.

ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ

ਹਾਕਮ ਸਿੰਘ

ਵਿਗਿਆਨ ਦਿਖਾਈ ਦੇ ਰਹੇ ਜਾਂ ਅਨੁਭਵ ਕੀਤੇ ਜਾਣ ਵਾਲੇ ਪਦਾਰਥ ਦੀ ਜਾਣਕਾਰੀ ਹੁੰਦਾ ਹੈ। ਸਾਰਾ ਪਦਾਰਥਕ ਜਗਤ ਨਿਰੰਤਰ ਬਦਲ ਰਿਹਾ ਹੈ ਅਤੇ ਜਮਣ-ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ। ਇਸ ਲਈ ਵਿਗਿਆਨਕ ਜਾਣਕਾਰੀ ਅਧੂਰੀ ਹੁੰਦੀ ਹੈ ਅਤੇ ਬਦਲਦੀ ਵੀ ਰਹਿੰਦੀ ਹੈ। ਇਸ ਜਾਣਕਾਰੀ ਨੂੰ ਪ੍ਰਦਰਸ਼ਤ ਕੀਤਾ ਜਾ ਸਕਦਾ ਹੈ। ਵਿਗਿਆਨੀ ਨਾ ਦਿਖਾਈ ਦੇਣ ਵਾਲੀ ਜਾਂ ਨਾ ਅਨੁਭਵ ਕੀਤੀ ਜਾਣ ਵਾਲੀ ਅਪਦਾਰਥਕ ਹਸਤੀ ਬਾਰੇ ਕੋਈ ਰਾਏ ਨਹੀਂ ਦਿੰਦੇ ਕਿਊਂਕੇ ਅਪਦਾਰਥ ਵਿਗਿਆਨ ਦਾ ਵਿਸ਼ਾ ਹੀ ਨਹੀਂ ਹੈ। ਇਸ ਦੇ ਉਲਟ ਅਧਿਆਮਤਕ ਗਿਆਨ ਅਦਿੱਖ ਸਿਰਜਣਹਾਰ ਪ੍ਰਭੂ ਅਤੇ ਉਸ ਦੀ ਸਾਜੀ ਅਤੇ ਦਿਖਾਈ ਦੇਣ ਵਾਲੀ ਕਿਰਤ ਦਾ ਗਿਆਨ ਹੈ। ਇਹ ਪ੍ਰਭੂ ਦੇ ਸੰਸਾਰ ਅਤੇ ਮਨੁੱਖ ਨਾਲ ਸਬੰਧਾਂ ਦਾ ਗਿਆਨ ਹੈ। ਇਸ ਗਿਆਨ ਨੂੰ ਸਦੀਵੀ ਸੱਚ ਮੰਨਿਆ ਜਾਂਦਾ ਹੈ ਅਤੇ ਇਹ ਬਦਲਦਾ ਨਹੀਂ। ਅਧਿਆਤਮਕ ਗਿਆਨ ਨੂੰ ਪ੍ਰਦਰਸ਼ਤ ਨਹੀਂ ਕੀਤਾ ਜਾ ਸਕਦਾ ਕਿਊਂਕੇ ਇਹ ਦਿਖਾਈ ਦੇ ਰਹੇ ਪਦਾਰਥ ਦਾ ਗਿਆਨ ਨਹੀਂ ਹੁੰਦਾ। ਇਸ ਤੇ ਵਿਸ਼ਵਾਸ ਕਰਨਾ ਪੈਂਦਾ ਹੈ। ਜੋ ਇਸ ਤੇ ਵਿਸ਼ਵਾਸ ਨਹੀਂ ਕਰਦਾ ਉਸ ਲਈ ਇਹ ਗਿਆਨ ਭਰਮ ਜਾਂ ਨਾ ਮੰਨਣਯੋਗ ਬਿਰਤਾਂਤ ਤੋਂ ਵੱਧ ਕੁੱਝ ਵੀ ਨਹੀਂ ਹੁੰਦਾ।

ਅਧਿਆਤਮਕ ਗਿਆਨ ਦਾ ਮੂਲ ਵਿਸ਼ਾ ਪ੍ਰਭੂ ਹੈ। ਇਸ ਨੂੰ ਵਿਗਿਆਨ ਜਾਂ ਤਰਕ ਨਾਲ ਰਲਗੱਡ ਕਰਨਾ ਠੀਕ ਨਹੀਂ ਹੈ ਕਿਊਂਕੇ ਪ੍ਰਭੂ ਪਦਾਰਥ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ, ਜੋ ਅਧਿਆਤਮਕ ਗਿਆਨ ਦਾ ਸਾਰ ਹੈ, ਪ੍ਰਭੂ ਇੱਕ ਹੈ ਅਤੇ ਕੇਵਲ ਉਸ ਦੀ ਹੀ ਹੋਂਦ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ। ਉਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਅਤੇ ਆਪਣੀ ਕਿਰਤ ਵਿੱਚ ਵਿਆਪਕ ਹੈ। ਮਨੁੱਖ ਪ੍ਰਭੂ ਦੀ ਕਿਰਤ ਹੈ ਅਤੇ ਉਸ ਵਿੱਚ ਪ੍ਰਭੂ ਨੂੰ ਜਾਨਣ ਦੀ ਸਮਰਥਾ ਨਹੀਂ ਹੈ। ਉਸ ਲਈ ਪ੍ਰਭੂ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ ਹੈ ਕਿਊਂਕੇ ਪ੍ਰਭੂ "ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" (ਪੰ: 283) ਹੈ। ਪ੍ਰਭੂ ਦਾ ਅਨੁਭਵ ਕਰਨ ਲਈ ਤ੍ਰੈਗੁਣੀ ਸੰਸਾਰ ਤੋਂ ਉਪਰ ਉਠ ਕੇ ਚੌਥੇ ਪਦ ਜਾਂ ਨਿਜ ਘਰ ਵਿੱਚ ਪ੍ਰਵੇਸ਼ ਕਰਨਾ ਪੈਂਦਾ ਹੈ ਅਤੇ ਉਸ ਦੇ ਦੈਵੀ ਗੁਣ ਧਾਰਨ ਕਰਨੇ ਪੈਂਦੇ ਹਨ। ਗੁਰਬਾਣੀ ਦੇ ਕਥਨ ਹਨ, "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥" (ਪੰ: 1123) ਅਤੇ "ਨਿਰਗੁਣ ਰਾਮ ਗੁਣਹ ਵਸਿ ਹੋਇ ਆਪੁ ਨਿਵਾਰਿ ਬੀਚਾਰੇ ਸੋਇ॥" (ਪੰ: 222)।

ਅਧਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਾ ਹੁੰਦੇ ਹੋਏ ਵੀ ਇਨ੍ਹਾਂ ਦੋਨਾਂ ਦੇ ਤਿੰਨ ਵਿਸ਼ੇ ਸਾਂਝੇ ਹਨ। ਉਹ ਹਨ: ਸ੍ਰਿਸ਼ਟੀ, ਸੰਸਾਰ ਅਤੇ ਮਨੁੱਖ। ਇਨ੍ਹਾਂ ਤਿੰਨਾਂ ਵਿਸ਼ਿਆਂ ਵਿੱਚ ਵਿਗਿਆਨ ਦੀ ਪਹੁੰਚ ਅਤੇ ਜਾਣਕਾਰੀ ਅਧਿਆਤਮਕ ਗਿਆਨ ਨਾਲੋਂ ਵਖਰੀ ਹੈ।

ਵਿਗਿਆਨ ਨੇ ਸ੍ਰਿਸ਼ਟੀ ਬਾਰੇ ਕਾਫੀ ਮਹਤੱਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਹੋਰ ਕਰੀ ਜਾ ਰਿਹਾ ਹੈ। ਗੁਰਬਾਣੀ ਦਾ ਸ਼੍ਰਿਸ਼ਟੀ ਬਾਰੇ ਦ੍ਰਿਸ਼ਟੀਕੋਣ ਵਿਗਿਆਨ ਤੋਂ ਵਖਰਾ ਹੈ। ਗੁਰੂ ਨਾਨਕ ਸਾਹਿਬ ਨੇ ਮਾਰੂ ਰਾਗ ਵਿੱਚ ਸ੍ਰਿਸ਼ਟੀ ਦੀ ਸਿਰਜਨਾ ਤੇ ਪ੍ਰਭੂ ਦੇ ਸੋਹਲੇ ਗਾਇਨ ਕੀਤੇ ਹਨ ਅਤੇ ਕਥਨ ਕੀਤਾ ਹੈ, "ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥" ਅਤੇ ਗੁਰੂ ਸਾਹਿਬ ਦੱਸਦੇ ਹਨ, "ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੇ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੁਹ ਪਰਗਟੀ ਆਇਦਾ॥" (ਪੰ: 1036)। ਗੁਪਤ ਪ੍ਰਭੂ ਆਪਣੀ ਸਾਜੀ ਸ੍ਰਿਸ਼ਟੀ ਵਿੱਚ ਪ੍ਰਗਟ ਹੋ ਗਿਆ ਹੈ ਅਤੇ ਉਸ ਦੀ ਕਿਰਤ ਵਿੱਚ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਗੁਰਬਾਣੀ ਅਨੁਸਾਰ ਉਸ ਨੂੰ ਦੇਖਣ ਲਈ ਵਿਸ਼ੇਸ਼ ਅੱਖਾਂ ਦੀ ਲੋੜ ਹੁੰਦੀ ਹੈ। "ਨਾਨਕ ਸੇ ਅਖੜੀਆਂ ਬਿਅੰਨ ਜਿਨੀ ਡਿਸੰਦੋ ਮਾਪਿਰੀ॥" (ਪੰ: 1100)। ਪ੍ਰਭੂ ਨੂੰ ਦੇਖਣ ਦੀ ਯੋਗਤਾ ਪ੍ਰਭੂ ਦੇ ਗੁਣ ਧਾਰਨ ਕਰਨ ਨਾਲ ਬਣੇ ਭਗਤ ਜਨ ਪ੍ਰਾਪਤ ਕਰ ਲੈਂਦੇ ਹਨ ਕਿਊਂਕੇ "ਵਿਣੁ ਗੁਣ ਕੀਤੇ ਭਗਤਿ ਨ ਹੋਇ॥" (ਪੰ: 4)।

