.

ਆਸਾ ਕੀ ਵਾਰ

(ਕਿਸ਼ਤ ਨੰ: 14)

ਪਉੜੀ ਤੇਰਵੀਂ ਅਤੇ ਸਲੋਕ

ਸਲੋਕੁ ਮਃ ੧।।

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ।।

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ।।

ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ।।

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ।।

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ।।

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ।। ੧।। ੪

ਪਦ ਅਰਥ:- ਮੇਰੁ – ਮੇਰੇ। ਸਰੀਰ ਕਾ – ਕਾਇਆ ਦਾ। ਇਕੁ ਰਥੁ – ਇਕੁ ਦਾ ਗਿਆਨ ਹੀ ਰੱਥ ਹੈ। ਇਕੁ ਰਥਵਾਹੁ – ਇਕੁ ਹੀ ਰਥਵਾਹੀ ਹੈ। ਜੁਗੁ ਜੁਗੁ ਫੇਰਿ ਵਟਾਈਅਹਿ – ਸਮੇਂ-ਸਮੇਂ ਨਾਲ ਫੇਰ ਬਦਲ ਕਰ ਕੇ। ਗਿਆਨੀ ਬੁਝਹਿ ਤਾਹਿ – ਆਪਣੇ ਆਪ ਨੂੰ ਗਿਆਨ ਵਾਨ ਸਮਝਦੇ ਹਨ। ਸਤਿਜੁਗ ਰਥੁ ਸੰਤੋਖ ਕਾ – ਸਤਿਜੁਗ ਦੇ ਅੰਦਰ ਸੰਤੋਖ ਦਾ ਵਰਤਦਾ ਸੀ। ਧਰਮ ਅਗੈ ਰਥਵਾਹੁ – ਧਰਮ ਅੱਗੇ ਰਥਵਾਹ ਸੀ ਭਾਵ ਧਰਮ ਮੁੱਖ ਸੀ। ਤ੍ਰੇਤੈ ਰਥੁ ਜਤੈ ਕਾ – ਤ੍ਰੇਤੇ ਦੇ ਵਿੱਚ ਜਤ ਦਾ ਰੱਥ ਸੀ। ਜੋਰੁ ਅਗੈ ਰਥਵਾਹੁ – ਜ਼ੋਰ ਜਤ ਦੇ ਅੱਗੇ ਰਥਵਾਹੀ ਸੀ। ਦੁਆਪਰਿ ਰਥੁ ਤਪੈ ਕਾ – ਦੁਆਪਰ ਦਾ ਰੱਥ ਤਪ ਹੈ। ਸਤੁ ਅਗੈ ਰਥਵਾਹੁ – ਸਤੁ ਇਸ ਦਾ ਰਥਵਾਹੀ ਸੀ। ਕਲਿਜੁਗ ਰਥੁ ਅਗਨਿ ਕਾ – ਕਲਜੁਗ ਅਗਨ ਦਾ ਰੱਥ ਹੈ। ਕੂੜੁ ਅੱਗੇ ਰਥਵਾਹੁ - ਕੂੜ ਇਸ ਦੇ ਅੱਗੇ ਰਥਵਾਹੀ ਹੈ।

