.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੈਂਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(੬-ੲ) "ਕੋਇ ਨ ਕਿਸ ਹੀ ਜੇਹਾ ਉਪਾਇਆ" - ਪ੍ਰਭੂ ਦੀ ਅਨੰਤ ਰਚਨਾ ਨੂੰ ਬੇਸ਼ੱਕ ਓਪਰੀ ਨਜ਼ਰੇ ਹੀ "ਬੇਅੰਤ ਰਚਨਾ-ਬੇਅੰਤ ਸ਼ਕਲਾਂ" ਪੱਖੋਂ ਦੇਖ ਲਿਆ ਜਾਵੇ, ਤਾਂ ਵੀ ਪਤਾ ਲਗਦੇ ਦੇਰ ਨਹੀਂ ਲਗੇ ਗੀ ਕਿ ਕਰਤੇ ਪ੍ਰਭੂ ਨੇ ਆਪਣੀ ਇਸ ਅਨੰਤ ਰਚਨਾ `ਚ ‘ਜੀਵ’ ਤੇ ਭਾਵੇਂ ‘ਨਿਰਜੀਵ’ ਹਰੇਕ ਨੂੰ, ਇੱਕ ਵਿਸ਼ੇਸ਼ ਸ਼ਕਲ ਅਤੇ ਵੱਖਰੀ ਪਹਿਚਾਣ ਬਖਸ਼ੀ ਹੋਈ ਹੈ।

ਮਨੁੱਖ ਸਮੇਤ ਪਸ਼ੂੀ, ਪੰਛੀ, ਕੀੜੇ, ਮਕੌੜੇ ਤੋਂ ਲੈ ਕੇ ਨੰਗੀ ਅੱਖ ਨਾਲ ਨਾ ਦਿੱਸਣ ਵਾਲੇ ਸ਼ੂਕਸ਼ਮ ਤੋਂ ਸੂਕਸ਼ਮ ਬੇਅੰਤ ਪ੍ਰਕਾਰ ਦੇ ਜੀਵ; ਉਪ੍ਰੰਤ ਫੁੱਲ, ਬਨਸਪਤੀ, ਸਬਜ਼ੀਆਂ, ਫਲ, ਖਨਿਜ, ਨਦੀਆਂ, ਸਮੁੰਦ੍ਰ, ਰੋਸ਼ਨੀ, ਹਵਾ, ਪਹਾੜ, ਚੰਦ, ਸੂਰਜ ਆਦਿ, ਮੁੱਕਦੀ ਗੱਲ "ਮੇਰੈ ਪ੍ਰਭਿ ਸਾਚੈ, ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ" (ਪੰ: ੧੦੫੬) ਭਾਵ ਸਮੂਚੀਆਂ ਸ਼੍ਰੇਣੀਆਂ ਨੂੰ ਭਿੰਨ-ਭਿੰਨ ਸ਼ਕਲ-ਸੂਰਤ ਤੇ ਪਹਿਚਾਣ ਬਖ਼ਸ਼ੀ ਹੋਈ ਹੈ। ਉਪ੍ਰੰਤ ਉਨ੍ਹਾਂ ਦੀ ਇਸ ਸ਼ਕਲਾਂ ਤੇ ਸੂਰਤਾਂ ਵਾਲੀ ਭਿੰਨਤਾ ਤੋਂ ਹੀ ਹਰੇਕ ਨੂੰ ਸਹਿਜੇ ਹੀ ਪਛਾਣਿਆ ਵੀ ਜਾ ਸਕਦਾ ਹੈ।

ਇਸ ਤਰ੍ਹਾਂ ਪ੍ਰਭੂ ਦੀ ਅਨੰਤ ਰਚਨਾ `ਚ ਸ਼ਕਲਾਂ ਤੇ ਸੂਰਤਾਂ ਵਾਲੀ ਭਿੰਨਤਾ ਤੇ ਵਖ੍ਰੇਵਾਂ ਪ੍ਰਭੂ ਦੀ ਮਨੁੱਖ ਨੂੰ ਇੱਕ ਅਜਿਹੀ ਮਹਾਨ ਦਾਤ ਹੈ ਜਿਸ ਚੋਂ ਕੇਵਲ ਵਿਸਮਾਦ ਹੀ ਵਿਸਮਾਦ ਉਭਰਦਾ ਤੇ ਉਪਜਦਾ ਹੈ। ਇਸ ਸੰਬੰਧੀ ਬਾਣੀ ਆਸਾ ਕੀ ਵਾਰ `ਚ ਗੁਰਦੇਵ ਦਾ ਫ਼ੁਰਮਾਨ ਹੈ:-

"ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ … …ਵਿਸਮਾਦੁ ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ" (ਪੰ: ੪੬੪)

ਇਸ ਪੱਖੋਂ ਜੇ ਕੁੱਝ ਹੋਰ ਬਾਰੀਕੀ ਤੇ ਗਹਿਰਾਈ ਵੱਲ ਵੱਧੀਏ ਤਾਂ ਹਵਾਵਾਂ, ਪਾਣੀਆਂ, ਅਗਨੀਆਂ, ਧਰਤੀਆਂ, ਅਨੰਤ ਜੀਵਾਂ ਤੇ ਨਿਰਜੀਵਾਂ ਵਿਚਾਲੇ ਵੀ ਨਸਲਾਂ ਤੇ ਕਿਸਮਾਂ ਆਦਿ ਵਾਲੀ ਭਿੰਨਤਾਂ ਅੱਗੇ ਤੋਂ ਹੋਰ ਅੱਗੇ ਭਰੀ ਪਈ ਹੈ ਜਿਸਦਾ ਆਪਣਾ ਵੀ ਕੋਈ ਅੰਤ ਨਹੀਂ। ਹੋਰ ਤਾਂ ਹੋਰ ਮਨੁੱਖਾ ਜੂਨ ਹੋਣ ਦੇ ਬਾਵਜੂਦ, ਇੱਕ ਮਨੁੱਖ ਦੀ ਸ਼ਕਲ ਵੀ ਦੂਜੇ ਮਨੁੱਖ ਨਲ ਨਹੀਂ ਰਲਦੀ ਤੇ ਇਹੀ ਨਿਯਮ ਹਰੇਕ ਜੀਵ ਬਲਕਿ ਨਿਰਜੀਵ ਸ਼੍ਰੇਣੀ `ਚ ਵੀ ਕੰਮ ਕਰ ਰਿਹਾ ਹੈ।

