.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਇਕੱਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ" - ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ, ਅਸਾਂ ਪੱਕਾ ਕਰਕੇ ਇਸ ਗੱਲ ਨੂੰ ਸਮਝਣਾ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਆਪਣੀ ਇਸ ਦਸਵੀਂ ਵਾਰ `ਚ ਗੁਰਬਾਣੀ ਵਿੱਚਲੇ ੧੫ `ਚੋਂ ਉਨ੍ਹਾਂ ਅੱਠ ਭਗਤਾਂ ਬਾਰੇ ਕੇਵਲ ਉਨ੍ਹਾਂ ਪ੍ਰਚਲਣਾਂ ਨੂੰ ਹੀ ਨਸ਼ਰ ਕੀਤਾ ਹੋਇਆ ਹੈ, ਜਿਹੜੇ ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਨੂੰ ਅਗਿਆਨਤਾ ਦੇ ਹਨੇਰੇ `ਚ ਗੁੰਮ ਕਰਣ ਲਈ, ਬਲਕਿ ਉਨ੍ਹਾਂ ਨੂੰ ਬ੍ਰਾਹਮਣ ਮੱਤ ਦੇ ਅਨੁਯਾਯੀ ਸਾਬਤ ਕਰਣ ਲਈ, ਵਿਰੋਧੀਆਂ ਵੱਲੋਂ ਸਮੇਂ ਸਮੇਂ `ਤੇ ਉਨ੍ਹਾਂ ਬਾਰੇ ਪ੍ਰਚਾਰੇ ਹੋਏ ਸਨ।

ਇਸ ਤਰ੍ਹਾਂ ਭਾਈ ਸਾਹਿਬ ਦੀ ਉਸ ਦਸਵੀਂ ਵਾਰ ਦੀਆਂ ੧੦ਵੀਂ ਤੋਂ ਸਤਾਰ੍ਹਵੀਂ, ਅੱਠ ਪਉੜੀਆਂ ਵਿੱਚਲੀਆਂ ਕਹਾਣੀਆਂ, ਗੁਰਬਾਣੀ ਵਿੱਚਲੇ ਉਨ੍ਹਾਂ ਅੱਠ ਭਗਤਾਂ ਦੇ ਜੀਵਨ ਦਾ ਮੂਲੋਂ ਹੀ ਇਤਿਹਾਸਕ ਪੱਖ ਨਹੀਂ ਹਨ, ਉਹ ਕੇਵਲ ਤੇ ਕੇਵਲ ਉਨ੍ਹਾਂ ਬਾਰੇ ਪ੍ਰਚਲਣ ਮਾਤ੍ਰ ਹੀ ਹਨ, ਜਿਹੜੇ ਸੱਚ ਧਰਮ ਦੇ ਵਿਰੋਧੀਆਂ ਵੱਲੋਂ ਸਮੇਂ ਸਮੇਂ `ਤੇ ਉਨ੍ਹਾਂ ਬਾਰੇ ਪ੍ਰਚਾਰੇ ਹੋਏ ਸਨ

ਜਦਕਿ ਗੁਰਬਾਣੀ ਦੇ ਖਜ਼ਾਨੇ `ਚ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ, ਪੰਜਵੇਂ ਪਾਤਸ਼ਾਹ ਦਾ ਆਪਣਾ ਸ਼ਬਦ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ, ," (ਪੰ: ੪੮੭) ਵੀ ਸਾਡੇ ਪਾਸ ਮੌਜੂਦ ਹੈ। ਕਿਉਂਕਿ ਭਗਤ ਧੰਨਾ ਜੀ ਜਦੋਂ ਆਪਣੇ ਸ਼ਬਦ "ਭ੍ਰਮਤ ਫਿਰਤ ਬਹੁ ਜਨਮ ਬਿਲਾਨੇ." (ਪੰ: ੪੮੭) `ਚ ਆਪ ਸਪਸ਼ਟ ਕਰਦੇ ਹਨ ਕਿ ਮੈਨੂੰ (ਧੰਨੇ ਨੂੰ) "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" ਭਾਵ ਸੰਤ ਜਨਾਂ ਦੀ ਸੰਗਤ `ਚੋਂ ਪ੍ਰਭੂ ਦੀ ਪ੍ਰਾਪਤੀ ਹੋਈ।

