.

ਪੁਜਾਰੀ ਦਾ ਔਰਤ ਨਾਲ ਇੱਕ ਹੋਰ ਧੋਖਾ- ਵਰਤ।


ਇੱਕ ਸਮਾਂ ਸੀ, ਜਦੋਂ ਔਰਤ ਸੱਚਮੁਚ ਅਬਲਾ (ਕਮਜੋਰ,ਬੇਸਹਾਰਾ) ਸੀ, ਪਤੀ ਹੀ ਇਸ ਅਬਲਾ ਦਾ ਸਭ ਤੋਂ ਵੱਡਾ ਸਹਾਰਾ ਸੀ। ਪਤੀ ਭਾਵੇਂ ਮਾਰਦਾ ਕੁੱਟਦਾ ਵੀ ਸੀ, ਪਰ ਫਿਰ ਵੀ ਔਰਤ ਪਤੀ ਨੂੰ ਸਾਰਾ ਕੁਝ ਮੰਨਦੀ ਸੀ। ਕਿਉਂਕਿ ਪਤੀ ਕਰਕੇ ਹੀ ਇਸਦਾ ਘਰ, ਪਰਿਵਾਰ ਤੇ ਸਮਾਜ ਵਿੱਚ ਸਤਿਕਾਰ ਸੀ।
ਜੇ ਜਵਾਨੀ ਦੇ ਲਾਗੇ ਬੰਨੇ ਇਸ ਦਾ ਪਤੀ ਮਰ ਜਾਂਦਾ ਤਾਂ ਇਸ ਨੂੰ ਜੀਉਂਦਿਆਂ ਨਾਲ ਚਿਖਾ (ਅੱਗ) ਵਿੱਚ ਸੜਨਾ ਪੈਂਦਾ। ਜੇ ਕਿਸੇ ਤਰ੍ਹਾਂ ਬਚ ਜਾਂਦੀ ਤਾਂ ਸਦਾ ਚਿੱਟੇ ਕੱਪਡ਼ਿਆਂ ਵਿੱਚ ਵਿਧਵਾ ਬਣ ਕੇ ਨਰਕ ਵਰਗੀ ਜਿੰਦਗੀ ਜੀਉਣੀ ਪੈਂਦੀ।
ਘਰ ਪਰਿਵਾਰ ਰਿਸ਼ਤੇਦਾਰ ਤੇ ਸਮਾਜ ਦੇ ਲੋਕ ਆਪਣੇ ਪਤੀ ਨੂੰ ਖਾ ਜਾਣ ਵਾਲੀ ਕਲੈਣੀ, ਨਾਗਨੀ, ਡੈਣ ਤੇ ਚੰਡਾਲ ਕਹਿ ਕੇ ਸਦਾ ਜਲੀਲ ਕਰਦੇ ਰਹਿੰਦੇ।
ਸਵੇਰੇ ਜਿੰਨਾਂ ਚਿਰ ਘਰਦੇ ਮਰਦ (ਆਦਮੀ) ਕੰਮ ਕਾਜ ਤੇ ਨਾ ਜਾਂਦੇ, ਉਨਾਂ ਚਿਰ ਏ ਘਰ ਦੇ ਕਮਰੇ ਵਿੱਚ ਕੈਦ ਰਹਿੰਦੀ। ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਜੇ ਵਿਧਵਾ ਔਰਤ ਸਵੇਰੇ ਸਵੇਰੇ ਕਿਸੇ ਕੰਮ ਕਾਜ ਜਾ ਰਹੇ ਮਰਦ ਦੇ ਮੱਥੇ ਲੱਗ ਜਾਵੇ ਤਾਂ ਕੰਮ ਰਾਸ ਨਹੀ ਆਉਂਦਾ। ਹੋਰ ਬੇਅੰਤ ਕਸ਼ਟ ਸਨ ਜਿਹਡ਼ੇ ਔਰਤ ਨੂੰ ਪਤੀ ਬਿਨਾ ਸਹਿਣੇ ਪੈਂਦੇ ਸਨ।
ਇਸ ਲਈ ਹਰ ਔਰਤ ਚਾਹੁੰਦੀ ਸੀ ਕਿ ਮੇਰੇ ਪਤੀ ਦੀ ਉਮਰ ਵੱਧ ਤੋਂ ਵੱਧ ਲੰਮੀ ਹੋਵੇ, ਤਾਂ ਕਿ ਮੈਨੂੰ ਕਿਸੇ ਤਰ੍ਹਾਂ ਦਾ ਨਰਕ ਨਾ ਭੋਗਣਾ ਪਵੇ।
ਔਰਤ ਰੱਬ ਦਾ ਵਿਚੋਲਾ ਬਣੇ ਬੈਠੇ ਪੁਜਾਰੀ ਕੋਲ ਜਾ ਕੇ ਰੋਈ ਕਿ ਕਿਸੇ ਤਰ੍ਹਾਂ ਮੇਰੇ ਪਤੀ ਨੂੰ ਮਰਨ ਤੋਂ ਬਚਾ ਲਵੋ।
