.

ਮੰਨੈ-੧
ਡਾ:ਦਲਵਿੰਦਰ ਸਿੰਘ ਗ੍ਰੇਵਾਲ


ਮੰਨੈ= ਮੰਨੇ ਤੇ, ਮੰਨਣ ਨਾਲ: ਮੰਨਣਾ= ਅੰਗੀਕਾਰ ਕਰਨਾ, ਮਨਜ਼ੂਰ ਕਰਨਾ, ਮੰਨ ਲੈਣਾ: ਮੰਨ ਜਾਣੈ=ਮੰਨਣਾ ਜਾਣੈ ।ਮੰਨਿ ਦਾ ਭਾਵ ਮਨਨ ਕਰਨਾ, ਜਪ ਕਰਨਾ, ਸਿਮਰਨ ਕਰਨਾ (ਜੀਭ ਬੋਲੇ, ਕੰਨ ਸੁਣਨ ਤੇ ਹਿਰਦੇ ਵਿਚੋਂ ਪ੍ਰਮਾਤਮਾ ਪ੍ਰਤੀ ਪਿਆਰ ਉਮਡੇ) ਏਥੇ ਮੰਨੈ ਤੋਂ ਭਾਵ ਪਰਮਾਤਮਾ ਤੇ ਉਸਦੇ ਨਾਮ ਨੂੰ ਇਕ ਅਸਲੀਅਤ ਜਾਣ ਕੇ ਮਨ ਵਿਚ ਮੰਨ ਲੈਣਾ ਹੈ, ਵਸਾ ਲੈਣਾ ਚਾਹੀਦਾ ਹੈ।

ਜਪੁਜੀ ਸਾਹਿਬ ਦੀਆਂ ਪਹਿਲੀ ਤੋਂ ਪੰਦਰਵੀਂ ਪਉੜੀ ਵਿਚ ਪਰਮਾਤਮਾਂ ਨੂੰ ਪਹੁੰਚਣ ਲਈ ਸਚਿਆਰ ਹੋਣਾ, ਹੁਕਮ ਰਜ਼ਾ ਵਿਚ ਰਹਿਣਾ, ਸਾਰੀ ਰਚਨਾ ਨੂੰ ਇਕੋ ਇਕ ਪ੍ਰਮਾਤਮਾਂ ਦੀ ਮੰਨ ਕੇ ਪਿਆਰ ਕਰਨਾ, ਨਾਮ ਨੂੰ ਸੁਣਨਾਂ, ਸਮਝਣਾ ਤੇ ਮੰਨਣਾ ਤੇ ਮਨ ਵਸਾਉਣਾ, ਨਾਮ ਦੀ ਵਡਿਆਈ ਵੀਚਾਰਨੀ ਤੇ ਗਾਉਣ-ਸਿਮਰਨ-ਧਿਆਉਣ ਦਾ ਮਹਾਤਮ ਦੱਸਿਆ ਗਿਆ ਹੈ ।

ਨਾਮ ਦੇ ਸੁਣਨ ਦੀ; ਕੰਨੀ ਸ਼੍ਰਵਣ ਕਰਨ ਦੀ ਮਹਿਮਾ ਬਾਰੇ ਅਠਵੀਂ ਤੋਂ ਗਿਆਰਵੀਂ ਪਉੜੀ ਵਿਚ ਬਿਆਨਿਆ ਗਿਆ ਹੈ । ਸਾਧ ਸੰਗਤ ਵਿਚ ਜਾ ਕੇ ਕਥਾ, ਕੀਰਤਨ ਸੁਣਨਾ ਇਕ ਸਾਧਨ ਹੈ। ਜਿਨ੍ਹਾਂ ਨੇ ਨਾਮ ਸ਼੍ਰਵਣ ਕੀਤਾ ਉਹ ਸਿੱਧ, ਪੀਰ, ਸਤੀ, ਸੰਤੋਖੀ, ਗਿਆਨੀ, ਈਸ਼ਰ, ਬ੍ਰਹਮਾ, ਸ਼ੇਖ, ਪੀਰ, ਪਾਤਸ਼ਾਹ, ਬਣ ਗਏ। ਨਾਮ ਸੁਣਨ ਨਾਲ ਵਿਸ਼ਵ ਸਮੁੰਦਰ ਦਾ ਗਿਆਨ ਵੀ ਹੋ ਗਿਆ ਤੇ ਪਾਰ ਵੀ ਕਰ ਲਿਆ, ਗਿਆਨ ਵਿਹੂਣੇ, ਮਲੀਨ ਗਿਆਨ ਪਾ ਕੇ ਨਾਮ ਦੇ ਰਸਤੇ ਪੈ ਗਏ ਤੇ ਦਿਨ ਰਾਤ ਨਾਮ ਜਪਣ ਲੱਗੇ। ਉਨ੍ਹਾਂ ਦੇ ਸਾਰੇ ਦੁੱਖਾਂ ਪਾਪਾਂ ਦਾ ਖਾਤਮਾ ਹੋ ਗਿਆ ਤੇ ਹਿਰਦੇ ਵਿਚ ਸਦੀਵੀ ਖੇੜਾ ਆ ਗਿਆ।

