.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੀਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਹਰਿ ਬਿਨੁ ਕਛੂ ਨ ਲਾਗਈ, ਭਗਤਨ ਕਉ ਮੀਠਾ. ."- ਇਸ ਲੜੀ `ਚ ਹੁਣ ਤੀਕ ਭਲੀ ਪ੍ਰਕਾਰ ਘੌਖ ਆਏ ਹਾਂ ਕਿ ਗੁਰਬਾਣੀ ਵਿੱਚਲੇ ੧੫ ਦੇ ੧੫ ਪ੍ਰਵਾਣਿਤ ਭਗਤ, ਸਰੀਰਕ ਤੌਰ `ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲਗਭਗ ਸੌ ਤੋਂ ਦੋ ਸੌ ਸਾਲ ਪਹਿਲਾਂ, ਇਸ ਸੰਸਾਰ `ਚ ਆਏ ਸਨ। ਇਸ ਲਈ ਉਨ੍ਹਾਂ `ਚੋਂ ਕਿਸੇ ਇੱਕ ਭਗਤ ਦਾ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਸਰੀਰਕ ਤੌਰ `ਤੇ ਮਿਲਾਪ ਨਹੀਂ ਸੀ ਹੋਇਆ।

ਦੂਜਾ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ (ੳਦਾਸੀਆਂ) ਦੌਰਾਨ ਗੁਰਬਾਣੀ ਵਿੱਚਲੇ ਉਨ੍ਹਾਂ ਭਗਤਾਂ ਦੇ ਕੇਵਲ ਸਫ਼ਲ ਜੀਵਨ ਦੀਆਂ ਰਚਨਾਵਾਂ ਹੀ ਇਕਤ੍ਰ ਕੀਤੀਆਂ ਸਨ।

ਇਹ ਵੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਭਗਤਾਂ ਦੇ ਕੱਚੇ ਜੀਵਨ ਦੀ ਇੱਕ ਵੀ ਰਚਨਾ, ਆਪਣੇ ਕੋਲ ਨਾ ਸੰਭਾਲੀ ਸੀ, ਨਾ ਪ੍ਰਵਾਣ ਕੀਤੀ ਸੀ ਅਤੇ ਨਾ ਆਪਣੇ ਨਾਲ ਲਿਆਂਦੀ ਸੀ।

ਇਸ ਸਾਰੇ ਤੋਂ ਇਲਾਵਾ, ਇਹ ਵੀ ਪੜ੍ਹ ਆਏ ਹਾਂ, ਕਿ ਗੁਰਬਾਣੀ `ਚ ਪ੍ਰਵਾਣਿਤ ਸਾਰੇ ਦੇ ਸਾਰੇ ੧੫ ਭਗਤ, ਜਨਮਾਂਦਰੂ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਨਹੀਂ ਸਨ। ਬਲਕਿ ਇਹ ਭਗਤ-ਜਨ, ਆਪਣੀ-ਆਪਣੀ ਘਾਲ ਕਮਾਈ ਅਤੇ ਬਹੁਤਾ ਕਰਕੇ ਇੱਕ ਦੂਜੇ ਦੀ ਸੰਗਤ `ਚ ਆ ਕੇ ਹੀ ਮਨੁੱਖਾ-ਜਨਮ ਦੀ ਇਸ ਸਰਬ ਉੱਤਮ ਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਹੌਏ ਸਨ।

ਇਸ ਲਈ ਵਿਸ਼ੇ ਸੰਬੰਧੀ ਹੋਰ ਵਿਚਾਰ ਕਰਣ ਤੋਂ ਪਹਿਲ਼ਾਂ ਅਸਾਂ ਗੁਰਬਾਣੀ `ਚ ਪ੍ਰਵਾਣਤ ਇਨ੍ਹਾਂ ੧੫ ਭਗਤਾਂ ਸ਼ੰਬੰਧੀ ਕੁੱਝ ਵਿਸ਼ੇਸ਼ ਪੱਖਾਂ ਨੂੰ ਖਾਸ ਧਿਆਨ `ਚ ਰਖਣਾ ਹੈ।

(੧) ਵਿਰੋਧੀਆਂ ਨੇ ਸਮੇਂ ਸਮੇਂ ਨਾਲ ਉਨ੍ਹਾਂ ਦੀ ਚੜ੍ਹਤ ਨੂੰ ਨਾ ਸਹਾਰਦੇ ਹੋਏ, ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਹੀ ਉਨ੍ਹਾਂ ਬਾਰੇ ਕਈ ਮਨੋ-ਕਲਪਤ ਕਹਾਣੀਆਂ ਪ੍ਰਚਲਤ ਕਰ ਰਖੀਆਂ ਸਨ। ਉਹ ਕਹਾਣੀਆਂ ਜਿਨ੍ਹਾਂ ਤੋਂ ਸਾਬਤ ਹੋਵੇ ਕਿ ਇਹ ਭਗਤ-ਜਨ ਆਪਣੇ-ਆਪਣੇ ਸਮੇਂ `ਤੇ ਨਿਰੋਲ ਬ੍ਰਾਹਮਣੀ ਵਿਚਾਰਧਾਰਾ ਦੇ ਹੀ ਮੁਦੱਈ ਸਨ। ਇਹੀ ਕਾਰਣ ਸੀ ਕਿ ਸਮਾਜ `ਚ ਇਨ੍ਹਾਂ ਭਗਤਾਂ ਦੀ ਚੱੜ੍ਹਤ ਹੋਈ ਤੇ ਸਮੇਂ-ਸਮੇਂ ਨਾਲ ਸਤਿਕਾਰਜੋਗ ਹੋ ਕੇ ਉਬਰੇ।