ਵਿਗਿਆਨ ਦੀ ਬਹੁਤੀ ਜਾਣਕਾਰੀ ਦਾ ਸਬੰਧ ਸੰਸਾਰ ਨਾਲ ਹੈ। ਵਿਗਿਆਨ ਪਦਾਰਥਕ ਜਗਤ, ਜੀਵ ਅਤੇ ਸਮਾਜ ਬਾਰੇ ਵਿਸਤਰਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਜਾਣਕਾਰੀ ਏਨੀ ਵਿਸ਼ਾਲ ਅਤੇ ਬਾਰੀਕ ਹੁੰਦੀ ਹੈ ਕਿ ਸਾਧਾਰਣ ਮਨੁੱਖ ਲਈ ਇਸ ਨੂੰ ਪੂਰੀ ਤਰ੍ਹਾਂ ਜਾਨਣਾ ਸੰਭਵ ਨਹੀਂ ਹੁੰਦਾ। ਇਹ ਵਖੋ ਵੱਖ ਵਿਸ਼ਿਆਂ ਵਿੱਚ ਵੰਡੀ ਹੋਈ ਹੈ ਅਤੇ ਇਸ ਦੇ ਵਿਸ਼ਿਆਂ ਦਾ ਪ੍ਰਸਾਰ ਅਤੇ ਖੋਜ ਅਕਾਦਮਿਕ ਸੰਸਥਾਵਾਂ ਵਿੱਚ ਵਿਸ਼ੇਸ਼ਗ ਕਰਦੇ ਹਨ। ਇਸ ਜਾਣਕਾਰੀ ਦੀ ਬੁਹਤਾਤ ਹੋਣ ਕਾਰਨ ਅਜੋਕੇ ਯੁਗ ਨੂੰ ਜਾਣਕਾਰੀ ਦਾ ਯੁਗ ਵੀ ਆਖ ਦਿੱਤਾ ਜਾਂਦਾ ਹੈ। ਪਰ ਇਸ ਵਿਚੋਂ ਬਹੁਤੀ ਜਾਣਕਾਰੀ ਵਿਸ਼ੇਸ਼ਗਾਂ ਤਕ ਹੀ ਸੀਮਤ ਰਹਿੰਦੀ ਹੈ। ਇਸ ਦਾ ਮਨੋਰਥ ਤੇ ਆਮ ਲੋਕਾਂ ਦੀ ਬੇਹਤਰੀ ਅਤੇ ਖੁਸ਼ਹਾਲੀ ਵਿੱਚ ਵਾਧਾ ਕਰਨਾ ਦੱਸਿਆ ਜਾਂਦਾ ਹੈ ਪਰ ਕਿਊਂਕੇ ਇਹ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰਾਂ ਜਾਂ ਵੱਡੇ ਉਦਯੋਗਪਤੀ ਧਨ ਖਰਚਦੇ ਹਨ, ਇਸ ਲਈ ਲਭੀ ਜਾਣਕਾਰੀ ਵਿਚੋਂ ਬਹੁਤੀ ਨੂੰ ਗੁਪਤ ਰਖਣ ਦੀ ਪਰਥਾ ਹੈ। ਪੁਰਾਤਨ ਸੰਮਿਆਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਗਿਆਨ ਸ਼ਕਤੀ ਹੁੰਦਾ ਹੈ ਇਸ ਲਈ ਜਾਣਕਾਰੀ ਨੂੰ ਗੁਪਤ ਰੱਖ ਕੇ ਸਮਾਜ ਵਿੱਚ ਸ਼ਕਤੀ ਵਧਾਉਣ ਜਾਂ ਲਾਭ ਲੈਣ ਦੀ ਰੀਤ ਚਲੀ ਆਉਂਦੀ ਹੈ। ਜਿਨੀ ਜਾਣਕਾਰੀ ਇਸ ਸਮੇਂ ਉਪਲਬਧ ਹੈ ਉਸ ਨਾਲ ਸਾਰੀ ਦੁਨੀਆਂ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਉਨ੍ਹਾਂ ਦੇ ਜੀਵਨ ਖੁਸ਼ਹਾਲ ਬਣਾਏ ਜਾ ਸਕਦੇ ਹਨ, ਪਰ ਸਰਕਾਰਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਜਾਣਕਾਰੀ ਨੂੰ ਜੰਗਾਂ ਕਰਨ, ਆਪਣੇ ਨਾਗਰਿਕਾਂ ਨੂੰ ਕਾਬੂ ਵਿੱਚ ਰਖਣ ਅਤੇ ਘੱਟ ਵਿਕਸਤ ਜਾਂ ਦੂਜੇ ਦੇਸ਼ਾਂ ਦੇ ਲੋਕਾਂ ਦਾ ਸ਼ੋਸ਼ਨ ਕਰਨ ਲਈ ਵਰਤਦੀਆਂ ਹਨ ਅਤੇ ਉਦਯੋਗਪਤੀ ਲਭੀ ਜਾਣਕਾਰੀ ਨੂੰ ਆਪਣੀ ਸੰਪੱਤੀ ਅਤੇ ਧਨ ਵਿੱਚ ਵਾਧਾ ਕਰਨ ਲਈ ਵਰਤਦੇ ਹਨ। ਵਿਗਿਆਨ ਦੀ ਪ੍ਰਗਤੀ ਨੇ ਲੋਕਾਂ ਦਾ ਜੀਵਨ ਸੁੱਖੀ ਬਨਾਉਣ ਦੀ ਥਾਂ ਡਾਵਾਂ ਡੋਲ ਕਰ ਦਿੱਤਾ ਹੈ। ਅਜੋਕੇ ਸੰਸਾਰ ਵਿੱਚ ਜੰਗਾਂ, ਅਸ਼ਾਂਤੀ, ਵਿਤਕਰੇ, ਊਚ ਨੀਚ, ਗਰੀਬੀ, ਭੁਖਮਰੀ, ਉਜਾੜੇ, ਕੁਦਰਤ ਦੇ ਕਹਿਰ ਅਤੇ ਅਨਿਸ਼ਚਤੱਤਾ ਨੇ ਮਨੁੱਖਾ ਜੀਵਨ ਚਿੰਤਾਜਨਕ ਬਣਾ ਦਿੱਤਾ ਹੈ। ਜਦੋਂ ਸਮਾਜ, ਵਿਗਿਆਨ ਤੋਂ ਸੇਧ ਲੈ ਕੇ, ਲੋਕਾਂ ਦੇ ਜਵਿਨ ਨੂੰ ਸੁਖਾਲਾ ਅਤੇ ਖੁਸ਼ਹਾਲ ਬਨਾਉਣ ਦਾ ਯਤਨ ਕਰਦਾ ਹੈ ਤਾਂ ਸਮਾਜ ਵਿੱਚ ਪ੍ਰਚਲਤ ਰੀਤਾਂ, ਰਿਵਾਜ, ਭਰਮ, ਵਹਿਮ, ਪਰੰਪਰਾਵਾਂ, ਨਿਸਚਤੱਤਾ, ਲੋਭ ਅਤੇ ਅਹੰਕਾਰ ਵਿਗਿਆਨਕ ਸੋਚ ਦੇ ਵਿਰੁਧ ਖੜ੍ਹੇ ਹੋ ਜਾਂਦੇ ਹਨ।

