.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੇਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

(੬-ਅ) "ਏਕੋ ਧਰਮੁ ਦ੍ਰਿੜੈ ਸਚੁ ਕੋਈ" - ਸੰਸਾਰ ਤਲ `ਤੇ ਆਪਣੀ ਅਗਿਆਨਤਾ ਵੱਸ ਮਨੁੱਖ ਕੇਵਲ ਅੱਜ ਹਜ਼ਾਰਾਂ ਹੀ ਨਹੀਂ ਬਲਕਿ ਅਨੰਤ ਧਰਮਾ `ਚ ਵੰਡਿਆ ਪਿਆ ਹੈ। ਇਸੇ ਆਧਾਰ `ਤੇ ਅੱਜ ਉਹ ਆਪਸੀ ਵੈਰ-ਵਿਰੋਧ ਤੇ ਝਗੜੇ ਪੈਦਾ ਕਰਕੇ ਅਕਾਰਣ ਹੀ ਮਨੁੱਖੀ ਖੂਨ ਦੀਆਂ ਨਦੀਆਂ ਵੀ ਬਹਾਈ ਜਾ ਰਿਹਾ ਹੈ।

ਇਹ ਵੀ ਕਿ ਜੇ ਇਸ ਪੱਖੌ ਇਮਾਨਦਾਰੀ ਨਾਲ ਵਿਚਾਰੀਏ ਤਾਂ ਸੱਚ ਵੀ ਇਹੀ ਹੈ ਕਿ ਮਨੁੱਖੀ ਇਤਿਹਾਸ `ਚ ਅੱਜ ਤੀਕ ਜਿੱਤਨੀ ਵੀ ਮਨੁੱਖੀ ਕਤਲੋਗ਼ਾਰਤ, ਜਿਤਣੀਆਂ ਵੀ ਮਨੁੱਖੀ ਖੂਨ ਦੀਆਂ ਨਦੀਆਂ ਬਹੀਆਂ ਅਤੇ ਕੀਮਤੀ ਮਨੁੱਖੀ ਜਾਨਾਂ ਗਈਆਂ ਹਨ, ਉਹ ਬਹੁਤੀਆਂ ਮਨੁੱਖੀ ਰਹਿਨੀ ਤੇ ਸੋਚ ਵਾਲੀ ਜੜ੍ਹ `ਚ ਲੱਗੇ ਹੋਏ ਧਰਮਾਂ ਦੇ ਕੂੜ ਵਖ੍ਰੇਵੇਂ ਵਾਲੇ ਇਸ ਸੰਕ੍ਰਾਮਿਕ, ਮਹਾ ਭਿਅੰਕਰ ਅਤੇ ਮਾਰੂ ਰੋਗ ਕਾਰਣ ਹੀ ਲਗੀਆਂ ਹੋਈਆਂ ਹਨ।

ਜਦਕਿ ਮਨੁੱਖਾ ਨਸਲ ਦੀ ਅਜਿਹੀ ਕਤਲੋਗ਼ਾਰਤ ਤੇ ਤੱਬਾਹੀ ਤਾਂ ਆਪਣੇ ਆਪ ਨੂੰ ਨਾਸਤਿਕ ਕਹਿਣ ਤੇ ਮੰਣਨ ਵਾਲਿਆਂ ਨੇ ਵੀ ਅੱਜ ਤੀਕ ਨਹੀਂ ਸੀ ਕੀਤੀ ਅਤੇ ਨਾ ਹੀ ਮਨੁੱਖ ਦੇ ਖੂਨ ਦੀਆਂ ਉਹੋ ਜਿਹੀਆਂ ਨਦੀਆਂ ਹੀ ਬਹਾਈਆਂ ਸਨ/ਹਨ। ਬੇਸ਼ੱਕ ਆਪਣੇ ਅਰੰਭਕ ਕਾਲ `ਚ ਅਮੀਰ-ਗ਼ਰੀਬ-ਧੰਨਵਾਨ-ਕੰਗਾਲ ਆਦਿ ਦੇ ਵਿੱਤਕਰਿਆਂ ਨੂੰ ਸਾਹਮਣੇ ਰੱਖ ਕੇ ਮਾਰਕਸ ਤੇ ਲੈਨਿਨ ਵਾਦ ਲਹਿਰਾਂ ਦੇ ਨਾਮ ਹੇਠ, ਖੂਨ-ਖ਼ਰਾਬੇ, ਲੁੱਟ-ਖੋਹ ਉਨ੍ਹਾਂ ਨੇ ਵੀ ਬਹੁਤੇਰੇ ਕੀਤੇ ਸਨ।