ਤਾਂ ਉਸ ਦੇ ਨਾਲ ਭਗਤ ਧੰਨਾ ਜੀ ਦੇ ਉਨ੍ਹਾਂ ਸ਼ਬਦਾਂ ਵਿੱਚਕਾਰ ਹੀ ਪੰਜਵੇਂ ਪਾਤਸ਼ਾਹ ਆਪ "ਮਹਲਾ ੫" ਦੇ ਸਿਰਲੇਖ ਹੇਠ, ਭਗਤ ਧੰਨਾ ਜੀ ਦੇ ਸ਼ਬਦ ਵਿੱਚਲੀ ਪੰਕਤੀ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਜਨਾ" ਵਾਲੀ ਘੁੰਡੀ ਨੂੰ ਉਚੇਚੇ ਤੌਰ `ਤੇ, ਆਪ ਖੋਲ ਦਿੰਦੇ ਹਨ। ਅਪਣੇ ਉਸ ਸ਼ਬਦ "ਮਹਲਾ ੫॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ …" ਦੇ ਨਿਣਾਇਕ ਅੰਤਮ ਤੇ ਚੌਥੇ ਬੰਦ `ਚ `ਚ ਪੰਜਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ "ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ" (ਪੰ: ੪੮੭-੮੮)।

ਤਾਂ ਕੀ ਇਸ ਤੋਂ ਬਾਅਦ ਵੀ ਧੰਨਾ ਜੀ ਦੇ ਜੀਵਨ ਦੀ ਸਫ਼ਲਤਾ ਸੰਬੰਧੀ, ਉਨ੍ਹਾਂ ਬਾਰੇ ਵਿਰੋਧੀਆਂ ਰਾਹੀਂ ਪ੍ਰਚਲਤ ਕਹਾਣੀ ਅਨੁਸਾਰ ਅਜਿਹਾ ਭਰਮ ਬਾਕੀ ਰਹਿ ਜਾਣਾ ਚਾਹੀਦਾ ਹੈ ਕਿ ਧੰਨਾ ਜੀ ਨੂੰ ਪ੍ਰਭੂ ਦੀ ਪ੍ਰਾਪਤੀ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਜਨਾ" ਚੌਂ ਨਹੀਂ ਬਲਕਿ ਉਨ੍ਹਾਂ ਨੂੰ ਕਿਸੇ ਪੰਡਿਤ ਰਾਹੀਂ ਦਿੱਤੇ ਹੋਏ ਕਿਸੇ ਪੱਥਰ `ਚੋਂ ਹੀ ਹੋਈ ਸੀ।

ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਆਪਣੀ ਦਸਵੀਂ ਵਾਰ ਦੀਆਂ ਦਸਵੀਂ ਤੋਂ ਸਤਾਰ੍ਹਵੀਂ ਪਉੜੀ ਤੀਕ ਵਿਰੋਧੀਆਂ ਰਾਹੀਂ, ਗੁਰਬਾਣੀ ਵਿੱਚਲੇ ਉਨ੍ਹਾਂ ਅੱਠ ਭਗਤਾਂ ਬਾਰੇ ਪ੍ਰਚਲਤ ਕੀਤੀਆਂ ਹੋਈਆਂ ਬੇ-ਸਿਰਪੈਰ ਦੀਆਂ ਮਨੋਕਲਪਤ ਕਹਾਣੀਆਂ ਨੂੰ ਹੀ ਨਸ਼ਰ ਕੀਤਾ ਹੋਇਆ ਹੈ।

ਇਸ ਤਰ੍ਹਾਂ ਭਾਈ ਸਾਹਿਬ ਨੇ, ਉਨ੍ਹਾਂ ਅੱਠਾਂ ਪਉੜੀਆਂ `ਚੋਂ ਹੀ ਤੇਰ੍ਹਵੀਂ ਪਉੜੀ `ਚ ਭਗਤ ਧੰਨਾ ਜੀ ਬਾਰੇ ਵੀ, ਵਿਰੋਧੀਆਂ ਰਾਹੀਂ ਪ੍ਰਚਲਤ ਕੀਤੀ ਹੋਈ ਕਹਾਣੀ ਕਿ ਉਨ੍ਹਾਂ ਨੂੰ ਕਿਸੇ ਪੰਡਿਤ ਰਾਹੀਂ ਦਿੱਤੇ ਹੋਏ ਪੱਥਰ ਵਾਲੀ ਬੇ-ਸਿਰਪੈਰ ਕਹਾਣੀ ਤੇ ਪ੍ਰਚਲਣ ਨੂੰ ਹੀ ਬਿਆਣਿਆ ਤੇ ਨਸ਼ਰ ਕੀਤਾ ਹੋਇਆ ਹੈ; ਨਾ ਕਿ ਭਗਤਾ ਧੰਨਾ ਜੀ ਦੇ ਜੀਵਨ ਦੀ ਕਿਸੇ ਇਤਿਹਾਸਕ ਘਟਣਾ ਨੂੰ।