ਸ਼ਕਲਾਂ ਵਾਲਾ ਇਹ ਵਖ੍ਰੇਵਾਂ? -ਇਸ ਤਰ੍ਹਾਂ ਜੇ ਅਸੀਂ ਇਸ ਵਿਸ਼ੇ ਦੀ ਬਹੁਤੀ ਬਾਰੀਕੀ ਤੇ ਗਹਿਰਾਈ `ਚ ਨਾ ਵੀ ਜਾਵੀਏ, ਕੇਵਲ ਪਹਿਲੀ ਨਜ਼ਰੇ ਹੀ ਗੱਲ ਕਰੀਏ ਤਾਂ ਵੀ ਸਪਸ਼ਟ ਹੁੰਦਾ ਹੈ ਕਿ ਸੰਸਾਰ `ਚ ਕਦੇ ਕਿਸੇ ਮਨੁੱਖ ਨੇ ਗੁਲਾਬ ਤੋਂ ਮੋਤੀਏ ਦਾ ਭੁਲੇਖਾ ਨਹੀਂ ਖਾਧਾ। ਚਿੜੀ ਨੂੰ ਕਿਸੇ ਤੋਤਾ ਨਹੀਂ ਸਮਝਿਆ। ਕਾਂ-ਕਾਂ, ਕੋਇਲ-ਕੋਇਲ ਤੇ ਉਲੂ ਨੂੰ ਉਲੂ ਹੀ ਕਿਹਾ ਹੈ।

ਇਨ੍ਹਾਂ ਭਿੰਨ-ਭਿੰਨ ਸ਼ਕਲਾਂ ਕਾਰਣ ਹੀ ਗਊ ਤੇ ਬੱਕਰੀ ਵੀ ਭਿੰਨ-ਭਿੰਨ ਹਨ। ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਨੇ ਬੱਕਰੀ ਨੂੰ ਗਊ ਜਾਂ ਗਊ ਨੂੰ ਬੱਕਰੀ ਸਮਝ ਲਿਆ ਹੋਵੇ। ਸੱਪ-ਬਿੱਛੂ-ਮਗਰਮੱਛ, ਮੋਰ, ਚਮਗਿੱਦੜ ਆਦਿ ਅਨੰਤ ਜੂਨੀਆਂ--ਕਰਤੇ ਨੇ ਅਰੰਭ ਤੋਂ ਹੀ ਜਿਸ ਦੀ ਜੋ ਸ਼ਕਲ ਘੜੀ, ਅੰਤ ਤੀਕ ਉਸ ਦੀ ਸ਼ਕਲ ਉਹੀ ਰਹਿੰਦੀ ਹੈ। ਅੰਬ-ਖਰਬੂਜ਼ਾ, ਲੁਕਾਠ, ਬੇਰ, ਚਾਵਲ, ਗੇਹੂੰ ਸ਼ਕਲਾਂ ਦੀ ਭਿੰਨਤਾ ਕਾਰਣ ਹੀ ਵੱਖ-ਵੱਖ ਹਨਇਹ ਗੱਲ ਵੱਖਰੀ ਹੈ ਕਿ ਵੱਖ-ਵੱਖ ਬੋਲੀਆਂ-ਭਾਸ਼ਾਵਾਂ `ਚ ਉਨ੍ਹਾਂ ਦੇ ਨਾਂ ਬਦਲ ਜਾਂਦੇ ਹਨ ਪਰ ਜਿਸ ਬੋਲੀ `ਚ, ਜਿਸ ਨੂੰ ਜੋ ਨਾਂ ਮਿਲਿਆ ਹੋਇਆ ਹੈ, ਕੇਵਲ ਨਾਂ ਲੈਣ ਨਾਲ ਹੀ ਅਮੁੱਕੀ ਸ਼ਕਲ ਅੱਖਾਂ ਸਾਹਮਣੇ ਆ ਜਾਂਦੀ ਹੈ।

ਸ਼ਕਲ ਤੇ ਸੁਭਾਅ ਅਥਵਾ ਸੂਰਤ ਤੇ ਸੀਰਤ ਵਿਚਲੀ ਸਾਂਝ- ਉਂਝ ਇਸ ਲੜੀ ਦੇ ਭਾਗ (੬-ੳ) `ਚ ਕਿਸੇ ਹੱਦ ਤੀਕ ਇਹ ਵਿਸ਼ਾ ਅਸੀਂ "ਬਾਣੀ ਅਸਾ ਕੀ ਵਾਰ" ਵਿੱਚਲੇ ਸਲੋਕ "ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ" (ਪੰ: ੪੬੩) ਰਾਹੀਂ ਲੈ ਵੀ ਚੁੱਕੇ ਹਾਂ, ਤਾਂ ਵੀ-ਪ੍ਰਭੂ ਦੀ ਅਨੰਤ ਰਚਨਾ ਵਿੱਚਲੀ ਅਨੰਤ ਸ਼ਕਲਾਂ ਤੇ ਸੂਰਤਾਂ ਵਾਲੇ ਪੱਖ ਨੂੰ ਸਮਝਣ ਲਈ ਇੱਕ ਹੋਰ ਵਿਸ਼ੇਸ਼ ਪੱਖ ਵੀ ਹੈ ਅਤੇ ਉਹ ਪੱਖ ਹੈ ਸੁਭਾਅ ਤੇ ਸੀਰਤ ਵਾਲਾ।

ਜਿਵੇਂ ਤੇ ਜਦੋਂ ਤੀਕ ਪ੍ਰਭੂ ਆਪ ਨਾ ਚਾਹੇ, ਨਹੀਂ ਤਾਂ ਪ੍ਰਭੂ ਦੀ ਰਚਨਾ ਦੇ ਹਰੇਕ ਅੰਗ ਦੀ ਸੂਰਤ ਤੇ ਸ਼ਕਲ ਵੀ ਸਦੀਵੀ ਹੁੰਦੀ ਹੈ, ਉਸ `ਚ ਤਬਦੀਲੀ ਨਹੀਂ ਆਉਂਦੀ। ਇਸੇ ਤਰ੍ਹਾਂ ਉਸ ਹਰੇਕ ਦੀ ਸੀਰਤ ਤੇ ਸੁਭਾਅ ਵੀ ਸਦੀਵੀ ਹੁੰਦਾ ਹੈ। ਸੂਰਜ ਦਾ ਸੁਭਾਅ ਗਰਮੀ ਦੇਣਾ ਤੇ ਚੰਦ੍ਰਮਾਂ ਨੇ ਸਦਾ ਠੰਢਕ। ਗੁੜ ਚੋਂ ਸਦਾ ਮਿਠਾਸ ਪ੍ਰਾਪਤ ਹੋਵੇਗੀ ਜਦਕਿ ਨਮਕ ਤੋਂ ਕਦੇ ਮਿਰਚਾਂ ਦਾ ਭੁਲੇਖਾ ਨਹੀਂ ਪੈ ਸਕਦਾ ਬਿੱਲੀ ਦਾ ਚੂਹੇ ਖਾਣ ਵਾਲਾ ਸੁਭਾਅ ਵੀ, ਨਸਲ ਦਰ ਨਸਲ ਚਲਦਾ ਆ ਰਿਹਾ ਹੈ।