ਹੋਰ ਤਾਂ ਹੋਰ, ਜੇ ਕਰਤਾ ਪ੍ਰਭੂ ਆਪ ਹੀ ਬਖ਼ਸ਼ਿਸ਼ ਕਰ ਦੇਵੇ ਅਤੇ ਮਨੁੱਖ ਨੂੰ ਸੁਮੱਤ ਬਖ਼ਸ਼ ਦੇਵੇ ਤਾਂ ਤੇ ਵੱਖਰੀ ਗੱਲ ਹੈ: ਨਹੀਂ ਤਾਂ ਮਨੁੱਖੀ ਅਗਿਆਨਤਾ ਦੀ ਉਪਜ ਇਸ ਧਾਰਮਿਕਤਾ ਦੇ ਕੂੜੇ ਅੰਧੇ-ਪੰਨ `ਚ ਹੁਣ ਤਾਂ ਧੜਾ-ਧੜ ਅਜਿਹੇ ਮਾਰੂ ਹਥਿਆਰ ਤੇ ਵਸੀਲੇ ਵੀ ਤਿਆਰ ਹੋ ਰਹੇ ਹਨ, ਜੇਕਰ ਉਨ੍ਹਾਂ ਵਸੀਲਿਆਂ `ਚੋਂ ਮਨੁੱਖ ਕੋਲੋਂ ਜਲਦਬਾਜ਼ੀ `ਚ ਕਿੱਧਰੇ ਕਿਸੇ ਇੱਕ ਵਸੀਲੇ ਦੀ ਵਰਤੋਂ ਵੀ ਹੋ ਗਈ ਤਾਂ ਇਸ ਧਰਤੀ ਤੋਂ ਮਨੁੱਖੀ-ਨਸਲ ਨੂੰ ਅਲੋਪ ਹੁੰਦੇ ਦੇਰ ਨਹੀਂ ਲਗੇਗੀ। ਉਪ੍ਰੰਤ ਇਸ ਅਤੀ ਪੇਚੀਦਾ ਮੱਸਲੇ ਦਾ ਵੀ ਜੇ ਕਰ ਕੋਈ ਹੱਲ ਹੈ ਤਾਂ ਉਹ ਵੀ ਗੁਰਬਾਣੀ ਪਾਸ ਹੀ ਹੈ।

ਸੱਚ ਵੀ ਇਹੀ ਹੈ ਕਿ, ਇਸ ਪੱਖੋਂ ਵੀ ਜਦੋਂ ਅਸੀਂ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਆਉਂਦੇ ਹਾਂ ਤਾਂ ਇਸ ਇਲਾਹੀ ਸੱਚ ਨੂੰ ਵੀ ਸਮਝਦੇ ਦੇਰ ਨਹੀਂ ਲਗਦੀ ਕਿ:-

ਕੇਵਲ ਮਨੁੱਖ ਹੀ ਨਹੀਂ, ਬਲਕਿ ਪ੍ਰਭੂ ਨੇ ਮਨੁੱਖ ਸਮੇਤ, ਸਮੂਚੀ ਰਚਨਾ `ਚ, ਰਚਨਾ ਦੇ ਹਰੇਕ ਛੋਟੇ ਤੋਂ ਛੋਟੇ ਅੰਗ ਤੇ ਜ਼ਰੇ-ਜ਼ਰੇ ਨੂੰ ਵੀ ਬਾਹਰੋਂ ਸ਼ਕਲ ਅਤੇ ਅੰਦਰੋਂ ਸੁਭਾਅ ਕਰਕੇ "ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ" (ਬਾਣੀ ਜਪੁ) ਅਨੁਸਾਰ ਆਪਣਾ ਵੱਖਰਾ-ਵੱਖਰਾ ਤੇ ਨਿਵੇਕਲਾ ਧਰਮ ਬਖ਼ਸ਼ਿਆ ਹੋਇਆ ਹੈ। ਉਸੇ ਦਾ ਨਤੀਜਾ ਹੈ ਕਿ ਸਮੂਚੀ ਰਚਨਾ ਪ੍ਰਭੂ ਦੇ ਇਸੇ ਹੁਕਮ ਵਾਲੇ ਨਿਯਮ `ਚ ਆਪ ਮੁਹਾਰੇ ਅਤੇ ਹਰ ਪਲ ਬੱਝੀ ਹੋਈ ਅਰੁੱਕ ਚੱਲਦੀ ਰਹੰਦੀ ਹੈ।

ਿਰ ਵੀ ਇਸ ਰੱਬੀ ਸਚਾਈ ਨੂੰ ਜਿਹੜਾ ਨਹੀਂ ਸਮਝਿਆ ਤੇ ਨਹੀਂ ਅਪਨਾ ਸਕਿਆ ਤਾਂ ਉਹ ਵੀ ਇਕੱਲਾ ਮਨੁੱਖ ਹੀ ਹੈ। ਉਹ ਆਪਣੇ ਆਪਹੁੱਦਰੇਪਣ `ਚ ਆਪਣੀ ਅਗਿਆਨਤਾ ਨੂੰ ਹੀ ਪੱਠੇ ਵੀ ਆਪ ਹੀ ਪਾ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਮਨੁੱਖ ਪ੍ਰਭੂ-ਬਖ਼ਸ਼ੇ ਆਪਣੇ ਨਿਵੇਕਲੇ ਅਤੇ ਇਕੋ-ਇਕ ਧਰਮ ਦੀ ਪਹਿਚਾਣ ਨਾ ਕਰਕੇ, ਆਪਣੀ ਹੂੜਮੱਤ ਤੇ ਸੁਆਰਥਾਂ ਕਾਰਣ ਘੜੇ ਅਨੰਤ ਧਰਮਾਂ ਵਾਲੇ ਪ੍ਰਪੰਚ `ਚ ਜਕੜਿਆ ਪਿਆ ਹੈ। ਕਾਸ਼ ਜੇਕਰ ਅੱਜ ਵੀ ਇਸ ਪੱਖੌਂ ਮਨੁੱਖ ਗੁਰਬਾਣੀ* ਦੀ ਸ਼ਰਣ `ਚ ਆ ਜਾਵੇ ਤਾਂ ਇਹ ਇਸ ਮਹਾਮਰੀ ਤੋਂ ਸਹਿਜੇ ਹੀ ਬੱਚ ਕੇ ਸੰਸਾਰ ਤਲ `ਤੇ ਇਕੋ-ਇਕ ਮਨੁੱਖੀ ਧਰਮ ਤੇ ਮਨੁੱਖੀ ਭ੍ਰਾਤ੍ਰੀਭਾਵ ਵਾਲਾ ਅਨੂਠਾ ਰਸਵੀ ਮਾਣ ਸਕਦਾ ਹੈ।