(੨) ਫ਼ਿਰ ਇਹ ਵੀ ਕਿ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਭਗਤਾਂ ਨੂੰ ਓਦੋਂ ਹੀ ਪ੍ਰਵਾਣ ਕੀਤਾ, ਜਦੋਂ ਉਹ "ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥" ਪੰਚਾ ਕਾ ਗੁਰੁ ਏਕੁ ਧਿਆਨੁ." (ਬਾਣੀ ਜਪੁ), ਵਾਲੀ ਜੀਵਨ ਦੀ ਅਤੀ ਉੱਤਮ ਸਫ਼ਲ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਹੋਏ ਸਨ।

(੩) ਗੁਰਦੇਵ ਨੇ ਉਨ੍ਹਾਂ ਭਗਤਾਂ ਦੇ ਕੇਵਲ ਸਫ਼ਲ ਜੀਵਨ ਦੀਆਂ ਰਚਨਾਵਾਂ ਨੂੰ ਹੀ ਸੰਭਾਲਿਆ ਸੀ, ਜਿਹੜੀਆਂ ਆਉਣ ਵਾਲੇ ਸਮੇਂ `ਚ ਵੀ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ॥" (ਪੰ: ੬੪੬) ਦੇ ਸਿਧਾਂਤ `ਤੇ ਪੂਰੀਆਂ ਉਤਰਣੀਆਂ ਸਨ ਅਤੇ ਰਹਿੰਦੀ ਦੁਨਿਆਂ ਤੀਕ ਵੀ ਪੂਰੀਆਂ ਉਤਰਦੀਆਂ ਰਹਿਣਗੀਆਂ।

ਉਂਝ ਉਨ੍ਹਾਂ `ਚੋ ਹੀ ਬਹੁਤੇ ਭਗਤ, ਜਿਵੇਂ ਨਾਮਦੇਵ ਜੀ, ਰਵਿਦਾਸ ਜੀ, ਕਬੀਰ ਸਾਹਿਬ, ਜੈ ਦੇਵ ਜੀ ਆਦਿ ਦੇ ਕੱਚੇ ਜੀਵਨ ਦੀਆਂ ਬਹੁਤੇਰੀਆਂ ਰਚਨਾਵਾਂ ਅੱਜ ਵੀ ਮਿਲਦੀਆਂ ਹਨ ਅਤੇ ਓਦੋਂ ਵੀ ਪ੍ਰਾਪਤ ਸਨ, ਪਰ ਦੂਰ-ਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਦੀਆਂ ਉਹ ਕੱਚੇ ਜੀਵਨ ਦੀਆਂ ਰਚਨਾਵਾਂ-ਜੁਗੋ ਜੁਗ ਅਟੱਲ, ਗੁਰਬਾਣੀ ਦੇ ਸਦੀਵ ਕਾਲੀ ਖਜ਼ਾਨੇ ਲਈ ਨਹੀਂ ਸਨ ਸੰਭਾਲੀਆਂ।

(੪) ਇਸ ਸੰਬੰਧ `ਚ ਇਹ ਵੀ ਪੜ੍ਹ ਆਏ ਹਾਂ ਕਿ ਭਾਰਤੀ ਸੰਸਕ੍ਰਿਤੀ `ਚ ਲਫ਼ਜ਼ "ਗੁਰੂ" ਵਾਂਙ "ਭਗਤ" ਵੀ ਨਵਾਂ ਨਹੀਂ। ਇਸ ਤਰ੍ਹਾਂ ਭਾਰਤ `ਚ ਅਨੇਕਾਂ ਥਾਂਵੇਂ ਜੀਵਨ ਦੀਆਂ ਕਈ ਪੱਧਤੀਆਂ ਬਲਕਿ ਕੁੱਝ ਸਮੁਦਾਇਆਂ `ਚ ਉਨ੍ਹਾਂ ਦੇ ਹਰੇਕ ਅਨੁਯਾਯੀ ਲਈ, ਜਿਵੇਂ ਦੇਵੀ ਭਗਤ, ਅਤੇ ਵਿਸ਼ੇਸ਼ ਭੇਖਾਂ ਤੋਂ ਇਲਾਵਾ ਹੋਰ ਵੀ ਕਈ ਰੂਪਾਂ `ਚ, ਆਦਿ ਕਾਲ ਤੋਂ ਵਰਤਿਆ ਜਾ ਰਿਹਾ ਹੈ।

ਜਦਕਿ ਇਸ ਵਿਸ਼ੇ ਨਾਲ ਸੰਬੰਧਤ ਗੁਰਬਾਣੀ ਆਧਾਰਤ ਕਾਫ਼ੀ ਲੰਮੇਰਾ ਤੇ ਲੋੜੀਂਦਾ ਵੇਰਵਾ ਦੇ ਆਏ ਹਾਂ ਕਿ ਜਦੋਂ ਇਹੀ ਦੋਵੇਂ ਲਫ਼ਜ਼ ਗੁਰਬਾਣੀ ਆਧਾਰਤ ਅਰਥਾਂ `ਚ ਵਰਤੇ ਗਏ ਤਾਂ ਇਨ੍ਹਾਂ ਦੇ ਅਰਥ ਨਿਵੇਕਲੇ, ਇਕੋ ਇਕ, ਭਿੰਨ ਅਤੇ ਵਿਸ਼ੇਸ਼ ਹਨ, ਉਹ ਪ੍ਰਚਲਤ ਅਰਥ ਨਹੀਂ ਹਨ।

(੫) ਇਹੀ ਕਾਰਣ ਹੈ ਕਿ ਗੁਰਬਾਣੀ `ਚ ਉਨ੍ਹਾਂ ਪ੍ਰਵਾਣਤ ਭਗਤਾਂ ਲਈ, ਗੁਰਦੇਵ ਵੱਲੋਂ ਲਫ਼ਜ਼ "ਭਗਤ" ਅਤੇ ਉਨ੍ਹਾਂ ਦੀ ਬਾਣੀ ਲਈ "ਬਾਣੀ ਭਗਤਾਂ ਕੀ" ਆਦਿ ਸਿਰਲੇਖ ਹੀ ਵਰਤੇ ਹੋਏ ਹੈ। ਹੋਰ ਤਾਂ ਹੋਰ, ਗੁਰਦੇਵ ਨੇ ਉਨ੍ਹਾਂ ਭਗਤਾਂ ਦੇ ਨਾਮ ਨਾਲ ਬਹੁਤ ਵਾਰੀ ਉੇਚੇਚੇ ਲਫ਼ਜ਼ "ਜੀ" ਵੀ ਵਰਤਿਆ ਹੋਇਆ ਹੈ, ਜਿਵੇਂ ਬਾਣੀ ਕਬੀਰ ਜੀ, ਬਾਣੀ ਨਾਮਦੇਵ ਜੀ, ਬਾਣੀ ਰਵੀਦਾਸ ਜੀ ਆਦਿ।