ਤਾਂ ਤੇ ਸੰਗਤਾਂ ਦੀ ਜਾਣਕਾਰੀ ਲਈ ਅਸੀਂ, ਭਾਈ ਸਾਹਿਬ ਦੀ ਉਸ ਦਸਵੀਂ ਵਾਰ ਦੀ ਧੰਨਾ ਜੀ ਬਾਰੇ ੳੇੁਹ ਤੇਰ੍ਹਵੀਂ ਪਉੜੀ ਨੂੰ ਵੀ ਹੂ-ਬ-ਹੂ ਦੇ ਰਹੇ ਹਾਂ, ਜਿਹੜੀ ਇਸ ਤਰ੍ਹਾਂ ਹੈ:-

ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥ (੧੦-੧੩-੨)

ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥ (੧੦-੧੩-੩)

ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇੱਕ ਜੋ ਤੁਧ ਭਾਵੈ॥ (੧੦-੧੩-੪)

ਪੱਥਰ ਇੱਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ॥ (੧੦-੧੩-੫)

ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ॥ (੧੦-੧੩-੬)

ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ॥ (੧੦-੧੩-੭)

ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ॥ (੧੦-੧੩-੮)

ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥ (੧੦-੧੩-੯)

ਭੋਲਾ ਭਾਉ ਗੋਵਿੰਦ ਮਿਲਾਵੈ॥ ੧੩॥ (੧੦-੧੩-੧੦)

ਇਸ ਲਈ ਦੌਰਾਅ ਦੇਵੀਏ ਕਿ ਭਾਈ ਗੁਰਦਾਸ ਜੀ ਨੇ ਵੀ ਆਪਣੀ ਦਸਵੀਂ ਵਾਰ ਦੀ ਪਉੜੀ ਨੰ: ੧੦ ਤੋਂ ੧੭, ਇਨ੍ਹਾਂ ਅੱਠ ਪਉੜੀਆਂ `ਚ ਨੰਬਰਵਾਰ (੧) ਭਗਤ ਜੈਦੇਵ ਜੀ (੨) ਨਾਮਦੇਵ ਜੀ, (੩) ਨਾਮਦੇਵ ਜੀ ਤੇ ਭਗਤ ਤ੍ਰਲੋਚਨ ਜੀ ਦਾ ਆਪਸੀ ਮਿਲਾਪ (੪) ਭਗਤ ਧੰਨਾ ਜੀ (੫) ਭਗਤ ਬੇਣੀ ਜੀ (੬) ਭਗਤ ਰਾਮਾਨੰਦ ਜੀ (੭) ਭਗਤ ਕਬੀਰ ਜੀ (੮) ਭਗਤ ਰਵਿਦਾਸ ਜੀ ਭਾਵ ਗੁਰਬਾਣੀ ਵਿੱਚਲੇ ੧੫ `ਚੋਂ ਇਨ੍ਹਾਂ ਅੱਠ ਭਗਤਾਂ ਬਾਰੇ ਉਹ ਪ੍ਰਚਲਣ ਹੀ ਰੋਸ਼ਨੀ `ਚ ਲਿਆਂਦੇ ਹੋਏ ਹਨ। ਇਸਤਰ੍ਹਾਂ ਉਨ੍ਹਾਂ ਵਿਰੋਧਆਂ ਦੇ ਝੂਠ ਨੂੰ ਹੀ ਜਗ ਜ਼ਾਹਿਰ ਤੇ ਨੰਗਾ ਕੀਤਾ ਹੋਇਆ ਹੈ; ਨਾ ਕਿ ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਦੀਆਂ ਕਿਸੇ ਇਤਿਹਾਸਕ ਘਟਣਾਵਾਂ ਨੂੰ।

ਦਰਅਸਲ ਭਾਈ ਸਾਹਿਬ ਦੀ ਦਸਵੀਂ ਵਾਰ ਵਿੱਚਲੀਆਂ ਇਹ ਅੱਠ ਪਉੜੀਆਂ, ਗੁਰਬਾਣੀ ਵਿੱਚਲੇ ੧੫ `ਚੋਂ ਅੱਠ ਭਗਤਾਂ ਬਾਰੇ ਬੇਸਿਰਪੈਰ ਦੀਆਂ ਇਹ ਉਹ ਕਹਾਣੀਆਂ ਤੇ ਪ੍ਰਚਲਣ ਹੀ ਹਨ ਜਿਹੜੇ ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਨੂੰ ਅਗਿਆਨਤਾ ਦੇ ਹਨੇਰੇ `ਚ ਗੁੰਮ ਕਰਣ ਲਈ, ਵਿਰੋਧੀਆਂ ਦੀਆਂ ਚਾਲਾਂ ਅਤੇ ਸਮੇਂ ਸਮੇਂ ਨਾਲ ਉਨ੍ਹਾਂ ਬਾਰੇ ਪ੍ਰਚਾਰੇ ਹੋਏ ਸਨ ਬਲਕਿ ਜਿਹੜੇ ਲੰਮੇ ਸਮੇਂ ਤੋਂ ਬਹੁਤਾ ਕਰਕੇ ਸਾਧਾਰਣ ਲੋਕਾਈ ਦੇ ਮੂੰਹ `ਤੇ ਵੀ ਚੜ੍ਹ ਚੁੱਕੇ ਹੋਏ ਸਨ।

