.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੌਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਸਰਬ ਸਬਦੰ ਏਕ ਸਬਦੰ" -ਸਬਦੰ ਦੇ ਅਰਥ ਹਨ ‘ਧਰਮ’। ਗੁਰਬਾਣੀ ਰਾਹੀਂ ਗੁਰਦੇਵ ਨੇ ਸੰਬੰਧਤ ਸਲੋਕ `ਚ ਵੀ ਇਹੀ ਸਪਸ਼ਟ ਕੀਤਾ ਹੈ ਕਿ ਪ੍ਰਭੂ ਵਲੋਂ ਸਾਰੇ ਮਨੁੱਖਾਂ ਦਾ ਧਰਮ ਇਕੋ ਹੀ ਹੈ। ਤਾਂ ਤੇ "ਬਾਣੀ ਆਸਾ ਕੀ ਵਾਰ" ਵਿੱਚਲਾ ਅਰਥਾਂ ਸਹਿਤ ਇਹ ਪੂਰਾ ਸਲੋਕ ਹੈ:-

"ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾਕ੍ਰਿਤਹ॥ ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ" (ਪੰ: ੪੬੯)

ਅਰਥ ਭਾਵ ਹਨ-ਜੋਗੀਆਂ ਨੇ ਆਪਣਾ ਧਰਮ ਗਿਆਨ ਚਰਚਾ, ਬ੍ਰਾਹਮਣਾਂ ਨੇ ਵੇਦਾਂ ਦਾ ਪੜ੍ਹਨਾ-ਪੜ੍ਹਾਨਾ, ਖੱਤ੍ਰੀਆਂ ਨੇ ਆਪਣਾ ਧਰਮ ਜੁੱਧ ਭੂਮੀ `ਚ ਕੇਵਲ ਜੂਝਣਾ ਹੀ ਮਿੱਥ ਰੱਖਿਆ ਹੈ। ਜਦਕਿ (ਅਖੌਤੀ) ਸ਼ੂਦਰਾਂ `ਤੇ ਜਿਹੜਾ ਧਰਮ ਥੋਪਿਆ ਹੋਇਆ ਹੈ, ਉਹ ਧਰਮ ਹੈ-ਉਪ੍ਰੋਕਤ ਵਰਣਾਂ ਦੀ ਵਿਸ਼ਟਾ ਚੁੱਕਣ ਤੇ ਜੁੱਤੀਆਂ ਗੰਢੰਣ ਤੋਂ ਲੈ ਕੇ ਉਨ੍ਹਾਂ ਲਈ ਹਰੇਕ ਕਿਰਤ-ਕਾਰ ਕਰਣੀ।

ਉਪ੍ਰੰਤ ਇਸ ਸਲੋਕ `ਚ ਗੁਰਦੇਵ ਦਾ ਫੈਸਲਾ ਹੈ "ਸਰਬ ਸਬਦੰ ਏਕ ਸਬਦ, ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ" ੰ" ਭਾਵ ਮਨੁੱਖ ਰਾਹੀਂ ਕਾਇਮ ਮਨੁੱਖੀ-ਧਰਮਾਂ ਦੇ ਵਖ੍ਰੇਵਿਆਂ ਵਾਲਾ ਅਜਿਹਾ ਸਮੂਚਾ ਵੇਰਵਾ ਹੀ ਕੇਵਲ ਮਨੁੱਖੀ ਅਗਿਆਣਤਾ ਦੀ ਉਪਜ ਹੈ ਜਦਕਿ ਪ੍ਰਭੂ ਵੱਲੋਂ ਹਰੇਕ ਦਾ ਮੂਲ ਧਰਮ ਇਕੋ ਹੀ ਨਿਯਤ ਕੀਤਾ ਹੋਇਆ ਹੈ ਅਤੇ ਉਹ ਧਰਮ ਹੈ:-

‘ਕਰਤਾ ਪ੍ਰਭੂ, ਜੋ ਸਾਰੀ ਰਚਨਾ `ਚ ਵਿਆਪਕ ਹੁੰਦਾ ਹੋਇਆ ਵੀ, ਮਾਇਆ ਤੋਂ ਨਿਰਲੇਪ (ਨਿਰੰਜਨ), ਸਦਾ ਥਿਰ ਤੇ ਹਰ ਸਮੇਂ ਪ੍ਰਕਾਸ਼ਮਾਣ (ਦੇਉ) ਹੈ -ਮਨੁੱਖ ਨੇ ਉਸ ਦੀ ਪਛਾਣ ਆਪਣੇ ਅੰਦਰੋਂ ਅਤੇ ਉਸੇ ਤਰ੍ਹਾਂ ਉਸ ਪ੍ਰਭੂ ਦੀ ਪਛਾਣ ਸਮੂਚੀ ਰਚਨਾ `ਚੋਂ ਵੀ ਕਰਣੀ ਹੈ। ਇਸ ਤਰ੍ਹਾਂ ਮਨੁੱਖ ਨੇ ਜੀਂਦੇ-ਜੀਅ, ਪ੍ਰਭੂ `ਚ ਅਭੇਦ ਹੋ ਜਾਣਾ ਹੈ। ਬਲਕਿ ਸਲੋਕ `ਚ ਗੁਰਦੇਵ ਤਾਂ ਇਥੋਂ ਤੀਕ ਫ਼ੁਰਮਾਉਂਦੇ ਹਨ "ਮੈਂ (ਨਾਨਕ) ਵੀ, ਉਸੇ ਪ੍ਰਭੂ ਦਾ ਹੀ ਦਾਸ ਹੈ, ਜਿਹੜਾ ਜੀਵਨ ਦੇ ਇਸ ਸੱਚ ਵਾਲੇ ਮਾਰਗ `ਤੇ ਚਲਦਾ ਹੈ"।