ਇਸੇ ਤਰ੍ਹਾਂ ਘੋੜੇ ਰਾਹੀਂ ਦੁਲੱਤੀ ਮਾਰਣ ਤੇ ਗਊ ਦੇ ਸਿੰਗ ਮਾਰਣ ਵਾਲੀ ਆਦਤ ਅੱਜ ਤੋਂ ਨਹੀਂ। ਗਿੱਦੜ ਸੁਭਾਉ ਕਰਕੇ ਡਰਪੋਕ ਹੈ ਅਤੇ ਸ਼ੇਰ ਸੁਭਾਅ ਕਰ ਕੇ ਖੂੰਖਾਰ ਵੀ ਆਦਿ ਕਾਲ ਤੋਂ ਹੀ ਹੈ। ਚੂਹਾ ਹਰੇਕ ਵਸਤ ਨੂੰ ਕੁੱਤਰਦਾ ਹੈ, ਦੀਮਕ-ਲੱਕੜੀ ਤੇ ਕਾਗਜ਼ ਆਦਿ ਨੂੰ ਮਿੱਟੀ `ਚ ਤਬਦੀਲ ਕਰ ਦਿੰਦੀ ਹੈ। ਸਾਧਾਰਣ ਕੀੜੀ ਕਦੇ ਨਹੀਂ ਲੜਦੀ ਪਰ ਕੱਕੀ ਕੀੜੀ ਸਦਾ ਤੋਂ ਹੀ ਲੜਦੀ ਹੈ। ਪੱਥਰ-ਅੱਗ ਨਹੀਂ ਪਕੜਦਾ ਜਦਕਿ ਉਸੇ ਅੱਗ ਨਾਲ ਲੱਕੜੀ, ਸੜ ਕੇ ਸੁਆਹ ਹੋ ਜਾਂਦੀ ਹੈ, ਉਂਝ ਅੱਗ ਦੋਨਾਂ ਅੰਦਰ ਹੈ। ਬਿੱਛੂ ਦਾ ਡੰਗ ਤੇ ਸਪ ਦਾ ਕੱਟਣਾ, ਦੋਵੇਂ ਸਦਾ ਤੋਂ ਜ਼ਹਿਰੀਲੇ ਹਨ।

ਇਸੇ ਤਰ੍ਹਾਂ ਭਿੰਨ-ਭਿੰਨ ਕੈਮੀਕਲਾਂ ਦੇ ਵੀ ਵੱਖ-ਵੱਖ ਸੁਭਾਅ ਹੀ ਹੁੰਦੇ ਹਨ ਜਿਹੜੇ ਮਨੁੱਖ ਦੀਆਂ ਲੱਖਾਂ ਲੋੜਾਂ ਨੂੰ ਹਰ ਸਮੇਂ ਪੂਰਾ ਕਰ ਰਹੇ ਹਨ। ਇਥੋਂ ਤੀਕ ਕਿ ਮੈਡੀਕਲ, ਵਿਗਿਆਨਕ-ਖੇਤੀਬਾੜੀ ਆਦਿ ਦੀਆਂ ਬੇਅੰਤ ਖੋਜਾਂ ਵੀ ਇਸੇ ਇਲਾਹੀ ਤੇ ਰੱਬੀ ਸੱਚ `ਤੇ ਆਧਾਰਤ ਹਨ। ਇਸੇ ਤਰ੍ਹਾਂ ਕੋਈ ਮਿਸ਼ਰਨ (compound) ਜਦੋਂ ਕਿਸੇ ਪ੍ਰਯੋਗਸ਼ਾਲਾ (Labortary) `ਚ ਭੇਜਿਆ ਜਾਂਦਾ ਹੈ ਤਾਂ ਉਥੇ ਕੇਵਲ ਉਸ ਮਿਸ਼ਰਨ ਦੇ ਤਤਵਾਂ ਦੇ ਸੁਭਾੳੇ ਅਤੇ ਗੁਣ-ਦੋਸ਼ਾਂ (properties) ਤੋਂ ਹੀ ਪਤਾ ਲਗਦਾ ਹੈ ਕਿ ਉਸ ਮਿਸ਼ਰਨ `ਚ ਕਿਹੜੀ ਚੀਜ਼ ਕਿੰਨੇ ਪ੍ਰਤੀਸ਼ਤ ਮੌਜੂਦ ਹੈ। ਜਦਕਿ ਉਥੇ ਕਿਸੇ ਇੱਕ ਵੀ ਤਤਵ ਅਥਵਾ ਵਸਤ (constituent) ਦੀ ਸ਼ਕਲ ਮੌਜੂਦ ਨਹੀਂ ਹੁੰਦੀ।

ਹੋਰ ਤਾਂ ਹੋਰ, ਅਜੋਕੇ ਮੈਡੀਕਲ ਕਲੀਨਿਕਾਂ, ਪ੍ਰਯੋਗਸ਼ਾਲਾਵਾਂ (Labortaries) `ਚ ਹੋ ਰਹੇ ਸਾਡੇ, ਖੂਨ, ਪੇਸ਼ਾਬ, ਸਟੂਲ ਆਦਿ ਦੇ ਪ੍ਰੀਖਣ ਤਾਂ ਇਸ ਪੱਖੋਂ ਹੋਰ ਵੀ ਚਕ੍ਰਿਤ ਕਰਦੇ ਹਨ।

ਉਹ ਤਾਂ ਇਹ ਵੀ ਸਾਬਤ ਕਰ ਰਹੇ ਹਨ ਕਿ ਪ੍ਰਭੂ ਨੇ ਸਾਡੇ ਜਨਮ ਤੋਂ ਹੀ ਸਾਡੇ ਸਰੀਰ ਅੰਦਰਲੇ ਖੂਨ, ਪੇਸ਼ਾਬ, ਸਟੂਲ ਆਦਿ ਦੇ ਅਜਿਹੇ ਵਿਸ਼ੇਸ਼ ਮਾਪਦੰਡ (ਸਟੈਂਡਰਡ) ਕਾਇਮ ਕੀਤੇ ਹੋਏ ਹਨ, ਜਿਨ੍ਹਾਂ ਤੋਂ ਸਹਿਜੇ ਹੀ ਉਨ੍ਹਾਂ ਮਿਸ਼੍ਰਨਾਂ ਵਿੱਚਲੇ ਵਾਧੇ-ਘਾਟੇ ਤੋ ਸਾਡੇ ਅੰਦਰਲੀਆਂ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਜਾਂਦਾ ਹੈ ਤੇ ਉਸੇ ਤੋਂ ਡਾਕਟਰ ਸਾਡਾ ਇਲਾਜ ਕਰਣ ਦੇ ਕਾਬਿਲ ਹੋ ਜਾਂਦੇ ਹਨ।

