.

ਸੁਣਿਐ-੩
ਡਾ:ਦਲਵਿੰਦਰ ਸਿੰਘ ਗ੍ਰੇਵਾਲ

ਜਪੁਜੀ ਸਾਹਿਬ ਦੀ ਨੌਵੀਂ ਪਉੜੀ ਵਿਚ ਨਾਮ ਸੁਣਨ ਦੇ ਅਸਰ ਦਾ ਬਿਆਨ ਅੱਗੇ ਵਧਦਾ ਹੈ। ਨਾਮ ਸੁਣਨ ਨਾਲ ਸ਼ਿਵ, ਬ੍ਰਹਮਾ ਤੇ ਇੰਦਰ ਬਣੇ ਭਾਵ ਮੌਤ ਦੇ ਦੇਵਤੇ, ਉਤਪਤੀ ਦੇ ਦੇਵਤੇ ਅਤੇ ਮੀਂਹ ਦੇ ਦੇਵਤੇ ਬਣੇ।ਨਾਮ ਸੁਣਨ ਨਾਲ ਬਦਕਾਰ ਮੰਦਾ ਪੁਰਸ਼ ਵੀ ਪਰਮਾਤਮਾਂ ਦੀ ਸਿਫਤ ਸਲਾਹ ਕਰਨ ਲਗਦਾ ਹੈ। ਨਾਮ ਸੁਣ ਕੇ ਉਸ ਨਾਲ ਜੁੜਣ ਦੀਆਂ ਯੋਗ ਦੀਆਂ ਯੁਕਤੀਆਂ ਤੇ ਸਰੀਰ ਦੇ ਅੰਦਰਲੇ ਭੇਦਾਂ ਦਾ ਗਿਆਨ ਹੋ ਜਾਂਦਾ ਹੈ। ਨਾਮ ਸੁਣਨ ਨਾਲ ਚਾਰੇ ਵੇਦਾਂ, ਛੇ ਫਲਸਫੇ ਦਿਆਂ ਸ਼ਾਸ਼ਤ੍ਰਾਂ ਤੇ ਸਤਾਈ ਕਰਮ ਕਾਂਡੀ ਸਿਮ੍ਰਿਤੀਆਂ ਵਾਲੀ ਸੋਝੀ ਆ ਜਾਂਦੀ ਹੈ ।ਉਸਦਾ ਨਾਮ ਸੁਣੇ ਤੇ ਭਗਤ ਹਮੇਸ਼ਾ ਅਨੰਦ ਪ੍ਰਸੰਨ ਚਾਉ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੇ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ:

ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੯ ॥

ਪ੍ਰਮਾਤਮਾ ਦਾ ਨਾਮ ਸੁਣੇ ਤੇ ਹੀ ਬ੍ਰਹਮਾ, ਵਿਸ਼ਨੂੰ, ਮਹੇਸ਼ ਤੇ ਇੰਦਰ ਵਰਗੀ ਉਚ ਪਦਵੀ ਪ੍ਰਾਪਤ ਹੁੰਦੀ ਹੈ:

ਸੁਣਿਐ ਈਸਰੁ ਬਰਮਾ ਇੰਦੁ॥
ਪ੍ਰਭੂ ਨੇ ਹੀ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਅਤੇ ਹੋਰ ਦੇਵਤੇ ਰਚੇ ਹਨ।ਉਸ ਨੇ ਬ੍ਰਹਮਾ ਨੂੰ ਵੇਦ ਬਖਸ਼ੇ ਅਤੇ ਉਸ ਨੂੰ ਅਪਣੀ ਉਪਾਸ਼ਨਾ ਵਿਚ ਜੋੜ ਦਿਤਾ। ਪ੍ਰਭੂ ਨੇ ਦਸ ਅਵਤਾਰ ਪੈਦਾ ਕੀਤੇ ਜਿਨ੍ਹਾਂ ਵਿਚੋਂ ਇਕ ਸ੍ਰੀ ਰਾਮ ਚੰਦਰ ਸੀ ।ਪ੍ਰਮਾਤਮਾ ਦੀ ਰਜ਼ਾ ਵਿਚ ਹੀ ਹਮਲਿਆਂ ਵਿਚ ਰਾਖਸ਼ ਮਾਰੇ ਗਏ।ਈਸ਼ਰ ਰਚੇ ਮਹੇਸ਼ ਪ੍ਰਮਾਤਮਾ ਦੇ ਨਾਮ ਦੀ ਹੀ ਘਾਲ ਕਮਾਉਂਦੇ ਹਨ।

ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ਈਸ ਮਹੇਸੁਰੁ ਸੇਵ ਤਿਨੑੀ ਅੰਤੁ ਨ ਪਾਇਆ ॥ (ਸਲੋਕ ਮਃ ੧, ਪੰਨਾ ੧੨੭੯-੧੨੮੦)

ਪ੍ਰਮਾਤਮਾ ਦੀ ਦਇਆ ਨਾਲ ਇੰਦ੍ਰ ਵਰਸਦਾ ਹੈ ਤੇ ਲੋਕਾਂ ਦੇ ਮਨੀਂ ਖੁਸ਼ੀਆਂ ਵਰਸਾਉਂਦਾ ਹੈ। ਜਿਸ ਦੇ ਹੁਕਮ ਨਾਲ ਇੰਦਰ ਵਰਸਦਾ ਹੈ ਉਸਦੇ ਹਮੇਸ਼ਾ ਹੀ ਬਲਿਹਾਰੇ ਜਾਈਏ। ਗੁਰਮੁਖ ਚਿਤ ਵਿਚ ਸ਼ਬਦ ਸੰਭਾਲਦਾ ਹੈ ਨਾਮ ਜਪਦਾ ਹੈ ਤੇ ਸੱਚੇ ਦੇ ਗੁਣ ਗਾਉਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਨਾਮ ਵਿਚ ਰੱਤੇ ਹਨ ਮਸਤ ਹਨ ਉਹ ਪਵਿਤਰ ਪੁਰਖ ਪ੍ਰਮਾਤਮਾ ਵਿਚ ਸਹਿਜ ਹੀ ਸਮਾ ਜਾਂਦੇ ਹਨ।

ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥ ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥ ਗੁਰਮੁਖਿ ਸਬਦੁ ਸਮਾੑਲੀਐ ਸਚੇ ਕੇ ਗੁਣ ਗਾਉ ॥ ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥ ੨ ॥ ( ਮਃ ੩, ਪੰਨਾ ੧੨੮੬)

ਨਾਮ ਸੁਣਨ ਨਾਲ ਮੰਦ ਤੇ ਮਲੀਨ ਬੁਧੀ ਵੀ ਮੁਖੋਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ; ਨਾਮ ਧਿਆਉਂਦੇ ਹਨ:

ਸੁਣਿਐ ਮੁਖਿ ਸਾਲਾਹਣ ਮੰਦੁ॥

ਪ੍ਰਭੂ ਨਿਮਾਣੇ ਨੂੰ ਮਾਣ ਦਿੰਦਾ ਹੈ। ਮੂਰਖ ਮੰਦ ਬੁਧੀ ਮਲੀਨ ਸਭ ਚਤੁਰ ਸਿਆਣੇ ਹੋ ਜਾਂਦੇ ਹਨ:

ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ (ਭੈਰਉ ਮ:੫, ਪੰਨਾ ੧੧੪੬)

ਉਹ ਮੂਰਖਾਂ ਦਾ ਮੂਰਖ ਹੈ ਜੋ ਨਾਮ (ਪਰਮਾਤਮਾ) ਨੂੰ ਨਹੀਂ ਮੰਨਦਾ।

ਮੂਰਖਾ ਸਿਰਿ ਮੂਰਖੁ ਹੈ ਜੇ ਮੰਨੈ ਨਾਹੀ ਨਾਉ॥(ਮਾਰੂ ੧, ਪੰਨਾ ੧੦੧੫)

ਅੰਂ੍ਹੇ ਮਨਮੁਖ ਨੂੰ ਕੁਝ ਨਹੀਂ ਸੁਝਦਾ ਉਸ ਦੀ ਦੁਮਤ ਨਾਮ ਦੇ ਚਾਨਣੇ ਨਾਲ ਹੀ ਦੂਰ ਹੋਈ ਹੈ:

ਮਨਮੁਖ ਅੰਧੇ ਕਿਛੁ ਨ ਸੂਝੈ ਦੁਰਮਤਿ ਨਾਮ ਪ੍ਰਗਾਸੀ ਹੇ॥ ਮਾਰੂ ੩, ਪੰਨਾ ੧੦੪੯)

ਮਨਮੁਖ ਨੂੰ ਯਮ ਖਾ ਜਾਂਦਾ ਹੈ ਤੇ ਗੁਰਮੁਖ ਜਿਸ ਨੇ ਨਾਮ ਚਿਤ ਵਿਚ ਵਸਾਇਆ ਹੋਇਆ ਹੈ ਇਸ ਤੋਂ ਉਪਰ ਉਠ ਜਾਂਦਾ ਹੈ:

ਮਨਮੁਖ ਖਾਧੇ ਗੁਰਮੁਖ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ (ਸੋਰਟ ਮ; ੪, ਪੰਨਾ ੬੪੩)

ਨਾਮ ਕੂੜੀ ਮੈਲ ਉਤਾਰ ਕੇ ਨਾਮ ਜਪ ਕੇ ਜੀਵ ਸਚਿਆਰ ਹੋ ਜਾਂਦਾ ਹੈ:

ਮਲੁ ਕੂੜੀ ਨਾਮਿ ਉਤਾਰੀਅਨੁ ਜੁਪਿ ਨਾਮੁ ਹੋਆ ਸਚਿਆਰੁ॥ (ਰਾਮਕਲੀ ੩, ਪੰਨਾ ੯੫੧)

ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਨਾਮ ਰਸ ਦਿੰਦਾ ਹੈ ਉਹ ਪੂਰਨ ਸਿਆਣੇ ਪੁਰਖ ਹਨ:

ਜਿਨਾ ਸਤਗੁਰੂ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ॥ (ਪੰਨਾ ੨੨)

ਨਾਮ ਸੁਣਨ ਨਾਲ ਯੋਗ ਦੀਆਂ ਯੁਕਤੀਆਂ ਤੇ ਤਨ ਦੀ ਗੁੰਝਲਦਾਰ ਬਣਤਰ ਦਾ ਪਤਾ ਲਗਦਾ ਹੈ:

ਸੁਣਿਐ ਜੁਗਤਿ ਤਨਿ ਭੇਦ॥

ਗੁਰੂ ਨੂੰ ਸੁਣ ਕੇ ਸਿਖਿਆ ਪ੍ਰਾਪਤ ਕਰਕੇ ਗੁਰਮੁਖ ਸਚਾ ਯੋਗੀ ਬਣ ਜਾਂਦਾ ਹੈ ਤੇ ਯੋਗ ਦੇ ਸਾਧਨਾ ਮਾਰਗ ਨੂੰ ਜਾਣ ਲੈਂਦਾ ਹੈ। ਗੁਰਮੁਖ ਕੇਵਲ ਪ੍ਰਭੂ ਨੂੰ ਹੀ ਜਾਣਦਾ ਮੰਨਦਾ ਹੈ:

ਗੁਰਮੁਖਿ ਜੋਗੀ ਜੁਗਤਿ ਪਛਾਣੈ॥ਗੁਰਮੁਖਿ ਨਾਨਕ ਏਕੋ ਜਾਣੈ॥ (ਸਿੱਧ ਗੋਸਟਿ ਮ ੧, ਪੰਨਾ ੯੪੬)

ਸੱਚੇ ਗੁਰਾਂ ਤੋਂ ਨਾਮ ਸੁਣ ਕੇ ਪਰਾਪਤ ਕਰਕੇ ਇਨਸਾਨ ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ:
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ (ਸਿੱਧ ਗੋਸਟਿ ਮ ੧, ਪੰਨਾ ੯੪੬)

ਜੋ ਨਾਮ ਵਿਚ ਰਤੇ ਹਨ ਮਸਤ ਹਨ ਉਨ੍ਹਾਂ ਨੂੰ ਯੋਗ ਦੀ ਹਰ ਯੁਕਤੀ ਦਾ ਵਿਚਾਰ ਆ ਜਾਂਦਾ ਹੈ।

ਨਾਮ ਰਤੇ ਜੋਗ ਜੁਗਤਿ ਬੀਚਾਰੁ ॥ (ਸਿੱਧ ਗੋਸਟਿ ਮ ੧, ਪੰਨਾ ੯੪੧)

ਪੂਰਨ ਗੁਰੂ ਤੋਂ ਸੁਣਕੇ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ।ਸੱਚੇ ਸੁਆਮੀ ਅੰਦਰ ਲੀਨ ਰਹਿਣਾ ਹੀ ਕੇਵਲ ਯੋਗ ਦਾ ਮਾਰਗ ਹੈ।

ਪੂਰੇ ਗੁਰ ਤੇ ਨਾਮੁ ਪਾਇਆ ਜਾਇ॥ ਜੋਗ ਜੁਗਤਿ ਸਚਿ ਰਹੈ ਸਮਾਇ॥ (ਸਿੱਧ ਗੋਸਟਿ ਮ ੧, ਪੰਨਾ ੯੪੨)
ਜੀਵਾਂ ਨੂੰ ਰਚ ਕੇ ਪ੍ਰਮਾਤਮਾਂ ਜੀਵਾਂ ਦੀ ਜੀਵਨ ਰਹੁ ਰੀਤੀ ਅਪਣੇ ਵਸ ਵਿਚ ਰਖਦਾ ਹੈ ਅਤੇ ਗੁਰੂ ਦੇ ਰਾਹੀਂ