ਗੁਰਦੇਵ ਨੇ ਪ੍ਰਭੂ ਰਚਨਾ ਦੇ ਇਸੇ ਸੱਚ ਨੂੰ ਬਾਣੀ ਜਪੁ `ਚ ਹੀ "ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ" ਕਹਿਕੇ ਵੀ ਸਪਸ਼ਟ ਕੀਤਾ ਹੋਇਆ ਹੈ। ਫ਼ਿਰ ਇਹੀ ਨਹੀਂ ਪ੍ਰਭੂ ਦੀ ਅਨੰਤ ਰਚਨਾ ਦੇ ਇਸੇ ਸੱਚ ਨੂੰ, ਜੇਕਰ ਅਸੀਂ ਗੁਰਦੇਵ ਰਾਹੀਂ ਵਰਤੇ ਹੇਠ ਦਿੱਤੇ ਗੁਰਬਾਣੀ ਫ਼ੁਰਮਾਨ ਨੂੰ ਕੇਵਲ ਮਨੁੱਖਾ ਨਸਲ ਤੀਕ ਸੀਮਤ ਕਰਕੇ ਵੀ ਵੇਖ ਲਵੀਏ ਤਾਂ ਵੀ:-

"…ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅਨਹਦਿ ਰਾਤਾ ਏਕ ਲਿਵ ਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ॥  ॥ ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥ ਤਿਸ ਕਾ ਕੀਆ ਤ੍ਰਿਭਵਣ ਸਾਰੁ॥ ਓਹੁ ਅਗਮੁ ਅਗੋਚਰੁ ਏਕੰਕਾਰੁ॥ ੫ ॥ ਏਕਾ ਮੂਰਤਿ, ਸਾਚਾ ਨਾਉ॥ ਤਿਥੈ ਨਿਬੜੈ ਸਾਚੁ ਨਿਆਉ॥ ਸਾਚੀ ਕਰਣੀ ਪਤਿ ਪਰਵਾਣੁ॥ ਸਾਚੀ ਦਰਗਹ ਪਾਵੈ ਮਾਣੁ॥ ੬ ॥ …" (ਪ: ੧੧੮੮)

ਅਰਥ-. . ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿੱਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇੱਕ ਠੀਕ ਧਰਮ ਹੈ, ਉਹੀ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ; ਉਹ ਮਨੁੱਖ ਇਕ-ਤਾਰ ਸੁਰਤਿ ਜੋੜ ਕੇ ਅਬਿਨਾਸੀ ਪ੍ਰਭੂ ਵਿੱਚ ਮਸਤ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ। ੪।

(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇੱਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇੱਕ ਤਖ਼ਤ ਹੈ, ਉਹ ਪਾਤਿਸ਼ਾਹ ਸਭ ਥਾਵਾਂ ਵਿੱਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ।

ਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ, ਪਰ ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਹਰ ਥਾਂ) ਉਹ ਆਪ ਹੀ ਆਪ ਹੈ। ੫।

(ਇਹ ਸਾਰਾ ਸੰਸਾਰ ਉਸੇ) ਇੱਕ ਪਰਮਾਤਮਾ ਦਾ ਸਰੂਪ ਹੈ, ਉਸ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਦਰਗਾਹ ਵਿੱਚ ਸਦਾ ਸਦਾ-ਥਿਰ ਨਿਆਂ ਹੀ ਚੱਲਦਾ ਹੈ। ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਆਪਣਾ ਕਰਤੱਵ ਬਣਾਇਆ ਹੈ ਉਸ ਨੂੰ ਸੱਚੀ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਦਰਗਾਹ ਵਿੱਚ ਉਹ ਕਬੂਲ ਹੁੰਦਾ ਹੈ। ੬। …"।