ਹੋਰ ਤਾਂ ਹੋਰ, ਉਨ੍ਹਾਂ "ਸਫ਼ਲ ਜੀਵਨ ਭਗਤਾਂ" ਬਾਰੇ ਵਿਰੋਧੀਆਂ ਰਾਹੀਂ ਰਚੀਆਂ ਹੋਈਆਂ ਬੇਸਿਰਪੈਰ ਦੀਆਂ ਇਹ ਉਹ ਕਹਾਣੀਆਂ ਅਤੇ ਪ੍ਰਚਲਣ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਵੀ ਬਹੁਤ ਪਹਿਲਾਂ, ਸਾਧਾਰਣ ਲੋਕਾਈ ਦੇ ਮੂੰਹ `ਤੇ ਚੜ੍ਹੇ ਹੋਏ ਸਨ। ਇਸੇ ਲਈ ਗੁਰਬਾਣੀ `ਚ ਪੰਜਵੇਂ ਪਾਤਸ਼ਾਹ ਨੇ ਵੀ ਭਗਤ ਧੰਨਾ ਜੀ ਦੇ ਸ਼ਬਦ ਵਿੱਚਲੀ ਪੰਕਤੀ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਜਨਾ" ਨੂੰ ਉਚੇਚੇ, ਖੋਲਿਆ ਤੇ ਆਪ ਸਪਸ਼ਟ ਕੀਤਾ।

ਜਦਕਿ ਇਹ ਵੀ ਦੱਸ ਆਏ ਹਾਂ ਕਿ ਭਾਈ ਗੁਰਦਾਸ ਜੀ ਦੀ ਇਸ ਦਸਵੀਂ ਵਾਰ ਦੀਆਂ ਕੁਲ ੨੩ ਪਉੜੀਆਂ `ਚੋਂ ਬਾਕੀ ਪੰਦਰਾਂ ਪਉੜੀਆਂ `ਚ, ਭਾਈ ਸਾਹਿਬ ਨੇ ਸੰਗਤਾਂ ਦੀ ਭਰਪੂਰ ਜਾਣਕਾਰੀ ਲਈ ਗਨਿਕਾ, ਅਜਾਮਲ, ਦ੍ਰੋਪਦੀ ਆਦਿ ਉਹ ੧੫ ਮਿਥਿਹਾਸਕ ਵੇਰਵੇ ਵੀ ਦਿੱਤੇ ਹੋਏ ਹਨ, ਜਿਨ੍ਹਾਂ ਲਈ ਸੰਕੇਤ ਤੇ ਹਵਾਲੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਆਏ ਹੋਏ ਹਨ।

ਗੁਰਬਾਣੀ `ਚ, ਭਗਤ ਬਾਣੀ- ਲੋੜ ਅਨੁਸਾਰ ਉਂਝ ਤਾਂ ਇਸ ਬਾਰੇ ਅਸ਼ੀਂ ਕੁੱਝ ਜ਼ਿਕਰ ਕਰ ਵੀ ਆਏ ਹਾਂ, ਤਾਂ ਵੀ ਗੁਰਬਾਣੀ ਵਿੱਚਲੀ ਭਗਤ ਬਾਣੀ ਬਾਰੇ ਇਸ ਸਚਾਈ ਨੂੰ ਸਮਝਣਾ ਤੇ ਦ੍ਰਿੜ ਕਰਣਾ ਜ਼ਰੂਰੀ ਹੈ ਕਿ "ਗੁਰਬਾਣੀ ਵਿੱਚਲੀ ਸਮੂਚੀ ਭਗਤ ਬਾਣੀ" ਕਦੋਂ ਇੱਕਤ੍ਰ ਹੋਈ?

ਦਰਅਸਲ ਇਸ ਵਿਸ਼ੇ ਨਾਲ ਸ਼ੰਬੰਧਤ ਪੰਥ ਪਾਸ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ, ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੀਆਂ ਦੋ ਲਿਖਤਾਂ "ਗੁਰਬਾਣੀ ਦਾ ਇਤਿਹਾਸ" ਅਤੇ "ਆਦਿ ਬੀੜ ਬਾਰੇ" ਪੰਥ ਪਾਸ ਬਹੁਤ ਵੱਡਾ ਸਰਮਾਇਆ ਹੈ ਜਿਸ ਦਾ ਅੱਜ ਵੀ ਕਿਸੇ ਕੋਲ ਤੋੜ ਨਹੀਂ।

