.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬੱਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਖਸਮੁ ਵਿਸਾਰਹਿ ਤੇ ਕਮਜਾਤਿ" ਅਥਵਾ "ਬਾਝੁ ਗੁਰੂ ਹੈ ਅੰਧ ਅੰਧਾਰਾ" - ਦਰਅਸਲ ਵਿਸ਼ੇ ਦਾ ਆਰੰਭ ਹੋਇਆ ਸੀ ਕਿ ਅਣਮਿੱਥੇ ਸਮੇਂ ਤੋਂ ਮਨੁੱਖਾ ਨਸਲ ਦੀ ਜੜ੍ਹ `ਚ ਕੁੱਝ ਅਜਿਹੇ ਮਾਰੂ ਅਤੇ ਸੰਕ੍ਰਾਮਿਕ ਰੋਗ ਵੀ ਪਣਪ ਰਹੇ ਹਨ, ਜਿਨ੍ਹਾਂ `ਚੋਂ ਕਿਸੇ ਇੱਕ ਰੋਗ ਦੀ ਹੋਂਦ ਦਾ ਕਾਇਮ ਰਹਿ ਜਾਣਾ, ਕਦੇ ਤੇ ਕਿਸੇ ਸਮੇਂ ਵੀ ਮਨੁੱਖਾ ਨਸਲ ਦੀ ਪੂਰਣ ਤੱਬਾਹੀ ਦਾ ਕਾਰਣ ਬਣ ਸਕਦੀ ਹੈ।

ਖ਼ੂਬੀ ਇਹ ਕਿ ਸੰਸਾਰ `ਚ ਇਸ ਸਮੇਂ ਦੌਰਾਨ ਵੱਡੇ-ਵੱਡੇ ਅਉਲੀਏ, ਪੈਗੰਬਰ ਤੇ ਮਹਾਨ ਹਸਤੀਆਂ ਵੀ ਆਈਆਂ। ਉਨ੍ਹਾਂ `ਚੋਂ ਵੀ ਵਿਰਲਿਆਂ ਨੂੰ ਛੱਡ ਕੇ ਕੇਵਲ ਕੁੱਝ ਨੇ ਹੀ ਅਜਿਹੇ ਇੱਕ ਜਾਂ ਦੋ ਰੋਗਾਂ ਵੱਲੋਂ, ਮਨੁੱਖ ਸਮਾਜ ਨੂੰ ਸੁਚੇਤ ਕੀਤਾ ਅਤੇ ਰਾਹੇ ਪਾਉਣ ਦਾ ਯਤਣ ਕੀਤਾ, ਪਰ ਉਸ ਤੋਂ ਵੱਧ ਉਨ੍ਹਾਂ ਨੇ ਵੀ ਨਹੀਂ।

ਜਦਕਿ ਇਹ ਮਾਨ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਅਤੇ ਗੁਰਬਾਣੀ ਦੇ ਪ੍ਰਕਾਸ਼ ਨੂੰ ਹੀ ਪ੍ਰਾਪਤ ਹੈ ਜਿਸ ਨੇ ਮਨੁੱਖਾ ਜੀਵਨ ਦੇ ਇਤਨੇ ਲੰਮੇਂ ਇਤਿਹਾਸ `ਚ, ਕੇਵਲ ਪਹਿਲੀ ਵਾਰ, ਮਨੁੱਖ ਦੀ ਜੜ੍ਹ `ਚ ਲਗਾਤਾਰ ਪਣਪਦੇ ਆ ਰਹੇ ਸਮੂਚੇ ਤੌਰ `ਤੇ ਅਜਿਹੇ ਸਮੂਹ ਸੰਕ੍ਰਾਮਿਕ ਰੋਗਾਂ ਵੱਲੋਂ, ਮਨੁੱਖ ਸਮਾਜ ਨੂੰ ਉਨ੍ਹਾਂ ਬਾਰੇ ਕੇਵਲ ਚੇਤਾਇਆ ਤੇ ਸੁਚੇਤ ਹੀ ਨਹੀਂ ਕੀਤਾ, ਬਲਕਿ ਗੁਰੂ ਕਾਲ ਦੇ ੨੩੯ ਵਰਿਆਂ ਦੇ ਇਤਿਹਾਸ ਦੌਰਾਨ ਉਨ੍ਹਾਂ ਦੇ ਸਮਾਧਾਨ ਕਰਕੇ ਮਨੁੱਖ ਨੂੰ ਉਨ੍ਹਾਂ ਪੱਖੋਂ ਸੱਚ ਦੇ ਮਾਰਗ `ਤੇ ਵੀ ਪਾਇਆ, ਤਾ ਕਿ ਉਹ ਸਦਾ ਲਈ ਉਨ੍ਹਾਂ ਪਾਸਿਆਂ ਤੋਂ ਸੰਭਲ ਵੀ ਸਕੇ।

