.

ਸੁਣਿਐ-੧
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਪੁਜੀ ਸਾਹਿਬ ਦੀ ਸਤਵੀਂ ਪਉੜੀ ਵਿਚ ਗੁਣ ਵਡਿਆਈ ਬਾਰੇ ਵੀਚਾਰ ਹੈ ਜਿਥੇ ਗੁਰੂ ਜੀ ਨੇ ਫੁਰਮਾਇਆ ਕਿ ਪ੍ਰਮਾਤਮਾ ਹੀ ਹੈ ਜੋ ਨਿਰਗੁਣਾਂ ਨੂੰ ਗੁਣ ਤੇ ਗੁਣਵੰਤਿਆ ਨੂੰ ਹੋਰ ਗੁਣ ਦਿੰਦਾ ਹੈ। ਪਰਮਾਤਮਾਂ ਬਿਨਾਂ ਅਜਿਹਾ ਹੋਰ ਕੋਈ ਨਹੀਂ ਸੁਝਦਾ ਜੋ ਪ੍ਰਮਾਤਮਾ ਵਾਲੇ ਗੁਣ ਦੇ ਸਕਦਾ ਹੋਵੇ ।

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥ (ਜਪੁਜੀ)

ਕਿਉਂਕਿ ਗੁਣ ਦੇਣ ਵਾਲਾ ਇਕ ਪ੍ਰਮਾਤਮਾ ਹੀ ਹੈ ਇਸ ਲਈ ਉਸ ਪ੍ਰਮਾਤਮਾ ਦੀ ਸਿਫਤ ਸਲਾਹ, ਭਗਤੀ, ਸਿਮਰਨ ਹੀ ਇਕ ਮਾਰਗ ਹੈ ਜਿਸ ਸਦਕਾ ਪ੍ਰਮਾਤਮਾਂ ਤੋਂ ਗੁਣ ਪ੍ਰਾਪਤ ਕੀਤੇ ਜਾ ਸਕਦੇ ਹਨ। ਭਗਤੀ ਵੀ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਮਾਤਮਾਂ ਭਗਤੀ ਕਰਨ ਦਾ ਗੁਣ ਦਿੰਦਾ ਹੈ। ਗੁਣ ਕੀਤੇ ਬਿਨ ਭਗਤੀ ਨਹੀਂ ਹੁੰਦੀ:

ਵਿਣੁ ਗੁਣੁ ਕੀਤੇ ਭਗਤਿ ਨ ਹੋਇ॥ (ਜਪੁਜੀ)

ਸਿੱਧਾਂ ਨੂੰ ਸਮਝਾਉਂਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ‘ਹੇ ਜੋਗੀਓ! ਅਰਦਾਸ ਕਰੋ: ‘ਹੇ ਮਿਹਰਬਾਨ ਸਤਿਗੁਰੂ ਤੂੰ ਹੀ ਨਿਰਗੁਣਿਆਂ ਨੂੰ ਗੁਣੀ ਕਰਨ ਵਾਲਾ ਹੈਂ ਇਸ ਲਈ ਮਿਹਰਬਾਨ ਹੋ ਕੇ ਗੁਣ ਦਾਨ ਦੇ ਦੇ’:

ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥ ੨ ॥ (ਸੋਰਠਿ ਮਹਲਾ ੫, ਪੰਨਾ ੬੧੩)

ਪ੍ਰਮਾਤਮਾ ਦੀ ਭਗਤੀ ਲਈ ਪਰਮਾਤਮਾ ਬਾਰੇ ਸੁਣਨਾ, ਉਸ ਦੇ ਗੁਣ ਗਾਉਣਾ, ਪ੍ਰਮਾਤਮਾ ਨੂੰ ਮੰਨਣਾ ਤੇ ਹਿਰਦੇ ਵਿਚ ਧਾਰਨਾ ਤੇ ਉਸ ਨਾਲ ਦਿਲੋਂ ਪਿਆਰ ਕਰਨਾ ਜ਼ਰੂਰੀ ਹੈ:

ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਜਪੁਜੀ)

