.

ਸਭਨਾਂ ਜੀਆਂ ਕਾ ਇਕੁ ਦਾਤਾ-੨
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੇ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵਾਂ ਤਾਂ ਇਹੋ ਮੇਰੀ ਅਸਲ ਤੀਰਥ ਯਾਤਰਾ ਹੈ ਉਸ ਨੂੰ ਜੇ ਚੰਗਾ ਲਗਿਆ ਹੀ ਨਹੀ ਤਾਂ ਸਭ ਤੀਰਥਾਂ ਤੇ ਨਹਾਤੇ ਧੋਤੇ ਦਾ ਕੀ ਫਾਇਦਾ ? ਜਿਤਨੀ ਵੀ ਸ਼੍ਰਿਸ਼ਟੀ ਦੇ ਜੀਵ ਹਨ ਸਭ ਉਸ ਪ੍ਰਮਾਤਮਾ ਨੇ ਰਚੇ ਹਨ। ਕੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਬਿਨਾਂ ਗੁਰੂ ਦੀ ਮਿਹਰ ਦੇ ਪ੍ਰਮਾਤਮਾ ਮਿਲਿਆ ਹੈ ? ਗੁਰੂ ਦੀ ਮਿਹਰ ਚੰਗੇ ਅਮਲਾਂ ਬਾਝੋਂ ਕਦੇ ਨਹੀਂ ਮਿਲਦੀ।ਜੇ ਸਤਿਗੁਰ ਦੀ ਇਕ ਸਿੱਖਿਆ ਵੀ ਸੁਣ ਸਮਝ ਲਈ ਜਾਏ ਤਾਂ ਮਨੁੱਖ ਦੀ ਬੁੱਧੀ ਅੰਦਰ ਪ੍ਰਮਾਤਮਾ ਦੇ ਅਮੋਲਕ ਗੁਣਾਂ ਰੂਪੀ ਰਤਨ, ਜਵਾਹਰ ਤੇ ਮੋਤੀ ਉਪਜ ਪੈਂਦੇ ਹਨ।ਹੇ ਸਤਿਗੁਰ ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇਹ ਕਿ ਮੈਨੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ ਵਿਸਰ ਨਾ ਜਾਵੇ।ਤੀਰਥਾਂ ਦੇ ਇਸ਼ਨਾਨ ਪ੍ਰਭੂ ਪ੍ਰਾਪਤੀ ਦਾ ਵਸੀਲਾ ਨਹੀਂ। ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪ੍ਰਭੂ ਦੀ ਯਾਦ ਵਿਚ ਜੁੜ ਕੇ ਹੀ ਪ੍ਰਭੂ ਦੀ ਪ੍ਰਸੰਨਤਾ ਤੇ ਮਿਹਰ ਪ੍ਰਾਪਤ ਕੀਤੀ ਜਾ ਸਕਦੀ ਹੈ।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ੬ ॥ (ਜਪੁਜੀ, ਮ: ੧, ਪੰਨਾ ੨-੩)

ਤੀਰਥ ਯਾਤਰਾ ਦੀ ਵਿਅਰਥਤਾ

ਪਿਛਲੀ ਪਉੁੜੀ ਵਿਚ ਦਸਿਆ ਗਿਆ ਹੈ ਕਿ ਗੁਰੂ ਨੂੰ ਬ੍ਰਹਮਾ, ਵਿਸ਼ਨੂ, ਸ਼ਿਵ ਤੇ ਪਾਰਬਤੀ ਬਰਾਬਰ ਹੀ ਗਿਣਿਆ ਹੈ ਤੇ ਪਰਮਾਤਮਾ ਇਨ੍ਹਾਂ ਸਭ ਤੋਂ ਉਪਰ, ਇਨ੍ਹਾਂ ਸਭ ਨੂੰ ਰਚਣ ਵਾਲਾ, ਸਾਜਣ ਵਾਲਾ।ਜਿੱਥੇ ਗੁਰੂ ਬਰਾਬਰ ਹਸਤੀਆਂ ਨੇ ਤਪੱਸਿਆ ਕੀਤੀ ਹੋਵੇ ਉਨ੍ਹਾਂ ਤੀਰਥ ਸਥਾਨਾਂ ਵਿਚ ਇਸ਼ਨਾਨ ਕਰਨ ਨਾਲ ਪ੍ਰਮਾਤਮਾਂ ਨੂੰ ਕਿਵੇਂ ਰੀਝਾਇਆ ਜਾ ਸਕਦਾ ਹੈ ? ਤੀਰਥ ਨਹਾਤਿਆਂ ਮਨ ਦੀ ਮੈਲ ਨਹੀਂ ਉਤਰਦੀ। ਹਉਮੈ ਸਾਰੇ ਕਰਮ ਧਰਮ ਨੂੰ ਸਿਫਰ ਕਰ ਦਿੰਦੀ ਹੈ।