ਇਸ ਤਰ੍ਹਾਂ ਮਨੁੱਖਾ ਨਸਲ ਦੀ ਸੰਭਾਵਿਤ ਅਤੇ ਕਦੇ ਵੀ ਪੂਰਣ ਤੱਬਾਹੀ ਦਾ ਕਾਰਣ ਬਣ ਸਕਣ ਵਾਲੇ ਉਨ੍ਹਾਂ ਕੁੱਝ ਸੰਕ੍ਰਾਮਿਕ, ਭਿਆਣਕ ਅਤੇ ਮਾਰੂ ਰੋਗਾਂ ਦੀ ਹੋਂਦ ਉਪਰ, ਅਤੇ ਉਹ ਵੀ ਗੁਰਬਾਣੀ ਦੀ ਰੋਸ਼ਨੀ `ਚ ਕੇਵਲ ਇੱਕ ਸਰਸਰੀ ਝਾਤ:-

(੧) "ਕਰਣ ਕਾਰਣ ਪ੍ਰਭੁ ਏਕੁ ਹੈ…" - "ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ" (ਪੰ: ੩੫੦) ਅਨੁਸਾਰ ਅੱਜ ਸਮੂਚੇ ਮਨੁੱਖ ਮਾਤ੍ਰ ਦੇ "ਇਕੋ ਇਕ" "ਸਿਰਜਨਹਾਰ", "ਕਰਤਾ ਧਰਤਾ" ਰੱਬ ਜੀ ਦੀ ਹੋਂਦ ਵਾਲਾ ਵਿਸ਼ਾ, ਦਿਨ ਦੀ ਰੌਸ਼ਨੀ ਵਾਂਙ ਸਪਸ਼ਟ ਹੁੰਦਾ ਜਾ ਰਿਹਾ ਹੈ। ਉਸੇ ਤੋਂ ਉਸ ਦੇ ਨਾਲ-ਨਾਲ ਇਹ ਵੀ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਉਸ "ਇਕੋ ਇਕ" "ਕਰਤਾ ਪੁਰਖ" ਦੀ ਸੋਝੀ ਤੋਂ ਬਿਨਾ ਮਨੁੱਖ ਸਮਾਜ ਅੰਦਰ ਸੱਚਾ "ਮਨੁੱਖੀ ਭਰਾਤ੍ਰੀ ਭਾਵ" ਅਤੇ "ਮਨੁੱਖੀ ਭਾਈਚਾਰਾ" ਕਦੇ ਵੀ ਪੈਦਾ ਨਹੀਂ ਹੋ ਸਕਦਾ।

ਦੂਜੇ ਪਾਸੇ, ਇਸ ਦੇ ਬਦਲੇ ਅਨੇਕਾਂ ਇਸ਼ਟਾਂ, ਭਗਵਾਨਾਂ, ਅਵਤਾਰਾਂ, ਦੇਵੀ-ਦੇਵਤਿਆਂ, ਕੱਬਰਾਂ-ਪੱਥਰਾਂ, ਮੜ੍ਹੀਆਂ, ਨਦੀਆਂ, ਪਸ਼ੂਆਂ, ਸੱਪਾਂ, ਪੌਦਿਆਂ-ਬਿਰਖਾਂ ਆਦਿ ਦੀ ਪੂਜਾ ਵਾਲਾ ਵਿਸ਼ਾ ਅੱਜ, ਸੂਝਵਾਣ ਲੋਕਾਈ ਵਿਚਾਲੇ ਆਪਣੇ ਆਪ ਬੀਤੇ ਸਮੇਂ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਸੂਰਜ, ਚੰਦ, ਹਵਾ, ਪਾਣੀ ਆਦਿ ਨੂੰ ਦੇਵਤੇ ਮੰਨਣ ਵਾਲੇ ਅੱਜ ਆਪ ਇਨ੍ਹਾਂ ਦੀਆਂ ਗਹਿਰੀਆਂ ਤੋਂ ਗਹਿਰੀਆਂ ਖੋਜਾਂ `ਚ ਰੁਝੇ ਹੋਏ ਹਨ। ਬਲਕਿ ਅਜੋਕੀ ਸੰਪੂਰਣ ਵਿਗਿਆਣਕ ਅਤੇ ਸਾਇੰਸ ਦੀ ਉਨਤੀ ਤਾਂ ਮੂਲ ਰੂਪ `ਚ ਇਨ੍ਹਾਂ ਦੀ ਗਹਿਰੀ ਤੋਂ ਗਹਿਰੀ ਖੋਜਾਂ `ਤੇ ਹੀ ਆਧਾਰਤ ਹੈ। ਇਨ੍ਹਾਂ ਦੀਆਂ ਖੋਜਾਂ ਕਰਣ ਵਾਲੇ ਅੱਜ, ਆਪ ਵੀ ਇਨ੍ਹਾਂ ਨੂੰ ਦੇਵਤੇ ਘੱਟ ਬਲਕਿ ਕੁਦਰਤ ਦਾ ਅਭਿੰਨ ਅੰਗ, ਕਰਤੇ ਕਾਦਿਰ ਦੀ ਦੇਣ ਅਤੇ ਕੇਵਲ ਦਾਤਾਂ ਹੀ ਮੰਨ ਰਹੇ ਹਨ। ਜਦਕਿ ਇਸ ਵਿਸ਼ੇ ਉਪਰ ਗੁਰਬਾਣੀ ਦਾ ਤਾਂ ਸਦੀਆਂ ਪਹਿਲਾਂ ਤੋਂ ਹੀ ਸਪਸ਼ਟ ਨਿਰਣਾ ਤੇ ਫ਼ੈਸਲਾ ਹੈ:-

