.

ਸੁਣਿਐ-੨
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸੁਣਿਐ ਦਾ ਮਹਤਵ ਅਠਵੀਂ ਪਉੜੀ ਤੋਂ ਸ਼ੁਰੂ ਹੁੰਦਾ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਪ੍ਰਮਾਤਮਾ ਦਾ ਨਾਮ ਸੁਣ ਕੇ ਲਾਭ ਲੈਣ ਵਾਲਿਆਂ ਦੀ ਲੜੀ ਬੜੀ ਲੰਬੀ ਹੈ।ਨਾਮ ਸੁਣੇ ਤੇ ਹੀ ਤਾਂ ਸਿੱਧ (ਪੂਰਨ ਪੁਰਸ਼), ਪੀਰ (ਧਾਰਮਿਕ ਆਗੂ), ਦੇਵ (ਰੂਹਾਨੀ ਯੋਧਾ), ਨਾਥ (ਵੱਡਾ ਯੋਗੀ), ਹੋਏ। ਨਾਮ ਸੁਣਨ ਨਾਲ ਹੀ ਧਰਤੀ, ਇਸਦੇ ਚੁੱਕਣ ਵਾਲੇ ਬੈਲ ਤੇ ਆਕਾਸ਼ ਦੀ ਅਸਲੀਅਤ ਦਾ ਪਤਾ ਲਗਦਾ ਹੈ ।ਨਾਮ ਸੁਣਨ ਤੇ ਹੀ ਮਹਾਂਦੀਪਾਂ, ਪੁਰੀਆਂ ਤੇ ਹੇਠਲੀਆਂ ਧਰਤੀਆਂ (ਪਾਤਾਲਾਂ) ਬਾਰੇ ਗਿਆਨ ਹੁੰਦਾ ਹੈ । ਨਾਮ ਸੁਣਨ ਵਾਲਿਆਂ ਦੇ ਨੇੜੇ ਕਾਲ ਵੀ ਨਹੀ ਲਗਦਾ, ਉਹ ਚਿਰੰਜੀਵੀ ਹੋ ਜਾਂਦੇ ਹਨ ।ਉਸਦਾ ਨਾਮ ਸੁਣੇ ਤੇ ਭਗਤ ਹਮੇਸ਼ਾ ਅਨੰਦ ਪ੍ਰਸੰਨ ਚਾਉ ਵਿਚ ਰਹਿੰਦੇ ਹਨ । ਨਾਮ ਸੁਣੇ ਤੇ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ:

ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੮ ॥

ਸੁਣਿਐ ਸਿਧ ਪੀਰ ਸੁਰਿ ਨਾਥ ॥

ਅਨੇਕਾਂ ਹੀ ਹਨ ਕਰਾਮਾਤੀ ਬੰਦੇ! ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ ਪਰ ੳਨ੍ਹਾਂ ਦਾ ਮਹੱਤਵ ਤਾਂ ਹੀ ਹੈ ਜੇ ਉਨ੍ਹਾਂ ਵਿਚ ਸਾਈਂ ਦੀ ਸਿਫਤ ਸਲਾਹ ਨਾਮ ਸ਼ਬਦ ਨਾਲ ਜੋੜਣ ਤੇ ਚਿਤ ਨਾਮ ਘਾਲਣਾ ਨਾਲ ਜੁੜ ਜਾਵੇ:

ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥ ੩ ॥ (ਰਾਮਕਲੀ ਮ:੧, ਪੰਨਾ ੮੭੭)

ਨਾਮ ਸੁਣਨ ਨਾਲ ਸਭ ਰਿਧੀਆਂ ਸਿਧੀਆਂ ਪਿਛੇ ਲੱਗੀਆਂ ਫਿਰਦੀਆਂ ਹਨ। ਨਾਮ ਸੁਣਨ ਨਾਲ ਨੌਂ ਨਿਧਾਂ ਪ੍ਰਾਪਤ ਹੁੰਦੀਆਂ ਹਨ ਤੇ ਮਨ ਵਿਚ ਜੋ ਵੀ ਚਾਹਿਆ ਉਹੋ ਹੀ ਮਿਲ ਜਾਦਾ ਹੈ।ਨਾਮ ਸੁਣਨ ਨਾਲ ਮਨ ਨੂੰ ਸੰਤੋਖ ਮਿਲਦਾ ਹੈ ਤੇ ਧਿਆਨ ਪ੍ਰਭੂ ਚਰਨਾਂ ਵਿਚ ਜਾ ਟਿਕਦਾ ਹੈ।ਨਾਮ ਸੁਣਨ ਨਾਲ ਸਹਜ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਸਾਰੇ ਸੁੱਖ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਗੁਰੂ ਦੀ ਦਿੱਤੀ ਮਤ ਰਾਹੀਂ ਪ੍ਰਾਪਤ ਹੁੰਦਾ ਹੈ ਤੇ ਜੀਵ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ:

ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥ ੭ ॥ (ਸਾਰੰਗ ਮ: ੪, ਪੰਨਾ ੧੨੪੦)

ਅਸਲ ਵਿਚ ਕੇਵਲ ਉਹ ਹੀ ਪੂਰਨ ਪੁਰਸ਼ ਅਭਿਆਸੀ ਯੋਗੀ ਤੇ ਰਮਤਾ ਯੋਗੀ ਹੈ ਜੋ ਇਕ ਉੱਚੇ ਸੁਆਮੀ ਦਾ ਸਿਮਰਨ ਕਰਦਾ ਹੈ। ਜੋ ਗੁਰੂ ਤੋਂ ਨਾਮ ਸ਼ਬਦ ਪਰਾਪਤ ਕਰ ਲੈਂਦੇ ਹਨ ਉਹ ਪ੍ਰਭੂ ਦੇ ਚਰਨਾਂ ਨੂੰ ਛੂਹ ਕੇ ਮੁਕਤੀ ਪਾ ਲੈਂਦੇ ਹਨ।

ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ॥ ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥ ੨ ॥ (ਰਾਮਕਲੀ ਮਹਲਾ ੧, ਪੰਨਾ ੮੭੮)