ਅੱਗੇ ਬਾਰਵੀਂ ਤੋਂ ਪੰਦਰਵੀਂ ਪਉੜੀ ਵਿਚ ਮੰਨੈ ਭਾਵ ਨਾਮ ਵਿਚ ਨਿਸਚਾ ਕਰਨਾ; ਮੰਨ ਲੈਣਾ ਹੈ ਕਿ ਨਾਮ ਹੀ ਮੇਰਾ ਆਧਾਰ ਹੈ, ਨਾਮ ਬਿਨਾ ਹੋਰ ਕੁਝ ਨਹੀਂ । ਜੋ ਹੋਣਾ ਹੈ ਨਾਮ ਤੋਂ ਹੀ ਹੋਣਾ ਹੈ। ਨਾਮ ਨੂੰ ਹਿਰਦੇ ਵਿਚ ਵਸਾਉਣਾ ਤੇ ਚਿੰਤਨ ਕਰਨਾ, ਸਿਮਰਨ ਕਰਨਾ ਹੈ, ਰੋਮ ਰੋਮ ਵਿਚ ਨਾਮ ਕਿਰਿਆ ਜਾਰੀ ਕਰਨੀ ਤੇ ਪ੍ਰਮਾਤਮਾ ਨਾਲ ਅੰਤਾਂ ਦੇ ਪਿਆਰ ਦਾ ਦਿਲੋਂ ਉਮਡਣਾ ਹੈ।ਮੰਨਣਾ, ਮਨ ਵਿਚ ਮਨਨ ਕਰਨਾ, ਤੇ ਪ੍ਰਮਾਤਮਾ ਨੂੰ ਦਿਲ ਵਿਚ ਵਸਾਉਣਾ ਹੈ ਧੁਰ ਅੰਦਰੋਂ ਪ੍ਰੇਮ ਕਰਨਾ ਹੈ ਤੇ ਅਪਣੇ ਆਪ ਨੂੰ ਨਾਮ ਵਿਚ ਰਚਣ ਲਈ ਜੁੜਣ ਲਈ ਆਪਾ ਢਾਲਣਾ ਹੈ:

ਸੁਣਿਆ ਮੰਨਿਆ ਮਨਿ ਕੀਤਾ ਭਾਉ॥ (ਜਪੁ ਮ:੧, ਪੰਨਾ ੪)

ਸੁਣ ਸੁਣ ਕੇ ਜੋ ਨਾਮ ਨੂੰ ਬੁਝਦਾ ਤੇ ਮੰਨਦਾ ਹੈ ਉਸ ਦੇ ਸਦਾ ਬਲਿਹਾਰੇ ਜਾਈਏ। ਉਸਨੂੰ ਪਰਮਾਤਮਾਂ ਨਿਸ਼ਾਨਾ ਤੇ ਟਿਕਾਣਾ ਨਹੀਂ ਭੁਲਣ ਦਿੰਦਾ ਤੇ ਉਹ ਆਪ ਹੀ ਅਪਣੇ ਨਾਲ ਮਿਲਣ ਦਾ ਰਾਹ ਉਸਨੂੰ ਦਸ ਦਿੰਦਾ ਹੈ:

ਸੁਣਿ ਸੁਣਿ ਬੂਝੈ ਮਾਨੈ ਨਾਉ॥ ਤਾ ਕੈ ਸਦ ਬਲਿਹਾਰੈ ਜਾਉ॥ ਆਪਿ ਭੁਲਾਏ ਠਉਰ ਨ ਠਾਉ॥ ਤੂੰ ਸਮਝਾਵਹਿ ਮੇਲਿ ਮਿਲਾਉ॥ ੧ ॥ (ਗਉੜੀ ਮਹਲਾ ੧, ਪੰਨਾ ੧੫੨)