ਇਸ ਤਰ੍ਹਾਂ ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ ਜਿਨ੍ਹਾਂ ਰਾਹੀਂ ਗੁਰਦੇਵ ਸਪਸ਼ਟ ਕਰਦੇ ਹਨ ਕਿ ਸਮੂਚੇ ਮਨੁੱਖ ਮਾਤ੍ਰ ਦਾ ਪ੍ਰਭੂ ਵੱਲੋਂ ਇਕੋ ਹੀ ਧਰਮ ਨਿਯਤ ਕੀਤਾ ਹੋਇਆ ਹੈ। ਮਨੁੱਖ-ਮਨੁੱਖ ਦੇ ਧਰਮ ਭਿੰਨ-ਭਿੰਨ ਜਾਂ ਹਜ਼ਾਰਾਂ-ਲਖਾਂ ਨਹੀਂ ਹਨ, ਫ਼ਰਕ ਹੈ ਤਾਂ ਮਨੁੱਖ ਦੀ ਆਪਣੀ ਸੌਝੀ `ਚ।

"ਅਟਲ ਏਹੁ ਧਰਮ" -ਗੁਰਦੇਵ ਨੇ ਗੁਰਬਾਣੀ `ਚ ਬੇਅੰਤ ਵਾਰ ਸਪਸ਼ਟ ਕੀਤਾ ਹੈ ਕਿ ਮਨੁੱਖਾ ਜਨਮ ਦਾ ਇਕੋ ਹੀ ਮਕਸਦ ਅਥਵਾ ਧਰਮ, "ਗੁਰਪ੍ਰਸਾਦਿ" ਹੀ ਹੈ। ਭਾਵ "ਸ਼ਬਦ ਗੁਰੂ" ਦੀ ਕਾਮਾਈ ਰਾਹੀਂ, ਪ੍ਰਭੂ ਦੀ ਸਿਫ਼ਤ ਸਲਾਹ (ਨਾਮ) ਨਾਲ ਜੁੜਣਾ ਅਤੇ ਉਸ ਤੋਂ ਆਪਣੀ ਨਿੱਤ ਦੀ ਕਰਣੀ ਨੂੰ "ਅਗੈ ਕਰਣੀ ਕੀਰਤਿ ਵਾਚੀਐ" (ਪੰ: ੪੬੪) "ਕਿਰਤ" `ਚ ਤਬਦੀਲ ਕਰਣਾ।

ਦਰਅਸਲ ਇਹੀ ਹੈ ਹਰੇਕ ਮਨੁੱਖ ਦਾ ਇਲਾਹੀ ਤੇ ਰੱਬੀ ਧਰਮ, ਇਸ ਲਈ ਮਨੁੱਖ ਨੂੰ ਜੇਦੋਂ ਕਦੇ ਵੀ ਆਪਣੇ ਸੱਚ ਧਰਮ ਦੀ ਪਛਾਣ ਤੇ ਸੋਝੀ ਆਵੇਗੀ ਤਾਂ ਉਹ ਕੇਵਲ ਅਤੇ ਕੇਵਲ ਸ਼ਬਦ-ਗੁਰੂ-ਗੁਰਬਾਣੀ ਦੇ ਅਦੇਸ਼ਾਂ ਦੀ ਕਮਾਈ ਅਤੇ ਉਨ੍ਹਾਂ ਦਾ ਪਾਲਣ ਕਰਣ ਨਾਲ ਹੀ, ਉਂਝ ਨਹੀਂ। ਉਹ "ਸ਼ਬਦ-ਗੁਰੂ-ਗੁਰਬਾਣੀ" ਜਿਹੜਾ ਉਸ ਨੂੰ ਸਰਬ-ਸਾਂਝੇ, ਇਕੋਇਕ, ਸਦਾ ਥਿਰ ਪ੍ਰਭੂ ਦੀ ਪਛਾਣ ਕਰਵਾਉਂਦਾ ਹੈ ਅਤੇ ਉਸ ਦੇ ਜੀਵਨ ਨੂੰ ਨਿਤਾਂਤ ਹਉਮੈ ਰਹਿਤ ਕਰਕੇ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਵੀ ਜੋੜ ਦਿੰਦਾ ਹੈ।