ਇਸ ਤਰ੍ਹਾਂ ਇਸ ਵਿਸ਼ੇ ਨੂੰ ਜੇ ਹੋਰ ਸੰਖੇਪ ਕਰਕੇ ਬਿਆਣ ਕਰਣਾ ਹੋਵੇ ਤਾਂ "…ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ" ਦਾ ਅਰਥ ਹੀ ਹੈ ਕਿ ਅਕਾਲਪੁਰਖ ਨੇ ਮਨੁੱਖ ਲਈ ਭਿੰਨ-ਭਿੰਨ ਅਤੇ ਅਣਗਿਣਤ ਧਰਮ ਨਹੀਂ ਘੜੇ ਹੋਏ। ਅਕਾਪੁਰਖ ਵੱਲੋਂ ਸਮੂਚੀ ਰਚਨਾ `ਚ ਸਮੂਚੇ ਮਨੁੱਖ-ਮਾਤ੍ਰ ਲਈ ਵੀ ਇਕੋ ਹੀ ਧਰਮ ਵਾਲਾ ਨਿਯਮ ਹੈ ਅਤੇ ਉਹ ਧਰਮ ਹੈ:-

"ਮਨ ਕਰਕੇ, ਸ਼ਬਦ-ਗੁਰੂ ਦੀ ਕਮਾਈ ਕਰਣੀ, ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਣ ਕਰਣਾ। ਇਸ ਤਰ੍ਹਾਂ ਸੁਰਤ ਕਰਕੇ ਜੀਵਨ ਭਰ ਸੁਆਸ-ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਅਤੇ ਜੀਂਦੇ-ਜੀਅ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਣਾ, ਉਸੇ `ਚ ਹੀ ਸਮਾਅ ਜਾਣਾ"।

ਇਸੇ ਤਰ੍ਹਾਂ ਬਾਣੀ ਜਪੁ ਦੀਆਂ ੩੮ ਪਉੜੀਆਂ `ਚ ਮਨੁੱਖੀ-ਮੱਤ ਤੋਂ ਘੜੇ ਹੋਏ ਭਿੰਨ-ਭਿੰਨ ਧਰਮਾਂ ਦੇ ਨਾਮ `ਤੇ ਕੂੜ ਵਿਸ਼ਵਾਸਾਂ, ਧਾਰਮਿਕ ਵਿਖਾਵਿਆਂ ਤੇ ਕਰਮਕਾਂਡਾਂ ਨੂੰ ਕੂੜ ਦੀ ਪਾਲ (ਕੰਧ) ਕਹਿਕੇ. ਸ਼ੱਚ ਧਰਮ ਪੱਖੋਂ ਉਨ੍ਹਾਂ ਦੇ ਖੋਖਲੇ ਪਣ ਨੂੰ ਹੀ ਉਜਾਗਰ ਕੀਤਾ ਹੋਇਆ ਹੈ।

ਬਦਲੇ `ਚ, ਸਮੂਚੇ ਮਨੁੱਖ ਸਮਾਜ ਨੂੰ "ਹੁਕਮਿ ਰਜਾਈ ਚਲਣਾ" ਦੇ ਮਾਰਗ `ਤੇ ਚੱਲਦੇ ਹੋਏ ਜੀਵਨ ਦੀ ਅਤੀ ਉੱਤਮ "ਨਾਨਕ ਨਦਰੀ ਨਦਰਿ ਨਿਹਾਲ" ਵਾਲੀ ਅਵਸਥਾ ਪ੍ਰਾਪਤ ਕਰਣ ਅੱਥਵਾ ਮਨੁੱਖਾ ਜਨਮ ਦੀ ਸਫ਼ਲਤਾ ਵਾਲਾ ਵਿਸ਼ਾ ਦ੍ਰਿੜ ਕਰਵਾਇਆ ਹੈ। ਜਦਕਿ "ਹੁਕਮਿ ਰਜਾਈ ਚਲਣਾ" ਦੇ ਅਰਥ ਵੀ ਇਹੀ ਹਨ ਕਿ ਹਰੇਕ ਮਨੁੱਖ ਨੇ ਵੀ ਸਮੂਚੀ ਕਾਯਨਾਤ ਵਾਂਙ:-

(੧) ਨਾ ਹੀ ਤਾਂ ਪ੍ਰਭੂ ਦੀ ਰਜ਼ਾ ਚ ਮਿਲੇ ਹੋਏ ਆਪਣੇ ਅਤੀ ਸੁੰਦਰ ਮਨੁੱਖੀ ਸਰੂਪ `ਚ ਕਿਸੇ ਤਰ੍ਹਾਂ ਦੀ ਭੰਨ ਤੌੜ ਕਰਣੀ ਹੈ ਅਤੇ ਨਾ ਹੀ ਇਸ ਮਨੁੱਖਾ ਸਰੀਰ ਨੂੰ ਦਿਖਾਵੇ ਦੇ ਸੰਤਾ-ਸਾਧਾਂ, ਜੋਗੀਆਂ, ਸਨਿਆਸੀਆਂ, ਬਿਭੂਤਧਾਰੀਆਂ, ਬੈਰਾਗੀਆਂ ਆਦਿ ਦੇ ਭੇਖਾਂ ਵੱਲ ਮੋੜਣਾ ਹੈ।