ਨਾਮ ਨੂੰ ਮੰਨਣ ਸਵੀਕਾਰ ਕਰਨ ਨਾਲ ਸੁਰਤ ਪਰਮਾਤਮਾ ਨਾਲ ਜੁੜਦੀ ਹੈ ਤੇ ਨਾਮ ਜਪਣ ਨਾਲ ਸੱਚੀ ਮਤ ਪ੍ਰਾਪਤ ਹੁੰਦੀ ਹੈ। ਨਾਮ ਨੂੰ ਮਨਨ ਸਿਮਰਨ ਨਾਲ ਪ੍ਰਮਾਤਮਾ ਦੇ ਗੁਣ ਗਾ ਹੁੰਦੇ ਹਨ, ਨਾਮ ਸਿਮਰ ਕੇ ਸਦਾ ਸੁਖ ਪ੍ਰਾਪਤ ਹੁੰਦਾ ਹੈ ਕਿਉਂਕਿ ਨਾਮ ਨੂੰ ਮੰਨਣ ਨਾਲ ਸਾਰੇ ਭਰਮ ਦੂਰ ਹੋ ਜਾਂਦੇ ਹਨ; ਕੋਈ ਦੁੱਖ ਨਹੀਂ ਰਹਿੰਦਾ।ਨਾਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਤੇ ਪਾਪਾਂ ਨਾਲ ਭਰੀ ਮਤ ਧੋਤੀ ਜਾਂਦੀ ਹੈ, ਉਜਲੀ ਹੋ ਜਾਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਪੂਰੇ ਗੁਰੂ ਤੋਂ ਨਾਮ ਪ੍ਰਾਪਤ ਕਰਕੇ ਦਿਲ ਵਸਾਈਏ ਜੋ ਮਿਲਦਾ ਪਰਮਾਤਮਾ ਦੀ ਮਿਹਰ ਸਦਕਾ ਹੀ ਹੈ:

ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ ॥ ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥ ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥ ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥ ੧੨ ॥ (ਸਾਰੰਗ ਮਃ ੪, ਪੰਨਾ ੧੨੪੨)

ਨਾਮ ਨੂੰ ਮੰਨਣ ਸਵੀਕਾਰ ਕਰਨ ਨਾਲ ਸਾਰੀ ਦੁਰਮਤ ਦੂਰ ਹੁੰਦੀ ਹੈ ਤੇ ਚੰਗੀ ਮਤ ਦਾ ਪਰਗਟਾਵਾ ਹੁੰਦਾ ਹੈ ਭਾਵ ਮਨੁਖ ਮਨਮੁਖ ਤੋਂ ਗੁਰਮੁਖ ਹੋ ਜਾਦਾ ਹੈ। ਨਾਮ ਨੂੰ ਮੰਨਣ ਨਾਲ ਹਉਮੈ ਮਿਟ ਜਾਂਦੀ ਹੈ ਤੇ ਹਉਮੈ ਤੋਂ ਜੋ ਵੀ ਰੋਗ ਉਪਜੇ ਹਨ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਉਹ ਵੀ ਖਤਮ ਹੋ ਜਾਂਦੇ ਹਨ। ਨਾਮ ਮੰਨਣ ਨਾਲ ਨਾਮ ਦਿਲ ਅੰਦਰੌਂ ਉਮਡਦਾ ਹੈ ਤੇ ਸਹਿਜੇ ਹੀ ਸੁਖ ਪਰਾਪਤ ਹੁੰਦਾ ਹੈ। ਨਾਮ ਮੰਨਣ ਨਾਲ ਮਨ ਵਿਚ ਸ਼ਾਂਤੀ ਉਪਜਦੀ ਹੈ ਤੇ ਹਰੀ ਦਾ ਨਾਮ ਪੂਰੀ ਤਰ੍ਹਾਂ ਮਨ ਵਿਚ ਵਸ ਜਾਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਅਮੋਲਕ ਹੈ; ਗੁਰਮੁਖ ਨਾਮ ਨੂੰ ਹਮੇਸ਼ਾ ਧਿਆਉਂਦਾ ਹੈ:

ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥ ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥ ਨਾਇ ਮੰਨਿਐ ਸਾਂਤਿ ਉਪਜੈ ਹਰਿ ਮੰਨਿ ਵਸਾਇਆ ॥ ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ॥੧੧॥ (ਸਾਰੰਗ ਮਃ ੪, ਪੰਨਾ ੧੨੪੨)