ਇਹ ਮੰਨਿਆ ਜਾਂਦਾ ਹੈ ਕਿ ਵਿਗਿਅਨ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਅਤੇ ਬੇਹਤਰ ਬਣਾਇਆ ਹੈ ਅਤੇ ਲੋਕ ਵਿਗਿਆਨ ਦੀ ਪ੍ਰਸੰਸਾ ਕਰਦੇ ਹਨ। ਇਸ ਲਈ ਕਈ ਸਿੱਖ ਚਿੰਤਕ ਗੁਰਬਾਣੀ ਦੀ ਵਡਿਆਈ ਕਰਨ ਲਈ ਗੁਰਬਾਣੀ ਨੂੰ ਸਮਾਜ ਸੁਧਾਰ ਦੀ ਵਿਧੀ ਪ੍ਰਚਾਰਨ ਲੱਗ ਜਾਂਦੇ ਹਨ ਪਰ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਗੁਰਬਾਣੀ ਵਿਚੋਂ ਸਪਸ਼ਟ ਪ੍ਰਮਾਣ ਨਹੀਂ ਦੇ ਪਾਉਂਦੇ। ਉਹ ਗੁਰਬਾਣੀ ਵਿੱਚ ਸਮਾਜਕ ਕੁਰੀਤੀਆਂ ਦੀ ਆਲੋਚਨਾ ਨੂੰ ਹੀ ਸਮਾਜ ਸੁਧਾਰ ਦਾ ਸੰਕੇਤ ਸਮਝ ਲੈਂਦੇ ਹਨ। ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ। ਇਸ ਵਿਸ਼ੇ ਤੇ ਸਿੱਖ ਜਗਤ ਵਿੱਚ ਬਹੁਤ ਭੁਲੇਖਾ ਹੈ।

ਗੁਰਬਾਣੀ ਦਾ ਸੰਸਾਰ ਅਤੇ ਸਮਾਜ ਬਾਰੇ ਵਿਗਿਆਨ ਤੋਂ ਬਿਲਕੁਲ ਵਖਰਾ ਦ੍ਰਿਸ਼ਟੀਕੋਣ ਹੈ। ਇਸ ਵਿੱਚ ਸੰਸਾਰ ਨੂੰ ਪ੍ਰਭੂ ਦੇ ਹੁਕਮ ਵਿੱਚ ਹੋ ਰਹੀ ਖੇਡ ਅਤੇ ਉਸ ਤੋਂ ਵਖਰੀ ਅਤੇ ਦੂਜੀ ਆਖਿਆ ਗਿਆ ਹੈ। ਗੁਰਬਾਣੀ ਦੇ ਕਥਨ ਹਨ, "ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾਰਾ॥ ਸਚੁ ਖੇਲੁ ਤੁਮ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ॥" (ਪੰ: 764) ਅਤੇ "ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰ: 463)। ਗੁਰਬਾਣੀ ਅਨੁਸਾਰ ਸੰਸਾਰਕ ਖੇਡ ਵਿੱਚ ਮਾਇਆ ਦਾ ਵਰਤਾਰਾ ਹੈ। ਗੁਰਵਾਕ ਹਨ: "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥" (ਪੰ: 921) ਅਤੇ "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: 693)। ਮਾਇਆ ਦੇ ਪ੍ਰਭਾਵ ਕਾਰਨ ਗੁਰਬਾਣੀ ਸੰਸਾਰ ਨੂੰ ਝੂਠਾ, ਭੌਜਲ, ਬਿਖੁ, ਗੁਝੀ ਭਾਹ, ਭਰਮਾਊ, ਅੰਧ ਕੂਪ, ਧੂਏ ਕਾ ਧਵਲਹਰ, ਸਿਵ ਸਕਤੀ ਕਾ ਮੇਲ, ਖੋਟੀ ਰਾਸ, ਕਾਗਦ ਕੋਟ, ਸੁਪਨਾ ਆਦਿ ਆਖਦੀ ਹੈ। ਇਸ ਪ੍ਰਥਾਇ ਗੁਰਬਾਣੀ ਦੇ ਕੁੱਝ ਕਥਨ ਹਨ: "ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥" (ਪੰ: 1428); "ਦੁਨੀਆਂ ਖੋਟੀ ਰਾਸਿ ਕੂੜੁ ਕਮਾਈਐ॥" (ਪੰ: 144); "ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੋਹ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ॥" (ਪੰ: 1240); "ਇਹ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥" (ਪੰ: 353); "ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ" (ਪੰ: 702); "ਹਉਮੈ ਮੇਰਾ ਭਰਮੈ ਸੰਸਾਰੁ" (ਪੰ: 841); "ਧੰਧੁ ਪਿਟੋ ਸੰਸਾਰੁ ਸਚੁ ਨ ਭਾਇਆ॥" (ਪੰ: 419); "ਬਾਬਾ ਬਿਖੁ ਦੇਖਿਆ ਸੰਸਾਰੁ" (ਪੰ: 382); "ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ॥" (ਪੰ: 1274) ਅਤੇ "ਜਗ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ॥" (ਪੰ: 18)।

ਮਾਇਆ ਅਤੇ ਉਸ ਦੇ ਪੰਜ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਹੀ ਸਮਾਜ ਵਿੱਚ ਬੁਰਾਈਆਂ ਨੂੰ ਜਨਮ ਦਿੰਦੇ ਹਨ। ਗੁਰਬਾਣੀ ਦੇ ਕਥਨ ਹਨ: "ਇਸ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੁਕਾਰਾ॥" (ਪੰ: 100); "ਤੂ ਸੁਣ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥ ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ॥" (ਪੰ: 438); "ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹ ਜੰਤੁ ਵਿਚਾਰਾ॥" (ਪੰ: 673); "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥" (ਪੰ: 643); "ਮਾਇਆ ਭੁਇਅੰਗਮ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥" (ਪੰ: 1415); "ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥" (ਪੰ: 570) ਅਤੇ "ਸਰਪਨੀ ਤੇ ਊਪਰਿ ਨਹੀਂ ਬਲੀਆ॥" (ਪੰ: 480)।