ਖੁਦ ਹੀ ਉਨ੍ਹਾਂ ਨੂੰ ਬ੍ਰਹਮ ਗਿਆਨ ਦਾ ਸੁਰਮਾਂ ਵੀ ਬਖਸ਼ਦਾ ਹੈ:

ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ॥ (ਮਲਾਰ ੧, ਪੰਨਾ ੧੨੭੩)

ਨਾਮ ਸੁਣਨ ਨਾਲ ਸ਼ਾਸ਼ਤ੍ਰ ਸਿਮਰਤੀਆਂ ਵਾਲੀ ਸਾਰੀ ਸੋਝੀ ਪ੍ਰਾਪਤ ਹੋ ਜਾਂਦੀ ਹੈ:

ਸੁਣਿਐ ਸਾਸਤ ਸਿਮ੍ਰਿਤਿ ਵੇਦ॥

ਗੁਰੂ ਸਮਰਪਣ ਨੂੰ ਸ਼ਾਸ਼ਤਰਾਂ, ਸਿਮਰਤੀਆਂ ਅਤੇ ਵੇਦਾਂ ਦਾ ਗਿਆਨ ਹੋ ਜਾਂਦਾ ਹੈ। ਗੁਰੂ ਸਮਰਪਣ ਸਾਰਿਆਂ ਦਿਲਾਂ ਦੇ ਰਾਜ਼ ਜਾਣਦਾ ਹੈ:

ਗੁਰਮੁਖ ਸਾਸਤ੍ਰ ਸਿਮ੍ਰਿਤ ਬੇਦ॥ ਗੁਰਮੁਖਿ ਪਾਵੈ ਘਟਿ ਘਟਿ ਭੇਦ॥ (ਰਾਮਕਲੀ ਸਿਧ ਗੋਸਟਿ ਮ:੧, ਪੰਨਾ ੯੪੧)
ਚਾਰ ਵੇਦ ਸਤਾਈ ਸਿੰਮਰਤੀਆਂ ਤੇ ਛੇ ਸ਼ਾਸ਼ਤਰ, ਸਭ ਦਾ ਭੇਦ ਤੇ ਇਨ੍ਹਾਂ ਦੇ ਕਰਮਾਂ ਦੇ ਸਿਧਾਂਤ ਦੇ ਸਭ ਇਕ ਅੱਖਰ ‘ਰਾਮ ਨਾਮ’ ਵਿਚ ਹੀ ਕਰ ਦਿਤੇ ਹਨ:

ਬੇਦ ਪੁਰਾਨ ਸਿੰਮ੍ਰਿਤ ਸੁਧਾਖਰ॥ ਕੀਨੇ ਰਾਮ ਨਾਮ ਇਕ ਆਖਰ॥ (ਸੁਖਮਨੀ, ਮ: ੫, ਪੰਨਾ ੨੬੨)

ਚਾਰ ਵੇਦ ਜ਼ੁਬਾਨ ਤੇ ਹੋਣ, ਸਿੰਰਤੀਆਂ ਤੇ ਸ਼ਾਸ਼ਤਰਾਂ ਦਾ ਗਿਆਨ ਸੁਣਿਆ ਹੋਵੇ ਪਰ ਇਹ ਸਭ ਵੀ ਵਾਹਿਗੁਰੂ ਦੇ ਨਾਮ ਤੁੱਲ ਨਹੀਂ ਜਿਸ ਨੂੰ ਜਪਿਆਂ ਮਨ ਪ੍ਰਮਾਤਮਾ ਦੇ ਚਰਨ ਕਮਲੀਂ ਜੁੜਦਾ ਹੈ:

ਚਾਰਿ ਬੇਦ ਜਿਹਵ ਭਨੇ॥ ਦਸ ਅਸਟ ਖਸਟ ਸ੍ਰਵਨ ਸੁਨੇ॥ ਨਹੀ ਤੁਲਿ ਗਬਿਦ ਨਾਮ ਧੁਨੇ॥ ਮਨ ਚਰਨ ਕਮਲ ਲਾਗੇ॥੧॥ (ਸਾਰੰਗ ਮ; ੫, ਪੰਨਾ ੧੨੨੯)

ਮਨੁਖ ਸ਼ਾਸ਼ਤਰਾਂ, ਵੇਦਾਂ ਤੇ ਪੁਰਾਣਾਂ ਨੂੰ ਵਾਚਦਾ ਹੈ, ਭਾਵੇਂ ਉਹ ਉਨ੍ਹਾਂ ਨੂੰ ਉਚਾਰਦਾ ਹੈ ਪ੍ਰੰਤੂ ਉਹ ਉਨ੍ਹਾਂ ਨੂੰ ਸਮਝਦਾ ਨਹੀਂ। ਜੇਕਰ ਬੰਦਾ ਉਨ੍ਹਾਂ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਉਸ ਪ੍ਰਭੂ ਨੂੰ ਅਨੁਭਵ ਕਰ ਸਕਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜਦ ਮਨੁਖ ਪ੍ਰਭੂ ਨੂੰ ਅਨੁਭਵ ਕਰ ਲਵੇਗਾ ਤਾਂ ਦੁਖ ਅੰਦਰ ਚੀਕੇਗਾ ਨਹੀਂ॥

ਸਾਸਤ੍ਰ ਬੇਦ ਪੁਰਾਣ ਪੜ੍ਹੰਤਾ॥ਪੁਕਾਰੰਤਾ ਅਜਾਣੰਤਾ॥ ਜਾਂ ਬੂਝੈ ਤਾਂ ਸੂਝੈ ਸੋਈ॥ਨਾਨਕੁ ਆਖੇ ਕੂਕੁ ਨ ਹੋਈ॥ (ਮ: ੧, ਪੰਨਾ ੧੨੪੨)

ਜਪੁਜੀ ਸਾਹਿਬ ਦੀ ਦਸਵੀਂ ਪੌੜੀ ਵਿਚ ਸਮਝਾਇਆ ਗਿਆ ਹੈ ਕਿ ਨਾਮ ਸੁਣਨ ਨਾਲ ਸਤਿ, ਸੰਤੋਖ ਤੇ ਗਿਆਨ (ਸਚਾਈ, ਸਬੂਰੀ ਤੇ ਬ੍ਰਹਮ ਗਿਆਨ), ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਫਲ, ਵਿਦਿਆ ਪੜ੍ਹ ਪੜ੍ਹ ਮਿਲਿਆ ਇਜ਼ਤ ਮਾਣ ਸਭ ਪ੍ਰਾਪਤ ਹੁੰਦੇ ਹਨ ਤੇ ਉਸ ਵਲ ਸਹਿਜੇ ਹੀ ਧਿਆਨ ਲੱਗ ਜਾਂਦਾ ਹੈ ਭਾਵ ਉਸ ਵਿਚ ਧਿਆਨ ਟਿਕਿਆ ਰਹਿੰਦਾ ਹੈ। ਉਸਦਾ ਨਾਮ ਸੁਣੇ ਤੇ ਭਗਤ ਹਮੇਸ਼ਾ ਅਨੰਦ ਪ੍ਰਸੰਨ ਚਾਉ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੇ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ:

ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੧੦ ॥

ਨਾਮ ਸੁਣੇ ਤੇ ਸਤ, ਸੰਤੋਖ ਤੇ ਗਿਆਨ ਪ੍ਰਾਪਤ ਹੋ ਜਾਂਦਾ ਹੈ:

ਸੁਣਿਐ ਸਤੁ ਸੰਤੋਖੁ ਗਿਆਨ॥

ਪਵਿਤਰਤਾ, ਸੰਤੁਸ਼ਟਤਾ ਅਤੇ ਸੰਜਮ ਤੇਰੇ ਨਾਲ ਹੋਣਗੇ ਜੇ ਤੂੰ ਗੁਰਮੁਖ ਬਣ ਨਾਮ ਦਾ ਸਿਮਰਨ ਕਰੇਂਗਾ:

ਸਤਿ ਸੰਤੋਖੁ ਸੰਜਮੁ ਹੈ ਨਾਲਿ॥ ਨਾਨਕ ਗੁਰਮੁਖਿ ਨਾਮੁ ਸਮਾਲਿ॥( ਸਿਧ ਗੋਸਟਿ, ਮ:੧, ਪੰਨਾ ੯੩੯)

ਕਬੀਰ ਜੀ ਫੁਰਮਾਉਂਦੇ ਹਨ ਕਿ ਸਤ ਤੇ ਸੰਤੋਖ ਦਾ ਧਿਆਨ ਮਨ ਵਿਚ ਧਾਰਨਾ ਚਾਹੀਦਾ ਹੈ:

ਸਤ ਸੰਤੋਖ ਕਾ ਧਰਹੁ ਧਿਆਨ॥ (ਗਉੜੀ ਕਬੀਰ, ਪੰਨਾ ੩੪੪)

ਹੇ ਮੇਰੇ ਭਾਈ ਮਨੁਖੋ! ਤੁਸੀਂ ਸੱਚ ਤੇ ਸਬਰ ਸਿਦਕ ਅੰਦਰ ਵਸੋ ਤੇ ਦਇਆ ਅਤੇ ਗੁਰਾਂ ਦੀ ਸ਼ਰਣਾਗਤ ਜੁੜ ਜਾਓ॥

ਸਤ ਸੰਤੋਖ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਣਾਈ॥ (ਮਾਰੂ ੧, ਪੰਨਾ ੧੦੩੦)

ਜੋ ਸੱਚ ਨੂੰ ਅਪਣਾ ਵਰਤ, ਸੰਤੋਖ ਨੂੰ ਅਪਣਾ ਤੀਰਥ, ਗਿਆਨ ਅਤੇ ਧਿਆਨ ਨੂੰ ਤੀਰਥ ਇਸ਼ਨਾਨ, ਦਇਆ ਨੂੰ ਦੇਵਤਾ, ਖਿਮਾ ਨੂੰ ਅਪਣੀ ਮਾਲਾ ਬਣਾਉਂਦੇ ਹਨ ਉਹੀ ਮਨੁੱਖ ਉਤਮ ਹਨ ।ਪ੍ਰਮਾਤਮਾਂ ਪਰਾਪਤੀ ਦੀ ਸਹੀ ਜੁਗਤ, ਠੀਕ ਮਾਰਗ ਨੂੰ ਅਪਣਾ ਪਹਿਰਨਾ, ਸੁਚੇਤ ਸੁਰਤੀ ਨੂੰ ਅਪਣਾ ਪਵਿਤ੍ਰ ਚੌਂਕਾ, ਸ਼ੁਭ ਅਮਲਾਂ ਨੂੰ ਅਪਣਾ ਟਿੱਕਾ, ਪ੍ਰਮਾਤਮਾਂ ਪ੍ਰਤੀ ਪ੍ਰੇਮ ਨੂੰ ਅਪਣੀ ਖੁਰਾਕ ਸਮਝਦੇ ਹਨ ਉੂਹੋ ਜਿਹੇ ਮਨੁੱਖ ਵਿਰਲੇ ਹੀ ਹਨ:

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥ ੧ ॥ (ਸਲੋਕ ਮਃ ੧, ਪੰਨਾ ੧੨੪੬)

ਨਾਮ ਸੁਣਨ ਨਾਲ ਸੰਤੋਖ ਮਿਲਦਾ ਹੈ ਤੇ ਧਿਆਨ ਪ੍ਰਮਾਤਮਾ ਦੇ ਚਰਨ ਕਮਲਾਂ ਵਿਚ ਟਿਕ ਜਾਂਦਾ ਹੈ:

ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ॥ ( ਸਾਰੰਗ ਮ:੪, ਪੰਨਾ ੭)

ਨਾਮ ਸੁਣਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ:

ਸੁਣਿਐ ਅਠਸਠਿ ਕਾ ਇਸਨਾਨੁ॥

ਨਾਮ ਲੈਤ ਅਠਸਠਿ ਮਜਨਾਇਆ ॥ (ਭੈਰਉ ੫, ਪੰਨਾ ੧੧੪੨)

ਗੁਰਮੁਖਿ ਨਾਮੁ ਦਾਨੁ ਇਸਨਾਨ ॥ (ਸਿਧ ਗੋਸਟਿ ਮ:੧,ਪੰਨਾ ੯੪੨)

ਤੀਰਥ ਇਸ਼ਨਾਨ ਪਾਪ ਦੂਰ ਕਰਨ ਵਾਲੇ ਮੰਨੇ ਜਾਂਦੇ ਹਨ ਪਰ ਪਾਪ ਸਰੀਰਿਕ ਇਸ਼ਨਾਨ ਨਾਲ ਨਹੀਂ ਮਨ ਨੂੰ ਧੋਣ ਨਾਲ ਧੋਏ ਜਾਂਦੇ ਹਨ ਤੇ ਇਹ ਸਿਰਫ ਨਾਮ ਜਪਣ ਨਾਲ ਹੀ ਹੋ ਸਕਦਾ ਹੈ:

ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਜਪੁਜੀ ਮ: ੧, ਪੰਨਾ ੪)
ਸਭਿ ਤੀਰਥ ਬਰਤ ਜਗੵ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥ ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥ ੭ ॥(ਪੰਨਾ ੧੩੨੭)