(੨) ". . ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ. ." ਅਨੁਸਾਰ ਇਸ ਨੇ ਮਨੁੱਖਾ ਜੀਵਨ ਨੂੰ ਕੇਵਲ ਤੇ ਕੇਵਲ ਸ਼ਬਦ-ਗੁਰੂ ਦੇ ਅਨੁਸਾਰੀ ਚਲਾਉਣਾ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਦੇ ਰੰਗ `ਚ ਹੀ ਰੰਗਨਾ ਹੈ। ਇਸ ਤੋਂ ਇਸ ਦੀ ਜੀਵਨ ਰਹਿਣੀ `ਚ ਇਲਾਹੀ ਗੁਣ ਪ੍ਰਵੇਸ਼ ਕਰਦੇ ਜਾਣਗੇ ਅਤੇ ਬਦਲੇ `ਚ ਮਨੁੱਖਾ ਜੀਵਨ ਚੋਂ ਅਉਗੁਣਾ ਅਤੇ ਵਿਕਾਰਾਂ ਦਾ ਨਾਸ ਵੀ ਆਪਣੇ-ਆਪ ਹੁੰਦਾ ਜਾਵੇਗਾ। ਮਨੁੱਖ, ਸਦੀਵੀ ਆਤਮਕ ਆਨੰਦ ਨੂੰ ਵੀ ਸਹਿਜੇ ਹੀ ਮਾਨੇਗਾ।

"ਸਚੇ ਤੇਰੇ ਖੰਡ ਸਚੇ ਬ੍ਰਹਮੰਡ…" - ਗੁਰਦੇਵ ਨੇ ਸਮੂਚੇ ਮਨੁੱਖਾ ਜੀਵਨ ਦੇ ਇਕੋ-ਇਕ ਇਲਾਹੀ, ਰੱਬੀ ਤੇ ਅਕਾਲਪੁਰਖੀ ਧਰਮ ਨੂੰ ਬਾਣੀ "ਆਸਾ ਕੀ ਵਾਰ" ਵਿੱਚਲੀ ਦੂਜੀ ਪਉੜੀ ਦੇ ਪਹਿਲੇ ਸਲੋਕ `ਚ ਇਸ ਤਰ੍ਹਾਂ ਵੀ ਬਿਆਣਿਆ ਹੈ। ਤਾਂ ਤੇ ਉਹ ਸਲੋਕ ਹੈ:-

"ਸਲੋਕੁ ਮਃ ੧॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥ ਸਚੇ ਤੇਰੇ ਕਰਣੇ ਸਰਬ ਬੀਚਾਰ॥ ਸਚਾ ਤੇਰਾ ਅਮਰੁ ਸਚਾ ਦੀਬਾਣੁ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥ ਸਚਾ ਤੇਰਾ ਕਰਮੁ ਸਚਾ ਨੀਸਾਣੁ॥ ਸਚੇ ਤੁਧੁ ਆਖਹਿ ਲਖ ਕਰੋੜਿ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ॥ ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥  ॥" (ਪ: ੪੬੩)

ਵਿਸ਼ੇਸ਼- ਦਰਅਸਲ ਇਸ ਸਲੋਕ `ਚ ਵੀ ਗੁਰਦੇਵ ਨੇ ਇਹੀ ਸਪਸ਼ਟ ਕੀਤਾ ਹੈ ਕਿ ਜੜ੍ਹ ਭਾਵੇਂ ਚੇਤਨ; ਕਰਤੇ ਦੀ ਬੇਅੰਤ ਰਚਨਾ ਦੇ ਹਰੇਕ ਸੂਖਮ ਤੋਂ ਵੀ ਸੂਖਮ ਤੇ ਵੱਡੇ ਤੋਂ ਵੱਡੇ ਆਕਾਰ ਦੀ ਅਕਾਲ-ਪੁਰਖ ਨੇ ਜੋ ਘਾੜਤ ਘੜੀ ਹੋਈ ਹੈ; ਉਸ ਪਿਛੇ ਉਸ ਦੇ ਸਰੂਪ ਦੇ ਨਾਲ ਨਾਲ ਉਸਦਾ ਸੁਭਾਅ ਬਲਕਿ ਉਸਦੇ ਗੁਣ-ਦੋਖ ਵੀ ਪ੍ਰਭੂ ਵੱਲੋਂ ਹੀ ਨਿਯਤ ਕੀਤੇ ਹੋਏ ਅਤੇ ਸਦੀਵੀ ਹੁੰਦੇ ਹਨ।

ਪ੍ਰਭੂ ਦੀ ਸੰਪੂਰਣ ਰਚਨਾ, ਉਸ ਦੀ ਇਸੇ ਹੁਕਮ ਵਾਲੀ ਖੇਡ `ਚ ਬੱਝੀ ਹੋਈ ਹੈ। ਇਸੇ ਕਾਰਣ ਗੁਰਦੇਵ ਨੇ ਇਸ ਨੂੰ ‘ਸੱਚੀ’ ਜਾਂ ‘ਸੱਚੇ ਦੀ ਘੜੀ ਹੋਈ’ ਕਹਿ ਕੇ ਬਿਆਣਿਆ ਹੈ। ਭਾਵ ਕਰਤਾਰ ਨੇ ਕਿਸੇ ਵਸਤ ਜਾਂ ਨਸਲ ਦੀ ਜੋ ਸ਼ਕਲ ਤੇ ਸੂਰਤ ਘੜੀ ਹੈ ਅਤੇ ਉਸ ਪਿਛੇ ਉਸ ਦਾ ਜੋ ਸੁਭਾਅ ਘੜਿਆ ਹੈ ਉਹ ਇਸ ਲਈ ਸੱਚਾ ਹੈ ਕਿਉਂਕਿ, ਉਹ ਵਸਤ ਤੇ ਨਸਲ ਉਤਨੀ ਦੇਰ ਉਸੇ ਸੁਭਾਅ ਤੇ ਸੂਰਤ `ਚ ਕਾਇਮ ਰਹੇਗੀ ਜਦ ਤੀਕ ਕਾਦਿਰ ਆਪ ਉਸ `ਚ ਕੋਈ ਵਾਧਾ ਘਾਟਾ ਨਹੀਂ ਕਰਦਾ।