ਮਾਇਆ ਤੇ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੈ ਕਿਊਂਕੇ ਇਹ ਪ੍ਰਭੂ ਨੇ ਮਨੁੱਖ ਵਿੱਚ ਦੂਜਾ ਭਾਉ ਅਤੇ ਅਗਿਆਨ ਪੈਦਾ ਕਰਨ ਲਈ ਆਪ ਪਾਈ ਹੈ। ਗੁਰਵਾਕ ਹਨ: "ਮਾਇਆ ਮਮਤਾ ਕਰਤੈ ਲਾਈ॥" (ਪੰ: 1261); "ਤੀਨਿ ਭਵਨ ਮਹਿ ਏਕਾ ਮਾਇਆ॥ ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ॥’ (ਪੰ: 424) ਅਤੇ "ਦੂਜੈ ਭਾਇ ਅਗਿਆਨੁ ਦੁਹੇਲਾ" (ਪੰ: 226)। ਪ੍ਰਭੂ ਵਲੋਂ ਪਾਈ ਹੋਣ ਕਾਰਨ ਮਨੁੱਖ ਵਿੱਚ ਮਾਇਆ ਨੂੰ ਸਮਾਜ ਵਿਚੋਂ ਕਢਣ ਜਾਂ ਉਸ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਸਮ੍ਰਥਾ ਨਹੀਂ ਹੈ। ਇਸੇ ਲਈ ਸਮਾਜ ਸੁਧਾਰ ਦਾ ਸੰਕਲਪ ਗੁਰਬਾਣੀ ਵਿੱਚ ਨਹੀਂ ਹੈ। ਗੁਰਬਾਣੀ ਸਮਾਜ ਸੁਧਾਰਨ ਦਾ ਨਹੀਂ ਬਲਕਿ ਮਨੁੱਖ ਨੂੰ ਸੰਸਾਰ ਵਿੱਚ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ।।

ਇਸ ਦਾ ਇਹ ਅਰਥ ਨਹੀਂ ਕਿ ਸਮਾਜ ਵਿੱਚ ਸੁਧਾਰ ਨਹੀਂ ਆਉਂਦਾ ਜਾਂ ਨਹੀਂ ਆਉਣਾ ਚਾਹੀਦਾ। ਗੁਰਬਾਣੀ ਦੇ ਫਰਮਾਨ ਹਨ: "ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਨੀ ਤਾਹ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗ॥" (ਪੰ: 467); "ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਨ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥" (ਪੰ: 955) ਅਤੇ "ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ॥" (ਪੰ: 1355)। ਪ੍ਰਭੂ ਨੂੰ ਜਗ ਦੀ ਚਿੰਤਾ ਹੈ ਜਦੋਂ ਕਿ ਮਨੁੱਖ ਅਕਸਰ ਸਮਾਜ ਵਿੱਚ ਵਿਘਨ ਹੀ ਪਾਉਂਦਾ ਆਇਆ ਹੈ। ਕਿਊਂਕੇ ਪ੍ਰਭੂ ਨੂੰ ਜਗ ਦੀ ਚਿੰਤਾ ਹੈ ਇਸ ਲਈ ਕੁਦਰਤ ਦਾ ਨਿਯਮ ਹੈ ਕਿ ਜਦੋਂ ਸਮਾਜ ਵਿੱਚ ਅਨਿਆ ਅਤੇ ਅਤਿਆਚਾਰ ਵਧ ਜਾਂਦਾ ਹੈ ਤਾਂ ਲੋਕਾਂ ਵਿਚੋਂ ਸਮਾਜ ਸੁਧਾਰ ਦੀ ਲਹਿਰ ਉਠੱਦੀ ਹੈ ਜੋ ਲੋਕ ਵਿਰੋਧੀ ਨਿਜ਼ਾਮ ਨੂੰ ਬਦਲ ਦਿੰਦੀ ਹੈ। ਅਜਿਹੀ ਲਹਿਰ ਇੱਕ ਇਤਹਾਸਕ ਘਟਨਾ ਹੁੰਦੀ ਹੈ। ਕੁੱਝ ਸਮਾਂ ਪਾ ਕੇ ਹਾਲਾਤ ਫਿਰ ਵਿਗੜਨ ਲੱਗ ਪੈਂਦੇ ਹਨ ਅਤੇ ਉਹੋ ਚਕਰ ਫਿਰ ਚਲ ਪੈਂਦਾ ਹੈ। ਮਨੁੱਖਾ ਇਤਹਾਸ ਅਜਿਹੀ ਸਮਾਜਕ ਪ੍ਰਕਿਰਿਆ ਦਾ ਹੀ ਪ੍ਰਮਾਣ ਹੈ।

ਮਨੁੱਖ ਬਾਰੇ ਵੀ ਵਿਗਿਆਨ ਅਤੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਵਿੱਚ ਮੂਲ ਅੰਤਰ ਹੈ। ਵਿਗਿਆਨ ਮਨੁਖ ਦੀ ਸਰੀਰਕ, ਸਮਾਜਕ ਅਤੇ ਮਾਨਸਕ ਖੁਸ਼ਹਾਲੀ ਅਤੇ ਬੇਹਤਰੀ ਦੇ ਸਾਜ਼ੋ ਸਾਮਾਨ ਅਤੇ ਹਾਲਾਤ ਪੈਦਾ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਇਸ ਨੇ ਮਨੁੱਖੀ ਸਰੀਰ ਅਤੇ ਸਮਾਜ ਬਾਰੇ ਵਿਸਤਰਤ ਅਤੇ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ। ਇਸ ਜਾਣਕਾਰੀ ਨੂੰ ਸਪਸ਼ਟ ਰਖਣ ਲਈ ਹਰ ਵਿਸ਼ੇ ਵਿੱਚ ਵਿਸ਼ੇਸ਼ ਪਰਿਭਾਸ਼ਕ ਸ਼ਬਦਾਵਲੀ ਵਰਤੀ ਜਾਂਦੀ ਹੈ। ਕੁਦਰਤੀ ਵਿਗਿਆਨ ਵਿੱਚ ਤੇ ਗਣਿਤ ਨੂੰ ਹੀ ਸ਼ਬਦਾਵਲੀ ਬਣਾ ਲਿਆ ਗਿਆ ਹੈ। ਇਸ ਲਈ ਬਹੁਤੀ ਵਿਗਿਆਨਕ ਜਾਣਕਾਰੀ ਨੂੰ ਵਿਸ਼ੇਸ਼ਗ ਹੀ ਸਮਝ ਸਕਦੇ ਹਨ, ਆਮ ਲੋਕਾਂ ਨੂੰ ਉਸ ਦੀ ਥੋੜੀ ਬਹੁਤ ਸਮਝ ਹੀ ਪੈਂਦੀ ਹੈ। ਹਰ ਵਿਅਕਤੀ ਸਮਾਜ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉਦੱਮ ਕਰਦਾ ਹੈ ਜਿਸ ਵਿੱਚ ਵਿਗਿਆਨਕ ਜਾਣਕਾਰੀ ਉਸ ਦੀ ਸਹਾਇਤਾ ਕਰਦੀ ਹੈ ਪਰ ਬਹੁਤੇ ਵਿਅਕਤੀ ਅਜੇ ਵੀ ਵਹਿਮਾਂ, ਭਰਮਾਂ, ਅਰਦਾਸਾਂ ਅਤੇ ਗੈਰ-ਵਿਗਿਆਨਕ ਢੰਗਾਂ ਵਿੱਚ ਵਿਸ਼ਵਾਸ ਰੱਖਦੇ ਹਨ।

