.

ਸੁਣਿਐ-4
ਡਾ:ਦਲਵਿੰਦਰ ਸਿੰਘ ਗ੍ਰੇਵਾਲ


ਗਿਆਰਵੀਂ ਪਉੜੀ ਵਿਚ ਦਸਿਆ ਗਿਆ ਹੈ ਕਿ ਨਾਮ ਸੁਣਨ ਵਾਲਾ ਨੇਕੀਆਂ ਦੇ ਸਮੁੰਦਰ ਵਿਚ ਡੂੰਘੀ ਚੁਭੀ ਲਾਉਂਦਾ ਹੈ ਤੇ ਦੈਵੀ ਗੁਣਾਂ ਦਾ ਜਾਨਣਹਾਰ ਹੋ ਜਾਂਦਾ ਹੈ; ਸ਼ੇਖ (ਵਿਦਵਾਨ), ਪੀਰ (ਰੂਹਾਨੀ ਰਹਿਬਰ), ਬਾਦਸ਼ਾਹ ਸਮਾਨ ਪੀਰਾਂ ਦੇ ਪੀਰ ਦੀ ਪਦਵੀ ਪ੍ਰਾਪਤ ਕਰਦਾ ਹੈ। ਸੁਣਨ ਨਾਲ ਅਗਿਆਨੀ ਵੀ ਰੱਬ ਵਲ ਦੇ ਰਾਹ ਦੇ ਜਾਣਨਹਾਰ ਹੋ ਜਾਂਦੇ ਹਨ, ਉਨ੍ਹਾਂ ਦੇ ਅੰਤਰ ਨੇਤਰ ਖੁਲ੍ਹ ਜਾਂਦੇ ਹਨ।ਨਾਮ ਸੁਣਨ ਵਾਲੇ ਨੂੰ ਅਥਾਹ ਵਾਹਿਗੁਰੂ ਦੀ ਥਾਹ ਆ ਜਾਂਦੀ ਹੈ ਭਾਵ ਪਰਮਾਤਮਾ ਦੂਰ ਨਹੀਂ ਲਗਦਾ ਅਪਣੇ ਅੰਦਰੋਂ ਹੀ ਲੱਭ ਜਾਂਦਾ ਹੈ।ਉਸਦਾ ਨਾਮ ਸੁਣੇ ਤੇ ਭਗਤ ਹਮੇਸ਼ਾ ਅਨੰਦ ਪ੍ਰਸੰਨ ਚਾਉ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੇ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ:

ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੧੧ ॥

ਨਾਉ ਸੁਣਨ ਨਾਲ ਗੁਣਾਂ ਦੇ ਸਾਗਰ ਦੀ ਡੂੰਘਾਈ ਨਾਪਣ ਯੋਗ, ਜਾਣਨਹਾਰ ਹੋ ਜਾਈਦਾ ਹੈ:

ਸੁਣਿਐ ਸਰਾ ਗੁਣਾ ਕੇ ਗਾਹ॥

ਹਰੀ ਦਾ ਨਾਮ ਤੇ ਉਚਾਰਨ ਕਰਨ ਦਵਾਰਾ ਚਿਤ ਦਾ ਵਾਜਾ ਵਜਾਈਦਾ ਹੈ, ਜਿਤਨਾ ਜ਼ਿਆਦਾ ਹਰੀ ਨੂੰ ਸਮਝੀਦਾ ਹੈ ੳਤਨਾ ਜ਼ਿਆਦਾ ਇਸ ਨੁੰ ਵਜਾਈਦਾ ਹੈ।ਜਿਸਨੂੰ ਇਹ ਨਾਮ ਦਾ ਵਾਜਾ ਵਜਾ ਕੇ ਸੁਣਾਈਦਾ ਹੈ ਉਹ ਕਿਤਨਾ ਵੱਡਾ ਹੈ ਤੇ ਕਿਥੇ ਹੈ?ਜਿਤਨੇ ਪ੍ਰਭੂ ਦੀ ਉਪਮਾ ਕਰਨ ਵਾਲੇ ਹਨ ਉਹ ਸਾਰੇ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕਰ ਰਹੇ ਹਨ। ਹੇ ਪੂਜਣਯੋਗ ਅਪਹੁੰਚ ਅਪਾਰ ਪਿਤਾ ਪਰਮਾਤਮਾ ਤੇਰਾ ਨਾਮ ਪਵਿਤਰ ਹੈ ਤੇ ਤੇਰਾ ਸਥਾਨ ਵੀ ਪਵਿਤਰ ਹੈ ਕਿਤਨਾ ਵੱਡਾ ਤੇਰਾ ਹੁਕਮ ਹੈ ਜਾਣਿਆ ਨਹੀਂ ਜਾ ਸਕਦਾ ਜੇ ਕੋਈ ਕਲਮ ਬੰਦ ਵੀ ਕਰਨਾ ਚਾਹੇ ਤਾਂ ਕੀਤਾ ਨਹੀ ਜਾ ਸਕਦਾ।ਭਾਵੇਂ ਸੈਂਕੜੇ ਕਵੀਸ਼ਰ ਇਕੱਠੇ ਹੋ ਜਾਣ ਉਹ ਤੇਰੀ ਸ਼ੋਭਾ ਨੂੰ ਇਕ ਤਿਲ ਬਰਾਬਰ ਵੀ ਨਹੀਂ ਕਰ ਸਕਦੇ। ਕਿਸੇ ਨੂੰ ਭੀ ਤੇਰੇ ਮੁੱਲ ਦਾ ਪਤਾ ਨਹੀਂ ਲੱਗਾ। ਹਰ ਕੋਈ ਜਿਸ ਤਰ੍ਹਾਂ ਉਸ ਨੇ ਸੁਣ ਸੁਣ ਕੇ ਸ਼੍ਰਵਣ ਕੀਤਾ ਤਿਸੇ ਤਰ੍ਹਾਂ ਬਿਆਨ ਦਿਤਾ।

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥ ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥ ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥ ੧ ॥ ਬਾਬਾ ਅਲਹੁ ਅਗਮ ਅਪਾਰੁ ॥ ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥ ੧ ॥ ਰਹਾਉ ॥ ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥ ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥ ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥ ੨ ॥ (ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ, ਪੰਨਾ ੫੩)


ਨਾਉ ਸੁਣਨ ਨਾਲ ਹੀ ਸ਼ੇਖ, ਪੀਰ ਤੇ ਦੀਨ ਦੁਨੀ ਦੇ ਵੱਡੇ ਪਾਤਸ਼ਾਹ ਬਣਦੇ ਹਨ।

ਸੁਣਿਐ ਸੇਖ ਪੀਰ ਪਾਤਿਸਾਹ॥

ਰੂਹਾਨੀ ਰਹਿਬਰ, ਪੈਘੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ, ਉਦੇਸ਼ਕ ਅਭਿਆਸੀ, ਮੁਨਸਿਫ, ਮੌਲਵੀ ੳਤੇ ਸਾਹਿਬ ਦੇ ਦਰਬਾਰ ਵਿਚ ਪੁਜੇ ਹੋਏ ਸਾਧੂ ਸੰਤ ਹੋਰ ਵਧੇਰੇ ਬਖਸ਼ਿਸ਼ਾਂ ਪਾਉਂਦੇ ਹਨ ਜੇਕਰ ਉਹ ਪ੍ਰਮਾਤਮਾ ਦਾ ਜਸ ਗਾਉਂਦ ਸੁਣਦੇ ਰਹਿਣ।

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥ ੩ ॥ (ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ, ਪੰਨਾ ੫੩)

ਨਾਮ ਸੁਣਨ ਨਾਲ ਗਿਆਨ ਹੀਣ ਵੀ ਗਿਆਨ ਪ੍ਰਾਪਤ ਕਰ ਲੈਂਦੇ ਹਨ ਤੇ ਨਾਮ ਦੀ ਭਗਤੀ ਮਾਰਗ ਤੇ ਤੁਰ ਪੈਂਦੇ ਹਨ:

ਸੁਣਿਐ ਅੰਧੇ ਪਾਵਹਿ ਰਾਹੁ॥

ਕਾਲੇ ਕੰਮੀ ਮਨੁਖ ਦਾ ਮਨ ਅੰਨ੍ਹਾਂ ਹੋ ਜਾਦਾ ਹੈ ਤੇ ਅੰਨ੍ਹਾ ਮਨ ਦੇਹ ਨੂੰ ਅੰਨਾਂ ਕਰ ਦਿੰਦਾ ਹੈ ਜਦ ਪੱਥਰ ਚੂਨੇ ਦਾ ਬੰਨ੍ਹ ਵੀ ਟੁੱਟ ਜਾਂਦਾ ਹੈ ਤਾਂ ਗਾਰੇ ਨਾਲ ਲਿਪਣ ਨਾਲ ਕਿਵੇਂ ਬਚੇਗਾ? ਬੰਨ੍ਹ ਟੁੱਟ ਗਿਆ ਹੈ, ਨਾ ਕੋਈ ਕਿਸ਼ਤੀ ਹੈ ਨਾ ਹੀ ਕੋਈ ਬੇੜਾ ਤੇ ਨਾ ਹੀ ਪਾਣੀ ਦੀ ਕੋਈ ਥਾਹ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚੇ ਨਾਮ ਬਿਨਾ ਕਿਤਨੇ ਪੂਰ ਡੁੱਬ ਗਏ ਹਨ।

ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥ ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥ ੩ ॥ ਮਃ ੧ ॥ ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥ ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥ ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥ ੪ ॥ (ਮਃ ੧, ਪੰਨਾ ੧੨੮੭)

ਨਾਮ ਸੁਣੇ ਤੇ ਅੰਦਰ ਦਾ ਚਾਨਣ ਫੈਲ ਜਾਂਦਾ ਹੈ ਤੇ ਹਨੇਰਾ ਦੂਰ ਹੋ ਜਾਂਦਾ ਹੈ। ਨਾਮ ਸੁਣੇ ਤੇ ਆਪੇ ਦੀ ਪਛਾਣ ਹੋ ਜਾਦੀ ਹੈ ਤੇ ਨਾਮ ਦਾ ਲਾਹਾ ਮਿਲਦਾ ਹੈ:

ਨਾਇ ਸੁਣਿਐ ਘਟਿ ਚਾਨਣਾ ਆਨੇਰੁ ਗਵਾਵੈ। ਨਾਇ ਸਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ॥ (ਸਾਰੰਗ ਵਾਰ ਮ:੪ ਪੰਨਾ ੮)

ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ॥ (ਮ: ੧, ਪੰਨਾ ੧੨੮੮)

ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰਨ ਨਾਲ ਅੰਦਰੂਨੀ ਸਮੁੰਦਰ ਸ਼ਾਤ ਹੋ ਜਾਦਾ ਹੈ। ਹਉਮੈਂ ਮਿਟ ਜਾਦੀ ਹੈ ਤੇ ਮੁਕਤੀ ਦਾ ਰਸਤਾ ਲੱਭ ਪੈਂਦਾ ਹੈ ਇਉਂ ਅੰਨ੍ਹੇ ਨੂੰ ਨਾਮ ਦੀ ਜੋਤ ਰੋਸ਼ਨੀ ਮਿਲਦੀ ਹੈ

ਮਨੁਖ ਨੂੰ ਇਕੋ ਪ੍ਰਭ ਦਾ ਨਾਮ ਧਿਆਉਣਾ ਚਾਹੀਦਾ ਹੈ ਤੇ ਇਜ਼ਤ ਨਾਲ ਪ੍ਰਮਾਤਮਾ ਦੇ ਘਰ ਵਾਸਾ ਕਰਨਾ ਚਾਹੀਦਾ ਹੈ। ਪ੍ਰਮਾਤਮਾ ਨੂੰ ਧਿਆਏ ਤੇ ਕੁਝ ਕੋਲੌ ਲੈਣਾ ਦੇਣਾ ਨਹੀਂ ਪੈਂਦਾ। ਪ੍ਰਮਾਤਮਾ ਤਾਂ ਸਭਨਾ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਉਹ ਹਰ ਇਕ ਦੇ ਅਮਦਰ ਵਸਦਾ ਹੈ। ਗੁਰਮੁਖ ਉਸ ਨੂੰ ਧਿਆਉਂਦਾ ਹੈ ਤੇ ਨਾਮ ਅੰਮ੍ਰਿਤ ਪਾਉਂਦਾ ਹੈ ਤਾਂ ਅਸਲ ਪਵਿਤਰ ਉਹ ਹੀ ਹੁੰਦਾ ਹੈ। ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪੋ ਨਾਮ ਜਪਣ ਸਦਕੇ ਸਾਰੀ ਮੈਲ ਚਲੀ ਜਾਦੀ ਹੈ ਤੇ ਜੀਵ ਪਵਿਤਰ ਹੋ ਜਾਂਦਾ ਹੈ।

ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥ ੧ ॥ ਰਹਾਉ ॥ ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥ ੨ ॥ ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥ ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥ ੩ ॥ (ਮਲਾਰ ਮਹਲਾ ੧ ॥(ਪੰਨਾ ੧੨੫੪)

ਸਾਗਰ ਸੀਤਲੁ ਗੁਰ ਸਬਦ ਵੀਚਾਰਿ ॥ ਮਾਰਗ ਮੁਕਤਾ ਹਉਮੈ ਮਾਰਿ॥ਮੈਂ ਅੰਧੁਲੇ ਨਾਵੈ ਕੀ ਜੋਤਿ॥ ਮਃ ੧, ਪੰਨਾ ੧੨੪੨)

ਗੁਰੂ ਜੀ ਫੁਰਮਾਉਂਦੇ ਹਨ ਕਿ ਗਿਆਨ ਦੇ ਅੰਨ੍ਹੇ ਇਨਸਾਨ ਨੂੰ ਕੀ ਆਖਿਆ ਜਾ ਸਕਦਾ ਹੈ? ਉਹ ਨਾ ਹੀ ਕਹੀ ਹੋਈ ਗਲ ਸਮਝਦਾ ਹੈ ਤੇ ਨਾ ਹੀ ਉਤਰ ਦੇ ਸਕਦਾ ਹੈ। ਕੇਵਲ ਉਹ ਹੀ ਅੰ ਹੈ ਜੋ ਕਾਲੇ ਕੰਮ ਕਰਦਾ ਹੈ ਕਿਉਂਕਿ ਉਸ ਦੀਆਂ ਆਤਮਕ ਅੱਖਾਂ ਨਹੀਂ ਹਨ।

ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥(ਮ:੧, ਪੰਨਾ ੧੨੮੯)

ਗੁਰੂ ਦੇ ਗਿਆਨ ਬਿਨਾ ਘੋਰ ਹਨੇਰਾ ਹੈ:

ਬਿਨੁ ਗੁਰ ਪੂਰੇ ਘੋਰ ਅੰਧਾਰੁ ॥ ੧ ॥(ਮਲਾਰ ਮ:੫, ਪੰਨਾ ੧੨੭੦)

ਗੁਰੂ ਦੀ ਮਿਹਰ ਸਦਕਾ ਅੰਦਰੋਂ ਹਨੇਰਾ ਮਿਟ ਜਾਂਦਾ ਹੈ

ਗੁਰ ਪਰਸਾਦੀ ਘਟਿ ਚਾਨਣਾ ਆਨੇੑਰੁ ਗਵਾਇਆ ॥ (ਸਲੋਕ ਮਃ ੧,ਪੰਨਾ ੧੨੪੫)

ਰੱਬ ਦਾ ਉਹ ਸੇਵਕ ਜੋ ਰੱਬ ਦਾ ਮੰਨ ਕੇ ਰਜ਼ਾ ਵਿਚ ਰਹਿੰਦਾ ਹੈ ਰੱਬ ਵਰਗਾ ਹੀ ਹੋ ਜਾਂਦਾ ਹੈ।ਜੋ ਮਨਮੁਖ ਅਪਣੀ ਮਰਜ਼ੀ ਕਰਦੇ ਹਨ ਉਨ੍ਹਾ ਨੂੰ ਸੁੱਖ ਕਿਥੋਂ ਮਿਲਣਾ ਹੋਇਆ, ਉਹ ਸਚਾਈ ਤੋਂ ਅੰਨ੍ਹੇ ਹਨ ਤੇ ਅੰਨ੍ਹੇ ਕੰਮ ਕਰਦੇ ਹਨ:

ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥ ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥ (ਪੰਨਾ ੧੨੮੭)

ਸੁਣਿਐ ਹਾਥ ਹੋਵੈ ਅਸਗਾਹੁ

ਪ੍ਰਮਾਤਮਾ ਡੂੰਘੇ ਸਾਗਰ ਨਿਆਈਂ ਗਹਿਰਾ ਅਗਾਧ ਤੇ ਬੇਥਾਹ ਹੈ, ਉਸ ਦੀ ਡੂਘਾਈ ਲੱਭੀ ਨਹੀ ਜਾ ਸਕਦੀ:

ਗਹਿਰ ਗੰਭੀਰ ਅਥਾਹੁ ਹਾਥ ਨ ਲਭਈ॥ (ਮਲਾਰ ੧, ੧੨੮੮)

ਪਰਮਾਤਮਾ ਗੁਣਾਂ ਦਾ ਅਥਾਹ ਸਾਗਰ ਹੈ ਉਸ ਦੀ ਹਾਥ ਕੌਣ ਪਾ ਸਕਦਾ ਹੈ ਡੂੰਘਾਈ ਕੌਣਂ ਨਾਪ ਸਕਦਾ ਹੈ?:
ਸਾਗਰ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ॥ (ਮਾਰੂ ੩, ਪੰਨਾ ੧੦੯੧)
ਗਹਿਰ ਗੰਭੀਰ ਅਥਾਹੁ ਅਪਾਰੁ ਅਗਣਤ ਤੂੰ॥ (ਰਾਮ ੫, ਪੰਨਾ ੯੬੬)
ਗਹਿਰ ਗੰਭੀਰ ਅਥਾਂਹ ਤੂ ਗੁਣ ਗਿਆਨ ਅਮੋਲੈ॥ (ਮਾਰੂ ੫, ਪੰਨਾ ੧੧੦੨)

ਇਸ ਗਹਿਰੇ ਸੰਸਾਰ ਸਾਗਰ ਨੂੰ ਨਾਮ ਸੁਣ ਸਿਮਰ ਕੇ ਗੁਰ ਪ੍ਰਸਾਦਿ ਰਾਹੀਂ ਹੀ ਤਰਿਆ ਜਾ ਸਕਦਾ ਹੈ:
ਸਾਗਰੰ ਸੰਸਾਰਸ ਗੁਰ ਪਰਸਾਦੀ ਤਰਹਿ ਕੇ॥ (ਮਾਂਝ ਮ: ੧ ਪੰਨਾਤ ੧੪੮)
ਸਾਗਰ ਸੰਸਾਰ ਭਵ ੳਤਾਰ ਨਾਮੁ ਸਿਮਰਤ ਬਹੁ ਤਰੇ॥ (ਆਸਾ ੫, ਪੰਨਾ ੪੫੬)
ਸਾਗਰ ਤਰਿ ਬੋਹਿਥ ਪ੍ਰਭ ਚਰਣ॥ (ਗੌਂਡ ੫, ਪੰਨਾ ੮੬੬)
ਸਾਗਰੁ ਤਰਿਆ ਸਾਧੂ ਸੰਗੇ॥ (ਧਨਾਸਰੀ ੫,ਪੰਨਾ ੬੮੪)
ਸਾਗਰੁ ਤਰਿਓ ਬਾਛਰ ਖੋਜ॥ (ਰਾਮਕਲੀ ਮ: ੫, ਪੰਨਾ ੮੯੯)
ਸਾਗਰ ਤਰੇ ਭਰਨ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ॥ (ਭਲਾਵਲ ਮ:੫, ਪੰਨਾ ੮੨੧