ਪ੍ਰਭੂ ਦੀ ਅਨੰਤ ਰਚਨਾ `ਚੋਂ ਪ੍ਰਭੂ ਬਖ਼ਸ਼ੀ ਸੂਰਤ ਤੇ ਸੀਰਤ-ਸ਼ਕਲ ਤੇ ਸੁਭਾਅ ਦੀ ਸਾਂਝ `ਚੋਂ ਉਸ ਦੇ ਇਸ ਹੁਕਮ ਵਾਲੀ ਖੇਡ ਨੂੰ ਪਛਾਨਣ ਲਈ, ਇਹ ਵੇਰਵੇ ਕੇਵਲ ਇਸ਼ਾਰੇ ਮਾਤ੍ਰ ਹਨ। ਇਹ ਸਮਝਣ ਲਈ ਕਿ ਪ੍ਰਭੂ ਦੀ ਰਚਨਾ `ਚ ਜਿੱਥੇ ਹਰੇਕ ਜੀਵ ਤੇ ਨਿਰਜੀਵ ਦੀ ਸੂਰਤ ਸਦੀਵੀ ਹੈ, ਉਸੇ ਤਰ੍ਹਾਂ ਉਸਦਾ ਸੁਭਾਅ ਵੀ ਸਦੀਵੀ ਹੈ।

ਇਸ ਲਈ ਜਦੋਂ ਤੀਕ ਪ੍ਰਭੂ ਆਪ ਹੀ ਨਾ ਚਾਹੇ ਅਤੇ ਉਹ ਆਪ ਹੀ ਨਾ ਕਰੇ- ਨਸਲ ਦਰ ਨਸਲ, ਜਿੱਥੇ ਕਿਸੇ ਸ਼੍ਰੇਣੀ ਦੀ ਸੂਰਤ `ਚ ਫਰਕ ਨਹੀਂ ਆਉਂਦਾ, ਉਸੇ ਤਰ੍ਹਾਂ ਅਮੁੱਕੀ ਸ਼੍ਰੇਣੀ ਦੇ ਸੁਭਾਅ `ਚ ਵੀ ਨਸਲ ਦਰ ਨਸਲ ਫਰਕ ਨਹੀਂ ਆਉਂਦਾ। ਮਨੁੱਖ ਨੂੰ ਕੇਵਲ ਕਿਸੇ ਸ਼ਕਲ ਤੋਂ ਹੀ ਉਸ ਸ਼੍ਰੇਣੀ ਦੇ ਸੁਭਾਅ ਦਾ ਪਤਾ ਲਗ ਜਾਂਦਾ ਹੈ। ਜਿਵੇਂ ਗਿੱਦੜ ਮਨੁੱਖ ਨੂੰ ਦੇਖਦੇ ਹੀ ਡਰ ਕੇ ਦੌੜ ਜਾਂਦਾ ਹੈ, ਤੇ ਸ਼ੇਰ ਦੀ ਗਰਜ ਸੁਣਦੇ ਸਾਰ, ਸਾਨੂੰ ਆਪਣੇ ਬਚਾਅ ਦੀ ਫ਼ਿਕਰ ਹੁੰਦੀ ਹੈ। ਘੋੜਾ, ਦੁਲੱਤੀ ਨਾ ਮਾਰ ਦੇਵੇ, ਅਸਾਂ ਉਸ ਦੇ ਪਿੱਛੋਂ ਨਹੀਂ ਲੰਙਣਾ, ਗਊਆਂ ਤੇ ਮੱਝਾਂ ਕਿੱਧਰੇ ਸਿੰਗ ਨਾ ਮਾਰ ਦੇਣ, ਅਸਾਂ ਉਨ੍ਹਾਂ ਅਗੋਂ ਸੰਭਲ ਕੇ ਨਿਕਲਣਾ ਹੁੰਦਾ ਹੈ। ਕਰਤੇ ਦੀ ਬੇਅੰਤ-ਅਨੰਤ ਰਚਨਾ `ਚੋਂ ਉਸ ਦੇ ਹੁਕਮ ਵਾਲੀ ਇਸ ਗ਼ੈਬੀ ਤੇ ਸਦੀਵੀ ਖੇਡ ਨੂੰ ਹਰ ਸਮੇਂ ਪ੍ਰਤੱਖ ਸਮਝਿਆ-ਪਹਿਚਾਣਿਆ ਜਾ ਸਕਦਾ ਹੈ। ਇਹ ਵੀ ਕਿ ਸਮੂਚੇ ਮਨੁੱਖ ਮਾਤ੍ਰ ਦਾ ਜੀਵਨ-ਚਲਣ ਇਸੇ ਖੇਡ `ਤੇ ਹੀ ਖੜਾ ਹੈ।

ਪ੍ਰਭੂ ਦੇ ਹੁਕਮ, ਰਜ਼ਾ ਤੇ ਨਿਯਮ `ਚ-ਇਸ ਤਰ੍ਹਾਂ ਪ੍ਰਭੂ ਦੀ ਅਨੰਤ ਰਚਨਾ `ਚ ਪ੍ਰਭੂ ਬਖਸ਼ੇ ਸੂਰਤ ਤੇ ਸੁਭਾਅ ਵਾਲੇ ਆਪਸੀ ਸੁਮੇਲ ਨੂੰ ਸਹਿਜੇ ਦੇਖਿਆ ਤੇ ਘੋਖਿਆਂ ਜਾ ਸਕਦਾ ਹੈ। ਇਹੀ ਨਹੀਂ, ਜੇਕਰ ਰਚਨਾ ਚੋਂ ਜਦੋਂ ਕਿਸੇ ਸ਼੍ਰੇਣੀ ਵਿੱਚਲੇ ਸੁਭਾੳੇ ਦੇ ਕਿਸੇ ਇੱਕ ਪੱਖ `ਚ ਵਾਧਾ-ਘਾਟਾ ਹੁੰਦਾ ਜਾਂ ਕੀਤਾ ਜਾਂਦਾ ਹੈ ਤਾਂ ਉਸ ਦਾ ਦੂਜਾ ਪੱਖ ਵੀ ਆਪਣੇ ਆਪ ਪ੍ਰਭਾਵਤ ਹੋ ਜਾਂਦਾ ਹੈ।