ਹੇ ਮਨ ਰਾਮ ਨਾਲ ਪ੍ਰੀਤ ਕਰ। ਕੰਨੀ ਪ੍ਰਭੂ ਦੇ ਗੁਣ ਸੁਣ ਅਤੇ ਜੀਭ ਤੋਂ ਪ੍ਰਭੂ ਦੇ ਗੀਤ ਗਾ:

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥ ੧ ॥ (ਸੋਰਠਿ ਮਹਲਾ ੯, ਪੰਨਾ ੬੩੯)

ਕੰਨੀ ਹਰੀ ਹਰੀ ਹਰੀ ਹੀ ਸੁਣੋ ਪ੍ਰਮਾਤਮਾਂ ਦੇ ਜਸ ਗਾਵੋ। ਸੰਤਾਂ ਦੇ ਚਰਣੀ ਸੀਸ ਧਰ ਨਾਮ ਨਾਲ ਜੁੜੇ ਮਹਾਂਪੁਰਖਾਂ ਨੂੰ ਆਪਾ ਸਮਰਪਣ ਕਰ ਤੇ ਪ੍ਰਮਾਤਮਾ ਦਾ ਨਾਮ ਹਿਰਦੇ ਤੋਂ ਧਿਆਓ।

ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥ ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥ ੧ ॥ (ਬਿਲਾਵਲੁ ਮਹਲਾ ੫ ॥ (ਪੰਨਾ ੮੧੨)

ਸ਼ਰਵਣ ਕਰਨਾ ਜਾਂ ਸੁਣਨ ਦਾ ਮਹਤਵ ਕੀ ਹੈ ਇਹ ‘ਸੁਣਿਐ’ ਦੇ ਸਿਰਲੇਖ ਹੇਠ ਅੱਠਵੀਂ ਪਉੜੀ ਤੋਂ ਗਿਆਰਵੀਂ ਪਉੜੀ ਵਿਚ ਦਿਤਾ ਗਿਆ ਹੈ:

ਸੁਣਿਐ =ਸ਼੍ਰਵਣ ਕਰਨ ਨਾਲ, ਸੁਣਨ ਨਾਲ। ਇਥੇ ਮਤਲਬ ਸੁਣਨ, ਸਮਝਣ ਤੇ ਮਨ ਵਸਾ ਲੈਣ ਦਾ ਬਣਦਾ ਹੈ।

ਗੁਰੂ ਜੀ ਫੁਰਮਾਉਂਦੇ ਹਨ ਕਿ ਕੰਨੀ ਹਰੀ ਦਾ ਨਾਮ ਸੁਣਕੇ ਉਸ ਦੇ ਰੰਗ ਵਿਚ ਰੰਗ ਜਾਣਾ ਚਾਹੀਦਾ ਹੈ;

ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥ ੧੫ ॥ ੩ ॥ ੨੦ ॥ (ਮਾਰੂ ਮਹਲਾ ੧, ਪੰਨਾ ੧੦੪੧)

ਬਾਣੀ ਦੀ ਸ਼ੁਭ ਭਾਖਾ ਨਾਮ-ਸ਼ਬਦ ਹੈ ਜੋ ਹਰ ਰੋਜ਼ ਗਾਉਣ, ਸੁਣਨ ਤੇ ਪੜ੍ਹਣ ਸਦਕਾ ਪੂਰਾ ਗੁਰੂ ਰਖਵਾਲੀ ਕਰਦਾ ਹੈ:

ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ (ਸੋਰਠ ਮ: ੫, ਪੰਨਾ ੬੧੧)

ਕਰਣ-ਕਾਰਣ ਸਮਰੱਥ ਸੁਆਮੀ ਦਾ ਕੰਨੀ ਨਾਮ ਸੁਣਨਾ, ਜੀਭ ਨਾਲ ਕੀਰਤਨ ਗਾਉਣਾ ਤੇ ਹਿਰਦੇ ਵਿਚ ਉਸ ਨੂੰ ਧਿਆਉਣਾ ਕਦੇ ਵਿਅਰਥ ਨਹੀਂ ਜਾਂਦਾ। ਹੀਰਾ ਜਨਮ ਮਨੁਖਾ ਜੀਵਨ ਵਡੇ ਭਾਗਾਂ ਨਾਲ ਮਿਲਿਆ ਹੈ ਪ੍ਰਮਾਮਾ ਦੀ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ ।ਗੁਰੂ ਜੀ ਫੁਰਮਾਉਂਦੇ ਹਨ: ਸੰਤਾਂ ਦੇ ਸੰਗ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਵਾਹਿਗੁਰੂ ਨੂੰ ਸਦਾ ਸਿਮਰਨਾ ਚਾਹੀਦਾ ਹੈ:

ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥ ੩ ॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥ ੪ ॥ ੧੦ ॥ (ਸੋਰਠਿ ਮਹਲਾ ੫, ਪੰਨਾ ੬੧੧)

ਉਹ ਜੀਭ ਜੋ ਪ੍ਰਮਾਤਮਾ ਦਾ ਨਾਮ ਜਪਣ ਵਿਚ ਰੱਤੀ ਹੈ ਜੋ ਕਹਿੰਦੀ ਹੈ ਪੂਰਾ ਹੋ ਜਾਂਦਾ ਹੈ, ਪ੍ਰਭੂ ਦੇ ਨਾਮ ਨਾਲ ਜੁੜੀ ਆਤਮਾ ਨੂੰ ਕੋਈ ਡਰ ਨਹੀਂ ਕੋਈ ਦੂਈ ਦਵੈਤ ਨਹੀਂ। ਸੁਣਨ ਦਾ ਸ੍ਰੋਤ ਗੁਰੂ ਦੀ ਬਾਣੀ ਹੈ ਜਿਸ ਨੂੰ ਸੁਣਨ ਨਾਲ ਜੀਵ ਦੀ ਜੋਤ ਪ੍ਰਮਾਤਮਾ ਦੀ ਜੋਤ ਨਾਲ ਜਾ ਮਿਲਦੀ ਹੈ:

ਜੀਭ ਰਸਾਇਣਿ ਸਾਚੈ ਰਾਤੀ ॥ ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥ ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥ ੧੪ ॥(ਮਾਰੂ ੧, ਪੰਨਾ ੧੦੨੩)

ਕੰਨਾਂ ਨਾਲ ਕੀਰਤਨ ਸੁਣਨਾ ਜੀਭ ਤੇ ਮਨ ਨਾਲ ਪ੍ਰਮਾਤਮਾ ਦਾ ਨਾਮ ਸਿਮਰਨਾ ਇਹੋ ਸੱਚੇ ਸਾਧੂ-ਭਗਤ ਦਾ ਆਚਾਰ ਵਿਵਹਾਰ ਹੈ, ਜੀਵਨ ਜਾਚ ਹੈ।ਪ੍ਰਾਣਾਂ ਦੇ ਆਧਾਰ-ਸਹਾਰਾ ਪ੍ਰਮਾਤਮਾਂ ਦੇ ਚਰਨ ਕਮਲਾਂ ਦਾ ਧਿਆਨ ਹਿਰਦੇ ਵਿਚ ਰੱਖ ਕੇ ਪੂਜਾ ਅਰਚਨਾ, ਬੰਦਗੀ ਕਰਨੀ ਲੋੜੀਂਦੀ ਹੈ। ਹੇ ਦੀਨਾਂ ਦੇ ਦਿਆਲੂ ਪ੍ਰਭੂ ਬੇਨਤੀ ਸੁਣ ਕੇ ਸੇਵਕ ਉਤੇ ਅਪਣੀ ਕਿਰਪਾ ਧਾਰੋ।ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਦਾ ਨਾਮ ਖਜ਼ਾਨਾ ਜੀਭ ੳੇੁਤੇ ਹਮੇਸ਼ਾ ਰਹੇ ਤੇ ਉਸ ਤੋਂ ਸਦਾ ਬਲਿਹਾਰ ਹੁੰਦੇ ਜਾਈਏ:

ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥ ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥ ੧ ॥ ਪ੍ਰਭ ਦੀਨ ਦਇਆਲ ਸੁਨਹੁ ਬੇਨੰਤੀ ਕਿਰਪਾ ਅਪਨੀ ਧਾਰੁ ॥ ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥ ੨ ॥ ੭੦ ॥ ੯੩ ॥ (ਸਾਰੰਗ ਮਹਲਾ ੫, ਪੰਨਾ ੧੨੨੨)