ਗੰਗਾ, ਯਮੁਨਾ, ਗੋਦਾਵਰੀ ਤੇ ਸਰਸਵਤੀ ਤੇ ਜਾ ਕੇ ਸਾਧੂ-ਭਗਤਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦਾ ਉਦਮ ਕਰੋ। ਸਾਡੇ ਵਿਚ ਧੁਰ ਅੰਦਰ ਤਕ ਮੈਲ ਭਰੀ ਹੋਈ ਹੈ ਜੋ ਸਿਰਫ ਸਾਧੂ-ਭਗਤ ਹੀ ਦੂਰ ਕਰ ਸਕਦੇ ਹਨ। ਅਠਾਹਠ ਤੀਰਥਾਂ ਤੇ ਨਾਮ ਦਾ ਭਜਨ ਕਰਨਾਂ ਲੋੜੀਂਦਾ ਹੈ । ਭਲੇ (ਰੱਬ ਨਾਲ ਜੁੜੇ) ਪੁਰਸ਼ਾਂ ਦੀ ਸੰਗਤ ਸਦਕਾ ਉਨ੍ਹਾ ਦੀ ਚਰਨ ਧੂੜ ਜਦ ਅੱਖੀਂ ਪੈਂਦੀ ਹੈ ਤਾਂ ਸਾਰੀ ਦੁਰਮਤ ਦੀ ਮੈਲ਼ ਮਿਟ ਜਾਂਦੀ ਹੈ। ਦੇਵੀ ਦੇ ਨਾਮ ਤੇ ਜਿਤਨੇ ਵੀ ਤੀਰਥ ਹਨ ਸਾਰਿਆਂ ਤੇ ਸਿਰਫ ਭਲੇ ਪੁਰਸ਼ਾ ਦੇ ਚਰਨਾਂ ਦੀ ਧੂੜ ਦੀ ਲੋਚਾ ਹੀ ਕਰਨੀ ਚਾਹੀਦੀ ਹੈ। ਜਦ ਪ੍ਰਮਾਤਮਾ ਦੇ ਭਗਤ ਦੇ ਸੱਚੇ ਸੰਤ ਗੁਰੂ ਦੇ ਦੇ ਦਰਸ਼ਨ ਹੋ ਜਾਣ ਤਾਂ ਉਸ ਦੀ ਚਰਨ ਧੂੜ ਮਸਤਕ ਲਾਉਣੀ ਚਾਹਦਿੀ ਹੈ। ਪਰਮਾਤਮਾ ਦੀ ਰਚੀ ਇਹ ਸਾਰੀ ਸ਼੍ਰਿਸ਼ਟੀ ਸਾਧੂ-ਭਗਤ-ਗੁਰੂ-ਦੁਰਮੁਖ-ਸਤਿਗੁਰੂ ਦੀ ਧੂੜ ਲੋਚਦੀ ਹੈ। ਜਿਸ ਦੇ ਭਾਗੀਂ ਲਿੀਖਆ ਹੁੰਦਾ ਹੈ ਉਹ ਸੰਤ-ਗੁਰੂ ਦੀ ਚਰਨ ਧੂੜ ਪ੍ਰਾਪਤ ਕਰ ਲੈਂਦਾ ਹੈ ਜਿਸ ਸਦਕਾ ਪ੍ਰਮਾਤਮਾਂ ਮਿਹਰ ਕਰਕੇ ਪਾਰ ਲਗਾ ਦਿੰਦਾ ਹੈ। ਏਥੇ ਚਰਨ ਧੂੜ ਤੋਂ ਗੁਰੂ ਤੋਂ ਨਾਮ ਸੁਣਨ ਤੇ ਨਾਮ ਜਪਣ ਦੀ ਸਿਖਿਆ ਤੋਂ ਹੈ:

ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥ ੧ ॥ ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ॥ ੧ ॥ ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥ ੩ ॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥ ੪ ॥ ੨ ॥ ( ਮਲਾਰ ਮਹਲਾ ੪, ਪੰਨਾ ੧੨੬੩)

ਧਰਮ ਦੀ ਵੀਚਾਰ ਹੀ ਤੀਰਥ ਹੈ ਜਿਥੇ ਪੁਰਬਾਂ ਦੇ ਸਮੇਂ ਮਨੁਖ ਗਿਆਨ ਇਸ਼ਨਾਨ ਕਰਦੇ ਹਨ:
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥ (ਮ: ੧, ਪੰਨਾ ੧੨੭੬)

ਜਦ ਮਨ ਵਿਚ ਕ੍ਰੋਧ ਤੇ ਵਿਕਰਾਲ ਹੰਕਾਰ ਹੋਵੇ ਤੇ ਪ੍ਰਾਣੀ ਬੜੇ ਵਿਸਥਾਰ ਨਾਲ ਸਾਰੀਆਂ ਰਹੁ ਰੀਤੀਆ ਨਾਲ ਪੂਜਾ ਕਰੇ ਤੇ ਇਸ਼ਨਾਨ ਕਰਕੇ ਤਨ ਤੇ ਚਕਰ ਬਣਾਵੇ ਤਾਂ ਵੀ ਅੰਦਰ ਦੀ ਮੈਲ ਕਦੇ ਨਹੀਂ ਜਾਂਦੀ।ਆਪੇ ਤੇ ਸੰਜਮ- ਕਾਬੂ ਕਿਸੇ ਨੇ ਨਹੀਂ ਪਾਇਆ, ਵਾਹਿਗੁਰੂ ਜਪਣ ਦੇ ਆਸਣ ਤਾਂ ਧਾਰ ਲਏ ਪਰ ਮਨ ਮਾਇਆ ਦਾ ਮੋਹਿਆ ਹੀ ਰਿਹਾ। ਪਾਪ ਕਰਨ ਵਾਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿਚ ਹੁੰਦਾ ਹੈ ਜਿਸ ਨੂੰ ਉਹ ਕਹਿੰਦਾ ਹੈ ਕਿ ਤੀਰਥ ਨਹਾਤੇ ਸਭ ਲਾਹ ਕੇ ਸੁੱਟ ਦੇਵੇਗਾ।ਨਿਸੰਗ ਹੋ ਕੇ ਮਾਇਆ ਕਮਾਉਣ ਲਗਾ ਰਹਿੰਦਾ ਹੈ। ਉਸ ਤੇ ਪਾਪਾਂ ਦੇ ਏਨੇ ਦਾਗ ਹੁੰਦੇ ਹਨ ਕਿ ਯਮ ਉਸ ਨੂੰ ਬੰਨ ਲੈਂਦੇ ਹਨ ਨਰਕ ਭੇਜਣ ਲਈ।

ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਏ ॥ ੧ ॥ ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥ ੧ ॥ ਰਹਾਉ ॥ ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥ ੨ ॥ (ਪੰਨਾ ੧੩੪੮)

