਪਵਿੱਤਰ ਹੋਣ ਦਾ ਝੂਠ) ਪ੍ਰਚਾਰਿਆ ਹੋਇਆ ਹੈ। ਜੀਵਨ ਪੱਖ ਤੋਂ ਹਾਰਿਆਂ ਹੋਇਆਂ ਇਨ੍ਹਾਂ ਲੋਕਾਂ ਦੀ ਹਾਲਤ ਅਜਿਹੀ ਹੈ ਕਿ ਸੱਚ ਨੂੰ ਬੁਝਦੇ ਨਹੀਂ ਅਤੇ ਔਰਤ ਨੂੰ ਇੱਕ ਚੀਜ਼/ਵਸਤੂ ਸਮਝਦੇ ਹੋਏ ਮਨ ਭਾਉਂਦੀਆਂ ਮਨਮਾਨੀਆਂ ਕਰਦੇ ਹਨ। ਰੱਬ ਦੇ ਦਰ `ਤੇ ਲੋਕਾਂ ਦੀਆਂ ਫੁਰਮਾਇਸ਼ਾਂ ਕਰਨ ਦੇ ਬਹਾਨੇ ਇਨ੍ਹਾਂ ਨੇ (ਲੁੱਟ ਕੇ) ਖਾਧਾ ਹੈ ਅਤੇ ਖਾਂਦੇ ਹਨ ਅਤੇ ਲੁੱਟਿਆ ਹੋਇਆ ਧਨ ਦੇਖ ਕੇ ਮਰਨਾ ਇਨ੍ਹਾਂ ਮਨੋ ਵਿਸਾਰਿਆ ਹੋਇਆ ਹੈ ਅਤੇ ਠੱਗੀ ਦੁਆਰਾ ਆਈ ਦੌਲਤ ਦੇ ਜੋਬਨ ਨੇ ਇਨ੍ਹਾਂ ਠੱਗਾਂ ਨੂੰ ਠੱਗਿਆ ਹੋਇਆ ਹੈ। (ਭਾਵ ਸੱਚ ਤੋਂ ਇਹ ਲੋਕ ਕੋਹਾਂ ਦੂਰ ਨੇ, ਔਰਤ ਦੇ ਪੇਟੋਂ ਜਨਮ ਲੈ ਕੇ ਉਸ ਨੂੰ ਅਪਵਿੱਤਰ ਦੱਸਦੇ ਹਨ)।

ਬਲਦੇਵ ਸਿੰਘ ਟੌਰਾਂਟੋ।
.