ਗਿਆਨੀ ਪੁਰਖ ਹਰੀ ਨਾਮ ਦਾ ਰਸ ਪੀਂਦੇ ਹਨ । ਸੰਤਾਂ ਦੀ ਅੰਮ੍ਰਿਤ ਬਾਣੀ ਰਾਹੀਂ ਨਾਮ ਸੁਣ ਸੁਣ ਮਹਾਂ ਤ੍ਰਿਪਤੀ ਹੁੰਦੀ ਹੈ:

ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ (ਸੋਰਠ ਮ:੫, ਪੰਨਾ ੬੧੧)

ਬਿਮਲ ਸਮਾਨ ਪ੍ਰਮਾਤਮਾ ਦਾ ਨਾਮ ਕੰਨੀ ਸੁਣ, ਕਾਮ ਦੀ ਜ਼ਹਿਰ ਛੱਡ ਉਸ ਇਕੋ ਦੀ ਓਟ ਲੈ ਕੇ ਸੁਕ੍ਰਿਤ ਕਰਨੋਂ ਨਾ ਸੰਗ, ਝੁਕ ਝੁਕ ਕੇ ਦਾਸ ਭਾਵਨਾ ਨਾਲ ਪ੍ਰਮਾਤਮਾ ਦੇ ਚਰਨੀ ਲੱਗ । ਜੀਭ ਹਮੇਸ਼ਾ ਹਰੀ ਦੇ ਗੁਣ ਗਾਉਂਦੀ ਹੈ ਤਾਂ ਕਮਾਏ ਔਗੁਣ ਮਿਟ ਜਾਂਦੇ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਜ ਕੇ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮਨ ਜਿਉਂਦਾ ਰਹਿਣਾ ਚਾਹੀਦਾ ਹੈ:

ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥ ਏਕਾ ਓਟ ਤਜਉ ਬਿਖੁ ਕਾਮੀ ॥ ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥ ੩ ॥ ਰਸਨਾ ਗੁਣ ਗਾਵੈ ਹਰਿ ਤੇਰੇ ॥ ਮਿਟਹਿ ਕਮਾਤੇ ਅਵਗੁਣ ਮੇਰੇ ॥ ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥ ੪ ॥ (ਮਾਰੂ ੫, ਪੰਨਾ ੧੦੮੦)

ਵਾਹਿਗੁਰੂ ਦਾ ਨਾਮ ਸੁਣੇ ਤੇ ਮਨ ਅਨੰਦਿਤ ਹੋ ਜਾਂਦਾ ਹੈ ਇਸੇ ਲਈ ਅੱਠੇ ਪਹਿਰ ਹਰੀ ਦੇ ਗੁਣ ਗਾਈਦੇ ਹਨ ਤੇ ਗਾਉਂਦਿਆਂ ਧਿਆਉਂਦਿਆਂ ਪਰਮਗਤ ਪਰਾਪਤ ਹੁੰਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰੂ ਦੀ ਮਿਹਰ ਸਦਕਾ ਹੀ ਨਾਮ ਨਾਲ ਲਿਵ ਲਗਦੀ ਹੈ:

ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥ ਆਠ ਪਹਰ ਹਰਿ ਕੇ ਗੁਣ ਗਾਉ ॥ ਗਾਵਤ ਗਾਵਤ ਪਰਮ ਗਤਿ ਪਾਈ ॥ ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥ ੪ ॥ ੨੦ ॥ ੩੧ ॥ (ਰਾਮਕਲੀ ਮਹਲਾ ੫ ਪੰਨਾ ੮੯੨)

ਗੁਰੂ ਦੀ ਰਚੀ ਬਾਣੀ ਸੁਣਨ ਨਾਲ ਸ਼੍ਰਵਣ ਕਰਨ ਨਾਲ ਹਰੀ ਦਾ ਰੰ ਚੜ੍ਹ ਜਾਂਦਾ ਹੈ ਤੇ ਜੀਵਨ ਪੱਥ ਤੇ ਫਿਰ ਉਸ ਨੂੰ ਮਿਲਣ ਦਾ ਮਾਰਗ ਪਾਰ ਕੀਤਾ ਜਾ ਸਕਦਾ ਹੈ:

ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥ ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥ ੩ ॥ (ਮ:੪, ਪੰਨਾ ੫੭੫)