ਉਸੇ ਤੋਂ ਅਜਿਹੇ ਸੁਲਝੇ ਤੇ ਸਦਚਾਰਕ ਜੀਵਨ ਵਾਲਾ ਮਨੁੱਖ ਫ਼ਿਰ ਸਹਿਜੇ ਹੀ ਪ੍ਰਭੂ ਦੇ ਬਖ਼ਸ਼ੇ ਹੋਏ ਸਰੂਪ ਤੇ ਸੁਭਾਅ, ਸਹਿਜੇ ਹੀ ਦੋਨਾਂ ਦਾ ਪ੍ਰਗਟਾਵਾ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਪ੍ਰਭੂ ਦੇ ਰੰਗ `ਚ ਰੰਗਿਆ ਰਹਿਕੇ ਜੀਂਦੇ ਜੀਅ ਆਤਮਕ ਆਨੰਦ ਮਾਣਦਾ ਹੈ। ਉਸ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ, ਉਹ ਮੁੜ ਆਵਗਉਣ `ਚ ਨਹੀਂ ਆਉਂਦਾ, ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਤਾਂ ਤੇ ਵਿਸ਼ੇ ਦੀ ਪ੍ਰੌੜਤਾ `ਚ ਗੁਰਬਾਣੀ ਖਜ਼ਾਨੇ `ਚੋਂ ਕੁੱਝ ਹੋਰ ਫ਼ੁਰਮਾਨ:-

() "ਸਭ ਮਹਿ ਪੂਰਿ ਰਹੇ ਪਾਰਬ੍ਰਹਮ॥ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ" (ਪੰ: ੨੯੯)

() "ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ" (ਪ: ੨੬੬)

() "ਸਗਲ ਧਰਮ, ਹਰਿ ਕੇ ਗੁਣ ਗਾਮ" (ਪ: ੩੯੩)

() "ਸਭਿ ਕਰਮ ਧਰਮ, ਹਰਿ ਨਾਮੁ ਜਪਾਹਾ॥ ਕਿਲਵਿਖ ਮੈਲੁ ਪਾਪ ਧੋਵਾਹਾ" (ਪ: ੬੯੯)

() "ਕਰਮ ਧਰਮ ਇਹੁ ਤਤੁ ਗਿਆਨੁ॥ ਸਾਧਸੰਗਿ ਜਪੀਐ ਹਰਿ ਨਾਮੁ॥ ਸਾਗਰ ਤਰਿ ਬੋਹਿਥ ਪ੍ਰਭ ਚਰਣ॥ ਅੰਤਰਜਾਮੀ ਪ੍ਰਭ ਕਾਰਣ ਕਰਣ" (ਪ: ੮੬੬)

() "ਭਏ ਦਇਆਲ ਕ੍ਰਿਪਾਲ ਸੰਤ ਜਨ, ਤਬ ਇਹ ਬਾਤ ਬਤਾਈ॥ ਸਰਬ ਧਰਮ ਮਾਨੋ ਤਿਹ ਕੀਏ, ਜਿਹ ਪ੍ਰਭ ਕੀਰਤਿ ਗਾਈ" (ਪ: ੯੦੨)

() "ਸਾਚ ਧਰਮ ਕਾ ਬੇੜਾ ਬਾਂਧਿਆ, ਭਵਜਲੁ ਪਾਰਿ ਪਵਾਈ" (ਪ: ੯੧੬)

() "ਸਗਲੇ ਕਰਮ ਧਰਮ ਜੁਗ ਸਾਧਾ॥ ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ" (ਪ: ੧੦੭੨)

() "ਜਿਨਿ ਆਤਮ ਤਤੁ ਨ ਚੀਨਿੑਆ॥ ਸਭ ਫੋਕਟ ਧਰਮ ਅਬੀਨਿਆ॥ ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ" (ਪ: ੧੩੫੧) ਬਲਕਿ ਅਜਿਹੇ ਸੁਲਝੇ ਹੋਏ ਅਤੇ ਪ੍ਰਭੂ ਦੇ ਰੰਗ `ਚ ਰੰਗੇ ਹੋਏ ਮਨੁੱਖਾ ਜੀਵਨ ਅੰਦਰ:-

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧)