ਇਸ ਤਰ੍ਹਾਂ ਗੁਰਬਾਣੀ ਆਧਾਰਤ ਲਫ਼ਜ਼ ਭਗਤ ਜਾਂ ਭਗਤਾਂ ਦਾ ਅਰਥ ਹੀ ਨਿਵੇਕਲਾ ਹੈ: ਭਾਵ ਉਹ ਸਜਨ ਜਿਹੜੇ ਜਨਮਾਂਦਰੂ ਮਨੁੱਖਾ ਜਨਮ ਦੀ ਉਸ ਸਰਬ-ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਨਹੀਂ ਸਨ ਪਰ ਆਪਣੀ-ਆਪਣੀ ਘਾਲ ਕਮਾਈ ਤੇ ਇੱਕ ਦੂਜੇ ਦੀ ਸੰਗਤ `ਚ ਆ ਕੇ ਗੁਰਬਾਣੀ ਅਧਾਰਤ ਮਨੁੱਖਾ ਜਨਮ ਦੀ ਉਸ ਸਰਬ-ਉਤੱਮ ਅਵਸਥਾ ਨੂੰ ਪ੍ਰਾਪਤ ਹੋਏ ਜਿਹੜੀ:-

() "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" (ਪੰ: ੪੬੬)

() "ਤੇਰਿਆ ਭਗਤਾ ਭੁਖ ਸਦ ਤੇਰੀਆ॥ ਹਰਿ ਲੋਚਾ ਪੂਰਨ ਮੇਰੀਆ॥ ਦੇਹੁ ਦਰਸੁ ਸੁਖਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ" (ਪੰ: ੭੪)

() "ਜੋ ਸਚੈ ਲਾਏ ਸੇ ਸਚਿ ਲਗੇ, ਨਿਤ ਸਚੀ ਕਾਰ ਕਰੰਨਿ॥ ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ॥ ਨਾਨਕ ਭਗਤ ਸੁਖੀਏ, ਸਦਾ ਸਚੈ ਨਾਮਿ ਰਚੰਨਿ" (ਪੰ: ੭੦)

() "ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ॥ ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ॥ ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ॥ ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ॥ ਜੀਉ ਪ੍ਰਾਣ ਤਨੁ ਮਨੁ ਪ੍ਰਭੂ, ਬਿਨਸੇ ਸਭਿ ਝੂਠਾ" (ਪੰ: ੭੦੮)

() "ਹਰਿ ਭਗਤਾ ਹਰਿ ਧਨੁ ਰਾਸਿ ਹੈ, ਗੁਰ ਪੂਛਿ ਕਰਹਿ ਵਾਪਾਰੁ॥ ਹਰਿ ਨਾਮੁ ਸਲਾਹਨਿ ਸਦਾ ਸਦਾ, ਵਖਰੁ ਹਰਿ ਨਾਮੁ ਅਧਾਰੁ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ" (ਪੰ: ੨੪) ਆਦਿ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਹੀ ਅਸਾਂ ਉਥੇ-

ਭਾਵ ਗੁਰਬਾਣੀ `ਚੋਂ ਲਫ਼ਜ਼ "ਭਗਤ" ਦੇ ਅਰਥ ਵੀ ਗੁਰਬਾਣੀ ਆਧਾਰਤ ਇਕੋ ਇੱਕ ਵਿਸ਼ੇਸ਼ ਤੇ ਨਿਵੇਕਲੇ ਹੀ ਲੈਣੇ ਹਨ; ਪੁਰਾਤਨ ਤੇ ਪ੍ਰਚਲਤ ਅਰਥ ਨਹੀਂ ਲੈਣੇ। ਵਰਣਾ ਆਪ ਵੀ ਗੁਮਰਾਹ ਹੋਵਾਂਗੇ ਅਤੇ ਨਾਲ-ਨਲ ਗੁਰੂ ਕੀਆਂ ਸੰਗਤਾਂ ਨੂੰ ਵੀ ਗੁਮਰਾਹ ਕਰਣ ਦਾ ਕਾਰਣ ਬਨਾਂਗੇ।

ਭਾਈ ਗੁਰਦਾਸ ਜੀ ਅਤੇ ਉਨ੍ਹਾਂ ਦੀ ਦਸਵੀਂ ਵਾਰ, ਸੰਬੰਧੀ- ਦਰਅਸਲ ਪੰਥ ਦੀ ਮਹਾਨ ਸ਼ਖ਼ਸੀਅਤ ਤੇ ਪੰਥ ਦੇ ਉਹ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਹੀ ਸਨ, ਜਿਨ੍ਹਾਂ ਤੋਂ ਪੰਜਵੇਂ ਪਾਤਸ਼ਾਹ ਨੇ ਅਮ੍ਰਿਤਸਰ `ਚ, ਰਾਮਸਰ ਦੇ ਸਥਾਨ `ਤੇ ਆਪ ਬੈਠ ਕੇ, ਆਪਣੀ ਦੇਖ-ਰੇਖ `ਚ "ਆਦਿ ਬੀੜ" ਲਿਖਵਾਈ। ਉਂਜ ਭਾ: ਗੁ: ਜੀ ਰਿਸ਼ਤੇ `ਚ, ਪੰਜਵੇਂ ਪਾਤਸ਼ਾਹ ਦੇ ਮਾਮਾ ਵੀ ਸਨ।