ਪਰ ਵਿਚਾਰੀ ਔਰਤ ਨੂੰ ਕੀ ਪਤਾ ਸੀ ਕਿ ਸਾਰੀਆਂ ਮੁਸੀਬਤਾਂ ਦੀ ਜੜ ਤਾਂ ਇਹੋ ਆ।
ਇਸੇ ਨੇ ਸਤੀ ਪ੍ਰਥਾ ਸ਼ੁਰੂ ਕੀਤੀ ਏ, ਇਸੇ ਨੇ ਵਿਧਵਾ ਨੂੰ ਨਰਕ ਭਰੀ ਜਿੰਦਗੀ ਜਿਉਣ ਲਈ ਵਿਧੀ ਵਿਧਾਨ ਘੜੇ ਨੇ, ਇਸੇ ਨੇ ਤਾਂ ਔਰਤ ਨੂੰ ਪੈਰ ਦੀ ਜੁੱਤੀ, ਪਸ਼ੂ, ਢੋਰ, ਗਵਾਰ ਤੇ ਸ਼ੂਦਰ ਹੋਣ ਦਾ ਸਰਟੀਫਿਕੇਟ ਦਿੱਤਾ ਏ, ਇਸੇ ਨੇ ਤਾਂ ਔਰਤ ਨੂੰ ਸਦਾ ਦਬਾਅ ਕੇ ਰੱਖਣ ਲਈ ਕਿਹਾ ਏ, ਇਸੇ ਨੇ ਤਾਂ ਔਰਤ ਕੋਲੋਂ ਪੜਨ ਲਿਖਣ ਦਾ ਅਧਿਕਾਰ ਤੇ ਸਭ ਤਰ੍ਹਾਂ ਦੀ ਅਜਾਦੀ ਹੋਈ।
ਵਿਚਾਰੀ ਔਰਤ ਆਪਣੇ ਬਚਾ ਲਈ ਦੁਸ਼ਮਣ ਸਿਕਾਰੀ ਕੋਲ ਚਲੀ ਗਈ। ਪੁਜਾਰੀ ਨੇ ਆਪਣੀ ਆਮਦਨ ਵਿੱਚ ਵਾਧਾ ਕਰਨ ਤੇ ਔਰਤ ਨੂੰ ਇੱਕ ਵਾਰ ਫਿਰ ਬੇਕੂਫ ਸਾਬਿਤ ਕਰਨ ਲਈ ਵਰਤਾਂ ਦੇ ਚਕਰਾਂ ਵਿੱਚ ਉਲਝਾ ਦਿੱਤਾ ਤੇ ਕਿਹਾ ਵਰਤ ਰੱਖਣ ਨਾਲ ਤੇਰੇ ਪਤੀ ਦੀ ਉਮਰ ਲੰਮੀ ਹੋ ਜਾਵੇਗੀ।
ਬਿਨਾਂ ਕੋਈ ਸਵਾਲ ਕੀਤਿਆਂ ਕਿ ਮੇਰੇ ਭੁੱਖੇ ਰਹਿਣ ਨਾਲ ਪਤੀ ਦੀ ਉਮਰ ਕਿਵੇਂ ਲੰਮੀ ਹੋਵੇਗੀ, ਔਰਤ ਨੇ ਇਸ ਪਾਖੰਡ ਨੂੰ ਅਪਣਾ ਲਿਆ।
ਵਰਤ ਰੱਖਣ ਦੇ ਬਾਵਜੂਦ ਵੀ ਕਈਆਂ ਦੇ ਪਤੀ ਮਰੇ, ਜਿਵੇਂ ਹੁਣ ਵੀ ਮਰਦੇ ਨੇ। ਪਰ ਕਿਸੇ ਨੇ ਪੁਜਾਰੀ ਨੂੰ ਕਾਰਨ ਨਾ ਪੁੱਛਿਆ। ਪੁੱਛਦਾ ਕੌਣ ??
ਕਈ ਤਾਂ ਪਤੀ ਦੇ ਨਾਲ ਸਤੀ ਹੋ ਗਈਆਂ, ਜਿਹੜੀਆਂ ਬਚ ਗਈਆਂ ਪੁਜਾਰੀ ਨੇ ਉਨ੍ਹਾਂ ਦੇ ਮੱਥੇ ਲੱਗਣਾ ਬੰਦ ਕਰ ਦਿੱਤਾ।
ਜੇ ਕਿਸੇ ਨੇ ਪੁੱਛਿਆ ਤਾਂ ਕਹਿ ਦਿੱਤਾ ਵਰਤ ਵਾਲੇ ਦਿਨ ਤੇਰੇ ਤੋਂ ਕੋਈ ਗਲਤੀ ਹੋ ਗਈ ਹੋਵੇਗੀ, ਤੇਰੇ ਮਨ ਵਿੱਚ ਕੋਈ ਗਲਤ ਖਿਆਲ ਆ ਗਿਆ ਹੋਵੇਗਾ।