ਅਰਥ:- ਹੇ ਭਾਈ! ਨਾਨਕ ਆਖਦਾ ਹੈ ਮੇਰੀ ਕਾਇਆ ਦਾ ਇਕੁ ਗਿਆਨ ਹੀ ਰੱਥ ਹੈ ਅਤੇ ਉਹ ਇਕੁ (ਕਰਤਾ) ਆਪ ਹੀ (ਸ੍ਰਿਸ਼ਟੀ ਨੂੰ ਚਲਾਉਣ ਵਾਲਾ) ਰਥਵਾਹੀ ਹੈ। ਭਾਵ ਨਾਨਕ ਇੱਕ ਦੇ ਹੀ ਗਿਆਨ ਰੂਪ ਬੇੜੇ ਦਾ ਸਵਾਰ ਹੈ, ਜਿਸ ਦਾ ਉਹ ਇੱਕ ਕਰਤਾਰ ਆਪ ਹੀ ਰਥਵਾਹੀ ਹੈ। ਜਿਹੜੇ (ਅਖੌਤੀ ਗਿਆਨੀ) ਆਪਣੇ ਆਪ ਨੂੰ ਗਿਆਨਵਾਨ ਸਮਝਦੇ ਹਨ, ਉਹ ਸਮੇਂ-ਸਮੇਂ ਨਾਲ ਫੇਰ ਬਦਲ ਕਰ ਕੇ ਰੱਥ ਅਤੇ ਰਥਵਾਹੀ ਬਦਲ ਬਦਲ ਕੇ ਪੇਸ਼ ਕਰਦੇ ਆਖਦੇ ਹਨ ਕਿ ਸਤਿਜੁਗ ਦੇ ਅੰਦਰ ਸੰਤੋਖ ਵਰਤਦਾ ਸੀ ਅਤੇ ਧਰਮ, ਸੰਤੋਖ ਧਰਮ ਦੇ ਰੱਥ ਦਾ ਰਥਵਾਹੀ ਸੀ। ਫਿਰ ਤ੍ਰੇਤੇ ਦੇ ਅੰਦਰ ਜਤ ਦਾ ਰੱਥ ਸੀ ਅਤੇ ਜ਼ੋਰ ਜਤ ਦੇ ਰੱਥ ਦੇ ਅੱਗੇ ਰਥਵਾਹੀ ਸੀ। ਦੁਆਪਰ ਨੂੰ ਇਸ ਤਰ੍ਹਾਂ ਪ੍ਰਚਾਰਿਆ ਕਿ ਤਪ ਦੁਆਪਰ ਦਾ ਰੱਥ ਹੈ ਅਤੇ ਸਤ ਇਸ ਜੁਗ ਦਾ ਰਥਵਾਹੀ ਸੀ। ਕਲਜੁਗਿ ਅਗਨ ਦਾ ਰੱਥ ਹੈ ਅਤੇ ਕੂੜ ਇਸ ਦੇ ਅੱਗੇ ਰਥਵਾਹੀ ਹੈ। (ਇਸ ਤਰ੍ਹਾਂ ਬਿਪਰ ਸਮੇਂ ਨੂੰ ਜੁਗਾਂ ਵਿੱਚ ਅਤੇ ਵੰਡਦਾ ਹੈ ਅਤੇ ਵੱਖਰੇ-ਵੱਖਰੇ ਜੁਗਾਂ ਦੀ ਇਸ ਤਰ੍ਹਾਂ ਵੱਖਰੀ-ਵੱਖਰੀ ਵਿਚਾਰਧਾਰਾ ਦਰਸਾਉਂਦਾ ਹੈ ਇਸ ਵੱਲੋਂ ਦਰਸਾਈ ਵਿਚਾਰਧਾਰਾ ਕਹਿਣੀ ਅਤੇ ਕਥਨੀ ਦੇ ਉਲਟ ਹੈ)।

ਇਸ ਤੋਂ ਅੱਗੇ (ਬਿਪਰ) ਵੱਲੋਂ ਜੋ ਵੱਖਰੇ-ਵੱਖਰੇ ਜੁਗਾਂ ਦੇ ਵੱਖਰੇ-ਵੱਖਰੇ ਅਵਤਾਰਾਂ ਅਤੇ ਵੇਦਾਂ ਦੀ ਵਿਚਾਰਧਾਰਾ ਬਾਰੇ ਜੋ ਦਰਸਾਇਆ ਜਾਂਦਾ ਹੈ, ਉਸ ਦਾ ਵਰਣਨ ਨਾਨਕ ਪਾਤਸ਼ਾਹ ਵੱਲੋਂ ਦਰਸਾਇਆ ਹੈ।

