.

ਮੰਨੈ-੨
ਡਾ:ਦਲਵਿੰਦਰ ਸਿੰਘ ਗ੍ਰੇਵਾਲ


ਪਉੜੀ ੧੨:

ਜੋ ਪ੍ਰਮਾਤਮਾ ਦਾ ਨਾਮ ਮੰਨਦਾ ਹੈ, ਜਪਦਾ ਹੈ ਉਸ ਦੀ ਅਵਸਥਾ ਹੋਰ ਕੋਈ ਨਾ ਜਾਣ ਸਕਦਾ ਹੈ ਤੇ ਨਾ ਬਿਆਨ ਕਰ ਸਕਦਾ ਹੈ। ਜਿਵੇਂ ਗੂੰਗੇ ਨੇ ਮਠਿਆਈ ਖਾਧੀ ਹੋਵੇ ਤਾਂ ਉਸ ਦਾ ਬਿਆਨ ਗੁੰਗੇ ਤੋਂ ਬਿਨਾ ਹੋਰ ਕੌਣ ਕਰ ਸਕਦਾ ਹੈ ਗੁੰਗਾ ਆਾਪ ਬਿਆਨ ਕਰ ਨਹੀਂ ਸਕਦਾ। ਜੇ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰੇਗਾ ਵੀ ਤਾਂ ਫਿਰ ਪਛਤਾਏਗਾ ਹੀ ਕਿ ਉਸਨੇ ਅਜੇ ਆਹ ਨਹੀਂ ਬਿਆਨਿਆ ਅਹੁ ਨਹੀਂ ਬਿਆਨਿਆ, ਜੋ ਕੋਈ ਕਲਮ ਲੈ ਕਾਗਜ਼ ਉਪਰ ਵੀ ਬਿਆਨਣ ਲੱਗੇ ਤਾਂ ਕਲਮ ਵੀ ਉਸ ਬਾਰੇ ਸਾਰਾ ਕੁਝ ਨਹੀਂ ਲਿਖ ਸਕਦੀ; ਭਾਵ ਅਜਿਹਾ ਬਿਆਨ ਕਹਿਣਾ ਲਿਖਣਾ ਅਪੂਰਨ ਹੀ ਹੋਵੇਗਾ: ਨਾਮ ਦੇ ਮੰਨਣ ਵਾਲਾ ਜਿਸ ਦਰਜੇ ਤੇ ਪਹੁੰਚਦਾ ਹੈ ਉਹ ਪਦਵੀ ਬਿਆਨੀ ਨਹੀਂ ਜਾ ਸਕਦੀ ।ਜੇ ਗਿਆਨੀ ਪੰਡਿਤ ਵੀ ਨਾਮ ਮੰਨਣ ਵਾਲੇ ਦੀ ਪਦਵੀ ਬਾਰੇ ਵਿਚਾਰ ਕਰਨ ਤਾਂ ਵੀ ਇਸ ਬਾਰੇ ਸੋਚ ਨਹੀਂ ਸਕਦੇ ਬਿਆਨ ਤਾਂ ਕੀ ਕਰਨਾ ਹੈ: ਸੁਣਨ ਨਾਲ ਪ੍ਰਾਪਤ ਹੋਈਆਂ ਜੋ ਪਦਵੀਆਂ ਅੱਠਵੀਂ ਤੋਂ ਗਿਆਰਵੀਂ ਪਉੜੀ ਵਿਚ ਬਿਆਨੀਆਂ ਹਨ ਉਸ ਤੋਂ ਕਿਤੇ ਉਪਰ ਹੈ ਮੰਨਣ ਵਾਲੇ ਦੀ ਪਦਵੀ।ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ (ਨਾਮ ਨਿਰੰਜਨ) ਅਜਿਹਾ ਹੈ ਕਿ ਜੇ ਕੋਈ ਇਸ ਨੂੰ ਮੰਨ ਜਾਣੇ, ਇਸ ਦਾ ਜਪ ਕਰੇ ਉਹੀ ਮਨ ਵਿਚ ਇਸ ਬਾਰੇ ਜਾਣ ਸਕਦਾ ਹੈ।ਵਾਹਿਗੁਰੂ ਦੇ ਨਾਮ ਬਾਰੇ ੳਹ ਹੀ ਜਾਣ ਸਕਦਾ ਹੈ ਜੋ ਨਾਮ ਦਾ ਮਨ ਵਿਚ ਮਨਨ ਕਰੇ:

ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੨ ॥

ਮੰਨਣ ਵਾਲੇ ਦੀ ਅਵਸਥਾ ਬਿਆਨੋ ਬਾਹਰ ਹੈ ਜੇ ਕੋਈ ਬਿਆਨੇ ਵੀ ਤਾਂ ਉਹ ਇਹ ਅਵਸਥਾ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ, ਕਾਗਜ਼ ਕਲਮ ਲੈ ਕੇ ਲਿਖਣ ਵੀ ਬੈਠੈ ਜਾਂ ਗਿਆਨੀ ਪੰਡਿਤ ਇਸ ਬਾਰੇ ਵਿਚਾਰ ਵੀ ਕਰਨ ਪਰ ਅਪਣੀ ਨਾਕਾਮਯਾਬੀ ਤੇ ਪਛਤਾਉਂਣਾ ਪੈਂਦਾ ਹੈ ਕਿ ਇਸ ਅਵਸਥਾ ਦਾ ਪੂਰਾ ਬਿਆਨ ਨਹੀਂ ਹੋਇਆ:

ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥

ਬ੍ਰਹਮ ਗਿਆਨੀ ਦਾ ਭੇਦ ਖੁਦ ਬ੍ਰਹਮ ਗਿਆਨੀ ਤੋਂ ਬਿਨਾ ਕੌਣ ਜਾਣ ਸਕਦਾ ਹੈ?
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦ ॥੭॥੮॥
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥੭॥੮॥ (ਗਉੜੀ ਸੁਖਮਨੀ ਮ:੫, ਪੰਨਾ ੨੭੩)

ਮੰਨਣ, ਜਪ, ਅਭਿਆਸ, ਸਿਮਰਨ ਕਰਨਾ ਜੋ ਕੁਝ ਨਾਮ ਦੇ ਮੰਨਣ ਭਾਵ ਅਭਿਆਸ ਨਾਲ ਪ੍ਰਾਪਤ ਹੁੰਦਾ ਹੈ ਉਹ ਬਿਆਨ ਵਿਚ ਨਹੀਂ ਆ ਸਕਦਾ। ਨਿਰਮਲ ਪ੍ਰਮਾਤਮਾ ਦਾ ਨਾਮ ਅਜਿਹਾ ਹੈ ਕਿ ਜੋ ਇਸ ਦਾ ਅਭਿਆਸ ਕਰੇਗਾ ਉਹ ਹੀ ਜਾਣ ਸਕਦਾ ਹੈ:

ਕਈ ਇਸਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆ ਹਨ ਜੋ ਮਾਣੀਆਂ ਜਾ ਸਕਦੀਆਂ ਹਨ ਪਰ ਬਿਆਨੀਆਂ ਨਹੀਂ ਜਾ ਸਕਦੀਆਂ। ਪ੍ਰਮਾਤਮਾ ਦੀਆਂ ਦੀਆਂ ਗੱਲਾਂ ਵੀ ਬਹੁਤੀਆਂ ਕਹੀਆਂ ਨਹੀਨ ਜਾ ਸਕਦੀਆਂ ਤੇ ਪ੍ਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀਆਂ ਅਵਸਥਾਵਾਂ ਦੀਆਂ ਵੀ ਬਹੁਤੀਆਂ ਗੱਲਾਂ ਕਹੀਆਂ ਨਹੀਨ ਜਾ ਸਕਦੀਆਂ। ਜੇ ਕੋਈ ਬੰਦਾ ਵਰਣਨ ਕਰਨ ਦਾ ਯਤਨ ਕਰੇਗਾ ਉਸ ਨੂੰ ਬਾਦ ਵਿਚ ਪਛਤਾਉਣਾ ਪਵੇਗਾ ਕਿਉਂਕਿ ਉ ਪੂਰਾ ਪੂਰਾ ਵਰਣਨ ਨਹੀਂ ਕਰ ਸਕਦਾ:

ਤਾ ਕੀਆ ਗਲਾ ਕਥੀਆ ਨ ਜਾਇ ॥ਜੇ ਕੋ ਕਹੈ ਪਿਛੈ ਪਛੁਤਾਇ॥ (ਜਪੁਜੀ ਪੰਨਾ ੮)

ਕਬੀਰ ਜੀ ਫੁਰਮਾਉਂਦੇ ਹਨ ਕਿ ਜਿਸ ਬੰਦੇ ਦੀ ਜ਼ੁਬਾਨ ਵੀ ਨਹੀਂ ਉਹ ਗੁੜ ਖਾਧੇ ਦਾ ਸਵਾਦ ਕਿਵੇਂ ਦਸ ਸਕੲਾ ਹੈ?

ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥(ਰਾਗ ਗਉੜੀ ਬੈਰਾਗਣਿ ਕਬੀਰ ਜੀ, ਪੰਨਾ ੩੩੪)

ਨਾਮ ਦਾ ਰਸ ਜਿਸਨੂੰ ਮਿਲਦਾ ਹੈ ਉਸ ਦੇ ਸਵਾਦ ਬਾਰੇ ਉਹ ਹੀ ਬਿਆਨ ਸਕਦਾ ਹੈ॥ ਨਾਮ ਰਸ ਦੇ ਅਸਰ ਨੂੰ ਵੇਖ ਵੇਖ ਕੇ ਮਨ ਨੂੰ ਬੜਾ ਅਚੰਭਾ ਹੁੰਦਾ ਹੈ;

ਜਿਸੁ ਰਸੁ ਆਇਆ ਸੋਈ ਜਾਨੈ॥ ਪੇਖਿ ਪੇਖਿ ਮਨ ਮਹਿ ਹੈਰਾਨੈ॥ (ਪ੍ਰਭਾਤੀ ਮ:੫, ਪੰਨਾ ੧੩੩੮)

ਨਿਰੰਜਨ ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ ਅਜਿਹਾ ਹੈ ਕਿ ਜੇ ਕੋਈ ਇਸ ਨੂੰ ਮੰਨ ਜਾਣੇ, ਇਸ ਦਾ ਜਪ ਕਰੇ ਉਹੀ ਮਨ ਵਿਚ ਇਸ ਬਾਰੇ ਜਾਣ ਸਕਦਾ ਹੈ:

ਐਸਾ ਨਾਮੁ ਨਿਰੰਜਨੁ ਹੋਇ ॥

ਨਿਰੰਜਨ=ਮਾਇਆ ਤੋਂ ਨਿਰਲਿਪਤ : ਪ੍ਰਮਾਤਮਾਂ

ਪਰਮਾਤਮਾ ਅਗਮ, ਅਗੋਚਰ, ਅਲਕ, ਸਰਬ-ਵਿਆਪੀ (ਸਰਬ ਦੇਸੀ, ਸਰਬ ਭੇਸੀ) ਤੇ ੳਰੂਪ ਹੈਉਸੇ ਤਰ੍ਹਾਂ ਉਸ ਦਾ ਨਾਮ ਵੀ ਇਨ੍ਹਾਂ ਸਮੁਚੇ ਗੁਣਾਂ ਨਾਲ ਭਰਪੂਰ ਹੈ। ਸਰਬ ਵਿਆਪੀ ਹੋਣ ਕਰਕੇ ਘਟ ਘਟ ਦਾ ਵਾਸੀ ਵੀ ਹੈ। ਨਾਮ ਨਿਰੰਕਾਰ ਦੀ ਅਪਣੀ ਕਲਾ ਵਿੳਾਪਕ ਵਸਤੂ ਹੈ ਜੋ ਵਾਹਿਗੁਰੂ ਨਾਲ ਅਭੇਦ ਹੈ ਉਸ ਵਾਂਗ ਅਲੱਖ ਵੀ।ਇਹ ਅਲਖ ਨਾਮ ਤਿੰਨ ਰੂਪਾਂ ਵਿਚ ਵਿਦਮਾਨ ਹੈ ਤੇ ਇਹ ਤਿੰਨੇ ਰੂਪ ਵੀ ਅਪਣੇ ਆਪ ਵਿਚ ਅਰੂਪ ਤੇ ਅਨੂਪ ਹਨ ਤੇ ਇਹ ਤਿੰਨ ਰੂਪ ਹਨ ੧, ਅਪਰੰਪਰ ੨, ਵਿਆਪਕ ੩, ਅੰਤਰਸਥ। ਅੰਤਰਸਥ ਨਾਮ ਨੂੰ ਹੀ ਦੂਜੇ ਸ਼ਬਦਾਂ ਵਿਚ ਨਾਮ ਨਿਰੰਜਨ ਕਿਹਾ ਗਿਆ ਹੈ। ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:

ਇਸ ਕਾਇਆ ਅੰਦਰਿ ਬਹੁਤੁ ਪਸਾਰਾ॥ ਨਾਮ ਨਿਰੰਜਨ ਅਤਿ ਅਗਮ ਅਪਾਰਾ॥
ਗੁਰਮੁਖਿ ਹੋਵੈ ਸੋਈ ਪਾਏ, ਆਪੇ ਬਖਸਿ ਮਿਲਾਵਣਿਆ॥ (ਮਾਝ ਮ:੩, ਪੰਨਾ ੧੧੨)