ਅੱਜ ਵੀ ਲੱਖਾਂ ਔਰਤਾਂ ਮਿਲ ਜਾਣਗੀਆਂ, ਜਿਹੜੀਆਂ ਪੂਰੀ ਸ਼ਰਧਾ ਵਰਤ ਰੱਖਦੀਆਂ ਰਹੀਆਂ ਨੇ, ਪਰ ਉਨ੍ਹਾਂ ਦੇ ਪਤੀ ਜਵਾਨੀ ਜਾਂ ਜਵਾਨੀ ਦੇ ਲਾਗੇ ਬੰਨੇ ਮਰ ਚੁਕੇ ਨੇ। ਜੇ ਵਰਤ ਨਾਲ ਉਮਰਾਂ ਵੱਧਦੀਆਂ, ਤਾਂ ਕੋਈ ਵੀ ਹਿੰਦੂ ਔਰਤ ਕਦੇ ਵੀ ਵਿਧਵਾ ਨਾ ਹੁੰਦੀ। ਅੱਜ ਤੱਕ ਇੱਕ ਵੀ ਬੰਦਾ ਨਹੀ ਮਿਲਿਆ ਜਿਸ ਦੀ ਉਮਰ ਦੋ ਚਾਰ ਸੌ ਸਾਲ ਹੋਵੇ ਤੇ ਉਹ ਇਹ ਦਾਅਵਾ ਕਰਦਾ ਹੋਵੇ ਕਿ ਮੇਰੀ ਪਤਨੀ ਸ਼ਰਧਾ ਭਾਵਨਾ ਨਾਲ ਵਰਤ ਰੱਖਦੀ ਸੀ, ਇਸ ਲਈ ਮੈਨੂੰ ਮੌਤ ਨਹੀ ਆ ਰਹੀ।
ਅਨਪੜ੍ਹਾਂ ਨੇ ਤਾਂ ਕੀ ਸਮਝਣਾ, ਇਸ ਗਿਆਨ ਵਿਗਿਆਨ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਪੜੀਆਂ ਲਿਖੀਆਂ ਸਮਝਣ ਵਾਲੀਆਂ ਵੀ ਇਨ੍ਹਾਂ ਆਮ ਜਿਹੀਆਂ ਗੱਲਾਂ ਨੂੰ ਨਹੀ ਸਮਝ ਰਹੀਆਂ । ਜਿੰਨ ਬਾਰੇ ਸੋਚਿਆ ਵੀ ਨਹੀ ਜਾ ਸਕਦਾ, ਵਰਤਾਂ ਵਾਲੇ ਦਿਨ ਇਸ ਪਾਖੰਡ ਵਿੱਚ ਮੋਹਰੀ ਹੁੰਦੀਆਂ ਨੇ।