ਤੇਰੇ ਨਾਮ ਦੁਆਰਾ ਪ੍ਰਾਣੀ ਨੂੰ ਸਹਿਜ ਅਵਸਥਾ ਤੇ ਨਾਮ ਦੀ ਸਿਫਤ ਸਲਾਹ ਪਰਾਪਤ ਹੁੰਦੀ ਹੈ। ਤੇਰਾ ਨਾਮ ਅੰਮ੍ਰਿਤੁ ਹੈ ਜਿਸ ਨਾਲ ਜੀਵ ਦੀ ਮਾਇਆ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ। ਤੇਰੇ ਨਾਮ ਰਾਹੀਂ ਸਾਰੇ ਸੁੱਖਾਂ ਦਾ ਮਾਂਹੌਲ ਮਨ ਵਿਚ ਵਸ ਜਾਦਾ ਹੈ। ਨਾਮ ਤੋਂ ਬਿਨਾ ਪ੍ਰਾਣੀ ਯਮ ਕੋਲ ਬੰਨ੍ਹ ਕੇ ਲਿਆਂਇਆ ਜਾਂਦਾ ਹੈ।

ਨਾਇ ਤੇਰੈ ਸਹਜੁ ਨਾਇ ਸਾਲਾਹ ॥ ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥ ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥ ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥ ੩ ॥(ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧, ਪੰਨਾ ੧੩੨੭-੧੩੨੮)

ਨਾਮ ਹੀ ਸਾਡਾ ਵੇਦ ਤੇ ਨਾਦ ਹੈ। ਨਾਮ ਰਾਹੀਂ ਹੀ ਸਾਰੇ ਕਾਜ ਸੰਪੂਰਨ ਹੁੰਦੇ ਹਨ। ਨਾਮ ਹੀ ਸਾਡੀ ਦੇਵਾ ਪੂਜਾ ਹੈ। ਨਾਮ ਸਾਡੁ ਗੁਰੂ ਦੀ ਸੇਵਾ ਹੈ। ਪੂਰਾ ਨਾਮ ਗੁਰੂ ਨੇ ਹੀ ਪੱਕੀ ਤਰ੍ਹਾਂ ਯਾਦ ਕਰਵਾਇਆ ਹੈ। ਹਰੀ ਹਰੀ ਕਰਨਾ ਸਭ ਤੋਂ ਉਤਮ ਕਾਰਜ ਹੈ। ਨਾਮ ਹੀ ਸਾਡੇ ਤੀਰਥਾਂ ਦਾ ਇਸ਼ਨਾਨ ਹੈ। ਨਾਮ ਹੀ ਸਾਡਾ ਪੂਰਨ ਦਾਨ ਹੈ। ਨਾਮ ਲੈਣ ਨਾਲ ਸਾਰੇ ਪਵਿਤਰ ਹੋ ਜਾਦੇ ਹਨ ਇਸ ਲਈ ਮੇਰੇ ਵੀਰ ਨਾਮ ਦਾ ਹਮੇਸ਼ਾ ਜਾਪ ਕਰਨ।

ਨਾਮੁ ਹਮਾਰੈ ਬੇਦ ਅਰੁ ਨਾਦ ॥ ਨਾਮੁ ਹਮਾਰੈ ਪੂਰੇ ਕਾਜ ॥ ਨਾਮੁ ਹਮਾਰੈ ਪੂਜਾ ਦੇਵ ॥ ਨਾਮੁ ਹਮਾਰੈ ਗੁਰ ਕੀ ਸੇਵ ॥ ੧ ॥ ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ ਸਭ ਤੇ ਊਤਮੁ ਹਰਿ ਹਰਿ ਕਾਮੁ ॥ ੧ ॥ ਰਹਾਉ ॥ ਨਾਮੁ ਹਮਾਰੈ ਮਜਨ ਇਸਨਾਨੁ ॥ ਨਾਮੁ ਹਮਾਰੈ ਪੂਰਨ ਦਾਨੁ ॥ ਨਾਮੁ ਲੈਤ ਤੇ ਸਗਲ ਪਵੀਤ ॥ ਨਾਮੁ ਜਪਤ ਮੇਰੇ ਭਾਈ ਮੀਤ ॥ ੨ ॥ ਨਾਮੁ ਹਮਾਰੈ ਸਉਣ ਸੰਜੋਗ ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ ਨਾਮੁ ਹਮਾਰੈ ਸਗਲ ਆਚਾਰ ॥ ਨਾਮੁ ਹਮਾਰੈ ਨਿਰਮਲ ਬਿਉਹਾਰ ॥ ੩ ॥ ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ ਸਗਲ ਜਨਾ ਕੀ ਹਰਿ ਹਰਿ ਟੇਕ ॥ ਮਨਿ ਤਨਿ ਨਾਨਕ ਹਰਿ ਗੁਣ ਗਾਉ ॥ ਸਾਧਸੰਗਿ ਜਿਸੁ ਦੇਵੈ ਨਾਉ ॥ ੪ ॥ ੨੨ ॥ ੩੫ ॥ (ਭੈਰਉ ਮਹਲਾ ੫, ਪੰਨਾ ੧੦੪੬)