ਨਾਮ ਮਾਰਗ ਸ਼ਬਦ-ਸੁਰਤਿ-ਸੰਜੋਗ ਹੈ।ਗੁਰਸ਼ਬਦ ਦਾ ਜਾਪ (ਨਿਤਨੇਮ ਤੇ ਪਾਠ) ਨਾਮੀ ਲਈ ਪ੍ਰੇਮ ਭਾਵਨਾ ਉਪਜਾਉਂਦਾ ਹੈ ਤੇ ਨਾਮ ਦਾ ਜਾਪ ਸੁਰਤ ਦੇ ਪੈਂਡੇ, ਅੱਗੇ ਵਲ ਵਧਣ ਲੱਗ ਪੈਂਦਾ ਹੈ॥ ਪਹਿਲਾ ਪੜਾ ਜਾਪ ਦੂਜਾ ਸਿਮਰਨ ਤੇ ਤੀਜਾ ਲਿਵ ਲਾਉਣਾ: ਇਹ ਤਿੰਨ ਪੜਾ ਹਨ ਜਿਨ੍ਹਾਂ ਵਿਚੋਂ ਲੰਘਣ ਪਿਛੋਂ ਉਹ ਗੁਫਾ ਆਉਂਦੀ ਹੈ ਜਿਸ ਵਿਚ ਨਿਰੰਕਾਰੀ ਜੋਤ ‘ਨਾਮ ਨਿਰੰਜਨ’ ਦੇ ਰੂਪ ਵਿਚ ਬਿਰਾਜਮਾਨ ਹੈ।ਜਦ ਸੁਰਤ ਦੀ ਸੜਕੇ ਪਿਆ ਉਪਰੋਕਤ ਪੜਾਵਾਂ ਵਿਚ ਦੀ ਲ਼ੰਘਦਾ ਗੁਫਾ ਵਿਚ ਪਹੁੰਚਦਾ ਹੈ ਤਾਂ ‘ਨਾਮ ਨਿਰੰਜਨ’ ਦੀ ਚੁੰਬਕੀ ਸਕਤੀ ਵਿਚੋਂ ਉਗਮੀਆਂ ਤਰੰਗਾਂ ਨਾਲ ਸੁਰਤ ਜਾਗ ਉਠਦੀ ਹੈ। ਚੇਤੰਨ ਹੋਈ ਸੁਰਤ ਮਨ ਤੇ ਬੁੱਧੀ ਨੂੰ ਵੀ ਟੁੰਭਦੀ ਹੈ ਤੇ ਇਸ ਦੇ ਪ੍ਰਭਾਵ ਥੱਲੇ ਮਨ ਟਿਕ ਜਾਦਾ ਹੈ ਤੇ ਬੁੱਧ ਸੁੱਧ ਵਿਚ ਬਦਲ ਜਾਦੀ ਹੈ।।ਇਸ ‘ਨਾਮ ਨਿਰੰਜਨ’ ਦੀ ਗੁਫਾ ਮਨੁਖੀ ਹਿਰਦੇ ਵਿਚ ਹੀ ਹੈ ਜਿਸਨੂੰ ਸਤਿਗੁਰ ਇਉਂ ਫੁਰਮਾਉਂਦੇ ਹਨ:

ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥
ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥
ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥ ੧੩ ॥ (ਸਲੋਕ ਮਃ ੧, ਪੰਨਾ ੧੨੪੧)

ਮਨੁੱਖੀ ਮਨੋਰਥ, ਇਸ ‘ਨਾਮ ਨਿਰੰਜਨ’ (ਅੰਤਰਸਥ ਨਾਮ) ਨੂੰ ਸਾਖਿਆਤ ਕਰਕੇ ਅਪਰੰਪਰ ਨਾਮ ਤਕ ਪੁੱਜਣਾ ਹੈ। ਸਵਾਲ ਉਠਦਾ ਹੈ ਕਿ ਅਪ੍ਰੰਪਰ ਪ੍ਰਮਾਤਮਾ ਤਕ ਪੁੱਜੀਏ ਕਿਵੇਂ? ਸਿੱਧ ਗੋਸ਼ਟਿ ਵਿਚਲੀ ਪ੍ਰਸ਼ਨੋਤਰੀ ਇਸ ਦਾ ਜਵਾਬ ਖੋਲ੍ਹਣ ਵਿਚ ਮਦਦ ਕਰਦੀ ਹੈ:

ਪ੍ਰਸ਼ਨ: ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਰੋ॥ ਚਰਪਟੁ ਬੋਲੈ ਅਉਧੂ ਨਾਨਕ ਦੇਹ ਸਚਾ ਬੀਚਾਰੋ॥੪॥
ਉਤਰ: ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ॥ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕੁ ਨਾਮੁ ਵਖਾਣੇ॥ (ਰਾਮਕਲੀ ਸਿੱਧ ਗੋਸਟਿ, ਮ:੧, ਪੰਨਾ ੯੩੮)