ਪ੍ਰੋ ਸਾਹਿਬ ਸਿੰਘ ਜੀ ਨੇ ਵਰਤ ਦੇ ਸੰਬੰਧ ਵਿੱਚ ਇੱਕ ਸਲੋਕ ਦੇ ਅਰਥ ਕਰਨ ਤੋਂ ਪਹਿਲਾਂ ਇੱਕ ਨੋਟ ਦਿੱਤਾ ਹੈ ਜੋ ਪੜਨ ਵਾਲਾ ਹੈ
ਨੋਟ: ਇਕ ਅਨ-ਪੜ੍ਹਤਾ; ਦੂਜਾ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਦੇਵੀ-ਦੇਵਤਿਆਂ ਮੜ੍ਹੀ-ਮਸਾਣਾਂ ਦੀ ਪੂਜਾ ਤੇ ਕਈ ਕਿਸਮ ਦੇ ਵਰਤਾਂ ਨੇ ਭਾਰਤ ਦੀ ਇਸਤ੍ਰੀ-ਜਾਤੀ ਨੂੰ ਨਕਾਰਾ ਕਰ ਦਿੱਤਾ ਹੋਇਆ ਹੈ। ਚੇਤਰ ਵਿਚ ਤੇ ਕੱਤਕ ਵਿਚ ਇਹਨਾਂ ਵਰਤਾਂ ਦੀ ਭਰਮਾਰ ਹੁੰਦੀ ਹੈ: ਕਰਵਾ ਚੌਥ, ਮਹਾਂ ਲੱਖਮੀ, ਨੌਰਾਤ੍ਰੇ, ਆਦਿਕ ਕਈ ਵਰਤ ਹਨ, ਜਿਨ੍ਹਾਂ ਦੀ ਰਾਹੀਂ ਹਿੰਦੂ ਔਰਤ ਕਈ ਤਰ੍ਹਾਂ ਦੀਆਂ ਸੁੱਖਣਾਂ ਸੁੱਖਦੀ ਰਹਿੰਦੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਸਿਖ-ਇਸਤ੍ਰੀ ਨੂੰ ਇਸ ਜਹਾਲਤ-ਭਰੀ ਗ਼ੁਲਾਮੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਦ ਤਕ ਦੇਸ਼ ਵਿਚ ਅਨ-ਪੜ੍ਹਤਾ ਹੈ, ਔਰਤਾਂ ਤਾਂ ਕਿਤੇ ਰਹੀਆਂ ਮਨੁੱਖ ਭੀ ਝੱਲੇ ਹੋਏ ਫਿਰਦੇ ਹਨ। ਸਿੱਖ-ਮਰਦ ਗੁਰਪੁਰਬ ਭੁਲਾ ਕੇ ਮੱਸਿਆ ਪੁੰਨਿਆਂ ਸੰਗ੍ਰਾਂਦਾਂ ਮਨਾਂਦੇ ਫਿਰਦੇ ਹਨ, ਜ਼ਨਾਨੀਆਂ ਕਰਵਾ ਚੌਥ ਦੇ ਵਰਤ ਰੱਖ ਕੇ ਖਸਮਾਂ ਦੇ ਸਗਨ ਮਨਾ ਰਹੀਆਂ ਹਨ।