ਇਹ ਵੀ ਕਿ ਭਾਈ ਗੁਰਦਾਸ ਜੀ, ਪੰਜਵੇਂ ਪਾਤਸ਼ਾਹ ਦੇ ਆਦੇਸ਼ ਅਨੁਸਾਰ ਗੁਰਮੱਤ ਦੇ ਪ੍ਰਚਾਰ ਲਈ ਕਾਫ਼ੀ ਸਮਾ ਬਨਾਰਸ `ਚ ਵੀ ਰਹੇ। ਉਪ੍ਰੰਤ ਪੰਚਮ ਪਿਤਾ ਨੇ ਗੁਰਮੱਤ ਪ੍ਰਚਾਰ ਦੇ ਨਾਲ-ਨਾਲ ਘੋੜਿਆਂ ਦੇ ਵਪਾਰ ਲਈ, ਉਨ੍ਹਾਂ ਨੂੰ ਕਾਬਲ ਤੇ ਕੰਧਾਰ ਵੀ ਭੇਜਿਆ ਸੀ। ਉਂਝ ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਬਹੁਤ ਵੱਡੇ ਗੁਰਮੱਤ ਦੇ ਵਿਦਵਾਨ ਤੇ ਪ੍ਰਚਾਰਕ ਹੋਣ ਤੋਂ ਇਲਾਵਾ ਬਹੁਤ ਵੱਡੇ ਲਿਖਾਰੀ ਵੀ ਸਨ। ਇਸੇ ਲਈ ਪੰਥ ਪਾਸ ਗੁਰਬਾਣੀ ਦੀ ਭਰਵੀਂ ਵਿਆਖਿਆ ਸਹਿਤ ਭਾਈ ਸਾਹਿਬ ਦੀਆਂ ਲਿਖੀਆਂ ਹੋਈਆਂ ੪੦ ਵਾਰਾਂ ਅਤੇ ੬੭੫ ਕਬਿੱਤ ਵੀ ਮੌਜੂਦ ਹਨ।

ਆਪ ਦੀਆਂ ਇਹ ਵਾਰਾਂ ਤੇ ਕਬਿੱਤ, ਪੰਥ ਪਾਸ ਅਜਿਹਾ ਅਮੁੱਲਾ ਸਰਮਾਇਆ ਹੈ ਜਿਹੜਾ ਆਪਣੇ ਅੰਦਰ ਗੁਰਬਾਣੀ ਦੀ ਵਿਆਖਿਆ ਦੇ ਨਾਲ-ਨਾਲ ਛੇਵੀਂ ਪਾਤਸ਼ਾਹੀ "ਗੁਰੂ ਹਰਿ ਗੋਬਿੰਦ ਸਾਹਿਬ" ਜੀ ਦੇ ਸਮੇਂ ਤੀਕ ਦੇ ਗੁਰ-ਇਤਿਹਾਸ ਦੇ ਬਹੁਤੇਰੇ ਹਵਾਲਿਆਂ ਨੂੰ ਵੀ ਸਮੋਈ ਬੈਠਾ ਹੈ।

ਇਸਤਰ੍ਹਾਂ ਭਾ: ਸਾ: ਦੀਆਂ ਉਨ੍ਹਾਂ ਲਿਖਤਾਂ `ਚੋਂ ਹੀ ਜਦੋਂ ਭਾਈ ਸਾਹਿਬ ਦੀ ਦਸਵੀਂ ਵਾਰ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਉਸ ਵਾਰ ਦੇ ਮੂਲ, ਵਿਸ਼ੇਸ਼ ਅਤੇ ਨਿਤਾਂਤ ਭਿੰਨ ਵਿਸ਼ੇ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ। ਉਸ ਦਾ ਮੁੱਖ ਕਾਰਣ, ਉਸ ਦਸਵੀਂ ਵਾਰ `ਚ ਗੁਰਬਾਣੀ ਵਿੱਚਲੇ ੧੫ ਭਗਤਾਂ `ਚੋਂ ਅੱਠ ਭਗਤਾਂ ਨਾਲ ਸੰਬੰਧਤ ਪ੍ਰਚਲਣਾ ਸਹਿਤ, ੧੫ ਮਿਥਿਹਾਸਕ ਵੇਰਵੇ ਵੀ ਹਨ।

ਉਪ੍ਰੰਤ ਭਾਈ ਸਾਹਿਬ ਦੀ ਇਸ ਦਸਵਂੀਂ ਵਾਰ ਦੀਆਂ ਕੁਲ ੨੩ ਪਉੜੀਆਂ ਸੰਬੰਧੀ ਹੋਰ ਵੱਡੀ ਗੱਲ ਇਹ ਵੀ ਹੈ ਕਿ ਭਾਈ ਸਾਹਿਬ ਦੀ ਇਸ ਵਾਰ `ਚ ਗੁਰਬਾਣੀ ਵਿੱਚਲੇ ੧੫ ਭਗਤਾਂ `ਚੋਂ ਅੱਠ ਭਗਤਾਂ ਨਾਲ ਸੰਬੰਧਤ ਕਰਕੇ ਜਿਹੜੇ ਪ੍ਰਚਲਣ ਆਏ ਹਨ, ਉਹ, ਉਹੀ ਕਹਾਣੀਆਂ ਤੇ ਪ੍ਰਚਲਣ ਹਨ ਜਿਹੜੇ ਵਿਰੋਧੀਆਂ ਨੇ ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਨੂੰ ਧੁੰਦਲਾ ਕਰਣ ਲਈ ਬਲਕਿ ਉਨ੍ਹਾਂ ਨੂੰ ਬ੍ਰਾਹਮਣ ਦੇ ਭਗਤ ਸਾਬਤ ਕਰਣ ਲਈ ਰਚੀਆਂ ਤੇ ਖੁੱਲ ਕੇ ਪ੍ਰਚਲਤ ਵੀ ਕੀਤੀਆਂ ਹੋਈਆਂ ਸਨ।