ਤੀਰਥ ਨਾਇ ਨ ਉਤਰਸਿ ਮੈਲੁ ॥ ਕਰਮ ਧਰਮ ਸਭਿ ਹਉਮੈ ਫੈਲੁ ॥ (ਰਾਮਕਲੀ, ਮ:੫, ਪੰਨਾ ੮੯੦)

ਤੀਰਥ ਨਹਾਉਣ ਨਾਲ ਸੁੱਚ ਨਹੀਂ ਹੁੰਦੀ ਸਗੋਂ ਹਉਮੈਂ ਹੋ ਜਾਂਦੀ ਹੈ ਕਿ ਮੈ ਫਲਾਂ ਤੀਰਥ ਦੀ ਯਾਤਰਾ ਕੀਤੀ ਫਲਾਂ ਦੀ ਕੀਤੀ ਹੈ। ਸਾਰੇ ਕਰਮ ਦੁਨੀਆਂ ਦਾ ਬੰਧਨ ਵਧਾਉਂਦੇ ਹਨ, ਹਰੀ ਦੇ ਭਜਨ ਬਿਨਾ ਸਭ ਬਿਰਥਾ ਹੈ:

ਤੀਰਥਿ ਨਾਇ ਕਹਾ ਸੁਚਿ ਸੈਲੁ ॥ ਮਨ ਕਉ ਵਿਆਪੈ ਹਉਮੈ ਮੈਲੁ ॥ ਕੋਟਿ ਕਰਮ ਬੰਧਨ ਕਾ ਮੂਲੁ ॥ ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥ ੨ ॥ (ਮ: ੫, ਪੰਨਾ ੧੧੪੯)

ਤੀਰਥ ਤੇ ਜਾਣ ਨਾਲ ਹਉਮੈਂ ਰੋਗ ਨਹੀਂ ਜਾਂਦਾ ਜ਼ਿਆਦਾ ਪੜ੍ਹਿਆਂ ਤੇ ਤਾਂ ਵਾਧੂ ਵਾਦ ਵਿਵਾਦ ਹੋ ਜਾਂਦਾ ਹੈ।ਮਨ ਵਿਚ ਦੁਬਿਧਾ-ਦੁਚਿੱਤੀ, ਵਧਦੀ ਮਾਇਆ ਨਾਲ ਹੋਰ ਵਧਦੀ ਹੈ। ਗੁਰਮੁਖ ਸੱਚੇ ਸਤਿਗੁਰ ਦੇ ਨਾਮ ਦੀ ਸਿਫਤ ਸਲਾਹ ਕਰਦਾ ਹੈ, ਜਦ ਮਨ ਸੱਚਾ ਹੋ ਜਾਂਦਾ ਤਾਂ ਸਾਰਾ ਰੋਗ ਦੂਰ ਹੋ ਜਾਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਹਰੀ ਦਾ ਹੋ ਗਿਆ ਉਹ ਹਮੇਸ਼ਾ ਲਈ ਪਵਿਤਰ ਹੋ ਗਿਆ ਤੇ ਉਸ ਉਪਰ ਪ੍ਰਮਾਤਮਾ ਦੀ ਨਦਰ-ਮਿਹਰ ਦੀ ਮੋਹਰ ਲੱਗ ਗਈ।ਨਦਰ-ਮਿਹਰ ਦੀ ਮੋਹਰ ਲਗੀ ਤਾਂ ਮਨੁੱਖ ਨੂੰ ਸ਼੍ਰਿਸ਼ਟੀ ਤੇ ਜੀਵਨ ਦਾ ਅਸਲ ਫਲ ਮਿਲਿਆ।

ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ॥ ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ॥ ੮॥ ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ॥ ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ॥ ੯॥ ੧ ॥ ਭੈਰਉ ਅਸਟਪਦੀਆ ਮਹਲਾ ੧ ਪੰਨਾ ੧੧੫੩)

ਅਸਲ ਤੀਰਥ
ਅਸਲੀ ਤੀਰਥ ਤਾਂ ਹਰੀ ਦਾ ਨਾਮ ਹੈ:
ਤੀਰਥ ਹਮਰਾ ਹਰਿ ਕੋ ਨਾਮੁ॥ (ਭੈਰਉ ਮ: ੫, ਪੰਨਾ ੪)

ਗੁਰੂ ਗਿਆਨ ਦੀ ਅਮੋਲਕਤਾ
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

ਗੁਰੂ ਹਰੀ ਨਾਮ ਦੇ ਰਤਨ, ਜਵਾਹਰ ਤੇ ਲਾਲ ਤਲੀ ਤੇ ਗੁਰਮੁਖ ਨੂੰ ਕੱਢ ਦਿਖਾਉਂਦਾ ਹੈ:

ਰਤਨ ਜਵੇਹਰ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ॥ ( ਰਾਮ ਮ: ੪, ਪੰਨਾ ੮੮੦)

ਗੁਰੂ ਕਾ ਦਿਤਾ ਸ਼ਬਦ ਨਾਮ ਅਮੋਲਕ ਰਤਨਾਂ ਤੋਂ ਵੀ ਬਿਹਤਰ ਹੈ ਜਿਸ ਨੂੰ ਬੁੱਝਣ ਵਾਲਾ ਹੀ ਬੁੱਝ ਸਕਦਾ ਹੈ

ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ॥ ਰਾਮ ਮ: ੩, ਪੰਨਾ ੯੫੬)
ਰਤਨ ਅਮੋਲਕ ਪਾਇਆ ਗੁਰ ਕਾ ਸਬਦੁ ਬੀਚਾਰੁ॥ (ਸਿਰੀ ਮ:੪, ਪੰਨਾ ੮੩)
ਰਤਨ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ॥ (ਵਡ ਮ: ੪, ਪੰਨਾ ੫੮੯)

ਅਤਿ ਅਮੋਲਕ ਰਤਨ ਤੇ ਲਾਲ ਸਤਿਗੁਰ ਦੀ ਸੇਵਾ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ:

ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ॥ (ਕਲਿ ਮ:੪ ਪੰਨਾ ੧੩੨੩)

ਗੁਰੂ ਦੀ ਸਿੱਖ-ਮਤ ਪਾ ਕੇ ਸਾਰੇ ਰਤਨ ਪਦਾਰਥ ਮਿਲਦੇ ਹਨ, ਭਗਤੀ ਦਾ ਭੰਡਾ ਖੁਲ੍ਹ ਜਾਂਦਾ ਹੈ। ਗੁਰੁ ਦੇ ਚਰਨੀ ਪੈਣ ਪਿਛੋਂ ਮੇਰੇ ਮਨ ਅੰਦਰ ਸ਼ਰਧਾ ਉਪਜੀ ਹੈ ਤੇ ਮੈਂ ਪ੍ਰਮਾਤਮਾ ਦੇ ਗੁਣ ਗਾਉਂਦਾ ਥਕਦਾ ਨਹੀਂ ਹਾਂ:

ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲੑਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥ ੪ ॥(ਬਿਲਾਵਲ ਮ: ੪, ਪੰਨਾ ੮੩੪)