ਸਲੋਕ ਮਃ ੧॥ ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ ੧ (ਪੰ: ੪੬੪)

ਇਸ ਤੋਂ ਬਾਅਦ ਬਾਕੀ ਤਾਂ ਕੁੱਝ ਲੋਕਾਂ ਰਾਹੀਂ ਇਸ ਪੱਖੋਂ ਕੇਵਲ ਲਕੀਰ ਨੂੰ ਪਿੱਟਦੇ ਰਹਿਣ ਵਾਲੀ ਗੱਲ ਹੀ ਰਹਿ ਜਾਂਦੀ ਹੈ। ਇਸ ਤੋਂ ਬਾਅਦ ਉਹ ਕੇਵਲ "ਮੈ ਨਾ ਮਾਨੂੰ ਵਾਲੀ" ਬੇ-ਸਿਰਪੈਰ ਦੀ ਰੱਟ ਹੀ ਰਹਿ ਜਾਂਦੀ ਹੇ ਜਿਹੜੀ ਬਿਲਕੁਲ ਵੱਖਰੀ ਗੱਲ ਹੈ ਤੇ ਜਿਸ ਦਾ ਕਿਸੇ ਕੋਲ ਕੋਈ ਉੱਤਰ ਨਹੀਂ।

ਜਦਕਿ "ਗੁਰਬਾਣੀ ਦੇ ਉਸ ਚਾਨਣ ਤੋਂ ਬਾਅਦ", ਇਸ ਸੰਬਧੀ ਸੱਚ ਵੀ ਇਹੀ ਹੈ ਕਿ ਉਸ ਹਾਲਤ `ਚ, ਲੰਮੇ ਸਮੇਂ ਤੋਂ ਸੂਰਜ ਤੇ ਚੰਦ ਗ੍ਰਹਿਣਾਂ ਨਾਲ ਸੰਬੰਧਤ ਅਤੇ ਪ੍ਰਚਲਤ ਕੀਤੀਆਂ ਹੋਈਆਂ ਉਹ ਰਾਹੂ ਤੇ ਕੇਤੂ ਦੀਆਂ ਕਹਾਣੀਆਂ ਅੱਜ ਪੂਰੀ ਤਰ੍ਹਾਂ ਆਪਣੀ ਸਾਰ ਗੁਆ ਚੁੱਕੀਆਂ ਹਨ।

ਹੋਰ ਤਾਂ ਹੋਰ, ਅੱਜ ਅਨੇਕਾਂ ਵਾਰ ਲੋਕਾਈ ਉਸ ਚੰਨ `ਤੇ ਸੈਰ ਕਰਣ ਦੇ ਨਾਲ-ਨਾਲ, ਸਬੂਤ ਵਜੋਂ ਚੰਦ ਦੀ ਧਰਤੀ ਦੀ ਮਿੱਟੀ ਵੀ ਆਪਣੇ ਨਾਲ ਲਿਆ ਚੁੱਕੀ ਹੈ। ਜਦਕਿ:-

"ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ. ." (ਬਾਣੀ ਜਪੁ)

ਭਾਵ ਗੁਰਬਾਣੀ ਤਾਂ ਸਦੀਆਂ ਪਹਿਲਾਂ ਉਸ ਇੱਕ ਚੰਦ ਤੇ ਸੂਰਜ ਦੀ ਪੂਜਾ ਤੇ ਗ੍ਰਿਹਣਾ ਵਾਲੇ ਵਿਸ਼ਵਾਸਾਂ ਨੂੰ ਪਛਾੜ ਕੇ, ਸਦੀਵੀ ਸੱਚ `ਤੇ ਆਧਾਰਤ ਅਨੇਕਾਂ (ਕੇਤੇ) ਚੰਦ੍ਰਮਾ ਅਤੇ ਸੂਰਜਾਂ ਵਾਲੀ ਵਿਆਖਿਆ ਵੀ ਕਰ ਚੁੱਕੀ ਹੋਈ ਅਤੇ ਅਜੋਕੀਆਂ ਵਿਗਿਆਨਕ ਖੋਜਾਂ ਰਾਹੀਂ ਗੁਰਬਾਣੀ ਦਾ ਇਹ ਸੱਚ ਵੀ ਆਪਣੇ ਆਪ ਪ੍ਰਕਟ ਹੁੰਦਾ ਜਾ ਰਿਹਾ ਹੈ।