ਦਰਅਸਲ ਵਿਰੋਧੀਆਂ ਰਾਹੀਂ ਉਨ੍ਹਾਂ ਭਗਤਾਂ ਬਾਰੇ ਉਨ੍ਹਾਂ ਕਹਾਣੀਆਂ ਦਾ ਰਚਿਆ ਹੋਣਾ ਹੀ ਆਪਣੇ ਆਪ `ਚ ਸਪਸ਼ਟ ਹੈ-ਸਾਬਤ ਕੀਤਾ ਜਾਵੇ ਕਿ ਉਹ ਭਗਤ ਇਲਾਹੀ ਸੱਚ ਧਰਮ ਦੇ ਪਾਂਧੀ ਨਹੀਂ ਬਲਕਿ ਬ੍ਰਾਹਮਣ ਦੇ ਜੀਵਨ-ਰਾਹ `ਤੇ ਚੱਲ ਕੇ ਹੀ ਉੱਤਮ ਅਵਸਥਾ ਨੂੰ ਪ੍ਰਾਪਤ ਹੋਏ ਸਨ।

ਜਦਕਿ ਅਸੀਂ ਇਹ ਵੀ ਦੇਖ ਆਏ ਹਾਂ ਕਿ ਉਨ੍ਹਾਂ ਭਗਤਾਂ ਬਾਰੇ ਉਹ ਬੇਸਿਰਪੈਰ ਦੀਆਂ ਕਹਾਣੀਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਵੀ ਕਾਫ਼ੀ ਸਮਾਂ ਪਹਿਲਾਂ ਪ੍ਰਚਲਤ ਕੀਤੀਆਂ ਜਾ ਚੁੱਕੀਆਂ ਸਨ ਇਸੇ ਲਈ ਲੋਕਾਈ `ਚ ਵੀ ਉਹ ਆਪਣੀ ਜਗ੍ਹਾ ਬਣਾ ਚੁਕੀਆਂ ਹੋਈਆ ਸਨ। ਜਿਵੇ:-

ਉਨ੍ਹਾਂ `ਚੋਂ ਹੀ ਇੱਕ ਕਹਾਣੀ ਅਨੁਸਾਰ ਭਗਤ ਧੰਨਾ ਜੀ ਨੇ ਕਿਸੇ ਬ੍ਰਾਹਮਣ ਦੇ ਦਿੱਤੇ ਹੋਏ ਪੱਥਰ `ਚੋਂ ਭਗਵਾਨ ਨੂੰ ਪ੍ਰਗਟ ਕੀਤਾ ਸੀ ਆਦਿ।

ਜਦਕਿ ਭਗਤ ਧੰਨਾ ਜੀ ਨੂੰ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋਈ ਇਹ ਸਾਰਾ ਵੇਰਵਾ ਅਸੀਂ ਭਗਤ ਧੰਨਾ ਜੀ ਦੇ ਆਪਣੇ ਸ਼ਬਦ "ਭ੍ਰਮਤ ਫਿਰਤ ਬਹੁ ਜਨਮ ਬਿਲਾਨੇ." (ਪੰ: ੪੮੭) `ਚ ਪੜ੍ਹ ਆਏ ਹਾਂ। ਉਸ `ਚ ਭਗਤ ਜੀ ਆਪ ਫ਼ੁਰਮਾਉਂਦੇ ਹਨ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" ਭਾ ਮੈਨੂੰ (ਧੰਨੇ) ਨੂੰ ਸੰਤ ਜਨਾਂ ਦੀ ਸੰਗਤ `ਚੋਂ ਪ੍ਰਭੂ ਦੀ ਪ੍ਰਾਪਤੀ ਹੋਈ।

ਉਪ੍ਰੰਤ ਉਹ ਸੰਤ ਜਨਾਂ ਕਿਹੜੇ ਸਨ? ਜਿਨ੍ਹਾਂ ਦੀ ਸੰਗਤ `ਚੋਂ ਭਗਤ ਧੰਨਾ ਭਗਤ ਜੀ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ, ਇਸ ਦਾ ਵੇਰਵਾ ਭਗਤ ਧੰਨਾ ਦੇ ਸ਼ਬਦਾਂ ਵਿੱਚਕਾਰ ਹੀ ਪੰਜਵੇਂ ਪਾਤਸ਼ਾਹ ਆਪ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ …" (ਮ: ੫-ਪੰ: ੪੮੭) ਸ਼ਬਦ `ਚ ਕਬੀਰ ਸਾਹਿਬ, ਨਾਮਦੇਵ ਜੀ, ਰਵਿਦਾਸ ਜੀ ਅਤੇ ਸੈਣ ਜੀ ਦੇ ਨਾਮ ਵਰਤ ਕੇ ਆਪਣਾ ਫ਼ੈਸਲਾ ਦਿੰਦੇ ਹਨ ਕਿ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" (ਪੰ: ੪੮੭) ਭਾਵ ਇਨ੍ਹਾਂ ਸੰਤ ਜਨਾਂ ਦੀ ਸੰਗਤ `ਚੋਂ, ਧੰਨੇ ਨੂੰ ਵੀ ਪ੍ਰਭੂ ਦੀ ਪ੍ਰਾਪਤੀ ਹੋ ਗਈ।

ਸਪਸ਼ਟ ਹੈ ਕਿ ਇਥੇ ਭਾਈ ਸਾਹਿਬ ਨੇ ਵੀ ਗੁਰਬਾਣੀ ਵਿੱਚਲੇ ਉਨ੍ਹਾਂ ਭਗਤਾਂ ਸੰਬੰਧੀ ਉਨ੍ਹਾਂ ਪ੍ਰਚਲਣਾ ਨੂੰ ਵੀ ਨਸ਼ਰ ਕੀਤਾ ਹੈ ਤਾ ਕਿ ਗੁਰੂ ਕੀਆਂ ਸੰਗਤਾਂ ਉਸ ਪੱਖੋਂ ਸੁਚੇਤ ਰਹਿਣ। ਉਪ੍ਰੰਤ ਭਾਈ ਸਾਹਿਬ ਦੀ ਦਸਵਂੀਂ ਵਾਰ ਦੀਆਂ ਇਸ਼ਾਰਾ ਮਾਤ੍ਰ ਉਹ ੨੩ ਪਉੜੀਆਂ ਇਸ ਪ੍ਰਕਾਰ ਹਨ:-