ਪੂਰਨ ਪੁਰਸ਼ ਅਭਿਆਸੀ ਯੋਗੀ, ਦੇਵ, ਮੁਨੀ ਤੇ ਭਗਤਾਂ ਦਾ ਆਧਾਰ ਨਾਮ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਹਮੇਸ਼ਾ ਉਸ ਇਕੋ ਕਰਤਾ ਪੁਰਖ ਦਾ ਨਾਮ ਭਜਣਾ ਚਾਹੀਦਾ ਹੈ:

ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ॥ ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ
ਕਰਣੈਹਾਰਾ ॥ ੨ ॥ (ਆਸਾ ਮ: ੫, ਪੰਨਾ ੪੬੧)

ਪੂਰਨ ਪੁਰਸ਼ ਅਭਿਆਸੀ ਪ੍ਰਮਾਤਮਾ ਨੂੰ ਖੋਜਦੇ ਲਿਵ ਲਾ ਲਾ ਥੱਕ ਜਾਂਦੇ ਹਨ ਪਰ ਬਿਨਾਂ ਸੱਚੇ ਸਤਿਗੁਰ ਦੀ ਰਹਿਨੁਮਾਈ ਦੇ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਹੋਰ ਕੋਈ ਨਹੀਂ ਦਸ ਸਕਦਾ।ਗੁਰੂ ਦੇ ਵਰੋਸਾਏ ਹੀ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਹਨ। ਪ੍ਰਮਾਤਮਾ ਦੇ ਨਾਮ ਬਿਨਾ ਸਾਰਾ ਪਹਿਨਣ ਖਾਣ (ਦੁਨਿਆਵੀ ਪਰਾਪਤੀਆਂ) ਝੂਠੀਆਂ ਹਨ, ਉਹ ਸਿਧੀਆਂ ਉਹ ਕਰਾਮਾਤਾਂ ਧ੍ਰਿਗ ਹਨ ਜੋ ਰੱਬ ਤੱਕ ਨਹੀਂ ਪਹੁੰਚਾਉਂਦੀਆਂ । ਉਹ ਹੀ ਸਿੱਧੀ, ਉਹ ਹੀ ਕਰਾਮਾਤ ਸਹੀ ਹੈ ਜਿਸ ਕਰਕੇ ਪ੍ਰਮਾਤਮਾ ਮਿਲਣ ਦੀ ਦਾਤ ਬਖਸ਼ਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਸਦਕਾ ਹਰੀ ਦਾ ਨਾਮ ਮਨ ਵਸੇ ਉਹ ਹੀ ਸਿਧੀ, ਉਹ ਹੀ ਕਰਾਮਾਤ ਸਹੀ ਹੈ:

ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥ ੨ ॥ (ਮ:੩, ਪੰਨਾ ੬੬੧)

ਇਸ ਲਈ ਨਾਮ ਸੁਣਨ ਨਾਲ ਹੀ ਜੀਵ ਸਿਧ ਪੀਰ ਦੇਵ ਜਾਂ ਨਾਥ ਬਣਦਾ ਹੈ, ਨਾਮ ਬਿਨਾ ਕੋਈ ਸਿਧ ਪੀਰ ਦੇਵ ਜਾਂ ਨਾਥ ਨਹੀਂ ਬਣ ਸਕਦਾ।

ਸੁਣਿਐ ਧਰਤਿ ਧਵਲ ਆਕਾਸ॥

ਰਤੀ ਤੇ ਅਕਾਸ਼ ਪ੍ਰਮਾਤਮਾ ਦੇ ਬਹਿਣ ਵਸਣ ਲਈ ਥਾਂ ਰਚੇ ਹਨ:

ਧਰਤਿ ਆਕਾਸੁ ਕੀਏ ਬੈਸਣ ਕਉ ਥਾਉ॥ (ਮ: ੧, ਪੰਨਾ ੮੩੯)

ਧਰਤੀ, ਉਸ ਨੂ ਚੁੱਕੀ ਖੜ੍ਹਾ ਬੈਲ ਜਾਂ ਆਕਾਸ਼ ਬਾਰੇ ਗਿਆਨ ਵੀ ਪ੍ਰਮਾਤਮਾ ਦੇ ਨਾਮ ਸੁਣੇ ਸਮਝੇ ਬਿਨਾ ਨਹੀਂ ਮਿਲਦਾ ਇਸੇ ਲਈ ਧਰਤੀ, ਆਕਾਸ਼ ਤੇ ਪਾਤਾਲ ਦੇ ਵਾਸੀ ਸਭ ਜੀਅ ਪ੍ਰਮਾਤਮਾ ਦਾ ਨਾਮ ਸੁਣ ਉਸ ਵਿਚ ਧਿਆਨ ਲਾਕੇ ਰੱਖਣ ਨਾਲ ਹੀ ਸੋਂਹਦੇ ਹਨ:

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ॥ ਬਿਹਾ ੫, ਪੰਨਾ ੫੪੦)
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ॥ (ਸਾਰੰਗ ਮ: ੪, ਪੰਨਾ ੧੨੪੭)
ਧਰਤਿ ਪੁਨੀਤ ਪਈ ਗੁਨ ਗਾਏ॥ (ਬਿਲਾਵਲੁ ਮ:੫, ਪੰਨਾ ੮੦੧)

ਧਰਤੀ ਆਕਾਸ ਪਾਤਾਲ ਨੌ ਖੰਡ ਸਭ ਇਕੋ ਪ੍ਰਮਾਤਮਾ ਦੀ ਰਚਨਾ ਹਨ, ਸਭਨਾਂ ਵਿਚ ਉਹ ਹੀ ਜੋਤ ਸਰੂਪ ਵਸਿਆ ਹੋਇਆ ਹੈ ਸੋ ਸਭਨਾਂ ਵਿਚ ਇਕੋ ਪ੍ਰਮਾਤਮਾ ਹੀ ਵੇਖਣਾ ਚਾਹੀਦਾ ਹੈ:

ਧਰਨਿ ਆਕਾਸ ਸਭ ਮਹਿ ਪ੍ਰਭ ਪੇਖ॥(ਗਉ ਮ: ੫, ਪੰਨਾ ੨੯੯)
ਧਰਨਿ ਗਗਨ ਨਵਖੰਡ ਮਹਿ ਜੋਤਿ ਸਵਰੂੂਪਿ ਰਹਿਓ ਭਰਿ॥ (ਸਵ ੫, ਪੰਨਾ ੧੪੦੯)
ਧਰਣਿ ਗਗਨੁ ਕਲ ਧਾਰਿ ਰਹਾਵੈ॥ (ਆਸਾ ਤ, ਪੰਨਾ ੪੧੪)

