.

ੴਸਤਿਗੁਰ ਪ੍ਰਸਾਦਿ॥

ਗੁਰਮਤਿ ਅਤੇ ਸਾਇੰਸ ਇਸ ਅਜੋਕੇ ਯੁਗ ਵਿਚ

ਲੇਖਕ

ਡਾ: ਸਰਬਜੀਤ ਸਿੰਘ

ਵਾਸ਼ੀ, ਨਵੀਂ ਮੁੰਬਈ

ਪਹਿਲੀ ਵਾਰ ੨੦ ਅਕਤੂਬਰ ੨੦੧੭

First Electronic Edition: 20th October 2017

ਧੰਨਵਾਦ

ਆਮ ਲੋਕਾਂ ਦਾ ਇਹ ਵਿਚਾਰ ਹੈ ਕਿ ਧਰਮ ਤੇ ਸਾਇੰਸ ਇਕੱਠੇ ਨਹੀਂ ਚਲਦੇ ਹਨ। ਅਜੇਹੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਕਈਆਂ ਨੇ ਸਿੱਖ ਧਰਮ ਸਬੰਧੀ ਵੀ ਅਜੇਹਾ ਹੀ ਕਹਿਣਾਂ ਸ਼ੁਰੂ ਕਰ ਦਿਤਾ ਹੈ। ਹੋ ਸਕਦਾ ਹੈ ਕਿ ਹੋਰਨਾਂ ਧਰਮਾਂ ਦੇ ਸਾਇੰਸ ਨਾਲ ਮਤਭੇਦ ਹੋਣ, ਪਰੰਤੂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਧਿਆਨ ਨਾਲ ਖੋਜਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਤੇ ਸਾਇੰਸ ਦਾ ਪੂਰਨ ਤੌਰ ਤੇ ਤਾਲਮੇਲ ਹੈ। ਬਲਕਿ ਇਥੋਂ ਤਕ ਕਹਿ ਸਕਦੇ ਹਾਂ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ, ਧਰਮ ਦੀ ਸਾਇੰਸ ਦਾ ਇੱਕ ਪਹਿਲਾ ਆਰੰਭ ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਅਤੇ ਸਾਇੰਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਇਕੱਠਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਗੁਰਮਤਿ ਅਤੇ ਸਾਇੰਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ੨੬ ਭਾਗਾਂ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਆਰੰਭਕ ਜਾਣਕਾਰੀ ਵਿੱਚ ਇਨ੍ਹਾਂ ਸਾਰੇ ਭਾਗਾਂ ਦਾ ਸੰਖੇਪ ਵਿੱਚ ਵਰਨਣ ਕੀਤਾ ਗਿਆ ਹੈ ਤਾਂ ਜੋ ਪਾਠਕਾਂ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ।