ਜਿਵੇਂ ਪਾਣੀ, ਸੁਭਾਅ ਕਰਕੇ ਢਲਾਣ ਨੂੰ ਵਧਦਾ ਹੈ। ਉਸਦੇ ਉਲਟ, ਮਨੁੱਖ ਨੇ ਪਾਣੀ ਲਈ ਡੈਮ ਬਣਾਏ, ਇਸ ਤਰ੍ਹਾਂ ਮਨੁੱਖ ਨੇ ਪਾਣੀ ਦੇ ਬਹਾਵ ਵਾਲੇ ਸੁਭਾਅ `ਤੇ ਰੋਕ ਲਗਾਈ। ਇਸੇ ਲਈ ਡੈਮ ਵਿੱਚਲੇ ਪਾਣੀ ਦਾ ਸੁਭਾਅ ਤੇ ਲੋੜ ਦੋਵੇਂ, ਨਦੀ ਤੋਂ ਭਿੰਨ ਹੋ ਗਏ। ਮਨੁੱਖ ਨੇ ਜਦੋਂ ਪਾਣੀ ਹੇਠਾਂ ਅੱਗ ਬਾਲੀ ਤਾਂ ਪਾਣੀ ਗਰਮ ਹੋ ਗਿਆ, ਇਸ `ਤੇ ਪਾਣੀ ਨੇ ਵੀ ਆਪਣੇ ਢਲਾਣ ਵੱਲ ਵੱਧਣ ਵਾਲੇ ਸੁਭਾਅ ਨੂੰ ਬਦਲ ਕੇ, ਭਾਪ ਬਣਕੇ ਉਤ੍ਹਾਂ ਨੂੰ ਉੱਡਣਾ ਸ਼ੁਰੂ ਕਰ ਦਿੱਤਾ। ਉਸੇ ਪਾਣੀ ਨੂੰ ਮਨੁੱਖ ਨੇ ਜਦੋਂ ਕਿਸੇ ਫ਼ਰੀਜ਼ਰ `ਚ ਰਖ ਦਿੱਤਾ ਤਾਂ ਇਹ ਜੰਮ ਕੇ ਬਰਫ਼ `ਚ ਬਦਲ ਗਿਆ; ਇਸੇ ਲਈ ਭਰਵੀਂ ਠੰਡ ਕਾਰਣ ਪਹਾੜਾਂ `ਤੇ ਪਾਣੀ ਹੀ, ਬਰਫ਼ ਤੇ ਗਲੇਸ਼ੀਅਰਾਂ ਦੇ ਰੂਪ `ਚ ਬਦਲਿਆ ਹੁੰਦਾ ਹੈ।

ਗੁਲਾਬ ਦਾ ਫੁੱਲ, ਉਸ ਦੀ ਖੁਸ਼ਬੋ, ਰੰਗ ਤੇ ਸ਼ਕਲ ਆਦਿ ਮਨੁੱਖ ਦੇ ਮਨ ਨੂੰ ਮੋਹ ਲੈਂਦੇ ਹਨ। ਮਨੁੱਖ ਨੇ ਉਸ ਦਾ ਜਦੋਂ ਗੁਲਕੰਦ ਬਣਾ ਲਿਆ, ਉਸ ਦੇ ਰੂਪ ਤੇ ਸੁਭਾਅ `ਚ ਕੱਤਰ-ਬਿਉਂਤ ਕੀਤੀ; ਇਸ ਤਰ੍ਹਾਂ ਉਸੇ ਗੁਲਾਬ ਦੇ ਫੁਲ ਦਾ ਰੂਪ ਵੀ ਬਦਲ ਗਿਆ, ਸੁਭਾਅ ਤੇ ਖੁਸ਼ਬੂ ਆਦਿ ਵੀ।

ਉਪ੍ਰੰਤ ਸਾਡੇ ਸਰੀਰਾਂ ਦੇ ਖੂਨ, ਪੇਸ਼ਾਬ, ਥੁੱਕ ਆਦਿ-ਮਨੁੱਖ ਨੇ ਜਦੋਂ ਇਨ੍ਹਾਂ ਦੇ ਪ੍ਰਭੂ ਵਲੋਂ ਨਿਯਤ ਕੁਦਰਤੀ ਮਿਸ਼੍ਰਣਾਂ ਤੇ ਮਾਪਦੰਡਾਂ (Standard) ਸੰਬੰਧੀ ਲਾਪਰਵਾਹੀਆਂ ਕੀਤੀਆਂ, ਇਨ੍ਹਾਂ ਦੇ ਕੁੱਦਰਤੀ ਮਾਪਦੰਡਾਂ (Standard) ਭਾਵ ਸੁਭਾਅ `ਤੇ ਚੋਟ ਕੀਤੀ ਤਾਂ ਮਨੁੱਖ ਬਿਮਾਰ ਹੋ ਗਿਆ। ਉਪ੍ਰੰਤ ਇਨ੍ਹਾਂ ਮਾਪਦੰਡਾ ਆਧਾਰਤ ਡਾਕਟਰੀ ਜਾਂਚਾਂ ਨੇ ਮਨੁੱਖ ਦੀ ਇਹ ਪੋਲ ਵੀ ਖੋਲ ਦਿੱਤੀ।

ਹੁਣ ਇਸੇ ਲੜੀ `ਚ ਅੱਗੇ ਗੱਲ ਕਰਦੇ ਹਾਂ ਮਨੁੱਖ ਦੀ ਸ਼ਕਲ ਤੇ ਸੁਭਾਅ ਦੇ ਨਾਲ ਨਾਲ ਉਸ ਦੀ ਸੂਰਤ ਤੇ ਸੀਰਤ ਨਾਲ ਸੰਬੰਧਤ ਪ੍ਰਭੂ ਵੱਲੋਂ ਨਿਆਂ ਦੀ:-

ਦਰਅਸਲ ਬਾਣੀ "ਆਸਾ ਕੀ ਵਾਰ" ਦੀ ਦੂਜੀ ਪਉੜੀ ਦੇ ਪਹਿਲੇ ਸਲੋਕ ਦੀ ਸਮਾਪਤੀ `ਤੇ ਗੁਰਦੇਵ ਨੇ ਇਸੇ ਵਿਸ਼ੇ ਨੂੰ ਹੀ "ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ" (ਪੰ: ੪੬੩) ਵਾਲੇ ਗੁਰਬਾਣੀ ਦੇ ਫ਼ੁਰਮਾਨ ਰਾਹੀਂ ਬਿਲਕੁਲ ਸਪਸ਼ਟ ਕੀਤਾ ਹੋਇਆ ਹੈ।