ਮਃ ੧।।

ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ।। ਸਭੁ ਕੋ ਸਚਿ ਸਮਾਵੈ।।

ਰਿਗੁ ਕਹੈ ਰਹਿਆ ਭਰਪੂਰਿ।।

ਰਾਮ ਨਾਮੁ ਦੇਵਾ ਮਹਿ ਸੂਰੁ।।

ਨਾਇ ਲਇਐ ਪਰਾਛਤ ਜਾਹਿ।।

ਨਾਨਕ ਤਉ ਮੋਖੰਤਰੁ ਪਾਹਿ।।

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ।।

ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ।।

ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ।।

ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ।।

ਚਾਰੇ ਵੇਦ ਹੋਏ ਸਚਿਆਰ।।

ਪੜਹਿ ਗੁਣਹਿ ਤਿਨੑ ਚਾਰ ਵੀਚਾਰ।।

ਭਾਉ ਭਗਤਿ ਕਰਿ ਨੀਚੁ ਸਦਾਏ।। ਤਉ ਨਾਨਕ ਮੋਖੰਤਰੁ ਪਾਏ।। ੨।।

ਪਦ ਅਰਥ:- ਸਾਮ ਕਹੈ – ਸਾਮ ਵੇਦ ਆਖਦਾ ਹੈ। ਸੇਤੰਬਰੁ – ਪੀਲੇ ਬਸਤਰਾਂ ਵਾਲਾ। ਸੁਆਮੀ – ਮਾਲਕ। ਸਚ ਮਹਿ – ਸੱਚ ਵਿੱਚ। ਆਛੈ – ਅਖੈ। ਸਾਚਿ ਰਹੈ – ਸੱਚ ਵਰਤਦਾ ਰਿਹਾ ਸੀ। ਸਭੁ ਕੋ ਸਚਿ ਸਮਾਵੈ – ਸਾਰੇ ਸੱਚ ਵਿੱਚ ਸਮਾਏ ਹੋਏ ਸਨ ਭਾਵ ਸਾਰੇ ਸੱਚ ਦਾ ਆਪਣੇ ਜੀਵਨ ਵਿੱਚ ਅਭਿਆਸ ਕਰਦੇ ਸਨ। ਰਿਗੁ ਕਹੈ ਰਹਿਆ ਭਰਪੂਰਿ – ਰਿਗ ਵੇਦ ਆਖਦਾ ਹੈ (ਦਸਰਥ ਪੁੱਤ੍ਰ ਰਾਮ) ਹੀ ਸਰਬਵਿਆਪਕ ਹੈ। ਰਾਮ ਨਾਮੁ ਦੇਵਾ ਮਹਿ ਸੂਰ – ਰਾਮ ਹੀ ਸਾਰੇ ਦੇਵਤਿਆਂ ਵਿੱਚ ਸੂਰਜ ਵਾਂਗ ਚਮਕ ਰਿਹਾ ਹੈ। ਨਾਇ ਲਇਐ ਪਰਾਛਤ ਜਾਹਿ - ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ (ਇਸ ਦਾ ਨਾਮ ਲੈਣ ਨਾਲ ਹੀ ਪਾਪ ਖਤਮ ਹੋ ਜਾਂਦੇ ਹਨ। ਨਾਨਕ ਤਉ ਮੋਖੰਤਰੁ ਪਾਹਿ – ਨਾਨਕ ਨੂੰ ਆਖਦੇ ਹਨ ਤਾਂ ਹੀ ਮੁਕਤੀ ਦੇ ਦੁਆਰੇ ਨੂੰ ਪ੍ਰਾਪਤ ਹੋਇਆ ਜਾ ਸਕਦਾ ਹੈ। ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ – ਯਜੁਰ ਵੇਦ ਆਖਦਾ ਹੈ ਉਸੇ ਨੇ ਹੀ ਧੱਕੇ ਨਾਲ ਚੰਦ੍ਰਾਵਲਿ ਨੂੰ ਛਲ ਲਿਆ ਸੀ। ਕਾਨੑ ਕ੍ਰਿਸਨੁ ਜਾਦਮੁ ਭਇਆ – ਯਜੁਰ ਆਖਦਾ ਹੈ ਚੰਦ੍ਰਾਵਲਿ ਨੂੰ (ਧੱਕੇ ਨਾਲ) ਛਲਣ ਵਾਲਾ ਕਾਨ੍ਹ ਕ੍ਰਿਸ਼ਨ ਪਾਰਬ੍ਰਹਮ ਕਰਤਾਰ ਹੋ ਗਿਆ। ਕਲਿ – ਅਗਿਆਨਤਾ ਦਾ ਹਨੇਰਾ। ਮਹਿ – ਵਿੱਚੋਂ। ਕਲਿ ਮਹਿ ਬੇਦੁ ਅਥਰਬਣੁ ਹੁਆ – ਇਸ ਅਗਿਆਨਤਾ ਦੇ ਹਨੇਰੇ ਵਿੱਚੋ ਅਥਰਬਣ ਵੇਦ ਪੈਦਾ/ਉਤਪੰਨ ਹੋਇਆ। ਨਾਉ ਖਦਾਈ ਅਲਹੁ ਭਇਆ – ਖ਼ੁਦਾ ਦੀ ਖ਼ੁਦਾਈ ਦਾ ਨਾਂਅ ਅੱਲ੍ਹਾ ਹੋ ਗਿਆ। ਨੀਲ ਬਸਤ੍ਰ ਲੇ ਕਪੜੇ ਪਹਿਰੇ – (ਓਦਾਂ ਬੇਦ ਇਨ੍ਹਾਂ ਦਾ ਅਥਰਬਣ ਹੈ ਮੌਕੇ ਦੀ ਨਜਾਕਤ ਦੇਖ ਕੇ ਡੰਡੇ ਤੋਂ ਡਰਦਿਆ) ਨੀਲੇ ਰੰਗ ਦੇ ਕੱਪੜੇ ਦੇ ਬਸਤਰ ਪਹਿਨ ਲਏ। ਤੁਰਕ ਪਠਾਣੀ ਅਮਲ ਕੀਆ – ਤੁਰਕ ਪਠਾਣੀ ਰੀਤਾਂ `ਤੇ ਅਮਲ ਕੀਤਾ। ਚਾਰੇ ਵੇਦ ਹੋਏ ਸਚਿਆਰ – ਸਚਿਆਰ ਚਾਰੇ ਵੇਦ ਹੋ ਗਏ। ਪੜਹਿ – ਪੜ੍ਹ ਕੇ ਅਮਲ। ਗੁਣਹਿ – ਅਮਲ ਕਰੇ। ਪੜਹਿ ਗੁਣਹਿ ਤਿਨੑ ਚਾਰ ਵੀਚਾਰ – ਇਨ੍ਹਾਂ ਚਾਰੇ ਵੇਦਾਂ ਦੀ ਵਿਚਾਰ `ਤੇ ਭਰੋਸਾ ਕਰਦੇ ਹਨ। ਭਾਉ ਭਗਤਿ ਕਰਿ ਨੀਚੁ ਸਦਾਏ – (ਬਿਪਰ ਇਹ ਆਖਦਾ ਹੈ ਕਿ ਇਨ੍ਹਾਂ `ਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਨੀਚ ਸਦਾਉਣ ਵਾਲਾ ਹੀ ਮੋਖ ਦੁਆਰਾ ਪ੍ਰਾਪਤ ਕਰ ਸਕਦਾ ਹੈ।