ਭਗਤ ਸਾਹਿਬਾਨਾਂ ਤੇ ਗੁਰੂ ਸਾਹਿਬਾਨਾਂ ਨੇ ਇਸ ਪਾਖੰਡ ਵਿਚੋਂ ਬਾਹਰ ਨਿਕਲਣ ਲਈ ਆਪਣੀ ਪਾਵਨ ਬਾਣੀ ਅੰਦਰ ਬੇਅੰਤ ਥਾਵਾਂ ਤੇ ਸਮਝਾਇਆ ਹੈ।
ਭਗਤ ਕਬੀਰ ਜੀ ,,,
ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥,,,
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥

ਅਰਥ-ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ। ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥{ਪੰਨਾ 1370}


ਅਹੋਈ = ਕੱਤਕ ਦੇ ਮਹੀਨੇ ਸੀਤਲਾ ਦੇਵੀ ਦੀ ਪੂਜਾ ਤੇ ਵਰਤ। ਦੇਵੀ ਦੇਵਤਿਆਂ ਦੀ ਖ਼ਾਸ ਖ਼ਾਸ ਸਵਾਰੀ ਮੰਨੀ ਗਈ ਹੋਈ ਹੈ; ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਚਿੱਟਾ ਬਲਦ, ਦੁਰਗਾ ਦੀ ਸਵਾਰੀ ਸ਼ੇਰ; ਇਸੇ ਤਰ੍ਹਾਂ ਸੀਤਲਾ ਦੀ ਸਵਾਰੀ ਖੋਤਾ। ਗਦਹੀ = ਗਧੀ, ਖੋਤੀ। ਮਨ ਚਾਰਿ = ਚਾਰ ਮਣ।


ਅਰਥ: ਹੇ ਕਬੀਰ! ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ। (ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ।108।


ਗੁਰੂ ਅਰਜਨ ਸਾਹਿਬ ਜੀ,,
ਵਰਤ ਨੇਮ ਕਰਿ ਥਾਕੇ ਪੁਨਹਚਰਨਾ॥
ਤਟ ਤੀਰਥ ਭਵੇ ਸਭ ਧਰਨਾਕਈ ॥ ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥

ਅਰਥ: (ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ, ਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ) । (ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ।3।

ਗੁਰੂ ਨਾਨਕ ਪਾਤਿਸ਼ਾਹ ਜੀ,,,
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
ਮਨਮੁਖਿ ਜਨਮੈ ਜਨਮਿ ਮਰੀਜੈ ॥੬॥


ਅੰਨੁ ਨ ਖਾਇਆ ਸਾਦੁ ਗਵਾਇਆ ॥
ਬਹੁ ਦੁਖੁ ਪਾਇਆ ਦੂਜਾ ਭਾਇਆ ॥ਜੇ ਵਰਤ ਰੱਖਣਾ ਹੈ ਤਾਂ ਇਹ ਰੱਖੋ,,,
"ਪਉੜੀ ॥ ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥ ਮਨਿ ਸੰਤੋਖੁ ਸਰਬ ਜੀਅ ਦਇਆ ॥ ਇਨ ਬਿਧਿ ਬਰਤੁ ਸੰਪੂਰਨ ਭਇਆ ॥ ਧਾਵਤ ਮਨੁ ਰਾਖੈ ਇਕ ਠਾਇ ॥ ਮਨੁ ਤਨੁ ਸੁਧੁ ਜਪਤ ਹਰਿ ਨਾਇ ॥ ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥ {ਪੰਨਾ 299}

ਅਰਥ-- (ਹੇ ਭਾਈ!) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ, ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ = ਇਹੀ ਹੈ ਇਕਾਦਸ਼ੀ (ਦਾ ਵਰਤ) । (ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ, ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ) । (ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ, ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ। ਹੇ ਨਾਨਕ! ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ, ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ।11।


ਗੁਰਬਾਣੀ ਵਿਚੋਂ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਨੇ, ਬਹੁਤ ਸਾਰੀਆਂ ਹੋਰ ਵੀਚਾਰਾਂ ਕੀਤੀਆਂ ਜਾ ਸਕਦੀਆਂ ਨੇ। ਪਰ ਜਿੰਨਾਂ ਨੇ ਸਮਝਣਾ ਹੈ, ਉਨ੍ਹਾਂ ਲਈ ਇਨਾਂ ਹੀ ਬਹੁਤ ਹੈ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051
.