ਮੁੱਕਦੀ ਗੱਲ, ਅੱਜ ਆਪਣੇ ਆਪ ਸਾਰੀ ਮਾਨਵਤਾ ਆਪਣੇ ਆਪ, –ਗੁਰਬਾਣੀ ਆਧਾਰਤ ਇਕੋ-ਇਕ "ਕਰਤਾ ਪੁਰਖ" ਰੱਬ ਜੀ, ਇਕੋ-ਇਕ ਗੁਰੂ, ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਨਿਯਤ ਇਕੋ-ਇਕ ਸੱਚ ਧਰਮ ਤੇ ਇਕੋਇਕ ਮਨੁੱਖੀ ਭਾਈਚਾਰੇ ਵਾਲੇ ਗੁਰਬਾਣੀ ਦੇ ਧਿਾਂਤਾਂ ਵੱਲ ਹੀ ਵੱਧ ਰਹੀ ਹੈ। ਇਹ ਕਰਾਮਾਤ ਹੈ ਗੁਰਬਾਣੀ ਦੀਆਂ ਜੁਗੋ ਜੁਗ ਅਟੱਲ ਸੱਚਾਈਆਂ ਦੀ। ਤਾਂ ਤੇ:-

ਸਲੋਕੁ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥ ੧ (ਪ: ੨੭੬) ਆਦਿ

(੨) ਬ੍ਰਾਹਮਣ-ਸ਼ੂਦਰ ਦੇ ਭੇਦ ਅਤੇ ਛੂਆ-ਛੂਤ ਵਾਲਾ ਕੋੜ੍ਹ? -ੂਆ-ਛੂਤ ਤੇ ਵਰਣ-ਵੰਡ ਦੇ ਖਿਲਾਫ ਅੱਜ ਉਹ ਲੋਕ ਪ੍ਰਚਾਰ ਕਰ ਰਹੇ ਹਨ ਜਿਹੜੇ ਕਲ ਤੀਕ ਇਸ ਦੇ ਮੁਦਈ ਸਨ। ਬਲਕਿ ਇਸ ਛੂਆ-ਛੂਤ, ਵਰਣ-ਵੰਡ, ਸੁੱਚ-ਭਿੱਟ, ਬ੍ਰਾਹਮਣ-ਸ਼ੂਦਰ ਦੇ ਫ਼ਾਸਲੇ ਨੂੰ ਅੱਜ ਮਨੁੱਖ ਸਮਾਜ ਦੀ ਹੋ ਰਹੀ ਤਰੱਕੀ `ਚ ਸਭ ਤੋਂ ਵੱਡੀ ਰੁਕਾਵਟ ਵੀ ਮੰਣਿਆ ਜਾ ਰਿਹਾ ਹੈ। ਕੀ ਇਹ ਅਕੱਟ ਸਚਾਈ ਨਹੀਂ ਕਿ:-

ਅੱਜ ਰੈਸਟੋਰੈਂਟਾਂ, ਹੋਟਲਾਂ, ਸ਼ਾਦੀਆਂ ਆਦਿ ਦੇ ਇਕੱਠਾਂ ਆਦਿ `ਚ ਬਹੁਤੇ ਖਾਣ-ਪਾਣ ਦੇ ਵਿਅੰਜਣ, ਬਹੁਤੇ ਕਰਕੇ ਅਖੌਤੀ ਸ਼ੂਦਰਾਂ ਦੇ ਹੱਥੋਂ ਹੀ ਤਿਆਰ ਹੋ ਰਹੇ ਅਤੇ ਵਰਤਾਏ ਵੀ ਜਾ ਰਹੇ ਹੁੰਦੇ ਹਨ। ਫ਼ਿਰ ਉਨ੍ਹਾਂ ਪਾਸੋਂ ਛਕਣ ਵਾਲਿਆਂ `ਚ ਬਹੁਤੇ ਲੋਕ ਉਨ੍ਹਾਂ ਅਖੌਤੀ ਉਚ ਜਾਤੀਆਂ ਦੇ ਹੀ ਹੁੰਦੇ ਹਨ।

ਜਦਕਿ ਇਹ ਕ੍ਰਿਸ਼ਮਾਂ ਵੀ ਗੁਰਬਾਣੀ ਦੇ ਸਰਬ ਕਾਲੀ ਸੱਚ ਦਾ ਹੀ ਹੈ, ਜਿਸ ਨੇ ਸਭ ਤੋਂ ਪਹਿਲਾਂ ਮਨੁੱਖ ਸਮਾਜ ਵਿੱਚਲੇ ਇਸ ਵਰਣ ਵੰਡ ਤੇ ਛੂਆ-ਛੂਤ ਆਦਿ ਵਰਗੇ ਘਿਨਾਉਣੇ ਵਿੱਤਕਰਿਆਂ ਵੱਲੋਂ ਵੀ ਵੰਗਾਰਿਆ ਅਤੇ ਫ਼ੁਰਮਾਇਆ ਸੀ ਜਿਵੇਂ:-

() "ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ" (ਪੰ: ੬੭)

() "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫)

() "ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ, ਜਾ ਪਤਿ ਲੇਖੈ ਪਾਏ" (ਪੰ: ੮੩) ਆਦਿ