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧) ਆਦਿ

ਇਸ ਤਰ੍ਹਾਂ ਅਜਿਹੇ ਜੀਵਨ ਅੰਦਰ ਗੁਰਬਾਣੀ ਰਾਹੀਂ ਪ੍ਰਗਟ ਬੇਅੰਤ ਸਰਬ-ਸਾਂਝੀਵਾਲਤ ਅਤੇ ਸੱਚੇ ਮਨੁੱਖੀ ਭਰਾਤ੍ਰੀਭਾਵ ਵਾਲੇ ਗੁਣ ਆਪਣੀ ਜਗ੍ਹਾ ਵੀ ਆਪਣੇ-ਆਪ ਬਨਾਉਂਦੇ ਜਾਂਦੇ ਹਨ। ਅਜਿਹੇ ਸੁਲਝੇ ਹੋਏ ਮਨੁੱਖਾ ਜੀਵਨ `ਚੋਂ ਸਹਿਜੇ ਹੀ ਆਤਮਕ ਨਿਖਾਰ ਵੀ ਪ੍ਰਗਟ ਹੋ ਜਾਂਦਾ ਹੈ।

"ਤੀਨੇ ਓਜਾੜੇ ਕਾ ਬੰਧ" - ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ, ਜਿਸ ਧਰਤੀ ਦਾ ਨਾਮ ਤਲਵੰਡੀ ਸੀ ਉਹ ਮੌਜੂਦਾ ਨਨਕਾਨਾ ਸਹਿਬ (ਪਾਕਿਸਤਾਨ) `ਚ ਹੈ। ਇਹ ਵੀ ਕਿ ਆਪਣੇ ਬਾਲ ਕਾਲ `ਚ ਹੀ ਗੁਰਦੇਵ ਨੇ ਉਥੇ ਸਵੇਰ ਤੇ ਸ਼ਾਮ, ਦੋ ਵੱਕਤਂ ਦੇ ਸਤਿਸੰਗਾਂ ਦਾ ਅਰੰਭ ਕੀਤਾ ਸੀ। ਉਪ੍ਰੰਤ ਗੁਰਦੇਵ ਦੇ ਚਾਰ ਪ੍ਰਚਾਰ ਦੌਰੇ (ਉਦਾਸੀਆਂ) -ਦਰਅਸਲ ਉਨ੍ਹਾਂ ਦਾ ਮੁੱਖ ਮੱਕਸਦ ਵੀ ਸਮੂਚੇ ਮਨੁੱਖ ਮਾਤ੍ਰ ਲਈ ਉਸ ਇਕੋ-ਇਕ ਇਲਾਹੀ, ਰੱਬੀ ਤੇ ਸੱਚ ਧਰਮ ਦੇ ਪ੍ਰਕਾਸ਼ ਦਾ ਹੀ ਸੀ।

ਉਸੇ ਲਈ "ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ" (ਭਾ: ਗੁ ੧/੩੫) ਗੁਰੂ ਨਾਨਕ ਪਾਤਸ਼ਾਹ, ਕੇਵਲ ਇਕੱਲੇ ਭਾਈ ਮਰਦਾਨੇ ਨੂੰ ਹੀ ਆਪਣੇ ਨਾਲ ਲੈ ਕੇ:-

ਉਨ੍ਹਾਂ ਬਿਖੜੇ ਹਾਲਾਤਾਂ `ਚ, ਜਦੋਂ ਅੱਜ ਵਾਲੇ ਆਵਾਜਾਈ ਅਤੇ ਦੂਰ ਸੰਚਾਰ ਅਦਿ ਦੇ ਸਾਧਨ ਵੀ ਨਦਾਰਦ ਸਨ, "ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥ ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ" (ਭਾ: ਗੁ੧/੨੪) ਭਾਵ ਵੱਡੀਆਂ ਤੋਂ ਵੱਡੀਆਂ ਔਖਿਆਈਂਆਂ ਝਾਗ ਕੇ ਵੀ, ਆਪ, ਸਮੇਂ ਦੇ ਲਗਭਗ ਹਰੇਕ ਵੱਡੇ ਤੋਂ ਵੱਡੇ ਧਾਰਮਿਕ ਅਗੂ ਪਾਸ ਹੀ ਨਹੀਂ ਬਲਕਿ ਗੁਰਦੇਵ ਉਨ੍ਹਾਂ ਦੇ ਵੱਡੇ-ਵੱਡੇ ਗੜ੍ਹਾਂ, ਇਕੱਠਾ ਤੇ ਮੇਲਿਆਂ `ਚ ਵੀ ਪੁੱਜੇ ਸਨ। ਇਸ ਤਰ੍ਹਾਂ ਗੁਰਦੇਵ ਕੇਵਲ ਪੰਜਾਬ ਜਾਂ ਭਾਰਤ ਹੀ ਨਹੀਂ, ਮੱਕੇ-ਮਦੀਨੇ, ਅਰਬ-ਦੇਸ਼ਾਂ, ਸੰਗਲਾਦੀਪ (ਲੰਕਾ), ਤਿਬਤ, ਚੀਨ, ਜਪਾਨ, ਬਰਮਾ, ਰੂਸ ਆਦਿ ਕਈ ਦੇਸ਼ਾਂ `ਚ ਵੀ ਪੁਜੇ ਸਨ।