ਇਸ ਕਿਤਾਬ ਵਿੱਚ ਅੰਕਿਤ ੨੬ ਭਾਗਾਂ ਦੇ ਸਿਰਲੇਖ ਹਨ:- ਗੁਰਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਖੋਜ਼ ਕਰਨੀ ਜਰੂਰੀ ਹੈ; ਅਕਾਲ ਪੁਰਖੁ ਦੀ ਪਰਿਭਾਸ਼ਾ ਤੇ ਉਸ ਦਾ ਹੁਕਮੁ; ਗੁਰਬਾਣੀ ਅਨੁਸਾਰ ਕੁਦਰਤ ਦਾ ਕੋਈ ਅੰਤ ਨਹੀਂ; ਸ੍ਰਿਸ਼ਟੀ ਕਿਸ ਤਰ੍ਹਾਂ ਪੈਦਾ ਹੋਈ? ; ਸਰੀਰਕ ਜੀਵਨ ਦਾ ਆਧਾਰ ਪਾਣੀ ਅਤੇ ਹਵਾ ਹਨ ਤੇ ਆਤਮਿਕ ਜੀਵਨ ਦਾ ਆਧਾਰ ਗੁਰੂ ਹੈ; ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਪੈਦਾ ਕਰਨ ਵਾਲਾ ਹੈ; ਅਕਾਲ ਪੁਰਖੁ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਸੰਭਾਲਣ ਵਾਲਾ ਹੈ; ਅਕਾਲ ਪੁਰਖੁ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ; ਅਕਾਲ ਪੁਰਖੁ ਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਪਰੰਤੂ ਉਸ ਦੀ ਰਚਨਾ ਵਿਚੋਂ ਅਨੁਭਵ ਕੀਤਾ ਜਾ ਸਕਦਾ ਹੈ; ਅਕਾਲ ਪੁਰਖੁ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਸਮੇਟਣ ਵਾਲਾ ਹੈ; ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ; ਜੀਵਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ ਤੇ ਪਦਾਰਥ ਕਿਵੇ ਬਣਦੇ ਹਨ; ਮਨੁੱਖ ਕੋਲ ਬੁਧੀ ਹੈ ਪਰ ਆਮ ਜੀਵਾਂ ਕੋਲ ਨਹੀਂ; ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਬੇਅੰਤ ਖਾਣੀਆਂ ਹਨ; ਆਮ ਤੌਰ ਤੇ ੮੪ ਲੱਖ ਜੂਨਾਂ ਮੰਨੀਆਂ ਜਾਂਦੀਆਂ ਹਨ, ਪਰੰਤੂ ਗੁਰਬਾਣੀ ਅਨੁਸਾਰ ਬੇਅੰਤ ਜੂਨਾਂ ਹੋ ਸਕਦੀਆਂ ਹਨ; ਅਕਾਲ ਪੁਰਖੁ ਜੀਵ ਨੂੰ ਬਿਨਾ ਸੁਆਸ ਦੇ ਵੀ ਰੱਖ ਸਕਦਾ ਹੈ; ਪੌਦੇ ਵੀ ਜੀਵ ਹਨ ਤੇ ਸਭ ਦੇ ਜੀਵਨ ਦਾ ਆਧਾਰ ਪਾਣੀ ਹੈ; ਅਕਾਲ ਪੁਰਖ ਅਤੇ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ; ਜੋ ਵੀ ਪੈਦਾ ਹੋਇਆ ਹੈ ਉਸ ਨੇ ਇੱਕ ਦਿਨ ਮਰਨਾ ਹੈ; ਗੁਰਬਾਣੀ ਸੱਚ ਅਤੇ ਸੱਚੇ ਜੀਵਨ ਦੀ ਜਾਚ ਸਿਖਾਉਂਦੀ ਹੈ, ਪਰੰਤੂ ਸਾਇੰਸ ਸਿਰਫ ਵੇਖ ਸਕਣ ਵਾਲੇ ਸੱਚ ਦੀ ਗੱਲ ਕਰਦੀ ਹੈ; ਸ੍ਰਿਸ਼ਟੀ ਦੀ ਸਾਜਨਾ ਕਿਸ ਨੇ ਕੀਤੀ; ਗੁਰੂ ਸਾਹਿਬਾਂ ਨੇ ਅਕਾਲ ਪੁਰਖ ਨੂੰ ਅੰਦਰ ਖੋਜ਼ਣ ਲਈ ਕਿਹਾ ਹੈ, ਜੋ ਬਾਹਰ ਹੈ, ਉਹੀ ਅੰਦਰ ਹੈ; ਅਕਾਲ ਪੁਰਖ ਦੇ ਨਿਰਗੁਨ ਸਰਗੁਨ ਸਰੂਪ; ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ; ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ; ਚੰਦਰਮਾ ਸੂਰਜ ਕੋਲੋ ਚਾਨਣ ਲੈਂਦਾ ਹੈ।