ਧ੍ਰੂ ਹਸਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ।। (੧੦-੧-੨)

ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ੍ਰੇਈ ਕੀਤਾ॥ … (੧੦-੧-੩)

#########################

ਘਰ ਹਰਨਾਖਸ ਦੈਂਤ ਦੇ ਕੱਲਰ ਕਵਲ ਭਗਤ ਪ੍ਰੁਹਿਲਾਦ॥ (੧੦-੨-੧)

ਪੜ੍ਹਨ ਪਠਾਯਾ ਚਾਟਸਾਲ ਪਾਂਧੇ ਚਿਤ ਹੋਆ ਅਹਿਲਾਦ॥ … (੧੦-੨-੨)

#########################

ਬਲਿ ਰਾਜਾ ਘਰਿ ਆਪਣੈ ਅੰਦਰ ਬੈਠਾ ਜਗ ਕਰਾਵੈ॥ (੧੦-੩-੧)

ਬਾਵਣ ਰੂਪੀ ਆਇਆ ਚਾਰ ਬੇਦ ਮੁਖ ਪਾਠ ਸੁਣਾਵੈ॥ … (੧੦-੩-੨)

########################

ਅੰਬਰੀਕ ਮੁਹਿ ਵਰਤ ਹੈ ਰਾਤ ਪਈ ਦੁਰਬਾਸ਼ਾ ਆਯਾ॥ (੧੦-੪-੧)

ਭੀੜਾ ਓਸ ਉਪਾਰਣਾ ਉਹ ਉਠ ਨ੍ਹਾਵਣ ਨਦੀ ਸਿਧਾਯਾ॥ … (੧੦-੪-੨)

###############

ਭਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਯਾ ਵਿੱਚ ਉਦਾਸੀ॥ (੧੦-੫-੧)

ਦੇਵ ਲੋਕ ਨੋਂ ਚਲਿਆ ਗਣ ਗੰਧਰਬ ਸਭਾ ਸੁਖਵਾਸੀ॥ … (੧੦-੫-੨)

###################

ਸੁਖ ਰਾਜੇ ਹਰੀਚੰਦ ਘਰ ਨਾਰ ਸੁ ਤਾਰਾ ਲੋਚਨ ਰਾਣੀ॥ (੧੦-੬-੧)

ਸਾਧ ਸੰਗਤਿ ਮਿਲ ਗਾਂਵਸੇ ਰਾਤੀਂ ਜਾਇ ਸੁਣੈ ਗੁਰਬਾਣੀ॥ … (੧੦-੬-੨)

###################

ਸੁਖ ਰਾਜੇ ਹਰੀਚੰਦ ਘਰ ਨਾਰ ਸੁ ਤਾਰਾ ਲੋਚਨ ਰਾਣੀ॥ (੧੦-੬-੧)

ਸਾਧ ਸੰਗਤਿ ਮਿਲ ਗਾਂਵਸੇ ਰਾਤੀਂ ਜਾਇ ਸੁਣੈ ਗੁਰਬਾਣੀ॥ … (੧੦-੬-੨)

#################

ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਇ ਰੁਖਾ॥ (੧੦-੭-੧)

ਘਰ ਅਸਾਡੇ ਛੱਡਕੇ ਗੋਲੇ ਦੇ ਘਰ ਜਾਹਿ ਕਿ ਸੁਖਾ॥ … (੧੦-੭-੨)

##################

ਅੰਦਰ ਸਭਾ ਦੁਸਾਸਨੈ ਮਥੈ ਵਾਲ ਦ੍ਰੋਪਤੀ ਆਂਦੀ॥ (੧੦-੮-੧)

ਦੂਤਾਂ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ॥ … (੧੦-੮-੨)

###################

ਬਿਪ ਸੁਦਾਮਾ ਦਾਲਦੀ ਬਾਲ ਸਖਾਈ ਮਿਤ੍ਰ ਸਦਾਏ॥ (੧੦-੯-੧)

ਲਾਗੂ ਹੋਈ ਬਾਮ੍ਹਣੀ ਮਿਲ ਜਗਦੀਸ ਦਲਿਦ੍ਰ ਗਵਾਏ॥ … (੧੦-੯-੨)

###################

ਪ੍ਰੇਮ ਭਗਤਿ ਜੈਦੇਉ ਕਰ ਗੀਤ ਗੋਬਿੰਦ ਸਹਜ ਧੁਨਿ ਗਾਵੈ॥ (੧੦-੧੦-੧)

ਲੀਲ੍ਹਾ ਚਲਿਤ ਵਖਾਣਦਾ ਅੰਤਰ ਜਾਮੀ ਠਾਕੁਰ ਭਾਵੈ॥ … (੧੦-੧੦-੨)

####################

ਕੌਮ ਕਿਤੇ ਪਿਉ ਚਲਿਆ ਨਾਮਦੇਵ ਨੋਂ ਆਖ ਸਿਧਾਯਾ॥ (੧੦-੧੧-੧)

ਠਾਕੁਰ ਦੀ ਸੇਵਾ ਕਰੀਂ ਦੁਧ ਪੀਆਵਣ ਕਹਿ ਸਮਝਾਯਾ॥ … (੧੦-੧੧-੨)

######################

ਦਰਸ਼ਣ ਵੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੈ॥ (੧੦-੧੨-੧)

ਭਗਤਿ ਕਰਨ ਮਿਲ ਦੁਇ ਜਣੇ ਨਾਮਦੇਉ ਹਰਿ ਚਲਤ ਸੁਣਾਵੈ॥ … (੧੦-੧੨-੨)

########################

ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥ (੧੦-੧੩-੧)

ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥ … (੧੦-੧੩-੨)