ਕਲਪਿਤ ਬਲਦ ਦਿਆਲਤਾ ਦਾ ਪਵਿਤ੍ਰ ਪੁੱਤਰ ਦਸੀਂਦਾ ਹੈ, ਜਿਸ ਨੇ ਸਹਿਣਸ਼ੀਲਤਾ ਨਾਲ ਠੀਕ ਤੌਰ ਤੇ ਧਰਤੀ ਨੂੰ ਠਲਿਆ ਹੋਇਆ ਹੈ।ਪਰ ਬਲਦ ਉਪਰ ਕਿਤਨਾ ਕੁ ਭਾਰ ਹੈ? ਜੇਕਰ ਕੋਈ ਮਨੁੱਖ ਇਸ ਨੂੰ ਸਮਝ ਲਵੇ ਤਾਂ ਉਹ ਸੱਚਾ ਇਨਸਾਨ ਬਣ ਜਾਂਦਾ ਹੈ।ਇਸ ਧਰਤੀ ਤੋਂ ਪਰੇ ਹੋਰ ਵੀ ਕਈ ਧਰਤੀਆਂ ਹਨ । ਉਹ ਕਿਹੜੀ ਤਾਕਤ ਹੈ ਜੋ ਉਨ੍ਹਾਂ ਦੇ ਭਾਰ ਚੁੱਕੀ ਖੜ੍ਹੀ ਹੈ? ਭਾਵ ਧਰਤੀ ਹੇਠਲਾ ਬਲਦ ਇਕ ਕਲਪਿਤ ਹੈ, ਇਸ ਵਿਚ ਕੋਈ ਸਚਾਈ ਨਹੀਂ ਤੇ ਇਹ ਸਚਾਈ ਸਿਰਫ ਪ੍ਰਮਾਤਮਾ ਬਾਰੇ ਜਾਨਣ ਵਾਲਾ ਹੀ ਸਮਝ ਸਕਦਾ ਹੈ:

ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ਜੇ ਕੋ ਬੂਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ (ਜਪੁ ਮ:੧, ਪੰਨਾ ੩)

ਇਹੋ ਸਮਝ ਨਾਮ ਸੁਣੇ ਤੇ ਹੀ ਆਉਂਦੀ ਹੈ ਕਿਉਂਕਿ ਧਰਤੀ ਨੂੰ ਬੈਲ ਦੇ ਸਿੰਗਾਂ ਉਪਰ ਦਸਣਾ ਸਾਬਤ ਨਹੀਂ ਹੁੰਦਾ ਕਿਉਂਕਿ ਜੇ ਅਸੀਂ ਧਰਤੀ ਨੂੰ ਬੈਲ ਦੇ ਸਿੰਗਾਂ ਤੇ ਟਿਕਿਆ ਗਿਣੀਏ ਤਾਂ ਫਿਰ ਇਹ ਬੈਲ਼ ਕਿਸ ਤੇ ਖੜ੍ਹਾ ਹੈ। ਇਸੇ ਤਰ੍ਹਾਂ ਧਰਤੀਆਂ ਤਾਂ ਬਹੁਤ ਹਨ ਕੀ ਉਨ੍ਹਾਂ ਸਭ ਦਾ ਭਾਰ ਬੈਲਾਂ ਨੇ ਚੁਕਿਆ ਹੋਇਆ ਹੈ? ਨਾਮ ਦਾ ਭੇਦ ਸੁਣਨ ਸਮਝਣ ਨਾਲ ਪ੍ਰਮਾਤਮਾ ਦੀ ਰਚਨਾ ਦੇ ਭੇਦਾਂ ਦਾ ਪਤਾ ਲਗਦਾ ਹੈ:

ਸੱਚ ਤਾਂ ਇਹ ਹੈ ਜੋ ਪ੍ਰਮਾਤਮਾ ਦਾ ਨਾਮ ਸੁਣੇ ਤੇ ਹੀ ਪਤਾ ਲਗਦਾ ਹੈ।ਧਰਤੀ ਆਕਾਸ਼ ਪਾਤਾਲ ਚੰਦ ਸੂਰਜ ਸਭ ਬਿਨਸਣਹਾਰ ਹਨ। ਧਰਤੀਆਂ ਲੱਖਾਂ ਹਨ ਜੋ ਬਣਦੀਆਂ ਮਿਟਦੀਆਂ ਰਹਿੰਦੀਆ ਹਨ । ਨਿਸ਼ਚਲ, ਸਦਾ ਸਿਥਿਰ ਤਾਂ ਇਕੋ ਪ੍ਰਮਾਤਮਾ ਹੀ ਹੈ ਬੰਦਾ ਵੀ ਤਾਂ ਬਿਣਸਣਹਾਰ ਹੈ:

ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ॥ (ਮਾਰੂ ੫, ਪੰਨਾ ੧੧੦੦)
ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥ ੧੭ ॥ (ਮ:੫, ਪੰਨਾ ੧੧੦੦)

ਪ੍ਰਮਾਤਮਾ ਦਾ ਨਾਮ ਸੁਣੇ ਤੇ ਹੀ ਦੀਪਾਂ, ਰਚਨਾ-ਖੰਡਾਂ ਤੇ ਪਾਤਾਲਾਂ ਦੀ ਤੇ ਉਥੋਂ ਦੇ ਵਾਸੀਆਂ ਬਾਰੇ ਅਸਲੀਅਤ ਦੀ ਜਾਣਕਾਰੀ ਹੁੰਦੀ ਹੈ:

ਸੁਣਿਐ ਦੀਪ ਲੋਅ ਪਾਤਾਲ

(ਲੋਅ=ਰਚਨਾ ਖੰਡ)

ਜਿਤਨੇ ਵੀ ਰਚਨਾ-ਖੰਡ ਹਨ ਉਥੋਂ ਦੇ ਵਾਸੀ ਨਾਮ ਦੇ ਸਹਾਰੇ ਹੀ ਆਉਣ ਜਾਣ ਦੇ ਚੱਕਰ ਤੋਂ ਮੁਕਤ ਹੋਣਗੇ:

ਨਾਮੇ ਉਧਰੇ ਸਭਿ ਜਿਤਨੇ ਲੋਅ॥ (ਭੈਰਉ ਮ:੩, ਪੰਨਾ ੧੧੨੯)

ਪੁਰਖਾਂ, ਬਿਰਖਾਂ, ਤੀਰਥਾਂ, ਪਵਿਤਰ ਨਦੀਆਂ ਦੇ ਕੰਢਿਆਂ, ਬੱਦਲਾਂ, ਖੇਤਾਂ, ਦੀਪਾਂ, ਰਚਨਾ-ਖੰਡਾਂ, ਸੂਰਜ-ਮੰਡਲਾਂ, ਭੂ-ਖੰਡਾਂ, ਬ੍ਰਹਿਮੰਡਾਂ, ਉਤਪਤੀ ਦੇ ਸਾਰੇ ਸਾਧਨਾਂ (ਆਂਡਿਆਂ ਰਾਹੀਂ, ਗਰਭ ਰਾਹੀਂ, ਧਰਤੀ ਵਿਚੋਂ ਤੇ ਪਸੀਨੇ ਤੋਂ, ਪੈਦਾ ਹੋਣ ਵਾਲੇ) , ਸਮੁੰਦਰਾਂ, ਪਰਬਤਾਂ ੳਤੇ ਸਾਰੇ ਜੀਵਾਂ ਦੀ ਦਸ਼ਾ ਉਹ ਜਾਣਦਾ ਹੈ, ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹ ਸਭਨਾਂ ਦੀ ਸੰਭਾਲ ਕਰਦਾ ਹੈ। ਕਰਤਾ ਪੁਰਖ ਨੇ ਸਾਰੀ ਰਚਨਾ ਰਚੀ ਹੈ ਤੇ ਸਭਨਾ ਦੀ ਚਿੰਤਾ ਵੀ ਉਹੀ ਕਰਦਾ ਹੈ ਜਿਸਨੇ ਸਾਰਾ ਜਗ ਰਚਿਆ ਹੈ।ਸਾਰੀ ਰਚਨਾ ਬਿਣਸਣਹਾਰ ਹੈ ਪਰ ਉਹ ਅੱਟਲ ਹੈ ਮਰਨ ਜੰਮਣ ਵਿਚ ਨਹੀਂ, ਉਸ ਨੂੰ ਮੇਰੀ ਨਮਸਕਾਰ ਹੈ, ਉਸ ਨੂੰ ਮੇਰਾ ਪ੍ਰਣਾਮ ਹੈ। ਉਸ ਪ੍ਰਮਾਤਮਾ ਦੇ ਨਾਮ ਬਿਨਾਂ ਕੀ ਤਿਲਕ ਲਾਉਣਾ ਤੇ ਕੀ ਜਨੇਊ ਪਾਉਣਾ?

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥ ੧ ॥ (ਸਲੋਕ ਮਃ ੧, ਪੰਨਾ ੪੬੭)

ਅਸਮਾਨ ਵਿਚਲੀ ਸਾਰੀ ਰਚਨਾ, ਸਾਰੇ ਭੂ-ਖੰਡ, ਸਭ ਰਚਨਾ-ਖੰਡ, ਸਾਰੀ ਰਚਨਾ ਲੋਕ ਤੇ ਸਰੂਪ ਇਨ੍ਹਾਂ ਸਭਨਾਂ ਉਪਰ ਉਸ ਦਾ ਹੁਕਮ ਚਲਦਾ ਹੈ। ਉਹ ਕਿਤਨਾ ਵੱਡਾ ਹੈ ਉਸ ਬਾਰੇ ਜਾਣਿਆਂ ਨਹੀਂ ਜਾ ਸਕਦਾ ਨਾ ਹੀ ਉਸ ਦੇ ਕੀਤੇ ਕੰਮਾਂ ਦਾ ਬਿਆਨ ਕੀਤਾ ਜਾ ਸਕਦਾ ਹੈ।ਸਾਹਿਬ ਦੀਆ ਸਿਫਤਾਂ ਨੂੰ ਉਚਾਰਦੇ ਉਚਾਰਦੇ ਉਨ੍ਹਾਂ ਨੂੰ ਸੋਚਦੇ ਸਮਝਦੇ ਅਨੇਕਾਂ ਹੀ ਹਾਰ ਹੁੱਟ ਗਏ ਹਨ। ਗੁਰੂ ਜੀ ਫੁਰਮਾਉਂਦੇ ਹਨ ਵਿਚਾਰੇ ਮੂਰਖ, ਸਾਹਿਬ ਦੇ ਓੜਕ ਨੂੰ ਇਕ ਭੋਰਾ ਭਰ ਵੀ ਨਹੀਂ ਪਾ ਸਕਦੇ:

ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ ਆਖਹਿ ਥਕਹਿ ਆਖਿ ਆਖਿ ਕਰਿ ਸਿਫਤˆØੀ ਵੀਚਾਰ ॥ ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥ ੧ ॥ (ਸਲੋਕ ਮਃ ੧, ਪੰਨਾ ੧੨੪੧)

ਗੁਰੂ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਦੀ ਰਹਿਮਤ ਨਾਲ ਹੀ ਮਨੁਖ ਨੂੰ ਰੱਬ ਦੇ ਸਿਮਰਨ ਦੀ ਦਾਤ ਮਿਲਦੀ ਹੈ ਅਤੇ ਉਸ ਦੀ ਮਿਹਰ ਦੁਆਰਾ ਹੀ ਜੀਵ ਦਾ ਪਾਰ ਉਤਾਰਾ ਹੁੰਦਾ ਹੈ।

ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ॥ ॥ (ਸਲੋਕ ਮਃ ੧, ਪੰਨਾ ੧੨੪੧)

ਨਾਮ ਸੁਣੇ ਤੇ ਕਾਲ ਵੀ ਛੂੰਹਦਾ ਨਹੀਂ:

ਸੁਣਿਐ ਪੋਹਿ ਨ ਸਕੈ ਕਾਲੁ

ਪੋਹਿ=ਛੂਹ, ਨੇੜੇ ਲਗਣਾ

ਨਾਮ ਲੈਣ ਸਦਕਾ ਯਮ ਕਦੇ ਨੇੜੇ ਨਹੀਂ ਆਉਂਦਾ।

ਨਾਮ ਲੈਤ ਜਮੁ ਨੇੜਿ ਨ ਆਵੈ॥ (ਭੈਰਉ ੫, ਪੰਨਾ ੧੧੪੨)

ਨਾਮ ਸੁਣੇ ਜਪੇ ਬਿਨਾ ਦੁੱਖ ਤੇ ਕਾਲ ਦਾ ਸੰਤਾਪ ਭੋਗਣਾ ਪੈਂਦਾ ਹੈ।

ਬਿਨੁ ਨਾਵੈ ਦੁਖੁ ਕਾਲੁ ਸੰਤਾਪੈ॥ (ਸਿਧ ਗੋਸਟਿ, ਮ:੧ ਪੰਨਾ ੫੦)

ਨਾਮ ਸੁਣਨ ਨਾਲ ਸੁੱਚ ਤੇ ਸੰਜਮ ਪ੍ਰਾਪਤ ਹੁੰਦੇ ਹਨ ਤੇ ਯਮ ਸੱਚੇ ਜੀਵ ਕੋਲ ਨਹੀਂ ਆਉਂਦਾ। ਨਾਮ ਸੁਣਨ ਨਾਲ ਅੰਦਰ ਦਾ ਹਨੇਰਾ ਖਤਮ ਹੋ ਜਾਂਦਾ ਹੈ ਤੇ ਚਾਨਣ ਫੈਲ ਜਾਂਦਾ ਹੈ ।ਨਾਮ ਸੁਣਨ ਨਾਲ ਆਪੇ ਦੀ ਪਛਾਣ ਹੁੰਦੀ ਹੈ ਤੇ ਨਾਮ ਜਪਣ ਦਾ ਲਾਹਾ ਪ੍ਰਾਪਤ ਹੁੰਦਾ ਹੈ। ਨਾਮ ਸੁਣੇ ਤੇ ਸਭ ਪਾਪ ਕੱਟੇ ਜਾਦੇ ਹਨ ਤੇ ਪਵਿਤਰ ਸੱਚ ਪ੍ਰਾਪਤ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ: ਨਾਮ ਸੁਣਨ ਵਾਲੇ ਪਵਿਤਰ ਗੁਰਮੁਖ ਜੋ ਸਦਾ ਨਾਮ ਧਿਆਉਂਦੇ ਹਨ:ਉਨ੍ਹਾ ਦੇ ਚਿਹਰੇ ਸਦਾ ਦਗ ਦਗ ਕਰਦੇ ਹਨ ।

ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ ਨਾਇ ਸੁਣਿਐ ਘਟਿ ਚਾਨਣਾ ਆਨੑੇਰੁ ਗਵਾਵੈ ॥ ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥ ੮ ॥ (ਸਾਰੰਗ ਮ: ੪, ਪੰਨਾ ੧੨੪੦)

ਜਿਨ੍ਹਾਂ ਨੇ ਹਰੀ ਦਾ ਨਾਮ ਨਹੀਂ ਧਿਆਇਆ ਉਹ ਮੰਦਭਾਗੀ ਮੌਤ ਮਰਦੇ ਹਨ:

ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ॥ (ਮਾਰੂ ੪, ਪੰਨਾ ੯੯੬)

ਗੁਰੂ ਖੁਸ਼ ਹੋਵੇ ਤੇ ਮਿਹਰ ਕਰੇ ਤਾਂ ਮਨ ਸੱਚੇ ਵਿਚ ਸਮਾਉਂਦਾ ਹੈ ਗੁਰੂ ਜੀ ਫੁਰਮਾਉਂਦੇ ਹਨ ਜੋ ਉਸਦੇ ਅਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਨੂੰ ਕਾਲ ਨਹੀਂ ਖਾ ਸਕਦਾ:

ਗੁਰ ਪਰਚੈ ਮਨੁ ਸਾਚ ਸਮਾਏ। ਪ੍ਰਣਵਤਿ ਨਾਨਕ ਕਾਲੁ ਨ ਖਾਇ। (ਰਾਮਕਲੀ ਮ:੧, ਪੰਨਾ ੯੪੩)

ਸੱਚੇ ਸਤਿਗੁਰ ਦੀ ਭਗਤੀ-ਸੇਵਾ ਸਦਕਾ ਸਚ ਦਾ ਗਿਆਨ ਹੁੰਦਾ ਹੈ। ਨਾਮ ਦੀ ਕਮਾਈ ਸਦਕਾ ਪ੍ਰਮਾਤਮਾ ਜੀਵ ਨੂੰ ਅੰਤ ਵੇਲੇ ਮਦਦਗਾਰ ਹੁੰਦਾ ਹੈ ਤੇ ਕਾਲ ਵੀ ਉਸ ਦੇ ਨੇੜੇ ਨਹੀਂ ਲਗਦਾ ਕਿਉਂਕਿ ਉਸ ਦਾ ਰਖਵਾਲਾ ਤਾਂ ਸੱਚਾ ਸਹਿਬ ਆਪ ਹੈ:

ਸਚਾ ਸਤਿਗੁਰੁ ਸੇਵਿ ਸਚੁ ਸਮਾੑਲਿਆ ॥ ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥ ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥ (ਸਲੋਕ ਮ: ੫, ਪੰਨਾ ੧੨੮੪)