ਹੋਮ, ਯਗ, ਉਲਟਾ ਲਟਕ ਕੇ ਤਪ ਤੇ ਪੁਜਾ ਪਾਠ, ਤੀਰਥਾਂ ਦੇ ਕ੍ਰੋੜਾਂ ਇਸ਼ਨਾਨ ਸਭ ਬੇਫਾਇਦਾ ਹਨ। ਪ੍ਰਮਾਤਮਾ ਵਲ ਪਲ ਭਰ ਵੀ ਧਿਆਨ ਤੇ ਉਸ ਨੂਮ ਜਪਣ ਨਾਲ ਸਾਰੇ ਕਰਜ ਪੂਰੇ ਹੋ ਜਾਂਦੇ ਹਨ ਭਾਵ ਸਭ ਦੁਖ ਪਾਪ ਕਟ ਜਾਂਦੇ ਹਨ ਤੇ ਜੀਵ ਮੁਕਤੀ ਦਾ ਭਾਗੀ ਹੋ ਜਾਦਾ ਹੈ;

ਹੋਮ ਜਗ ਉਰਧ ਤਪ ਪੂਜਾ ॥ ਕੋਟਿ ਤੀਰਥ ਇਸਨਾਨੁ ਕਰੀਜਾ ॥ ਚਰਨ ਕਮਲ ਨਿਮਖ ਰਿਦੈ ਧਾਰੇ ॥ ਗੋਬਿੰਦ ਜਪਤ ਸਭਿ ਕਾਰਜ ਸਾਰੇ ॥ ੬ ॥ (ਪੰਨਾ ੧੩੪੯)

ਨਾਮ ਸੁਣਨ ਨਾਲ ਵਿਦਿਆ ਪੜ੍ਹ ਪੜ੍ਹ ਕੇ ਪ੍ਰਾਪਤ ਹੋਣ ਵਾਲਾ ਮਾਣ ਵੀ ਪ੍ਰਾਪਤ ਹੋ ਜਾਂਦਾ ਹੈ:

ਸੁਣਿਐ ਪੜਿ ਪੜਿ ਪਾਵਹਿ ਮਾਨੁ॥

ਕਈ ਪੜ੍ਹ ਪੜ੍ਹ ਕੇ ਬਣੇ ਪੰਡਿਤ ਵਾਦ ਵਿਵਾਦ ਵਿਚ ਪੈ ਕੇ ਅਹੰ ਨੂੰ ਪੱਠੇ ਪਾਉਣ ਲਈ ਮਾਇਆ ਮੋਹ ਵਿਚ ਲਿਪਤ ਹੋ ਜਾਂਦੇ ਹਨ। ਪ੍ਰਮਾਤਮਾਂ ਤੋਂ ਵਖਰੀ ਸੋਚ ਰੱਖ ਕੇ ਦੁਨੀਆਦਾਰੀ ਨਾਲ ਪ੍ਰੇਮ ਪਾਉਂਦੇ ਹਨ ਤੇ ਨਾਮ ਨੂੰ ਵਿਸਾਰ ਦਿੰਦੇ ਹਨ ਅਜਿਹੇ ਮਨਮਤੀਆਂ ਮਨਮੁੱਖਾਂ ਨੂੰ ਸਜ਼ਾ ਦਾ ਭਾਗੀ ਬਣਨਾ ਪੈਂਦਾ ਹੈ। ਜੋ ਸਾਰੇ ਜਗ ਨੂੰ ਰਿਜ਼ਕ ਦਿੰਦਾ ਹੈ ਉਸਨੂੰ ਹੀ ਨਹੀਂ ਧਿਆਉਂਦੇ ਉਨ੍ਹਾ ਦੇ ਗਲੋਂ ਯਮ ਦਾ ਫਾਹਾ ਭਲਾ ਕਿਵੇਂ ਕੱਟ ਸਕਦਾ ਹੈ? ਉਹ ਤਾਂ ਵਾਰ ਵਾਰ ਜੰਮਣ ਮਰਨ ਦੇ ਚੱਕਰਾਂ ਵਿਚ ਪੈ ਜਾਂਦੇ ਹਨ । ਜਿਨ੍ਹਾਂ ਨੂ ਚੰਗੇ ਪੂਰਵ ਕਰਮਾਂ ਸਦਕਾ ਸਤਿਗੁਰੂ ਮਿਲ ਜਾਂਦਾ ਹੈ ਉਹ ਰਾਤ ਦਿਨ ਨਾਮ ਧਿਆਉਂਦੇ ਹਨ ਤੇ ਸੱਚ ਸਮਾਉਂਦੇ ਹਨ:

ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥ ਦੂਜੇ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਜਿਨਿੑ ਕੀਤੇ ਤਿਸੈ ਨ ਸੇਵਨੀ ਦੇਦਾ ਰਿਜਕੁ ਸਮਾਇ ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥ ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥ ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥ ੧ ॥ ਮਃ ੩ ॥ (ਸਲੋਕ ਮਃ ੩, ਪੰਨਾ ੧੨੪੯)

ਮਨੁੱਖ ਗ੍ਰੰਥਾਂ ਦੇ ਗੱਡੇ ਭਰ ਕੇ ਪੜ੍ਹ ਵਾਚ ਲਵੇ ਸਾਰੇ ਧਰਮਾਂ ਦੀਆ ਪੁਸਤਕਾਂ ਨੂੰ ਪੜ੍ਹ ਘੋਖ ਲਵੇ, ਕਿਤਬਾਂ ਪੜ੍ਹ ਵਾਚ ਕੇ ਅਪਣੀ ਦਿਮਾਗੀ ਕਿਸ਼ਤੀਆਂ ਵਿਚ ਭਰ ਲਵੇ ਤੇ ਦਿਮਾਗ ਦੇ ਸਾਰੇ ਖੱਪੇ ਪੂਰ ਲਵੇ। ਉਹ ਸਾਲਾਂ ਬੱਧੀ ਸਾਲ ਦੇ ਹਰ ਮਹੀਨੇ ਪੜ੍ਹਦਾ ਰਹੇ। ਉਹ ਅਪਣੀ ਸਾਰੀ ਉਮਰ ਪੜ੍ਹਦਾ ਵਾਚਦਾ ਹੀ ਰਹੇ ਤੇ ਹਰ ਸੁਆਦ ਨਾਲ ਪੜ੍ਹੇ ਪਰ ਗੁਰੂ ਜੀ ਫੁਰਮਾਉਂਦੇ ਹਨ ਇਸ ਸਭ ਤੋਂ ਉਪਰ ਕੇਵਲ ਇੱਕ ਰੱਬ ਦਾ ਨਾਮ ਹੈ ਬਾਕੀ ਸਭ ਪੜ੍ਹਾਈ ਹੰਕਾਰ, ਝੂਠੀ ਬਹਿਸ ਤੇ ਬਕਵਾਸ ਦਾ ਕਾਰਨ ਬਣਦੀ ਹੈ।