ਸਲੋਕ ਦੇ ਅੰਤ `ਚ ਪਾਤਸ਼ਾਹ ਫ਼ੁਰਮਾਉਂਦੇ ਹਨ "ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ" ਭਾਵ ਸੰਪੂਰਣ ਰਚਨਾ ਦੀ ਨਿਆਈਂ ਜਿਹੜੇ ਮਨੁੱਖ "ਹੁਕਮਿ ਰਜਾਈ ਚਲਣਾ" ਅਨੁਸਾਰ ਆਪਣਾ ਜੀਵਨ ਜੀਂਦੇ ਹਨ, ਉਹ ਸੱਚੇ ਹਨ ਅਤੇ ਪ੍ਰਭੂ ਦੇ ਅਟੱਲ ਨਿਯਮ `ਚ ਬੱਝੇ ਹੋਏ, ਅਜਿਹੇ ਮਨੁੱਖ ਆਪਣੇ ਜੀਵਨ ਨੂੰ ਸਫ਼ਲਾ ਕਰਕੇ, ਜੀਂਦੇ ਜੀਅ ਸਦਾ ਥਿਰ ਪ੍ਰਭੂ `ਚ ਸਮਾ ਜਾਂਦੇ ਹਨ; ਸਰੀਰ ਤਿਆਗਣ ਬਾਅਦ ਵੀ ਉਹ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ।

ਦੂਜੇ, ਜੋ ਮਰਿ ਜੰਮੇ ਸੁ ਕਚੁ ਨਿਕਚੁ" ਭਾਵ ਮਨਮਤੀਏ ਜੋ ਉਸ ਦੇ ਹੁਕਮ ਤੇ ਰਜ਼ਾ ਵਾਲੀ ਖੇਡ ਤੋਂ ਬਾਹਰ ਰਹਿ ਕੇ ਜੀਵਨ ਜਿਊਂਦੇ ਹਨ, ਉਹ ਜੀਵਨ ਕਰਕੇ ਵੀ ਕੱਚੇ ਹੀ ਰਹਿੰਦੇ ਹਨ। ਇਸ ਤਰ੍ਹਾਂ ਅਜਿਹੇ ਕੱਚੇ ਮਨੁੱਖ, ਜੀਵਨ ਭਰ ਭਟਕਨਾ, ਤੌਖਲਿਆਂ, ਚਿੰਤਾਂਵਾ ਆਦਿ `ਚ ਪਏ ਖੁਆਰੀਆਂ ਹੀ ਭੋਗਦੇ ਅਤੇ ਸਦੀਵੀ ਆਤਮਕ ਆਨੰਦ ਤੋਂ ਸਦਾ ਵਾਂਝੇ ਹੀ ਰਹਿੰਦੇ ਹਨ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਉਹ ਮੁੜਂ ਜਨਮਾਂ-ਜੂਨਾਂ-ਗਰਬਾਂ ਦੇ ਗੇੜ `ਚ ਹੀ ਧੱਕ ਦਿੱਤੇ ਜਾਂਦੇ ਹਨ।

ਖੂਬੀ ਇਹ ਕਿ ਬੇਅੰਤ ਰਚਨਾ `ਚੋਂ "ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ" ਵਾਲਾ ਅੰਤਿਮ ਤੇ ਦੋ-ਰੁਖੀ ਨਿਯਮ ਵੀ, ਕੇਵਲ ਮਨੁੱਖ `ਤੇ ਹੀ ਲਾਗੂ ਹੁੰਦਾ ਹੈ ਕਿਸੇ ਵੀ ਹੋਰ ਸ਼੍ਰੇਣੀ `ਤੇ ਨਹੀਂ। ਇਸ ਤਰ੍ਹਾਂ ਇਹ ਗੱਲ ਕੇਵਲ ਮਨੁੱਖਾ ਜੂਨ ਅਥਵਾ ਸ਼੍ਰੇਣੀ ਲਈ ਹੀ ਕਹੀ ਹੈ, ਪ੍ਰਭੂ ਦੀ ਸਮੂਚੀ ਰਚਨਾ `ਚੋਂ ਹੋਰ ਕਿਸੇ ਵੀ ਦੂਜੀ ਸ਼੍ਰੇਣੀ ਲਈ ਨਹੀਂ। ਤਾਂ ਤੇ ਸਲੋਕ ਦੇ ਅਰਥ:-