ਅਰਥ:- ਸਾਮ ਵੇਦ ਆਖਦਾ ਹੈ ਪੀਲੇ ਬਸਤਰਾਂ ਵਾਲਾ (ਅਵਤਾਰਵਾਦੀ ਹੀ) ਅਖੇ, ਜਗਤ ਦਾ ਸੱਚਾ ਸੁਆਮੀ ਸਾਰੇ ਪਾਸੇ ਸੱਚ ਰੂਪ ਵਿੱਚ ਵਰਤ ਰਿਹਾ ਹੈ ਅਤੇ ਉਦੋਂ ਸਾਰੇ ਉਸ ਦੇ ਸੱਚ ਵਿੱਚ ਲੀਨ ਸਨ। (ਇਹ ਪੀਲੇ ਕੱਪੜੇ ਪਹਿਨਣ ਵਾਲਾ (ਅਵਤਾਰਵਾਦੀ) ਸਾਮ ਵੇਦ ਦਾ ਰੱਬ ਹੈ)।

ਰਿਗ ਵੇਦ ਆਖਦਾ ਹੈ ਕਿ (ਦਸਰਥ ਪੁੱਤਰ) ਰਾਮ ਹੀ ਸਰਬਵਿਆਪਕ ਹੈ ਅਤੇ ਦੇਵਤਿਆਂ ਵਿੱਚ ਸੂਰਜ ਵਾਂਗ (ਚਮਕ) ਰਿਹਾ ਹੈ ਅਤੇ ਆਖਦੇ ਹਨ ਕਿ ਨਾਨਕ ਇਸ ਦਾ ਨਾਂਅ ਲਿਆਂ ਹੀ ਸਾਰੇ ਦੁੱਖ ਕੱਟੇ ਜਾ ਸਕਦੇ ਹਨ ਅਤੇ ਮੁਕਤੀ ਦਾ ਦਰ ਪਾਇਆ ਜਾ ਸਕਦਾ ਹੈ। (ਰਿਗ ਵੇਦ ਅਨੁਸਾਰ ਦਸਰਥ ਪੁੱਤਰ ਰਾਮ ਹੀ ਸਰਬਵਿਆਪਕ ਹੈ ਅਖੇ ਇਸ ਦਾ ਨਾਂਅ ਲਿਆਂ ਦੁੱਖ ਕੱਟੇ ਜਾਂ ਸਕਦੇ ਹਨ ਅਤੇ ਮੁਕਤੀ ਮਿਲਦੀ ਹੈ। ਇਹ ਰਿਗ ਵੇਦ ਦਾ ਰੱਬ ਹੈ)।

ਯਜੁਰ ਵੇਦ ਅਨੁਸਾਰ ਸ੍ਰਿਸ਼ਟੀ ਦਾ ਮਾਲਕ ਪਾਰਬ੍ਰਹਮ ਕਰਤਾਰ (ਉਹ ਅਵਤਾਰਵਾਦੀ ਕ੍ਰਿਸ਼ਨ) ਹੀ ਹੋਇਆ ਹੈ, ਜਿਸ ਕ੍ਰਿਸ਼ਨ ਨੇ ਚੰਦ੍ਰਾਵਲਿ ਨੂੰ ਧੱਕੇ ਨਾਲ ਛਲ ਲਿਆ ਸੀ ਅਤੇ ਪਾਰਜਾਤ (ਰੁੱਖ) ਗੋਪੀ ਲਈ ਲੈ ਆਇਆ ਸੀ ਅਤੇ ਬਿੰਦ੍ਰਾਬਨ ਵਿੱਚ ਜਿਸ ਨੇ ਰੰਗਰਲੀਆਂ ਮਨਾਈਆਂ ਸਨ। (ਧੱਕੇ ਨਾਲ ਚੰਦ੍ਰਵਲਿ ਨੂੰ ਛਲ ਕੇ ਰੰਗ ਰਲੀਆਂ ਮੰਨਾਉਣ ਵਾਲਾ ਯਜੁਰ ਵੇਦ ਦਾ ਰੱਬ ਹੈ)।

ਕਲਿਜੁਗ ਵਿੱਚ ਅਥਰਬਣ ਵੇਦ ਤਾਂ ਪੈਦਾ ਹੋਇਆ ਕਿਉਂਕਿ ਖ਼ੁਦਾਈ ਦਾ ਨਾਂਅ ਅੱਲ੍ਹਾ ਹੋ ਗਿਆ ਤੁਰਕ ਅਤੇ ਪਠਾਣੀ ਲੋਕਾਂ ਨੇ ਨੀਲੇ ਕੱਪੜੇ ਦੇ ਬਸਤਰ ਪਹਿਣ ਲਏ ਹਨ ਖ਼ੁਦਾ ਦੇ ਨਾਂਅ, ਅੱਲ੍ਹਾ `ਤੇ ਅਮਲ ਕੀਤਾ ਹੈ। (ਭਾਵ ਬਿਪਰ ਇਹ ਆਖਦਾ ਹੈ ਕਲਜੁਗ ਤਾਂ ਆ ਗਿਆ, ਕਿਉਂਕਿ ਖ਼ੁਦਾਈ ਦਾ ਨਾਂਅ ਅਲਹੁ ਹੋ ਗਿਆ ਹੈ ਅਤੇ ਤੁਰਕ ਅਤੇ ਪਠਾਣੀ ਲੋਕਾਂ ਨੇ ਅੱਲ੍ਹਾ ਖ਼ੁਦਾ ਦੇ ਨਾਂਅ ਅੱਲ੍ਹਾ `ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ)।