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥ ੧ ॥ ਮਃ ੧ ॥ (ਸਲੋਕੁ ਮਃ ੧, ਪੰਨਾ ੪੬੭)

ਜੀਵਾਂ ਅੰਦਰ ਅਸਲ ਜ਼ਿੰਦਗੀ ਸ਼ਬਦ ਤੋਂ ਹੈ ਨਾਮ ਤੋਂ ਹੈ ਜਿਸ ਨਾਲ ਪ੍ਰਮੇਸ਼ਵਰ ਨਾਲ ਮੇਲ ਹੁੰਦਾ ਹੈ।ਨਾਮ ਬਿਨਾ ਸ਼ਬਦ ਬਿਨਾ ਸਾਰਾ ਜਗੁ ਹਨੇਰਾ ਹੈ ਰੋਸ਼ਨੀ ਤਾਂ ਨਾਮ ਨਾਲ ਪ੍ਰਗਟ ਹੁੰਦੀ ਹੈ॥ ਪੰਡਤ ਤੇ ਮੋਨਧਾਰੀ ਪੜ੍ਹ ਪੜ੍ਹ ਥਕ ਗਏ ਤੇ ਭੇਖੀ ਸਰੀਰਿਕ ਇਸ਼ਨਾਨਾਂ ਕਰਦੇ ਤੀਰਥ ਇਸ਼ਨਾਨ ਕਰਦੇ ਥਕ ਗਏ।ਸ਼ਬਦ ਨਾਮ ਬਿਨਾ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਪਾਇਆ, ਨਾਮ ਵਿਹੂਣੇ ਦੁਖੀ ਹੋ ਰੋਦੇ ਕੁਰਲਾਉਂਦੇ ਜਗ ਤੋਂ ਤੁਰ ਜਾਂਦੇ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰ ਦੀ ਨਦਰ ਹੋਵੇ ਤਾਂ ਮਿਹਰ ਦੇ ਫਲ ਰਾਹੀ ਪ੍ਰਮਾਤਮਾਂ ਪ੍ਰਾਪਤੀ ਹੁੰਦੀ ਹੈ:

ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨੇੑਰੁ ਹੈ ਸਬਦੇ ਪਰਗਟੁ ਹੋਇ ॥ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥ ੨ ॥ (ਮਃ ੩, ਪੰਨਾ ੧੨੫੦)

ਹੇ ਪਰਮਾਤਮਾ! ਤੇਰੇ ਨਾਮ ਦਵਾਰਾ ਇਨਸਾਨ ਪਾਰ ਉਤਰ ਜਾਂਦਾ ਹੈ; ਨਾਮ ਦੁਆਰਾ ਹੀ ਇਜ਼ਤ ਉਪਾਸਨਾ ਹੁੰਦੀ ਹੈ। ਤੇਰਾ ਨਾਮ ਮਨ ਦਾ ਗਹਿਣਾ ਤੇ ਜੀਣ ਮਨੋਰਥ ਹੈ।ਤੇਰੇ ਹਰਿਕ ਨਾਮ ਜਪਣ ਵਾਲੇ ਦਾ ਨਾਮ ਮਸ਼ਹੂਰ ਹੋ ਜਾਂਦਾ ਹੈ। ਨਾਮ ਦੇ ਬਘੈਰ ਇਨਸਾਨ ਦੀ ਕਦੇ ਵੀ ਇਜ਼ਤ ਆਬਰੂ ਨਹੀਨ ਹੁੰਦੀ। ਹਰ ਤਰ੍ਹਾਂ ਦੀ ਹੋਰ ਚਤੁਰਾਈ ਝੂਠਾ ਦਿਖਾਵਾ ਹੈ। ਜਿਸ ਕਿਸੇ ਨੂੰ ਸਵਾਮੀ ਅਪਣਾ ਨਾਮ ਪਰਦਾਨ ਕਰਦਾ ਹੈ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।ਤੇਰਾ ਨਾਮ ਮੇਰੀ ਤਾਕਤ ਹੈ ਤੇਰਾ ਨਾਮ ਹੀ ਮੇਰਾ ਆਸਰਾ। ਤੇਰਾ ਨਾਮ ਹੀ ਮੇਰੀ ਸੈਨਾ ਹੈ ਤੇਰਾ ਨਾਮ ਹੀ ਮੇਰਾ ਪਾਤਸ਼ਾਹ।ਤੇਰੇ ਨਾਮ ਰਾਹੀਂ ਜੀਵ ਕਬੂਲ ਪੈ ਜਾਂਦਾ ਹੈ ਤੇ ਉਸ ਨੂੰ ਸ਼ਾਨ ਆਨ ਤੇ ਮਾਣ ਪ੍ਰਾਪਤ ਹੁੰਦਾ ਹੈ।ਪ੍ਰਭੂ ਜੀ! ਤੇਰੀ ਮਿਹਰ ਦੁਆਰਾ ਹੀ ਜੀਵ ਤੇ ਤੇਰੀ ਰਹਿਮਤ ਦੀ ਮੋਹਰ ਲੱਗ ਜਾਂਦੀ ਹੈ।

ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥ ਨਾਉ ਤੇਰਾ ਗਹਣਾ ਮਤਿ ਮਕਸੂਦੁ ॥ ਨਾਇ ਤੇਰੈ ਨਾਉ ਮੰਨੇ ਸਭ ਕੋਇ॥ਵਿਣੁ ਨਾਵੈ ਪਤਿ ਕਬਹੁ ਨ ਹੋਇ ॥ ੧ ॥ ਅਵਰ ਸਿਆਣਪ ਸਗਲੀ ਪਾਜੁ ॥ ਜੈ ਬਖਸੇ ਤੈ ਪੂਰਾ ਕਾਜੁ ॥ ੧ ॥ ਰਹਾਉ ॥ ਨਾਉ ਤੇਰਾ ਤਾਣੁ ਨਾਉ ਦੀਬਾਣੁ ॥ ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥ ਨਾਇ ਤੇਰੈ ਮਾਣੁ ਮਹਤ ਪਰਵਾਣੁ ॥ ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥ ੨ ॥ ॥(ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧, ਪੰਨਾ ੧੩੨੭-੧੩੨੮)

ਨਿਸ਼ਕਾਮ ਨਾਮ ਸੁਣਨ ਵਾਲੇ ਦਾ ਧਿਆਨ ਸਹਜ ਸੁਭਾਵਕ ਹੀ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ

ਸੁਣਿਐ ਲਾਗੈ ਸਹਜਿ ਧਿਆਨੁ॥

ਗੁਰਮੁਖ ਨਾਮੁ ਦਾਨੁ ਇਸਨਾਨੁ॥ ਗੁਰਮੁਖ ਲਾਗੈ ਸਹਜਿ ਧਿਆਨ॥ ਸਿਧ ਗੋਸਟਿ, ਪੰਨਾ ੯੪੨)