ਗਾਉਣਾ ਸੁਣਨਾ ਸਭ ਪ੍ਰਮਾਤਮਾ ਦੇ ਭਾਣੇ ਵਿਚ ਹੈ, ਹੁਕਮ ਵਿਚ ਹੈ ਤੇ ਜੋ ਹੁਕਮ ਬੁਝਦਾ ਹੈ ਉਹ ਸਚ ਸਮਝ ਜਾਂਦਾ ਹੈ ਸੱਚਾ ਹੋ ਜਾਂਦਾ ਹੈ ਵਾਹਿਗੁਰੂ ਦਾ ਨਾਮ ਜਪ ਜਪ ਕੇ ਜਿਉਂਦਾ ਹੈ ਤੇ ਇਹ ਸਮਝ ਲੈਂਦਾ ਹੈ ਵਾਹਿਗੁਰੂ ਬਿਨਾ ਜੀਵ ਦਾ ਕੋਈ ਦੂਸਰਾ ਥਾਂ ਨਹੀਂ ਹੈ, ਅਖੀਰੀ ਤੇ ਅਸਲ ਟਿਕਾਣਾ ਪਰਮ ਪਿਤਾ ਪ੍ਰਮਾਤਮਾ ਨੂੰ ਮਿਲਕੇ ਸਮਾਉਣ ਵਿਚ ਹੈ:

ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਾਚਿ ਸਮਾਣਾ ॥ ਜਪਿ ਜਪਿ ਜੀਵਹਿ ਤੇਰਾ ਨਾਂਉ ॥ ਤੁਝ ਬਿਨੁ ਦੂਜਾ ਨਾਹੀ ਥਾਉ ॥ ੨ ॥ (ਪੰਨਾ ੧੨੭੦-੧੨੭੧)

ਨਾਮ ਸੁਣਨ ਨਾਲ ਮਨ ਨੂੰ ਸਾਰੇ ਰਹਸਾਂ ਦਾ ਪਤਾ ਲਗਦਾ ਹੈ, ਨਾਮ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਨਾਮ ਸੁਣਿਆਂ ਮਨ ਦੀ ਤ੍ਰਿਪਤੀ ਹੁੰਦੀ ਹੈ ਤੇ ਸਾਰੇ ਦੁੱਖ ਮਿਟ ਜਾਂਦੇ ਹਨ। ਨਾਮ ਸੁਣਿਆਂ ਪ੍ਰਮਾਤਮਾਂ ਦੇ ਨਾਉਂ ਦੀ ਵਡਿਆਈ ਮਨੋਂ ਉਭਰਦੀ ਹੈ। ਸਭ ਜਾਤ ਪਾਤ ਨਾਮ ਤੋਂ ਹੀ ਉਪਜੇ ਹਨ; ਗਤੀ ਵੀ ਨਾਮ ਤੋਂ ਹੀ ਹੁੰਦੀ ਹੈ।
ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਮੁਖ ਜਨ ਨਾਮ ਵਿਚ ਲਿਵ ਲਾਕੇ ਉਸ ਨੂੰ ਸਦਾ ਧਿਆਉਂਦੇ ਹਨ:

ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥ ੬ ॥ (ਸਾਰੰਗ ਮ: ੪, ਪੰਨਾ ੧੨੪੦)