ਇਥੇ ਗੁਰਦੇਵ ਦਾ ਮਨੁੱਖ ਸੰਬੰਧੀ ਨਿਰਣਾ ਹੈ ਕਿ "ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ. ."ਦੀ ਨਿਆਈਂ ਸਮੂਚੀ ਰਚਨਾ `ਚ ਮਨੁੱਖ ਦੀ ਵੀ ਸੂਰਤ ਤੇ ਸੀਰਤ, ਸ਼ਕਲ ਤੇ ਸੁਭਾਅ, ਇਹ ਦੋਵੇਂ ਵੀ ਸਦੀਵ ਕਾਲ ਲਈ ਪ੍ਰਭੂ ਨੇ ਆਪ ਹੀ ਨਿਯਤ ਕੀਤੇ ਹੋਏ ਹਨ। ਇਸ ਲਈ ਇਹੀ ਹੈ ਪ੍ਰਭੂ ਵੱਲੋਂ ਹਰੇਕ ਮਨੁੱਖ ਦਾ ਇਲਾਹੀ ਧਰਮ ਅਤੇ ਪ੍ਰਭੂ ਵੱਲੋਂ "ਅਗੈ ਕਰਣੀ ਕੀਰਤਿ ਵਾਚੀਐ" (ਪੰ: ੪੬੪) ਮਨੁੱਖ ਦੀ ਕਰਣੀ ਸੰਬੰਧੀ ਪ੍ਰਭੂ ਦੇ ਨਿਆਂ ਦਾ ਮਾਪਦੰਡ। ਇਸ ਆਧਾਰ `ਤੇ ਜਿਹੜੇ:-

(੧) "ਨਾਨਕ ਸਚੁ ਧਿਆਇਨਿ ਸਚੁ" ਅਨੁਸਾਰ ਪ੍ਰਭੂ ਦੀ ਬਖ਼ਸੀ ਹੋਈ ਸ਼ਕਲ ਤੇ ਸੂਰਤ `ਚ ਜਿਉਂ ਦੇ ਤਿਉਂ ਕਾਇਮ ਰਹਿੰਦੇ ਹਨ ਅਤੇ ਜੀਵਨ ਰਹਿਣੀ ਪੱਖੋਂ ਵੀ ਇਲਾਹੀ ਤੇ ਰੱਬੀ ਗੁਣਾ ਦਾ ਹੀ ਪ੍ਰਗਟਾਵਾ ਹੁੰਦੇ ਹਨ, ਦਰ-ਅਸਲ ਉਹੀ "ਸਚੇ ਤੇਰੇ ਖੰਡ ਸਚੇ…" ਵਾਂਙ ਸੱਚੇ ਹੁੰਦੇ ਹਨ।

ਭਾਵ ਉਹ ਪ੍ਰਭੂ ਵੱਲੌਂ ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਲਈ ਸਥਾਪਤ ਇਕੋ-ਇਕ ਮਨੁੱਖੀ ਧਰਮ ਦੇ ਵਾਰਿਸ ਅਤੇ ਪ੍ਰਗਟਾਵਾ ਹੁੰਦੇ ਹਨ। ਇਸੇ ਵਿਸ਼ੇ ਨੂੰ ਬਾਣੀ ਜਪੁ `ਚ:-

"ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" ਅਤੇ ਪੰਜਵੇਂ ਪਾਤਸ਼ਾਹ ਨੇ:-

"ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ" (ਪ: ੨੬੬) ਵਾਲੇ ਗੁਰਬਾਣੀ ਫ਼ੁਰਮਾਨ ਨਾਲ ਸਪਸ਼ਟ ਕੀਤਾ ਹੋਇਆ ਹੈ। ਇਸੇ ਤਰ੍ਹਾਂ ਹੋਰ ਵੀ ਬੇਅੰਤ ਫ਼ੁਰਮਾਨ।

(੨) ਜਦਕਿ "ਜੋ ਮਰਿ ਜੰਮੇ ਸੁ ਕਚੁ ਨਿਕਚੁ" ਅਰਥ ਹੈ, ਜਿਹੜੇ ਲੋਕ ਪ੍ਰਭੂ ਵੱਲੋਂ ਪ੍ਰਾਪਤ ਤੇ ਬਖ਼ਸ਼ੇ ਹੋਏ ਸਰੂਪ `ਚ ਕੱਟ ਵੱਢ ਕਰਦੇ, ਉਸ ਨੂੰ ਭੇਖਾਂ ਆਦਿ ਲਈ ਵਰਤਦੇ ਜਾਂ ਸ਼ਬਦ-ਗੁਰੂ ਦੀ ਕਮਾਈ ਕਰਣ ਦੀ ਬਜਾਏ ਨਿਗੁਰੇ ਰਹਿ ਕੇ ਮਨਮੁਖਤਾ ਭਰਪੂਰ, ਹੂੜਮੱਤੀਆ ਤੇ ਆਪ-ਹੁੱਦਰਾ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਦਾ ਮਨੁੱਖਾ ਜਨਮ ਵੀ ‘ਕਚੁ ਨਿਕਚ’ ਬਿਰਥਾ ਚਲਾ ਜਾਂਦਾ ਹੈ।

ਉਹ ਜੀਂਦੇ ਜੀ ਵੀ ਵਿਕਾਰਾਂ ਦੀ ਮਾਰ ਸਹਿਨ ਨੂੰ ਮਜਬੂਰ ਹੁੰਦੇ ਹਨ। ਖੁਆਰੀਆਂ, ਭਟਕਣਾ ਤੇ ਤ੍ਰਿਸ਼ਨਾ ਆਦਿ ਦੇ ਤਲ `ਤੇ ਪਲ-ਪਲ ਦੀਆਂ ਜੂਨਾਂ ਭੋਗਦੇ ਤੇ ਹਰ ਸਮੇਂ ਆਪਣੇ ਲਈ ਆਤਮਕ ਮੌਤ ਸਹੇੜੀ ਰਖਦੇ ਹਨ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਹ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਵਾਲੇ ਨਰਕ (ਦੋਜ਼ਖ) `ਚ ਪੈਨਦੇ ਅਤੇ ਪਛਤਾਉਂਦੇ ਹਨ। ਫ਼ੁਰਮਾਨ ਹਨ:-

() "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ?" (ਪੰ: ੩੩੦)