ਨਾਮ ਬਿਨਾ; ਸ਼ਬਦ ਬਿਨਾ ਆਪੇ ਦੀ ਪਛਾਣ ਨਹੀਂ ਹੁੰਦੀ। ਨਾਮ ਵਿਹੂਣੀ ਸਾਰੀ ਦੁਨੀਆਂ ਅਗਿਆਨੀ ਹੈ ਅੰਨ੍ਹੀ ਹੈ।ਗੁਰੂ ਤੋਂ ਗਿਆਨ ਪਾ ਕੇ ਮਨ ਵਿਚ ਚਾਨਣਾ ਹੁੰਦਾ ਹੈ ਤੇ ਨਾਮ ਅਖੀ੍ਰੀ ਵੇਲੇ ਸਹਾਈ ਹੁੰਦਾ ਹੈ।ਨਾਮ ਸਦਕਾ ਹੀ ਨਾਮ ਅੱਗੇ ਹੋਰ ਲੋਕਾਂ ਵਿਚ ਜਾਂਦਾ ਹੈ ਜਿਸ ਤਰ੍ਹਾਂ ਇਕ ਦੀਪਕ ਤੋਂ ਹੋਰ ਦੀਪਕ ਜਗਦੇ ਜਾਂਦੇ ਹਨ ਇਹੋ ਨਾਮ ਦਾ ਵਰਤਾਰਾ ਹੈ।ਅਪਣੇ ਅੰਦਰ ਵੀ ਨਾਮ ਹੋਣਾ ਚਾਹੀਦਾ ਹੈ, ਮੁਖ ਤੋਂ ਵੀ ਸਦਾ ਨਾਮ ਹੀ ਉਚਰਨਾ ਚਾਹੀਦਾ ਹੈ ਤੇ ਨਾਮ ਸ਼ਬਦ ਦੀ ਵੀਚਾਰ ਚਰਚਾ ਹੋਣੀ ਚਾਹੀਦੀ ਹੈ।ਨਾਮ ਸੁਣੇ, ਨਾਮ ਮੰਨੇ ਤੇ ਹੀ ਨਾਮ ਸਦਕਾ ਸਭ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ। ਹਮੇਸ਼ਾ ਨਾਮ ਦੀ ਸਿਫਤ ਸਲਾਹ ਸਦਕਾ ਨਿਜ ਘਰ, ਪ੍ਰਮਾਤਮਾ ਦੇ ਘਰ ਜਾ ਪਹੁੰਚੀਦਾ ਹੈ । ਨਾਮ ਸਦਕਾ ਹੀ ਅੰਦਰ ਰੋਸ਼ਨ ਰੋਸ਼ਨ ਹੋ ਜਾਦਾ ਹੈ ਤੇ ਨਾਮ ਸਦਕਾ ਹੀ ਵਿਸ਼ਵ ਵਿਚ ਸ਼ੋਭਾ ਹੁੰਦੀ ਹੈ।ਨਾਮ ਸਿਮਰਿਆਂ ਧਿਆਇਆਂ ਹੀ ਸਾਰੇ ਸੁੱਖ ਪਰਾਪਤ ਹੁੰਦੇ ਹਨ ਤੇ ਪ੍ਰਮਾਤਮਾ ਦੀ ਸ਼ਰਣ ਵਿਚ ਪਹੁੰਚੀਦਾ ਹੈ। ਜਿਸ ਦੇ ਹਿਰਦੇ ਮੁਖ ਨਾਮ ਨਹੀਂ ਉਸ ਨੂੰ ਕੋਈ ਨਹੀਂ ਮੰਨਦਾ ।