ਹੇ ਭਾਈ! ਇਸ ਤਰ੍ਹਾਂ (ਬਿਪਰ) ਨਾਨਕ ਨੂੰ ਇਹ ਆਖਦੇ ਹਨ ਕਿ ਚਾਰੇ ਵੇਦ ਹੀ ਸਚਿਆਰ (ਭਾਵ ਸੱਚੇ) ਹੋਏ ਹਨ ਅਤੇ ਜਿਹੜਾ ਇਨ੍ਹਾਂ ਚਾਰਾਂ ਦੀ ਵਿਚਾਰਧਾਰਾ ਨੂੰ ਅਪਣਾਏ ਅਤੇ ਇਨ੍ਹਾਂ `ਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਨਿਮਾਣਾ ਅਖਵਾਏ ਉਹ ਹੀ ਮੋਖ (ਮੁਕਤੀ ਦਾ) ਦੁਆਰਾ ਪ੍ਰਾਪਤ ਕਰ ਸਕਦਾ ਹੈ।

(ਇਸ ਤਰ੍ਹਾਂ ਇਨ੍ਹਾਂ ਚਾਰੇ ਵੇਦਾਂ ਦੇ ਵੱਖਰੇ-ਵੱਖਰੇ (ਅਵਤਾਰਵਾਦੀ) ਰੱਬ ਹਨ ਅਤੇ ਮਾਨਵਤਾ ਨੂੰ ਜਾਤਾਂ ਪਾਤਾਂ ਵਿੱਚ ਵੰਡਦੇ ਹਨ ਅਤੇ ਬਿਪਰ ਇਨ੍ਹਾਂ ਦੇ ਸਚਿਆਰ ਹੋਣ ਦੀ ਪ੍ਰੋੜਤਾ ਕਰਦਾ ਹੈ, ਪਰ ਨਾਨਕ ਪਾਤਸ਼ਾਹ ਨੇ ਰੱਦ ਕੀਤੇ ਹਨ)।

ਪਉੜੀ।।

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ।।

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀੑ ਨੇਤ੍ਰੀ ਜਗਤੁ ਨਿਹਾਲਿਆ।।

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ।।

ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ।।

ਕਰਿ ਕਿਰਪਾ ਪਾਰਿ ਉਤਾਰਿਆ।। ੧੩।।

ਪਦ ਅਰਥ:- ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਕਰਤਾ। ਵਿਟਹੁ – ਜਿਸ ਤੋਂ। ਵਾਰਿਆ – ਬਲਿਹਾਰ ਜਾਣਾ, ਵਾਰੇ ਜਾਣਾ। ਜਿਤੁ – ਜਿਸ। ਮਿਲਿਐ –ਮਿਲਣ ਉਪਰੰਤ। ਖਸਮੁ ਸਮਾਲਿਆ – ਇੱਕ ਨੂੰ ਆਪਣਾ ਖਸਮ ਜਾਣ ਲਿਆ ਹੈ। ਜਿਨਿ ਕਰਿ ਉਪਦੇਸੁ – ਜਿਸ ਨੇ ਬਖਸ਼ਿਸ਼ ਕਰ ਕੇ। ਗਿਆਨ ਅੰਜਨੁ ਦੀਆ – ਗਿਆਨ ਦਾ ਸੁਰਮਾ ਦਿੱਤਾ। ਇਨੀੑ ਨੇਤ੍ਰੀ ਜਗਤੁ ਨਿਹਾਲਿਆ – ਇਨ੍ਹਾਂ ਅੱਖਾਂ ਨਾਲ ਜਗਤ ਦੇ (ਲੋਕਾਂ) ਦੀ ਅਸਲੀਅਤ ਨੂੰ ਜਾਣ ਲਿਆ। ਖਸਮੁ ਛੋਡਿ ਦੂਜੈ ਲਗੇ – ਅਸਲ ਮਾਲਕ ਨੂੰ ਛੱਡ ਕੇ ਦੂਜੇ ਕਿਸੇ (ਅਵਤਾਰਵਾਦੀ) ਨਾਲ ਜੁੜੇ ਹਨ। ਡੁਬੇ ਸੇ ਵਣਜਾਰਿਆ – ਉਹ ਆਪਣੀ (ਅਗਿਆਨਤਾ ਦੇ) ਵਣਜ ਵਿੱਚ ਡੁੱਬੇ ਹਨ। ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ – ਕਿਸੇ ਵਿਰਲੇ ਨੇ ਸਦੀਵੀ ਸਥਿਰ ਰਹਿਣ ਵਾਲੇ ਦੇ ਬੋਹਿਥ/ਬੇੜੇ ਗਿਆਨ ਨੂੰ ਵਿਚਾਰਿਆ ਹੈ। ਕਰਿ ਕਿਰਪਾ ਪਾਰਿ ਉਤਾਰਿਆ – ਜਿਸ ਕਿਸੇ ਨੇ ਵਿਚਾਰਿਆ ਉਹ ਉਸ ਦੀ ਬਖਸ਼ਿਸ਼ ਨਾਲ (ਜਗਤ ਦੀ ਕਰਮਕਾਂਡੀ ਵਿਚਾਰਧਾਰਾ) ਵਿੱਚ ਡੁੱਬਣ ਤੋਂ ਗਿਆਨ ਦੀ ਬਖਸ਼ਿਸ਼ ਪ੍ਰਾਪਤ ਕਰ ਕੇ ਪਾਰ ਹੋ (ਭਾਵ ਡੁੱਬਣ ਤੋਂ ਬਚ) ਗਏ।