ਇਨ੍ਹਾਂ ਪੁਸਤਕਾਂ ਦੇ ਵੇਰਵੇ ਅਤੇ ਘੋਖ `ਚ ਗਿਆਂ ਇਹ ਵਿਸ਼ਾ ਵੀ ਉਘੜ ਕੇ ਸਾਹਮਣੇ ਆ ਜਾਂਦਾ ਹੈ ਕਿ ਗੁਰਬਾਣੀ ਵਿੱਚਲੇ ੧੫ ਭਗਤਾਂ ਦੀਆਂ ਰਚਨਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਆਪ ਇਕਤ੍ਰ ਕੀਤੀਆਂ ਸਨ। ਤਾਂ ਤੇ ਵਿਸ਼ੇ ਨੂੰ ਕੁੱਝ ਖੁੱਲ ਕੇ ਸਮਝਣ ਲਈ ਇਸ ਬਾਰੇ ਅਸੀਂ ਗੁਰਬਾਣੀ `ਚੋਂ ਹੀ ਇਕ-ਦੋ ਸਬੂਤ ਵੀ ਲੈਣੇ ਜ਼ਰੂਰੀ ਸਮਝਦੇ ਹਾਂ। ਮਿਸਾਲ ਵਜੋਂ ਗੁਰਬਾਣੀ `ਚ ਫ਼ਰੀਦ ਸਾਹਿਬ ਦਾ ਰਾਗ ਸੂਹੀ ਵਿੱਚਲਾ ਇੱਕ ਸ਼ਬਦ ਇਸ ਤਰ੍ਹਾਂ ਹੈ:-

"ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥   ॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥   ॥ ਰਹਾਉ॥ ਇੱਕ ਆਪੀਨੈੑ ਪਤਲੀ ਸਹ ਕੇ ਰੇ ਬੋਲਾ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥   ॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ" (ਪੰ: ੭੯੪)।

ਫ਼ਿਰ ਫ਼ਰੀਦ ਸਾਹਿਬ ਦੇ ਇਸੇ ਸ਼ਬਦ ਦੇ ਪ੍ਰਥਾਏ ਤੇ ਇਸੇ ਸੂਹੀ ਰਾਗ `ਚ ਗੁਰੂ ਨਾਨਕ ਪਾਤਸ਼ਾਹ ਦਾ ਵੀ ਇੱਕ ਸ਼ਬਦ ਆਇਆ ਹੈ ਜਿਹੜਾ ਇਸ ਤਰ੍ਹਾਂ ਹੈ:-

"ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥   ॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥   ॥ ਰਹਾਉ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥   ॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ, ਹੈ ਸਾਚਾ ਸੋਈ॥   ॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥   ॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥   ॥" (ਪੰ: ੭੨੯)

ਹੁਣ ਜਦੋਂ ਅਸੀਂ ਇਨ੍ਹਾਂ ਦੋਨਾਂ ਸ਼ਬਦਾਂ ਨੂੰ ਆਹਮਣੇ-ਸਾਹਮਣੇ ਰਖਦੇ ਹਾਂ ਤਾਂ ਇਨ੍ਹਾਂ ਸ਼ਬਦਾਂ `ਚ:-

(ੳ) ਇਨ੍ਹਾਂ ਦੋਨਾਂ ਸ਼ਬਦਾਂ ਵਿੱਚਲੀ ਸ਼ਬਦਾਵਲੀ,

(ਅ) ਇਨ੍ਹਾਂ ਦੋਨਾਂ ਸ਼ਬਦਾਂ ਦੀ ਆਪਸੀ ਚਾਲ,

(ੲ) ਇਨ੍ਹਾਂ ਦੋਨਾਂ ਸ਼ਬਦਾਂ ਵਿੱਚਲਾ ਵਿਸ਼ਾ; ਇਹ ਸਭ ਇਕੋ ਜਿਹਾ ਬਲਕਿ ਇਕੋ ਹੀ ਹੈ।

ਇਹ ਸਭ ਕਿਉਂ ਅਤੇ ਕਿਵੇਂ ਹੋਇਆ? -ਸਪਸ਼ਟ ਹੈ, ਇਹ ਸਭ ਤਾਂ ਹੀ ਸੰਭਵ ਹੋਇਆ ਕਿਉਂਕਿ ਫ਼ਰੀਦ ਸਾਹਿਬ ਦਾ ਉਹ ਸ਼ਬਦ, ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸੀ।