ਅਰਥ- ਹੇ ਸੱਚੇ (ਸਦਾ ਥਿਰ) ਅਕਾਲਪੁਰਖ! ਤੇਰੇ (ਪੈਦਾ ਕੀਤੇ) ਖੰਡਾਂ-ਬ੍ਰਹਿਮੰਡਾਂ ਵਾਲਾ ਸਿਲਸਲਾ ਸੱਚਾ ਹੈ, ਕਿਉਂਕਿ ਜਿਹੜੀ ਤੂੰ ਕਿਸੇ ਦੀ ਸ਼ਕਲ ਘੜੀ ਤੇ ਸ਼ਕਲ ਪਿਛੇ ਉਨ੍ਹਾਂ ਨੂੰ ਜੋ ਸੁਭਾਅ ਬਖਸ਼ਿਆ, ਉਸੇ ਸੁਭਾਅ ਤੇ ਸ਼ਕਲ `ਚ (ਬਿਨਾ ਤਬਦੀਲੀ) ਖੜੇ ਹਨ।

ਤੇਰਾ (ਸਿਰਜਿਆ) ਬੇਅੰਤ ਲੋਕਾਂ ਵਾਲਾ ਇਹ ਸਿਲਸਿਲਾ ਤੇ ਇਨ੍ਹਾਂ ਲੋਕਾਂ `ਚ (ਅਣਗਿਣਤ) ਸ਼ਕਲਾਂ ਤੇ (ਅੱਗੋਂ ਹਰੇਕ ਸ਼ਕਲ `ਚ) ਸ਼ਕਲਾਂ `ਚ ਰੰਗਾਂ ਵਾਲੀ ਭਿੰਨਤਾ ਤੇਰੇ ਹੁਕਮ `ਚ ਜਿਉਂ ਦੀ ਤਿਉਂ ਹੀ ਕਾਇਮ ਹੈ ਇਸ ਲਈ ਇਹ ਸਭ ਸੱਚੇ ਹਨ। ਤੇਰੀ ਸਾਰੀ ਖੇਡ (ਕਰਣੀ) ਤੇ ਉਸ ਖੇਡ ਬਾਰੇ ਵਿਚਾਰਾਂ ਕਰਣੀਆਂ ਵੀ ਸੱਚੀਆਂ ਹਨ (ਕਿਉਂਕਿ ਉਹ ਤੇਰੀ ਬਣਾਈ ਬੇਅੰਤ ਰਚਨਾ `ਚੋਂ ਹੀ ਪ੍ਰਗਟ ਹੁੰਦੀਆਂ ਹਨ)।

ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਵੀ ਅਟੱਲ ਹਨ, ਤੇਰਾ ਹੁਕਮ ਤੇ ਫ਼ੁਰਮਾਨ ਭੀ ਅਟੱਲ ਹੈ, ਸਾਰੀ ਰਚਨਾ ਤੇਰੇ ਹੁਕਮ `ਚ ਬੱਝੀ ਹੋਈ ਹੀ ਚੱਲ ਰਹੀ ਹੈ। ਤੇਰੀ ਬਖ਼ਸ਼ਿਸ਼ ਸਦਾ ਥਿਰ ਹੈ ਤੇ ਇਹ ਤੇਰਾ ਨਿਸ਼ਾਨ ਵੀ ਹੈ (ਤੇਰੀਆਂ ਬੇਅੰਤ ਬਖ਼ਸ਼ੀਆਂ ਦਾਤਾਂ ਵਿਚੋਂ ਤੇਰੀ ਹੋਂਦ ਆਪ ਮੁਹਾਰੇ ਪ੍ਰਗਟ ਹੁੰਦੀ ਹੈ; ਇਹ ਬੇਅੰਤ ਪਦਾਰਥ ਤੇ ਦਾਤਾਂ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ, ਇਹ ਸਿਲਸਿਲਾ ਵੀ ਸਦਾ ਕਾਇਮ ਹੈ ਜਿਵੇਂ ਤੂੰ ਕੀਤਾ ਇਸੇ ਲਈ) ਸੱਚਾ ਹੈ।

ਲੱਖਾਂ-ਕਰੋੜਾਂ ਜੀਵ, ਤੈਨੂੰ ਹੀ ਸਿਮਰ ਰਹੇ ਹਨ ਭਾਵ ਤੇਰੇ ਬਖਸ਼ੇ ਸ਼ਕਲ ਤੇ ਸੁਭਾਅ ਵਾਲੀ ਖੇਡ ਚ ਰਹਿ ਕੇ ਤੇਰੀ ਹੀ ਲੀਲ੍ਹਾ ਤੇ ਹੁਕਮ ਵਾਲੀ ਖੇਡ ਨੂੰ ਹੀ ਪ੍ਰਗਟ ਕਰ ਰਹੇ ਹਨ ਇਸੇ ਲਈ ਇਹ ਸੱਚੇ ਹਨ। ਹੇ ਮੇਰੇ ਅਕਾਲਪੁਰਖ! ਇਹ ਸਭ ਸਦਾ ਥਿਰ ਤੇ ਤੇਰੀ ਬਖ਼ਸ਼ੀ ਹੋਈ ਤਾਕਤ ਤੇ ਜ਼ੋਰ ਭਾਵ ਸੋਝੀ, ਪ੍ਰੇਰਣਾ, ਸਮਰੱਥਾ ਕਾਰਨ ਹੀ ਕਰ ਰਹੇ ਹਨ, ਉਂਞ ਨਹੀਂ।