ਉਸ ਸਾਰੇ ਦਾ ਇਕੋ ਹੀ ਕਾਰਣ ਸੀ ਕਿ ਓਦੋਂ ਵੀ ਸੰਸਾਰ ਤਲ `ਤੇ ਬਾਹਰੋਂ ਦਿਖਾਵੇ, ਪਹਿਰਾਵੇ, ਭੇਖਾਂ ਅਤੇ ਰਹਿਣੀ ਬਲਕਿ ਕਰਮਕਾਡਾਂ, ਰੀਤਾਂ-ਪਰੰਪ੍ਰਾਂਵਾਂ ਪੱਖੋਂ ਤਾਂ ਮਨੁੱਖ ਸਮਾਜ ਵਿਚਾਲੇ ਬਹੁਤੇਰੇ ਧਰਮਾਂ ਦਾ ਜਾਲ ਵਿੱਛਿਆ ਹੋਇਆ ਸੀ, ਜਦਕਿ ਮਨੁੱਖ ਆਪਣੇ ਜੀਵਨ ਅੰਦਰੋਂ, ਪ੍ਰਭੂ ਬਖ਼ਸ਼ੇ ਉਸ ਇਕੋ-ਇਕ ਇਲਾਹੀ, ਰੱਬੀ ਤੇ ਸੱਚ ਧਰਮ ਤੋਂ ਬਿਲਕੁਲ ਖਾਲੀ ਹੋਇਆ ਪਿਆ ਸੀ। ਉਸੇ ਦਾ ਨਤੀਜਾ ਸੀ ਕਿ ਮਨੁੱਖ-ਮਨੁੱਖ ਵਿੱਚਕਾਰ ਆਪਸੀ ਵੈਰ-ਵਿਰੋਧ ਤੇ ਖਿੱਚਾ-ਤਾਣੀ ਵੀ ਸ਼ਿਖਰਾਂ `ਤੇ ਪੁੱਜੀ ਹੋਈ ਸੀ। ਜਿਸ ਨੂੰ ਭਾਈ ਗੁਰਦਾਸ ਜੀ ਨੇ ਇਸਤਰ੍ਹਾਂ ਬਿਆਣਿਆ ਹੈ:-

ਪਹਿਲਾਂ ਬਾਬੇ ਪਾਯਾ ਬਖਸ਼ ਦਰ, ਪਿਛੋਂ ਦੇ ਫਿਰ ਘਾਲ ਕਮਾਈ॥

ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ॥

ਭਾਰੀ ਕਰੀ ਤੱਪਸਿਆ, ਬਡੇ ਭਾਗ ਹਰਿ ਸਿਉਂ ਬਣਿ ਆਈ॥

ਬਾਬਾ ਪੈਧਾ ਸਚ ਖੰਡ, ਨਉਨਿਧਿ ਨਾਮ ਗਰੀਬੀ ਪਾਈ॥

ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ॥

ਬਾਝਹੁ ਗੁਰੂ ਗੁਬਾਰ, ਹੈ ਹੈ ਕਰਦੀ ਸੁਣੀ ਲੁਕਾਈ॥

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥

ਚੜ੍ਹਿਆ ਸੋਧਨ ਧਰਤ ਲੁਕਾਈ ॥੨੪॥ (ਭਾ: ਗੁ: ੧/੨੪)

(ਵਿਸ਼ੇਸ਼ ਨੋਟ-ਦੇਖਿਆ ਜਾਵੇ ਤਾਂ ਗੁਰਬਾਣੀ ਦੇ ਸਿੱਖ ਅਖਵਾਉਣ ਵਾਲਿਆਂ ਦਾ ਵੀ ਬਹੁਤਾ ਕਰਕੇ ਉਹੀ ਹਾਲ ਹੈ, ਕਿਉਂਕਿ ਗੁਰਬਾਣੀ ਦੀ ਸਿੱਖੀ ਅੱਜ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ…" (ਪੰ: ੪੬੫) ਆਦਿ ਗੁਰਬਾਣੀ ਆਦੇਸ਼ਾਂ ਦੇ ਅਧਾਤ `ਤੇ ਉਨ੍ਹਾਂ ਦੀ ਜੀਵਨ-ਜਾਚ, ਕਰਣੀ ਤੇ ਰਹਿਣੀ ਦਾ ਹਿੱਸਾ ਵੀ ਨਹੀਂ ਰਹਿ ਚੁੱਕੀ। ਜਦਕਿ ਇਸ ਪਾਸੇ ਹਰੇਕ ਸਿੱਖ ਅਖਵਾਉਣ ਵਾਲੇ ਨੂੰ ਆਪਣੇ ਤੌਰ `ਤੇ ਉਚੇਚੇ ਅਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਵੀ ਹੈ।