ਉਪ੍ਰੰਤ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਜਗਿਆਸੂ ਲਈ ‘ਇਸ ਸ਼ਬਦ `ਚ ਪ੍ਰਭੂ ਮਿਲਾਪ ਲਈ, ਸ਼ਬਦ ਵਿੱਚਲੇ ਵਿਸ਼ੇ ਨੂੰ ਖੋਲਣਾ ਜ਼ਰੂਰੀ ਹੈ ਤਾ ਕਿ ਫ਼ਰੀਦ ਸਾਹਿਬ ਦੇ ਇਸ ਸ਼ਬਦ ਦੇ ਮੂਲ ਅਰਥਾਂ ਅਤੇ ਵਿਸ਼ੇ ਨੂੰ ਸਮਝਣ `ਚ ਜਗਿਆਸੂ ਦੇ ਮਨ `ਚ ਮਨੁੱਖ ਦੀ ਉਮਰ ਆਦਿ ਸੰਬੰਧੀ ਕੋਈ ਭਰਮ ਹੀ ਪੈਦਾ ਨਾ ਹੋ ਜਾਵੇ। ਜਿਸ ਤੋਂ ਅਜਿਹਾ ਨਾ ਹੋਵੇ ਕਿ ਇਸ ਕਾਰਣ "ਗੁਰੂ ਕੀਆਂ ਸੰਗਤਾਂ" ਕਿੱਧਰੇ ਇਸ ਸ਼ਬਦ ਦਾ ਪੂਰਾ ਲਾਭ ਹੀ ਨਾ ਲੈ ਸਕਣ।

ਇਸ `ਤੇ ਫ਼ਰੀਦ ਸਾਹਿਬ ਦੇ ਉਸੇ ਸ਼ਬਦ ਦਾ ਉਹ ਲੁਕਵਾਂ ਪੱਖ, ਜਿਹੜਾ ਉਥੇ ਪੂਰੀ ਤਰ੍ਹਾਂ ਖੁੱਲਾ ਤੇ ਸਪਸ਼ਟ ਨਹੀਂ ਸੀ ਹੋਇਆ, ਗੁਰੂ ਨਾਨਕ ਪਾਤਸ਼ਾਹ ਨੇ ਆਪ ਉਸੇ ਰਾਗ, ਉਸੇ ਸ਼ਬਦਾਵਲੀ ਅਤੇ ਉਸੇ ਚਾਲ `ਚ, ਇੱਕ ਹੋਰ ਸ਼ਬਦ ਆਪਣੇ ਵੱਲੋਂ ਵੀ ਦੇ ਦਿੱਤਾ।

ਇਸੇ ਤਰ੍ਹਾਂ ਪ੍ਰਭਾਤੀ ਰਾਗ `ਚ ਭਗਤ ਬੇਣੀ ਜੀ ਦਾ ਇੱਕ ਸ਼ਬਦ ਹੈ:-

"ਤਨਿ ਚੰਦਨੁ ਮਸਤਕਿ ਪਾਤੀ॥ ਰਿਦ ਅੰਤਰਿ ਕਰ ਤਲ ਕਾਤੀ॥ ਠਗ ਦਿਸਟਿ ਬਗਾ ਲਿਵ ਲਾਗਾ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ॥   ॥ … ਜਿਨਿ ਆਤਮ ਤਤੁ ਨ ਚੀਨਿੑਆ॥ ਸਭ ਫੋਕਟ ਧਰਮ ਅਬੀਨਿਆ॥ ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ" (ਪੰ: ੧੩੫੧)

ਹੁਣ ਇਸੇ ਸ਼ਬਦ ਦੀਆਂ ਅੰਤਮ ਪੰਕਤੀਆਂ ਬਾਣੀ ‘ਆਸਾ ਕੀ ਵਾਰ’ ਵਿੱਚਲੇ ਸਲੋਕ ਦੀਆਂ ਅੰਤਮ ਪੰਕਤੀਆਂ ਨਾਲ ਮਿਲਾ ਕੇ ਜੇਕਰ ਸ਼ਬਦਾਵਲੀ ਦੀ ਸਾਂਝ ਨੂੰ ਦੇਖੀਏ ਤਾਂ:-

"ਮਃ ੧॥ ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ" (ਪੰ: ੪੭੦)।

ਖੂਬੀ ਇਹ ਕਿ ਜਿਹੜੀ ਗੱਲ ਭਗਤ ਬੇਣੀ ਜੀ ਨੇ ਆਪਣੇ ਉਪ੍ਰੋਕਤ ਸ਼ਬਦ `ਚ ਆਖੀ, ਗੁਰੂ ਨਾਕ ਪਾਤਸ਼ਾਹ ਨ ਵੀ ਉਸੇ ਦੀ ਪ੍ਰੋੜਤਾ ਕੀਤੀ ਪਰ ਸੌਖੇ ਲਫ਼ਜ਼ਾਂ `ਚ, ਤਾ ਕਿ ਜਗਿਆਸੂ ਉਸ ਇਲਾਹੀ ਸੱਚ ਤੀਕ ਸਹਿਜੇ ਹੀ ਪੁੱਜ ਸਕਣ ਤੇ ਉਸਨੂੰ ਅਪਣਾ ਸਕਣ। ਇਸ ਤੋਂ ਵੀ ਸਪਸ਼ਟ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਵੀ ਗੁਰੂ ਨਾਨਕ ਪਾਤਸ਼ਾਹ ਕੋਲ ਸੀ, ਤਾਂ ਹੀ ਇਹ ਸੰਭਵ ਹੋ ਸਕਿਆ।