ਮਾਇਆ ਤੋਂ ਨਿਰਲਿਪਤ ਪਵਿਤਰ, ਅਪਹੁੰਚ, ਅਬੁੱਝ ਪਰਮਾਤਮਾ ਦਾ ਨਾਮ ਸਤਿਗੁਰੂ ਨੇ ਬੁਝਾ ਦਿਤਾ ਹੈ। ਦਿਨ ਰਾਤ ਉਸਦੀ ਭਗਤੀ ਕਰਦੇ ਉਸਦੇ ਰੰਗ ਵਿਚ ਰੱਤੇ ਸੱਚ (ਪ੍ਰਮਾਤਮਾਂ) ਵਿਚ ਸਮਾਉਂਦੇ ਹਨ। ਜਿਨਾਂ ਨੇ ਸੱਚੜਾ ਸੱਚ ਧਿਆਇਆ ਹੈ ਉਨ੍ਹਾਂ ਦੇ ਚਰਨੀ ਲੱਗਣਾ ਚਾਹੀਦਾ ਹੈ:

ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥ ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥ ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥ ੪ ॥ ੪ ॥ (ਵਡਹੰਸ ਮ: ੩, ਪੰਨਾ ੫੮੫)

ਮਾਇਆ ਤੋਂ ਨਿਰਲਿਪਤ ਪਵਿਤਰ ਨਰਾਇਣ ਦਾ ਰਸਨਾ ਨਾਲ ਸਿਮਰਨ ਕਰਨ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਹਨ:

ਨਾਮੁ ਨਿਰੰਜਨੁ ਨੀਰਿ ਨਰਾਇਣ ॥ ਰਸਨਾ ਸਿਮਰਤ ਪਾਪ ਬਿਲਾਇਣ ॥ ੧ ॥ (ਗੋਂਡ ਮਹਲਾ ੫ , ਪੰਨਾ ੮੬੭)

ਮੈਂ ਉਨ੍ਹਾਂ ਤੋਂ ਵਾਰੇ ਵਾਰ ਜਾਵਾਂ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਮਨ ਵਸਾ ਲਿਆ ਹੈ । ਉਨ੍ਹਾਂ ਨੇ ਮਾਇਆ ਵਿਚ ਹੀ ਮਾਇਆ ਤੋਂ ਨਿਰਲਿਪਤ ਵਾਹਿਗੁਰੂ ਨੂੰ ਪਾ ਲਿਆ ਤੇ ਉਸ ਦੀ ਜੋਤ ਵਿਚ ਜੋਤ ਰੂਪ ਹੋ ਸਮਾ ਗਏ:

ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥ ੧ ॥ (ਮਾਝ ਮ:੩, ਪੰਨਾ ੧੧੨)

ਵਾਹਿਗੁਰੂ ਦਾ ਨਾਮ ਬਿਆਨੋਂ ਬਾਹਰਾ ਹੈ ਬਿਆਨ ਕਿਵੇਂ ਕਰੀਏ ? ਉਸ ਨਿਰਮਲ ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ ਕਿਵੇਂ ਪਾਇਆ ਜਾਵੇ? ਨਿਰਮਲ ਪਵਿਤਰ ਵਾਹਿਗੁਰੂ ਹਰ ਥਾਂ ਵਸ ਰਹਿਆ ਹੈ ਹਰ ਥਾਂ ਕਿਰਿਆ ਰਤ ਹੈ। ਪੂਰੇ ਗੁਰੂ ਤੋਂ ਵਾਹਿਗੁਰੂ ਦਾ ਨਾਮ ਪਾਇਆ ਜਾ ਸਕਦਾ ਹੈ ਜੋ ਮਨੁਖ ਨੂੰ ਉਸਦੇ ਹਿਰਦੇ ਦੇ ਅੰਦਰ ਹੀ ਪਰਮਾਤਮਾ ਦੀ ਝਲਕ ਦਿਵਾ ਸਕਦਾ ਹੈ ।ਗੁਰੂ ਜੀ ਫੁਰਮਾਉਂਦੇ ਹਨ ਵਾਹਿਗੁਰੂ ਦੀ ਨਦਰਿ ਕਰਮ ਹੋਵੇਗੀ ਤਾਂ ਹੀ ਅਜਿਹਾ ਗੁਰੂ ਮਿਲਦਾ ਹੈ:

ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥ ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥ ੧੩ ॥ (ਸਲੋਕ ਮਃ ੧, ਪੰਨਾ ੧੨੪੨)