ਇਸ ਤਰ੍ਹਾਂ ਹੁਣ ਤੀਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਬਾਣੀ `ਚ ਗੁਰੂ ਪਾਤਸ਼ਾਹ ਨੇ ਕੇਵਲ ਬਾਹਰਮੁਖੀ ਦਿਖਾਵਿਆਂ ਨੂੰ ਹੀ, ਮਨੁਖ ਦਾ ਧਰਮ ਨਹੀਂ ਮੰਨਿਆ। ਗੁਰਦੇਵ ਨੇ ਉਸ ਸਾਰੇ ਦੇ ਬਾਵਜੂਦ, ਦੇਸ਼-ਵਿਦੇਸ਼, ਦੂਰ-ਨੇੜੇ ਪੁੱਜ ਕੇ ਹਰੇਕ ਮਨੁੱਖ ਨੂੰ ਜੀਵਨ ਕਰਕੇ ਇਕੋ-ਇਕ ਇਲਾਹੀ, ਸੱਚ ਅਤੇ ਰੱਬੀ ਧਰਮ ਦਾ ਪਾਂਧੀ ਹੋਣ ਲਈ ਕਿਹਾ ਹੈ। ਬਲਕਿ ਗੁਰਦੇਵ ਨੇ ਬੜੀ ਸੂਰਮਤਾਈ ਨਾਲ ਬਾਹਰੋਂ ਧਰਮੀ, ਅੰਦਰੋਂ ਧਰਮ ਹੀਣੇ ਲੋਕਾਂ ਨੂੰ ਪੂਰੀ ਤਰ੍ਹਾਂ ਨਸ਼ਰ ਵੀ ਕੀਤਾ ਹੈ। ਮਿਸਾਲ ਵੱਜੋ:-

"ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ" (ਪੰ: ੬੬੨)

ਇਸ ਤਰ੍ਹਾਂ ਪਾਤਸ਼ਾਹ ਨੇ ਕਾਜ਼ੀ ਨੂੰ ਵੰਗਾਰਿਆ। ਬ੍ਰਾਹਮਣ, ਜੋਗੀ, ਸਰੇਵੜੇ, ਖੱਤ੍ਰੀ, ਵੈਸ਼ ਆਦਿ ਹਰੇਕ ਧਰਮ ਦੇ ਮੰਨੇ ਜਾਂਦੇ ਆਗੂਆਂ ਨੂੰ ਵੰਗਾਰਿਆ। ਉਨ੍ਹਾਂ ਨੂੰ ਜੀਵਨ ਰਹਿਣੀ ਕਰਕੇ ਸੱਚਾ ਵੈਸ਼, ਖੱਤ੍ਰੀ, ਬ੍ਰਾਹਮਣ, ਜੋਗੀ, ਸੰਨਿਆਸੀ, ਕਾਜ਼ੀ, ਮੁੱਲਾਂ, ਸਰੇਵੜੇ ਅਤੇ ਮੁਸਲਮਾਨ ਆਦਿ ਬਨਣ ਲਈ ਚੇਤਾਇਆ।

ਇਹੀ ਨਹੀਂ, ਗੁਰਦੇਵ ਨੇ ਉਨ੍ਹਾਂ ਸਾਰਿਆਂ ਨੂੰ ਨਾਲ-ਨਾਲ ਸੱਚ ਧਰਮ ਦੀ ਜਦੋਂ ਪਹਿਚਾਣ ਵੀ ਆਪ ਕਰਵਾਈ ਤਾਂ ਉਹ ਵੀ ਉਨ੍ਹਾਂ ਦੀ ਪਿਆਰੀ ਸ਼ਬਦਾਵਲੀ `ਚ ਹੀ ਅਤੇ ਫ਼ੁਰਮਾਇਆ:-

"ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥

ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥

ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥

ਆਪਿ ਤਰੈ ਸਗਲੇ ਕੁਲ ਤਾਰੈ॥ ੩॥

ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥

ਪੜਿਆ ਬੂਝੈ ਸੋ ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ" (ਪੰ: ੬੬੨)।

ਇਸ ਤਰ੍ਹਾਂ ਤੋਂ "ਤਨ ਮਨ ਥੀਵੈ ਹਰਿਆ" ਤੀਕ, ਸੰਪੂਰਣ ਗੁਰਬਾਣੀ `ਚ ਗੁਰਦੇਵ ਨੇ ਇਕੋਇਕ ਸੱਚ ਧਰਮ ਦੀ ਜੋ ਪ੍ਰੀਭਾਸ਼ਾ ਪੇਸ਼ ਕੀਤੀ, ਉਹ ਵੀ ਸਮੂਚੇ ਮਨੁੱਖ ਮਾਤ੍ਰ ਲਈ ਇਕੋ ਹੀ ਹੈ; ਫ਼ਿਰ ਬੇਸ਼ੱਕ ਉਹ ਅਜੋਕੇ "ਗੁਰੂ" ਅਤੇ "ਗੁਰਬਾਣੀ" ਦੇ ਸਿੱਖ ਅਖਵਾਉਣ ਵਾਲੇ ਹੀ ਕਿਉਂ ਨਾ ਹੋਣ।