ਇਸ ਤਰ੍ਹਾਂ ਚਲਦੇ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚੋਂ ਬੇਅੰਤ ਸਬੂਤ ਪ੍ਰਾਪਤ ਹਨ ਜਿਹੜੇ ਇਸ ਗੱਲ ਦਾ ਆਪਣੇ ਆਪ `ਚ ਅਕੱਟ ਸਬੂਤ ਹਨ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੇ ੧੫ ਭਗਤਾਂ ਦੀਆਂ ਰਚਨਾਵਾਂ, ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਪ੍ਰਚਾਰ ਦੌਰਿਆਂ ਦੌਰਾਨ ਇਕਤ੍ਰ ਕੀਤੀਆਂ ਸਨ ਅਤੇ ਉਹ ਉਨ੍ਹਾਂ ਕੋਲ ਸੰਭਾਲੀਆਂ ਹੋਈਆਂ ਵੀ ਹੈ ਸਨ।

ਜਦਕਿ ਸਾਡੇ ਪਾਸ ਇਸ ਦਾ ਇੱਕ ਹੋਰ ਵੱਡਾ ਸਬੂਤ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੀ ਰਚਨਾ ੧੯ ਰਾਗਾਂ `ਚ ਕੀਤੀ ਸੀ। ਉਪ੍ਰੰਤ ਇਹ ਵੀ ਕਿ ਇਨ੍ਹਾਂ ਉਨੀਂ ਰਾਗਾਂ `ਚ ੧੮ ਰਾਗ ਸਵੇਰ ਤੇ ਸ਼ਾਮ ਦੇ ਹਨ, ਜਿਹੜਾ ਆਪਣੇ ਆਪ `ਚ ਇਸ ਦਾ ਵੀ ਸਬੂਤ ਹਨ ਕਿ ਗੁਰੂ ਨਾਨਕ ਪਾਤਸ਼ਾਹ ਨਿਯਮ ਨਾਲ ਸਵੇਰ ਤੇ ਸ਼ਾਮ, ਦੋ ਵੱਕਤ ਗੁਰਬਾਣੀ ਦੇ ਸਤਿਸੰਗ ਕਰਦੇ ਸਨ। ਫ਼ਿਰ ਇਹ ਵੀ ਦੇਖ ਆਏ ਹਾਂ ਕਿ ਗੁਰਦੇਵ ਰਾਹੀਂ ਉਨ੍ਹਾਂ ਸਤਿਸੰਗਾਂ `ਚ ਰਬਾਬ ਵਜਾਉਣ ਦੀ ਸੇਵਾ ਵੀ ਭਾਈ ਮਰਦਾਨਾ ਜੀ ਹੀ ਕਰਦੇ ਸਨ।

ਉਪ੍ਰੰਤ ਤੀਜੇ ਪਾਤਸ਼ਾਹ ਨੇ ਗੁਰਬਾਣੀ ਦੀ ਰਚਨਾ ਕੀਤੀ ਤਾਂ ਉਨ੍ਹਾਂ ਨੇ ਵੀ ਪਹਿਲੇ ਪਾਤਸ਼ਾਹ ਦੇ ਉਨ੍ਹਾਂ ੧੯ ਰਾਗਾਂ `ਚੋਂ ਹੀ ੧੭ ਰਾਗਾਂ `ਚ ਕੀਤੀ। ਇਹ ਵੀ ਕਿ ਬਹੁਤ ਥਾਵੇਂ ਉਨ੍ਹਾਂ ਵੀ ਭਗਤ ਬਾਣੀ `ਚ (ਮ: ੩) ਵਰਤ ਕੇ ਭਗਤਾਂ ਦੇ ਕਈ ਸਲੋਕਾਂ ਆਦਿ ਦੇ ਅਰਥਾਂ ਨੂੰ ੳੇਚੇਚੇ ਖੋਲਣ ਲਈ ਆਪਣੇ ਵੱਲੋਂ ਅਰਥਾਂ ਪੱਖੋਂ ਸਰਲ ਤੇ ਸਪਸ਼ਟ ਕੀਤਾ।