ਅਰਥ:- ਹੇ ਭਾਈ! ਮੈਂ ਉਸ ਸਦੀਵੀ ਸਥਿਰ ਰਹਿਣ ਵਾਲੇ (ਸਤਿਗੁਰ) ਦੀ ਬਖਸ਼ਿਸ਼ ਗਿਆਨ ਤੋਂ ਬਲਿਹਾਰ ਜਾਂਦਾ ਹਾਂ, ਜਿਸ ਦੀ ਬਖਸ਼ਿਸ਼ ਗਿਆਨ ਮਿਲਣ ਉਪਰੰਤ (ਬਿਪਰ ਵੱਲੋਂ ਬਣਾਏ ਹੋਏ ਰੱਬਾਂ ਨੂੰ ਛੱਡ ਕੇ), ਮੈਂ ਉਸ ਸਦੀਵੀ ਸਥਿਰ ਵਾਲੇ ਨੂੰ ਆਪਣਾ ਮਾਲਕ ਨੂੰ ਜਾਣ ਲਿਆ ਹੈ। ਜਿਸ ਨੇ ਆਪਣੀ ਬਖਸ਼ਿਸ਼ ਕਰ ਕੇ ਗਿਆਨ ਦਾ ਸੁਰਮਾ ਦਿੱਤਾ ਹੈ, ਜਿਸ ਨਾਲ ਜਗਤ ਦੀ (ਬਿਪਰਵਾਦੀ) ਅਸਲੀਅਤ ਨੂੰ ਗਿਆਨ ਰੂਪੀ ਅੱਖਾਂ ਨਾਲ ਵੇਖ ਲਿਆ ਹੈ ਕਿ ਜਿਹੜੇ (ਸਦੀਵੀ ਸਥਿਰ ਰਹਿਣ ਵਾਲੇ ਇਕੁ) ਮਾਲਕ ਨੂੰ ਛੱਡ ਕੇ ਦੂਜੇ ਕਿਸੇ (ਅਵਤਾਰਵਾਦੀ) ਨਾਲ ਜੁੜੇ ਹਨ ਉਹ (ਕਰਮਕਾਂਡੀ ਅਗਿਆਨਤਾ ਦੇ) ਵਣਜ ਵਿੱਚ ਡੁੱਬੇ ਹੋਏ ਹਨ। ਕਿਸੇ ਵਿਰਲੇ ਨੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਰੂਪ ਬੋਹਿਥ ਨੂੰ ਵਿਚਾਰਿਆ ਹੈ, ਜਿਸ ਕਿਸੇ ਨੇ ਵਿੀਚਾਰਿਆ ਉਹ ਉਸ ਦੀ ਬਖਸ਼ਿਸ਼ ਨਾਲ (ਜਗਤ ਦੀ ਕਰਮਕਾਂਡੀ ਵੇਦ ਵਿਚਾਰਧਾਰਾ) ਵਿੱਚ ਡੁੱਬਣ ਤੋਂ ਗਿਆਨ ਦੀ ਬਖਸ਼ਿਸ਼ ਪ੍ਰਾਪਤ ਕਰ ਕੇ ਪਾਰ ਹੋ ਗਏ (ਭਾਵ ਡੁੱਬਣ ਤੋਂ ਬਚ) ਗਏ।

ਬਲਦੇਵ ਸਿੰਘ ਟੌਰਾਂਟੋ।




.