ਗੁਰੂ ਦੀ ਥਾਂ ਅਪਣੇ ਮਨ ਦੀ ਮੰਨਣ ਵਾਲੇ ਮਨਮੁਖ ਦੀ ਇਜ਼ਤ ਰੁਲਦੀ ਰਹਿੰਦੀ ਹੈ। ਉਹ ਯਮ ਦੇ ਬੱਧੇ ਮਾਰ ਖਾਂਦੇ ਹਨ ਤੇ ਉਨ੍ਹਾਂ ਦਾ ਸਾਰਾ ਜਨਮ ਬੇਫਾਇਦਾ ਹੀ ਹੋ ਜਾਂਦਾ ਹੈ। ਨਾਮ ਬਾਰੇ ਗੁਰੂ ਜਾਂ ਗੁਰੂ ਤੋਂ ਗਿਆਨ ਪ੍ਰਾਪਤ ਹੀ ਦਸ ਸਕਦਾ ਹ ਤੇ ਜੀਵ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ।ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਨਾਮ ਮਨ ਵਿਚ ਵਸਦਾ ਹੈ ਤੇ ਨਾਮ ਰਾਹੀਂ ਹi ਸਾਰੀ ਵਢਿੳਾਈ ਪ੍ਰਾਪਤ ਹੁੰਦੀ ਹੈ। ਗੁਰੂ ਦੇ ਦਿਤੇ ਗਿਆਨ ਸਦਕਾ ਨਾਮ ਦਾ ਗਿਆਨ ਹੁੰਦਾ ਹੈ ਸੂਝ ਬੂਝ ਮਿਲਦੀ ਹੈ ਤੇ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਸਭ ਕੁਝ ਪ੍ਰਮਾਤਮਾ ਦੇ ਵੱਸ ਹੈ, ਨਾਮ ਸਦਕੇ ਜੀਵ ਵਡਭਾਗਾ ਹੋ ਜਾਦਾ ਹੈ ਉਸਨੂੰ ਸਭ ਕੁਝ ਪਰਾਪਤ ਹੋ ਜਾਂਦਾ ਹੈ:

ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥ ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥ ੨ ॥ ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥ ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥ ੩ ॥ ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥ ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥ ੪ ॥ ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥ ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥ ੫ ॥ ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥ ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥ ੬ ॥ ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥ ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥ ੭ ॥ ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥ ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥ ੮ ॥ ੭ ॥ ੨੯ ॥ (ਆਸਾ ਮਹਲਾ ੩, ਪੰਨਾ ੪੨੬)

ਖੋਜ ਕਰ ਕਰ ਵਿਚਾਰ ਕਰ ਕਰ ਇਹੋ ਜਾਣਿਆ ਹੈ ਕਿ ਸਾਰੇ ਵਿਸ਼ਵ ਦਾ ਤੱਤ ਨਿਚੋੜ ਰਾਮ ਨਾਮ ਹੀ ਹੈ।ਗੁਰਮੁਖ ਹੋ ਜਦ ਪਲ ਵੀ ਕੋਈ ਨਾਮ ਜਪਦਾ ਹੈ ਤਾਂ ਪਲ ਵਿਚ ਹੀ ਉਸ ਦਾ ਪਾਰ ਉਤਾਰਾ ਹੋ ਜਾਦਾ ਹੈ। ਗਿਆਨੀ ਪੁਰਖਾਂ ਨੂੰ ਹਰੀ ਦਾ ਨਾਮ ਦਾ ਰਸ ਪੀਣਾ ਚਾਹੀਦਾ ਹੈ। ਰੱਬ ਨੂਮ ਪਹੁੰਚੇ ਮਹਾਂਪੁਰਖਾਂ ਦੇ ਮੁਖੋਂ ਅੰਮਿਰਤ ਨਾਮਾ ਬਾਣੀ ਸੁਣ ਕੇ ਅਨੰਤ ਤ੍ਰਿਪਤੀ ਹੁੰਦੀ ਹੈ। ਸਾਰੀ ਦੁਨੀਆਂ ਦੇ ਭਾਗ ਲਿਖਣ ਵਾਲਾ ਪ੍ਰਮਾਤਮਾ ਹੈ ਜੋ ਮੁਕਤੀ ਕਰਕੇ ਜੀਵਨ ਦੀ ਸਾਰਾ ਚੰਗਾ ਬੁਰਾ ਕੀਤਾ ਭੁਗਤਾ ਦਿੰਦਾ ਹੈ ਤੇ ਅਪਨੇ ਦਾਸ ਨੂੰ ਭਗਤੀ ਦਾ ਦਾਨ ਬਖਸ਼ਦਾ ਹੈ।ਨਾਮ ਕੰਨੀ ਸੁਣ ਕੇ ਸਚੇ ਪ੍ਰਮਾਤਮਾ ਨੂੰ ਮਿਲਣ ਦੀ ਜੁਗਤ ਮਿਲ ਜਾਦੀ ਹੈ ਇਸ ਲਈ ਸਾ੨ਨੂੰ ਸਰਬ ਸੁਖ ਦਾਤਾ ਨੂੰ ਰਸਨਾ ਨਾਲ ਜੀਭ ਨਾਲ ਉਸ ਦਾ ਨਾਮ ਗਾਉਣਾ ਚਾਹੀਦਾ ਹੈ ਤੇ ਉਸ ਨੂੰ ਹਿਰਦੇ ਵਿਚ ਧਿਆਉਣਾ ਚਾਹੀਦਾ ਹੈ।ਸਾਰਾ ਕੁਝ ਕਰ ਵਾਲਾ ਤੇ ਹਰ ਗਲ ਦਾ ਕਾਰਣ ਵੀ ਆਪ ਹੀ ਵਾਹਿਗੁਰੂ ਹੈ ਉਸ ਦੀ ਦਾਤੋਂ ਕੋੲi ਖਾਲੀ ਨਹੀਂ ਰਹਿੰਦਾ।ਵਡੇ ਭਾਗ ਹਨ ਮਨੁਖ ਦੇ ਜੋ ਉਸ ਨੂੰ ਅਮੋਲਕ ਮਨੁਖਾ ਜਨਮ ਪ੍ਰਾਪਤ ਹੋਇਆ ਹੈ ਹੁਣ ਇਸ ਉਤੇ ਬਸ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਇਸ ਲਈ ਗੁਰੂ ਜੀ ਵਾਹਿਗੁਰੂ ਦੇ ਗੁਣ ਹਮੇਸ਼ਾ ਗਾਉਣ ਲਈ ਤੇ ਨਾਮ ਸਿਮਰਨ ਲਈ ਕਹਿੰਦੇ ਹਨ:

ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥ ੧ ॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥ ੨ ॥ ਸ੍ਰਵਣੀ ਸੁਣੀਐ ਜੁਗਤਿ ਸਚੁ ਪਾਈਐ ਸਰਬ ਸੁਖਾ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥ ੩ ॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥ ੪ ॥ ੧੦ ॥ ਸੋਰਠਿ ਮਹਲਾ ੫, ਪੰਨਾ ੬੧੧)

ਜਿਨ੍ਹਾਂ ਨਾਮ ਸੁਣਕੇ ਮੰਨ ਲਿਆ ਮਨ ਵਸਾ ਲਿਆ ਉਨ੍ਹਾਂ ਦੇ ਮਨ ਵਿਚ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਜਾਦੀ ਹੈ ਪ੍ਰਮਾਤਮਾ ਦੇ ਘਰ ਵਾਸਾ ਹੋ ਜਾਂਦਾ ਹੈ ਅਜਿਹੇ ਨਾਮ ਲੇਵਾ ਦੇ ਬਲਿਹਾਰ ਜਾਈਏ, ਉਨ੍ਹਾਂ ਦੇ ਚਰਨੀਂ ਲੱਗ ਜਾਈਏ। ਉਨ੍ਹਾ ਬਾਰੇ ਤਾਂ ਬਿਆਨਣਾ ਵੀ ਅਸੰਭਵ ਹੈ:

ਜਿਨੀ ਸੁਣਿਕੈ ਮੰਨਿਆ ਤਿਨਾ ਨਿਜ ਘਰਿ ਵਾਸੁ॥(ਸਰੀ ਰਾਗ ਮ: ੩ ਪੰਨਾ ੨੭)
ਸੁਣਿ ਸੁਣਿ ਮਾਨੈ ਵੇਖੈ ਜੋਤਿ॥ (ਬਿਲਾਵਲੁ ੧, ਪੰਨਾ ੮੩੧)
ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ॥ (ਸੋਰਠ ੪, ਪੰਨਾ ੬੪੫)
ਜਿਨੀ ਸਤਿਗੁਰਿ ਮੰਨਿਆ ਹਉ ਤਿਨ ਕੇ ਲਾਗਉ ਪਾਇ॥ (ਸਲੋਕ ਮ: ੪, ਪੰਨਾ ੧੪੨੨)
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ॥ (ਬਲਾਵਲ ਮ:੧ , ਪੰਨਾ ੮੪੪)

ਨਾਮ ਮੰਨਕੇ ਮਨ ਵਿਚ ਵਸਾਉਣ ਵਾਲਾ ਕੀ ਹੈ ਇਹ ਤਾਂ ਉਹ ਹੀ ਦਸ ਸਕਦਾ ਹੈ ਜੋ ਉਸ ਤਕ ਪਹੁੰਚਿਆ ਹੈ। ਉਸ ਨੂੰ ਸਾਰਾ ਸੱਚ ਪ੍ਰਮਾਤਮਾ ਆਪ ਹੀ ਦਰਸਾਉਂਦਾ ਦ੍ਰਿੜਾਉਂਦਾ ਹੈ:

ਮੰਨੈ ਨਾਉ ਸੋਈ ਜਿਣਿ ਜਾਇ॥(ਰਾਮਕਲੀ ਮ:੩, ਪੰਨਾ ੯੫੪)
ਮੰਨੈ ਨਾਉ ਸੋਈ ਜਿਣਿ ਜਾਸੀ ਆਪੇ ਸਾਚਿ ਦ੍ਰਿੜਾਇਦਾ॥ (ਮਾਰੂ ਮ:੧, ਪੰਨਾ ੧੦੩੫)

ਨਾਮ ਮੰਨਣ ਵਾਲੇ ਦੀ ਭਗਤੀ ਪੂਰੀ ਪੈਂਦੀ ਹੈ ਜਦੋਂ ਨਾਮ ਮੰਨਣ ਵਾਲਾ ਵਾਹਿਗੁਰੂ ਦੇ ਦੁਆਰੇ ਜਾ ਪਹੁੰਚਦਾ ਹੈ:

ਮੰਨੇ ਨਾਮੁ ਸਚੀ ਪਤਿ ਪੂਜਾ॥ (ਬਲਾਵਲ ਮ: ੧, ਪੰਨਾ ੮੩੧)
ਮੰਨੇ ਨਾਉ ਬਿਸੰਖ ਦਰਗਹ ਪਾਵਣਾ॥ (ਮਾਝ ਮ:੧, ਪੰਨਾ ੧੪੮)
ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ॥ (ਮਲਾਰ ਮ:੩, ਪੰਨਾ ੧੨੫੮)

ਨਾਮ ਸੁਣ ਕੇ ਉਸ ਨੂੰ ਮਨ ਵਿਚ ਮੰਨ; ਉਹ ਤਦ ਅਪਣੇ ਆਪ ਹੀ ਤੈਨੂੰ ਆਣ ਮਿਲੇਗਾ। ਦਿਨ ਰਾਤ ਉਸ ਸੱਚੇ ਪਰਮ ਪੁਰਖ ਪਰਮਾਤਮਾ ਦੀ ਭਗਤੀ ਮਨ ਚਿਤ ਲਾ ਕੇ ਕਰ। ਸਿਰਫ ਉਸ ਇਕੋ ਦਾ ਨਾਮ ਧਿਆਏਂਗਾ ਤਾਂ ਸਾਰੇ ਸੁੱਖ ਪਾਵੇਂਗਾ।ਦੂਜੇ ਹਉਮੈਂ ਨੂਮ ਦੂਰ ਕਰ ਤੇ ਪ੍ਰਮਾਤਮਾ ਦੀ ਵੱਡੀ ਵਡਿਆਈ ਕਰਕੇ ਤੇਰੀ ਵੀ ਵਡਿਆਈ ਹੋਵੇਗੀ :

ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥ ੧ ॥ ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥ ੧ ॥ (ਆਸਾ ਮਹਲਾ ੩, ਪੰਨਾ ੪੨੫)

ਪ੍ਰਭੂ ਦੇ ਸਿਮਰਨ ਨਾਲ ਮਨ ਦੀ ਮੈਲ ਚਲੀ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ:

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ॥ (ਸੁਖਮਨੀ ਮ: ੫, ਪੰਨਾ ੨੬੩)

ਤਨ ਮਨ ਉਦੋਂ ਹੀ ਪਵਿਤਰ ਹੁੰਦੇ ਹਨ ਜਦੋਂ ਨਾਮ ਮਨ ਵਿਚ ਆ ਵਸਦਾ ਹੈ:

ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ॥ (ਵਾਰ ਗੂਜਰੀ, ਮ:੩, ਪੰਨਾ ੫੧੩)