ਇਸ ਤੋਂ ਬਾਅਦ ਇਹ ਵੀ ਕਿ, ਜਦੋਂ ਚੌਥੇ ਪਾਤਸ਼ਾਹ ਨੇ ਗੁਰਬਾਣੀ ਦੀ ਰਚਨਾ ਕੀਤੀ ਤਾਂ ਉਨ੍ਹਾਂ ਨੇ ਵੀ ਪਹਿਲੇ ਪਾਤਸ਼ਾਹ ਦੇ ਉਨ੍ਹਾਂ ਹੀ ੧੯ ਰਾਗ ਵੀ ਵਰਤੇ। ਉਪ੍ਰੰਤ ਚੌਥੇ ਪਾਤਸ਼ਾਹ ਨੇ ਉਨ੍ਹਾਂ ੧੯ ਰਾਗਾਂ ਦੇ ਨਾਲ ਪੰਜ ਰਾਗ ਆਪਣੇ ਕੋਲੋਂ ਅਤੇ ਛੇ ਰਾਗ ਭਗਤ ਬਾਣੀ `ਚੋਂ ਵੀ ਲੈ ਕੇ, ਤੀਹ ਰਾਗਾਂ `ਚ ਗੁਰਬਾਣੀ ਦੀ ਰਚੀ।

ਇਸ ਤਰ੍ਹਾਂ ਇਹ ਵੀ ਦੋਵੇਂ ਆਪਣੇ ਆਪ `ਚ ਬਹੁਤ ਵੱਡੇ ਸਬੂਤ ਹਨ ਕਿ ਸਮੂਚੀ "ਭਗਤ ਬਾਣੀ" ਤੀਜੇ ਅਤੇ ਚੌਥੇ ਪਾਤਸਾਹ ਪਾਸ ਵੀ, ਪਹਿਲਾਂ ਤੋਂ ਹੀ ਦਰਜਾ-ਬਦਰਜਾ ਪੁੱਜੀ ਹੋਈ ਸੀ।

ਇਹ ਵੀ ਕਿ ਪੰਜਵੇਂ ਪਾਤਸ਼ਾਹ ਨੇ ਵੀ ਆਪਣੀ ਬਾਣੀ ਉਨ੍ਹਾਂ ਹੀ ਤੀਹ ਰਾਗਾਂ `ਚ ਰਚੀ। ਇਹ ਵੀ ਆਪਣੇ ਆਪ `ਚ ਬਹੁਤ ਵੱਡਾ ਸਬੂਤ ਹੈ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀ ੧੫ ਭਗਤਾਂ ਦਾ ਬਾਣੀ ਦਰਜਾ-ਬ-ਦਰਜਾ ਪੰਜਵੇਂ ਪਾਤਸ਼ਾਹ ਕੋਲ ਵੀ ਮੌਜੂਦ ਸੀ।

ਉਪ੍ਰੰਤ "ਗੁਰਬਾਣੀ ਨੂੰ ਤਰਤੀਬ ਦੇਣ" ਅਤੇ "ਆਦਿ ਬੀੜ" ਦੀ ਸੰਪਾਦਨਾ ਸਮੇ ਗੁਰਬਾਣੀ ਵਿੱਚਲੇ ੧੫ ਭਗਤਾਂ ਦੀਆਂ ਉਹ ਸਮੂਹ ਰਚਨਾਵਾਂ ਵੀ ਦਰਜਾ-ਬ-ਦਰਜਾ ਪੰਜਵੇਂ ਪਾਤਸਾਹ ਤੀਕ ਪੁਜੀਆਂ ਸਨ, ਇਸ ਲਈ ਉਹ ਸਭ ਪੰਜਵੇਂ ਪਾਤਸ਼ਾਹ ਕੋਲ ਪਹਿਲਾਂ ਤੋਂ ਹੀ ਮੌਜੂਦ ਸਨ।

ਤਾਂ ਵੀ ਗੁਰੂ ਕੀਆਂ ਸੰਗਤਾਂ ਦੇ ਚਰਣਾਂ `ਚ ਸਨਿਮ੍ਰ ਬੇਨਤੀ ਹੈ ਕਿ ਇਸ ਸੰਬੰਧ `ਚ ਉਹ ਘਟੋ-ਘਟ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੀਆਂ ਦੋ ਲਿਖਤਾਂ ‘ਗੁਰਬਾਣੀ ਦਾ ਇਤਿਹਾਸ’ ਅਤੇ ‘ਆਦਿ ਬੀੜ ਬਾਰੇ’ ਆਪ ਵੀ ਜ਼ਰੂਰ ਪੜ੍ਹਣ ਕਿਉਂਕਿ ਉਨ੍ਹਾਂ ਲਈ ਅਜਿਹਾ ਕਰਣਾ, ਉਨ੍ਹਾਂ ਦੇ ਆਪਣੇ ਲਈ ਵੀ ਇਸ ਪੱਖੋਂ ਬਹੁਤ ਲਾਹੇਵੰਦ ਸਾਬਤ ਹੋਵੇਗਾ। (ਚਲਦਾ) #234P-XXXI,-02.17-0217#P31v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਇਕੱਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.