ਹੇ ਸਦਾ ਥਿਰ ਰਹਿਣ ਵਾਲੇ ਕਰਤੇ! ਤੇਰੀ ਬੇਅੰਤ ਰਚਨਾ `ਚੋਂ ਆਪ ਮੁਹਾਰੇ ਪ੍ਰਗਟ ਹੋ ਰਹੀ ਤੇਰੀ ਬੇਅੰਤ ਸਿਫ਼ਤਿ-ਸਾਲਾਹ ਵੀ ਸੱਚੀ ਹੈ। ਤੇਰੀ ਸੂਤਰਬਧ ਬੇਅੰਤ ਰਚਨਾ (ਕੁਦਰਤ) `ਚੋਂ ਵੀ ਤੇਰਾ ਹੈਰਾਨ ਕਰ ਦੇਣ ਵਾਲਾ ਅਸੀਮ ਪ੍ਰਬੰਧ, ਵਿਸਮਾਦ ਪੈਦਾ ਕਰਦਾ ਹੈ।

ਅੰਤ `ਚ ਪਾਤਸ਼ਾਹ ਫ਼ੁਰਮਾਉਂਦੇ ਹਨ-ਜਿਹੜੇ ਮਨੁੱਖ ਵੀ "ਧਿਆਇਨਿ ਸਚੁ" ਭਾਵ ਪ੍ਰਭੂ ਦੀ ਬਖਸ਼ੀ ਸ਼ਕਲ ਤੇ ਸੁਭਾਅ ਅਥਵਾ ਰਜ਼ਾ-ਹੁਕਮ `ਚ ਚੱਲਦੇ ਹਨ, ਜਿਵੇਂ ਕਿ ਸਾਰੀ ਰਚਨਾ, ਤਾਂ ੳੇੁਹ ਵੀ ਸੱਚੇ ਹਨ। ਪਰ ਜਿਹੜੇ (ਮਨਮਤੀਏ ਹੋ ਕੇ) ਰੂਪ, ਸੁਭਾਅ ਆਦਿ ਵਿਗਾੜ ਕੇ ਜੀਉਂਦੇ ਹਨ, ਕੱਚੇ ਰਹਿ ਕੇ ਜਨਮ-ਮਰਨ ਦੇ ਗੇੜ `ਚ ਹੀ ਪਏ ਰਹਿੰਦੇ ਹਨ। ੧। (ਅਰਥ-ਪ੍ਰੌਫ਼ੈਸਰ ਸਾਹਿਬ ਸਿੰਘ ਜੀ)

ਉਂਜ ਗੁਰਬਾਣੀ `ਚੋਂ ਹੋਰ ਵੀ ਬੇਅੰਤ ਫ਼ੁਰਮਾਨ ਪ੍ਰਾਪਤ ਹਨ ਕਿ ਸਮੂਚੀ ਰਚਨਾ `ਚ ਵਸਦੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਇਕੋ ਹੀ ਧਰਮ ਨਿਯਤ ਹੈ ਅਤੇ ਇਸ ਦੇ ਭਿੰਨ-ਭਿੰਨ ਹਜ਼ਾਰਾਂ ਜਾਂ ਲਖਾਂ ਨਹੀ ਹਨ। ਉਹ ਇਕੋ ਇੱਕ ਧਰਮ ਹੈ ਸ਼ਬਦ ਗੁਰੂ ਦੀ ਕਮਾਈ ਅਤੇ ਉਸਦੇ ਆਦੇਸ਼ਾਂ ਦਾ ਪਾਲਣ ਜਿਸ ਤੋਂ ਸਦਾ ਥਿਰ ਗੁਰੂ, ਮਨੁੱਖ ਨੂੰ ਪ੍ਰਭੁ ਦੀ ਸਿਫ਼ਤ-ਸਲਾਹ ਨਾਲ ਜੋੜ ਦਿੰਦਾ ਹੈ।

ਉਸੇ ਤੋਂ ਅਜਿਹਾ ਜੀਵਨ ਵਾਲਾ ਮਨੁੱਖ ਪ੍ਰਭੂ ਦੇ ਬਖ਼ਸ਼ੇ ਸਰੂਪ ਤੇ ਸੁਭਾਅ ਦਾ ਵਾਰਿਸ ਬਣ ਜਾਂਦਾ ਹੈ। ਇਸਤਰ੍ਹਾਂ ਪ੍ਰਭੂ ਦੇ ਰੰਗ `ਚ ਰੰਗਿਆ ਰਹਿਕੇ ਜੀਂਦੇ ਜੀਅ ਆਤਮਕ ਆਨੰਦ ਮਾਣਦਾ ਹੈ। (ਚਲਦਾ) #234P-XXXIII,-02.17-0217#P33v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੇਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.