ਸਾਰੇ ਜੀਵ ਜੰਤ ਨਾਮ ਤੇ ਆਧਾਰਿਤ ਹਨ।ਖੰਡ ਬ੍ਰਹਮੰਡ ਵੀ ਨਾਮ ਤੇ ਆਧਾਰਿਤ ਹੀ ਹਨ। ਬੇਦ ਪੁਰਾਨ ਤੇ ਸਿਮ੍ਰਿਤੀਆਂ ਵੀ ਨਾਮ ਤੇ ਆਧਾਰਿਤ ਹਨ।ਸੁਨਣ, ਗਿਆਨ ਤੇ ਧਿਆਨ ਦਾ ਆਧਾਰ ਨਾਮ ਹੀ ਹੈ।ਆਕਾਸ਼ ਤੇ ਪਾਤਾਲ ਵੀ ਨਾਮ ਤੇ ਆਧਾਰਿਤ ਹਨ।ਸਾਰੇ ਆਕਾਰ ਭਾਵ ਸਾਰੀ ਰਚਨਾ ਵੀ ਨਾਮ ਤੇ ਆਧਾਰਿਤ ਹੈ।ਨਾਮ ਤੇ ਆਧਾਰਿਤ ਸਭ ਪੁਰੀਆਂ ਤੇ ਭਵਨ ਹਨ।ਨਾਮ ਸੁਣ ਕੇ ਪਾਰ ਉਤਾਰਾ ਹੋ ਜਾਂਦਾ ਹੈ।ਵਾਹਿਗੁਰੂ ਜਿਸ ਨੂੰ ਕਿਰਪਾ ਕਰਕੇ ਅਪਣੇ ਨਾਮ ਨਾਲ ਜੋੜਦਾ ਹੈ, ਉਹ ਚੌਥਾ ਪਦ ਭਾਵ ਗਤੀ/ਮੁਕਤੀ ਪਾ ਜਾਂਦਾ ਹੈ।

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥ ੫ ॥ (ਪੰਨਾ ੨੮੪)

ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥ ੧ ॥ ਸੰਤਹੁ ਗੁਰਮੁਖਿ ਪੂਰਾ ਪਾਈ ॥ ਨਾਮੋ ਪੂਜ ਕਰਾਈ ॥ ੧ ॥ (ਪੰਨਾ ੯੧੦)

ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥ ੧ ॥ (ਪੰਨਾ ੧੨੦੨)

ਸਭ ਕੁਝ ਨਾਮ ਤੋਂ ਪੈਦਾ ਹੋਇਆ ਹੈ ਤੇ ਇਹ ਨਾਮ ਸਿਰਫ ਸਤਿਗੁਰੂ (ਪਰਮਾਤਮਾ) ਹੀ ਦਰਸਾ ਸਕਦਾ ਹੈ। ਗੁਰੂ ਤੋਂ ਮਿਲਿਆ ਸ਼ਬਦ ਭਾਵ ਵਾਹਿਗੁਰੂ ਦਾ ਨਾਮ ਬਹੁਤ ਹੀ ਮਿੱਠਾ ਰਸ ਹੈ ਜਿਸ ਦਾ ਸਵਾਦ ਚੱਖਣ ਤੋਂ ਬਿਨਾ ਨਹੀਂ ਜਾਣਿਆ ਜਾ ਸਕਦਾ।

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ (ਪੰਨਾ ੭੫੩)

ਪਰਮਾਤਮਾ ਨੇ ਅਪਣਾ ਆਪ ਵੀ ਸਾਜਿਆ ਤੇ ਆਪ ਹੀ ਅਪਣਾ ਨਾਮ ਰਚਿਆ ।ਫਿਰ ਉਸਨੇ ਕੁਦਰਤ ਸਾਜੀ ਤੇ ਚਾਅ ਨਾਲ ਇਸ ਵਿਚ ਅਪਣਾ ਆਸਣ ਜਮਾ ਦਿਤਾ।ਪਰਮਾਤਮਾ ਆਪ ਹੀ ਦਾਤਾ ਹੈ ਤੇ ਆਪ ਹੀ ਕਰਤਾ ਉਹ ਆਪ ਹੀ ਸਭ ਨੂੰ ਦਿੰਦਾ ਹੈ ਤੇ ਸਾਰਾ ਪਸਾਰਾ ਫੈਲਾਉਂਦਾ ਹੈ:

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ (ਪੰਨਾ ੪੬੩)

ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚੇ ਨਾਮ ਬਿਨ ਜੋ ਵੀ ਵੇਖਿਆ ਬਿਨਸਣਹਾਰ ਹੀ ਵੇਖਿਆ:

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ ੨ ॥ (ਪੰਨਾ ੧੪੨)

ਗੁਰੂ ਇਹੋ ਭੇਦ ਦਸਦੇ ਹਨ ਕਿ ਕਲਿਯੁਗ ਵਿਚ ਮੁਕਤੀ ਨਾਮ ਜਪਣ ਤੇ ਹੀ ਹੋਵੇਗੀ।

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ (ਪੰਨਾ ੮੩੧)