ਇਸ਼ਨਾਨ ਕਰਕੇ ਮਨੁਖ ਨੂੰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ਨਾਮ ਇਸ਼ਨਾਨ ਨਾਲ ਮਨ ਤੇ ਤਨ ਅਰੋਗ ਹੋ ਜਾਂਦੇ ਹਨ।ਪ੍ਰਭ ਦੂ ਸ਼ਰਣ ਗਏ ਦੀਆਂ ਕ੍ਰੌੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਚੰਗੇ ਸੰਜੋਗਾ ਸਦਕਾ ਹਰ ਗਲ ਠੀਕ ਹੋ ਜਾਂਦੀ ਹੈ।ਪ੍ਰਭੂ ਦੀ ਬਾਣੀ ਵਿਚ ਨਾਮ ਦਾ ਉਚਾਰਨਾ ਸਭ ਤੋਂ ਪਵਿਤਰ ਹੈ। ਹਰ ਰੋਜ਼ ਨਾਮ ਨੂੰ ਗਾਵੋਗੇ, ਸੁਣੋਗੇ ਤੇ ਪੜੋ੍ਗੇ ਤਾਂ ਪੂਰਾ ਗੁਰੂ ਅਪਣੇ ਆਪ ਰਖਿਆ ਕਰੇਗਾ।ਸਚੇ ਸਾਹਿਬ ਦੀ ਵਡਿਆਈ ਨਾਮ ਅੰਮ੍ਰਿਤ ਹੈ ਜਿਸ ਸਦਕਾ ਉਹ ਦਿਆਲੂ ਪਰਮਾਤਮਾ ਅਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਉਹ ਆਦਿ ਤੋਂ ਹੀ ਅਪਣੇ ਸੇਵਕਾਂ ਦਾ ਪ੍ਰਿਤਪਾਲਕ ਹੈ ਸੰਤਾਂ ਭਲੇ ਪੁਰਸ਼ਾਂ ਗੁਰਮੁਖਾਂ ਦੀ ਪੈਜ ਰੱਖਦਾ ਆਇਆ ਹੈ। ਹਰੀ ਦੇ ਨਾਮ ਦੇ ਅੰਮ੍ਰਿਤ ਦਾ ਭੋਜਨ ਹਰ ਵੇਲੇ ਮੁਖ ਪਾਵੋ, ਛਕੋ; ਭਾਵ ਨਾਮ ਸਿਮਰਨ ਹਰ ਵੇਲੇ ਕਰੋ:

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥ ੧ ॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥ ੨ ॥ ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥ ੩ ॥ (ਸੋਰਠਿ ਮਹਲਾ ੫, ਪੰਨਾ ੬੧੧)

ਗੁਰੂ ਜੀ ਹਰੀ ਦਾ ਨਾਮ ਜਪਣ ਦੀ ਹਿਦਾਇਤ ਕਰਦੇ ਹੋਏ ਸਮਝਾਉਂਦੇ ਹਨ ਕਿ ਜੇ ਸਚਿਆਰਾ ਬਣਨਾ ਹੈ ਤੇ ਚਿਤ ਵਿਚ ਨਿਰਮਲਤਾ ਲਿਆਉਣੀ ਹੈ ਤਾਂ ਹਰੀ ਦਾ ਨਾਮ ਜਪੀ ਚਲੋ। ਨਾਮ ਸਿਮਰਨ ਸਦਕਾ ਮਨ ਤਨ ਦੀਆਂ ਸਭ ਮੁਸੀਬਤਾਂ ਬਲਾਵਾਂ ਟਲ ਜਾਣਗੀਆਂ ਤੇ ਸਾਰਾ ਦੁਖ ਤੇ ਹਨੇਰਾ (ਗਾਫਲਤਾ) ਮਿਟ ਜਾਵੇਗਾ। ਹਰੀ ਦੇ ਗੁਣ ਗਾਉਣ ਨਾਲ ਸੰਸਾਰ ਭਵ ਸਾਗਰ ਨੂੰ ਤਰ ਜਾਈਦਾ ਹੈ ਤੇ ਵੱਡੇ ਭਾਗੀਂ ਪਰਮ ਪੁਰਖ ਪ੍ਰਮਾਤਮਾ ਦੀ ਪਰਾਪਤੀ ਹੁੰਦੀ ਹੈ:

ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥ ਨਿਰਮਲ ਹੋਇ ਤੁਮਾਰਾ ਚੀਤ ॥ ਮਨ ਤਨ ਕੀ ਸਭ ਮਿਟੈ ਬਲਾਇ ॥ ਦੂਖੁ ਅੰਧੇਰਾ ਸਗਲਾ ਜਾਇ ॥ ੧ ॥ ਹਰਿ ਗੁਣ ਗਾਵਤ ਤਰੀਐ ਸੰਸਾਰੁ ॥ ਵਡ ਭਾਗੀ ਪਾਈਐ ਪੁਰਖੁ ਅਪਾਰੁ ॥ ੧ ॥ (ਗੋਂਡ ਮਹਲਾ ੫, ਪੰਨਾ ੮੬੭)
.