(੩) ਪੁਰਖ ਵਰਗ ਵੱਲੋਂ ਇਸਤ੍ਰੀ ਵਰਗ ਦੀ ਅਵਹੇਲਣਾ? - ਜਦਕਿ ਉਸ ਚਲਣ ਦੇ ਉਲਟ ਇਸਤ੍ਰੀ ਵਰਗ ਨੂੰ ਬਰਾਬਰੀ ਦੇਣ ਦੀਆਂ ਗੱਲਾਂ ਵੀ ਅੱਜ ਦੇ ਸਮਾਜ `ਚ ਸਭ ਤੋਂ ਉੱਤੇ ਹਨ। ਦਹੇਜ ਪ੍ਰਥਾ, ਵਿਧਵਾ ਢੌਂਗ, ਦੇਵਦਾਸੀ ਪ੍ਰਥਾ, ਪਰਦਾ ਪ੍ਰਥਾ, ਸਤੀ ਪ੍ਰਥਾ, ਲੜਕੀ ਦੇ ਜਨਮ ਨੂੰ ਨਫਰਤ ਨਾਲ ਦੇਖਣਾ ਆਦਿ ਵਾਲੇ ਵਿਸ਼ਵਾਸਾਂ ਨੂੰ ਜਨਮ ਦੇਣ ਵਾਲੇ, ਇਨ੍ਹਾਂ ਦੇ ਕੁਪ੍ਰਭਾਵਾਂ ਤੋਂ ਅੱਜ ਆਪ ਇਨੇਂ ਵੱਧ ਪ੍ਰੇਸ਼ਾਨ ਹਨ ਕਿ ਇਨ੍ਹਾਂ ਸਮਾਜਿਕ ਬੁਰਾਈਆਂ ਦੇ ਉਨਮੂਲਣ ਲਈ ਉਹ---ਨਿੱਤ ਨਵੇਂ ਨਾਟਕ, ਕਹਾਣੀਆਂ, ਸੀਰੀਅਲ, ਮਹਿਲਾ ਵਰਸ਼ ਆਦਿ ਮਨਾਅ ਅਤੇ ਬੇਟੀ ਬਚਾਓ-ਬੇਟੀ ਪੜਾਓ ਆਦਿ ਦੇ ਨਾਰੇ ਦੇ ਕੇ ਇਸ ਦੋਜ਼ਖ `ਚੋਂ ਵੀ ਨਿਕਲਣਾ ਚਾਹੁੰਦੇ ਹਨ।

ਸਾਰੇ ਪਾਸੇ ਹੱਥ ਮਾਰ ਰਹੇ ਹਨ, ਮੰਨ ਚੁੱਕੇ ਹਨ ਕਿ ਉਨ੍ਹਾਂ ਦੀ ਉਸ ਮਾੜੀ ਸੋਚਣੀ ਕਾਰਣ ਹੀ ‘ਇਸਤ੍ਰੀ ਜਗਤ’ ਦੇ ਰੂਪ `ਚ ਸਮਾਜ ਦੀ ਬਹੁਤ ਵੱਡੀ ਤਾਕਤ ਤੱਬਾਹ ਹੋ ਰਹੀ ਹੈ।

ਸਮੂਚੇ ਤੌਰ `ਤੇ ਮਨੁਖ ਸਮਾਜ ਨੂੰ ਇਸ ਪੱਖੌਂ ਵੀ ਜੇਕਰ ਸਹਾਰਾ ਅਤੇ ਮੁੜ ਸੰਭਲਣ ਲਈ ਰਾਹ ਮਿਲਦਾ ਹੈ ਤਾਂ ਉਹ ਕੇਵਲ ਤੇ ਕੇਵਲ ਗੁਰਬਾਣੀ ਵਾਲੇ ਸਦੀਵੀ ਸੱਚ ‘ਤੋਂ ਹੀ। ਜਦਕਿ ਇਸ ਵਿਸ਼ੇ ਸੰਬੰਧੀ ਵੀ ਗੁਰਬਾਣੀ `ਚ ਸਦੀਆਂ ਪਹਿਲਾਂ ਤੋਂ ਬੇਅੰਤ ਫ਼ੁਰਮਾਨ ਪ੍ਰਾਪਤ ਹਨ ਜਿਨ੍ਹਾਂ `ਚੋਂ:-

() "ਇਸਤਰੀ ਪੁਰਖ ਹੋਇ ਕੈ, ਕਿਆ ਓਇ ਕਰਮ ਕਮਾਹੀ॥ ਨਾਨਾ ਰੂਪ ਸਦਾ ਹਹਿ ਤੇਰੇ, ਤੁਝ ਹੀ ਮਾਹਿ ਸਮਾਹੀ" (ਪੰ: ੧੬੨)

() "ਆਪੇ ਪੁਰਖੁ ਆਪੇ ਹੀ ਨਾਰੀ॥ ਆਪੇ ਪਾਸਾ ਆਪੇ ਸਾਰੀ॥ ਆਪੇ ਪਿੜ ਬਾਧੀ ਜਗੁ ਖੇਲੈ, ਆਪੇ ਕੀਮਤਿ ਪਾਈ ਹੇ "ੇ (ਪੰ: ੧੦੨੦)