ਭਾਵ ਜੀਵਨ ਰਹਿਣੀ ਕਰਕੇ:- "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" ਅਨੁਸਾਰ (੧) ਹਰੇਕ ਮਨੁੱਖ ਨੇ, ਬਾਹਰੋਂ ਪ੍ਰਭੂ ਬਖ਼ਸ਼ੇ ਮਨੁੱਖੀ ਸਰੂਪ `ਚ ਕਾਇਮ ਰਹਿਣਾ ਹੈ; ਉਸ ਦੇ ਨਾਲ-ਨਾਲ ਉਸ ਨੇ (੨) ਸ਼ਬਦ-ਗੁਰੂ ਦੇ ਆਦੇਸ਼ਾਂ ਦੀ ਕਮਾਈ ਰਾਹੀਂ ਸੁਭਾਅ ਕਰਕੇ ਆਪਣੇ ਜੀਵਨ ਦੀ ਨਿੱਤ ਦੀ ਰਹਿਣੀ-ਕਰਣੀ ਪੱਖੋਂ ਵੀ ਇਲਾਹੀ ਅਤੇ ਰੱਬੀ ਗੁਣਾਂ ਦਾ ਵਾਰਿਸ ਹੋਣਾ ਹੈ।

ਵਿਸ਼ੇ ਨੂੰ ਇਮਾਨਦਾਰੀ ਨਾਲ ਘੋਖਿਆਂ ਜਾਵੇ ਤਾਂ ਦਸਾਂ ਹੀ ਗੁਰੂ-ਸਰੂਪਾਂ ਸਮੇਂ ਪਾਤਸ਼ਾਹ ਨੇ ਆਪਣੀ ਘਾਲ-ਕਮਾਈ ਅਤੇ ਕਰਣੀ ਨਾਲ, ਇਸ ਸੱਚ ਧਰਮ ਦੀਆਂ ਜੜ੍ਹਾਂ ਨੂੰ ਵੀ ਪੱਕਾ ਕੀਤਾ।

ਉਸੇ ਦਾ ਨਤੀਜਾ ਹੈ ਕਿ ਅੱਜ ਤੀਕ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ…" (ਪੰ: ੪੬੫) ਆਧਾਰਤ ਸਿੱਖ ਇਤਿਹਾਸ `ਚ ਗੁਰਬਾਣੀ ਜੀਵਨ ਵਾਲੇ ਬੇਅੰਤ ਮਰਜੀਵੜਿਆਂ ਦੀਆਂ ਕੱਤਾਰਾਂ ਲੱਗੀਆਂ ਪਈਆਂ ਹਨ ਅਤੇ ਉਨ੍ਹਾਂ `ਚ ਅੱਜ ਵੀ ਵਾਧਾ ਹੋ ਰਿਹਾ ਹੈ।

"ਸ਼ੁਭ ਅਮਲਾਂ ਬਾਝੋ ਦੋਵੇਂ ਰੋਈ" -ਸ਼ੱਕ ਨਹੀਂ, ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ ਜਿਹੜੇ ਮਨੁੱਖਾ ਜੂਨ ਅਥਵਾ ਮਨੁੱਖਾ ਜਨਮ ਦੇ ਇਕੋਇਕ ਮਕਸਦ:-

() "ਕਰਉ ਬੇਨੰਤੀ ਸੁਣਹੁ ਮੇਰੇ ਮੀਤਾ, ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ" (ਪੰ: ੧੩)

() "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ …. . ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ" (ਪੰ: ੧੨) ਆਦਿ

ਭਾਵ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਨਿਯਤ ਇਕੋਇਕ ਇਲਾਹੀ, ਰੱਬੀ ਤੇ ਸੱਚ ਧਰਮ ਅਥਵਾ "ਮਨੁੱਖੀ ਭਾਈਚਾਰੇ" (ਮਾਨਵਵਾਦ) ਵਾਲਾ ਵਿਸ਼ਾ ਹੀ ਦ੍ਰਿੜ ਕਰਵਾ ਰਹੇ ਹਨ।

ਇਸ ਲਈ ਪੱਕਾ ਕਰਕੇ ਸਮਝਣਾ ਹੈ ਕਿ ਅੱਜ ਭਾਵੇਂ ਕਲ ਜਾਂ ਕਦੋਂ ਵੀ-ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਲਈ ਸੱਚਾ ਤੇ ਸਦੀਵੀ ਮਾਨਵ-ਵਾਦ ਵਾਲਾ ਸੰਕਲਪ ਕੇਵਲ ਤੇ ਕੇਵਲ ਗੁਰਬਾਣੀ-ਗੁਰੂ ਰਾਹੀਂ ਪ੍ਰਗਟ:-