ਪ੍ਰਮਾਤਮਾ ਜੀਵ ਨੂੰ ਕਾਲ ਤੋਂ ਆਪ ਮੁਕਤ ਕਰਦਾ ਹੈ ਜਿਸ ਲਈ ਮਨੁਖ ਨੂੰ ਉਸ ਪਰਮਾਤਮਾ ਦਾ ਨਾਮ ਸਦਾ ਸਦਾ ਜਪਣਾ ਚਾਹੀਦਾ ਹੈ।ਸਾਰੇ ਜੀਵਾਂ ਤੇ ਉਸਦੀ ਨਜ਼ਰ ਸਦਾ ਹੀ ਰਹਿੰਦੀ ਹੈ ਸੋ ਹਰ ਰੋਜ਼ ਭਗਵਾਨ ਦੇ ਗੁਣ ਗਾਉਣੇ ਚਾਹੀਦੇ ਹਨ। ਪ੍ਰਮਾਤਮਾ ਇਕੋ ਇਕ ਹੈ ਜੋ ਅਪਣੇ ਆਪ ਵਿਚ ਹੈ। ਜਿਨ੍ਹਾ ਭਗਤਾਂ ਨੇ ਹਰੀ ਦਾ ਨਾਮ ਜਪਿਆ ਹੈ ਉਹ ਉਸ ਦੇ ਪਰਤਾਪ ਨੂੰ ਜਾਣਦੇ ਹਨ। ਪ੍ਰਮਾਤਮਾ ਭਗਤਾਂ ਦੀ ਪੈਜ ਹਮੇਸ਼ਾਂ ਹੀ ਰਖਦਾ ਆਇਆ ਹੈ। ਗੁਰੂ ਜੀ ਕਹਿੰਦੇ ਹਨ ਕਿ ਉਹ ਤਾਂ ਉਹ ਹੀ ਬੋਲਦੇ ਹਨ ਜੋ ਉਹ ਬੁਲਵਾਉਂਦਾ ਹੈ:

ਕਾਲੁ ਗਵਾਇਆ ਕਰਤੈ ਆਪਿ ॥ ਸਦਾ ਸਦਾ ਮਨ ਤਿਸ ਨੋ ਜਾਪਿ ॥ ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥ ਗੁਣ ਗਾਵਹੁ ਨਿਤ ਨਿਤ ਭਗਵੰਤ ॥ ੩ ॥ ਏਕੋ ਕਰਤਾ ਆਪੇ ਆਪ ॥ ਹਰਿ ਕੇ ਭਗਤ ਜਾਣਹਿ ਪਰਤਾਪ ॥ ਨਾਵੈ ਕੀ ਪੈਜ ਰਖਦਾ ਆਇਆ ॥ ਨਾਨਕੁ ਬੋਲੈ ਤਿਸ ਕਾ ਬੋਲਾਇਆ ॥ ੪ ॥ ੩ ॥ ੨੧ ॥ (ਮਲਾਰ ਮਹਲਾ ੫, ਪੰਨਾ ੧੨੭੧)

ਪ੍ਰਮਾਤਮਾ ਦੇ ਗੁਣ ਗਾਉਣ ਸਦਕਾ ਕਾਲ ਦੇ ਚੱਬਣ ਤੋਂ ਜੀਵ ਬਚ ਸਕਦਾ ਹੈ। ਹਰੀ ਦਾ ਨਾਮ ਜਪਿਆਂ ਨੌ ਨਿਧਾਂ ਪ੍ਰਾਪਤ ਹੁੰਦੀਆਂ ਹਨ॥ ਇਹ ਸਭ ਵਾਹਿਗੁਰੂ ਸਹਜ ਸੁਭਾ ਸੁਤੇ-ਸਿਧ ਹੀ ਬਖਸ਼ਦਾ ਹੈ।

ਕਾਲੁ ਨ ਚਾਂਪੈ ਹਰਿ ਗੁਣ ਗਾਇ ॥ ਪਾਈ ਨਵ ਨਿਧਿ ਹਰਿ ਕੈ ਨਾਇ ॥ ਆਪੇ ਦੇਵੈ ਸਹਜਿ ਸੁਭਾਇ ॥ ੨੬ ॥ (ਰਾਮਕਲੀ ਮ: ੧, ਪੰਨਾ ੯੩੩)

ਮੌਤ ਦੀ ਸੱਟ ਕਿਵੇਂ ਟਾਲੀ ਜਾ ਸਕਦੀ ਹੈ? ਬੰਦ ਮੌਤ ਦੇ ਡਰ ਤੋਂ ਨਿਡਰ ਹੋ ਕੇ ਨਿਰਭਉ ਵਾਹਿਗੁਰੂ ਦੇ ਘਰ ਕਿਵੇਂ ਦਾਖਲ ਹੋ ਸਕਦਾ ਹੈ? ਕਿਸ ਤਰ੍ਹਾਂ ਦੁਸ਼ਮਣ (ਹਉਮੈ, ਮਾਇਆ ਮੋਹ, ਕਾਮ, ਕ੍ਰੋਧ, ਲੋਭ, ਹੰਕਾਰ) ਮਾਰੇ ਜਾ ਸਕਦੇ ਹਨ? ਇਨ੍ਹਾਂ ਸਵਾਲਾਂ ਦੇ ਸਿੱਧਾਂ ਨੂੰ ਉਤਰ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਬੰਦੇ ਨੂੰ ਸਹਜ ਸੰਤੋਖ ਨਾਲ ਗੁਰੂ ਦੇ ਸ਼ਬਦ ਰਾਹੀਂ ਹਉਮੈ ਨੂੰ ਮਾਰਨਾ ਚਾਹੀਦਾ ਹੈ ਜਿਸ ਨਾਲ ਉਹ ਰੱਭ ਦੇ ਘਰ ਵਿਚ ਪ੍ਰਵੇਸ਼ ਪਾ ਸਕਦਾ ਹੈ। ਜਦ ਇਨਸਾਨ ਉਸ ਦੇ ਨਾਮ ਦਾ ਅਨੁਭਵ ਕਰ ਲੈਂਦਾ ਹੈ ਤਦ ਕਾਲ ਵੀ ਅੁਸ ਦਾ ਦਾਸ ਹੋ ਜਾਂਦਾ ਹੈ:

ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥ ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥ ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥ ੨੧ ॥ (ਮ:੧, ਪੰਨਾ ੯੪੦)