() "ਨਾਰੀ ਪੁਰਖ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ" (ਪ: ੯੮੩) ਬਲਕਿ

() "ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨॥" (ਪੰ: ੪੭੩) ਹੋਰ

() "ਮਃ ੧॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ" (ਪੰ: ੪੭੨) ਆਦਿ

(੪) ਡਰੱਗ ਤੇ ਨਸ਼ਿਆਂ ਵਾਲਾ ਦੈਂਤ- ਅੱਜ ਡਰੱਗਜ਼ ਤੇ ਨਸ਼ਿਆਂ ਵਾਲੇ ਦੈਂਤ ਨੇ ਸਮੂਚੇ ਮਨੁੱਖ ਸਮਾਜ ਨੂੰ ਤੱਬਾਹੀ ਦੇ ਕਗਾਰ `ਤੇ ਲਿਆ ਖੜਾ ਕੀਤਾ ਹੈ। ਜਦਕਿ ਇਸ ਸੰਬੰਧੀ ਕੇਵਲ ਭਾਰਤ `ਚ ਸੁਰ-ਸਰਾ ਦੀਆਂ ਕਹਾਣੀਆਂ ਹੀ ਨਹੀਂ ਬਲਕਿ ਸੰਸਾਰ ਤਲ `ਤੇ ਵੀ ਆਦਿ ਕਾਲ ਤੋਂ ਕਿਸੇ ਨਾ ਕਿਸੇ ਰੂਪ `ਚ ਇਹ ਭਾਰੂ ਹੈ। ਉਪ੍ਰੰਤ ਉਸੇ ਦੇ ਵਿਸਤਾਰ ਤੋਂ ਅੱਜ ਸੰਸਾਰ ਭਰ `ਚ ਖੱਤਰਾ ਪੈਦਾ ਹੋ ਚੁੱਕਾ ਹੈ ਕਿ ਇਸ ਧਰਤੀ `ਤੇ ਮਨੁੱਖ ਦੀ ਨਸਲ ਬਚੇਗੀ ਵੀ ਜਾਂ ਨਹੀਂ।

ਅੱਜ ਜਨਮ ਸਮੇਂ ਤੋਂ ਹੀ ਬੱਚੇ, ਅਪਾਹਜ ਤੇ ਲਾਇਲਾਜ ਬਿਮਾਰੀਆਂ ਨਾਲ ਲੈ ਕੇ ਪੈਦਾ ਹੋ ਰਹੇ ਹਨ। ਇਸੇ ਤੋਂ ਸੰਸਾਰ ਭਰ `ਚ ਅੱਜ ਇਹ ਵਿਸ਼ਾ ਔਲ਼ਾਦ ਤੇ ਮਾਪਿਆਂ, ਦੋਨਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਪਿਆ ਹੈ। ਮਨੁੱਖ ਸਮਾਜ ਅੰਦਰ ਆਪਣੀਆਂ ਜੜ੍ਹਾ ਜਮਾਅ ਚੁੱਕੇ ਇਸ ਨਾਮੁਰਾਦ, ਸੰਕ੍ਰਾਮਿਕ ਅਤੇ ਮਹਾ ਭਿਅੰਕਰ ਰੋਗ ਤੋਂ ਸਾਰੇ ਪਾਸੇ ਹਾਇ ਤੋਬਾ ਮੱਚੀ ਹੋਈ ਹੈ।

ਸੰਸਾਰ ਭਰ ਦੀ ਨੌਜੁਆਨ-ਪੀੜ੍ਹੀ ਅਤੇ ਉਸਦੀ ਬੇ-ਪਨਾਹ ਤਾਕਤ ਨੂੰ ਇਨ੍ਹਾਂ ਨਸ਼ਿਆਂ ਦੇ ਮੂੰਹ ਚੋਂ ਬਚਾਉਣ ਲਈ, ਅਰਬਾਂ-ਖਰਬਾਂ ਲੱਗ ਰਹੇ ਹਨ। ਨਸ਼ਿਆਂ ਕਾਰਣ ਅੱਜ ਮੁਲਕਾਂ ਦੇ ਮੁਲਕ, ਤੱਬਾਹੀ ਕਿਨਾਰੇ ਖੜੇ ਹਨ। ਸੁਰ-ਸੁਰਾ (ਸ਼ਰਾਬ) ਦੀਆਂ ਕਹਾਣੀਆਂ ਨੂੰ ਘੜਣ ਤੇ ਪ੍ਰਚਾਰਣ ਵਾਲੇ ਅੱਜ ਆਪਣੇ ਹੀ ਮੱਕੜੀ ਜਾਲ `ਚ ਫਸੇ ਕਲਪ ਰਹੇ ਹਨ; ਪਰ ਕਿਸੇ ਦਾ ਵੱਸ ਨਹੀਂ ਚੱਲ ਰਿਹਾ।