ਵਿਗਿਆਨ ਮਨੁੱਖ ਨੂੰ ਸਮਾਜ ਵਿੱਚ ਸਫਲਤਾ ਦੇ ਯੋਗ ਬਣਾਉਂਦਾ ਹੈ ਅਤੇ ਗੁਰਬਾਣੀ ਮਨੁੱਖ ਨੂੰ ਜਮਣ-ਮਰਨ ਦੇ ਚਕਰ ਤੋਂ ਨਿਜਾਤ ਦਿਵਾਉਂਦੀ ਹੈ। ਗੁਰਬਾਣੀ ਅਨੁਸਾਰ ਜਮਣ-ਮਰਨ ਦਾ ਚਕਰ ਮਨੁੱਖ ਦੀ ਮੂਲ ਸਮੱਸਿਆ ਹੈ ਜਿਸ ਨੂੰ ਕੇਵਲ ਪ੍ਰਭੂ ਮਿਲਾਪ ਦੁਆਰਾ ਹੀ ਦੂਰ ਕੀਤਾ ਜਾ ਸਕਦਾ ਹੈ। ਅਸਲ ਵਿੱਚ ਮਨੁੱਖਾ ਜਨਮ ਦਾ ਮਨੋਰਥ ਹੀ ਪ੍ਰਭੂ ਮਿਲਾਪ ਹੈ, ਇਹੋ ਮੁਕਤੀ ਹੈ। ਗੁਰਵਾਕ ਹੈ: "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰ: 12)।

ਗੁਰਬਾਣੀ ਜੰਮਣ-ਮਰਨ ਦੇ ਚਕਰ ਨੂੰ ਹਉਮੈ ਦੀ ਉਪਜ ਦੱਸਦੀ ਹੈ: "ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥" (ਪੰ: 999); "ਕਾਇਆ ਅੰਦਿਰ ਹਉਮੈ ਮੇਰਾ॥ ਜੰਮਣ ਮਰਨ ਨ ਚੂਕੈ ਫੇਰਾ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ॥ ਕਾਇਆ ਅੰਦਰਿ ਪਾਪੁ ਪੁੰਨ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ॥" (ਪੰ: 126) ਅਤੇ "ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥" (ਪੰ: 389)। ਜੰਮਣ-ਮਰਨ ਨੂੰ ਗੁਰਬਾਣੀ ਧਿੱਕਾਰ, ਦੁਖ ਅਤੇ ਸੋਗ ਆਖਦੀ ਹੈ, "ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥ ਜਨਮ ਮਰਣ ਦੋਊ ਦੁਖੁ ਭਾਗੇ॥" (ਪੰ: 1178); "ਬੂਝਿ ਬੈਰਾਗੁ ਕਰੇ ਜੇ ਕੋਇ॥ ਜਨਮ ਮਰਣ ਫਿਰਿ ਸੋਗੁ ਨ ਹੋਇ॥" (ਪੰ: 1145); "ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ॥ ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ॥" (ਪੰ: 966); "ਸਾਧ ਸੰਗਿ ਬੈਸਿ ਗੁਣ ਗਾਵਹਿ॥ ਤਹ ਰੋਗ ਸੋਗ ਨਹੀ ਜਨਮ ਮਰਨ॥" (ਪੰ: 889) ਅਤੇ "ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾਗਉਣੁ ਭਇਆ॥ ਆਵਾਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ॥" (ਪੰ: 940)।

ਮਨੁੱਖ ਦੇ ਜੰਮਣ-ਮਰਨ ਦਾ ਸਬੰਧ ਜੀਵ ਆਤਮਾ ਨਾਲ ਹੈ। ਜੀਵ ਆਤਮਾ ਦਾ ਵਾਸ ਮਨ ਵਿੱਚ ਹੈ। ਇਸ ਲਈ ਗੁਰਬਾਣੀ ਵਿੱਚ ਜੰਮਣ-ਮਰਨ ਦੇ ਸੰਕਲਪ ਨੂੰ ਸਮਝਣ ਲਈ ਗੁਰਬਾਣੀ ਦੇ ਜੀਵ ਆਤਮਾ ਅਤੇ ਮਨ ਦੇ ਸਿਧਾਂਤ ਬਾਰੇ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਜੀਵ ਆਤਮਾ ਪਰਮ-ਆਤਮਾ ਦਾ ਅੰਸ਼ ਹੈ। ਇਸ ਪ੍ਰਥਾਇ ਗੁਰਬਾਣੀ ਦੇ ਕਥਨ ਹਨ: "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣੁ॥" (ਪੰ: 441); "ਤਨ ਮਹਿ ਮਨੁਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (ਪੰ: 686); "ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥" (ਪੰ: 1030); "ਅਚਰਜ ਕਥਾ ਮਹਾ ਅਨੂਪੁ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪ॥" (ਪੰ: 868); "ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤ ਨ ਕੋਊ ਪਾਇ॥ … ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥" (ਪੰ: 871); "ਆਤਮਾ ਬਾਸੁ ਦੇਵਸਿ ਜੇ ਕੋ ਜਾਣੈ ਭੇਉ॥" (ਪੰ: 469); "ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥" (ਪੰ: 1186) ਅਤੇ "ਆਤਮਾ ਪਰਮਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥" (ਪੰ: 661)। ਜੀਵ ਆਤਮਾ ਪ੍ਰਭੂ ਨਾਲੋਂ ਵਿਛੜੀ ਹੋਈ ਹੈ ਅਤੇ ਉਸ ਨਾਲ ਮਿਲਨ ਲਈ ਵਿਆਕੁਲ ਹੈ। ਗੁਰਵਾਕ ਹਨ: "ਇਕ ਘੜੀ ਨ ਮਿਲਤੇ ਤਾ ਕਲਿਜੁਗ ਹੋਤਾ॥ ਹੁਣਿ ਕਦਿ ਮਿਲਿਐ ਪ੍ਰਿਅ ਤੁਧੁ ਭਗਵੰਤਾ॥" (ਪੰ: 596) ਅਤੇ "ਦੁਰਜਨ ਦੂਜਾ ਭਾਉ ਵੇਛੋੜਾ ਹਉਮੈ ਰੋਗੁ॥" (ਪੰ: 1094)।