ਸਤਿਗੁਰ ਨੇ ਇਹ ਬੁਝਾ ਦਿਤਾ ਹੈ ਕਿ ਰਾਮ ਨਾਮ ਦੇ ਰਤਨ ਪਦਾਰਥਾਂ ਦਾ ਵਣਜ ਕਰੋ ਜਿਸ ਦਾ ਲਾਹਾ ਹਰੀ ਦੀ ਭਗਤੀ ਹੈ ਤੇ ਰਾਮ ਨਾਮ ਰਾਹੀਂ ਰੱਬੀ ਗੁਣ ਭਗਤ ਦੇ ਮਨ ਸਮਾ ਜਾਂਦੇ ਹਨ। ਇਹ ਗੁਣ ਉਸੇ ਦੇ ਨਾਮ ਸਮਾਉਂਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਆਪ ਬੁਝਾਉਂਦਾ ਹੈ ਤੇ ਸੰਸਾਰ ਵਿਚ ਹੀ ਭਗਤੀ ਦਾ ਲਾਹਾ ਮਿਲਦਾ ਹੈ।ਭਗਤੀ ਬਿਨਾ ਸੱਚਾ ਸੁੱਖ ਨਹੀਂ ਮਿਲਦਾ, ਹੋਰ ਥਾਂ ਭਟਕਣ ਨਾਲ ਇਜ਼ਤ ਜਾਂਦੀ ਹੈ।, ਗੁਰੂ ਦੀ ਦਿਤੀ ਮਤ ਅਪਣਾ ਪਰਾਇਆ ਸਮਝਣ ਦਾ ਆਧਾਰ ਬਣਦੀ ਹੈ।ਨਾਮ ਦੇ ਵਪਾਰ ਵਿਚ ਹਮੇਸ਼ਾ ਫਾਇਦਾ ਹੀ ਫਾਇਦਾ ਹੈ ਤੇ ਇਹ ਲਾਭ ਉਸੇ ਨੂੰ ਮਿਲਦਾ ਜਿਸ ਨੂੰ ਇਸ ਨਾਮ ਵਪਾਰ ਵਿਚ ਪ੍ਰਮਾਤਮਾ ਖੁਦ ਲਾਉੇਂਦਾ ਹੈ। ਸੱਚੇ ਨਾਮ ਰੂਪੀ ਰਤਨਾਂ ਦਾ ਵਣਜ ਕਿਵੇਂ ਹੋਵੇ ਇਹ ਸਤਿਗੁਰੂ ਹੀ ਬੁਝਾਉਂਦਾ ਹੈ:
ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ ਬਿਨੁ ਭਗਤੀ ਸੁਖੁ ਨ ਹੋਈ ਦੂਜੇ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥ ੧ ॥ (ਵਡਹੰਸੁ ਮਹਲਾ ੩, ਪੰਨਾ ੫੬੯-੫੭੦)

ਇਸ ਲਈ ਪੂਰਾ ਸਤਿਗੁਰੂ ਜੋ ਦਿਨ ਰਾਤ ਹਰੀ ਦਾ ਨਾਮ ਧਿਆਉਂਦਾ ਹੈ, ਹੀ ਅਸਲ ਤੀਰਥ ਹੈ:

ਤੀਰਥ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥ (ਮਾਝ ਮ: ੧ ਪੰਨਾ ੧੪੦)

ਗੁਰੂ ਮਨੁੱਖ ਨੂੰ ਅੰਦਰੋਂ ਹੀ ੬੮ ਤੀਰਥਾਂ ਦਾ ਦਰਸ਼ਨ ਕਰਵਾ ਦਿੰਦਾ ਹੈ, ਇਸ਼ਨਾਨ ਕਰਵਾ ਦਿੰਦਾ ਹੈ।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾਉਗੋ ॥ ੩ ॥ (ਪੰਨਾ ੯੭੩)

ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥
ਇਸ ਲਈ ਗੁਰੂ ਦੀ ਸ਼ਰਨ ਵਿਚ ਆ ਕੇ ਬੇਨਤੀ ਕਰੀਏ: ‘ਗੁਰਾ ਇਕ ਦੇਹਿ ਬੁਝਾਈ॥’ਹੇ ਸਤਿਗੁਰੂ ਮੈਨੂੰ ਇਹ ਗਿਆਨ ਦਿਉ, ਇਕ ਸੂਝ ਇਕ ਬੂਝ ਦਿਉ: ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ॥’
.