ਨਿਰਧਨ ਕਉ ਤੁਮ ਦੇਵਹੁ ਧਨਾ ॥ ਅਨਿਕ ਪਾਪ ਜਾਹਿ ਨਿਰਮਲ ਮਨਾ ॥ ਸਗਲ ਮਨੋਰਥ ਪੂਰਨ ਕਾਮ ॥ ਭਗਤ ਅਪੁਨੇ ਕਉ ਦੇਵਹੁ ਨਾਮ ॥ ੧ ॥ ਸਫਲ ਸੇਵਾ ਗੋਪਾਲ ਰਾਇ ॥ ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥ ੧ ॥ ਰਹਾਉ ॥ ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥ ਨਿਥਾਵੇ ਕਉ ਤੁਮੑ ਥਾਨਿ ਬੈਠਾਵਹੁ ॥ ਦਾਸ ਅਪਨੇ ਕਉ ਭਗਤੀ ਲਾਵਹੁ ॥ ੨ ॥ ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ ਸਗਲ ਭਇਆਨ ਕਾ ਭਉ ਨਸੈ ॥ ਜਨ ਅਪਨੇ ਕੈ ਹਰਿ ਮਨਿ ਬਸੈ ॥ ੩ ॥ ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥ ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥ ਕਰਿ ਕਿਰਪਾ ਸੰਤ ਟਹਲੈ ਲਾਏ ॥ ਨਾਨਕ ਸਾਧੂ ਸੰਗਿ ਸਮਾਏ ॥ ੪ ॥ ੨੩ ॥ ੩੬ ॥ (ਭੈਰਉ ਮਹਲਾ ੫, ਪੰਨਾ ੧੦੪੬)

ਨਾਮ ਬਾਰੇ ਸੁਣ ਸੁਣ ਕੇ ਮਨ ਵਸਾ ਲੈਣਾ ਚਾਹੀਦਾ ਹੈ ਪਰ ਟਾਵਾਂ ਹੀ ਹੈ ਜੋ ਪ੍ਰਮਾਤਮਾਂ ਦੀ ਅਸਲੀਅਤ ਨੂੰ ਬੁੱਝ ਸਕਦਾ ਹੈ।ਬਹਿੰਦੇ ਉਠਦੇ ਸੱਚੇ ਪ੍ਰਮਾਤਮਾਂ ਦਾ ਨਾਮ ਧਿਆਉਣੋਂ ਨਹੀਂ ਵਿਸਾਰਨਾ ਚਾਹੀਦਾ। ਭਗਤਾਂ ਦਾ ਤਾਂ ਆਧਾਰ ਹੀ ਨਾਮ ਹੈ ਤੇ ਨਾਮ ਨਾਲ ਹੀ ਉਨ੍ਹਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਮੁਖ ਅਪਣੇ ਮਨ ਤਨ ਵਿਚ ਹਮੇਸ਼ਾਂ ਵਾਹਿਗੁਰੂ ਦਾ ਨਾਮ ਹੀ ਜਪਦਾ ਰਹਿੰਦਾ ਹੈ:

ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥ ੫ ॥ ਮਹਲਾ ੪, ਪੰਨਾ ੧੦੪੦)
.