ਹਰੀ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ ਨਾਮ ਸਿਮਰਨ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਨਾਮ ਉਚਰੇ ਤੇ ਇਜ਼ਤ ਨਾਲ ਨਿਜ ਘਰ ਪਹੁੰਚ ਜਾਈਦਾ ਹੈ। ਗੁਰਮੁਖ ਮੁਖੋਂ ਨਿਕਲੀ ਬਾਣੀ ਨਾਮ ਹੈ ਤੇ ਇਸ ਨਾਮ ਨੂੰ ਹਿਰਦੇ ਵਿਚ ਵਸਾ ਲੈਣਾ ਚਾਹੀਦਾ ਹੈ। ਮਨਮੁਖੀ ਮਤ ਦੇ ਵਸ ਹੋ ਕੇ ਸਤਿਗੁਰ ਧਿਆਉਣਾ ਨਾ ਛੱਡ ਦੇਈਂ। ਗੁਰੂ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਆਪ ਦਿਆਲ ਹੋਵੇ ਤਾਂ ਨਾਮ ਧਿਆ ਹੁੰਦਾ ਹੈ।

ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥ ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥ ੪ ॥ ਸਲੋਕ ਮਹਲਾ ੨ ॥ (ਸਾਰੰਗ ਮ: ੪, ਪੰਨਾ ੧੨੩੯)

ਮਾਇਆ ਤੋਂ ਨਿਰਲਿਪਤ ਪਵਿਤਰ ਪ੍ਰਮਾਤਮਾ ਅੰਦਰ ਹੀ ਵਸਦਾ ਹੈ। ਹਰੀ ਦੇ ਗੁਣ ਗਾਉਣ ਤੇ ਨਾਮ ਜਪਣ ਨਾਲ ਪ੍ਰੀਤਮ ਪਿਆਰੇ (ਪਰਮਾਤਮਾ) ਨਾਲ ਮਿਲਣ ਦਾ ਸੁੱਖ ਪ੍ਰਾਪਤ ਹੁੰਦਾ ਹੈ:

ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥ ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥ ੪ ॥ (ਮਾਝ ਮ:੩, ਪੰਨਾ ੧੨੭)

ਮਾਇਆ ਤੋਂ ਨਿਰਲਿਪਤ ਨਿਰਮਲ ਵਾਹਿਗੁਰੂ ਦਾ ਨਾਮ ਸੁਣੇ ਤੇ ਸੁੱਖ ਮਿਲਦਾ ਹੈ। ਇਹ ਕਿਸੇ ਮਨੁੱਖ ਨੂੰ ਹੀ ਸਮਝ ਹੈ ਕਿ ਉਸ ਦਾ ਨਾਮ ਸੁਣ ਸੁਣ ਕੇ ਮੰਨਣਾ-ਮਨਨ ਕਰਨਾ- ਜਪਣਾ ਚਾਹੀਦਾ ਹੈ। ਬਹਿੰਦੇ ਉਠਦੇ ਸੱਚਾ ਸੱਚ ਕਦੇ ਵੀ ਵਿਸਰਨਾ ਨਹੀ ਚਾਹੀਦਾ। ਭਗਤਾਂ ਦਾ ਨਾਮ ਆਧਾਰ ਹੈ, ਨਾਮ ਜਪਿਆਂ ਸੁੱਖ ਮਿਲਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਮੁਖ ਦੇ ਮਨ ਤਨ ਵਿਚ ਹਮੇਸ਼ਾ ਹਰੀ ਹੀ ਵਸਦਾ ਹੈ: ਭਾਵ ਉਹ ਹਮੇਸ਼ਾਂ ਪ੍ਰਮਾਤਮਾ ਦਾ ਨਾਮ ਧਿਆਉਂਦੇ ਰਹਿੰਦੇ ਹਨ:

ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥ ੫ ॥ (ਸਲੋਕ ਮਹਲਾ ੨, ਪੰਨਾ ੧੨੩੯)

ਵਾਹਿਗੁਰੂ ਦੇ ਨਾਮ ਬਾਰੇ ੳਹ ਹੀ ਜਾਣ ਸਕਦਾ ਹੈ ਜੋ ਨਾਮ ਦਾ ਮਨ ਵਿਚ ਮਨਨ ਕਰੇ:

ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੨ ॥

ਇਹ ਟਾਂਵਾਂ ਮਨੁਖ ਹੀ ਸਮਝਦਾ ਹੈ ਕਿ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਮਨ ਵਿਚ ਵਸਾਇਆ ਜਾਂਦਾ ਹੈ ਤੇ ਉਹ ਫਿਰ ਆਪ ਹੀ ਆ ਮਿਲਦਾ ਹੈ:

ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨ ਕੋਈ॥ (ਸਾਰੰਗ ਮ: ੪, ਪੰਨਾ ੧੨੩੯)
ਸੁਨਤੈ ਸੁਨਿ ਮੰਨਿ ਬਸਾਇਆ॥ (ਰਾਮਕਲੀ ਕਬੀਰ, ਪੰਨਾ ੯੭੨)
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੇ ਮੇਰੇ ਭਾਈ॥ (ਆਸਾ ਮ: ੩, ਪੰਨਾ ੪੨੫)