ਹਰੀ ਦਾ ਨਾਮ ਹਰੀ ਦਾ ਅੰਮ੍ਰਿਤ ਹੈ ਜਿਸ ਨੂੰ ਰਾਮ ਨਾਮ ਪਿਆਸੇ ਪੀਂਦੇ ਹਨ।ਜਦ ਹਰੀ ਆਪ ਦਿਆਲ ਹੁੰਦਾ ਹੈ ਤਾਂ ਸੱਚਾ ਸਤਿਗੁਰ ਦਇਆ ਕਰਕੇ ਆਪ ਅਪਣੇ ਨਾਲ ਮਿਲਾ ਲੈਂਦਾ ਹੈ ਤੇ ਪ੍ਰਭੂ ਪ੍ਰਾਪਤ ਜਨ ਹਰੀ ਦੇ ਨਾਮ ਦਾ ਅੰਮ੍ਰਿਤ ਚਖਦਾ ਹੈ।ਜੋ ਪ੍ਰਾਣੀ ਹਮੇਸ਼ਾ ਹਰੀ ਦੇ ਨਾਮ ਦੀ ਸੇਵਾ ਵਿਚ ਰਹਿੰਦਾ ਹੈ ਉਸਦੇ ਸਾਰੇ ਦੁਖ, ਭਰਮ ਭਉ ਖਤਮ ਹੋ ਜਾਂਦੇ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਨਕ ਜਨ ਵੀ ਨਾਮ ਲੈ ਲੈ ਜਿਉਂਦਾ ਹੈ ਜਿਵੇਂ ਤਿਹਾਏ ਚਾਤ੍ਰਿਕ ਦੀ ਪਿਆਸ ਅੰਬਰੀ ਜਲ ਨਾਲ ਹੀ ਮਿਟਦੀ ਹੈ:

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਰਿਜਸੁ ਰਾਮੁ ਪਿਆਸੀ ॥ ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥ ੧ ॥ ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜੀਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥ ੨ ॥ ੫ ॥ ੧੨ ॥ (ਪੰਨਾ ੧੨੦੨)

ਨਾਮ ਮਿਲੇ ਤੇ ਮਨ ਤ੍ਰਿਪਤ ਹੁੰਦਾ ਹੈ ਨਾਮ ਤੋਂ ਬਿਨਾ ਜੀਣਾ ਧ੍ਰਿਗ ਹੈ।ਜੇ ਕੋਈ ਗੁਰਮੁਖ ਸੱਜਣ ਮਿਲ ਕੇ ਪ੍ਰਭੂ ਦੇ ਗੁਣ ਦਸੇ ਤੇ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰੇ ਤਾਂ ਉਸ ਤੋਂ ਕੁਰਬਾਨ ਜਾਵਾਂ, ਅਪਣਾ ਆਪਾ ਵਾਰ ਦਿਆਂ।ਹੇ ਮੇਰੇ ਪਿਆਰੇ ਪ੍ਰੀਤਮ ਪ੍ਰਭੂ ਜੀ! ਮੈਂ ਤਾਂ ਤੇਰਾ ਨਾਮ ਧਿਆਕੇ ਹੀ ਜਿਉਂਦਾ ਹਾਂ, ਨਾਮ ਬਿਨਾ ਜੀ ਨਹੀਂ ਹੁੰਦਾ, ਇਹ ਮੇਰੇ ਸਤਿਗੁਰ ਨੇ ਇਹ ਪੱਕਾ ਕਰ ਦਿਤਾ ਹੈ ।ਨਾਮ ਤਾਂ ਅਮੋਲਕ ਰਤਨ ਹੈ ਜੋ ਪੂਰ ਸਤਿਗੁਰ ਕੋਲ ਹੀ ਹੈ।ਉਸਦੀ ਸੇਵਾ ਵਿਚ ਲੱਗੇ ਨੂੰ ਸਤਿਗੁਰੂ ਰਤਨ ਕਢਕੇ ਪ੍ਰਕਾਸ਼ ਕਰ ਦਿੰਦਾ ਹੈ:

ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥ ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥ ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥ ੧ ॥ ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥ ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥ ੧ ॥ ਰਹਾਉ ॥ ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ (ਪੰਨਾ ੪੦)
.