########################

ਗੁਰਮੁਖ ਬੇਣੀ ਭਗਤਿ ਕਰ ਜਾਇ ਇਕਾਂਤ ਬਹੈ ਲਿਵ ਲਾਵੈ॥ (੧੦-੧੪-੧)

ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਜਰ ਲਖਾਵੈ॥ … (੧੦-੧੪-੨)

#####################

ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ॥ (੧੦-੧੫-੧)

ਅੰਮ੍ਰਿਤ ਵੇਲੇ ਉਠਕੇ ਜਾਂਦਾ ਗੰਗਾ ਨ੍ਹਾਵਣ ਤਾਈ॥ …. (੧੦-੧੫-੨)

######################

ਸੁਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ॥ (੧੦-੧੬-੧)

ਪ੍ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦੁਆਰੈ ਜਾਈ॥ …. (੧੦-੧੬-੨)

####################

ਭਗਤ ਭਗਤ ਜਗ ਵਜਿਆ ਚਹੁੰ ਚਕਾਂ ਦੇ ਵਿੱਚ ਚਮਰੇਟਾ॥ (੧੦-੧੭-੧)

ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਢੋਇ ਢੋਰ ਸਮੇਟਾ॥ …. (੧੦-੧੭-੨)

##################

ਗੋਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦ੍ਰ ਲੋਭਾਣਾ॥ (੧੦-੧੮-੧)

ਪਰ ਗਰ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ॥ …. (੧੦-੧੮-੨)

######################

ਵਾਟੇ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ॥ (੧੦-੧੯-੧)

ਪੂਰਾ ਸਤਿਗੁਰ ਸੇਵਿਆ ਮਨ ਵਿੱਚ ਹੋਆ ਖਿੰਜੋਤਾੜਾ॥ …. (੧੦-੧੯-੨)

####################

ਪਤਿ ਅਜਾਮਲ ਪਾਪ ਕਰ ਜਾਇ ਕਲਾਵਤਣੀ ਦੇ ਰਹਿਆ॥ (੧੦-੨੦-੧)

ਗੁਰ ਤੇ ਬੇਮੁਖ ਹੋਇਕੈ ਪਾਪ ਕਮਾਵੇ ਦੁਰਮਤਿ ਦਹਿਆ॥ … (੧੦-੨੦-੨)

#####################

ਗਨਕਾ ਪਾਪਨ ਹੋਇਕੈ ਪਾਪਾਂ ਦਾ ਗਲ ਹਾਰ ਪਰੋਤਾ॥ (੧੦-੨੧-੧)

ਮਹਾਂ ਪੁਰਖ ਅਚਾਣਚਕ ਗਣਕਾ ਵਾੜੇ ਆਇ ਖਲੋਤਾ॥ … (੧੦-੨੧-੨)

####################

ਆਈ ਪਾਪਣਿ ਪੂਤਨਾਂ ਦੁਹੀਂ ਥਣੀਂ ਵਿਹੁ ਲਾਇ ਵਹੇਲੀ॥ (੧੦-੨੨-੧)

ਆਇ ਬੈਠੀ ਪਰਵਾਰ ਵਿੱਚ ਨੇਹੁੰ ਲਾਇ ਨਵਹਾਣਿ ਨਵੇਲੀ॥ … (੧੦-੨੨-੨)

####################

ਜਾਇ ਸੁਤਾ ਪਰਭਾਸ ਵਿੱਚ ਗੋਡੇ ਉਤੇ ਪੈਰ ਪਸਾਰੇ॥ (੧੦-੨੩-੧)

ਚਰਣ ਕਮਲ ਵਿੱਚ ਪਦਮ ਹੈ ਝਿਲਮਿਲ ਝਲਕੈ ਵਾਂਗੀ ਤਾਰੇ॥ … (੧੦-੨੩-੨)

ਇਸਤਰ੍ਹਾਂ ਭਾਈ ਗੁਰਦਾਸ ਜੀ ਦੀ ਇਸ ਦਸਵੀਂ ਵਾਰ ਵਿੱਚਲੀ ਪਉੜੀ ਨੰ: ੧੦ ਤੋਂ ੧੭ ਤੀਕ (੧) ਭਗਤ ਜੈਦੇਵ ਜੀ (੨) ਨਾਮਦੇਵ ਜੀ, (੩) ਨਾਮਦੇਵ ਅਤੇ ਭਗਤ ਤ੍ਰਲੋਚਨ ਜੀ ਦੇ ਆਪਸੀ ਮਿਲਾਪ ਤੇ ਸੰਵਾਦ (੪) ਭਗਤ ਧੰਨਾ ਜੀ (੧੦/੧੩) (੫) ਭਗਤ ਬੇਣੀ ਜੀ (੬) ਭਗਤ ਰਾਮਾਨੰਦ ਜੀ (੭) ਭਗਤ ਕਬੀਰ ਜੀ (੮) ਭਗਤ ਰਵਿਦਾਸ ਜੀ ਬਾਰੇ ਗੁਰਬਾਣੀ ਵਿੱਚਲੇ ੧੫ `ਚੋਂ ਇਨ੍ਹਾਂ ਅੱਠ ਭਗਤਾਂ ਬਾਰੇ ਉਹ ਕਹਾਣੀਆਂ ਤੇ ਪ੍ਰਚਲਣ ਵੀ ਹਨ ਜਿਹੜੇ ਸਮੇਂ-ਸਮੇਂ ਨਾਲ ਵਿਰੋਧੀਆਂ ਰਾਹੀਂ ਘੜੇ ਅਤੇ ਪ੍ਰਚਾਰੇ ਹੋਣ ਕਾਰਣ ਬਹੁਤਾ ਕਰਕੇ ਲੋਕਾਈ ਦੇ ਮੂੰਹ `ਤੇ ਵੀ ਚੜ੍ਹੇ ਹੋਏ ਸਨ।