ਜਦ ਮਨ ਤੋਂ ਪ੍ਰਮਾਤਮਾਂ ਨੂੰ ਮੰਨ ਲਿਆ ਤਾਂ ਹਉਮੈ ਵਿਚ ਸਾਰੀ ਭਟਕਣਾਂ ਮੁਕ ਗਈ:

ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ॥(ਗਉੜੀ ੧, ਪੰਨਾ ੨੨੭)

ਨਾਮ ਸੁਣ ਕੇ ਹੀ ਨਾਮ ਮਨ ਵਿਚ ਚੰਗਾ ਲੱਗਣ ਲਗਦਾ ਹੈ ਤੇ ਨਾਮ ਨਾਲ ਹੀ ਪੂਰੀ ਤਸੱਲੀ ਹੋਵੇਗੀ:

ਨਾਮੁ ਸੁਣੀ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੇ॥ (ਕਾਨੜਾ ਮ: ੪, ਪੰਨਾ ੧੩੦੮)

ਪ੍ਰੰਤੂ ਪ੍ਰਮਾਤਮਾ ਨੂੰ ਮੰਨ ਕੇ ਉਸ ਬਾਰੇ ਜਾਨਣਾ ਤਾਂ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ:

ਨਾਨਕ ਮੰਨਿਆ ਮੰਨੀਐ ਬੁਝੀਐ ਗੁਰਪਰਸਾਦਿ॥ (ਰਾਮਕਲੀ ਮ: ੩, ਪੰਨਾ ੯੫੪)

ਸਤਿਗੁਰ ਦੀ ਸੇਵਾ ਸਦਕਾ ਸ਼ਬਦ ਨਾਮ ਪ੍ਰਾਪਤ ਹੁੰਦਾ ਹੈ।ਜਿਨ੍ਹਾਂ ਨੇ ਹਰੀ ਦਾ ਨਾਮ ਮਨ ਵਿਚ ਵਸਾ ਲਿਆ ਉਨ੍ਹਾਂ ਦੇ ਅੰਦਰੋਂ ਨਿਰਮਲ ਪ੍ਰਮਾਤਮਾ ਸਾਰੀ ਮੈਲ ਦੂਰ ਕਰ ਦਿੰਦਾ ਹੈ ਤੇ ਉਹ ਸੱਚੇ ਦਾ ਦਰ ਸੋਭਾ ਪ੍ਰਾਪਤ ਕਰਦੇ ਹਨ। ਪਰ ਨਾਮ ਗੁਰੂ ਬਿਨਾ ਪ੍ਰਾਪਤ ਨਹੀਂ ਹੁੰਦਾ। ਸਿਧ ਤੇ ਸਾਧਨਾ ਕਰਨ ਵਾਲੇ ਲੇਲੜ੍ਹੀਆਂ ਕਢਦੇ ਰਹਿੰਦੇ ਹਨ ਪਰ ਗੁਰੂ ਦੀ ਸੇਵਾ ਕੀਤੇ ਬਿਨਾਂ ਅਜਿਹੇ ਪੂਰੇ ਭਾਗ ਬਹੀਂ ਹੋ ਸਕਦੇ ਜਿਸ ਨਾਲ ਉਸ ਨੂੰ ਪਾਇਆ ਜਾਤ ਸਕੇ:

ਸਤਿਗੁਰੁ ਸੇਵੀ ਸਬਦਿ ਸੁਹਾਇਆ ॥ ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥ ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥ ੨ ॥ ਬਿਨੁ ਗੁਰ ਨਾਮੁ ਨ ਪਾਇਆ ਜਾਇ ॥ ਸਿਧ ਸਾਧਿਕ ਰਹੇ ਬਿਲਲਾਇ ॥ ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥ ੩ ॥(ਮ: ੩ ਪੰਨਾ ੧੧੫)

ਹਿਰਦੇ ਵਿਚ ਪਰਮਾਤਮਾ ਪ੍ਰਤੀ ਪ੍ਰੇਮ ਸਤਿਗੁਰ ਦੇ ਦਿਆਲ ਸਦਕਾ ਹੀ ਉਮਡਦਾ ਹੈ ਤੇ ਹੋਰ ਸਾਰੇ ਰਸਾਂ ਤੋਂ ਹਟਕੇ ਹਰੀ ਦੇ ਨਾਮ ਦਾ ਰਸ ਵਸਾ ਲੈਂਦਾ ਹੈ। ਸਚ, ਸੰਤੋਖ, ਬਾਣੀ ਵਿਚ ਸਹਜ ਸੁਖ ਪੂਰੇ ਗੁਰੂ ਰਾਹੀਂ ਹੀ ਪ੍ਰਾਪਤ ਹੁੰਦਾ ਹੈ:

ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥ ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥ ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥ ੩ ॥ ॥(ਮ: ੩ ਪੰਨਾ ੧੧੫)

ਸ਼ਬਦ ਰਾਹੀਂ ਜਦ ਨਾਮ ਦਾ ਸਵਾਦ ਚਖ ਲਈਦਾ ਹੈ ਤਾਂੑ ਪਰਮਾਤਮਾ ਦੀ ਪਛਾਣ ਅਪਣੇ ਆਪ ਆ ਜਾਂਦੀ ਹੈ।ਸ਼ਬਦ ਰਾਹੀਂ ਪਵਿਤਰ ਬਾਣੀ ਦਾ ਵਖਿਆਨ ਹੁੰਦਾ ਹੈ। ਸੱਚੇ ਨੂੰ ਮਨ ਵਿਚ ਧਿਆ ਕੇ ਸਦਾ ਹੀ ਸੁਖ ਮਿਲਦਾ ਹੈ ਤੇ ਨਾਮ ਨੂੰ ਮਨ ਵਿਚ ਵਸਾ ਲੈਣ ਨਾਲ ਨਉ ਨਿਧਾਂ ਪ੍ਰਾਪਤ ਹੁੰਦੀਆਂ ਹਨ:

ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥ ਨਿਰਮਲ ਬਾਣੀ ਸਬਦਿ ਵਖਾਣਹਿ ॥ ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥ ੫ ॥ ॥(ਮ: ੩ ਪੰਨਾ ੧੧੫)

ਗੁਰੂ ਦੀ ਮਿਹਰ ਜਿਸ ਮਨੁਖ ਉਤੇ ਹੁੰਦੀ ਹੈ ਉਹ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਤੇ ਹਉਮੇਂ ਮੁੱਕ ਜਾਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜਦ ਹਿਰਦੇ ਅੰਦਰ ਨਾਮ ਵਸ ਜਾਦਾ ਹੈ ਤਾਂ ਸੱਚੇ ਦੇ ਦਰ ਤੇ ਸੋਭਾ ਮਿਲਦੀ ਹੈ:

ਜਿਸ ਨੋ ਨਦਰਿ ਕਰੇ ਸੋ ਪਾਏ ॥ ਗੁਰ ਪਰਸਾਦੀ ਹਉਮੈ ਜਾਏ ॥ ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥ ੮ ॥ ੮ ॥ ੯ ॥ (ਮਾਝ ਮਹਲਾ ੩ (ਪੰਨਾ ੧੧੨)

ਜਿਸ ਉਤੇ ਪਰਮਾਤਮਾ ਅਪਣੀ ਕਿਰਪਾ ਕਰਦਾ ਹੈ ਉਹ ਮਨੁਖ ਪ੍ਰਮਾਤਮਾ ਨੂੰ ਪਾਉਂਦਾ ਹੈ ਜਿਸ ਲਈ ਗੁਰੂ ਤੋਂ ਮਿਲਿਆ ਸ਼ਬਦ ਮਨ ਵਿਚ ਵਸਾਉਣਾ ਪੈਂਦਾ ਹੈ। ਪ੍ਰਮਾਤਮਾ ਦਾ ਭੈ ਦਿਨ ਰਾਤ ਮਨ ਵਿਚ ਰਹਿਣ ਸਦਕਾ ਭੈ ਨੂੰ ਮਾਰਿਆ ਤੇ ਭਰਮ ਮਿਟਾਇਆ ਜਾ ਸਕਦਾ ਹੈ।ਭਰਮ ਮਿਟਾ ਕੇ ਸਦਾ ਸੁਖ ਮਿਲਦਾ ਹੈ ਤੇ ਗੁਰੂ ਦੀ ਮਿਹਰ ਸਦਕਾ ਪਰਮਪਦ (ਪ੍ਰਮਾਤਮਾ ਪ੍ਰਾਪਤੀ) ਪ੍ਰਾਪਤ ਹੁੰਦਾ ਹੈ ।ਨਿਰਮਲ ਬਾਣੀ ਰਾਹੀਂ ਮਨ ਪਵਿਤਰ-ਨਿਰਮਲ ਹੋ ਜਾਂਦਾ ਹੈ ਤੇ ਹਰੀ ਦੇ ਗੁਣ ਸਹਿਜ ਸੁਭਾ ਹੀ ਗਾਈਦੇ ਹਨ:

ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥ ਗੁਰ ਕਾ ਸਬਦੁ ਮੰਨਿ ਵਸਾਏ ॥ ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥ ੫ ॥ ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ॥ ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥ ੬ ॥ (ਪੰਨਾ ੧੧੨)




.