ਆਪਾ ਗਵਾ ਕੇ (ਹਉਮੈਂ ਮਾਰ ਕੇ) ਸਤਿਗੁਰੂ ਨੂੰ ਮਿਲਣ ਨਾਲ ਪ੍ਰਮਾਤਮਾ ਵਿਚ ਲਿਵ ਸਹਜੇ ਹੀ ਲੱਗ ਜਾਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਤਿਨ੍ਹਾਂ ਗੁਰੂ ਪਿਆਰਿਆਂ ਨੂੰ, ਗੁਰਮੁਖਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਤੇ ਉਸ ਸੱਚੇ ਵਿਚ ਵਿਲੀਨ ਹੋ ਜਾਂਦੇ ਹਨ:

ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ॥ ਨਾਨਕ ਤਿਨੑਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥ ੨ ॥ ਮਃ ੪, ਪੰਨਾ ੧੨੪੬)

ਉਹ ਗੁਰਮੁਖ ਹੁੰਦਾ ਹੈ ਜਿਸਦੀ ਬ੍ਰਿਤੀ ਦਾ ਟਿਕਾਉ ਵਾਹਿਗੁਰੂ ਸਰੂਪ ਵਿਚ ਨਿਰਯਤਨ ਟਿਕਿਆ ਰਹਿੰਦਾ ਹੈ
ਗੁਰਮੁਖਿ ਲਾਗੈ ਸਹਜਿ ਧਿਆਨੁ ॥ (ਸਿੱਧ ਗੋਧਟਿ ਰਾਮਕਲੀ ਮ: ੧, ਪੰਨਾ ੯੪੨)

ਜਦ ਪਰਮਾਤਮਾ ਸਹਜ ਸੁਭਾ ਸੁਤੇ ਸਿਧ ਹੀ ਮਿਲ ਜਾਂਦਾ ਹੈ ਤਦ ਸੁਖ ਮਿਲਦਾ ਹੈ। ਨਾਮ ਰਾਹੀਂ ਸਾਰੀਆਂ ਖਾਹਿਸ਼ਾਂ ਤ੍ਰਿਸ਼ਨਾਵਾਂ ਬੁਝ ਜਾਂਦੀਆਂ ਹਨ।

ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ॥(ਮ:੧, ਪੰਨਾ ੧੨੭੪)

ਸ਼ਬਦ ਵਿਚ ਸਮਾ ਕੇ ਸੁਖ ਸ਼ਾਂਤੀ ਨਾਲ ਨੀਂਦ ਵਿਚ ਗੜੂੰਦੀ ਨੂੰ ਵੀ ਪ੍ਰਭੂ ਆਪੇ ਮੇਲ ਲੈਂਦਾ ਹੈ ਗਲ ਲਾ ਲੈਂਦਾ ਹੈ। ਸਹਿਜ ਸੁਭਾ ਹੀ ਸਾਰੀ ਦੁਚਿੱਤੀ ਦੂਰ ਹੋ ਜਾਂਦੀ ਹੈ ਤੇ ਨਾਮ ਧੁਰ ਅੰਦਰ ਵਸ ਜਾਦਾ ਹੈ। ਜੋ ਮਨ ਦੀ ਭੰਨ ਘੜਤ ਕਰਕੇ ਮਨਮੁਖ ਤੋਂ ਗੁਰਮੁਖ ਬਣਾਉਂਦਾ ਹੈ ਅਪਣੇ ਗਲ ਉਹ ਹੀ ਆਪ ਲਾਉਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਜੋ ਪ੍ਰਮਾਤਮਾ ਸਾਨੂੰ ਧੁਰੋਂ ਹੀ ਮਿਲਿਆ ਸੀ ਉਹ ਹੁਣ ਅਗਿਓਂੁ ਆਂ ਕੇ ਮਿਲਦਾ ਹੈ:

ਸਹਜੇ ਸੁਖਿ ਸੁਤੀ ਸਬਦਿ ਸਮਾਇ ॥ ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ ਦੁਬਿਧਾ ਚੂਕੀ ਸਹਜਿ ਸੁਭਾਇ ॥ ਅੰਤਰਿ ਨਾਮੁ ਵਸਿਆ ਮਨਿ ਆਇ ॥ ਸੇ ਕੰਠਿ ਲਾਏ ਜਿ ਭੰਨਿ ਘੜਾਇ ॥ ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥ ੧ ॥ ਸਲੋਕ ਮਃ ੩, ਪੰਨਾ ੧੨੪੭)

ਗੁਰੂ ਜੀ ਫੁਰਮਾਉਂਦੇ ਹਨ ਹਨ ਕਿ ਜੋ ਭਗਤ ਹਰੀ ਦੇ ਨਾਮ ਵਿਚ ਸਮਾਏ ਹੋਏ ਹਨ ਉਨ੍ਹਾਂ ਨੂੰ ਹੋਰ ਕੋਈ ਚਿੱਤ ਨਹੀਂ ਆਉਂਦਾ

ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥ ੨੨ ॥ (ਪੰਨਾ ੧੨੪੬)

ਜੋ ਸੱਚੇ ਸਤਿਗੁਰ ਦਾ ਨਾਮ ਧਿਆਉਂਦੇ ਹਨ ਜਿਨ੍ਹਾਂ ਦੀ ਸੱਚੇ ਸਬਦ ਰਾਹੀਂ ਇਕੋ ਨਾਲ ਲਿਵ ਲੱਗੀ ਹੋਈ ਹੈ ਉਹ ਵੱਡੇ ਭਾਗਾਂ ਵਾਲੇ ਹਨ ਤੇ ਉਹ ਪਰਿਵਾਰ ਵਿਚ ਰਹਿੰਦੇ ਹੋਏ ਵੀ ਸਹਿਜ ਸਮਾਧੀ ਵਿਚ ਲੀਨ ਹੋ ਜਾਂਦੇ ਹਨ। ਗੁਰੂ ਜੀ ਉਨ੍ਹਾਂ ਨੂੰ ਸੱਚੇ ਬੈਰਾਗੀ ਕਹਿੰਦੇ ਹਨ।

ਸਤਿਗੁਰੁ ਸੇਵਨਿ ਸੇ ਵਡਭਾਗੀ ॥ ਸਚੈ ਸਬਦਿ ਜਿਨਾੑ ਏਕ ਲਿਵ ਲਾਗੀ॥ਗਿਰਹ ਕੁਟੰਬ ਮਹਿ ਸਹਜਿ ਸਮਾਧੀ॥ ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥ ੧ ॥ ਸਲੋਕ ਮਃ ੪, ਪੰਨਾ ੧੨੪੬)
.