ਜਦਕਿ ਅਸਾਂ ਪੱਕਾ ਕਰਕੇ ਸਮਝਣਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਉਨ੍ਹਾਂ ਕੁਲ ੪੦ ਵਾਰਾਂ `ਚੋਂ, ਇਸ ਦਸਵੀਂ ਵਾਰ ਦਾ ਮਜ਼ਮੂਨ ਬਾਕੀ ਵਾਰਾਂ ਤੋਂ ਬਿਲਕੁਲ ਵੱਖਰਾ ਤੇ ਭਿੰਨ ਹੈ।

ਇਹ ਵਾਰ ਭਾਈ ਸਹਿਬ ਦੀਆਂ ਬਾਕੀ ਗੁਰਮੱਤ-ਗੁਰਬਾਣੀ ਸਿਧਾਂਤਾਂ ਦੀ ਵਿਅਖਿਆ ਤੇ ਗੁਰ-ਇਤਿਹਾਸ ਦੇ ਹਵਾਲੇ ਨਹੀਂ ਜਿਵੇਂ ਕਿ ਉਨ੍ਹਾਂ ਬਾਕੀ ਦੀਆਂ ੩੯ ਵਾਰਾਂ ਤੇ ੬੭੫ ਕਬਿੱਤ `ਚ।

ਤਾਂ ਵੀ ਸਾਡੇ ਕਈ ਪ੍ਰਚਾਰਕ, ਇਸ ਵਾਰ `ਚੋਂ ਗੁਰਬਾਣੀ ਵਿੱਚਲੇ ਉਨ੍ਹਾਂ ਅੱਠ ਭਗਤਾਂ ਸੰਬੰਧੀ ਪ੍ਰਚਲਣਾ ਅਤੇ ੧੫ ਮਿਥਿਹਾਸਕ ਵੇਰਵਿਆਂ ਨੂੰ ਵੀ ਭਾਈ ਗੁਰਦਾਸ ਸਾਹਿਬ ਰਾਹੀਂ ਕੀਤੀ ਹੋਈ ਇਤਿਹਸਕ ਪ੍ਰੌੜਤਾ ਦੱਸ ਕੇ, ਗੁਰੂ ਕੀਆਂ ਸੰਗਤਾਂ `ਚ ਪ੍ਰਚਾਰਣਾ ਸ਼ੁਰੂ ਕਰ ਦਿੰਦੇ ਹਨ।

ਜਦਕਿ ਇਸ ਵਾਰ ਵਿੱਚਲੇ (੧) ੧੫ ਮਿਥਿਹਾਸਕ ਵੇਰਵਿਆਂ ਦਾ ਆਧਾਰ ਵੀ, ਗੁਰਬਾਣੀ ਵਿੱਚਲੇ ੧੫ ਮਿਥਿਹਾਸਕ ਸੰਕੇਤਾਂ ਨੂੰ ਹੀ ਖੋਲਣਾ ਹੈ ਅਤੇ ਇਹ ਵੀ ਬਿਨਾ ਲੋੜ ਨਹੀਂ ਹਨ। (੨) ਉਸ ਦੇ ਨਾਲ ਇਸ ਵਾਰ `ਚ ਗੁਰਬਾਣੀ ਵਿੱਚਲੇ ਉਪ੍ਰੋਕਤ ਅੱਠ ਭਗਤਾਂ ਸੰਬੰਧੀ, ਉਨ੍ਹਾਂ ਮੂੰਹ ਚੜ੍ਹੀਆਂ ਤੇ ਬੇਸਿਰਪੈਰ ਕਹਾਣੀਆਂ ਨੂੰ ਵੀ ਸੰਗਤਾਂ ਵਿਚਾਲੇ ਨਸ਼ਰ ਕਰਣਾ ਸਪਸ਼ਟ ਹੈ।

ਇਸ ਤਰ੍ਹ੍ਰਾਂ ਉਪ੍ਰੋਕਤ ਭਗਤ ਧੰਨਾ ਜੀ ਵਾਲਾ. ਗੁਰਬਾਣੀ `ਚੋਂ ਹੀ ਸਬੂਤ ਹੈ ਕਿ ਭਗਤਾਂ ਬਾਰੇ ਇਸ ਵਾਰ `ਚ ਵਰਣਤ, ਵਿਰੋਧੀਆਂ ਰਾਹੀਂ ਗੁਰਬਾਣੀ ਵਿੱਚਲੇ ਅੱਠ ਭਗਤਾਂ ਨੂੰ ਬ੍ਰਾਹਮਣ ਭਗਤ ਦੱਸਣ ਲਈ ਕੇਵਲ ਇੱਕ ਚਾਲ ਹੀ ਹੈ ਜਿਸ ਤੋੇਂ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਇਸ ਲਈ ਭਾਈ ਗੁਰਦਾਸ ਜੀ ਦੀ ਇਸ ਦਸਵੀਂ ਵਾਰ ਦੇ ਬਿਲਕੁਲ ਨਿਵੇਕਲੇ ਤੇ ਵੱਖਰੇ ਵਿਸ਼ੇ ਬਾਰੇ ਸਾਨੂੰ ਬਹੁਤ ਸੁਚੇਤ ਹੋ ਕੇ ਵਿਚਰਣ ਦੀ ਲੋੜ ਹੈ। ਤਾ ਕਿ ਭਾਈ ਗੁਰਦਾਸ ਜੀ ਦੀ ਇਸ ਵਾਰ ਦਾ ਉਹ ਲਾਹਾ ਲੈ ਸਕੀਏ ਜਿਸ ਲਾਹੇ ਲਈ ਭਾਈ ਸਾਹਿਬ ਰਾਹੀਂ ਉਚੇਚੇ ਇਸ ਵਾਰ ਦਾ ਲਿਖਿਆ ਜਾਣਾ ਵੀ, ਇਸ ਵਾਰ `ਚੌ ਹੀ ਆਪਣੇ-ਆਪ ਸਪਸ਼ਟ ਵੀ ਹੁੰਦਾ ਹੈ। (ਚਲਦਾ) #234P-XXX,-02.17-0217#P30vv

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXX

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੀਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.