ਕੋਸ਼ਿਸ਼ ਕੀਤੀ ਗਈ ਹੈ ਕਿ ਹਰੇਕ ਵਿਸ਼ੇ ਸਬੰਧੀ ਪ੍ਰਮਾਣ ਦੇ ਤੌਰ ਤੇ ਵੱਧ ਤੋਂ ਵੱਧ ਸ਼ਬਦ ਸਾਂਝੇ ਕੀਤੇ ਜਾਣ ਤਾਂ ਜੋ ਗੁਰੂ ਗਰੰਥ ਸਾਹਿਬ ਅਨੁਸਾਰ ਉਸ ਵਿਸ਼ੇ ਸਬੰਧੀ ਸਹੀ ਤੇ ਪੂਰਣ ਜਾਣਕਾਰੀ ਹਾਸਲ ਹੋ ਸਕੇ। ਕਈ ਸ਼ਬਦਾਂ ਵਿੱਚ ਇੱਕ ਤੋਂ ਵੱਧ ਵਿਸ਼ੇ ਵੀ ਆ ਜਾਂਦੇ ਹਨ। ਉਨ੍ਹਾਂ ਸਬੰਧੀ ਵੀ ਸੰਖੇਪ ਵਿੱਚ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਅਜੇਹਾ ਕਰਨ ਨਾਲ ਹਰੇਕ ਭਾਗ ਕਾਫੀ ਵੱਡਾ ਵੀ ਹੋ ਗਿਆ ਹੈ। ਜਿਸ ਕਰਕੇ ਪਾਠਕਾਂ ਨੂੰ ਸਮਝਣ ਵਿੱਚ ਕੁੱਝ ਮੁਸ਼ਕਲ ਆ ਸਕਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਭਾਗ ਦੇ ਅੰਤ ਵਿੱਚ ਸੰਖੇਪ ਵਿੱਚ ਉਸ ਵਿਸ਼ੇ ਸਬੰਧੀ ਜਾਣਕਾਰੀ ਦਿਤੀ ਗਈ ਹੈ, ਤਾਂ ਜੋ ਪਾਠਕ ਆਸਾਨੀ ਨਾਲ ਸਮਝ ਸਕਣ।

ਸਭ ਤੋਂ ਪਹਿਲਾਂ ਤਾਂ ਦਾਸ ਉਸ ਅਕਾਲ ਪੁਰਖੁ ਦਾ ਬਹੁਤ ਧੰਨਵਾਦੀ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਦੇ ਆਰੰਭ ਕੀਤੇ ਸਿੱਖ ਧਰਮ ਵਿੱਚ ਮਨੁੱਖਾ ਜਨਮ ਦਿਤਾ ਤੇ ਗੁਰੂ ਗਰੰਥ ਸਾਹਿਬ ਬਾਰੇ ਜਾਣਨ ਤੇ ਸਮਝਣ ਦਾ ਉਦਮ ਤੇ ਬਲ ਬਖਸ਼ਿਆ। ਗੁਰਮਤਿ ਅਤੇ ਸਾਇੰਸ ਦੇ ਵਿਸ਼ੇ ਬਾਰੇ ਗਿਆਨ ਦਾ ਅਸਲੀ ਸੋਮਾਂ ਤਾਂ ਗੁਰੂ ਗਰੰਥ ਸਾਹਿਬ ਹੀ ਹਨ, ਜਿਨ੍ਹਾਂ ਦੁਆਰਾ ਗੁਰਬਾਣੀ ਤੇ ਸਾਇੰਸ ਸਬੰਧੀ ਗਿਆਨ ਹਾਸਲ ਕਰਕੇ ਦਾਸ ਲੇਖਾਂ ਦੇ ਰੂਪ ਵਿੱਚ ਢਾਲ ਕੇ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦੇ ਯੋਗ ਹੋ ਸਕਿਆ ਹਾਂ।