ਫ਼ਿਰ ਇਸ ਸੰਕ੍ਰਾਮਿਕ ਰੋਗ ਵਿਰੁਧ ਵੀ ਸੰਸਾਰ ਭਰ `ਚ ਜੇ ਸਭ ਤੋਂ ਪਹਿਲਾਂ ਕਿਸੇ ਆਵਾਜ਼ ਚੁੱਕੀ ਤਾਂ ਗੁਰਬਾਣੀ ਰਾਹੀਂ ਗੁਰੂ ਪਾਤਸ਼ਾਹ ਨੇ ਹੀ। ਅੱਜ ਭਾਵੇਂ ਕਲ, ਜੇਕਰ ਦੁਨੀਆ ਇਸ ਪੱਖੋਂ ਵੀ ਬਚੇਗੀ ਤਾਂ ਕੇਵਲ ਅਤੇ ਕੇਵਲ ਤਨੋਂ-ਮਨੋਂ ਗੁਰਬਾਣੀ ਦੀ ਸ਼ਰਨ `ਚ ਆ ਕੇ। ਇਸ ਸੰਬੰਧ `ਚ ਗੁਰਬਾਣੀ ਫ਼ੁਰਮਾਨ ਅਤੁ ਉਪਦੇਸ਼ ਹਨ:-

() "ਦੁਰਮਤਿ ਮਦੁ ਜੋ ਪੀਵਤੇ, ਬਿਖਲੀ ਪਤਿ ਕਮਲੀ॥ ਰਾਮ ਰਸਾਇਣਿ ਜੋ ਰਤੇ, ਨਾਨਕ ਸਚ ਅਮਲੀ" (ਪੰ: ੩੯੯)

() "ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥ ਮੈ ਦੇਵਾਨਾ ਭਇਆ ਅਤੀਤੁ॥ ਕਰ ਕਾਸਾ ਦਰਸਨ ਕੀ ਭੂਖ॥ ਮੈ ਦਰਿ ਮਾਗਉ ਨੀਤਾ ਨੀਤ" (ਪੰ: ੭੨੧)

() "ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ॥ ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ" (੧੦੦੧) ਆਦਿ ਬਲਕਿ ਇਥੌਂ ਤੀਕ ਵੀ:-

() "ਸਲੋਕ ਮ: ੩॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ" (ਪੰ: ੫੫੪)

ਅਰਥ : —ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿੱਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿੱਚ ਪੈਂਦਾ ਹੈ), ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ।

ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’ -ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿੱਚ ਰਹਿੰਦਾ ਹੈ ਤੇ ਦਰਗਾਹ ਵਿੱਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ। ੧। (ਅਰਥ-ਧੰਨਵਾਦਿ ਸਹਿਤ ਪ੍ਰੋ: ਸਹਿਬ ਸਿੰਘ ਜੀ)

(੫) ਏਡਜ਼ ਵਾਲੀ ਮਹਾਮਾਰੀ- ਸੰਸਾਰ ਭਰ `ਚ ਮਨੁੱਖ ਦੀ ਇਸਤ੍ਰੀ ਵਰਗ ਨੂੰ ਸਦਾ ਦੁਬੇਲ ਬਣਾ ਕੇ ਰੱਖਣ ਦੀ ਸੋਚਣੀ ਨੇ ਹੀ ੍ਰਡਗਜ਼, ਨਸ਼ਿਆਂ ਤੇ ਵਿੱਭਚਾਰ ਆਦਿ ਨੂੰ ਪੂਰੀ ਹਵਾ ਦਿੱਤੀ ਹੈ ਅਤੇ ਸਮੂਚੀ ਮਾਨਵਤਾ ਨੂੰ ਥੱਬਾਹੀ ਦੇ ਕਿਨਾਰੇ `ਤੇ ਲਿਆ ਕੇ ਖੜਾ ਕੀਤਾ ਹੋਇਆ ਹੈ।

ਉਪ੍ਰੰਤ ਮਨੁੱਖ ਦੀ ਇਸ ਵਿੱਭਚਾਰ ਭਰਪੂਰ ਕਰਣੀ ਨੇ ਹੀ, ਮਾਨਵ ਸਮਾਜ ਅੰਦਰ ‘ਏਡਜ਼’ ਵਾਲੇ ਦੈਂਤ ਨੂੰ ਵੀ ਖੁੱਲਾ ਰਸਤਾ ਦਿੱਤਾ ਹੋਇਆ ਹੈ। ਇਹ ਵੀ ਕਿ, ਅੱਜ ਸਮਾਜ ਅੰਦਰ ਬੇ-ਤਹਾਸ਼ਾ ਫੈਲਦੇ ਜਾ ਰਹੇ ‘ਏਡਜ਼’ ਦੇ ਮਾਰੂ ਰੋਗ ਕਾਰਣ, ਮਨੁੱਖ ਬੇ-ਅੰਤਹਾ ਘਬਰਾਇਆ, ਡਰਿਆ ਤੇ ਸਹਿਮਿਆ ਹੋਇਆ ਹੈ। ਕਿਉਂਕਿ ਜਿਸ ਮਨੁੱਖਾ ਸਰੀਰ ਅੰਦਰ ਇੱਕ ਵਾਰ ‘ਏਡਜ਼’ ਦੇ ਮਾਰੂ ਰੋਗ ਨੇ ਆਪਣੀ ਜਗ੍ਹਾ ਬਣਾ ਲਈ ਤਾਂ ਉਸਦਾ ਵੰਸ਼ ਵੀ ਉਥੇ ਹੀ ਖ਼ਤਮ ਹੋ ਜਾਂਦਾ ਹੈ, ਅੱਗੇ ਨਹੀਂ ਚੱਲ ਸਕਦਾ, ਅਮੁੱਕਾ ਮਨੁੱਖਾ ਸਰੀਰ ਉਸ ਪੱਖੋਂ ਸਦਾ ਲਈ ਨਕਾਰਾ ਹੋ ਜਾਂਦਾ ਹੈ।