ਨਾਨਕ ਭਗਤਾ ਸਦਾ ਵਿਗਾਸੁ

ਪ੍ਰਮਾਤਮਾ ਦਾ ਨਿਰਮਲ ਨਾਮ ਸੁਣੇ ਤੇ ਸੁੱਖ ਮਿਲਦਾ ਹੈ। ਪਰਮਾਤਮਾ ਦਾ ਨਾਮ ਸੁਣ ਸੁਣ ਕੇ ਹੀ ਉਸਨੂੰ ਮਨ ਵਸਾਇਆ ਜਾ ਸਕਦਾ ਇਹ ਗੱਲ ਕੋਈ ਹੀ ਬੁਝਦਾ ਹੈ।ਜੋ ਸੱਚੇ ਸੱਚ ਨੂੰ ਬਹਿੰਦੇ ਉਠਦੇ ਕਦੇ ਵੀ ਨਾ ਭੁਲਾਉ। ਭਗਤਾਂ ਨੂੰ ਨਾਮ ਦਾ ਆਧਾਰ ਸਹਾਰਾ ਹੈ ਤੇ ਨਾਮ ਉਨ੍ਹਾ ਨੂੰ ਸੁੱਖ ਬਖਸ਼ਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਗੁਰਮੁਖ ਦੇ ਮਨ ਤਨ ਵਿਚ ਹਮੇਸ਼ਾ ਹਰੀ ਹੀ ਵਸਿਆ ਰਹਿੰਦਾ ਹੈ:

ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥ ੫ ॥ ਸਲੋਕ ਮਹਲਾ ੧, ਪੰਨਾ ੧੨੩੯)

ਭਗਤ ਪ੍ਰਮਾਤਮਾ ਨੂੰ ਚੰਗੇ ਲਗਦੇ ਹਨ ਤੇ ਉਹ ਪ੍ਰਮਾਤਮਾ ਦੇ ਦਰ ਤੇ ਕੀਰਤਨ ਗਾਉਂਦੇ ਸੋਂਹਣੇ ਲਗਦੇ ਹਨ:

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ (ਆਸਾ ੧, ਪੰਨਾ ੪੬੮)

ਭਗਤ ਜਨ ਪ੍ਰਮਾਤਮਾ ਦਾ ਕੀਰਤਨ ਕਰਦੇ ਖਿੜਦੇ ਤੇ ਹਮੇਸ਼ਾ ਅਨੰਦ ਵਿਚ ਰਹਿੰਦੇ ਹਨ:

ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥ ੨ ॥ ੧੦ ॥ (ਆਸਾ ਮਹਲਾ ੫, ਪੰਨਾ ੩੭੩)

ਭਗਤ ਜਨਾਂ ਦਾ ਮਨ ਹਮੇਸ਼ਾਂ ਸ਼ਾਂਤ ਰਹਿੰਦਾ ਹੈ:

ਭਗਤ ਜਨਾ ਕੇ ਮਨਿ ਬਿਸਰਾਮ॥ (ਗਉੜੀ ਸੁਖਮਨੀ ਮ: ੫, ਪੰਨਾ ੨੬੨)

ਪਰਮਾਤਮਾ ਜਾਣੀ ਜਾਣ ਹੈ ਸਭ ਕੁਝ ਜਾਣਦਾ ਹੈ। ਹਰ ਦੁਖ ਸੁੱਖ ਘਾਟ ਬਾਢ ਵਿਚ ਪ੍ਰਮਾਤਮਾ ਭਗਤਾਂ ਦਾ ਸੰਗ ਹੁੰਦਾ ਹੈ।ਇਸੇ ਲਈ ਅਨੰਦ ਮਗਨ ਭਗਤ ਅਪਣੇ ਪ੍ਰਭ ਦੇ ਗੁਣ ਗਾਉਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਉਨ੍ਹਾਂ ਦੇ ਯਮ ਕਦੇ ਨੇੜ ਨਹੀਂ ਆਉਂਦਾ ਭਾਵ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ।

ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥ ਓਤਿ ਪੋਤਿ ਭਗਤਨ ਸੰਗਾਨਿ ॥ ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥ ਨਾਨਕ ਤਿਨ ਜਮ ਨੇੜਿ ਨ ਆਵਹਿ ॥ ੩ ॥ ੧੯ ॥ ੩੦ ॥ (ਰਾਮਕਲੀ ਮਹਲਾ ੫, ਪੰਨਾ ੮੯੨)

ਪ੍ਰਮਾਤਮਾ ਦੀ ਭਗਤੀ ਨਿਰਾਲੀ ਹੈ ਜੋ ਦੁੱਖ ਸੁੱਖ ਖਤਮ ਕਰ ਦਿੰਦੀ ਹੈ:

ਦੁਖ ਸੁਖ ਪਰਹਰਿ ਭਗਤਿ ਨਿਰਾਲੀ॥ (ਪ੍ਰਭਾ ੧, ਪੰਨਾ ੧੩੪੨)

ਨਾਮ ਸਦਕਾ ਸਾਰੇ ਦੁੱਖ ਨੱਠ ਜਾਂਦੇ ਹਨ ਟੁੱਟ ਜਾਂਦੇ ਹਨ ਤੇ ਸਾਧਕ ਸਹਜ ਅਵਸਥਾ ਪ੍ਰਾਪਤ ਕਰਕੇ ਉਸ ਵਿਚ ਸਮਾ ਜਾਂਦਾ ਹੈ ਤੇ ਪ੍ਰਮਾਤਮਾ ਦੇ ਗੁਣ ਗਾਉਂਦਾ ਅਨੰਦ ਅਵਸਥਾ ਵਿਚ ਵਿਚਰਦਾ ਹੈ:
ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ॥ ਸਰ ਮ:੫, ਪੰਨਾ ੧੨੧੮)
ਪ੍ਰਮਾਤਮਾ ਦਾ ਸਿਮਰਨ ਕਰਕੇ ਧਰੂ ਭਗਤ ਵਾਂਗੂ ਉਸ ਦੇ ਦਰ ਤੇ ਅੱਟਲ ਪਦਵੀ ਪਰਾਪਤ ਹੁੰਦੀ ਹੈ ਤੇ ਸਾਧਕ ਨਿਭਉ ਪਦ ਪਾਉਂਦਾ ਹੈ, ਹੇ ਮਨੁਖ ਤੂੰ ਉਸ ਦੁੱਖ ਤੋੜਣ ਵਾਲੇ ਨੂੰ ਕਿਉਂ ਭੁੱਲ ਗਿਆਂ ਹੈਂ?

ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥ ੧ ॥ (ਸੋਰਠ ਮ:੯, ਪੰਨਾ ੬੩੨)

ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥ ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥ ੧ ॥ ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥ ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥ ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥ ੨ ॥ ੪ ॥ ੧੩੩ ॥ (ਸਾਰੰਗ ੫, ਪੰਨਾ ੧੨੩੦)

ਨਾਮ ਸੁਣੇ ਤੇ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ

ਸੁਣਿਐ ਦੂਖ ਪਾਪ ਕਾ ਨਾਸੁ

ਨਾਮ ਲੈਣ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ
ਨਾਮ ਲੈਤ ਸਭ ਦੁਖਹੁ ਨਾਸੁ ॥ (ਭੈਰਉ ੫, ਪੰਨਾ ੧੧੫੦)

ਨਾਮ ਲੈਣ ਨਾਲ ਤਨ ਦੇ ਪਾਪ ਲਹਿ ਜਾਂਦੇ ਹਨ:
ਨਾਮ ਲੈਤ ਪਾਪੁ ਤਨ ਤੇ ਗਇਆ॥ (ਭੈਰਉ ੫, ਪੰਨਾ ੧੧੪੨)

ਨਾਮ ਲੈਣ ਨਾਲ ਪਰਮਾਤਮਾ ਦੇ ਦਰਬਾਰ ਤੇ ਸੁੱਖ ਮਿਲਦਾ ਹੈ, ਸਾਰੇ ਸੁੱਖ ਮਿਲਦੇ ਹਨ:
ਨਾਮ ਲੈਤ ਦਰਗਹ ਸੁਖ ਪਾਵੈ॥ (ਭੈਰਉ ੫, ਪੰਨਾ ੧੧੪੨)
ਨਾਮ ਲੈਤ ਸਰਬ ਸੁਖ ਪਾਇਆ॥ (ਕਾਨ ੫, ਪੰਨਾ ੧੨੯੮)

ਪ੍ਰਮਾਤਮਾ ਆਪ ਹੀ ਭਗਤੀ ਦਾ ਖਜ਼ਾਨਾ ਬਖਸ਼ਦਾ ਹੈ ਜਿਸ ਨਾਲ ਗੁਰਮੁਖਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ:
ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖ ਹੋਇ॥ (ਮਾਰੂ ੩, ਪੰਨਾ ੯੯੪)

ਭਗਤ ਜਨਾ ਦੇ ਸਾਥ ਸਦਕਾ ਸਾਰੇ ਪਾਪ ਧੋਤੇ ਜਾਂਦੇ ਹਨ

ਭਗਤ ਜਨਾ ਕੇ ਸੰਗਿ ਪਾਪ ਗਵਾਵਣਾ॥ (ਸੋਰਠ ੪, ਪੰਨਾ ੬੫੨)
ਪਾਪ ਮਿਟਹਿ ਸਾਧੂ ਸਰਨਿ ਦਇਆਲ॥ (ਗਉੜੀ ਮ:੫, ਪੰਨਾ ੨੦੨)

ਗੁਰੂ ਦੀ ਮਿਹਰ ਸਦਕਾ ਪ੍ਰਭੂ ਨੂੰ ਧਿਆਉਣ ਨਾਲ ਸਾਰੀਆਂ ਸ਼ੰਕਾਵਾਂ ਮਿਟ ਗਈਆਂ, ਦੁੱਖ ਹਨੇਰਾ ਛਟ ਗਿਆ ਸਾਰੇ ਭੈ ਦੂਰ ਹੋ ਗਏ ਤੇ ਪਾਪ ਮਿਟ ਗਏ। ਹਰੀ ਦੇ ਨਾਮ ਨਾਲ ਪ੍ਰੀਤ ਪਾਕੇ ਰੱਖੋ। ਸੰਤ ਪੁਰਖਾਂ ਨੂੰ ਮਿਲਕੇ ਪ੍ਰਮਾਤਮਾ ਨੂੰ ਧਿਆਉਣ ਦੀ ਇਹ ਮਹਾਂ ਪਵਿਤਰ ਰੀਤ ਹੈ:

ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥ ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥ ੧ ॥ ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥ ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥ ੧ ॥ (ਗੂਜਰੀ ਮਹਲਾ ੫, ਪੰਨਾ ੫੦੨)

ਸਭ ਕਰਮ ਧਰਮ ਦਾ ਤੱਤ ਗਿਆਨ ਹੈ ਕਿ ਸਾਧ ਸੰਗਤ ਵਿਚ ਮਿਲ ਬੈਠ ਕੇ ਹਰੀ ਦਾ ਨਾਮ ਜਪੀਏ।ਨਾਮ ਸਹਾਰੇ ਸੰਸਾਰ ਭਵ ਸਾਗਰ ਤਰ ਕੇ ਵਾਹਿਗੁਰੂ ਦੇ ਚਰਨੀ ਜਾ ਪਹੁੰਚੀਦਾ ਹੈ । ਸਭ ਕੁਝ ਕਰਨ ਵਾਲਾ ਤੇ ਹਰ ਕਾਰਣ ਦੇ ਪਿੱਛੇ ਉਹ ਪ੍ਰਭੂ ਹੈ ਜੋ ਸਭਨਾਂ ਦਿਲਾਂ ਦੀ ਜਾਣਦਾ ਹੈ।ਉਹ ਹੀ ਅਪਣੀ ਕਿਰਪਾ ਦੁਆਰਾ ਜੀਵ ਨੂੰ ਮਾਇਆ ਰੂਪੀ ਸੰਸਾਰ ਭਵ ਸਾਗਰ ਵਿਚ ਡੁਬਣੋਂ ਰੋਕ ਸਕਦਾ ਹੈ ਤੇ ਪੰਜ ਭਿਆਨਕ ਦੂਤਾਂ ਕਾਮ, ਕ੍ਰੋਧ, ਲੋਭ ਮੋਹ ਤੇ ਹੰਕਾਰ ਤੋਂ ਬਚਾਉਂਦਾ ਹੈ ਤੇ ਜੀਵ ਦੁਨੀਆਂ ਤੇ ਜਨਮ ਲੈਣ ਦੇ ਜੂਏ ਨੂੰ ਕਦੇ ਨਹੀਂ ਹਾਰਦਾ ਤੇ ਕਰਤਾਰ ਜੀਵ ਨੂੰ ਅਪਣਾ ਲੈਂਦਾ ਹੈ, ਅੰਗ ਲਾ ਲੈਂਦਾ ਹੈ:

ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥ ੩ ॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥ ੪ ॥ ੧੨ ॥ ੧੪ ॥ (ਗੋਂਡ ਮਹਲਾ ੫, ਪੰਨਾ ੮੬੬)
.