(੧) ਇਕੋਇਕ-ਅਕਾਲਪੁਖ ਵਾਲੇ ਸ਼ੰਕਲਪ

(੨) ਸਮੂਚੇ ਮਨੁੱਖ ਮਾਤ੍ਰ ਦੇ ਇਕੋਇਕ ਸਦਾ ਥਿਰ ਸ਼ਬਦ-ਗੁਰੂ ਵਾਲੀ ਸੋਝੀ

(੩) ਸਮੂਚੇ ਮਨੁੱਖ ਮਾਤ੍ਰ ਲਈ ਕਰਤੇ ਪ੍ਰਭੂ ਵੱਲੋਂ ਨਿਯਤ ਕੀਤੇ ਹੋਏ ਇਕੋਇਕ ਧਰਮ

(੪) ਉਪ੍ਰੰਤ ਸੰਸਾਰ ਤਲ ਦੇ ਸਮੂਚੇ ਮਨੁੱਖ ਮਾਤ੍ਰ ਦੀ ਇਕੋਇਕ ਸ਼ਾਂਝੀਵਾਲਤਾ ਆਧਾਰਤ ਭਾਈਚਾਰੇ ਵਾਲੀ ਅਗਵਾਹੀ ਨੂੰ ਕਬੂਲ ਕਰਕੇ ਹੀ ਸੰਭਵ ਅਤੇ ਪ੍ਰਗਟ ਹੋਵੇਗਾ।

ਉਸ ਤੋਂ ਬਿਨਾ ਅਜਿਹੀ ਕਿਸੇ ਵੀ ਮਾਨਵਵਾਦ ਵਾਲੀ ਲਹਿਰ ਦਾ ਸਹੀ ਅਰਥਾਂ `ਚ ਲਾਭਕਾਰੀ ਸਾਬਤ ਹੋਣਾ ਅਤੇ ਉਸ ਦਾ ਸਿਰੇ ਚੜ੍ਹਣਾ ਹੀ ਸੰਭਵ ਨਹੀਂ।

ਇਹ ਵੀ ਕਿ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਗੁਰੂ ਨਾਨਕ ਪਾਤਸ਼ਹ ਜਦੋਂ ਮੱਕੇ-ਮਦੀਨੇ ਪੁੱਜੇ ਤਾਂ ਗੁਰਬਾਣੀ ਆਧਾਰਤ "ਸਮੂਚੇ ਮਨੁੱਖ ਮਾਤ੍ਰ ਨਾਲ ਸੰਬੰਧਤ ਇਸੇ ਇਕੋਇਕ ਰੱਬੀ, ਇਲਾਹੀ ਤੇ ਸੱਚ ਧਰਮ" ਅਥਵਾ ਸਿਧਾਂਤ ਵਾਲੇ ਵਿਸ਼ੇ ਨੂੰ-ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਪਤਸ਼ਾਹ ਰਾਹੀਂ ਉਥੇ ਕਾਜ਼ੀਆਂ ਤੇ ਮੌਲਾਣਿਆ ਨਾਲ ਹੋਈ "ਗਿਆਨ ਗੋਸ਼ਠੀ", ਚਰਚਾ ਅਤੇ ਵਾਰਤਾਲਾਪ ਨੂੰ ਆਪਣੀ ਕਲਮ ਰਾਹੀਂ ਵੀ ਬਿਆਣ ਕੀਤਾ ਹੈ। ਭਾਈ ਸਾਹਿਬ ਫ਼ੁਰਮਾਉਂਦੇ ਹਨ:-

ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥

ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥

ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥

ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥

ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥

ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥

ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕੁਥਾਇ ਖਲੋਈ॥

ਰਾਹ ਸ਼ੈਤਾਨੀ ਦੁਨੀਆ ਗੋਈ॥ ੩੩॥ (ਭਾ: ਗੁ: ੧/੩੩)

(ਚਲਦਾ) #234P-XXXIIII,- 02.17-0217#P34v. (ਸਨਿਮ੍ਰ ਬੇਨਤੀ-ਹੱਥਲੀ ਗੁਰਮੱਤ ਪਾਠ ਲੜੀ ਦੀ ਇਸ ਤੋਂ ਪਿੱਛਲੀ ਕਿਸ਼ਤ ਨੰ: ੩੩ ਦੇ ਅਰੰਭ `ਚ, ਗ਼ਲਤੀ ਨਾਲ (੬-) ਲਿਖਿਆ ਗਿਆ ਸੀ ਉਸ ਨੂੰ ਕ੍ਰਿਪਾ ਕਰਕੇ (੬-) ਦੀ ਬਜਾਏ (੬-) ਕਰ ਲਿਆ/ਪੜ੍ਹਿਆ ਜਾਵੇ ਜੀ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੌਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.