ਇਸ ਲਈ ਜੇਕਰ ਮਨੁੱਖ ਨੇ ਹੁਣ ਵੀ ਇਸ ਲਾ-ਇਲਾਜ ਸੰਕ੍ਰਾਮਿਕ ਰੋਗ ਤੋਂ ਛੁਟਕਾਰਾ ਪਉਣਾ ਚਾਹੁੰਦਾ ਹੈ ਤਾਂ ਉਸਨੂੰ ਕੇਵਲ ਅਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸ਼ਰਨ `ਚ ਹੀ ਆਉਣਾ ਪਵੇਗਾ।

ਇਸ ਪੱਖੋਂ ਵੀ ਗੁਰਬਾਣੀ `ਚ ਮਨੁੱਖ ਲਈ ਬੇਅੰਤ ਚੇਤਾਵਣੀਆਂ ਅਤੇ ਇਸ ਪਾਸਿਓਂ ਉਸ ਲਈ ਸਮਾਧਾਨ ਵੀ ਮੌਜੂਦ ਹਨ। ਕਿਉਂਕਿ ਇਸ ਵਿੱਭਚਾਰਕ ਪੱਖੋਂ ਵੀ ਜੇਕਰ ਸਭ ਤੋਂ ਪਹਿਲਾਂ ਮਨੁੱਖ ਨੂੰ ਸੁਚੇਤ ਕੀਤਾ ਅਤੇ ਉਸ ਦੇ ੳੇੁਸ ਆਪਹੁੱਦਰੇਪਣ ਨੂੰ ਵੰਗਰਿਆਂ ਅਤੇ ਵਰਜਿਆ ਬਲਕਿ ਉਸ ਦੇ ਜੀਵਨ ਦੀ ਸ਼ੰਭਾਲ ਕੀਤੀ ਤਾਂ ਕੇਵਲ ਗੁਰਬਾਣੀ ਵਾਲੇ ਸਦੀਵੀ ਸੱਚ ਨੇ। ਇਸ ਪੱਖੋਂ ਵੀ ਗੁਰਬਾਣੀ ਦੇ ਫ਼ੁਰਮਾਨ, ਆਦੇਸ਼ ਅਤੇ ਚੇਤਾਵਣੀਆ ਹਨ ਜਿਵੇਂ:-

() "ਪਰ ਘਰਿ ਚੀਤੁ ਮਨਮੁਖਿ ਡੋਲਾਇ॥ ਗਲਿ ਜੇਵਰੀ ਧੰਧੈ ਲਪਟਾਇ॥ ਗੁਰਮੁਖਿ ਛੂਟਸਿ ਹਰਿ ਗੁਣ ਗਾਇ" (ਪੰ: ੨੨੬)

() "ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ, ਸਰੁ ਅਪਸਰੁ ਨ ਪਛਾਣਿਆ" (ਪੰ: ੯੩)

() "ਵੇਲਿ ਪਰਾਈ ਜੋਹਹਿ ਜੀਅੜੇ, ਕਰਹਿ ਚੋਰੀ ਬੁਰਿਆਰੀ" (ਪੰ: ੧੫੫)

() "ਮਿਥਿਆ ਨੇਤ੍ਰ ਪੇਖਤ, ਪਰ ਤ੍ਰਿਅ ਰੂਪਾਦ" (ਪੰ: ੨੬੯) ਇਸੇ ਤਰ੍ਹਾਂ ਦੂਜੇ ਪਾਸੇ ਵੀ

() "ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ" (ਪੰ: ੮੯-੯੦) ਹੋਰ

() "ਮਮਤਾ ਮੋਹੁ ਕਾਮਣਿ ਹਿਤਕਾਰੀ।। ਨਾ ਅਉਧੂਤੀ ਨਾ ਸੰਸਾਰੀ" (ਪੰ: ੯੦੩)

() "ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ" (ਪੰ: ੩੭੯)

() "ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ॥ ਨਾਨਕ ਫੁਲਾਂ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ" (ਪੰ: ੧੦੯੫)

() "ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥ ਅੰਤ ਕੀ ਬਾਰ ਮੂਆ ਲਪਟਾਨਾ" (ਪੰ: ੧੧੬੪-੬੫)

() "ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ" (ਪੰ: ੧੩੪੮) ਆਦਿ (ਚਲਦਾ) #234P-XXXII,-02.17-0217#P32v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬੱਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.