() "ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ" (ਪੰ: ੫੧੩-੧੪)

() "ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ" (ਪੰ: ੪੭੦) ਆਦਿ

ਇਸ ਤਰ੍ਹਾਂ ਸਪਸ਼ਟ ਹੈ ਮਨੁੱਖਾ ਸਰੀਰ ਦੇ ਬਿਨਸਨ ਬਾਅਦ ਵੀ, ਮਨੁੱਖ ਦਾ ਮਨ ਜਿਹੜਾ ਪ੍ਰਭੂ ਦਾ ਹੀ ਨੂਰ ਹੁੰਦਾ ਹੈ, ਉਹ ਮਰਦਾ ਨਹੀਂ। ਹਉਮੈ ਵੱਸ ਕੀਤੇ ਸਮੂਹ ਕਰਮਾ ਤੇ ਕਰਣੀ ਕਾਰਣ ਇਹ ਪ੍ਰਭੂ ਤੋਂ ਤੱਦ ਤੀਕ ਵਿੱਛੜਿਆ ਰਹਿੰਦਾ ਅਤੇ ਇਹ ਜੀਵ ਲਈ ਭਿੰਨ-ਭਿੰਨ ਜੂਨਾਂ ਤੇ ਗਰਭਾਂ ਦਾ ਕਾਰਣ ਬਣਿਆ ਰਹਿੰਦਾ ਹੈ, ਜਦੋਂ ਤੀਕ ਇਹ ਮਨ ਰੂਪ ਪ੍ਰਭੂ ਦਾ ਹੀ ਅੰਸ਼ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ "ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ" (ਪੰ: ੫੧੪) ਗੁਰਬਾਣੀ ਅਨੁਸਾਰ ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਅ ਹੀ ਨਾ ਜਾਵੇ, ਉਸ `ਚ ਅਭੇਦ ਹੀ ਨਾ ਹੋ ਜਾਵੇ।

ਬੰਦਿਆ ਤੂੰ ਬੰਦਾ ਬਣ! ਤੂੰ ਇਨਸਾਨ ਬਣ! - ਦੇਖਿਆ ਜਾਵੇ ਤਾਂ ਇਹ ਲਫ਼ਜ਼ "ਬੰਦਿਆ ਤੂੰ ਬੰਦਾ ਬਣ! ਤੂੰ ਇਨਸਾਨ ਬਣ" ਸਮਾਜਿਕ ਤਲ `ਤੇ ਕੇਵਲ ਤੇ ਕੇਵਲ ਮਨੁੱਖ ਲਈ ਹੀ ਵਰਤੇ ਜਾਂਦੇ ਹਨ; ਜਦਕਿ ਇਹ ਲਫ਼ਜ਼ ਰਚਨਾ ਦੀਆਂ ਅਨੰਤ ਜੀਵ ਸ਼੍ਰੇਣੀਆਂ `ਚੋਂ ਹੋਰ ਕਿਸੇ ਇੱਕ ਵੀ ਸ਼੍ਰੇਣੀ `ਤੇ ਲਾਗੂ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਹੋਰ ਸ਼ਰੇਣੀ ਲਈ ਵਰਤੇ ਜਾਂਦੇ ਹਨ।

ਅੱਜ ਤੀਕ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਘੋੜਿਆ ਤੂੰ ਘੋੜਾ ਬਣ, ਬਿੱਲੀਏ ਤੂੰ ਬਿੱਲੀ ਬਣ, ਕਿਉਂ? ਕਿਉਂਕਿ ਉਨ੍ਹਾਂ ਅਨੰਤ ਜੂਨਾਂ ਸਮੇਂ ਪ੍ਰਭੂ ਰਾਹੀਂ ਬਖਸ਼ੇ ਹੋਏ ਸਰੂਪ ਤੇ ਸੁਭਾਅ ਅਥਵਾ ਸੂਰਤ ਤੇ ਸੀਰਤ ਕੁਦਰਤੀ ਤੇ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ; ਜਿਵੇਂ ਪ੍ਰਭੂ ਨੇ ਉਨ੍ਹਾਂ ਲਈ ਅਰੰਭ ਤੋਂ ਹੀ ਕਾਇਮ ਕੀਤੇ ਹੁੰਦੇ ਹਨ। ਉਨ੍ਹਾਂ `ਚ ਉਨ੍ਹਾਂ ਪੱਖਾਂ ਤੋਂ ਉੱਕਾ ਹੀ ਵਾਧਾ ਘਾਟਾ ਨਹੀਂ ਹੁੰਦਾ, ਜਦੋਂ ਤੀਕ ਕਿ ਉਨ੍ਹਾਂ `ਚੋਂ ਕਿਸੇ `ਚ ਮਨੁੱਖ ਆਪਪ ਹੀ ਕੱਤਰ-ਬਿਉਂਤ ਨਹੀਂ ਕਰਦਾ।

ਇਸ ਲਈ ਪ੍ਰਭੂ ਦੀ ਸੰਪੂਰਣ ਰਚਨਾ `ਚ ਸਿਵਾਇ ਮਨੁੱਖ ਦੇ, ਹਰੇਕ ਸ਼੍ਰੇਣੀ ਪ੍ਰਭੂ ਵੱਲੋਂ ਬਖਸ਼ੀ ਹੋਈ ਆਪਣੀ ਸ਼ਕਲ ਤੇ ਸੁਭਾਅ, ਸੂਰਤ ਤੇ ਸੀਰਤ `ਚ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ। ਇਸੇ ਲਈ ਪ੍ਰਭੂ ਦੀ ਅਨੰਤ ਰਚਨਾ `ਚ ਫੁੱਲ-ਬਨਸਪਤੀ, ਪਸ਼ੂ-ਪੰਛੀ, ਨਦੀਆਂ-ਪਹਾੜ, ਕੀੜੇ-ਮਕੌੜੇ, ਸੱਪ-ਬਿੱਛੂ, ਖਨਿਜ, ਕੈਮੀਕਲ, ਜਿੱਧਰ ਨਜ਼ਰ ਮਾਰੋ, ਕੁਦਰਤੀ ਹੁਲਾਰਾ, ਟਿਕਾਅ ਅਤੇ ਮਸਤੀ ਹੀ ਮਸਤੀ ਹੁੰਦੀ ਹੈ। ਹੋਰ ਤਾਂ ਹੋਰ, ਮਨੁੱਖ ਵੀ ਜਦੋਂ ਆਪਣੀਆਂ ਪ੍ਰੇਸ਼ਾਨੀਆਂ ਤੋਂ ਘਬਰਾ ਉਠਦਾ ਹੈ ਤਾਂ ਉਹ ਵੀ ਕੁੱਦਰਤ ਨੇੜੇ ਪੁੱਜ ਕੇ ਹੀ ਆਪਣੇ ਮਨ ਅੰਦਰ ਸ਼ਾਂਤੀ ਮਹਿਸੂਸ ਕਰਦਾ ਹੈ।