ਦਾਸ ਆਪਣੇ ਮਾਤਾ (ਸਰਦਾਰਨੀ ਸਵਰਨ ਕੌਰ ਜੀ) ਤੇ ਪਿਤਾ (ਸਰਦਾਰ ਹਰਜਿੰਦਰ ਸਿੰਘ ਜੀ) ਦਾ ਅਤੀ ਰਿਣੀ ਹੈ, ਜਿਨ੍ਹਾਂ ਨੇ ਪਾਲਿਆਂ ਪੋਸਿਆ ਤੇ ਦੁਨਿਆਵੀ ਅਤੇ ਗੁਰਮਤਿ ਦਾ ਗਿਆਨ ਹਾਸਲ ਕਰਨ ਦੇ ਯੋਗ ਬਣਾਇਆ। ਆਪਣੇ ਪਰਿਵਾਰ ਦੇ ਮੈਂਬਰਾਂ ਧਰਮ ਪਤਨੀ (ਹਰਵਿੰਦਰ ਕੌਰ), ਸਪੁਤਰ (ਪ੍ਰਭਦੀਪ ਸਿੰਘ) ਸਪੁਤਰੀ (ਪਰਨੀਤ ਕੌਰ) ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਉਹ ਕੀਮਤੀ ਸਮਾਂ ਭੇਟ ਕੀਤਾ, ਜਿਹੜਾ ਸਮਾਂ ਦਾਸ ਨੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਜੁਮੇਵਾਰੀ ਲਈ ਵਰਤਣਾ ਸੀ। ਉਹ ਸਮਾਂ ਦਾਸ ਨੂੰੂ ਗੁਰਬਾਣੀ ਨੂੰ ਪੜ੍ਹਨ ਸਮਝਣ ਤੇ ਵੀਚਾਰਨ ਲਈ ਦਿਤਾ, ਜਿਸ ਸਦਕਾ ਗੁਰਬਾਣੀ ਦੇ ਲੇਖ ਲਿਖਣ ਵਿੱਚ ਤੇ ਇਹ ਕਿਤਾਬ ਲਿਖਣ ਦੇ ਯੋਗ ਹੋ ਸਕਿਆ।

ਦਾਸ ਸਰਦਾਰ ਹਰਮੋਹਿੰਦਰ ਸਿੰਘ ਜੀ (ਵਾਸ਼ੀ, ਨਵੀਂ ਮੁੰਬਈ) ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਬਹੁਤ ਸਾਰੇ ਲੇਖਾਂ ਨੂੰ ਪੜ੍ਹ ਕੇ ਆਪਣੇ ਕੀਮਤੀ ਸੁਝਾਅ ਦਿਤੇ ਤਾਂ ਜੋ ਉਨ੍ਹਾਂ ਨੂੰ ਸੋਧਿਆ ਜਾ ਸਕੇ।

ਅਕਾਲ ਪੁਰਖੁ ਆਪ ਬੇਅੰਤ ਹੈ ਤੇ ਉਸ ਦੀ ਰਚਨਾ ਵੀ ਬੇਅੰਤ ਹੈ। "ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ"॥ ਮੇਰੇ ਵਰਗੇ ਆਮ ਮਨੁੱਖ ਦੇ ਲਈ ਉਸ ਅਕਾਲ ਪੁਰਖੁ ਨੂੰ ਸਮਝਣਾ ਬਹੁਤ ਕਠਿਨ ਹੈ। ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਗੁਰਮਤਿ ਅਤੇ ਸਾਇੰਸ ਸਬੰਧੀ ਜਾਣਕਾਰੀ ਨੂੰ ਸਮਝਣ ਤੇ ਬਿਆਨ ਕਰਨ ਵਿੱਚ ਕਾਫੀ ਖਾਮੀਆਂ ਰਹਿ ਗਈਆਂ ਹੋਣਗੀਆਂ। "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥" ਆਪ ਸਭ ਅੱਗੇ ਬੇਨਤੀ ਹੈ ਕਿ ਇਸ ਕਿਤਾਬ ਨੂੰ ਪੜ੍ਹ ਕੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਵੀਚਾਰੋ ਤੇ ਆਪਣੇ ਸੁਝਾਵ ਭੇਜੋ ਤਾਂ ਜੋ ਇਸ ਵਿੱਚ ਲੋੜੀਦੇ ਸੁਧਾਰ ਕੀਤੇ ਜਾ ਸਕਣ।

ਡਾ: ਸਰਬਜੀਤ ਸਿੰਘ

(ਨੋਟ:- ਇਹ ਕਿਤਾਬ ਪੜ੍ਹਨ ਲਈ ਜਾਂ ਆਪਣੇ ਕੰਪਿਊਟਰ ਤੇ ਸਾਂਭ ਕੇ ਰੱਖਣ ਲਈ ਇੱਥੇ ਕਲਿਕ ਕਰੋ-ਸੰਪਾਦਕ)
.