ਮਨੁੱਖਾ ਮਨ ਵਿੱਚ ਇਕੱਲੀ ਜੀਵ ਆਤਮਾ ਹੀ ਨਹੀਂ ਹੈ ਉਸ ਦੇ ਨਾਲ ਪਦਾਰਥਕ ਸਰੀਰ ਵੀ ਹੈ। ਇਸ ਸਬੰਧ ਵਿੱਚ ਗੁਰਬਾਣੀ ਦੇ ਕਥਨ ਹਨ: "ਇਹ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ॥" (ਪੰ: 415) ਅਤੇ "ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੇ ਕਹੈ॥" (ਪੰ: 342)। ਮਨ ਪਦਾਰਥ ਵੀ ਹੈ ਅਤੇ ਇਸ ਵਿੱਚ ਆਤਮਕ ਗੁਣ ਵੀ ਹਨ। ਭਾਵੇਂ ਇਹ ਦੋਨੋ ਅੰਗ ਮਨ ਦਾ ਭਾਗ ਹੁੰਦੇ ਹਨ ਪਰ ਇਹ ਇੱਕ ਦੂਜੇ ਨਾਲ ਗੱਲ ਬਾਤ ਨਹੀਂ ਕਰਦੇ। ਗੁਰਬਾਣੀ ਦੱਸਦੀ ਹੈ: "ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥ ੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ॥ ੨॥" (ਪੰ: 205)।

ਮਨ ਵਿੱਚ ਪ੍ਰਭੂ ਦਾ ਅੰਸ਼ ਤੇ ਨਿਰਲੇਪ ਰਹਿੰਦਾ ਹੈ ਪਰ ਪੰਜ ਤੱਤਾਂ ਵਾਲਾ ਭਾਗ ਹਉਮੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਭਟਕਦਾ ਫਿਰਦਾ ਹੈ ਜਿਸ ਨਾਲ ਸਾਰਾ ਮਨ ਮੈਲਾ ਹੋ ਜਾਂਦਾ ਹੈ। ਗੁਰਬਾਣੀ ਦਾ ਕਥਨ ਹੈ: "ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥" (ਪੰ: 651)। ਮਨ ਦੀ ਮੈਲ ਕਾਰਨ ਜੀਵ ਆਤਮਾ ਪ੍ਰਭੂ ਨੂੰ ਮਿਲਣਯੋਗ ਨਹੀਂ ਰਹਿੰਦੀ। ਗੁਰਵਾਕ ਹਨ: "ਮਨ ਮੈਲਾ ਸਚੁ ਨਿਰਮਲਾ ਕਿਉਕਰਿ ਮਿਲਿਆ ਜਾਇ॥" (ਪੰ: 755); "ਮਨ ਮੈਲੇ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥" (ਪੰ: ੬੮੬) ਅਤੇ "ਇਹ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥" (ਪੰ: 31)। ਜੀਵ ਆਤਮਾ ਪ੍ਰਭੂ ਨੂੰ ਮਿਲਣਯੋਗ ਨਹੀਂ ਹੁੰਦੀ ਪਰ ਸਰੀਰ ਦੀ ਮੌਤ ਹੋਣ ਤੇ ਮਰਦੀ ਵੀ ਨਹੀਂ। ਗੁਰਬਾਣੀ ਦੇ ਕਥਨ ਹਨ: "ਓਹੁ ਬੈਰਾਗੀ ਮਰੈ ਨ ਜਾਇ॥" (ਪੰ: 390); "ਨਾ ਜੀਉ ਮਰੈ ਨਾ ਡੂਬੈ ਤਰੈ॥" (ਪੰ: 151); "ਮਰਣਹਾਰੁ ਇਹੁ ਜੀਅਰਾ ਨਾਹੀ॥" (188) ਅਤੇ "ਮੂਈ ਸੁਰਤਿ ਬਾਦ ਅਹੰਕਾਰੁ॥ ਓਹ ਨ ਮੂਆ ਜੋ ਦੇਖਣਹਾਰੁ॥" (ਪੰ: 152)। ਜੀਵ ਆਤਮਾ ਆਪਣੇ ਮਨ ਦੀ ਮੈਲ਼ ਉਤਾਰ ਕੇ ਹੀ ਪ੍ਰਭੂ ਨੂੰ ਮਿਲਣਯੋਗ ਬਣ ਸਕਦੀ ਹੈ। ਗੁਰਬਾਣੀ ਮਨ ਦੀ ਮੈਲ ਉਤਾਰਨ ਦਾ ਢੰਗ "ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥" ਦੱਸਦੀ ਹੈ। ਮਨ ਦੀ ਮੈਲ ਕੇਵਲ ਨਾਮ ਸਿਮਰਨ ਦੁਆਰਾ ਹੀ ਉਤਾਰੀ ਜਾ ਸਕਦੀ ਹੈ। ਨਾਮ ਸਿਮਰਨ ਮਨੁੱਖਾ ਜੀਵਨ ਵਿੱਚ ਹੀ ਸੰਭਵ ਹੁੰਦਾ ਹੈ ਜਿਸ ਲਈ ਮਨ ਨੂੰ ਨਵਾਂ ਜਨਮ ਲੈਣਾ ਪੈਂਦਾ ਹੈ। ਜਦੋਂ ਤਕ ਮਨ ਮੈਲਾ ਰਹਿੰਦਾ ਹੈ ਉਸ ਨੂੰ ਮੁੜ ਮੁੜ ਨਵੇਂ ਮਨੁੱਖਾ ਜੀਵਨ ਵਿੱਚ ਜਾਣਾ ਪੈਂਦਾ ਹੈ ਤਾਂ ਜੋ ਗੁਰ-ਸ਼ਬਦ ਦੀ ਕਿਰਪਾ ਦੁਆਰਾ ਮਨ ਦੀ ਮੈਲ ਉਤਾਰ ਕੇ ਪ੍ਰਭੂ ਨਾਲ ਮਿਲਾਪ ਦੇ ਯੋਗ ਬਣਿਆ ਜਾ ਸਕੇ ਅਤੇ ਜਮਣ-ਮਰਨ ਦਾ ਚੱਕਰ ਮੁਕਾਇਆ ਜਾ ਸਕੇ। ਗੁਰਵਾਕ ਹਨ: "ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ॥" (ਪੰ: 422) ਅਤੇ "ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ॥" (ਪੰ: 422)