ਇਥੋਂ ਤੀਕ ਕਿ ਸੰਪੂਰਣ ਗੁਰਬਾਣੀ `ਚ ਗੁਰਦੇਵ ਨੇ ਵੀ ਮਨੁੱਖ ਨੂੰ ਕੁਦਰਤ ਦੀ ਪਉੜੀ `ਤੇ ਚੜ੍ਹਾ ਕੇ ਹੀ ਕਾਦਿਰ ਦੇ ਨੇੜੇ ਲਿਆਉਣ ਦਾ ਯਤਣ ਕੀਤਾ ਹੈ। ਇਸੇ ਲਈ ਪ੍ਰਭੂ ਦੇ ਭਗਤ ਜ਼ਿਆਦਾ ਤੋਂ ਜ਼ਿਆਦਾ ਕੁੱਦਰਤ ਦੇ ਨੇੜੇ ਰਹਿਣਾ ਹੀ ਲੋਚਦੇ ਹਨ। ਜਦਕਿ ਇਹ ਕੇਵਲ ਤੇ ਇਕੱਲਾ ਮਨੁੱਖ ਹੀ ਹੈ, ਜਿਸ ਲਈ ਕਿਸੇ ਸਾਇਰ ਨੇ ਵੀ ਇਸ ਤਰ੍ਹਾਂ ਕਿਹਾ ਹੈ:-

"ਗਰਚੇ ਮੁਮਕਿਨ ਹੈ, ਹਰ ਬਾਤ ਕਾ ਆਸਾਂ ਹੋਣਾ।

ਸਿਰਫ਼ ਆਦਮੀ ਕੋ ਹੀ ਮੁਯੱਸਰ ਨਹੀਂ, ਇਨਸਾਂ ਹੋਣਾ"

ਸਪਸ਼ਟ ਹੈ ਕਿ ਇਹ ਕੇਵਲ ਮਨੁੱਖ ਹੀ ਹੈ ਜਿਸ ਨੂੰ ਪੜ੍ਹ੍ਹ੍ਹਾਣਾ, ਸਮਝਾਉਣਾ ਪੈਂਦਾ ਹੈ; ਧਰਮ ਉਪਦੇਸ਼ਾਂ ਰਾਹੀਂ ਜੀਵਨ ਦੇ ਠੀਕ ਰਾਹ `ਤੇ ਚਲਾਉਣ ਲਈ ਸਦਾ ਯਤਨ ਕੀਤੇ ਜਾਂਦੇ ਹਨ। ਜਦਕਿ ਇਸ ਸਾਰੇ ਦੇ ਉਲਟ, ਕੁੱਦਰਤ ਦੀ ਕਿਸੇ ਇੱਕ ਵੀ ਹੋਰ ਸ਼੍ਰੇਣੀ ਲਈ ਇਹ ਸਮਸਿਆ ਹੈ ਹੀ ਨਹੀਂ।

ਇਹ ਕੇਵਲ ਬੰਦਾ ਭਾਵ ਮਨੁੱਖ ਹੀ ਹੈ ਜਿਹੜਾ ਕਿੱਧਰੇ ਸੂਰਤ ਭਾਵ ਆਪਣੀ ਰੱਬੀ ਤੇ ਇਲਾਹੀ ਸ਼ਕਲ ਪੱਖੋਂ ਤੇ ਕਿੱਧਰੇ ਆਪਣੇ ਸੁਭਾਅ ਭਾਵ ਸੀਰਤ ਪੱਖੋਂ, ਬਲਕਿ ਬਹੁਤਾ ਕਰਕੇ ਤਾਂ ਦੋਨਾਂ ਪੱਖਾ ਤੋਂ ਹੀ ਬੰਦਾ ਨਹੀਂ ਹੁੰਦਾ। ਇਸ ਲਈ ਬਹੁਤਾ ਕਰਕੇ ਕੇਵਲ ਇਸੇ ਨੂੰ ਹੀ ਤੇ ਜ਼ਿੰਦਗੀ ਭਰ ਬਾਰ-ਮ-ਬਾਰ ਚੇਤੇ ਕਰਵਾਉਣਾ ਪੈਂਦਾ ਹੈ ਕਿ "ਬੰਦਿਆ ਤੂੰ ਬੰਦਾ ਬਣ! ਤੂੰ ਇਨਸਾਨ ਬਣ"।

ਇਸੇ ਲਈ "ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ" ਭਾਵ ਪ੍ਰਭੂ ਦੀ ਸੰਪੂਰਣ ਰਚਨਾ ਦਾ ਵਰਣਨ ਕਰਦੇ ਹੋਏ ਵੀ ਗੁਰਦੇਵ ਨੂੰ ਵੀ ਕੇਵਲ ਤੇ ਕੇਵਲ ਮਨੁੱਖਾ ਜੀਵਨ, ਜੂਨ ਅਤੇ ਜਨਮ ਸੰਬੰਧੀ ਹੀ "ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ" (ਪੰ੪੬੩) ਵਾਲੇ ਗੁਰ ਫ਼ੁਰਮਾਨ ਰਾਹੀਂ ਵਿਸ਼ੇ ਨੂੰ ਉਚੇਚੇ ਸਪਸ਼ਟ ਕਰਣ ਦੀ ਲੋੜ ਪਈ।

ਇਸ ਲਈ ਜੇਕਰ ਕਰਤਾ ਆਪ ਹੀ ਬਖ਼ਸ਼ਿਸ਼ ਕਰੇ ਤਾਂ ਸਮੂਚਾ ਮਨੁੱਖ ਮਾਤ੍ਰ ਗੁਰਬਾਣੀ-ਗੁਰੂ ਦੀ ਸ਼ਰਣ `ਚ ਆ ਕੇ ਆਪਣੇ ਪ੍ਰਾਪਤ ਮਨੁੱਖਾ ਜਨਮ ਦਾ ਅੱਜ ਵੀ ਇਲਾਹੀ ਅਤੇ ਸਦੀਵੀ ਆਤਮਕ ਅਨੰਦ ਦਾ ਭਾਗੀਦਾਰ ਬਣ ਸਕਦਾ ਹੈ। (ਚਲਦਾ) #234P-XXXV,-02.17-0217#P35v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including This Self Learning Gurmat Lesson No.234-XXXV

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੈਂਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.