ਜਮਣ-ਮਰਨ ਦੇ ਗੇੜ ਬਾਰੇ ਗੁਰਬਾਣੀ ਦੇ ਕੁੱਝ ਕਥਨ ਇਸ ਪ੍ਰਕਾਰ ਹਨ: "ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਖੁ ਜੋਇਓ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥" (ਪੰ: 176); "ਜੁੜਿ ਜੁੜਿ ਵਿਛੁੜੇ ਵਿਛੜਿ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣ ਹੂਏ॥" (ਪੰ: 1238); "ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ॥ ਇੱਕ ਸਖਨੀ ਹੋਰ ਫੇਰ ਭਰੀਅਤ ਹੈ॥ ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ॥" (ਪੰ: 1329); "ਏਹੁ ਜੀਉ ਬਹੁਤੇ ਜਨਮ ਭਰੰਮਿਆ॥" (ਪੰ: 465); "ਕਾਇਆ ਅੰਦਰਿ ਹਉਮੈ ਮੇਰਾ॥ ਜੰਮਣ ਮਰਣ ਨ ਚੂਕੈ ਫੇਰਾ॥" (ਪੰ: 126) ਅਤੇ "ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥" (ਪੰ: 466)। ਮਨੁੱਖ ਨੂੰ ਜਨਮ ਪ੍ਰਭੂ ਨੂੰ ਮਿਲਣ ਲਈ ਮਿਲਦਾ ਹੈ ਪਰ ਸੰਸਾਰਕ ਆਕਰਸ਼ਣ ਦਾ ਮੋਹ ਉਸ ਨੂੰ ਜਮਣ-ਮਰਨ ਦੇ ਗੇੜ ਵਿੱਚ ਪਾ ਦਿੰਦਾ ਹੈ ਅਤੇ ਸੰਸਾਰਕ ਖੇਡ ਚਲਦੀ ਰਹਿੰਦੀ ਹੈ।

ਗੁਰਬਾਣੀ ਮਨੁੱਖ ਨੂੰ ਗੁਣ ਧਾਰਨ ਦਾ ਉਪਦੇਸ਼ ਕਰਦੀ ਹੈ ਕਿਊਂਕੇ "ਗੁਣ ਤੇ ਨਾਮੁ ਪਰਾਪਤਿ ਹੋਇ॥" (ਪੰ: 361) ਅਤੇ "ਨਿਰਗੁਣ ਰਾਮ ਗੁਣਹਿ ਵਸਿ ਹੋਇ ਆਪੁ ਨਿਵਾਰਿ ਬੀਚਾਰੇ ਸੋਇ॥" (ਪੰ: 222)। ਪ੍ਰਭੂ ਦੇ ਦੈਵੀ ਗੁਣ ਮੂਲ ਮੰਤਰ ਵਿੱਚ ਦਿੱਤੇ ਗਏ ਹਨ। ਮਨੁੱਖ ਉਨ੍ਹਾਂ ਵਿਚੋਂ ਕੇਵਲ ਦੋ ਗੁਣ ਹੀ ਧਾਰਨ ਕਰਨਯੋਗ ਹੈ। ਉਹ ਹਨ: ਨਿਰਭੈਤਾ ਅਤੇ ਨਿਰਵੈਰਤਾ। ਗੁਰਬਾਣੀ ਦੇ ਫਰਮਾਨ ਹਨ: "ਨਿਰਭਉ ਹੋਇ ਭਜਉ ਭਗਵਾਨ॥ ਸਾਧ ਸੰਗਤਿ ਮਿਲਿ ਕੀਨੋ ਦਾਨੁ॥" (ਪੰ: 201) ਅਤੇ ਨਿਰਵੈਰਤਾ ਬਾਰੇ ਉਪਦੇਸ਼ ਹੈ: "ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧ ਸੰਗਤਿ ਮਹਿ ਪਾਈ॥ ੧॥ ਰਹਾਉ॥ ਨ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮਿ ਕਉ ਬਨਿ ਆਈ॥" (ਪੰ: 1299)। ਇਨ੍ਹਾਂ ਦੋ ਦੈਵੀ ਗੁਣਾਂ ਤੋਂ ਹੀ ਮਨੁੱਖ ਵਿੱਚ ਨੈਤਕਤਾ ਅਤੇ ਸੰਸਾਰਕ ਅਛਾਈ ਉਪਜਦੀ ਹੈ ਕਿਊਂਕੇ ਉਹੋ ਹਲੀਮੀ, ਦਯਾ, ਸੰਤੋਖ, ਸਹਿਜ, ਸਿਮਰਨ, ਸਤਿਕਾਰ ਅਤੇ ਪ੍ਰੇਮ ਭਾਵਨਾ ਦਾ ਸੋਮਾ ਹਨ।

ਮਨੁੱਖਾ ਜੀਵਨ ਵਿੱਚ ਵਿਗਿਆਨ ਦੀ ਥਾਂ ਅਧਿਆਤਮਕ ਗਿਆਨ ਨਾਲੋਂ ਵਖਰੀ ਅਤੇ ਅਸਬੰਧਤ ਹੈ, ਇਨ੍ਹਾਂ ਨੂੰ ਰਲਗੱਡ ਕਰਨਾ ਸਹੀ ਨਹੀਂ ਹੈ।
.